The Old Testament of the Holy Bible

Genesis 1

1 ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਸਾਜਿਆ। 2 ਪਹਿਲਾਂ ਧਰਤੀ ਬਿਲਕੁਲ ਸੱਖਣੀ ਸੀ; ਧਰਤੀ ਉੱਤੇ ਕੁਝ ਵੀ ਨਹੀਂ ਸੀ। ਹਨੇਰੇ ਨੇ ਸਮੁੰਦਰ ਨੂੰ ਕੱਜਿਆ ਹੋਇਆ ਸੀ, ਅਤੇ ਪਰਮੇਸ਼ੁਰ ਦਾ ਆਤਮਾ ਪਾਣੀ ਉੱਤੇ ਚੱਲਦਾ ਸੀ। 3 ਫ਼ੇਰ ਪਰਮੇਸ਼ੁਰ ਨੇ ਆਖਿਆ, “ਰੌਸ਼ਨੀ ਹੋ ਜਾਵੇ!” ਅਤੇ ਰੌਸ਼ਨੀ ਚਮਕਣ ਲੱਗੀ। 4 ਪਰਮੇਸ਼ੁਰ ਨੇ ਰੋਸ਼ਨੀ ਨੂੰ ਵੇਖਿਆ, ਅਤੇ ਉਸਨੇ ਜਾਣਿਆ ਕਿ ਉਹ ਚੰਗੀ ਸੀ। ਫ਼ੇਰ ਪਰਮੇਸ਼ੁਰ ਨੇ ਰੋਸ਼ਨੀ ਨੂੰ ਹਨੇਰੇ ਤੋਂ ਵੱਖ ਕੀਤਾ। 5 ਪਰਮੇਸ਼ੁਰ ਨੇ ਰੋਸ਼ਨੀ ਨੂੰ “ਦਿਨ” ਦਾ ਨਾਮ ਦਿੱਤਾ, ਅਤੇ ਹਨੇਰੇ ਨੂੰ “ਰਾਤ” ਦਾ ਨਾਮ ਦਿੱਤਾ।ਸ਼ਾਮ ਹੋਈ ਅਤੇ ਫ਼ੇਰ ਸਵੇਰ ਹੋਈ। ਇਹ ਪਹਿਲਾ ਦਿਨ ਸੀ। 6 ਫ਼ੇਰ ਪਰਮੇਸ਼ੁਰ ਨੇ ਆਖਿਆ, “ਪਾਣੀ ਨੂੰ ਦੋ ਹਿਸਿਆਂ ਵਿੱਚ ਵੰਡਣ ਲਈ ਵਾਯੂਮੰਡਲ ਹੋਵੇ!” 7 ਇਸਲਈ ਪਰਮੇਸ਼ੁਰ ਨੇ ਵਾਯੂਮੰਡਲ ਸਾਜਿਆ ਅਤੇ ਵਾਯੂਮੰਡਲ ਦੇ ਹੇਠਲੇ ਪਾਣੀ ਨੂੰ ਵਾਯੂਮੰਡਲ ਦੇ ਉੱਪਰ ਪਾਣੀ ਤੋਂ ਵੱਖ ਕੀਤਾ। ਇਹੀ ਕੁਝ ਵਾਪਰਿਆ। 8 ਪਰਮੇਸ਼ੁਰ ਨੇ ਹਵਾ ਨੂੰ “ਅਕਾਸ਼” ਦਾ ਨਾਮ ਦਿੱਤਾ। ਸ਼ਾਮ ਹੋਈ ਅਤੇ ਫ਼ੇਰ ਸਵੇਰ ਹੋਈ। ਇਹ ਦੂਸਰਾ ਦਿਨ ਸੀ। 9 ਫ਼ੇਰ ਪਰਮੇਸ਼ੁਰ ਨੇ ਆਖਿਆ, “ਅਕਾਸ਼ ਦੇ ਹੇਠਲਾ ਪਾਣੀ ਇੱਕ ਜਗ਼੍ਹਾ ਤੇ ਇਕੱਠਾ ਹੋ ਜਾਵੇ ਅਤੇ ਸੁੱਕੀ ਜ਼ਮੀਨ ਪ੍ਰਗਟ ਹੋਵੇ।” ਇਹੀ ਵਾਪਰਿਆ। 10 ਪਰਮੇਸ਼ੁਰ ਨੇ ਖੁਸ਼ਕ ਜ਼ਮੀਨ ਨੂੰ “ਧਰਤੀ” ਦਾ ਨਾਮ ਦਿੱਤਾ। ਅਤੇ ਪਰਮੇਸ਼ੁਰ ਨੇ ਇਕੱਠੇ ਹੋਏ ਪਾਣੀ ਨੂੰ “ਸਮੁੰਦਰ” ਦਾ ਨਾਮ ਦਿੱਤਾ। ਪਰਮੇਸ਼ੁਰ ਨੇ ਦੇਖਿਆ ਕਿ ਇਹ ਚੰਗਾ ਸੀ। 11 ਫ਼ੇਰ ਪਰਮੇਸ਼ੁਰ ਨੇ ਆਖਿਆ, “ਧਰਤੀ ਘਾਹ ਤੇ ਪੌਦੇ ਉਗਾਵੇ ਜਿਹੜੇ ਫ਼ਲਦਾਰ ਰੁਖ ਪੈਦਾ ਕਰਨ ਜਿਹੜੇ ਬੀਜਾਂ ਵਾਲੇ ਫ਼ਲ ਪੈਦਾ ਕਰਨ। ਉਹ ਧਰਤੀ ਉੱਤੇ ਉੱਗਣ ਅਤੇ ਆਪਣੀ ਕਿਸਮ ਅਨੁਸਾਰ ਬੀਜ ਪੈਦਾ ਕਰਨ। ਇਹੀ ਕੁਝ ਵਾਪਰਿਆ।” 12 ਧਰਤੀ ਨੇ ਅਨਾਜ਼ ਪੈਦਾ ਕਰਨ ਵਾਲਾ ਘਾਹ ਅਤੇ ਪੌਦੇ ਉਗਾਏ ਅਤੇ ਇਸਨੇ ਰੁਖ ਉਗਾਏ ਜਿਨ੍ਹਾਂ ਤੇ ਬੀਜਾਂ ਵਾਲੇ ਫ਼ਲ ਸਨ। ਹਰ ਪੌਦੇ ਨੇ ਆਪਣੀ ਕਿਸਮ ਦੇ ਬੀਜ ਬਣਾਏ। ਅਤੇ ਪਰਮੇਸ਼ੁਰ ਨੇ ਦੇਖਿਆ ਕਿ ਇਹ ਚੰਗਾ ਸੀ। 13 ਸ਼ਾਮ ਹੋਈ ਅਤੇ ਫ਼ੇਰ ਸਵੇਰ ਹੋ ਗਈ। ਇਹ ਤੀਸਰਾ ਦਿਨ ਸੀ। 14 ਫ਼ੇਰ ਪਰਮੇਸ਼ੁਰ ਨੇ ਆਖਿਆ, “ਰਾਤਾਂ ਨੂੰ ਦਿਨਾਂ ਨਾਲੋਂ ਵੱਖ ਕਰਨ ਲਈ ਅਕਾਸ਼ ਵਿੱਚ ਰੌਸ਼ਨੀਆਂ ਹੋਣ। ਇਹ ਰੌਸ਼ਨੀਆਂ ਪਰਬਾਂ ਦੀਆਂ ਰਾਤਾਂ ਅਤੇ ਦਿਨਾਂ ਅਤੇ ਸਾਲਾਂ ਲਈ ਸੰਕੇਤ ਹੋਣ। 15 ਇਹ ਰੌਸ਼ਨੀਆਂ ਧਰਤੀ ਉੱਤੇ ਰੌਸ਼ਨੀ ਚਮਕਾਉਣ ਲਈ ਅਕਾਸ਼ ਵਿੱਚ ਹੋਣਗੀਆਂ।” ਅਤੇ ਇਹੀ ਵਾਪਰਿਆ। 16 ਇਸ ਲਈ ਪਰਮੇਸ਼ੁਰ ਨੇ ਦੋ ਵਿਸ਼ਾਲ ਰੌਸ਼ਨੀਆਂ ਸਾਜੀਆਂ। ਪਰਮੇਸ਼ੁਰ ਨੇ ਦਿਨ ਤੇ ਹਕੂਮਤ ਕਰਨ ਲਈ ਵਿਸ਼ਾਲ ਰੌਸ਼ਨੀ ਅਤੇ ਰਾਤ ਉੱਤੇ ਹਕੂਮਤ ਕਰਨ ਲਈ ਛੋਟੀ ਰੌਸ਼ਨੀ ਦੀ ਸਾਜਨਾ ਕੀਤੀ। ਉਸਨੇ ਤਾਰੇ ਵੀ ਸਾਜੇ। 17 ਪਰਮੇਸ਼ੁਰ ਨੇ ਇਨ੍ਹਾਂ ਰੌਸ਼ਨੀਆਂ ਨੂੰ ਧਰਤੀ ਉੱਤੇ ਚਮਕਣ ਲਈ ਅਕਾਸ਼ ਵਿੱਚ ਧਰ ਦਿੱਤਾ। 18 ਪਰਮੇਸ਼ੁਰ ਨੇ ਇਨ੍ਹਾਂ ਰੌਸ਼ਨੀਆਂ ਨੂੰ ਦਿਨ ਅਤੇ ਰਾਤ ਉੱਤੇ ਹਕੂਮਤ ਕਰਨ ਲਈ ਅਕਾਸ਼ ਵਿੱਚ ਪਾ ਦਿੱਤਾ। ਇਨ੍ਹਾਂ ਰੌਸ਼ਨੀਆਂ ਨੇ ਰੌਸ਼ਨੀ ਨੂਮ ਹਨੇਰੇ ਨਾਲੋਂ ਵੱਖ ਕਰ ਦਿੱਤਾ ਅਤੇ ਪਰਮੇਸ਼ੁਰ ਨੇ ਵੇਖਿਆ ਕਿ ਇਹ ਚੰਗਾ ਸੀ। 19 ਸ਼ਾਮ ਹੋ ਗਈ ਅਤੇ ਫ਼ੇਰ ਸਵੇਰ ਹੋਈ। ਇਹ ਚੌਥਾ ਦਿਨ ਸੀ। 20 ਪਰਮੇਸ਼ੁਰ ਨੇ ਆਖਿਆ, “ਪਾਣੀ ਬਹੁਤ ਸਾਰੇ ਜੀਵਿਤ ਪ੍ਰਾਣੀਆਂ ਨਾਲ ਭਰ ਜਾਵੇ ਅਤੇ ਅਕਾਸ਼ ਦੇ ਵਾਯੂਮੰਡਲ ਦੇ ਆਰ-ਪਾਰ ਪੰਛੀ ਉੱਡਦੇ ਰਹਿਣ।” 21 ਇਸਲਈ ਪਰਮੇਸ਼ੁਰ ਨੇ ਵਿਸ਼ਾਲ ਸਮੁੰਦਰੀ ਜਾਨਵਰਾਂ ਅਤੇ ਹਰ ਤਰ੍ਹਾਂ ਦੇ ਜੀਵਿਤ ਪ੍ਰਾਣੀਆਂ ਦੀ ਸਾਜਨਾ ਕੀਤੀ ਜੋ ਸਮੁੰਦਰ ਵਿੱਚ ਵਿਚਰਦੇ ਹਨ। ਪਰਮੇਸ਼ੁਰ ਨੇ ਅਕਾਸ਼ ਵਿੱਚ ਉੱਡਣ ਵਾਲੇ ਹਰ ਪ੍ਰਕਾਰ ਦੇ ਪੰਛੀਆਂ ਨੂੰ ਸਾਜਿਆ। ਅਤੇ ਪਰਮੇਸ਼ੁਰ ਨੇ ਵੇਖਿਆ ਕਿ ਇਹ ਚੰਗਾ ਸੀ। 22 ਪਰਮੇਸ਼ੁਰ ਨੇ ਇਨ੍ਹਾਂ ਜਾਨਵਰਾਂ ਨੂੰ ਅਸੀਸ ਦਿੱਤੀ। ਪਰਮੇਸ਼ੁਰ ਨੇ ਉਨ੍ਹਾਂ ਨੂੰ ਬਹੁਤ ਸਾਰੇ ਬੱਚੇ ਪੈਦਾ ਕਰਨ ਅਤੇ ਸਮੁੰਦਰ ਨੂੰ ਭਰ ਦੇਣ ਲਈ ਆਖਿਆ ਅਤੇ ਪਰਮੇਸ਼ੁਰ ਨੇ ਧਰਤੀ ਉਤਲੇ ਪੰਛੀਆਂ ਨੂੰ ਹੋਰ ਅਨੇਕਾਂ ਪੰਛੀ ਪੈਦਾ ਕਰਨ ਲਈ ਆਖਿਆ। 23 ਸ਼ਾਮ ਹੋ ਗਈ ਅਤੇ ਫ਼ੇਰ ਸਵੇਰ ਹੋਈ। ਇਹ ਪੰਜਵਾਂ ਦਿਨ ਸੀ। 24 ਫ਼ੇਰ ਪਰਮੇਸ਼ੁਰ ਨੇ ਆਖਿਆ, “ਧਰਤੀ ਹਰ ਪ੍ਰਕਾਰ ਦੇ ਜੀਵਿਤ ਪ੍ਰਾਣੀਆਂ ਨੂੰ ਪੈਦਾ ਕਰੇ। ਇੱਥੇ ਹਰ ਪ੍ਰਕਾਰ ਦੇ ਪਾਲਤੂ ਅਤੇ ਰੀਂਗਣ ਵਾਲੇ ਜਾਨਵਰ ਅਤੇ ਜੰਗਲੀ ਜਾਨਵਰ ਹੋਣ।” ਇਹੀ ਕੁਝ ਵਾਪਰਿਆ। 25 ਇਸ ਤਰ੍ਹਾਂ, ਪਰਮੇਸ਼ੁਰ ਨੇ ਹਰ ਤਰ੍ਹਾਂ ਦੇ ਜੰਗਲੀ ਜਾਨਵਰ, ਹਰ ਪ੍ਰਕਾਰ ਦੇ ਪਾਲਤੂ ਜਾਨਵਰ ਅਤੇ ਧਰਤੀ ਉੱਤੇ ਰੀਂਗਣ ਵਾਲੇ ਹਰ ਪ੍ਰਕਾਰ ਦੇ ਜਾਨਵਰਾਂ ਦੀ ਸਾਜਣਾ ਕੀਤੀ। ਪਰਮੇਸ਼ੁਰ ਨੇ ਵੇਖਿਆ ਇਹ ਚੰਗਾ ਸੀ। 26 ਫ਼ੇਰ ਪਰਮੇਸ਼ੁਰ ਨੇ ਆਖਿਆ, “ਆਓ ਹੁਣ ਆਦਮੀ ਦੀ ਸਾਜਣਾ ਕਰੀਏ। ਅਸੀਂ ਲੋਕਾਂ ਨੂੰ ਆਪਣੀ ਨਕਲ ਦੇ ਰੂਪ ਵਿੱਚ ਸਾਜਾਂਗੇ। ਲੋਕ ਸਾਡੇ ਵਰਗੇ ਹੋਣਗੇ। ਉਹ ਸਮੁੰਦਰ ਦੇ ਸਾਰੇ ਜੀਵਾਂ ਅਤੇ ਹਵਾ ਦੇ ਸਾਰੇ ਪੰਛੀਆਂ ਉੱਤੇ ਰਾਜ ਕਰਨਗੇ। ਉਹ ਸਾਰੇ ਵੱਡੇ ਜਾਨਵਰਾਂ ਅਤੇ ਧਰਤੀ ਉੱਤੇ ਰੀਂਗਣ ਵਾਲੇ ਸਾਰੇ ਛੋਟੇ ਜੀਵਾਂ ਉੱਤੇ ਰਾਜ ਕਰਨਗੇ।” 27 ਇਸ ਲਈ ਪਰਮੇਸ਼ੁਰ ਨੇ ਆਦਮੀ ਨੂੰ ਆਪਣੇ ਅਕਸ ਵਿੱਚ ਸਾਜਿਆ। ਉਸਨੇ ਉਸਨੂੰ ਆਪਣੇ ਖੁਦ ਦੇ ਚਰਿਤ੍ਰ ਮੁਤਾਬਿਕ ਸਾਜਿਆ। ਉਸਨੇ ਉਨ੍ਹਾਂ ਨੂੰ ਨਰ ਅਤੇ ਨਾਰੀ ਦੇ ਰੂਪ ਵਿੱਚ ਸਾਜਿਆ। 28 ਪਰਮੇਸ਼ੁਰ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਆਖਿਆ, “ਬਹੁਤ ਸਾਰੇ ਬੱਚੇ ਪੈਦਾ ਕਰੋ। ਧਰਤੀ ਨੂੰ ਭਰ ਦਿਓ ਅਤੇ ਇਸਨੂੰ ਆਪਣੇ ਅਧਿਕਾਰ ਵਿੱਚ ਲੈ ਲਵੋ। ਸਮੁੰਦਰੀ ਜੀਵਾਂ ਅਤੇ ਹਵਾਈ ਪੰਛੀਆਂ ਉੱਤੇ ਰਾਜ ਕਰੋ। ਧਰਤੀ ਉੱਤੇ ਤੁਰਨ ਫ਼ਿਰਨ ਵਾਲੀ ਹਰ ਸ਼ੈਅ ਉੱਤੇ ਰਾਜ ਕਰੋ।” 29 ਪਰਮੇਸ਼ੁਰ ਨੇ ਆਖਿਆ, “ਮੈਂ ਤੁਹਾਨੂੰ ਅਨਾਜ਼ ਪੈਦਾ ਕਰਨ ਵਾਲੇ ਸਮੂਹ ਪੌਦੇ ਅਤੇ ਸਮੂਹ ਫ਼ਲਦਾਰ ਰੁਖ ਦੇ ਰਿਹਾ ਹਾਂ। ਉਹ ਰੁਖ ਬੀਜਾਂ ਵਾਲੇ ਫ਼ਲ ਪੈਦਾ ਕਰਦੇ ਹਨ। ਇਹ ਅਨਾਜ਼ ਅਤੇ ਫ਼ਲ ਤੁਹਾਡਾ ਭੋਜਨ ਹੋਣਗੇ। 30 ਅਤੇ ਮੈਂ ਸਮੂਹ ਹਰੇ ਪੌਦੇ ਜਾਨਵਰਾਂ ਨੂੰ ਦੇ ਰਿਹਾ ਹਾਂ। ਉਹ ਹਰੇ ਪੌਦੇ ਉਨ੍ਹਾਂ ਦਾ ਭੋਜਨ ਹੋਣਗੇ। ਧਰਤੀ ਉਤਲਾ ਹਰ ਜਾਨਵਰ, ਹਵਾ ਵਿਚਲਾ ਹਰ ਪੰਛੀ, ਅਤੇ ਉਹ ਸਾਰੇ ਛੋਟੇ ਜੀਵ ਜਿਹੜੇ ਧਰਤੀ ਉੱਤੇ ਰੀਂਗਦੇ ਹਨ, ਉਸ ਭੋਜਨ ਨੂੰ ਖਾਣਗੇ।” ਅਤੇ ਇਹ ਸਾਰੀਂਆਂ ਗੱਲਾ ਵਾਪਰ ਗਈਆਂ। 31 ਪਰਮੇਸ਼ੁਰ ਨੇ ਉਨ੍ਹਾਂ ਸਾਰੀਆਂ ਚੀਜ਼ਾਂ ਵੱਲ ਤਕਿਆ ਜੋ ਉਸ ਨੇ ਸਾਜੀਆਂ ਸਨ ਅਤੇ ਉਸਨੇ ਵੇਖਿਆ ਕਿ ਸਭ ਕੁਝ ਬਹੁਤ ਚੰਗਾ ਸੀ।ਸ਼ਾਮ ਹੋ ਗਈ ਅਤੇ ਫ਼ੇਰ ਸਵੇਰ ਹੋਈ। ਇਹ ਛੇਵਾਂ ਦਿਨ ਸੀ।

Genesis 2

1 ਇਸ ਤਰ੍ਹਾਂ ਧਰਤੀ ਅਕਾਸ਼ ਅਤੇ ਉਨ੍ਹਾਂ ਵਿਚਲੀ ਹਰ ਸ਼ੈਅ ਦੀ ਸਾਜਨਾ ਸੰਪੂਰਨ ਹੋ ਗਈ। 2 ਪਰਮੇਸ਼ੁਰ ਨੇ ਆਪਣਾ ਕੰਮ, ਜੋ ਉਹ ਕਰ ਰਿਹਾ ਸੀ ਖ਼ਤਮ ਕਰ ਲਿਆ। ਇਸ ਲਈ ਪਰਮੇਸ਼ੁਰ ਨੇ ਸੱਤਵੇਂ ਦਿਨ ਅਰਾਮ ਕੀਤਾ। 3 ਪਰਮੇਸ਼ੁਰ ਨੇ ਸੱਤਵੇਂ ਦਿਨ ਨੂੰ ਅਸੀਸ ਦਿੱਤੀ ਅਤੇ ਇਸਨੂੰ ਪਵਿੱਤਰ ਦਿਨ ਬਣਾਇਆ, ਕਿਉਂਕਿ ਉਸਨੇ ਉਨ੍ਹਾਂ ਸਾਰੇ ਕੰਮਾਂ ਤੋਂ ਅਰਾਮ ਲਿਆ ਜੋ ਉਹ ਸੰਸਾਰ ਦੀ ਸਾਜਨਾ ਕਰਨ ਵੇਲੇ ਕਰ ਰਿਹਾ ਸੀ। 4 ਇਹ ਅਕਾਸ਼ ਅਤੇ ਧਰਤੀ ਦਾ ਇਤਿਹਾਸ ਹੈ। ਇਹ ਉਨ੍ਹਾਂ ਗੱਲਾਂ ਦੀ ਕਹਾਣੀ ਹੈ ਜਿਹੜੀਆਂ ਪਰਮੇਸ਼ੁਰ ਦੇ ਧਰਤੀ ਅਤੇ ਅਕਾਸ਼ ਬਨਾਉਣ ਵੇਲੇ ਵਾਪਰੀਆਂ। 5 ਇਹ ਜ਼ਮੀਨ ਉੱਤੇ ਪੌਦੇ ਉੱਗਣ ਤੋਂ ਪਹਿਲਾਂ ਦੀ ਗੱਲ ਹੈ। ਖੇਤਾਂ ਵਿੱਚ ਕੁਝ ਵੀ ਨਹੀਂ ਉੱਗ ਰਿਹਾ ਸੀ। ਇਹ ਇਸ ਲਈ ਸੀ ਕਿਉਕਿ ਯਹੋਵਾਹ ਪਰਮੇਸ਼ੁਰ ਨੇ ਹਾਲੇ ਮੀਂਹ ਨਹੀਂ ਭੇਜਿਆ ਸੀ ਅਤੇ ਉਥੇ ਪੌਦਿਆਂ ਦੀ ਦੇਖ-ਭਾਲ ਕਰਨ ਲਈ ਕੋਈ ਵੀ ਮਨੁੱਖ ਨਹੀਂ ਸੀ। 6 ਇਸਦੀ ਜਗ਼੍ਹਾ, ਧਰਤੀ ਵਿੱਚੋਂ ਇੱਕ ਧੁੰਦ ਆਈ ਅਤੇ ਜ਼ਮੀਨ ਨੂੰ ਗਿੱਲਾ ਕੀਤਾ। 7 ਫ਼ੇਰ ਯਹੋਵਾਹ ਪਰਮੇਸ਼ੁਰ ਨੇ ਧਰਤੀ ਤੋਂ ਮਿੱਟੀ ਲਈ ਅਤੇ ਆਦਮ ਨੂੰ ਸਾਜਿਆ। ਯਹੋਵਾਹ ਨੇ ਆਦਮ ਦੇ ਨੱਕ ਵਿੱਚ ਜੀਵਨ ਦਾ ਸਾਹ ਫ਼ੂਕਿਆ, ਅਤੇ ਆਦਮ ਜਿਉਂਦਾ ਜੀਵ ਬਣ ਗਿਆ। 8 ਫ਼ੇਰ ਯਹੋਵਾਹ ਪਰਮੇਸ਼ੁਰ ਨੇ ਪੂਰਬ ਵਿੱਚ ਅਦਨ ਨਾਮ ਦੇ ਇੱਕ ਸਥਾਨ ਉੱਤੇ ਇੱਕ ਬਾਗ਼ ਲਾਇਆ। ਯਹੋਵਾਹ ਪਰਮੇਸ਼ੁਰ ਨੇ ਆਪਣੇ ਦੁਆਰਾ ਸਾਜੇ ਹੋਏ ਆਦਮ ਨੂੰ ਉਸ ਬਾਗ਼ ਵਿੱਚ ਰੱਖ ਦਿੱਤਾ। 9 ਯਹੋਵਾਹ ਪਰਮੇਸ਼ੁਰ ਨੇ ਜ਼ਮੀਨ ਵਿੱਚੋਂ ਰੁਖ ਉਗਾਏ: ਹਰ ਖੂਬਸੂਰਤ ਰੁੱਖ ਅਤੇ ਹਰ ਉਹ ਰੁਖ ਜੋ ਭੋਜਨ ਲਈ ਚੰਗਾ ਸੀ। ਬਾਗ ਦੇ ਮਧ ਵਿੱਚ, ਯਹੋਵਾਹ ਪਰਮੇਸ਼ੁਰ ਨੇ ਜੀਵਨ ਦਾ ਰੁਖ ਲਾਇਆ ਅਤੇ ਉਹ ਰੁੱਖ ਵੀ ਲਾਇਆ ਜੋ ਗਿਆਨ ਦਿੰਦਾ ਸੀ ਕਿ, ਕੀ ਚੰਗਾ ਸੀ ਤੇ ਕੀ ਮਾੜਾ। 10 ਅਦਨ ਵਿੱਚ ਇੱਕ ਨਦੀ ਵਗਦੀ ਸੀ ਜਿਹੜੀ ਬਾਗ਼ ਨੂੰ ਸਿਂਜਦੀ ਸੀ। ਉਹ ਨਦੀ ਫ਼ੇਰ ਚਾਰ ਸ਼ਾਖਾਵਾਂ ਵਿੱਚ ਪਾਟ ਗਈ। 11 ਪਹਿਲੀ ਨਦੀ ਦਾ ਨਾਮ ਪੀਸੋਨ ਸੀ। ਇਹ ਨਦੀ ਹਵੀਲਾਹ, ਦੇ ਸਮੁੱਚੇ ਦੇਸ਼ ਦੇ ਦੁਆਲੇ ਵਗਦੀ ਸੀ ਜਿਥੇ ਸੋਨਾ ਹੈ। 12 (ਹਵੀਲਾਹ ਵਿਚਲਾ ਸੋਨਾ ਚੰਗਾ ਹੈ। ਉਸ ਦੇਸ਼ ਵਿੱਚ ਮੋਤੀ ਅਤੇ ਸੁਲੇਮਾਨੀ ਵੀ ਹਨ। 13 ਦੂਸਰੀ ਨਦੀ ਦਾ ਨਾਮ ਗੀਹੋਨ ਸੀ। ਇਹ ਨਦੀ ਸਮੁੱਚੇ ਕੂਸ਼ ਦੇਸ਼ ਦੁਆਲੇ ਵਗਦੀ ਸੀ। 14 ਤੀਸਰੀ ਨਦੀ ਦਾ ਨਾਮ ਹਿੱਦਕਾਲ ਸੀ। ਇਹ ਨਦੀ ਅਸ਼ੂਰ ਦੇ ਪੂਰਬ ਵਿੱਚ ਵਗਦੀ ਸੀ। ਚੌਥੀ ਨਦੀ ਫ਼ਰਾਤ ਸੀ। 15 ਯਹੋਵਾਹ ਪਰਮੇਸ਼ੁਰ ਨੇ ਆਦਮ ਨੂੰ ਅਦਨ ਦੇ ਬਾਗ ਵਿੱਚ ਜ਼ਮੀਨ ਉੱਤੇ ਕੰਮ ਕਰਨ ਅਤੇ ਬਾਗ਼ ਦੀ ਦੇਖ-ਭਾਲ ਲਈ ਰੱਖਿਆ। 16 ਯਹੋਵਾਹ ਪਰਮੇਸ਼ੁਰ ਨੇ ਆਦਮ ਨੂੰ ਇਹ ਆਦੇਸ਼ ਦਿੱਤਾ। ਯਹੋਵਾਹ ਪਰਮੇਸ਼ੁਰ ਨੇ ਆਖਿਆ, “ਤੂੰ ਬਾਗ ਵਿਚਲੇ ਹਰ ਰੁੱਖ ਦਾ ਫ਼ਲ ਖਾ ਸਕਦਾ ਹੈਂ। 17 ਪਰ ਤੈਨੂੰ ਉਸ ਰੁੱਖ ਦਾ ਫ਼ਲ ਨਹੀਂ ਖਾਣਾ ਚਾਹੀਦਾ ਜਿਹੜਾ ਗਿਆਨ ਦਿੰਦਾ, ਕਿ ਕੀ ਚੰਗਾ ਤੇ ਕੀ ਬੁਰਾ। ਜੇ ਤੂੰ ਉਸ ਰੁਖ ਦਾ ਫ਼ਲ ਖਾਵੇਂਗਾ ਤਾਂ ਤੂੰ ਮਰ ਜਾਵੇਂਗਾ।” 18 ਫ਼ੇਰ ਯਹੋਵਾਹ ਪਰਮੇਸ਼ੁਰ ਨੇ ਆਖਿਆ, “ਆਦਮ ਲਈ ਇਕਲਿਆਂ ਹੋਣਾ ਚੰਗੀ ਗੱਲ ਨਹੀਂ। ਮੈਂ ਉਸ ਲਈ ਇੱਕ ਸਹਾਇਕ ਸਾਜਾਂਗਾ ਜੋ ਉਸ ਵਰਗਾ ਹੋਵੇਗਾ।” 19 ਯਹੋਵਾਹ ਪਰਮੇਸ਼ੁਰ ਨੇ ਧਰਤੀ ਦੀ ਮਿੱਟੀ ਲਈ ਅਤੇ ਖੇਤਾਂ ਦੇ ਹਰ ਜਾਨਵਰ ਅਤੇ ਅਕਾਸ਼ ਦੇ ਹਰ ਪੰਛੀ ਦੀ ਸਾਜਨਾ ਕੀਤੀ। ਯਹੋਵਾਹ ਪਰਮੇਸ਼ੁਰ ਨੇ ਇਹ ਸਾਰੇ ਜਾਨਵਰ ਆਦਮੀ ਕੋਲ ਇਹ ਦੇਖਣ ਲਈ ਲਿਆਂਦੇ ਕਿ ਉਹ ਉਨ੍ਹਾਂ ਨੂੰ ਕੀ ਬੁਲਾਉਂਦਾ ਹੈ। ਆਦਮੀ ਨੇ ਹਰ ਇੱਕ ਜਾਨਵਰ ਨੂੰ ਨਾਮ ਦਿੱਤਾ। 20 ਆਦਮੀ ਨੇ ਪਾਲਤੂ ਜਾਨਵਰਾਂ, ਅਕਾਸ਼ ਦੇ ਸਾਰੇ ਪੰਛੀਆਂ ਅਤੇ ਸਾਰੇ ਜੰਗਲੀ ਜਾਨਵਰਾਂ ਦੇ ਨਾਮ ਵੀ ਧਰੇ। ਆਦਮੀ ਨੇ ਅਨੇਕਾਂ ਜਾਨਵਰ ਅਤੇ ਪੰਛੀ ਵੇਖੇ, ਪਰ ਉਸਨੂੰ ਕੋਈ ਵੀ ਅਜਿਹਾ ਸਹਾਇਕ ਨਹੀਂ ਲੱਭਿਆ ਜੋ ਉਸ ਲਈ ਜੱਚਦਾ ਹੋਵੇ। 21 ਇਸਲਈ ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਗਹਿਰੀ ਨੀਂਦ ਵਿੱਚ ਸੁਲਾ ਦਿੱਤਾ। ਜਦੋਂ ਆਦਮੀ ਸੁੱਤਾ ਹੋਇਆ ਸੀ, ਯਹੋਵਾਹ ਪਰਮੇਸ਼ੁਰ ਨੇ ਆਦਮੀ ਦੇ ਸ਼ਰੀਰ ਦੀ ਇੱਕ ਪੱਸਲੀ ਲਈ। ਫ਼ੇਰ ਯਹੋਵਾਹ ਪਰਮੇਸ਼ੁਰ ਨੇ ਆਦਮੀ ਦੀ ਚਮੜੀ ਦੀ ਉਹ ਥਾਂ ਬੰਦ ਕਰ ਦਿੱਤੀ ਜਿਥੋਂ ਉਸਨੇ ਪੱਸਲੀ ਕੱਢੀ ਸੀ। 22 ਯਹੋਵਾਹ ਪਰਮੇਸ਼ੁਰ ਨੇ ਉਸ ਪੱਸਲੀ ਤੋਂ ਜੋ ਉਸਨੇ ਆਦਮੀ ਚੋਂ ਕੱਢੀ ਸੀ ਇੱਕ ਔਰਤ ਸਾਜੀ। ਫ਼ੇਰ ਯਹੋਵਾਹ ਪਰਮੇਸ਼ੁਰ ਔਰਤ ਨੂੰ ਆਦਮ ਕੋਲ ਲੈ ਆਇਆ। 23 ਆਦਮੀ ਨੇ ਆਖਿਆ,“ਆਖਿਰਕਾਰ! ਮੇਰੇ ਵਰਗਾ ਇੱਕ ਇਨਸਾਨ!ਉਸ ਦੀਆਂ ਹੱਡੀਆਂ ਮੇਰੀਂ ਹੱਡੀਆਂ ਤੋਂ ਹਨ।ਉਸਦਾ ਸ਼ਰੀਰ ਮੇਰੇ ਸ਼ਰੀਰ ਤੋਂ ਹੈ।ਉਸਨੂੰ ਆਦਮੀ ਤੋਂ ਲਿਆ ਗਿਆ ਸੀ,ਇਸਲਈ ਉਹ ਔਰਤ ਸਦਾਈ ਜਾਵੇਗੀ।” 24 ਇਹੀ ਕਾਰਣ ਹੈ ਕਿ ਆਦਮੀ ਆਪਣੇ ਪਿਤਾ ਅਤੇ ਮਾਤਾ ਨੂੰ ਛੱਡ ਕੇ ਆਪਣੀ ਪਤਨੀ ਨਾਲ ਜੁੜ ਜਾਂਦਾ ਹੈ। ਇਸ ਤਰ੍ਹਾਂ, ਦੋ ਜਣੇ ਇੱਕ ਬਣ ਜਾਂਦੇ ਹਨ। 25 ਆਦਮੀ ਅਤੇ ਉਸਦੀ ਪਤਨੀ ਨੰਗੇ ਸਨ। ਪਰ ਉਹ ਸ਼ਰਮਿੰਦਾ ਨਹੀਂ ਸਨ।

Genesis 3

1 ਸੱਪ ਉਨ੍ਹਾਂ ਸਾਰਿਆਂ ਜੰਗਲੀ ਜਾਨਵਰਾਂ ਵਿੱਚੋਂ ਸਭ ਤੋਂ ਚਾਲਾਕ ਸੀ ਜੋ ਯਹੋਵਾਹ ਪਰਮੇਸ਼ੁਰ ਦੁਆਰਾ ਸਾਜੇ ਗਏ ਸਨ। ਸੱਪ ਨੇ ਔਰਤ ਨਾਲ ਗੱਲ ਕੀਤੀ ਤੇ ਆਖਿਆ, “ਹੇ ਔਰਤ, ਕੀ ਪਰਮੇਸ਼ੁਰ ਨੇ ਸੱਚਮੁੱਚ ਤੈਨੂੰ ਆਖਿਆ ਸੀ ਕਿ ਤੈਨੂੰ ਬਾਗ਼ ਵਿਚਲੇ ਕਿਸੇ ਵੀ ਰੁਖ ਦਾ ਫ਼ਲ ਨਹੀਂ ਖਾਣਾ ਚਾਹੀਦਾ?” 2 ਔਰਤ ਨੇ ਸੱਪ ਨੂੰ ਜਵਾਬ ਦਿੱਤਾ, “ਅਸੀਂ ਬਾਗ ਦੇ ਰੁਖਾਂ ਦੇ ਫ਼ਲ ਖਾ ਸਕਦੇ ਹਾਂ। 3 ਪਰ ਇੱਕ ਰੁਖ ਹੈ ਜਿਸਦੇ ਫ਼ਲ ਸਾਨੂੰ ਨਹੀਂ ਖ਼ਾਣੇ ਚਾਹੀਦੇ। ਪਰਮੇਸ਼ੁਰ ਨੇ ਸਾਨੂੰ ਆਖਿਆ ਸੀ, ‘ਤੁਹਾਨੂੰ ਉਸ ਰੁਖ ਦਾ ਫ਼ਲ ਨਹੀਂ ਖਾਣ ਚਾਹੀਦਾ ਜਿਹੜਾ ਬਾਗ ਦੇ ਵਿਚਕਾਰ ਹੈ। ਤੁਹਾਨੂੰ ਉਸ ਰੁਖ ਨੂੰ ਹੱਥ ਵੀ ਨਹੀਂ ਲਾਉਣਾ ਚਾਹੀਦਾ, ਨਹੀਂ ਤਾਂ ਤੁਸੀਂ ਮਾਰੇ ਜਾਓਂਗੇ।’” 4 ਪਰ ਸੱਪ ਨੇ ਔਰਤ ਨੂੰ ਆਖਿਆ, “ਤੁਸੀਂ ਮਰੋਂਗੇ ਨਹੀਂ। 5 ਪਰਮੇਸ਼ੁਰ ਜਾਣਦਾ ਹੈ ਕਿ ਜੇ ਤੁਸੀਂ ਉਸ ਰੁਖ ਦਾ ਫ਼ਲ ਖਾ ਲਿਆ ਤੁਸੀਂ ਪਰਮੇਸ਼ੁਰ ਵਰਗੇ ਹੋ ਜਾਵੋਂਗੇ, ਕਿਉਂਕਿ ਤੁਸੀਂ ਜਾਣ ਜਾਵੋਂਗੇ ਕਿ ਕੀ ਚੰਗਾ ਹੈ ਤੇ ਕੀ ਬੁਰਾ।” 6 ਔਰਤ ਨੇ ਦੇਖਿਆ ਕਿ ਰੁਖ ਬੜਾ ਸੋਹਣਾ ਸੀ। ਉਸਨੇ ਦੇਖਿਆ ਕਿ ਫ਼ਲ ਖਾਣ ਲਈ ਚੰਗਾ ਸੀ ਅਤੇ ਇਹ ਕਿ ਰੁਖ ਉਸਨੂੰ ਸਿਆਣੀ ਬਣਾ ਸਕਦਾ ਸੀ। ਇਸ ਲਈ ਔਰਤ ਨੇ ਰੁਖ ਤੋਂ ਫ਼ਲ ਤੋੜਿਆ ਅਤੇ ਖਾ ਲਿਆ। ਉਸਦਾ ਪਤੀ ਵੀ ਉਸਦੇ ਨਾਲ ਸੀ, ਇਸ ਲਈ ਉਸਨੇ ਫ਼ਲ ਵਿੱਚੋਂ ਕੁਝ ਹਿੱਸਾ ਉਸਨੂੰ ਵੀ ਦਿੱਤਾ ਅਤੇ ਉਸਨੇ ਵੀ ਖਾਧਾ। 7 ਫ਼ੇਰ ਦੋਵੇਂ ਆਦਮੀ ਅਤੇ ਔਰਤ ਚੀਜ਼ਾਂ ਨੂੰ ਹੋਰ ਤਰ੍ਹਾਂ ਵੇਖ ਸਕਦੇ ਸਨ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਹ ਨੰਗੇ ਸਨ। ਇਸ ਲਈ ਉਨ੍ਹਾਂ ਨੇ ਅੰਜੀਰ ਦੇ ਕੁਝ ਪੱਤੇ ਲੈਕੇ ਉਨ੍ਹਾਂ ਨੂੰ ਸਿਉਂ ਲਿਆ ਅਤੇ ਉਨ੍ਹਾਂ ਨੂੰ ਕੱਪੜਿਆਂ ਵਾਂਗੂ ਪਹਿਨ ਲਿਆ। 8 ਦਿਨ ਦੇ ਸੁਹਾਵਨੇ ਸਮੇਂ, ਯਹੋਵਾਹ ਪਰਮੇਸ਼ੁਰ ਬਾਗ ਵਿੱਚ ਸੈਰ ਕਰ ਰਿਹਾ ਸੀ। ਆਦਮ ਅਤੇ ਔਰਤ ਨੇ ਉਸਦੀ ਆਹਟ ਸੁਣੀ, ਅਤੇ ਬਾਗ ਦੇ ਰੁੱਖਾਂ ਵਿੱਚ ਛੁੱਪ ਗਏ। 9 ਯਹੋਵਾਹ ਪਰਮੇਸ਼ੁਰ ਨੇ ਆਦਮ ਨੂੰ ਆਵਾਜ਼ ਦਿੱਤੀ, “ਕਿਥੇ ਹੈਂ ਤੂੰ?” 10 ਆਦਮ ਨੇ ਆਖਿਆ, “ਮੈਂ ਤੁਹਾਡੀ ਬਾਗ਼ ਵਿੱਚ ਤੁਰਨ ਫ਼ਿਰਨ ਦੀ ਆਹਟ ਸੁਣਕੇ ਮੈਂ ਡਰ ਗਿਆ ਸੀ। ਮੈਂ ਨੰਗਾ ਸੀ ਇਸਲਈ ਮੈਂ ਛੁਪ ਗਿਆ।” 11 ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਆਖਿਆ, “ਤੈਨੂੰ ਕਿਸਨੇ ਦੱਸਿਆ ਕਿ ਤੂੰ ਨੰਗਾ ਹੈਂ? ਕੀ ਤੂੰ ਉਸ ਖਾਸ ਰੁਖ ਦਾ ਫ਼ਲ ਖਾਧਾ? ਮੈਂ ਤੈਨੂੰ ਹੁਕਮ ਦਿੱਤਾ ਸੀ ਕਿ ਤੂੰ ਉਸ ਰੁਖ ਦਾ ਫ਼ਲ ਨਾ ਖਾਵੀਂ!” 12 ਆਦਮੀ ਨੇ ਆਖਿਆ, “ਜਿਹੜੀ ਔਰਤ ਤੂੰ ਮੇਰੇ ਲਈ ਸਾਜੀ ਸੀ ਉਸਨੇ ਮੈਨੂੰ ਉਸ ਰੁੱਖ ਦਾ ਫ਼ਲ ਦਿੱਤਾ ਸੀ। ਇਸਲਈ ਮੈਂ ਖਾ ਲਿਆ।” 13 ਤਾਂ ਯਹੋਵਾਹ ਪਰਮੇਸ਼ੁਰ ਨੇ ਔਰਤ ਨੂੰ ਆਖਿਆ, “ਤੂੰ ਕੀ ਕਰ ਬੈਠੀ ਹੈਂ?”ਔਰਤ ਨੇ ਆਖਿਆ, “ਸੱਪ ਨੇ ਮੈਨੂੰ ਗੁਮਰਾਹ ਕਰ ਦਿੱਤਾ ਸੀ, ਇਸ ਲਈ ਮੈਂ ਫ਼ਲ ਖਾ ਲਿਆ।” 14 ਇਸਲਈ ਯਹੋਵਾਹ ਪਰਮੇਸ਼ੁਰ ਨੇ ਸੱਪ ਨੂੰ ਆਖਿਆ,“ਤੂੰ ਇਹ ਬਹੁਤ ਮੰਦੀ ਗੱਲ ਕੀਤੀ,ਇਸ ਲਈ ਤੇਰੇ ਨਾਲ ਮੰਦੀਆਂ ਗੱਲਾ ਵਾਪਰਨਗੀਆਂ।ਤੇਰੇ ਨਾਲ ਹੋਰ ਕਿਸੇ ਵੀਜਾਨਵਰ ਨਾਲੋਂ ਮੰਦਾ ਹੋਵੇਗਾ।ਤੈਨੂੰ ਢਿੱਡ ਭਾਰ ਰੀਂਗਣਾ ਪਵੇਗਾਅਤੇ ਤੈਨੂੰ ਜੀਵਨ ਭਰ ਲਈ ਮਿੱਟੀ ਖਾਣੀ ਪਵੇਗੀ। 15 ਮੈਂ ਤੈਨੂੰ ਅਤੇ ਔਰਤ ਨੂੰ ਇੱਕਦੂਜੇ ਦੇ ਦੁਸ਼ਮਣ ਬਣਾ ਦਿਆਂਗਾ।ਤੇਰੇ ਬੱਚੇ ਅਤੇ ਉਸਦੇ ਬੱਚੇ ਇਕਦੂਜੇ ਦੇ ਦੁਸ਼ਮਣ ਹੋਣਗੇ।ਉਸਦਾ ਪੁੱਤਰ ਤੇਰਾ ਸਿਰ ਕੁਚਲੇਗਾ,ਅਤੇ ਤੂੰ ਉਸਦੇ ਪੈਰ ਨੂੰ ਡਸੇਂਗਾ।” 16 ਫ਼ੇਰ ਯਹੋਵਾਹ ਪਰਮੇਸ਼ੁਰ ਨੇ ਔਰਤ ਨੂੰ ਆਖਿਆ,“ਮੈਂ ਤੈਨੂੰ ਬਹੁਤ ਦੁੱਖ ਦੇਵਾਂਗਾਜਦੋਂ ਤੂੰ ਗਰਭਵਤੀ ਹੋਵੇਂਗੀ,ਅਤੇ ਜਦੋਂ ਤੂੰ ਬੱਚੇ ਜਣੇਂਗੀ,ਤੈਨੂੰ ਬਹੁਤ ਦਰਦ ਹੋਵੇਗਾ।ਤੂੰ ਆਪਣੇ ਪਤੀ ਨੂੰ ਬਹੁਤ ਚਾਹੇਂਗੀਪਰ ਉਹ ਤੇਰੇ ਉੱਤੇ ਰਾਜ ਕਰੇਗਾ।” 17 ਫ਼ੇਰ ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਆਖਿਆ,“ਮੈਂ ਤੈਨੂੰ ਆਦੇਸ਼ ਦਿੱਤਾ ਸੀ, ਕਿ ਓਸ ਰੁਖ ਦਾ ਫ਼ਲ ਨਾ ਖਾਵੀਂ।ਪਰ ਤੂੰ ਆਪਣੀ ਪਤਨੀ ਦੀ ਗੱਲ ਸੁਣਕੇ ਓਸ ਰੁਖ ਦਾ ਫ਼ਲ ਖਾ ਲਿਆ।ਇਸਲਈ ਤੇਰੀ ਖਾਤਰ ਮੈਂ ਧਰਤੀ ਨੂੰ ਸਰਾਪ ਦੇਵਾਂਗਾ।ਤੈਂਨੂੰ ਧਰਤੀ ਤੋਂ ਭੋਜਨ ਲੈਣ ਲਈ ਜੀਵਨ ਭਰ ਸਖ਼ਤ ਮਿਹਨਤ ਕਰਨੀ ਪਵੇਗੀ। 18 ਧਰਤੀ ਤੇਰੇ ਲਈ ਖਰ ਪਤਵਾਰ ਤੇ ਕੰਡੇ ਉਗਾਵੇਗੀ।ਅਤੇ ਤੈਨੂੰ ਜੰਗਲੀ ਪੌਦੇ ਖਾਣੇ ਪੈਣਗੇ ਜਿਹੜੇ ਖੇਤਾਂ ਅੰਦਰ ਉੱਗਦੇ ਹਨ। 19 ਤੈਨੂੰ ਆਪਣੇ ਭੋਜਨ ਲਈ ਸਖ਼ਤ ਮਿਹਨਤ ਕਰਨੀ ਪਵੇਗੀਜਦੋਂ ਤੀਕ ਕਿ ਤੇਰਾ ਚਿਹਰਾ ਮੁੜਕੇ ਨਾਲ ਭਿੱਜ ਨਹੀਂ ਜਾਂਦਾ।ਤੈਨੂੰ ਮਰਨ ਤੀਕ ਸਖ਼ਤ ਮਿਹਨਤ ਕਰਨੀ ਪਵੇਗੀ।ਫ਼ੇਰ ਤੂੰ ਖਾਕ ਹੋ ਜਾਵੇਂਗਾ।ਮੈਂ ਤੈਨੂੰ ਖਾਕ ਨਾਲ ਸਾਜਿਆ ਸੀਅਤੇ ਮਰਕੇ ਫ਼ਿਰ ਤੋਂ ਤੂੰ ਖਾਕ ਹੋ ਜਾਵੇਗਾ।” 20 ਆਦਮ ਨੇ ਆਪਣੀ ਪਤਨੀ ਨੂੰ ਹੱਵਾਹ ਦਾ ਨਾਮ ਦਿੱਤਾ। ਆਦਮ ਨੇ ਇਹ ਨਾਮ ਉਸਨੂੰ ਇਸ ਲਈ ਦਿੱਤਾ ਕਿਉਂ ਕਿ ਹੱਵਾਹ ਹਰ ਓਸ ਬੰਦੇ ਦੀ ਮਾਂ ਹੈ ਜਿਹੜਾ ਕਦੇ ਜੀਵਿਆ ਸੀ। 21 ਯਹੋਵਾਹ ਪਰਮੇਸ਼ੁਰ ਨੇ ਜਾਨਵਰਾਂ ਦੀਆਂ ਖੱਲਾਂ ਲਈਆਂ ਅਤੇ ਆਦਮੀ ਤੇ ਉਸਦੀ ਪਤਨੀ ਲਈ ਕੱਪੜੇ ਬਣਾਏ। ਫ਼ੇਰ ਉਹ ਕੱਪੜੇ ਉਸਨੇ ਉਨ੍ਹਾਂ ਉੱਪਰ ਪਾ ਦਿੱਤੇ। 22 ਯਹੋਵਾਹ ਪਰਮੇਸ਼ੁਰ ਨੇ ਆਖਿਆ, “ਦੇਖੋ, ਆਦਮੀ ਸਾਡੇ ਵਾਂਗ ਬਣ ਗਿਆ ਹੈ - ਅਤੇ ਉਹ ਜਾਣਦਾ ਹੈ ਕੀ ਚੰਗਾ ਹੈ ਅਤੇ ਕੀ ਮਾੜਾ ਅਤੇ ਹੁਣ ਸੰਭਵ ਹੈ ਕਿ ਆਦਮ ਜੀਵਨ ਬਿਰਖ ਦਾ ਫ਼ਲ ਖਾ ਲਵੇ। ਜੇ ਆਦਮੀ ਨੇ ਉਸ ਰੁਖ ਦਾ ਫ਼ਲ ਖਾ ਲਿਆ ਤਾਂ ਉਹ ਸਦਾ ਲਈ ਜਿਉਂਦਾ ਰਹੇਗਾ।” 23 ਇਸਲਈ ਯਹੋਵਾਹ ਪਰਮੇਸ਼ੁਰ ਨੇ ਆਦਮ ਨੂੰ ਅਦਨ ਦੇ ਬਾਗ਼ ਵਿੱਚੋਂ ਬਾਹਰ ਕਢ ਦਿੱਤਾ। ਆਦਮ ਨੂੰ ਉਸ ਧਰਤੀ ਨੂੰ ਵਾਹੁਣ ਲਈ ਮਜਬੂਰ ਕਰ ਦਿੱਤਾ ਗਿਆ ਜਿਸ ਵਿੱਚੋਂ ਉਹ ਸਾਜਿਆ ਗਿਆ ਸੀ। 24 ਯਹੋਵਾਹ ਪਰਮੇਸ਼ੁਰ ਨੇ ਆਦਮ ਨੂੰ ਬਾਗ਼ ਵਿੱਚੋਂ ਕਢ ਦਿੱਤਾ। ਫ਼ੇਰ ਯਹੋਵਾਹ ਨੇ ਬਾਗ਼ ਨੂੰ ਜਾਂਦੇ ਰਸਤੇ ਦੀ ਰਾਖੀ ਕਰਨ ਲਈ ਕਰੂਬੀ ਦੂਤਾਂ ਨੂੰ ਤੈਨਾਤ ਕਰ ਦਿੱਤਾ। ਯਹੋਵਾਹ ਪਰਮੇਸ਼ੁਰ ਨੇ ਉਥੇ ਅਗਨੀ ਦੀ ਤਲਵਾਰ ਰੱਖ ਦਿੱਤੀ। ਇਹ ਤਲਵਾਰ ਜੀਵਨ ਬਿਰਖ ਨੂੰ ਜਾਂਦੇ ਰਸਤੇ ਦੀ ਰਾਖੀ ਕਰਨ ਲਈ ਹਰ ਪਾਸੇ ਲਿਸ਼ਕਦੀ ਸੀ।

Genesis 4

1 ਆਦਮ ਅਤੇ ਉਸਦੀ ਪਤਨੀ ਹੱਵਾਹ ਨੇ ਜਿਨਸੀ ਸੰਬੰਧ ਬਣਾਏ ਅਤੇ ਹੱਵਾਹ ਨੇ ਇੱਕ ਬੱਚੇ ਨੂੰ ਜਨਮ ਦਿੱਤਾ। ਇਸ ਬੱਚੇ ਦਾ ਨਾਮ ਕਇਨ ਰੱਖਿਆ ਗਿਆ। ਹੱਵਾਹ ਨੇ ਆਖਿਆ, “ਯਹੋਵਾਹ ਦੀ ਸਹਾਇਤਾ ਨਾਲ, ਮੈਂ ਇੱਕ ਆਦਮੀ ਨੂੰ ਪ੍ਰਾਪਤ ਕੀਤਾ ਹੈ।” 2 ਇਸਤੋਂ ਮਗਰੋਂ ਹੱਵਾਹ ਨੇ ਇੱਕ ਹੋਰ ਬੱਚੇ ਨੂੰ ਜਨਮ ਦਿੱਤਾ। ਇਹ ਬੱਚਾ ਕਇਨ ਦਾ ਭਰਾ ਹਾਬਲ ਸੀ। ਹਾਬਲ ਇੱਕ ਆਜੜੀ ਬਣ ਗਿਆ। ਕਇਨ ਇੱਕ ਕਿਸਾਨ ਬਣ ਗਿਆ। 3 ਵਾਢੀ ਦੇ ਸਮੇਂ, ਕਇਨ ਯਹੋਵਾਹ ਲਈ ਸੁਗਾਤ ਵਜੋਂ ਕੁਝ ਫ਼ਲ ਅਤੇ ਸਬਜ਼ੀਆਂ ਲੈਕੇ ਆਇਆ। ਕਇਨ ਉਸ ਭੋਜਨ ਦਾ ਕੁਝ ਹਿੱਸਾ ਲੈਕੇ ਆਇਆ ਜਿਹੜਾ ਉਸਨੇ ਧਰਤੀ ਤੇ ਉਗਾਇਆ ਸੀ। ਪਰ ਹਾਬਲ ਆਪਣੇ ਇੱਜੜ ਵਿੱਚੋਂ ਕੁਝ ਜਾਨਵਰ ਲੈਕੇ ਆਇਆ। 4 ਪਰ ਹਾਬਲ ਆਪਣੇ ਇੱਜੜ ਵਿੱਚੋਂ ਪਲੇਠੇ ਜਨਮੇ ਜਾਨਵਰਾਂ ਨੂੰ ਲਿਆਇਆ ਅਤੇ ਉਸਨੇ ਆਪਣੀਆਂ ਸਭ ਤੋਂ ਚੰਗੀਆਂ ਭੇਡਾਂ ਦਾ ਸਭ ਤੋਂ ਚੰਗਾ ਹਿੱਸਾ ਭੇਂਟ ਕੀਤਾ।ਇਸਲਈ ਯਹੋਵਾਹ ਨੇ ਹਾਬਲ ਅਤੇ ਉਸਦੀ ਸੁਗਾਤ ਤੇ ਕਿਰਪਾ ਦ੍ਰਿਸ਼ਟੀ ਨਾਲ ਵੇਖਿਆ। 5 ਪਰ ਯਹੋਵਾਹ ਨੇ ਕਇਨ ਅਤੇ ਉਸਦੀ ਭੇਂਟ ਨੂੰ ਪ੍ਰਵਾਨ ਨਹੀਂ ਕੀਤਾ। ਇਸ ਕਾਰਣ ਕਇਨ ਉਦਾਸ ਹੋ ਗਿਆ, ਅਤੇ ਉਹ ਬਹੁਤ ਗੁੱਸੇ ਵਿੱਚ ਆ ਗਿਆ। 6 ਯਹੋਵਾਹ ਨੇ ਕਇਨ ਨੂੰ ਪੁੱਛਿਆ, “ਤੂੰ ਗੁੱਸੇ ਵਿੱਚ ਕਿਉਂ ਹੈਂ? ਤੇਰੇ ਚਿਹਰੇ ਉੱਤੇ ਉਦਾਸੀ ਕਿਉਂ ਝਲਕਦੀ ਹੈ? 7 ਜੇ ਤੂੰ ਚੰਗੇ ਕੰਮ ਕਰੇਂਗਾ ਤਾਂ ਮੇਰੇ ਨਾਲ ਤੇਰਾ ਸੰਬੰਧ ਠੀਕ ਹੋ ਜਾਵੇਗਾ। ਫ਼ੇਰ ਮੈਂ ਤੈਨੂੰ ਪ੍ਰਵਾਨ ਕਰ ਲਵਾਂਗਾ। ਪਰ ਜੇ ਤੂੰ ਮੰਦੇ ਕੰਮ ਕੀਤੇ ਤਾਂ ਉਹ ਪਾਪ ਤੇਰੇ ਜੀਵਨ ਵਿੱਚ ਹੈ। ਤੇਰਾ ਪਾਪ ਤੇਰੇ ਉੱਤੇ ਕਾਬੂ ਪਾਉਣਾ ਚਾਹੇਗਾ ਪਰ ਤੈਨੂੰ ਆਪਣੇ ਪਾਪ ਉੱਤੇ ਕਾਬੂ ਪਾਉਣਾ ਪਵੇਗਾ।” 8 ਕਇਨ ਨੇ ਆਪਣੇ ਭਰਾ ਹਾਬਲ ਨੂੰ ਆਖਿਆ, “ਆ, ਖੇਤ ਵਿੱਚ ਚੱਲੀਏ।” ਇਸ ਲਈ ਕਇਨ ਤੇ ਹਾਬਲ ਖੇਤ ਨੂੰ ਚਲੇ ਗਏ। ਫ਼ੇਰ ਕਇਨ ਨੇ ਆਪਣੇ ਭਰਾ ਹਾਬਲ ਉੱਤੇ ਹਮਲਾ ਕਰ ਦਿੱਤਾ ਅਤੇ ਉਸਨੂੰ ਮਾਰ ਦਿੱਤਾ। 9 ਬਾਅਦ ਵਿੱਚ, ਯਹੋਵਾਹ ਨੇ ਕਇਨ ਨੂੰ ਪੁੱਛਿਆ, “ਤੇਰਾ ਭਰਾ, ਹਾਬਲ, ਕਿਥੇ ਹੈ?”ਕਇਨ ਨੇ ਜਵਾਬ ਦਿੱਤਾ, “ਮੈਨੂੰ ਨਹੀਂ ਪਤਾ। ਕੀ ਮੇਰਾ ਕੰਮ ਆਪਣੇ ਭਰਾ ਦੀ ਦੇਖ-ਭਾਲ ਕਰਨਾ ਹੈ?” 10 ਤਾਂ ਯਹੋਵਾਹ ਨੇ ਆਖਿਆ, “ਤੂੰ ਕੀ ਕਰ ਦਿੱਤਾ ਹੈ? ਤੂੰ ਆਪਣੇ ਭਰਾ ਨੂੰ ਕਤਲ ਕਰ ਦਿੱਤਾ ਹੈ! ਉਸਦਾ ਖੂਨ ਉਸ ਆਵਾਜ਼ ਵਰਗਾ ਹੈ ਜਿਹੜੀ ਧਰਤੀ ਤੋਂ ਮੈਨੂੰ ਪੁਕਾਰ ਰਹੀ ਹੈ। 11 ਤੂੰ ਆਪਣੇ ਭਰਾ ਨੂੰ ਕਤਲ ਕਰ ਦਿੱਤਾ ਅਤੇ ਧਰਤੀ ਤੇਰੇ ਹੱਥਾਂ ਵਿੱਚੋਂ ਉਸਦਾ ਖੂਨ ਲੈਣ ਲਈ ਖੁਲ੍ਹ ਗਈ। ਇਸ ਲਈ ਹੁਣ, ਮੈਂ ਉਸ ਧਰਤੀ ਉੱਤੇ ਆਫ਼ਤਾਂ ਘੱਲਾਂਗਾ। 12 ਅਤੀਤ ਵਿੱਚ, ਤੂੰ ਬੀਜਦਾ ਸੀ ਅਤੇ ਤੇਰੇ ਪੌਦੇ ਚੰਗੇ ਉਗਦੇ ਸਨ। ਪਰ ਹੁਣ ਜਦੋਂ ਤੂੰ ਬੀਜੇਂਗਾ ਧਰਤੀ ਤੇਰੇ ਪੌਦਿਆਂ ਨੂੰ ਉੱਗਣ ਵਿੱਚ ਸਹਾਇਤਾ ਨਹੀਂ ਕਰੇਗੀ। ਧਰਤੀ ਉੱਤੇ ਤੇਰਾ ਘਰ ਨਹੀਂ ਹੋਵੇਗਾ। ਤੂੰ ਥਾਂ-ਥਾਂ ਭਟਕੇਂਗਾ।” 13 ਤਾਂ ਕਇਨ ਨੇ ਆਖਿਆ, “ਇਹ ਸਜ਼ਾ ਮੇਰੇ ਸਹਿਣ ਤੋਂ ਵਧੇਰੇ ਹੈ! 14 ਦੇਖੋ, ਤੁਸੀਂ ਮੈਂਨੂੰ ਮੇਰੀ ਧਰਤੀ ਤੋਂ ਬਾਹਰ ਕੱਢ ਰਹੇ ਹੋਂ ਮੈਂ ਤੁਹਾਨੂੰ ਦੇਖ ਨਹੀਂ ਸਕਾਂਗਾ ਅਤੇ ਤੁਹਾਡੇ ਨੇੜੇ ਨਹੀਂ ਹੋ ਸਕਾਂਗਾ! ਮੇਰਾ ਘਰ ਨਹੀਂ ਹੋਵੇਗਾ! ਮੈਨੂੰ ਧਰਤੀ ਉੱਤੇ ਥਾਂ-ਥਾਂ ਭਟਕਣਾ ਪਵੇਗਾ ਅਤੇ ਜੋ ਕੋਈ ਵੀ ਮੈਨੂੰ ਲਭ ਲਵੇਗਾ, ਮੈਨੂੰ ਮਾਰ ਦੇਵੇਗਾ।” 15 ਤਾਂ ਯਹੋਵਾਹ ਨੇ ਕਇਨ ਨੂੰ ਆਖਿਆ, “ਮੈਂ ਅਜਿਹਾ ਨਹੀਂ ਹੋਣ ਦੇਵਾਂਗਾ! ਕਇਨ, ਜੇ ਕੋਈ ਤੈਨੂੰ ਮਾਰੇਗਾ, ਤਾਂ ਮੈਂ ਉਸ ਬੰਦੇ ਨੂੰ ਸਖ਼ਤ ਸਜ਼ਾ ਦੇਵਾਂਗਾ।” ਤਾਂ ਯਹੋਵਾਹ ਨੇ ਕਇਨ ਉੱਤੇ ਇੱਕ ਨਿਸ਼ਾਨ ਲਾ ਦਿੱਤਾ। ਇਹ ਨਿਸ਼ਾਨ ਦਰਸਾਉਂਦਾ ਸੀ ਕਿ ਕਿਸੇ ਬੰਦੇ ਨੂੰ ਉਸਨੂੰ ਨਹੀਂ ਮਾਰਨਾ ਚਾਹੀਦਾ। 16 ਕਇਨ ਯਹੋਵਾਹ ਕੋਲੋਂ ਦੂਰ ਚਲਿਆ ਗਿਆ। ਕਇਨ ਨੋਦ ਦੀ ਧਰਤੀ ਉੱਤੇ ਰਹਿੰਦਾ ਸੀ। 17 ਕਇਨ ਨੇ ਆਪਣੀ ਪਤਨੀ ਨਾਲ ਜਿਨਸੀ ਰਿਸ਼ਤਾ ਜੋੜਿਆ। ਉਹ ਗਰਭਵਤੀ ਹੋ ਗਈ ਅਤੇ ਉਸਨੇ ਹਨੋਕ ਨਾਮ ਦੇ ਇੱਕ ਪੁੱਤਰ ਨੂੰ ਜਨਮ ਦਿੱਤਾ। ਕਇਨ ਨੇ ਇੱਕ ਸ਼ਹਿਰ ਉਸਾਰਿਆ ਅਤੇ ਉਸ ਸ਼ਹਿਰ ਨੂੰ ਆਪਣੇ ਪੁੱਤਰ ਹਨੋਕ ਦਾ ਨਾਮ ਦਿੱਤਾ। 18 ਹਨੋਕ ਦੇ ਇੱਕ ਪੁੱਤਰ ਹੋਇਆ ਜਿਸਦਾ ਨਾਮ ਈਰਾਦ ਸੀ। ਈਰਾਦ ਦੇ ਇੱਕ ਪੁੱਤਰ ਹੋਇਆ ਜਿਸਦਾ ਨਾਮ ਮਹੂਯਾਏਲ ਸੀ। ਮਹੂਯਾਏਲ ਦੇ ਇੱਕ ਪੁੱਤਰ ਹੋਇਆ ਜਿਸਦਾ ਨਾਮ ਮਥੂਯਾਏਲ ਸੀ। ਮਥੂਸਯਾਏਲ ਦੇ ਇੱਕ ਪੁੱਤਰ ਹੋਇਆ ਜਿਸਦਾ ਨਾਮ ਲਾਮਕ ਸੀ। 19 ਲਾਮਕ ਨੇ ਦੋ ਔਰਤਾਂ ਨਾਲ ਸ਼ਾਦੀ ਕੀਤੀ। ਉਸਦੀ ਇੱਕ ਪਤਨੀ ਦਾ ਨਾਮ ਆਦਾਹ ਅਤੇ ਦੂਸਰੀ ਪਤਨੀ ਦਾ ਨਾਮ ਜ਼ਿੱਲਾਹ ਸੀ। 20 ਆਦਾਹ ਨੇ ਯਾਬਲ ਨੂੰ ਜਨਮ ਦਿੱਤਾ। ਯਾਬਲ ਉਨ੍ਹਾਂ ਲੋਕਾਂ ਦਾ ਪਿਤਾ ਸੀ ਜਿਹੜੇ ਤੰਬੂਆਂ ਵਿੱਚ ਰਹਿੰਦੇ ਸਨ ਅਤੇ ਪਸ਼ੂ ਪਾਲਣ ਕਰਕੇ ਜੀਵਨ ਦਾ ਨਿਰਬਾਹ ਕਰਦੇ ਸਨ। 21 ਆਦਾਹ ਦਾ ਇੱਕ ਹੋਰ ਪੁੱਤਰ ਵੀ ਸੀ ਜੂਬਲ। (ਜੂਬਲ, ਯਾਬਲ ਦਾ ਭਰਾ ਸੀ) ਜੂਬਲ ਉਨ੍ਹਾਂ ਲੋਕਾਂ ਦਾ ਪਿਤਾ ਸੀ ਜਿਹੜੇ ਸਰੰਗੀ ਤੇ ਬੰਸਰੀ ਬਜਾਉਂਦੇ ਸਨ। 22 ਜ਼ਿੱਲਾਹ ਨੇ ਤੂਬਲ ਕਇਨ ਨੂੰ ਜਨਮ ਦਿੱਤਾ। ਤੂਬਲ ਕਇਨ ਉਨ੍ਹਾਂ ਲੋਕਾਂ ਦਾ ਪਿਤਾ ਸੀ। ਜਿਹੜੇ ਤਾਂਬੇ ਅਤੇ ਲੋਹੇ ਦਾ ਕੰਮ ਕਰਦੇ ਸਨ। ਤੂਬਲ ਕਇਨ ਦੀ ਭੈਣ ਦਾ ਨਾਮ ਨਾਮਾਹ ਸੀ। 23 ਲਾਮਕ ਨੇ ਆਪਣੀਆਂ ਪਤਨੀਆਂ ਨੂੰ ਆਖਿਆ:“ਆਦਾਹ ਤੇ ਜ਼ਿੱਲਾਹ, ਮੇਰੀ ਗੱਲ ਸੁਣੋ!ਲਾਮਕ ਦੀਓ ਪਤਨੀਓ ਮੇਰੀ ਗੱਲ ਸੁਣੋ!ਮੈਂ ਇੱਕ ਆਦਮੀ ਨੂੰ ਮਾਰ ਦਿੱਤਾ ਜਿਸਨੇ ਮੈਨੂੰ ਜ਼ਖਮੀ ਕੀਤਾਅਤੇ ਇੱਕ ਜਵਾਨ ਆਦਮੀ ਨੂੰ ਜਿਸਨੇ ਮੈਨੂੰ ਕੁਟਿਆ। 24 ਕਇਨ ਨੂੰ ਮਾਰਨ ਦੀ ਸਜ਼ਾ ਬਹੁਤ ਵੱਡੀ ਸੀ!ਇਸ ਲਈ ਮੈਨੂੰ ਮਾਰਨ ਦੀ ਸਜ਼ਾ ਹੋਰ ਵੀ ਵਡੇਰੀ ਹੋਵੇਗੀ!” 25 ਆਦਮ ਨੇ ਫ਼ੇਰ ਹੱਵਾਹ ਨਾਲ ਜਿਨਸੀ ਰਿਸ਼ਤਾ ਜੋੜਿਆ। ਅਤੇ ਹੱਵਾਹ ਨੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ। ਉਨ੍ਹਾਂ ਨੇ ਇਸਦਾ ਨਾਮ ਸੇਥ ਰੱਖਿਆ। ਹੱਵਾਹ ਨੇ ਆਖਿਆ, “ਪਰਮੇਸ਼ੁਰ ਨੇ ਮੈਨੂੰ ਇੱਕ ਹੋਰ ਪੁੱਤਰ ਦਿੱਤਾ ਹੈ। ਕਇਨ ਨੇ ਹਾਬਲ ਨੂੰ ਮਾਰ ਦਿੱਤਾ ਸੀ, ਪਰ ਹੁਣ ਮੇਰੇ ਕੋਲ ਸੇਥ ਹੈ।” 26 ਸੇਥ ਦੇ ਵੀ ਇੱਕ ਪੁੱਤਰ ਹੋਇਆ। ਉਸਨੇ ਉਸਦਾ ਨਾਮ ਅਨੋਸ਼ ਰੱਖਿਆ। ਉਸ ਵੇਲੇ, ਲੋਕ ਯਹੋਵਾਹ ਅੱਗੇ ਪ੍ਰਾਰਥਨਾ ਕਰਨ ਲੱਗੇ।

Genesis 5

1 ਇਹ ਆਦਮ ਦੇ ਪਰਿਵਾਰ ਬਾਰੇ ਪੁਸਤਕ ਹੈ। ਪਰਮੇਸ਼ੁਰ ਨੇ ਆਪਣੇ ਲੋਕਾਂ ਦੀ ਸਾਜਨਾ ਆਪਣੀ ਨਕਲ ਉੱਤੇ ਕੀਤੀ। 2 ਪਰਮੇਸ਼ੁਰ ਨੇ ਉਨ੍ਹਾਂ ਨੂੰ ਨਰ ਤੇ ਮਾਦਾ ਬਣਾਇਆ। ਅਤੇ ਓਸੇ ਦਿਨ ਜਦੋਂ ਪਰਮੇਸ਼ੁਰ ਨੇ ਉਨ੍ਹਾਂ ਨੂੰ ਸਾਜਿਆ ਸੀ ਉਸਨੇ ਉਨ੍ਹਾਂ ਨੂੰ “ਆਦਮ” ਦਾ ਨਾਮ ਦਿੱਤਾ। 3 ਜਦੋਂ ਆਦਮ 130 ਵਰ੍ਹਿਆਂ ਦਾ ਸੀ, ਉਸਨੇ ਆਪਣੇ ਹੀ ਅਕਸ ਵਿੱਚ ਇੱਕ ਪੁੱਤਰ ਨੂੰ ਜਨਮ ਦਿੱਤਾ, ਜੋ ਸੁਭਾਅ ਵਿੱਚ ਉਸ ਵਾਂਗ ਹੀ ਸੀ। ਆਦਮ ਨੇ ਉਸਦਾ ਨਾਮ ਸੇਥ ਧਰਿਆ। 4 ਸੇਥ ਦੇ ਜਨਮ ਤੋਂ ਬਾਅਦ, ਆਦਮ 800 ਵਰ੍ਹੇ ਜੀਵਿਆ। ਉਸ ਸਮੇਂ ਦੌਰਾਨ ਆਦਮ ਦੇ ਹੋਰ ਧੀਆਂ ਪੁੱਤਰ ਹੋਏ। 5 ਇਸ ਤਰ੍ਹਾਂ ਆਦਮ ਕੁੱਲ 930 ਵਰ੍ਹੇ ਜੀਵਿਆ; ਫ਼ੇਰ ਉਸ ਦਾ ਦੇਹਾਂਤ ਹੋ ਗਿਆ। 6 ਜਦੋਂ ਸੇਥ 105 ਵਰ੍ਹੇ ਦਾ ਹੋਏਆ ਉਸਦੇ ਘਰ ਅਨੋਸ਼ ਨਾਮ ਦਾ ਪੁੱਤਰ ਪੈਦਾ ਹੋਇਆ। 7 ਅਨੋਸ਼ ਦੇ ਜਨਮ ਤੋਂ ਬਾਅਦ ਸੇਥ 807 ਵਰ੍ਹੇ ਜੀਵਿਆ। ਉਸ ਸਮੇਂ ਦੌਰਾਨ ਉਸਦੇ ਹੋਰ ਧੀਆਂ ਪੁੱਤਰ ਹੋਏ। 8 ਇਸ ਤਰ੍ਹਾਂ ਸੇਥ ਕੁੱਲ 912 ਵਰ੍ਹੇ ਜੀਵਿਆ; ਫ਼ੇਰ ਉਹ ਮਰ ਗਿਆ। 9 ਜਦੋਂ ਅਨੋਸ਼ 90 ਵਰ੍ਹਿਆਂ ਦਾ ਸੀ ਉਸਦੇ ਇੱਕ ਪੁੱਤਰ ਹੋਇਆ ਜਿਸਦਾ ਨਾਮ ਕੇਨਾਨ ਸੀ, 10 ਕੇਨਾਨ ਦੇ ਜੰਮਣ ਤੋਂ ਬਾਅਦ ਅਨੋਸ਼ 815 ਵਰ੍ਹੇ ਜੀਵਿਆ। ਉਸ ਸਮੇਂ ਦੌਰਾਨ ਉਸਦੇ ਹੋਰ ਧੀਆਂ ਪੁੱਤਰ ਹੋਏ। 11 ਇਸ ਤਰ੍ਹਾਂ ਅਨੋਸ਼ ਕੁੱਲ 905 ਵਰ੍ਹੇ ਜੀਵਿਆ; ਫ਼ੇਰ ਉਹ ਮਰ ਗਿਆ। 12 ਜਦੋਂ ਕੇਨਾਨ 70 ਵਰ੍ਹੇ ਦਾ ਸੀ ਉਸਦੇ ਘਰ ਮਹਲਲੇਲ ਨਾਮ ਦਾ ਪੁੱਤਰ ਪੈਦਾ ਹੋਇਆ। 13 ਮਹਲਲੇਲ ਦੇ ਜਨਮ ਤੋਂ ਮਗਰੋਂ ਕੇਨਾਨ 840 ਵਰ੍ਹੇ ਜੀਵਿਆ। ਇਸ ਸਮੇਂ ਦੌਰਾਨ ਕੇਨਾਨ ਦੇ ਘਰ ਹੋਰ ਧੀਆਂ ਪੁੱਤਰ ਹੋਏ। 14 ਇਸ ਤਰ੍ਹਾਂ ਕੇਨਾਨ ਕੁੱਲ 910 ਵਰ੍ਹੇ ਜੀਵਿਆ; ਫ਼ੇਰ ਉਹ ਮਰ ਗਿਆ। 15 ਜਦੋਂ ਮਹਲਲੇਲ 65 ਵਰ੍ਹਿਆਂ ਦਾ ਸੀ ਉਸਦੇ ਘਰ ਯਰਦ ਨਾਮ ਦਾ ਪੁੱਤਰ ਪੈਦਾ ਹੋਇਆ। 16 ਯਰਦ ਦੇ ਜਨਮ ਤੋਂ ਬਾਅਦ ਮਹਲਲੇਲ 830 ਵਰ੍ਹੇ ਜੀਵਿਆ। ਉਸ ਸਮੇਂ ਦੌਰਾਨ ਉਸਦੇ ਹੋਰ ਧੀਆਂ ਪੁੱਤਰ ਹੋਏ। 17 ਇਸ ਤਰ੍ਹਾਂ ਮਹਲਲੇਲ ਕੁੱਲ 895 ਵਰ੍ਹੇ ਜੀਵਿਆ; ਫ਼ੇਰ ਉਹ ਮਰ ਗਿਆ। 18 ਜਦੋਂ ਯਰਦ 162 ਵਰ੍ਹਿਆਂ ਦਾ ਸੀ ਉਸਦੇ ਘਰ ਹਨੋਕ ਨਾਮ ਦਾ ਪੁੱਤਰ ਜਨਮਿਆ। 19 ਹਨੋਕ ਦੇ ਜਨਮ ਤੋਂ ਬਾਅਦ ਯਰਦ 800 ਵਰ੍ਹਿਆਂ ਤੱਕ ਜੀਵਿਆ। ਉਸ ਸਮੇਂ ਦੌਰਾਨ, ਉਸਦੇ ਹੋਰ ਧੀਆਂ ਪੁੱਤਰ ਹੋਏ। 20 ਇਸ ਤਰ੍ਹਾਂ ਯਰਦ ਕੁੱਲ 962 ਵਰ੍ਹੇ ਜੀਵਿਆ; ਫ਼ੇਰ ਉਹ ਮਰ ਗਿਆ। 21 ਜਦੋਂ ਹਨੋਕ 65 ਵਰ੍ਹਿਆਂ ਦਾ ਸੀ ਉਸਦੇ ਘਰ ਮਥੂਸਲਹ ਨਾਮ ਦਾ ਪੁੱਤਰ ਜਨਮਿਆ। 22 ਮਥੂਸਲਹ ਦੇ ਜਨਮ ਤੋਂ ਬਾਅਦ, ਹਨੋਕ ਨੇ ਪਰਮੇਸ਼ੁਰ ਦੇ ਨਾਮ ਤੁਰਦਿਆਂ 300 ਵਰ੍ਹੇ ਹੋਰ ਬਿਤਾਏ। ਉਸ ਸਮੇਂ ਦੌਰਾਨ ਉਸਦੇ ਹੋਰ ਧੀਆਂ ਪੁੱਤਰ ਹੋਏ। 23 ਇਸ ਤਰ੍ਹਾਂ, ਹਨੋਕ ਕੁੱਲ 365 ਵਰ੍ਹੇ ਜੀਵਿਆ। 24 ਇੱਕ ਦਿਨ ਹਨੋਕ ਪਰਮੇਸ਼ੁਰ ਦੇ ਨਾਲ ਤੁਰ ਰਿਹਾ ਸੀ, ਅਤੇ ਹਨੋਕ ਗਾਇਬ ਹੋ ਗਿਆ। ਪਰਮੇਸ਼ੁਰ ਨੇ ਉਸਨੂੰ ਉਠਾ ਲਿਆ। 25 ਜਦੋਂ ਮਥੂਸਲਹ 187 ਵਰ੍ਹਿਆਂ ਦਾ ਸੀ, ਉਸਦੇ ਘਰ ਲਾਮਕ ਨਾਮ ਦਾ ਪੁੱਤਰ ਜਨਮਿਆ। 26 ਲਾਮਕ ਦੇ ਜਨਮ ਤੋਂ ਬਾਅਦ ਮਥੂਸਲਹ 782 ਵਰ੍ਹੇ ਜੀਵਿਆ। ਉਸ ਸਮੇਂ ਦੌਰਾਨ ਉਸਦੇ ਹੋਰ ਧੀਆਂ ਪੁੱਤਰ ਹੋਏ। 27 ਇਸ ਤਰ੍ਹਾਂ ਮਥੂਸਲਹ ਕੁੱਲ 969 ਵਰ੍ਹੇ ਜੀਵਿਆ; ਫ਼ੇਰ ਉਹ ਮਰ ਗਿਆ। 28 ਜਦੋਂ ਲਾਮਕ 182 ਵਰ੍ਹਿਆਂ ਦਾ ਸੀ, ਉਸਦੇ ਘਰ ਇੱਕ ਪੁੱਤਰ ਜਨਮਿਆ। 29 ਲਾਮਕ ਨੇ ਆਪਣੇ ਪੁੱਤਰ ਦਾ ਨਾਮ ਨੂਹ ਰੱਖਿਆ। ਲਾਮਕ ਨੇ ਆਖਿਆ, “ਕਿਸਾਨਾਂ ਵਾਂਗ ਕਰੜੀ ਮਿਹਨਤ ਕਰ, ਕਿਉਂਕਿ ਪਰਮੇਸ਼ੁਰ ਨੇ ਧਰਤੀ ਨੂੰ ਸਰਾਪ ਦਿੱਤਾ ਸੀ। ਪਰ ਨੂਹ ਸਾਨੂੰ ਅਰਾਮ ਦੇਵੇਗਾ।” 30 ਨੂਹ ਦੇ ਜਨਮ ਤੋਂ ਬਾਅਦ ਲਾਮਕ 595 ਵਰ੍ਹੇ ਜੀਵਿਆ। ਉਸ ਸਮੇਂ ਦੌਰਾਨ ਉਸਦੇ ਹੋਰ ਧੀਆਂ ਪੁੱਤਰ ਹੋਏ। 31 ਇਸ ਤਰ੍ਹਾਂ ਲਾਮਕ ਕੁੱਲ 777 ਵਰ੍ਹੇ ਜੀਵਿਆ; ਫ਼ੇਰ ਉਹ ਮਰ ਗਿਆ। 32 ਜਦੋਂ ਨੂਹ 500 ਵਰ੍ਹਿਆਂ ਦਾ ਸੀ ਉਸਦੇ ਘਰ ਸ਼ੇਮ, ਹਾਮ ਅਤੇ ਯਾਫ਼ਥ ਨਾਮ ਦੇ ਪੁੱਤਰ ਜਨਮੇ।

Genesis 6

1 ਧਰਤੀ ਉੱਤੇ ਲੋਕਾਂ ਦੀ ਗਿਣਤੀ ਵਧਦੀ ਗਈ। ਇਨ੍ਹਾਂ ਲੋਕਾਂ ਦੇ ਘਰੀਂ ਕੁੜੀਆਂ ਜੰਮੀਆਂ। 2 ਪਰਮੇਸ਼ੁਰ ਦੇ ਪੁੱਤਰਾਂ ਨੇ ਦੇਖਿਆ ਕਿ ਇਹ ਕੁੜੀਆਂ ਸੁੰਦਰ ਸਨ। ਇਸ ਲਈ ਪਰਮੇਸ਼ੁਰ ਦੇ ਪੁੱਤਰਾਂ ਨੇ ਆਪਣੀ ਚੁਣੀ ਹੋਈ ਕਿਸੇ ਵੀ ਕੁੜੀ ਨਾਲ ਸ਼ਾਦੀ ਕੀਤੀ।ਇਨ੍ਹਾਂ ਔਰਤਾਂ ਨੇ ਬੱਚਿਆਂ ਨੂੰ ਜਨਮ ਦਿੱਤਾ। ਉਸ ਸਮੇਂ ਦੌਰਾਨ ਅਤੇ ਬਾਅਦ ਵਿੱਚ, ਧਰਤੀ ਉੱਤੇ ਨੇਫ਼ਿਲੀਮ ਲੋਕ ਰਹਿੰਦੇ ਸਨ। ਉਹ ਮਸ਼ਹੂਰ ਲੋਕ ਸਨ। ਉਹ ਪੁਰਾਣੇ ਵੇਲਿਆਂ ਤੋਂ ਹੀ ਨਾਇਕ ਸਨ।ਫ਼ੇਰ ਯਹੋਵਾਹ ਨੇ ਆਖਿਆ, “ਲੋਕ ਤਾਂ ਸਿਰਫ਼ ਇਨਸਾਨ ਹਨ; ਮੈਂ ਆਪਣੇ ਆਤਮੇ ਨੂੰ ਉਨ੍ਹਾਂ ਖਾਤਿਰ ਸਦਾ ਲਈ ਪਰੇਸ਼ਾਨ ਨਹੀਂ ਕਰਾਂਗਾ। ਮੈਂ ਉਨ੍ਹਾਂ ਨੂੰ 120 ਵਰ੍ਹਿਆਂ ਦਾ ਜੀਵਨ ਦੇਵਾਂਗਾ। 3 4 5 ਯਹੋਵਾਹ ਨੇ ਦੇਖਿਆ ਕਿ ਧਰਤੀ ਦੇ ਲੋਕ ਬਹੁਤ ਮੰਦੇ ਸਨ। ਯਹੋਵਾਹ ਨੇ ਦੇਖਿਆ ਕਿ ਲੋਕ ਹਰ ਸਮੇਂ ਕੇਵਲ ਮੰਦੀਆਂ ਗੱਲਾਂ ਬਾਰੇ ਸੋਚਦੇ ਸਨ। 6 ਯਹੋਵਾਹ ਨੂੰ ਬਹੁਤ ਅਫ਼ਸੋਸ ਹੋਇਆ ਕਿ ਉਸਨੇ ਧਰਤੀ ਉੱਤੇ ਲੋਕਾਂ ਦੀ ਸਾਜਨਾ ਕੀਤੀ ਸੀ। ਇਸ ਨਾਲ ਯਹੋਵਾਹ ਦੇ ਦਿਲ ਅੰਦਰ ਬਹੁਤ ਉਦਾਸੀ ਭਰ ਗਈ। 7 ਇਸਲਈ ਯਹੋਵਾਹ ਨੇ ਆਖਿਆ, “ਮੈਂ ਉਨ੍ਹਾਂ ਸਮੂਹ ਲੋਕਾਂ ਨੂੰ ਤਬਾਹ ਕਰ ਦਿਆਂਗਾ ਜਿਨ੍ਹਾਂ ਨੂੰ ਮੈਂ ਧਰਤੀ ਉੱਤੇ ਸਾਜਿਆ ਹੈ। ਮੈਂ ਹਰੇਕ ਵਿਅਕਤੀ, ਹਰੇਕ ਜਾਨਵਰ ਅਤੇ ਹਰ ਓਸ ਸ਼ੈਅ ਨੂੰ ਤਬਾਹ ਕਰ ਦਿਆਂਗਾ ਜਿਹੜੀ ਧਰਤੀ ਉੱਤੇ ਰੀਂਗਦੀ ਹੈ ਅਤੇ ਮੈਂ ਅਕਾਸ਼ ਦੇ ਵਿਚਲੇ ਸਾਰੇ ਪੰਛੀਆਂ ਨੂੰ ਤਬਾਹ ਕਰ ਦਿਆਂਗਾ ਕਿਉਂਕਿ ਮੈਂਨੂੰ ਅਫ਼ਸੋਸ ਹੈ ਕਿ ਮੈਂ ਉਨ੍ਹਾਂ ਦੀ ਸਾਜਨਾ ਕੀਤੀ।” 8 ਪਰ ਧਰਤੀ ਦਾ ਇੱਕ ਅਜਿਹਾ ਆਦਮੀ ਸੀ ਜਿਸ ਉੱਤੇ ਯਹੋਵਾਹ ਪ੍ਰਸੰਨ ਸੀ - ਉਹ ਸੀ ਨੂਹ। 9 ਇਹ ਕਹਾਣੀ ਨੂਹ ਦੇ ਪਰਿਵਾਰ ਬਾਰੇ ਹੈ। ਨੂਹ ਆਪਣੇ ਜੀਵਨ ਭਰ ਚੰਗਾ ਇਨਸਾਨ ਰਿਹਾ। ਨੂਹ ਹਮੇਸ਼ਾ ਪਰਮੇਸ਼ੁਰ ਦਾ ਪੈਰੋਕਾਰ ਰਿਹਾ। 10 ਨੂਹ ਦੇ ਤਿੰਨ ਪੁੱਤਰ ਸਨ: ਸ਼ੇਮ, ਹਾਮ ਅਤੇ ਯਾਫਥ। 11 ਪਰਮੇਸ਼ੁਰ ਨੇ ਧਰਤੀ ਵੱਲ ਤਕਿਆ ਅਤੇ ਦੇਖਿਆ ਕਿ ਲੋਕਾਂ ਨੇ ਇਸਨੂੰ ਬਰਬਾਦ ਕਰ ਦਿੱਤਾ ਸੀ। ਹਰ ਥਾਂ ਹਿੰਸਾ ਫ਼ੈਲੀ ਹੋਈ ਸੀ ਲੋਕੀਂ ਮੰਦੇ ਅਤੇ ਜ਼ਾਲਮ ਬਣ ਗਏ ਸਨ। 12 13 ਇਸ ਲਈ ਪਰਮੇਸ਼ੁਰ ਨੇ ਨੂਹ ਨੂੰ ਆਖਿਆ, “ਸਮੂਹ ਲੋਕਾਂ ਨੇ ਧਰਤੀ ਨੂੰ ਕਰੋਧ ਅਤੇ ਹਿੰਸਾ ਨਾਲ ਭਰ ਦਿੱਤਾ ਹੈ। ਇਸ ਲਈ ਮੈਂ ਸਾਰੇ ਜੀਵਾਂ ਨੂੰ ਖ਼ਤਮ ਕਰ ਦਿਆਂਗਾ। ਮੈਂ ਇਨ੍ਹਾਂ ਨੂੰ ਧਰਤੀ ਉੱਤੋਂ ਹਟਾ ਦਿਆਂਗਾ। 14 ਗੋਫਰ ਦੀ ਲੱਕੜ ਲੈ ਅਤੇ ਆਪਣੇ ਲਈ ਇੱਕ ਕਿਸ਼ਤੀ ਬਣਾ। ਕਿਸ਼ਤੀ ਵਿੱਚ ਕਮਰੇ ਬਣਾ ਅਤੇ ਇਸਨੂੰ ਅੰਦਰੋਂ ਅਤੇ ਬਾਹਰੋਂ ਲੁੱਕ ਨਾਲ ਢਕ ਦੇ। ਮੈਂ ਚਾਹੁੰਦਾ ਹਾਂ ਕਿ ਤੂੰ ਇਸ ਨਾਪ ਦੀ ਕਿਸ਼ਤੀ ਬਣਾਵੇਂ: 300 ਕਿਊਬਿਟ ਲੰਬੀ, 50 ਕਿਊਬਿਟ ਚੌੜੀ ਅਤੇ 30 ਕਿਊਬਿਟ ਉੱਚੀ। 15 “ਕਿਸ਼ਤੀ ਲਈ ਇਸਦੀ ਛੱਤ ਤੋਂ 18 ਇੰਚ ਹੇਠਾਂ ਇੱਕ ਖਿੜਕੀ ਬਣਾ। ਕਿਸ਼ਤੀ ਦੇ ਇੱਕ ਪਾਸੇ ਵੱਲ ਦਰਵਾਜ਼ਾ ਰਖੀਂ। ਕਿਸ਼ਤੀ ਦਿਆਂ ਤਿੰਨ ਮੰਜ਼ਲਾਂ ਹੋਣ; ਉੱਪਰਲੀ ਮੰਜ਼ਿਲ, ਵਿਚਕਾਰਲੀ ਮੰਜ਼ਿਲ ਅਤੇ ਹੇਠਲੀ ਮੰਜ਼ਿਲ। 16 17 “ਜੋ ਮੈਂ ਆਖ ਰਿਹਾ ਹਾਂ ਉਸਨੂੰ ਸਮਝ ਲੈ। ਮੈਂ ਧਰਤੀ ਉੱਤੇ ਪਾਣੀ ਦਾ ਇੱਕ ਵੱਡਾ ਹੜ ਲਿਆਵਾਂਗਾ। ਮੈਂ ਉਨ੍ਹਾਂ ਸਾਰੇ ਜੀਵਾਂ ਨੂੰ ਤਬਾਹ ਕਰ ਦਿਆਂਗਾ ਜਿਹੜੇ ਅਕਾਸ਼ ਦੇ ਹੇਠਾਂ ਰਹਿੰਦੇ ਹਨ। ਧਰਤੀ ਦੀ ਹਰ ਸ਼ੈਅ ਮਰ ਜਾਵੇਗੀ। 18 ਮੈਂ ਤੇਰੇ ਨਾਲ ਇੱਕ ਖਾਸ ਇਕਰਾਰਨਾਮਾ ਕਰਾਂਗਾ। ਅਤੇ ਤੂੰ,ਤੇਰੇ ਪੁੱਤਰ, ਤੇਰੀ ਪਤਨੀ, ਅਤੇ ਤੇਰੀਆਂ ਨੂਹਾਂ ਸਾਰੇ ਹੀ ਕਿਸ਼ਤੀ ਵਿੱਚ ਚਲੇ ਜਾਵੋਂਗੇ। 19 ਅਤੇ ਤੈਨੂੰ ਚਾਹੀਦਾ ਹੈ ਕਿ ਧਰਤੀ ਉੱਤੇ ਜਿਉਣ ਵਾਲੀ ਹਰ ਸ਼ੈਅ ਦਾ ਇੱਕ ਜੋੜਾ ਪ੍ਰਾਪਤ ਕਰ ਲਵੇਂ। ਉਹ ਨਰ ਤੇ ਮਾਦਾ ਹੋਣ ਅਤੇ ਉਨ੍ਹਾਂ ਨੂੰ ਕਿਸ਼ਤੀ ਵਿੱਚ ਲੈ ਆਵੀਂ। ਉਨ੍ਹਾਂ ਨੂੰ ਆਪਣੇ ਨਾਲ ਜਿਉਂਦਾ ਰਖੀਂ। 20 ਧਰਤੀ ਤੇ ਰਹਿਣ ਵਾਲੇ ਹਰ ਤਰ੍ਹਾਂ ਦੇ ਪੰਛੀਆਂ ਦਾ ਇੱਕ ਜੋੜਾ ਅਤੇ ਧਰਤੀ ਉੱਤੇ ਰਹਿਣ ਵਾਲੇ ਹਰ ਤਰ੍ਹਾਂ ਦੇ ਜਾਨਵਰਾਂ ਦਾ ਇੱਕ ਜੋੜਾ ਜਿਉਂਦਾ ਰਹਿਣ ਲਈ ਤੇਰੇ ਕੋਲ ਆਵੇਗਾ। 21 ਅਤੇ ਧਰਤੀ ਉਤਲੇ ਹਰ ਤਰ੍ਹਾਂ ਦੇ ਭੋਜਨ ਨੂੰ ਵੀ ਕਿਸ਼ਤੀ ਵਿੱਚ ਰੱਖ ਲੈ। ਇਹ ਭੋਜਨ ਤੇਰੇ ਲਈ ਅਤੇ ਜਾਨਵਰਾਂ ਲਈ ਹੋਵੇਗਾ।” 22 ਨੂਹ ਨੇ ਇਹ ਸਾਰੀਆਂ ਗੱਲਾਂ ਕੀਤੀਆਂ। ਨੂਹ ਨੇ ਉਨ੍ਹਾਂ ਸਾਰੇ ਆਦੇਸ਼ਾਂ ਦੀ ਪਾਲਣਾ ਕੀਤੀ ਜਿਹੜੇ ਪਰਮੇਸ਼ੁਰ ਨੇ ਦਿੱਤੇ ਸਨ।

Genesis 7

1 ਫ਼ੇਰ ਯਹੋਵਾਹ ਨੇ ਨੂਹ ਨੂੰ ਆਖਿਆ, ‘ਮੈਂ ਦੇਖਿਆ ਹੈ ਕਿ ਤੂੰ ਚੰਗਾ ਆਦਮੀ ਹੈਂ, ਇਸ ਸਮੇਂ ਦੇ ਮੰਦੇ ਲੋਕਾਂ ਵਿੱਚ ਰਹਿੰਦਾ ਹੋਇਆ ਵੀ। ਇਸ ਲਈ ਆਪਣੇ ਸਾਰੇ ਪਰਿਵਾਰ ਨੂੰ ਇਕਠਿਆਂ ਕਰਕੇ ਕਿਸ਼ਤੀ ਵਿੱਚ ਲੈ ਜਾ। 2 ਸਾਰੇ ਪਾਕ ਜਾਨਵਰਾਂ ਦੇ ਸੱਤ ਜੋੜੇ (ਨਰ ਅਤੇ ਮਾਦਾ) ਜੋ ਬਲੀ ਦੇ ਲਾਇਕ ਹੋਣ ਅਤੇ ਹੋਰ ਸਾਰੇ ਜਾਨਵਰਾਂ ਦਾ ਇੱਕ ਜੋੜਾ (ਇੱਕ ਨਰ ਤੇ ਸੱਤ ਮਾਦਾ) ਇਸ ਤਰ੍ਹਾਂ ਇਹ ਸਾਰੇ ਜਾਨਵਰ ਜਿਉਂਦੇ ਰਹਿਣਗੇ। 3 ਅੱਜ ਤੋਂ ਸੱਤਾਂ ਦਿਨਾਂ ਬਾਅਦ ਮੈਂ ਧਰਤੀ ਉੱਤੇ ਭਾਰੀ ਬਾਰਿਸ਼ ਭੇਜਾਂਗਾ। ਚਾਲੀ ਦਿਨਾਂ ਅਤੇ ਚਾਲੀ ਰਾਤਾਂ ਤੱਕ ਬਾਰਿਸ਼ ਹੁੰਦੀ ਰਹੇਗੀ। ਅਤੇ ਮੈਂ ਧਰਤੀ ਦੇ ਚਿਹਰੇ ਉੱਤੋਂ ਹਰ ਸ਼ੈਅ ਨੂੰ ਪੂੰਝ ਸੁੱਟਾਂਗਾ। ਮੈਂ ਹਰ ਓਸ ਚੀਜ਼ ਨੂੰ ਤਬਾਹ ਕਰ ਦਿਆਂਗਾ ਜਿਸਨੂੰ ਮੈਂ ਸਾਜਿਆ ਸੀ।” 4 5 ਨੂਹ ਨੇ ਹਰ ਉਹ ਗੱਲ ਕੀਤੀ ਜਿਸਦਾ ਯਹੋਵਾਹ ਨੇ ਉਸਨੂੰ ਕਰਨ ਲਈ ਹੁਕਮ ਦਿੱਤਾ ਸੀ। 6 ਜਦੋਂ ਹੜ ਆਏ, ਨੂਹ 600 ਵਰ੍ਹਿਆਂ ਦਾ ਸੀ। 7 ਨੂਹ ਅਤੇ ਉਸਦਾ ਪਰਿਵਾਰ ਹੜ ਤੋਂ ਬਚਣ ਲਈ ਕਿਸ਼ਤੀ ਅੰਦਰ ਚਲਿਆ ਗਿਆ। ਨੂਹ ਦੀ ਪਤਨੀ ਅਤੇ ਉਸਦੇ ਪੁੱਤਰ ਅਤੇ ਨੂਹਾਂ ਉਸਦੇ ਨਾਲ ਕਿਸ਼ਤੀ ਵਿੱਚ ਸਨ। 8 ਸਾਰੇ ਪਾਕ ਜਾਨਵਰ, ਧਰਤੀ ਦੇ ਹੋਰ ਸਾਰੇ ਜਾਨਵਰ, ਪੰਛੀ ਅਤੇ ਧਰਤੀ ਉੱਤੇ ਰੀਂਗਣ ਵਾਲੇ ਜੀਵ, 9 ਨੂਹ ਦੇ ਨਾਲ ਹੀ ਕਿਸ਼ਤੀ ਵਿੱਚ ਚਲੇ ਗਏ। ਏਹ ਜਾਨਵਰ ਪਰਮੇਸ਼ੁਰ ਦੇ ਆਦੇਸ਼ ਅਨੁਸਾਰ ਜੋੜਿਆਂ, ਨਰ ਅਤੇ ਮਾਦਾ, ਦੇ ਰੂਪ ਵਿੱਚ ਗਏ ਸਨ। 10 ਸੱਤਾਂ ਦਿਨਾਂ ਬਾਅਦ ਹੜ ਸ਼ੁਰੂ ਹੋ ਗਿਆ। ਧਰਤੀ ਉੱਤੇ ਬਾਰਿਸ਼ ਹੋਣ ਲੱਗ ਪਈ। 11 ਨੂਹ ਦੇ 600 ਵਰ੍ਹੇ ਦੀ ਉਮਰ ਦੇ ਦੂਸਰੇ ਮਹੀਨੇ ਦੇ 17ਵੇਂ ਦਿਨ ਨੂੰ ਧਰਤੀ ਹੇਠਲੇ ਸਮੂਜ ਝਰਨੇ ਫ਼ਟ ਕੇ ਫੁੱਟ ਪਏ ਓਸੇ ਦਿਨ, ਧਰਤੀ ਉੱਤੇ ਭਾਰੀ ਬਾਰਿਸ਼ ਹੋਣ ਲੱਗ ਪਈ ਜਿਵੇਂ ਕਿ ਅਕਾਸ਼ ਦੀਆਂ ਖਿੜਕੀਆਂ ਖੁਲ੍ਹ ਗਈਆਂ ਹੋਣ। 12 ਚਾਲੀ ਦਿਨ ਤੇ ਚਾਲੀ ਰਾਤਾਂ ਭਾਰੀ ਬਾਰਿਸ਼ ਹੁੰਦੀ ਰਹੀ। 13 ਓਸੇ ਦਿਨ ਨੂਹ ਅਤੇ ਉਸਦੀ ਪਤਨੀ, ਉਸਦੇ ਪੁੱਤਰ - ਸ਼ੇਮ, ਹਾਮ ਅਤੇ ਯਾਫ਼ਥ - ਅਤੇ ਉਨ੍ਹਾਂ ਦੀਆਂ ਪਤਨੀਆਂ ਕਿਸ਼ਤੀ ਵਿੱਚ ਚਲੀਆਂ ਗਈਆਂ। 14 ਉਹ ਲੋਕ ਅਤੇ ਧਰਤੀ ਦੇ ਹੋਰ ਸਾਰੇ ਜਾਨਵਰ ਕਿਸ਼ਤੀ ਵਿੱਚ ਸਨ। ਹਰ ਤਰ੍ਹਾਂ ਦੇ ਪਸ਼ੂ, ਹਰ ਤਰ੍ਹਾਂ ਦੇ ਧਰਤੀ ਉੱਤੇ ਰੀਂਗਣ ਵਾਲੇ ਜਾਨਵਰ, ਅਤੇ ਹਰ ਤਰ੍ਹਾਂ ਦੇ ਪੰਛੀ ਕਿਸ਼ਤੀ ਵਿੱਚ ਸਨ। 15 ਹਰ ਤਰ੍ਹਾਂ ਦੇ ਜਿਉਣ ਵਾਲੇ ਪ੍ਰਾਣੀਆਂ ਦਾ ਇੱਕ-ਇੱਕ ਜੋੜਾ ਨੂਹ ਕੋਲ ਕਿਸ਼ਤੀ ਅੰਦਰ ਆ ਗਿਆ। 16 ਇਹ ਸਮੂਹ ਜਾਨਵਰ ਉਸੇ ਤਰ੍ਹਾਂ ਜੋੜਿਆਂ (ਨਰ ਅਤੇ ਮਾਦਾ) ਵਿੱਚ ਕਿਸ਼ਤੀ ਵਿੱਚ ਚਲੇ ਗਏ ਜਿਵੇਂ ਪਰਮੇਸ਼ੁਰ ਨੇ ਨੂਹ ਨੂੰ ਹੁਕਮ ਦਿੱਤਾ ਸੀ। ਫ਼ੇਰ ਯਹੋਵਾਹ ਨੇ ਨੂਹ ਦੇ ਪਿਛੇ ਦਰਵਾਜ਼ਾ ਬੰਦ ਕਰ ਦਿੱਤਾ। 17 ਧਰਤੀ ਉੱਤੇ ਚਾਲੀ ਦਿਨਾਂ ਤੱਕ ਹੜ ਫ਼ੈਲਿਆ ਰਿਹਾ। ਪਾਣੀ ਚਢ਼ਣਾ ਸ਼ੁਰੂ ਹੋ ਗਿਆ ਅਤੇ ਉਸਨੇ ਕਿਸ਼ਤੀ ਨੂੰ ਧਰਤੀ ਤੋਂ ਉੱਪਰ ਉਠਾ ਦਿੱਤਾ। 18 ਪਾਣੀ ਚੜਦਾ ਗਿਆ ਅਤੇ ਕਿਸ਼ਤੀ ਧਰਤੀ ਤੋਂ ਉੱਪਰ ਪਾਣੀ ਉੱਤੇ ਤੈਰਨ ਲਗੀ। 19 ਪਾਣੀ ਇੰਨਾ ਚੜ ਗਿਆ ਕਿ ਸਭ ਤੋਂ ਉੱਚੇ ਪਹਾੜ ਵੀ ਪਾਣੀ ਨਾਲ ਢਕੇ ਗਏ। 20 ਪਾਣੀ ਪਹਾੜਾਂ ਤੋਂ ਉੱਚਾ ਉੱਠਣ ਲੱਗਾ। ਪਾਣੀ ਸਭ ਤੋਂ ਉੱਚੇ ਪਹਾੜ ਤੋਂ ਵੀ 20 ਫੁੱਟ ਉੱਚਾ ਉਠ ਗਿਆ। 21 ਧਰਤੀ ਉਤਲਾ ਹਰ ਜੀਵ ਮਰ ਗਿਆ - ਹਰ ਆਦਮੀ ਤੇ ਹਰ ਔਰਤ, ਹਰ ਪੰਛੀ, ਅਤੇ ਧਰਤੀ ਦਾ ਹਰ ਤਰ੍ਹਾਂ ਦਾ ਜਾਨਵਰ ਮਰ ਗਿਆ। ਸੁੱਕੀ ਧਰਤੀ ਉੱਤੇ ਰਹਿਣ ਵਾਲੀ ਅਤੇ ਸਾਹ ਲੈਣ ਵਾਲੀ ਹਰ ਸ਼ੈਅ ਮਰ ਗਈ। 22 23 ਪਰਮੇਸ਼ੁਰ ਨੇ ਧਰਤੀ ਦੀ ਹਰ ਜਿਉਂਦੀ ਸ਼ੈਅ ਨੂੰ ਤਬਾਹ ਕਰ ਦਿੱਤਾ: ਹਰ ਆਦਮੀ, ਹਰ ਜਾਨਵਰ, ਹਰ ਰੀਂਗਣ ਵਾਲਾ ਜੀਵ ਅਤੇ ਹਰ ਪੰਛੀ। ਇਹ ਸਾਰੀਆਂ ਸ਼ੈਆਂ ਧਰਤੀ ਤੋਂ ਤਬਾਹ ਹੋ ਗਈਆਂ ਸਨ। ਜਿਹੜਾ ਜੀਵਨ ਬਚਾਇਆ ਗਿਆ ਉਹ ਨੂਹ ਅਤੇ ਉਸਦੇ ਨਾਲ ਕਿਸ਼ਤੀ ਵਿੱਚ ਸਵਾਰ ਲੋਕ ਅਤੇ ਜੀਵਿਤ ਪ੍ਰਾਣੀ ਸਨ। 24 ਪਾਣੀ 150 ਦਿਨਾਂ ਤੱਕ ਧਰਤੀ ਉੱਤੇ ਫ਼ੈਲਿਆ ਰਿਹਾ।

Genesis 8

1 ਪਰ ਪਰਮੇਸ਼ੁਰ ਨੇ ਨੂਹ ਅਤੇ ਉਸਦੇ ਨਾਲ ਕਿਸ਼ਤੀ ਵਿੱਚ ਸਵਾਰ ਸਮੂਹ ਜਾਨਵਰਾਂ ਨੂੰ ਚੇਤੇ ਰੱਖਿਆ। ਪਰਮੇਸ਼ੁਰ ਨੇ ਧਰਤੀ ਉੱਤੇ ਹਵਾ ਵਗਾਈ। ਇਸ ਨਾਲ ਸਾਰਾ ਪਾਣੀ ਘਟਣਾ ਸ਼ੁਰੂ ਹੋ ਗਿਆ। 2 ਅਕਾਸ਼ ਵਿੱਚੋਂ ਬਾਰਿਸ਼ ਹੋਣੀ ਬੰਦ ਹੋ ਗਈ ਅਤੇ ਧਰਤੀ ਹੇਠੋਂ ਪਾਣੀ ਵਗਣਾ ਬੰਦ ਹੋ ਗਿਆ। 3 ਜਿਸ ਪਾਣੀ ਨੇ ਧਰਤੀ ਨੂੰ ਕਜਿਆ ਹੋਇਆ ਸੀ, ਉਹ ਹੇਠਾਂ ਜਾਣਾ ਸ਼ੁਰੂ ਹੋ ਗਿਆ। 150 ਦਿਨਾਂ ਮਗਰੋਂ ਪਾਣੀ ਇੰਨਾ ਘਟ ਗਿਆ ਕਿ ਕਿਸ਼ਤੀ ਫ਼ੇਰ ਇੱਕ ਵਾਰੀ ਧਰਤੀ ਨੂੰ ਛੂਹਣ ਲਗੀ। ਕਿਸ਼ਤੀ ਅਰਾਰਾਤ ਦੇ ਪਰਬਤ ਦੀ ਇੱਕ ਚੋਟੀ ਉੱਤੇ ਰੁਕ ਗਈ। ਇਹ ਸੱਤਵੇਂ ਮਹੀਨੇ ਦਾ ਸਤਾਰਵਾਂ ਦਿਨ ਸੀ। 4 5 ਪਾਣੀ ਹੇਠਾਂ ਉੱਤਰਦਾ ਰਿਹਾ ਅਤੇ ਦਸਵੇਂ ਮਹੀਨੇ ਦੇ ਪਹਿਲੇ ਦਿਨ ਤੋਂ ਪਰਬਤਾਂ ਦੀਆਂ ਚੋਟੀਆਂ ਦਿਸਣ ਲੱਗ ਪਈਆਂ। 6 ਚਾਲੀ ਦਿਨਾਂ ਮਗਰੋਂ, ਨੂਹ ਨੇ ਉਹ ਖਿੜਕੀ ਖੋਲ੍ਹੀ, ਜਿਹੜੀ ਉਸਨੇ ਕਿਸ਼ਤੀ ਵਿੱਚ ਬਣਾਈ ਸੀ। 7 ਫ਼ੇਰ ਨੂਹ ਨੇ ਇੱਕ ਕਾਂ ਨੂੰ ਛੱਡਿਆ। ਪੰਛੀ ਧਰਤੀ ਦੇ ਸੁੱਕ ਜਾਣ ਅਤੇ ਪਾਣੀ ਦੇ ਚਲੇ ਜਾਣ ਤੀਕ ਇੱਕ ਥਾਂ ਤੋਂ ਦੂਜੀ ਥਾਂ ਤੇ ਉੱਡਦਾ ਰਿਹਾ। 8 ਨੂਹ ਨੇ ਇੱਕ ਘੁੱਗੀ ਵੀ ਛੱਡੀ। ਨੂਹ ਚਾਹੁੰਦਾ ਸੀ ਕਿ ਘੁੱਗੀ ਸੁੱਕੀ ਧਰਤੀ ਲੱਭ ਲਵੇ। ਉਹ ਜਾਨਣਾ ਚਾਹੁੰਦਾ ਸੀ ਕਿ ਕੀ ਪਾਣੀ ਅਜੇ ਵੀ ਸਾਰੀ ਧਰਤੀ ਉੱਤੇ ਫ਼ੈਲਿਆ ਹੋਇਆ ਸੀ। 9 ਘੁੱਗੀ ਨੂੰ ਟਿਕਾਣੇ ਵਾਲੀ ਕੋਈ ਥਾਂ ਨਹੀਂ ਲਭੀ ਕਿਉਂਕਿ ਪਾਣੀ ਨੇ ਹਾਲੇ ਵੀ ਧਰਤੀ ਨੂੰ ਢਕਿਆ ਹੋਇਆ ਸੀ, ਇਸ ਲਈ ਘੁੱਗੀ ਕਿਸ਼ਤੀ ਵਿੱਚ ਵਾਪਸ ਪਰਤ ਆਈ। ਨੂਹ ਨੇ ਹੱਥ ਵਧਾਕੇ ਘੁੱਗੀ ਨੂੰ ਫ਼ੜ ਲਿਆ ਅਤੇ ਇਸਨੂੰ ਕਿਸ਼ਤੀ ਵਿੱਚ ਲੈ ਆਂਦਾ। 10 ਸੱਤਾਂ ਦਿਨਾਂ ਬਾਦ, ਨੂਹ ਨੇ ਇੱਕ ਵਾਰ ਫ਼ੇਰ ਘੁੱਗੀ ਨੂੰ ਛੱਡਿਆ। 11 ਅਤੇ ਉਸ ਸ਼ਾਮ ਨੂੰ ਘੁੱਗੀ ਨੂਹ ਕੋਲ ਵਾਪਸ ਪਰਤ ਆਈ। ਘੁੱਗੀ ਦੀ ਚੁੰਜ ਵਿੱਚ ਜੈਤੂਨ ਦਾ ਇੱਕ ਤਾਜ਼ਾ ਪੱਤਾ ਸੀ। ਇਹ ਨੂਹ ਨੂੰ ਇਹ ਦਰਸਾਉਣ ਦਾ ਸੰਕੇਤ ਸੀ ਕਿ ਧਰਤੀ ਉੱਤੇ ਸੁੱਕੀ ਜ਼ਮੀਨ ਸੀ। 12 ਉਸਨੇ ਸੱਤਾਂ ਦਿਨਾਂ ਮਗਰੋਂ ਘੁੱਗੀ ਨੂੰ ਫ਼ੇਰ ਛੱਡਿਆ। ਪਰ ਇਸ ਵਾਰੀ ਘੁੱਗੀ ਵਾਪਸ ਨਹੀਂ ਪਰਤੀ। 13 ਇਸਤੋਂ ਮਗਰੋਂ, ਨੂਹ ਨੇ ਕਿਸ਼ਤੀ ਦਾ ਦਰਵਾਜ਼ਾ ਖੋਲ੍ਹ ਦਿੱਤਾ। ਨੂਹ ਨੇ ਨਜ਼ਰ ਮਾਰੀ ਅਤੇ ਦੇਖਿਆ ਕਿ ਧਰਤੀ ਸੁੱਕੀ ਸੀ। ਇਹ ਪਹਿਲੇ ਮਹੀਨੇ ਦਾ ਪਹਿਲਾ ਦਿਨ ਸੀ। ਨੂਹ 601 ਵਰ੍ਹਿਆਂ ਦਾ ਸੀ। 14 ਦੂਸਰੇ ਮਹੀਨੇ ਦੇ 27ਵੇਂ ਦਿਨ ਧਰਤੀ ਪੂਰੀ ਤਰ੍ਹਾਂ ਸੁੱਕੀ ਸੀ। 15 ਫ਼ੇਰ ਪਰਮੇਸ਼ੁਰ ਨੇ ਨੂਹ ਨੂੰ ਆਖਿਆ, 16 “ਕਿਸ਼ਤੀ ਵਿੱਚੋਂ ਬਾਹਰ ਆ ਜਾ। ਤੈਨੂੰ, ਤੇਰੀ ਪਤਨੀ, ਤੇਰੇ ਪੁੱਤਰਾਂ ਅਤੇ ਤੇਰੀ ਨੂਹਾਂ ਨੂੰ ਹੁਣ ਬਾਹਰ ਆ ਜਾਣਾ ਚਾਹੀਦਾ ਹੈ। 17 ਕਿਸ਼ਤੀ ਵਿਚਲੇ ਆਪਣੇ ਨਾਲ ਦੇ ਸਮੂਹ ਜਿਉਂਦੇ ਜਾਨਵਰਾਂ ਨੂੰ ਬਾਹਰ ਲਿਆ - ਸਮੂਹ ਪੰਛੀਆਂ, ਜਾਨਵਰਾਂ ਅਤੇ ਧਰਤੀ ਉੱਤੇ ਰੀਂਗਣ ਵਾਲੀ ਹਰ ਸ਼ੈਅ ਨੂੰ। ਉਹ ਜਾਨਵਰ ਹੋਰ ਬਹੁਤ ਸਾਰੇ ਜਾਨਵਰ ਪੈਦਾ ਕਰਨਗੇ, ਅਤੇ ਇੱਕ ਵਾਰੀ ਫ਼ੇਰ ਉਹ ਧਰਤੀ ਨੂੰ ਭਰ ਦੇਣਗੇ।” 18 ਇਸ ਲਈ ਨੂਹ ਆਪਣੇ ਪੁੱਤਰਾਂ, ਆਪਣੀ ਪਤਨੀ ਅਤੇ ਆਪਣੀਆਂ ਨੂਹਾਂ ਨਾਲ ਬਾਹਰ ਆ ਗਿਆ। 19 ਸਮੂਹ ਜਾਨਵਰ, ਰੀਂਗਣ ਵਾਲੇ ਜੀਵ ਅਤੇ ਹਰ ਪੰਛੀ ਅਤੇ ਹਰ ਜੀਵਿਤ ਪ੍ਰਾਣੀ ਜੋ ਧਰਤੀ ਉੱਤੇ ਚਲਦਾ ਕਿਸ਼ਤੀ ਵਿੱਚੋਂ ਪਰਿਵਾਰਾਂ ਨਾਲ ਬਾਹਰ ਆ ਗਏ। 20 ਫ਼ੇਰ ਨੂਹ ਨੇ ਯਹੋਵਾਹ ਦੀ ਉਪਾਸਨਾ ਲਈ ਇੱਕ ਜਗਵੇਦੀ ਉਸਾਰੀ। ਨੂਹ ਨੇ ਪਾਕ ਪੰਛੀਆਂ ਵਿੱਚੋਂ ਕੁਝ ਪੰਛੀਆਂ ਨੂੰ ਲਿਆ ਅਤੇ ਸ਼ੁਧ ਜਾਨਵਰਾਂ ਵਿੱਚੋਂ ਕੁਝ ਜਾਨਵਰਾਂ ਨੂੰ ਲਿਆ, ਅਤੇ ਉਨ੍ਹਾਂ ਨੂੰ ਸੁਗਾਤ ਵਜੋਂ ਪਰਮੇਸ਼ੁਰ ਨੂੰ ਚੜਾ ਦਿੱਤਾ। 21 ਯਹੋਵਾਹ ਨੇ ਇਨ੍ਹਾਂ ਬਲੀਆਂ ਦੀ ਸੁਗੰਧ ਲਈ ਅਤੇ ਇਸ ਨਾਲ ਪ੍ਰਸੰਨ ਹੋ ਗਿਆ। ਯਹੋਵਾਹ ਨੇ ਮਨ ਵਿੱਚ ਆਖਿਆ, “ਮੈਂ ਫ਼ੇਰ ਕਦੇ ਵੀ ਲੋਕਾਂ ਨੂੰ ਸਜ਼ਾ ਦੇਣ ਲਈ ਧਰਤੀ ਨੂੰ ਸਰਾਪ ਨਹੀਂ ਦੇਵਾਂਗਾ। ਜਵਾਨੀ ਵੇਲੇ ਤੋਂ ਲੋਕ ਮੰਦੇ ਹੁੰਦੇ ਹਨ। ਇਸਲਈ ਮੈਂ ਫ਼ੇਰ ਕਦੇ ਵੀ ਧਰਤੀ ਉੱਤੇ ਰਹਿਣ ਵਾਲੇ ਜੀਵਾਂ ਨੂੰ ਇਸ ਤਰ੍ਹਾਂ ਤਬਾਹ ਨਹੀਂ ਕਰਾਂਗਾ ਜਿਵੇਂ ਹੁਣੇ ਕੀਤਾ ਹੈ। 22 ਜਿੰਨਾ ਚਿਰ ਧਰਤੀ ਕਾਇਮ ਹੈ, ਇੱਥੇ ਸਦਾ ਹੀ ਬੀਜ ਬੀਜਣ ਅਤੇ ਫ਼ਸਲ ਕੱਟਣ ਦਾ ਸਮਾਂ ਰਹੇਗਾ। ਇੱਥੇ ਧਰਤੀ ਉੱਤੇ ਸਦਾ ਹੀ ਸਰਦੀ ਤੇ ਗਰਮੀ, ਗਰਮੀ ਦੀ ਰੁੱਤ ਅਤੇ ਸਰਦੀ ਦੀ ਰੁੱਤ, ਦਿਨ ਅਤੇ ਰਾਤ ਰਹਿਣਗੇ।”

Genesis 9

1 ਪਰਮੇਸ਼ੁਰ ਨੇ ਨੂਹ ਅਤੇ ਉਸਦੇ ਪੁੱਤਰਾਂ ਨੂੰ ਅਸੀਸ ਦਿੱਤੀ। ਪਰਮੇਸ਼ੁਰ ਨੇ ਉਨ੍ਹਾਂ ਨੂੰ ਆਖਿਆ, “ਬਹੁਤ ਸਾਰੇ ਬੱਚੇ ਪੈਦਾ ਕਰੋ। ਆਪਣੇ ਲੋਕਾਂ ਨਾਲ ਧਰਤੀ ਨੂੰ ਭਰ ਦਿਓ। 2 ਧਰਤੀ ਉਤਲਾ ਹਰ ਜਾਨਵਰ, ਹਵਾ ਵਿਚਲਾ ਹਰ ਪੰਛੀ, ਧਰਤੀ ਉੱਤੇ ਰੀਂਗਣ ਵਾਲਾ ਹਰ ਜੀਵ ਅਤੇ ਸਮੁੰਦਰ ਵਿਚਲਾ ਹਰ ਜੰਤੂ ਤੁਹਾਡੇ ਕੋਲੋਂ ਡਰੇਗਾ। ਉਹ ਸਾਰੇ ਹੀ ਤੁਹਾਡੇ ਕਾਬੂ ਵਿੱਚ ਹੋਣਗੇ। 3 (ਅਤੀਤ ਵਿੱਚ) ਮੈਂ ਤੁਹਾਨੂੰ ਖਾਣ ਵਾਸਤੇ ਹਰੇ ਪੌਦੇ ਦਿੱਤੇ ਸਨ। ਹੁਣ ਹਰ ਜਾਨਵਰ ਹੀ ਤੁਹਾਡਾ ਭੋਜਨ ਹੋਵੇਗਾ। ਮੈਂ ਧਰਤੀ ਉਤਲੀ ਹਰ ਸ਼ੈਅ ਤੁਹਾਨੂੰ ਦੇਵਾਂਗਾ - ਇਹ ਤੁਹਾਡੀ ਹੈ। 4 ਪਰ ਮੈਂ ਤੁਹਾਨੂੰ ਇੱਕ ਆਦੇਸ਼ ਦੇਵਾਂਗਾ। ਤੁਹਾਨੂੰ ਉਹ ਮਾਸ ਕਦੇ ਨਹੀਂ ਖਾਣਾ ਚਾਹੀਦਾ ਜਿਸ ਵਿੱਚ ਹਾਲੇ ਜਾਨ (ਖੂਨ) ਹੋਵੇ। 5 ਮੈਂ ਤੁਹਾਡੀਆਂ ਜ਼ਿੰਦਗੀਆਂ ਲਈ ਤੁਹਾਡੇ ਖੂਨ ਦੀ ਮੰਗ ਕਰਾਂਗਾ। ਮਤਲਬ ਇਹ ਕਿ, ਮੈਂ ਕਿਸੇ ਵੀ ਉਸ ਜਾਨਵਰ ਦੀ ਜਾਨ ਦੀ ਮੰਗ ਕਰਾਂਗਾ ਜਿਹੜਾ ਕਿਸੇ ਬੰਦੇ ਨੂੰ ਮਾਰੇਗਾ ਅਤੇ ਮੈਂ ਕਿਸੇ ਵੀ ਓਸ ਬੰਦੇ ਦੀ ਜਾਨ ਦੀ ਮੰਗ ਕਰਾਂਗਾ ਜਿਹੜਾ ਕਿਸੇ ਹੋਰ ਆਦਮੀ ਦੀ ਜਾਨ ਲਵੇਗਾ। 6 “ਪਰਮੇਸ਼ੁਰ ਨੇ ਲੋਕਾਂ ਨੂੰ ਆਪਣੀ ਨਕਲ ਉੱਤੇ ਸਾਜਿਆ ਸੀ।ਇਸ ਲਈ ਜਿਹੜਾ ਬੰਦਾ ਕਿਸੇ ਹੋਰ ਬੰਦੇ ਨੂੰ ਮਾਰਦਾ ਹੈ, ਉਹ ਕਿਸੇ ਹੋਰ ਬੰਦੇ ਦੇ ਹਥੋਂ ਮਾਰਿਆ ਜਾਵੇਗਾ। 7 “ਨੂਹ, ਤੈਨੂੰ ਅਤੇ ਤੇਰੇ ਪੁੱਤਰਾਂ ਨੂੰ ਬਹੁਤ ਸਾਰੇ ਬੱਚੇ ਪੈਦਾ ਕਰਨੇ ਚਾਹੀਦੇ ਹਨ। ਆਪਣੇ ਲੋਕਾਂ ਨਾਲ ਧਰਤੀ ਨੂੰ ਭਰ ਦਿਓ।” 8 ਫ਼ੇਰ ਪਰਮੇਸ਼ੁਰ ਨੇ ਨੂਹ ਅਤੇ ਉਸਦੇ ਪੁੱਤਰਾਂ ਨੂੰ ਆਖਿਆ, 9 “ਹੁਣ ਮੈਂ ਤੁਹਾਡੇ ਨਾਲ ਅਤੇ ਤੁਹਾਡੇ ਉੱਤਰਾਧਿਕਾਰੀਆਂ ਨਾਲ ਇੱਕ ਇਕਰਾਰ ਕਰਦਾ ਹਾਂ। 10 ਮੈਂ ਸਾਰੇ ਪੰਛੀਆਂ, ਸਾਰੇ ਪਸ਼ੂਆਂ, ਅਤੇ ਉਨ੍ਹਾਂ ਸਮੂਹ ਜਾਨਵਰਾਂ ਨਾਲ ਜਿਹੜੇ ਤੁਹਾਡੇ ਨਾਲ ਕਿਸ਼ਤੀ ਵਿੱਚੋਂ ਬਾਹਰ ਆਏ ਹਨ, ਇਕਰਾਰ ਕਰਦਾ ਹਾਂ। 11 ਤੁਹਾਨੂੰ ਮੇਰਾ ਇਕਰਾਰ ਇਹ ਹੈ: ਧਰਤੀ ਉੱਤੇ ਸਾਰਾ ਜੀਵਨ ਹੜ ਨੇ ਤਬਾਹ ਕਰ ਦਿੱਤਾ ਸੀ। ਪਰ ਅਜਿਹਾ ਫ਼ੇਰ ਕਦੇ ਨਹੀਂ ਵਾਪਰੇਗਾ। ਹੁਣ ਕਦੇ ਵੀ ਫ਼ੇਰ ਹੜ ਧਰਤੀ ਦੇ ਸਾਰੇ ਜੀਵਨ ਨੂੰ ਤਬਾਹ ਨਹੀਂ ਕਰੇਗਾ।” 12 ਅਤੇ ਪਰਮੇਸ਼ੁਰ ਨੇ ਆਖਿਆ, “ਅਤੇ ਇਸ ਗੱਲ ਨੂੰ ਸਾਬਤ ਕਰਨ ਵਾਸਤੇ ਵੀ ਮੈਂ ਇਹ ਇਕਰਾਰ ਦਿੱਤਾ ਹੈ, ਮੈਂ ਤੁਹਾਨੂੰ ਕੁਝ ਦਿਆਂਗਾ। ਇਹ ਸਬੂਤ ਦਰਸਾਵੇਗਾ ਕਿ ਮੈਂ ਤੁਹਾਡੇ ਨਾਲ ਅਤੇ ਧਰਤੀ ਦੇ ਸਮੂਹ ਜੀਵਾਂ ਨਾਲ ਇੱਕ ਇਕਰਾਰਨਾਮਾ ਕੀਤਾ ਹੈ। ਇਹ ਇਕਰਾਰਨਾਮਾ ਹਮੇਸ਼ਾ ਲਈ ਹੋਵੇਗਾ। ਸਬੂਤ ਇਹ ਹੈ: 13 ਮੈਂ ਬੱਦਲਾਂ ਵਿੱਚ ਇੱਕ ਧਣੁੱਖ ਬਣਾਇਆ ਹੈ। ਇਹ ਧਣੁੱਖ ਮੇਰੇ ਅਤੇ ਧਰਤੀ ਉੱਤੇ ਰਹਿਣ ਵਾਲਿਆਂ ਵਿਚਕਾਰ ਇਕਰਾਰਨਾਮੇ ਦਾ ਸਬੂਤ ਹੈ। 14 “ਜਦੋਂ ਵੀ ਮੈਂ ਧਰਤੀ ਉੱਤੇ ਬੱਦਲ ਲਿਆਵਾਂਗਾ, ਤੁਸੀਂ ਬੱਦਲਾਂ ਵਿੱਚ ਧਣੁਖ ਦੇਖੋਂਗੇ। 15 ਜਦੋਂ ਮੈਂ ਇਸ ਧਣੁਖ ਨੂੰ ਦੇਖਾਂਗਾ, ਮੈਂ ਉਸ ਇਕਰਾਰਨਾਮੇ ਨੂੰ ਯਾਦ ਕਰਾਂਗਾ ਜਿਹੜਾ ਮੈਂ ਤੁਹਾਡੇ ਨਾਲ ਅਤੇ ਧਰਤੀ ਤੇ ਰਹਿਣ ਵਾਲੇ ਸਾਰੇ ਜੀਵਿਤ ਪ੍ਰਾਣੀਆਂ ਨਾਲ ਕੀਤਾ ਹੈ। ਇਕਰਾਰਨਾਮਾ ਆਖਦਾ ਹੈ ਕਿ ਹੜ ਧਰਤੀ ਉੱਤੇ ਸਾਰੇ ਜੀਵਨ ਨੂੰ ਕਦੇ ਵੀ ਤਬਾਹ ਨਹੀਂ ਕਰਨਗੇ। 16 ਜਦੋਂ ਵੀ ਮੈਂ ਬੱਦਲਾਂ ਵੱਲ ਦੇਖਾਂਗਾ ਅਤੇ ਧਣੁਖ ਨੂੰ ਦੇਖਾਂਗਾ, ਮੈਂ ਆਪਣੇ ਅਤੇ ਧਰਤੀ ਦੀ ਹਰ ਜਿਉਂਦੀ ਸ਼ੈਅ ਵਿਚਲੇ ਇਸ ਸਦੀਵੀ ਇਕਰਾਰਨਾਮੇ ਨੂੰ ਯਾਦ ਕਰਾਂਗਾ।” 17 ਇਸ ਲਈ ਯਹੋਵਾਹ ਨੇ ਨੂਹ ਨੂੰ ਆਖਿਆ, “ਇਹ ਧਣੁੱਖ ਉਸ ਇਕਰਾਰਨਾਮੇ ਦਾ ਸਬੂਤ ਹੈ ਜਿਹੜਾ ਮੈਂ ਧਰਤੀ ਦੇ ਸਮੂਹ ਜੀਵਿਤ ਪ੍ਰਾਣੀਆਂ ਨਾਲ ਕੀਤਾ ਹੈ।” 18 ਨੂਹ ਦੇ ਪੁੱਤਰ ਉਸਦੇ ਨਾਲ ਕਿਸ਼ਤੀ ਵਿੱਚੋਂ ਬਾਹਰ ਆ ਗਏ। ਉਨ੍ਹਾਂ ਦੇ ਨਾਮ ਸਨ: ਸ਼ੇਮ, ਹਾਮ ਅਤੇ ਯਾਫ਼ਥ। (ਹਾਮ ਕਨਾਨ ਦਾ ਪਿਤਾ ਸੀ।) 19 ਇਹ ਤਿੰਨੇ ਆਦਮੀ ਨੂਹ ਦੇ ਪੁੱਤਰ ਸਨ। ਅਤੇ ਧਰਤੀ ਦੇ ਸਾਰੇ ਲੋਕ ਉਨ੍ਹਾਂ ਤਿੰਨਾਂ ਪੁੱਤਰਾਂ ਦੀ ਉਲਾਦ ਸਨ। 20 ਨੂਹ ਇੱਕ ਕਿਸਾਨ ਬਣ ਗਿਆ। ਉਸਨੇ ਅੰਗੂਰਾਂ ਦਾ ਬਾਗ ਲਾਇਆ। 21 ਨੂਹ ਨੇ ਮੈਅ ਬਣਾਈ ਅਤੇ ਪੀਤੀ। ਉਹ ਸ਼ਰਾਬੀ ਹੋ ਗਿਆ ਅਤੇ ਆਪਣੇ ਤੰਬੂ ਵਿੱਚ ਲੇਟ ਗਿਆ। ਨੂਹ ਨੇ ਕੱਪੜੇ ਨਹੀਂ ਪਹਿਨੇ ਹੋਏ ਸਨ। 22 ਕਨਾਨ ਦੇ ਪਿਤਾ, ਹਾਮ ਨੇ ਆਪਣੇ ਨਗਨ ਪਿਤਾ ਵੱਲ ਵੇਖਿਆ। ਹਾਮ ਨੇ ਤੰਬੂ ਦੇ ਬਾਹਰ ਆਪਣੇ ਭਰਾਵਾਂ ਨੂੰ ਦੱਸਿਆ। 23 ਫ਼ੇਰ ਸ਼ੇਮ ਅਤੇ ਯਾਫ਼ਥ ਨੇ ਇੱਕ ਕੋਟ ਲਿਆਂਦਾ। ਉਹ ਕੋਟ ਨੂੰ ਆਪਣੀਆਂ ਪਿੱਠਾਂ ਉੱਤੇ ਚੁੱਕ ਕੇ ਤੰਬੂ ਵਿੱਚ ਗਏ। ਉਹ ਤੰਬੂ ਵਿੱਚ ਪਿਛਲੇ ਪੈਰੀਂ ਗਏ। ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਪਿਤਾ ਦਾ ਨੰਗੇਜ਼ ਨਹੀਂ ਦੇਖਿਆ। 24 ਬਾਦ ਵਿੱਚ ਨੂਹ ਜਾਗ ਪਿਆ। (ਉਹ ਮੈਅ ਪੀਣ ਕਾਰਣ ਸੁੱਤਾ ਹੋਇਆ ਸੀ।) ਫ਼ੇਰ ਉਸਨੂੰ ਪਤਾ ਚਲਿਆ ਕਿ ਉਸਦੇ ਜਵਾਨ ਪੁੱਤਰ, ਹਾਮ ਨੇ ਉਸ ਨਾਲ ਕੀ ਕੀਤਾ ਸੀ। 25 ਇਸ ਲਈ ਨੂਹ ਨੇ ਆਖਿਆ,“ਕਨਾਨ ਨੂੰ ਸਰਾਪ ਲੱਗੇ!ਉਹ ਆਪਣੇ ਭਰਾਵਾਂ ਦਾ ਗੁਲਾਮ ਹੋ ਜਾਵੇ।” 26 ਨੂਹ ਨੇ ਇਹ ਵੀ ਆਖਿਆ,“ਸ਼ੇਮ ਦੇ ਯਹੋਵਾਹ ਪਰਮੇਸ਼ੁਰ ਨੂੰ ਅਸੀਸ ਦਿਓ!ਕਨਾਨ ਸ਼ੇਮ ਦਾ ਗੁਲਾਮ ਹੋ ਜਾਵੇ। 27 ਪਰਮੇਸ਼ੁਰ ਯਾਫ਼ਥ ਨੂੰ ਹੋਰ ਧਰਤੀ ਦੇਵੇ,ਪਰਮੇਸ਼ੁਰ ਸ਼ੇਮ ਦੇ ਤੰਬੂਆਂ ਵਿੱਚ ਰਹੇ।ਅਤੇ ਕਨਾਨ ਉਨ੍ਹਾਂ ਦਾ ਗੁਲਾਮ ਹੋਵੇ।” 28 ਹੜ ਮਗਰੋਂ ਨੂਹ 350 ਵਰ੍ਹੇ ਜੀਵਿਆ। 29 ਨੂਹ ਕੁੱਲ 950 ਵਰ੍ਹੇ ਜੀਵਿਆ, ਫ਼ੇਰ ਉਹ ਮਰ ਗਿਆ।

Genesis 10

1 ਨੂਹ ਦੇ ਪੁੱਤਰ ਸਨ: ਸ਼ੇਮ, ਹਾਮ ਅਤੇ ਯਾਫ਼ਥ। ਹੜ ਤੋਂ ਮਗਰੋਂ ਇਨ੍ਹਾਂ ਤਿੰਨਾਂ ਆਦਮੀਆਂ ਨੇ ਬਹੁਤ ਸਾਰੇ ਪੁੱਤਰਾਂ ਨੂੰ ਜਨਮ ਦਿੱਤਾ। ਸ਼ੇਮ, ਹਾਮ ਅਤੇ ਯਾਫ਼ਥ ਦੇ ਪੁੱਤਰਾਂ ਦੀ ਸੂਚੀ ਇਹ ਹੈ। 2 ਯਾਫ਼ਥ ਦੇ ਪੁੱਤਰ ਸਨ: ਗੋਮਰ, ਮਾਗੋਗ, ਮਾਦਈ, ਯਾਵਾਨ, ਤੂਬਲ, ਮਸਕ ਅਤੇ ਤੀਰਾਸ। 3 ਗੋਮਰ ਦੇ ਪੁੱਤਰ ਸਨ: ਅਸ਼ਕਨਜ਼, ਰੀਫਤ ਅਤੇ ਤੋਂਗਰਮਾਹ। 4 ਯਾਵਾਨ ਦੇ ਪੁੱਤਰ ਸਨ: ਅਲੀਸ਼ਾਹ, ਤਰਸ਼ੀਸ, ਕਿਤ੍ਤੀਮ ਅਤੇ ਦੋਦਾਨੀਮ। 5 ਉਹ ਸਾਰੇ ਲੋਕ ਜਿਹੜੇ ਸਮੁੰਦਰੀ ਤਟ ਦੀ ਜ਼ਮੀਨ ਦੇ ਆਲੇ-ਦੁਆਲੇ ਰਹਿੰਦੇ ਹਨ ਉਹ ਯਾਫ਼ਥ ਦੇ ਇਨ੍ਹਾਂ ਪੁੱਤਰਾਂ ਦੇ ਉੱਤਰਾਧਿਕਾਰੀ ਹੀ ਹਨ। ਹਰ ਪੁੱਤਰ ਦੀ ਖੁਦ ਦੀ ਜ਼ਮੀਨ ਸੀ। ਹਰ ਪਰਿਵਾਰ ਵਧਕੇ ਅਲੱਗ ਕੌਮ ਬਣ ਗਿਆ। ਹਰੇਕ ਕੌਮ ਦੀ ਆਪਣੀ ਭਾਸ਼ਾ ਸੀ। 6 ਹਾਮ ਦੇ ਪੁੱਤਰ ਸਨ: ਕੂਸ਼, ਮਿਸਰਇਮ, ਪੂਟ ਅਤੇ ਕਨਾਨ। 7 ਕੂਸ਼ ਦੇ ਪੁੱਤਰ ਸਨ: ਸਬਾ, ਹਵੀਲਾਹ, ਸਬਤਾਹ, ਰਾਮਾਹ ਅਤੇ ਸਬਤਕਾ। 8 ਕੂਸ਼ ਦਾ ਵੀ ਇੱਕ ਪੁੱਤਰ ਸੀ ਜਿਸਦਾ ਨਾਮ ਨਿਮਰੋਦ ਸੀ। ਨਿਮਰੋਦ ਤਾਕਤ ਵਿੱਚ ਪਲਿਆ ਅਤੇ ਧਰਤੀ ਤੇ ਇੱਕ ਮਹਾਨ ਯੋਧਾ ਬਣ ਗਿਆ। 9 ਨਿਮਰੋਦ ਯਹੋਵਾਹ ਦੀ ਨਿਗਾਹ ਵਿੱਚ ਇੱਕ ਮਹਾਨ ਸ਼ਿਕਾਰੀ ਬਣਿਆ। ਇਸੇ ਲਈ ਲੋਕ ਤੁਲਨਾ ਕਰਕੇ ਆਖਦੇ ਹਨ, “ਨਿਮਰੋਦ ਵਾਂਗ, ਜੋ ਯਹੋਵਾਹ ਦੀ ਨਿਗਾਹ ਵਿੱਚ ਇੱਕ ਮਹਾਨ ਸ਼ਿਕਾਰੀ ਸੀ।” 10 ਨਿਮਰੋਦ ਦਾ ਰਾਜ ਬਾਬਲ, ਅਰਕ, ਅੱਕਦ ਅਤੇ ਕਲਨੇਹ ਵਿੱਚੋਂ ਸ਼ੁਰੂ ਹੋਇਆ, ਜੋ ਕਿ ਸ਼ਿਨਾਰ ਦੀ ਧਰਤੀ ਵਿੱਚ ਸਨ। 11 ਨਿਮਰੋਦ ਅਸ਼ੂਰ ਵਿੱਚ ਵੀ ਗਿਆ। ਅਸ਼ੂਰ ਵਿੱਚ ਨਿਮਰੋਦ ਨੇ ਨੀਨਵਾਹ, ਰਹੋਬੋਥਈਰ, ਕਾਲਹ ਅਤੇ 12 ਰਸਨ ਦੀ ਉਸਾਰੀ ਕੀਤੀ। (ਰਸਨ ਨੀਨਵਾਹ ਅਤੇ ਕਾਲਹ ਦੇ ਵਿਚਕਾਰ ਇੱਕ ਵੱਡਾ ਸ਼ਹਿਰ ਹੈ।) 13 ਮਿਸ਼ਰਇਮ (ਮਿਸਰ) ਲੂਦੀ, ਅਨਾਮੀ, ਲਹਾਬੀ, ਨਫ਼ਤੂਹੀ, 14 ਪਤਰੂਸੀ, ਕੁਸਲੂਹੀ ਅਤੇ ਕਫ਼ਤੋਂਰੀ ਦੇ ਲੋਕਾਂ ਦਾ ਪਿਤਾਮਾ ਸੀ। (ਫ਼ਿਲਸਤੀ ਲੋਕ ਕੁਸਲੂਹੀ ਤੋਂ ਆਏ ਸਨ।) 15 ਕਨਾਨ, ਸੀਦੋਨ ਦਾ ਪਿਤਾ ਸੀ। ਸੀਦੋਨ, ਕਨਾਨ ਦਾ ਪਲੇਠਾ ਪੁੱਤਰ ਸੀ। ਕਨਾਨ ਹਿੱਤੀ ਲੋਕਾਂ ਹੇਥ, ਜਿਨ੍ਹਾਂ ਦਾ ਦਾ ਪਿਤਾ ਸੀ। 16 ਅਤੇ ਕਨਾਨ ਯਬੂਸੀ ਲੋਕਾਂ, ਅਮੋਰੀ ਲੋਕਾਂ, ਗਿਰਗਾਸ਼ੀ ਲੋਕਾਂ, 17 ਹਿੱਵੀ ਲੋਕਾਂ, ਅਰਕੀ ਲੋਕਾਂ, ਸੀਨੀ ਲੋਕਾਂ, 18 ਅਰਵਾਦੀ ਲੋਕਾਂ, ਸਮਾਰੀ ਲੋਕਾਂ ਅਤੇ ਹਮਾਤੀ ਦੇ ਲੋਕਾਂ ਦਾ ਪਿਤਾਮਾ ਵੀ ਸੀ।ਕਨਾਨ ਦੇ ਪਰਿਵਾਰ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਫ਼ੈਲ ਗਏ। 19 ਕਨਾਨ ਦੇ ਲੋਕਾਂ ਦੀ ਧਰਤੀ ਉੱਤਰ ਵਿੱਚ ਸੀਦੋਨ ਤੋਂ ਲੈਕੇ ਦਖਣ ਵੱਲ ਗਰਾਰ ਤੱਕ, ਪੱਛਮ ਵਿੱਚ ਅੱਜ਼ਹ ਤੋਂ ਲੈਕੇ, ਪੂਰਬ ਵੱਲ ਸਦੂਮ ਅਤੇ ਅਮੂਰਾਹ ਤੱਕ, ਅਦਮਾਹ ਅਤੇ ਸਬੋਈਮ ਤੋਂ ਲੈਕੇ ਲਾਸ਼ਾ ਤੱਕ ਸੀ। 20 ਇਹ ਸਮੂਹ ਲੋਕ ਹਾਮ ਦੇ ਉੱਤਰਾਧਿਕਾਰੀ ਸਨ। ਇਨ੍ਹਾਂ ਸਮੂਹ ਪਰਿਵਾਰਾਂ ਦੀਆਂ ਆਪਣੀਆਂ ਭਾਸ਼ਾਵਾਂ ਸਨ। ਉਹ ਵੱਖਰੀਆਂ-ਵੱਖਰੀਆਂ ਕੌਮਾਂ ਬਣ ਗਏ। 21 ਸ਼ੇਮ ਯਾਫ਼ਥ ਦਾ ਵੱਡਾ ਭਰਾ ਸੀ। ਸ਼ੇਮ ਦੇ ਉੱਤਰਾਧਿਕਾਰੀਆਂ ਵਿੱਚੋਂ ਇਕ ਏਬਰ ਸੀ, ਸਮੂਹ ਇਬਰਾਨੀ ਲੋਕਾਂ ਦਾ ਪਿਤਾਮਾ। 22 ਸ਼ੇਮ ਦੇ ਪੁੱਤਰ ਸਨ ਏਲਾਮ, ਅਸ਼ੂਰ, ਅਰਪਕਸ਼ਦ, ਲੂਦ ਅਤੇ ਅਰਾਮ। 23 ਅਰਾਮ ਦੇ ਪੁੱਤਰ ਸਨ ਊਸ, ਹੂਲ ਗਥਰ ਅਤੇ ਮਸ਼। 24 ਅਰਪਕਸ਼ਦ ਸ਼ਾਲਹ ਦਾ ਪਿਤਾ ਸੀ। 25 ਏਬਰ ਦੋ ਪੁੱਤਰਾਂ ਦਾ ਪਿਤਾ ਸੀ। ਇੱਕ ਪੁੱਤਰ ਦਾ ਨਾਮ ਪਲਗ ਸੀ। ਉਸਨੂੰ ਇਹ ਨਾਮ ਇਸ ਲਈ ਦਿੱਤਾ ਗਿਆ ਸੀ ਕਿਉਂਕਿ ਧਰਤੀ ਉਸਦੇ ਜੀਵਨ ਕਾਲ ਦੌਰਾਨ ਵੰਡੀ ਗਈ ਸੀ। ਦੂਸਰੇ ਪੁੱਤਰ ਦਾ ਨਾਮ ਸੀ ਯਾਕਟਾਨ। 26 ਯਾਕਟਾਨ ਅਲਮੋਦਾਦ, ਸ਼ਾਲਫ਼, ਹਸਰਮਾਵਤ, ਯਰਾਹ, 27 ਹਦੋਰਾਮ, ਊਜ਼ਾਲ, ਦਿਕਲਾਹ, 28 ਓਬਾਲ, ਅਬੀਮਾਏਲ, ਸ਼ਬਾ, 29 ਓਫ਼ਿਰ, ਹਵੀਲਾਹ ਅਤੇ ਯੋਬਾਬ ਦਾ ਪਿਤਾ ਸੀ। ਇਹ ਸਾਰੇ ਲੋਕ ਯਾਕਟਾਨ ਦੇ ਪੁੱਤਰ ਸਨ। 30 ਇਹ ਲੋਕ ਮੇਸ਼ਾ ਅਤੇ ਪੂਰਬ ਦੇ ਪਹਾੜੀ ਪ੍ਰਦੇਸ਼ ਦੇ ਇਲਾਕੇ ਵਿੱਚ ਰਹਿੰਦੇ ਸਨ। ਮੇਸ਼ਾ ਸਫ਼ਾਰ ਦੇ ਦੇਸ਼ ਵੱਲ ਸੀ। 31 ਉਹ ਲੋਕ ਸ਼ੇਮ ਦੇ ਪਰਿਵਾਰ ਵਿੱਚੋਂ ਹਨ। ਉਨ੍ਹਾਂ ਦੀ ਵੰਡ ਪਰਿਵਾਰਾਂ, ਭਾਸ਼ਾਵਾਂ, ਦੇਸ਼ਾਂ ਅਤੇ ਕੌਮਾਂ ਅਨੁਸਾਰ ਕੀਤੀ ਗਈ ਹੈ। 32 ਇਹ ਨੂਹ ਦੇ ਪੁੱਤਰਾਂ ਦੇ ਪਰਿਵਾਰ ਹਨ। ਉਹ ਆਪਣੀਆਂ ਜਾਤਾਂ ਅਨੁਸਾਰ ਸ਼ਾਮਿਲ ਕੀਤੇ ਗਏ ਸਨ। ਉਨ੍ਹਾਂ ਤੋਂ ਕੌਮਾਂ ਹੜ ਤੋਂ ਬਾਦ ਸਾਰੀ ਧਰਤੀ ਉੱਤੇ ਫ਼ੈਲ ਗਈਆਂ।

Genesis 11

1 ਹੜ ਤੋਂ ਮਗਰੋਂ ਸਾਰੀ ਦੁਨੀਆਂ ਇੱਕ ਭਾਸ਼ਾ ਬੋਲਦੀ ਸੀ। ਸਾਰੇ ਲੋਕ ਇੱਕੋ ਜਿਹੇ ਸ਼ਬਦ ਬੋਲਦੇ ਸਨ। 2 ਲੋਕ ਪੂਰਬ ਤੋਂ ਚੱਲ ਪਏ। ਉਨ੍ਹਾਂ ਨੇ ਸ਼ਿਨਾਰ ਦੇ ਦੇਸ਼ ਵਿੱਚ ਇੱਕ ਮੈਦਾਨ ਦੀ ਖੋਜ ਕੀਤੀ। ਲੋਕ ਉਥੇ ਰਹਿਣ ਲਈ ਟਿਕ ਗਏ। 3 ਲੋਕਾਂ ਨੇ ਆਖਿਆਂ, “ਸਾਨੂੰ ਇੱਟਾਂ ਪੱਥਣੀਆਂ ਚਾਹੀਦੀਆਂ ਹਨ। ਅਤੇ ਉਨ੍ਹਾਂ ਨੂੰ ਅੱਗ ਵਿੱਚ ਤਪਾਉਣਾ ਚਾਹੀਦਾ ਹੈ। ਤਾਂ ਜੋ ਉਹ ਬਹੁਤ ਪੱਕੀਆਂ ਹੋ ਜਾਣ।” ਇਸ ਲਈ ਲੋਕਾਂ ਨੇ ਆਪਣੇ ਘਰਾਂ ਦੀ ਉਸਾਰੀ ਲਈ ਪੱਥਰ ਨਹੀਂ ਵਰਤੇ ਸਗੋਂ ਇੱਟਾਂ ਵਰਤੀਆਂ। ਅਤੇ ਲੋਕਾਂ ਨੇ ਮੋਰਦਾਰ ਦੀ ਬਜਾਇ ਲੁੱਕ ਦੀ ਵਰਤੋਂ ਕੀਤੀ। 4 ਫ਼ੇਰ ਲੋਕਾਂ ਨੇ ਆਖਿਆ, “ਸਾਨੂੰ ਆਪਣੇ ਲਈ ਸ਼ਹਿਰ ਉਸਾਰਨਾ ਚਾਹੀਦਾ ਹੈ। ਅਤੇ ਸਾਨੂੰ ਇੱਕ ਅਜਿਹਾ ਬੁਰਜ ਉਸਾਰਨਾ ਚਾਹੀਦਾ ਹੈ ਜਿਹੜਾ ਅਕਾਸ਼ ਨੂੰ ਛੁੰਹਦਾ ਹੋਵੇ। ਅਸੀਂ ਮਸ਼ਹੂਰ ਹੋ ਜਾਵਾਂਗੇ। ਅਤੇ ਇਹ ਸਾਨੂੰ ਇਕੱਠਿਆਂ ਰਖੇਗਾ। ਅਸੀਂ ਸਾਰੀ ਧਰਤੀ ਉੱਤੇ ਨਹੀਂ ਖਿੱਲਰਾਂਗੇ।” 5 ਯਹੋਵਾਹ ਸ਼ਹਿਰ ਨੂੰ ਅਤੇ ਬਹੁਤ ਉੱਚੀ ਇਮਾਰਤ ਨੂੰ ਦੇਖਣ ਲਈ ਹੇਠਾਂ ਆ ਗਿਆ। ਯਹੋਵਾਹ ਨੇ ਲੋਕਾਂ ਨੂੰ ਇਹ ਚੀਜ਼ਾਂ ਉਸਾਰਦਿਆਂ ਦੇਖਿਆ। 6 ਯਹੋਵਾਹ ਨੇ ਆਖਿਆ, “ਇਹ ਲੋਕ ਸਾਰੇ ਹੀ ਇੱਕੋ ਭਾਸ਼ਾ ਬੋਲਦੇ ਹਨ। ਅਤੇ ਮੈਂ ਦੇਖ ਰਿਹਾ ਹਾਂ ਕਿ ਉਹ ਇਹ ਕੰਮ ਕਰਨ ਲਈ ਇਕਠੇ ਹੋ ਗਏ ਹਨ। ਇਹ ਤਾਂ ਉਸ ਗੱਲ ਦੀ ਸਿਰਫ਼ ਸ਼ੁਰੂਆਤ ਹੀ ਹੈ ਕਿ ਉਹ ਕੀ ਕਰ ਸਕਦੇ ਹਨ। ਛੇਤੀ ਹੀ ਉਹ ਮਨਚਾਹੀ ਹਰ ਗੱਲ ਕਰ ਸਕਣਗੇ। 7 ਇਸ ਲਈ ਸਾਨੂੰ ਹੇਠਾਂ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਭਾਸ਼ਾ ਨੂੰ ਉਲਝਾ ਦੇਣਾ ਚਾਹੀਦਾ ਹੈ। ਫ਼ੇਰ ਉਹ ਇੱਕ ਦੂਸਰੇ ਦੀ ਗੱਲ ਨਹੀਂ ਸਮਝ ਸਕਣਗੇ।” 8 ਇਸ ਲਈ, ਯਹੋਵਾਹ ਨੇ ਲੋਕਾਂ ਨੂੰ ਸਾਰੀ ਦੁਨੀਆਂ ਵਿੱਚ ਖਿੰਡਾ ਦਿੱਤਾ, ਅਤੇ ਉਨ੍ਹਾਂ ਨੇ ਆਪਣੇ ਸ਼ਹਿਰ ਦੀ ਉਸਾਰੀ ਬੰਦ ਕਰ ਦਿੱਤੀ। 9 ਇਹੀ ਉਹ ਥਾਂ ਹੈ ਜਿਥੇ ਯਹੋਵਾਹ ਨੇ ਦੁਨੀਆਂ ਦੀ ਭਾਸ਼ਾ ਨੂੰ ਰਲਾ ਦਿੱਤਾ। ਇਸ ਲਈ ਉਸ ਥਾਂ ਨੂੰ ਬਾਬਲ ਆਖਿਆਂ ਜਾਂਦਾ ਹੈ। ਇਸ ਲਈ ਯਹੋਵਾਹ ਨੇ ਲੋਕਾਂ ਨੂੰ ਉਸ ਥਾਂ ਤੋਂ ਖਿੰਡਾਕੇ ਧਰਤੀ ਦੀਆਂ ਹੋਰਨਾਂ ਥਾਵਾਂ ਉੱਤੇ ਫ਼ੈਲਾ ਦਿੱਤਾ। 10 ਇਹ ਸ਼ੇਮ ਦੇ ਪਰਿਵਾਰ ਦੀ ਕਹਾਣੀ ਹੈ। ਹੜ ਤੋਂ ਦੋ ਵਰ੍ਹਿਆਂ ਬਾਦ, ਜਦੋਂ ਸ਼ੇਮ 100 ਵਰ੍ਹਿਆਂ ਦਾ ਸੀ, ਉਸਦਾ ਪੁੱਤਰ ਅਰਪਕਸਦ ਜੰਮਿਆ। 11 ਉਸਤੋਂ ਬਾਦ ਸ਼ੇਮ 500 ਵਰ੍ਹੇ ਹੋਰ ਜੀਵਿਆ। ਉਸਦੇ ਹੋਰ ਧੀਆਂ ਪੁੱਤਰ ਵੀ ਹੋਏ। 12 ਜਦੋਂ ਅਰਪਕਸਦ 35 ਵਰ੍ਹਿਆਂ ਦਾ ਸੀ, ਉਸਦਾ ਪੁੱਤਰ ਸ਼ਲਹ ਜੰਮਿਆ। 13 ਸ਼ਲਹ ਦੇ ਜਨਮ ਤੋਂ ਬਾਦ, ਅਰਪਕਸਦ 403 ਵਰ੍ਹੇ ਹੋਰ ਜੀਵਿਆ। ਉਸ ਸਮੇਂ ਦੌਰਾਨ ਉਸਦੇ ਹੋਰ ਧੀਆਂ ਪੁੱਤਰ ਹੋਏ। 14 ਜਦੋਂ ਸ਼ਲਹ 30 ਵਰ੍ਹਿਆਂ ਦਾ ਸੀ, ਉਸਦਾ ਪੁੱਤਰ ਏਬਰ ਜਨਮਿਆ। 15 ਏਬਰ ਦੇ ਜੰਮਣ ਤੋਂ ਬਾਦ, ਸ਼ਲਹ 403 ਵਰ੍ਹੇ ਹੋਰ ਜੀਵਿਆ। ਉਸ ਸਮੇਂ ਦੌਰਾਨ ਉਸਦੇ ਹੋਰ ਧੀਆਂ ਪੁੱਤਰ ਹੋਏ। 16 ਜਦੋਂ ਏਬਰ 34 ਵਰ੍ਹਿਆਂ ਦਾ ਸੀ, ਉਸਦਾ ਪੁੱਤਰ ਪਲਗ ਜੰਮਿਆ। 17 ਪਲਗ ਦੇ ਜੰਮਣ ਤੋਂ ਬਾਦ, ਏਬਰ 403 ਵਰ੍ਹੇ ਹੋਰ ਜੀਵਿਆ। ਉਸ ਸਮੇਂ ਦੌਰਾਨ ਉਸਦੇ ਹੋਰ ਧੀਆਂ ਪੁੱਤਰ ਹੋਏ। 18 ਜਦੋਂ ਪਲਗ 30 ਵਰ੍ਹਿਆਂ ਦਾ ਸੀ, ਉਸਦਾ ਪੁੱਤਰ ਰਊ ਜੰਮਿਆ। 19 ਰਊ ਦੇ ਜੰਮਣ ਤੋਂ ਬਾਦ, ਪਲਗ 209 ਵਰ੍ਹੇ ਹੋਰ ਜੀਵਿਆ। ਉਸ ਸਮੇਂ ਦੌਰਾਨ ਉਸਦੇ ਹੋਰ ਧੀਆਂ ਪੁੱਤਰ ਹੋਏ। 20 ਜਦੋਂ ਰਊ 32 ਵਰ੍ਹਿਆਂ ਦਾ ਸੀ, ਉਸਦਾ ਪੁੱਤਰ ਸਰੂਗ ਜੰਮਿਆ। 21 ਸਰੂਗ ਦੇ ਜੰਮਣ ਤੋਂ ਬਾਦ, ਰਊ 270 ਵਰ੍ਹੇ ਹੋਰ ਜੀਵਿਆ। ਉਸ ਸਮੇਂ ਦੌਰਾਨ ਉਸਦੇ ਹੋਰ ਧੀਆਂ ਪੁੱਤਰ ਹੋਏ। 22 ਜਦੋਂ ਸਰੂਗ 30 ਵਰ੍ਹਿਆਂ ਦਾ ਸੀ, ਉਸਦਾ ਪੁੱਤਰ ਨਾਹੋਰ ਜੰਮਿਆ। 23 ਨਾਹੋਰ ਦੇ ਜੰਮਣ ਤੋਂ ਬਾਦ, ਸਰੂਗ 200 ਵਰ੍ਹੇ ਹੋਰ ਜੀਵਿਆ। ਉਸ ਸਮੇਂ ਦੌਰਾਨ ਉਸਦੇ ਹੋਰ ਧੀਆਂ ਪੁੱਤਰ ਹੋਏ। 24 ਜਦੋਂ ਨਾਹੋਰ 29 ਵਰ੍ਹਿਆਂ ਦਾ ਸੀ, ਤਾਂ ਉਸਦਾ ਪੁੱਤਰ ਤਾਰਹ ਜੰਮਿਆ। 25 ਤਾਰਹ ਦੇ ਜੰਮਣ ਤੋਂ ਬਾਦ, ਨਾਹੋਰ 119 ਵਰ੍ਹੇ ਹੋਰ ਜੀਵਿਆ। ਉਸ ਸਮੇਂ ਦੌਰਾਨ ਉਸਦੇ ਹੋਰ ਧੀਆਂ ਪੁੱਤਰ ਹੋਏ। 26 ਜਦੋਂ ਤਾਰਹ 70 ਵਰ੍ਹਿਆਂ ਦਾ ਸੀ, ਉਸਦੇ ਪੁੱਤਰ ਅਬਰਾਮ, ਨਾਹੋਰ, ਅਤੇ ਹਾਰਾਨ ਜੰਮੇ। 27 ਇਹ ਤਾਰਹ ਦੇ ਪਰਿਵਾਰ ਦੀ ਕਹਾਣੀ ਹੈ। ਤਾਰਹ ਅਬਰਾਮ, ਨਾਹੋਰ ਅਤੇ ਹਾਰਾਨ ਦਾ ਪਿਤਾ ਸੀ। ਹਾਰਾਨ ਲੂਤ ਦਾ ਪਿਤਾ ਸੀ। 28 ਹਾਰਾਨ ਆਪਣੇ ਜੱਦੀ ਕਸਬੇ, ਕਸਦੀਆਂ ਦੇ ਊਰ ਵਿੱਚ ਮਰਿਆ, ਜਦੋਂ ਕਿ ਉਸਦਾ ਪਿਤਾ ਤਾਰਹ ਹਾਲੇ ਜਿਉਂਦਾ ਸੀ। 29 ਅਬਰਾਮ ਅਤੇ ਨਾਹੋਰ ਦੋਹਾਂ ਨੇ ਸ਼ਾਦੀ ਕੀਤੀ। ਅਬਰਾਮ ਦੀ ਪਤਨੀ ਦਾ ਨਾਮ ਸਾਰਈ ਸੀ। ਨਾਹੋਰ ਦੀ ਪਤਨੀ ਦਾ ਨਾਮ ਮਿਲਕਾਹ ਸੀ। ਮਿਲਕਾਹ ਹਾਰਾਨ ਦੀ ਧੀ ਸੀ। ਹਾਰਾਨ ਮਿਲਕਾਹ ਅਤੇ ਯਿਸਕਾਹ ਦਾ ਪਿਤਾ ਸੀ। 30 ਸਾਰਈ ਦੇ ਔਲਾਦ ਨਹੀਂ ਹੋਈ ਕਿਉਂਕਿ ਉਹ ਬਾਂਝ ਸੀ। 31 ਤਾਰਹ ਆਪਣੇ ਪਰਿਵਾਰ ਨੂੰ ਲੈਕੇ ਕਸਦੀਮ ਦੇ ਊਰ ਨੂੰ ਛੱਡ ਗਿਆ। ਉਨ੍ਹਾਂ ਨੇ ਕਨਾਨ ਜਾਣ ਦੀ ਯੋਜਨਾ ਬਣਾਈ। ਤਾਰਹ ਆਪਣੇ ਪੁੱਤਰ ਅਬਰਾਮ, ਆਪਣੇ ਪੋਤੇ ਲੂਤ (ਹਾਰਾਨ ਦੇ ਪੁੱਤਰ) ਅਤੇ ਆਪਣੀ ਨੂੰਹ ਸਾਰਈ (ਅਬਰਾਮ ਦੀ ਪਤਨੀ) ਨੂੰ ਨਾਲ ਲੈ ਗਿਆ। ਉਨ੍ਹਾਂ ਨੇ ਹਾਰਾਨ ਸ਼ਹਿਰ ਤੱਕ ਸਫਰ ਕੀਤਾ ਅਤੇ ਓਥੇ ਹੀ ਟਿਕ ਜਾਣ ਦਾ ਨਿਰਣਾ ਕੀਤਾ। 32 ਤਾਰਹ 205 ਵਰ੍ਹੇ ਜੀਵਿਆ। ਉਹ ਹਾਰਾਨ ਵਿੱਚ ਮਰਿਆ।

Genesis 12

1 ਯਹੋਵਾਹ ਨੇ ਅਬਰਾਮ ਨੂੰ ਆਖਿਆ,“ਆਪਣਾ ਦੇਸ਼ ਅਤੇ ਆਪਣੇ ਲੋਕਾਂ ਨੂੰ ਛੱਡ ਦੇ।ਆਪਣੇ ਪਿਤਾ ਦਾ ਟੱਬਰ ਛੱਡ ਦੇ,ਅਤੇ ਉਸ ਧਰਤੀ ਤੇ ਜਾਹ ਜਿਹੜੀ ਮੈਂ ਤੈਨੂੰ ਦਿਖਾਵਾਂਗਾ। 2 ਮੈਂ ਤੇਰੇ ਵਿੱਚੋਂ ਇੱਕ ਮਹਾਨ ਕੌਮ ਉਸਾਰਾਂਗਾ।ਮੈਂ ਤੈਨੂੰ ਅਸੀਸ ਦੇਵਾਂਗਾਅਤੇ ਤੇਰਾ ਨਾਮ ਮਸ਼ਹੂਰ ਕਰ ਦਿਆਂਗਾ।ਲੋਕੀਂ ਤੇਰਾ ਨਾਮ ਹੋਰਨਾਂ ਲੋਕਾਂ ਨੂੰ ਅਸੀਸਦੇਣ ਲਈ ਵਰਤਣਗੇ। 3 ਮੈਂ ਉਨ੍ਹਾਂ ਲੋਕਾਂ ਨੂੰ ਅਸੀਸ ਦੇਵਾਂਗਾ ਜਿਹੜੇ ਤੈਨੂੰ ਅਸੀਸ ਦੇਣਗੇ,ਅਤੇ ਮੈਂ ਉਨ੍ਹਾਂ ਲੋਕਾਂ ਨੂੰ ਸਰਾਪ ਦੇਵਾਂਗਾ ਜਿਹੜੇ ਤੈਨੂੰ ਸਰਾਪ ਦੇਣਗੇ।ਮੈਂ ਧਰਤੀ ਦੇ ਸਮੂਹ ਲੋਕਾਂ ਨੂੰ ਅਸੀਸ ਦੇਣਲਈ ਤੇਰੇ ਨਾਮ ਦੀ ਵਰਤੋਂ ਕਰਾਂਗਾ।” 4 ਇਸ ਲਈ ਅਬਰਾਮ ਨੇ ਹਾਰਾਨ ਛੱਡ ਦਿੱਤਾ ਜਿਵੇਂ ਕਿ ਯਹੋਵਾਹ ਨੇ ਆਖਿਆ ਸੀ। ਅਤੇ ਲੂਤ ਉਸਦੇ ਨਾਲ ਚਲਾ ਗਿਆ। ਅਬਰਾਮ 75 ਵਰ੍ਹਿਆਂ ਦਾ ਸੀ, ਜਦੋਂ ਉਸਨੇ ਹਾਰਾਨ ਛੱਡਿਆ। 5 ਅਬਰਾਮ ਨੇ ਆਪਣੇ ਨਾਲ ਆਪਣੀ ਪਤਨੀ ਸਾਰਈ, ਆਪਣੇ ਭਤੀਜੇ ਲੂਤ, ਸਾਰੇ ਗੁਲਾਮਾਂ ਅਤੇ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਲੈ ਲਿਆ ਜਿਹੜੀਆਂ ਉਸਨੇ ਹਾਰਾਨ ਵਿੱਚ ਹਾਸਿਲ ਕੀਤੀਆਂ ਸਨ। ਫ਼ੇਰ ਅਬਰਾਮ ਅਤੇ ਉਸਦਾ ਸਮੂਹ ਕਨਾਨ ਦੀ ਧਰਤੀ ਵੱਲ ਤੁਰ ਪਿਆ। 6 ਅਬਰਾਮ ਕਨਾਨ ਦੀ ਧਰਤੀ ਵਿੱਚੋਂ ਲੰਘਦਾ ਹੋਇਆ ਸ਼ਕਮ ਦੇ ਸ਼ਹਿਰ ਤੀਕ ਚਲਿਆ ਗਿਆ ਅਤੇ ਫ਼ੇਰ ਮੋਹਰ ਵਿਖੇ ਵੱਡੇ ਰੁਖ ਕੋਲ ਚਲਾ ਗਿਆ। ਉਸ ਸਮੇਂ ਉਸ ਸਥਾਨ ਉੱਤੇ ਕਨਾਨੀ ਲੋਕ ਰਹਿੰਦੇ ਸਨ। 7 ਯਹੋਵਾਹ ਨੇ ਅਬਰਾਮ ਨੂੰ ਦੀਦਾਰ ਦਿੱਤਾ। ਯਹੋਵਾਹ ਨੇ ਆਖਿਆ, “ਮੈਂ ਇਹ ਧਰਤੀ ਤੇਰੇ ਉੱਤਰਾਧਿਕਾਰੀ ਨੂੰ ਦੇਵਾਂਗਾ।”ਯਹੋਵਾਹ ਨੇ ਉਸ ਥਾਂ ਉੱਤੇ ਅਬਰਾਮ ਨੂੰ ਦੀਦਾਰ ਦਿੱਤਾ। ਇਸ ਲਈ ਅਬਰਾਮ ਨੇ ਉਥੇ ਯਹੋਵਾਹ ਦੀ ਉਪਾਸਨਾ ਲਈ ਜਗਵੇਦੀ ਬਣਾਈ। 8 ਫ਼ੇਰ ਅਬਰਾਮ ਉਹ ਥਾਂ ਛੱਡਕੇ ਬੈਤਏਲ ਦੇ ਪੂਰਬ ਵੱਲ ਪਹਾੜੀਆਂ ਨੂੰ ਚਲਾ ਗਿਆ। ਅਬਰਾਮ ਨੇ ਓਥੇ ਆਪਣਾ ਤੰਬੂ ਲਾ ਲਿਆ। ਬੈਤਏਲ ਪਛਮ ਵੱਲ ਅਤੇ ਆਈ ਪੂਰਬ ਵੱਲ ਸੀ। ਉਸ ਥਾਵੇਂ, ਅਬਰਾਮ ਨੇ ਯਹੋਵਾਹ ਲਈ ਇੱਕ ਹੋਰ ਜਗਵੇਦੀ ਬਣਾਈ ਅਤੇ ਅਬਰਾਮ ਨੇ ਉਥੇ ਯਹੋਵਾਹ ਦੀ ਉਪਾਸਨਾ ਕੀਤੀ। 9 ਇਸਤੋਂ ਮਗਰੋਂ, ਅਬਰਾਮ ਇੱਕ ਵਾਰੀ ਫ਼ੇਰ ਆਪਣੇ ਸਫ਼ਰ ਤੇ ਨਿਕਲ ਪਿਆ। ਉਹ ਨੇਜੇਵ ਵੱਲ ਚਲਾ ਗਿਆ। 10 ਇਸ ਸਮੇਂ ਦੌਰਾਨ ਧਰਤੀ ਬਹੁਤ ਖੁਸ਼ਕ ਸੀ। ਬਾਰਿਸ਼ ਨਹੀਂ ਸੀ ਹੋਈ ਅਤੇ ਭੋਜਨ ਉਗਾਇਆ ਨਹੀਂ ਸੀ ਜਾ ਸਕਦਾ। ਇਸ ਲਈ ਅਬਰਾਮ ਮਿਸਰ ਵਿੱਚ ਰਹਿਣ ਲਈ ਚਲਾ ਗਿਆ। 11 ਅਬਰਾਮ ਨੇ ਦੇਖਿਆ ਕਿ ਉਸਦੀ ਪਤਨੀ ਸਾਰਈ ਕਿੰਨੀ ਖੂਬਸੂਰਤ ਸੀ। ਇਸ ਲਈ ਮਿਸਰ ਪਹੁੰਚਣ ਤੋਂ ਰਤਾ ਕੁ ਪਹਿਲਾਂ ਅਬਰਾਮ ਨੇ ਸਾਰਈ ਨੂੰ ਆਖਿਆ, “ਮੈਂ ਜਾਣਦਾ ਹਾਂ ਕਿ ਤੂੰ ਬਹੁਤ ਖੂਬਸੂਰਤ ਔਰਤ ਹੈਂ। 12 ਮਿਸਰ ਦੇ ਆਦਮੀ ਤੈਨੂੰ ਦੇਖਣਗੇ। ਉਹ ਆਖਣਗੇ, ‘ਇਹ ਔਰਤ ਇਸਦੀ ਪਤਨੀ ਹੈ।’ ਫ਼ੇਰ ਉਹ ਮੈਨੂੰ ਮਾਰ ਦੇਣਗੇ ਅਤੇ ਤੈਨੂੰ ਜਿਉਂਦੀ ਰਹਿਣ ਦੇਣਗੇ। 13 ਇਸ ਲਈ ਲੋਕਾਂ ਨੂੰ ਇਹ ਆਖੀਂ ਕਿ ਤੂੰ ਮੇਰੀ ਭੈਣ ਹੈਂ। ਫ਼ੇਰ ਉਹ ਮੈਂਨੂੰ ਨਹੀਂ ਮਾਰਨਗੇ। ਉਹ ਇਹ ਸੋਚਣਗੇ ਕਿ ਮੈਂ ਤੇਰਾ ਭਰਾ ਹਾਂ, ਅਤੇ ਉਹ ਮੇਰੇ ਨਾਲ ਚੰਗਾ ਸਲੂਕ ਕਰਨਗੇ। ਇਸ ਤਰ੍ਹਾਂ ਕਰਨ ਨਾਲ ਤੂੰ ਮੇਰੀ ਜ਼ਿੰਦਗੀ ਬਚਾ ਸਕੇਂਗੀ।” 14 ਇਸ ਲਈ ਅਬਰਾਮ ਮਿਸਰ ਵਿੱਚ ਚਲਾ ਗਿਆ। ਮਿਸਰ ਦੇ ਲੋਕਾਂ ਨੇ ਦੇਖਿਆ ਕਿ ਸਾਰਈ ਬਹੁਤ ਖੂਬਸੂਰਤ ਔਰਤ ਸੀ। 15 ਕੁਝ ਮਿਸਰੀ ਆਗੂਆਂ ਨੇ ਵੀ ਉਸਨੂੰ ਦੇਖ ਲਿਆ। ਉਨ੍ਹਾਂ ਨੇ ਫਿਰਊਨ ਨੂੰ ਆਖਿਆ ਕਿ ਉਹ ਬਹੁਤ ਖੂਬਸੂਰਤ ਔਰਤ ਸੀ। ਉਹ ਆਗੂ ਸਾਰਈ ਨੂੰ ਫਿਰਊਨ ਦੇ ਘਰ ਲੈ ਗਏ। 16 ਫਿਰਊਨ ਅਬਰਾਮ ਤੇ ਦਯਾਲੂ ਸੀ ਕਿਉਂ ਕਿ ਉਸਦਾ ਖਿਆਲ ਸੀ ਕਿ ਅਬਰਾਮ ਸਾਰਈ ਦਾ ਭਰਾ ਸੀ। ਫਿਰਊਨ ਨੇ ਅਬਰਾਮ ਨੂੰ ਭੇਡਾਂ, ਡੰਗਰ ਅਤੇ ਖੋਤੇ ਦਿੱਤੇ। ਅਬਰਾਮ ਨੂੰ ਦਾਸ, ਦਾਸੀਆਂ ਅਤੇ ਊਠ ਵੀ ਮਿਲੇ। 17 ਫਿਰਊਨ ਨੇ ਅਬਰਾਮ ਦੀ ਪਤਨੀ ਨੂੰ ਹਾਸਿਲ ਕਰ ਲਿਆ। ਇਸ ਲਈ ਯਹੋਵਾਹ ਨੇ ਫਿਰਊਨ ਅਤੇ ਉਸਦੇ ਘਰ ਦੇ ਸਾਰੇ ਲੋਕਾਂ ਵੱਲ ਬਹੁਤ ਬੁਰੀਆਂ ਬਿਮਾਰੀਆਂ ਭੇਜੀਆਂ। 18 ਇਸ ਲਈ ਫਿਰਊਨ ਨੇ ਅਬਰਾਮ ਨੂੰ ਬੁਲਾਇਆ। ਫਿਰਊਨ ਨੇ ਆਖਿਆ, “ਤੂੰ ਮੇਰੇ ਨਾਲ ਬਹੁਤ ਬੁਰਾ ਸਲੂਕ ਕੀਤਾ ਹੈ!। ਤੂੰ ਮੈਨੂੰ ਇਹ ਨਹੀਂ ਦੱਸਿਆ ਕਿ ਸਾਰਈ ਤੇਰੀ ਪਤਨੀ ਸੀ! ਕਿਉਂ? 19 ਤੂੰ ਤਾਂ ਆਖਿਆ ਸੀ, ‘ਇਹ ਮੇਰੀ ਭੈਣ ਹੈ।’ ਤੂੰ ਇਹ ਗੱਲ ਕਿਉਂ ਆਖੀ? ਮੈਂ ਉਸਨੂੰ ਇਸ ਲਈ ਹਾਸਿਲ ਕੀਤਾ ਤਾਂ ਜੋ ਮੇਰੀ ਪਤਨੀ ਬਣ ਸਕੇ। ਪਰ ਹੁਣ ਮੈਂ ਤੈਨੂੰ ਤੇਰੀ ਪਤਨੀ ਵਾਪਸ ਦਿੰਦਾ ਹਾਂ। ਇਸਨੂੰ ਲੈਕੇ ਚਲਾ ਜਾਹ!” 20 ਫ਼ੇਰ ਫਿਰਊਨ ਨੇ ਆਪਣੇ ਆਦਮੀਆਂ ਨੂੰ ਹੁਕਮ ਦਿੱਤਾ ਕਿ ਅਬਰਾਮ ਨੂੰ ਮਿਸਰ ਵਿੱਚੋਂ ਬਾਹਰ ਕੱਢ ਦੇਣ ਇਸ ਲਈ ਅਬਰਾਮ ਅਤੇ ਉਸਦੀ ਪਤਨੀ ਉਸ ਥਾਂ ਤੋਂ ਚਲੇ ਗਏ। ਅਤੇ ਉਹ ਆਪਣੇ ਨਾਲ ਆਪਣੀਆਂ ਚੀਜ਼ਾਂ ਵੀ ਲੈ ਗਏ।

Genesis 13

1 ਇਸ ਤਰ੍ਹਾਂ, ਅਬਰਾਮ ਨੇ ਮਿਸਰ ਛੱਡ ਦਿੱਤਾ। ਅਬਰਾਮ ਆਪਣੀ ਪਤਨੀ ਅਤੇ ਆਪਣੀ ਸਾਰੀ ਮਲਕੀਅਤ ਸਮੇਤ ਨੇਗੇਵ ਵਿੱਚੋਂ ਹੌਲੇ ਲੰਘਿਆ। ਲੂਤ ਵੀ ਉਨ੍ਹਾਂ ਦੇ ਨਾਲ ਸੀ। 2 ਇਸ ਸਮੇਂ, ਅਬਰਾਮ ਬਹੁਤ ਅਮੀਰ ਸੀ। ਉਸਦੇ ਪਾਸ ਬਹੁਤ ਸਾਰੇ ਪਸ਼ੂ ਅਤੇ ਸੋਨਾ-ਚਾਂਦੀ ਸੀ। 3 ਅਬਰਾਮ ਆਲੇ-ਦੁਆਲੇ ਸਫ਼ਰ ਕਰਦਾ ਰਿਹਾ। ਉਸਨੇ ਨੇਗੇਵ ਨੂੰ ਛੱਡ ਦਿੱਤਾ ਅਤੇ ਬੈਤ-ਏਲ ਨੂੰ ਵਾਪਸ ਚਲਾ ਗਿਆ। ਉਹ ਉਸ ਥਾਂ ਤੇ ਚਲਾ ਗਿਆ ਜਿਹੜੀ ਬੈਤ-ਏਲ ਦੇ ਸ਼ਹਿਰ ਅਤੇ ਆਈ ਸ਼ਹਿਰ ਦੇ ਵਿਚਕਾਰ ਸੀ। ਇਹ ਓਹੀ ਥਾਂ ਸੀ ਜਿਥੇ ਅਬਰਾਮ ਅਤੇ ਉਸਦੇ ਪਰਿਵਾਰ ਨੇ ਪਹਿਲਾਂ ਵੀ ਡੇਰਾ ਲਾਇਆ ਸੀ। 4 ਇਹ ਓਹੀ ਥਾਂ ਸੀ ਜਿਥੇ ਅਬਰਾਮ ਨੇ ਜਗਵੇਦੀ ਉਸਾਰੀ ਸੀ। ਇਸ ਲਈ ਅਬਰਾਮ ਨੇ ਇੱਥੇ ਯਹੋਵਾਹ ਦੀ ਉਪਾਸਨਾ ਕੀਤੀ। 5 ਇਸ ਸਮੇਂ ਦੌਰਾਨ, ਲੂਤ ਵੀ ਅਬਰਾਮ ਦੇ ਨਾਲ ਸਫ਼ਰ ਕਰ ਰਿਹਾ ਸੀ। ਲੂਤ ਕੋਲ ਬਹੁਤ ਸਾਰੇ ਜਾਨਵਰ ਅਤੇ ਤੰਬੂ ਸਨ। 6 ਅਬਰਾਮ ਅਤੇ ਲੂਤ ਕੋਲ ਇੰਨੇ ਜਾਨਵਰ ਸਨ ਕਿ ਉਸ ਧਰਤੀ ਉੱਤੇ ਦੋਹਾਂ ਦਾ ਗੁਜ਼ਾਰਾ ਇਕਠੇ ਨਹੀਂ ਹੋ ਸਕਦਾ ਸੀ। 7 ਕਨਾਨੀ ਲੋਕ ਅਤੇ ਪਰਿਜ਼ੀ ਲੋਕ ਵੀ ਉਸ ਵੇਲੇ ਉਸੇ ਧਰਤੀ ਉੱਤੇ ਰਹਿ ਰਹੇ ਸਨ। ਅਬਰਾਮ ਅਤੇ ਲੂਤ ਦੇ ਅਯਾਲੀਆਂ ਵਿੱਚ ਲੜਾਈ ਝਗੜਾ ਹੋਣ ਲੱਗ ਪਿਆ। 8 ਇਸ ਲਈ ਅਬਰਾਮ ਨੇ ਲੂਤ ਨੂੰ ਆਖਿਆ, “ਤੇਰੇ ਅਤੇ ਮੇਰੇ ਦਰਮਿਆਨ ਕੋਈ ਝਗੜਾ ਨਹੀਂ ਹੋਣਾ ਚਾਹੀਦਾ। ਤੇਰੇ ਬੰਦਿਆਂ ਅਤੇ ਮੇਰੇ ਬੰਦਿਆਂ ਨੂੰ ਝਗੜਨਾ ਨਹੀਂ ਚਾਹੀਦਾ। ਤੂੰ ਅਤੇ ਮੈਂ ਭਰਾ ਹਾਂ। 9 ਸਾਨੂੰ ਵੱਖ ਹੋ ਜਾਣਾ ਚਾਹੀਦਾ ਹੈ। ਤੂੰ ਜਿਹੜੀ ਵੀ ਥਾਂ ਚਾਹੇਂ ਚੁਣ ਸਕਦਾ ਹੈਂ। ਜੇ ਤੂੰ ਖੱਬੇ ਪਾਸੇ ਜਾਵੇਂਗਾ ਤਾਂ ਮੈਂ ਸੱਜੇ ਪਾਸੇ ਚਲਿਆ ਜਾਵਾਂਗਾ। ਜੇ ਤੂੰ ਸੱਜੇ ਪਾਸੇ ਜਾਵੇਂਗਾ ਤਾਂ ਮੈਂ ਖੱਬੇ ਪਾਸੇ ਚਲਿਆ ਜਾਵਾਂਗਾ।” 10 ਲੂਤ ਨੇ ਆਲੇ-ਦੁਆਲੇ ਨਜ਼ਰ ਮਾਰੀ ਅਤੇ ਯਰਦਨ ਦੀ ਵਾਦੀ ਦੇਖੀ। ਲੂਤ ਨੇ ਦੇਖਿਆ ਕਿ ਓਥੇ ਕਾਫ਼ੀ ਪਾਣੀ ਸੀ। (ਇਹ ਗੱਲ ਯਹੋਵਾਹ ਦੇ ਸਦੂਮ ਅਤੇ ਅਮੂਰਾਹ ਨੂੰ ਤਬਾਹ ਕਰਨ ਤੋਂ ਪਹਿਲਾਂ ਦੀ ਹੈ।) ਉਸ ਸਮੇਂ ਯਰਦਨ ਵਾਦੀ ਸੋਆਰ ਤੱਕ ਯਹੋਵਾਹ ਦੇ ਬਾਗ ਵਾਂਗ ਫੈਲੀ ਹੋਈ ਸੀ। ਇਹ ਧਰਤੀ ਮਿਸਰ ਦੇ ਵਾਂਗ ਚੰਗੀ ਸੀ। 11 ਇਸ ਲਈ ਲੂਤ ਨੇ ਯਰਦਨ ਦੀ ਵਾਦੀ ਵਿੱਚ ਰਹਿਣ ਦੀ ਚੋਣ ਕੀਤੀ। ਦੋਵੇਂ ਆਦਮੀ ਵੱਖ ਹੋ ਗਏ ਅਤੇ ਲੂਤ ਪੂਰਬ ਵੱਲ ਚੱਲ ਪਿਆ। 12 ਅਬਰਾਮ ਕਨਾਨ ਦੀ ਧਰਤੀ ਉੱਤੇ ਠਹਿਰ ਗਿਆ ਅਤੇ ਲੂਤ ਵਾਦੀ ਦੇ ਸ਼ਹਿਰਾਂ ਅੰਦਰ ਰਹਿਣ ਲੱਗਾ। ਲੂਤ ਦੂਰ ਦਖਣ ਵੱਲ ਸਦੂਮ ਨੂੰ ਚਲਾ ਗਿਆ ਅਤੇ ਓਥੇ ਹੀ ਆਪਣਾ ਡੇਰਾ ਲਾ ਲਿਆ। 13 ਯਹੋਵਾਹ ਜਾਣਦਾ ਸੀ ਕਿ ਸਦੂਮ ਦੇ ਲੋਕ ਬਹੁਤ ਬਦ ਅਤੇ ਪਾਪੀ ਸਨ। 14 ਲੂਤ ਦੇ ਚਲੇ ਜਾਣ ਤੋਂ ਬਾਦ, ਯਹੋਵਾਹ ਨੇ ਅਬਰਾਮ ਨੂੰ ਆਖਿਆ, “ਆਪਣੇ ਆਲੇ-ਦੁਆਲੇ ਦੇਖ, ਉੱਤਰ ਵੱਲ ਅਤੇ ਦੱਖਣ ਵੱਲ ਦੇਖ, ਅਤੇ ਪੂਰਬ ਅਤੇ ਪਛਮ ਵੱਲ ਦੇਖ। 15 ਇਹ ਸਾਰੀ ਧਰਤੀ ਜਿਹੜੀ ਤੂੰ ਦੇਖ ਰਿਹਾ ਹੈਂ, ਮੈਂ ਤੈਨੂੰ ਅਤੇ ਤੇਰੇ ਉੱਤਰਾਧਿਕਾਰੀਆਂ ਨੂੰ ਦੇ ਦੇਵਾਂਗਾ। ਇਹ ਹਮੇਸ਼ਾ ਤੁਹਾਡੀ ਹੀ ਰਹੇਗੀ। 16 ਮੈਂ ਤੁਹਾਡੇ ਬੰਦਿਆਂ ਦੀ ਗਿਣਤੀ ਵਿੱਚ ਇੰਨਾ ਵਾਧਾ ਕਰ ਦਿਆਂਗਾ ਜਿੰਨੀ ਧਰਤੀ ਉੱਤੇ ਧੂੜ ਹੈ। ਜੇ ਲੋਕੀ ਸਾਰੀ ਧਰਤੀ ਦੀ ਧੂੜ ਨੂੰ ਗਿਣ ਸਕਦੇ ਹਨ ਤਾਂ ਉਹ ਤੇਰੇ ਲੋਕਾਂ ਦੀ ਗਿਣਤੀ ਵੀ ਕਰ ਸਕਣਗੇ। 17 ਇਸ ਲਈ ਜਾਓ। ਆਪਣੀ ਧਰਤੀ ਦੀ ਲੰਬਾਈ ਅਤੇ ਚੌੜਾਈ ਦੁਆਲੇ ਚੱਲੋ, ਕਿਉਂਕਿ ਮੈਂ ਇਹ ਤੁਹਾਨੂੰ ਦੇ ਦੇਵਾਂਗਾ।” 18 ਇਸ ਤਰ੍ਹਾਂ ਅਬਰਾਮ ਨੇ ਆਪਣਾ ਤੰਬੂ ਪੁੱਟ ਲਿਆ। ਉਹ ਮਮਰੇ ਦੇ ਵੱਡੇ ਰੁਖਾਂ ਨੇੜੇ ਜਾਕੇ ਰਹਿਣ ਲੱਗ ਪਿਆ। ਇਹ ਥਾਂ ਹਬਰੋਨ ਸ਼ਹਿਰ ਦੇ ਨੇੜੇ ਸੀ। ਉਸ ਥਾਂ ਉੱਤੇ ਵੀ ਅਬਰਾਮ ਨੇ ਯਹੋਵਾਹ ਦੀ ਉਪਾਸਨਾ ਲਈ ਇੱਕ ਜਗਵੇਦੀ ਉਸਾਰੀ।

Genesis 14

1 ਅਮਰਾਫਲ ਸਿਨਾਰ ਦਾ ਰਾਜਾ ਸੀ। ਅਰਯੋਕ ਅਲਾਸਾਰ ਦਾ ਰਾਜਾ ਸੀ। ਕਦਾਰਲਾਓਮਰ ਏਲਾਮ ਦਾ ਰਾਜਾ ਸੀ। ਅਤੇ ਤਿਦਾਲ ਗੋਈਮ ਦਾ ਰਾਜਾ ਸੀ। 2 ਇਨ੍ਹਾਂ ਸਾਰੇ ਰਾਜਿਆਂ ਨੇ ਸਦੂਮ ਦੇ ਰਾਜੇ ਬਰਾ, ਅਮੂਰਾਹ ਦੇ ਰਾਜੇ ਬਿਰਸਾ, ਅਦਮਾਹ ਦੇ ਰਾਜੇ ਸਿਨਾਬ, ਸਬੋਈਮ ਦੇ ਰਾਜੇ ਸਮੇਬਰ ਅਤੇ ਬਲਾ ਦੇ ਰਾਜੇ ਨਾਲ ਜੰਗ ਲੜੀ। (ਬਲਾ ਨੂੰ ਸੋਅਰ ਵੀ ਆਖਿਆ ਜਾਂਦਾ ਹੈ।) 3 ਇਨ੍ਹਾਂ ਸਾਰੇ ਰਾਜਿਆਂ ਨੇ ਸਿੱਦੀਮ ਦੀ ਵਾਦੀ ਵਿੱਚ ਆਪਣੀਆਂ ਫ਼ੌਜਾਂ ਇਕਠੀਆਂ ਕਰ ਲਈਆਂ। (ਸਿੱਦੀਮ ਦੀ ਵਾਦੀ ਅੱਜ ਕਲ੍ਹ੍ਹ ਖਾਰਾ ਸਮੁੰਦਰ ਹੈ। 4 ਇਨ੍ਹਾਂ ਰਾਜਿਆਂ ਨੇ ਕਦਾਰਲਾਓਮਰ ਦੀ ਬਾਰ੍ਹਾਂ ਵਰ੍ਹੇ ਤੱਕ ਸੇਵਾ ਕੀਤੀ ਸੀ। ਪਰ ਤੇਰ੍ਹਵੇਂ ਵਰ੍ਹੇ ਵਿੱਚ ਇਨ੍ਹਾਂ ਸਾਰਿਆਂ ਨੇ ਉਸਦੇ ਵਿਰੁੱਧ ਬਗਾਵਤ ਕਰ ਦਿੱਤੀ। 5 ਇਸ ਲਈ ਚੌਦਵੇਂ ਵਰ੍ਹੇ ਵਿੱਚ ਰਾਜਾ ਕਦਾਰਲਾਓਮਰ ਅਤੇ ਉਸਦੇ ਨਾਲ ਦੇ ਰਾਜੇ ਉਨ੍ਹਾਂ ਨਾਲ ਲੜਨ ਲਈ ਆ ਗਏ। ਕਦਾਰਲਾਓਮਰ ਅਤੇ ਉਸਦੇ ਸਾਥੀ ਰਾਜਿਆਂ ਨੇ ਰਫ਼ਾਈਆਂ ਲੋਕਾਂ ਨੂੰ ਅਸਤਰੋਥ ਕਰਨਇਮ ਵਿਖੇ ਹਰਾ ਦਿੱਤਾ। ਉਨ੍ਹਾਂ ਨੇ ਜ਼ੂਜ਼ੀਆ ਲੋਕਾਂ ਨੂੰ ਵੀ ਹਾਮ ਵਿੱਚ ਹਰਾ ਦਿੱਤਾ। ਉਨ੍ਹਾਂ ਨੇ ਏਮੀਆਂ ਲੋਕਾਂ ਨੂੰ ਸਾਵੇਹ ਕਿਰਯਾਤਇਮ ਵਿਖੇ ਹਰਾ ਦਿੱਤਾ। 6 ਉਨ੍ਹਾਂ ਨੇ ਹੋਰੀ ਲੋਕਾਂ ਨੂੰ ਹਰਾ ਦਿੱਤਾ ਜਿਹੜੇ ਪਹਾੜੀ ਪ੍ਰਦੇਸ਼ ਸੇਈਰ ਤੋਂ ਲੈਕੇ ਏਲ-ਪਾਰਾਨ ਦੇ ਇਲਾਕੇ ਤਾਈ ਰਹਿੰਦੇ ਸਨ। (ਏਲ ਪਾਰਾਨ ਮਾਰੂਥਲ ਦੇ ਨੇੜੇ ਹੈ।) 7 ਫ਼ੇਰ ਰਾਜਾ ਕਦਾਰਲਾਓਮਰ ਵਾਪਸ ਮੁੜ ਪਿਆ ਅਤੇ ਏਲ ਮਿਸਪਾਟ (ਜਿਹੜਾ ਕਿ ਕਾਦੇਸ ਹੈ) ਵੱਲ ਚਲਾ ਗਿਆ ਅਤੇ ਅਮਾਲੇਕੀਆਂ ਦੇ ਇਲਾਕੇ ਨੂੰ ਜਿੱਤ ਲਿਆ। ਉਸਨੇ ਹਸਿਸੋਨ ਤਾਮਰ ਵਿੱਚ ਰਹਿੰਦੇ ਅਮੋਰੀ ਲੋਕਾਂ ਨੂੰ ਵੀ ਹਰਾ ਦਿੱਤਾ। 8 ਉਸ ਸਮੇਂ ਸਦੂਮ ਦਾ ਰਾਜਾ, ਅਮੂਰਾਹ ਦਾ ਰਾਜਾ, ਅਦਮਾਹ ਦਾ ਰਾਜਾ, ਸਬੋਈਮ ਦਾ ਰਾਜਾ ਅਤੇ ਬਲਾ (ਸੋਅਰ) ਦਾ ਰਾਜਾ ਸਾਰੇ ਇੱਕ ਦੂਜੇ ਨਾਲ ਰਲ ਗਏ ਅਤੇ ਆਪਣੇ ਦੁਸ਼ਮਣਾਂ ਨਾਲ ਲੜਨ ਲਈ ਗਏ। ਉਹ ਜੰਗ ਕਰਨ ਲਈ ਸਿੱਦੀਮ ਦੀ ਵਾਦੀ ਵਿੱਚ ਗਏ। 9 ਉਨ੍ਹਾਂ ਨੇ ਏਲਾਮ ਦੇ ਰਾਜੇ ਕਦਾਰਲਾਓਮਰ, ਗੋਈਮ ਦੇ ਰਾਜੇ ਤਿਦਾਲ, ਸਿਨਾਰ ਦੇ ਰਾਜੇ ਅਮਰਾਫਲ ਅਤੇ ਅਲਾਸਾਰ ਦੇ ਰਾਜੇ ਅਰਯੋਕ ਦੇ ਖ਼ਿਲਾਫ਼ ਜੰਗ ਕੀਤੀ। ਇਸ ਤਰ੍ਹਾਂ ਪੰਜਾਂ ਨਾਲ ਜੰਗ ਕਰਨ ਵਾਲੇ ਚਾਰ ਰਾਜੇ ਸਨ। 10 ਸਿਦੀਮ ਦੀ ਵਾਦੀ ਵਿੱਚ ਲੁੱਕ ਨਾਲ ਭਰੀਆਂ ਹੋਈਆਂ ਅਨੇਕਾਂ ਖੱਡਾਂ ਸਨ। ਸਦੂਮ ਅਤੇ ਅਮੂਰਾਹ ਦੇ ਰਾਜੇ ਅਤੇ ਉਨ੍ਹਾਂ ਦੀਆਂ ਫ਼ੌਜਾਂ ਭੱਜ ਗਈਆਂ। ਬਹੁਤ ਸਾਰੇ ਸਿਪਾਹੀ ਇਨ੍ਹਾਂ ਖੱਡਾਂ ਵਿੱਚ ਡਿੱਗ ਪਏ। ਪਰ ਦੂਸਰੇ ਪਹਾੜਾਂ ਵੱਲ ਨੱਸ ਗਏ। 11 ਇਸ ਤਰ੍ਹਾਂ, ਉਨ੍ਹਾਂ ਦੇ ਦੁਸ਼ਮਣਾਂ ਨੇ ਸਦੂਮ ਅਤੇ ਅਮੂਰਾਹ ਦੇ ਲੋਕਾਂ ਦੀਆਂ ਸਾਰੀਆਂ ਚੀਜ਼ਾਂ ਖੋਹ ਲਈਆਂ। ਉਨ੍ਹਾਂ ਨੇ ਉਨ੍ਹਾਂ ਦਾ ਸਾਰਾ ਭੋਜਨ ਖੋਹ ਲਿਆ ਅਤੇ ਚਲੇ ਗਏ। 12 ਅਬਰਾਮ ਦਾ ਭਤੀਜਾ ਲੂਤ, ਸਦੂਮ ਵਿੱਚ ਰਹਿ ਰਿਹਾ ਸੀ ਅਤੇ ਦੁਸ਼ਮਣਾਂ ਨੇ ਉਸਨੂੰ ਬੰਦੀ ਬਣਾ ਲਿਆ। ਦੁਸ਼ਮਣ ਨੇ ਉਸ ਦੀਆਂ ਸਾਰੀਆਂ ਚੀਜ਼ਾਂ ਲੈ ਲਈਆਂ। 13 ਉਨ੍ਹਾਂ ਵਿੱਚੋਂ ਇੱਕ ਆਦਮੀ ਜਿਹੜਾ ਫ਼ੜਿਆ ਨਹੀਂ ਗਿਆ ਸੀ, ਅਬਰਾਮ ਇਬਰਾਨੀ ਵੱਲ ਗਿਆ ਅਤੇ ਉਸਨੂੰ ਜਾਕੇ ਸਾਰਾ ਹਾਲ ਦੱਸਿਆ। ਅਬਰਾਮ ਦਾ ਡੇਰਾ ਉਨ੍ਹਾਂ ਰੁਖਾਂ ਦੇ ਲਾਗੇ ਸੀ ਜੋ ਮਮਰੇ ਅਮੋਰੀ ਦੇ ਸਨ। ਮਮਰੇ, ਅਸ਼ਕੋਲ ਅਤੇ ਆਨੇਰ ਨੇ ਅਬਰਾਮ ਨਾਲ ਇੱਕ ਦੂਸਰੇ ਦੀ ਸਹਾਇਤਾ ਕਰਨ ਦਾ ਇਕਰਾਰਨਾਮਾ ਕੀਤਾ ਹੋਇਆ ਸੀ। 14 ਅਬਰਾਮ ਨੂੰ ਪਤਾ ਚਲਿਆ ਕਿ ਲੂਤ ਫ਼ੜਿਆ ਗਿਆ ਸੀ। ਇਸ ਲਈ ਅਬਰਾਮ ਨੇ ਆਪਣੇ ਸਾਰੇ ਪਰਿਵਾਰ ਨੂੰ ਇਕਠਾ ਕਰ ਲਿਆ। ਉਸ ਵਿੱਚ 318 ਸਿਖਿਅਤ ਫ਼ੌਜੀ ਸਨ। ਅਬਰਾਮ ਨੇ ਇਨ੍ਹਾਂ ਆਦਮੀਆਂ ਦੀ ਅਗਵਾਈ ਕੀਤੀ ਅਤੇ ਦੁਸ਼ਮਣ ਨੂੰ ਦਾਨ ਸ਼ਹਿਰ ਤੱਕ ਭਜਾ ਦਿੱਤਾ। 15 ਉਸ ਰਾਤ ਉਸਨੇ ਅਤੇ ਉਸਦੇ ਆਦਮੀਆਂ ਨੇ ਦੁਸ਼ਮਣ ਉੱਤੇ ਅਚਾਨਕ ਹਮਲਾ ਕਰ ਦਿੱਤਾ। ਉਨ੍ਹਾਂ ਨੇ ਦੁਸ਼ਮਣ ਨੂੰ ਹਰਾ ਦਿੱਤਾ ਅਤੇ ਉਸਨੂ ਹੋਬਾਹ, ਦਮਿਸਕ ਦੇ ਉੱਤਰ ਵੱਲ ਭਜਾ ਦਿੱਤਾ। 16 ਫ਼ੇਰ ਅਬਰਾਮ ਨੇ ਉਹ ਸਾਰੀਆਂ ਚੀਜ਼ਾਂ ਵਾਪਸ ਲਿਆਂਦੀਆਂ ਜਿਹੜੀਆਂ ਦੁਸ਼ਮਣ ਨੇ ਲੁੱਟ ਲਈਆਂ ਸਨ। ਅਬਰਾਮ ਔਰਤਾਂ, ਨੌਕਰਾਂ, ਲੂਤ ਅਤੇ ਲੂਤ ਦੀ ਹਰ ਸ਼ੈਅ ਨੂੰ ਵਾਪਸ ਲੈ ਆਇਆ। 17 ਫ਼ੇਰ ਅਬਰਾਮ ਕਦਾਰਲਾਓਮਰ ਅਤੇ ਉਸਦੇ ਨਾਲ ਜੁੜੇ ਰਾਜਿਆਂ ਨੂੰ ਹਰਾਉਣ ਤੋਂ ਬਾਦ ਘਰ ਪਰਤ ਆਇਆ। ਜਦੋਂ ਉਹ ਘਰ ਵਾਪਸ ਚਲਾ ਗਿਆ, ਸਦੂਮ ਦਾ ਰਾਜਾ ਉਸਨੂੰ ਸ਼ਾਵੇਹ ਦੀ ਵਾਦੀ (ਇਸਨੂੰ ਹੁਣ ਰਾਜੇ ਦੀ ਵਾਦੀ ਆਖਿਆ ਜਾਂਦਾ ਹੈ।) ਵਿੱਚ ਮਿਲਣ ਆਇਆ। 18 ਸਾਲੇਮ ਦਾ ਰਾਜਾ, ਮਲਕਿ-ਸਿਦਕ ਵੀ ਅਬਰਾਮ ਨੂੰ ਮਿਲਣ ਲਈ ਗਿਆ। ਮਲਕਿ-ਸਿਦਕ ਸਰਬ ਉੱਚ ਪਰਮੇਸ਼ੁਰ ਦਾ ਜਾਜਕ ਸੀ। ਮਲਕਿ-ਸਿਦਕ ਰੋਟੀ ਤੇ ਮੈਅ ਲੈਕੇ ਆਇਆ। 19 ਮਲਕਿ-ਸਿਦਕ ਨੇ ਅਬਰਾਮ ਨੂੰ ਅਸੀਸ ਦਿੱਤੀ ਅਤੇ ਆਖਿਆ,“ਅਬਰਾਮ, ਸਰਬ ਉੱਚ ਪਰਮੇਸ਼ੁਰ ਤੈਨੂੰ ਅਸੀਸ ਦੇਵੇ।ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਸਾਜਿਆ। 20 ਅਤੇ ਅਸੀਂ ਸਰਬ ਉੱਚ ਪਰਮੇਸ਼ੁਰ ਦੀ ਉਸਤਤ ਕਰਦੇ ਹਾਂ।ਪਰਮੇਸ਼ੁਰ ਨੇ ਤੇਰੇ ਦੁਸ਼ਮਣਾਂ ਨੂੰ ਹਰਾਉਣ ਵਿੱਚ ਤੇਰੀ ਸਹਾਇਤਾ ਕੀਤੀ।ਫ਼ੇਰ ਅਬਰਾਮ ਨੇ ਮਲਕਿ-ਸਿਦਕ ਨੂੰ ਜੰਗ ਵਿੱਚ ਜਿਤੀ ਹੋਈ ਹਰ ਚੀਜ਼ ਦਾ ਦਸਵੰਧ ਕਢ ਕੇ ਦਿੱਤਾ। 21 ਸਦੂਮ ਦੇ ਰਾਜੇ ਨੇ ਅਬਰਾਮ ਨੂੰ ਆਖਿਆ, “ਤੂੰ ਇਹ ਸਾਰੀਂ ਚੀਜ਼ਾਂ ਆਪਣੇ ਲਈ ਰੱਖ ਸਕਦਾ ਹੈਂ। ਮੈਨੂੰ ਸਿਰਫ਼ ਮੇਰੇ ਉਹ ਲੋਕ ਵਾਪਸ ਕਰ ਦੇ ਜਿਨ੍ਹਾਂ ਨੂੰ ਦੁਸ਼ਮਣ ਫ਼ੜ ਕੇ ਲੈ ਗਏ ਸੀ। 22 ਪਰ ਅਬਰਾਮ ਨੇ ਸਦੂਮ ਦੇ ਰਾਜੇ ਨੂੰ ਆਖਿਆ, “ਮੈਂ ਯਹੋਵਾਹ ਸਰਬ ਉੱਚ ਪਰਮੇਸ਼ੁਰ ਅੱਗੇ ਇਕਰਾਰ ਕਰਦਾ ਹਾਂ, ਜਿਸਨੇ ਧਰਤੀ ਤੇ ਅਕਾਸ਼ ਨੂੰ ਸਾਜਿਆ - 23 ਮੈਂ ਇਕਰਾਰ ਕਰਦਾ ਹਾਂ ਕਿ ਮੈਂ ਕੋਈ ਵੀ ਉਹ ਚੀਜ਼ ਨਹੀਂ ਰੱਖਾਂਗਾ ਜਿਹੜੀ ਤੇਰੀ ਹੈ - ਕੋਈ ਧਾਗਾ ਜਾਂ ਤਸਮਾ ਵੀ ਨਹੀਂ। ਮੈਂ ਨਹੀਂ ਚਾਹੁੰਦਾ ਕਿ ਤੂੰ ਇਹ ਆਖੇਂ, ‘ਮੈਂ ਅਬਰਾਮ ਨੂੰ ਅਮੀਰ ਬਣਾਇਆ।’ 24 ਸਿਰਫ਼ ਇੱਕੋ ਚੀਜ਼ ਜਿਹੜੀ ਮੈਂ ਪ੍ਰਵਾਨ ਕਰਾਂਗਾ ਉਹ ਭੋਜਨ ਹੈ ਜਿਹੜਾ ਮੇਰੇ ਜਵਾਨਾਂ ਨੇ ਖਾਧਾ ਹੈ। ਪਰ ਤੈਨੂੰ ਚਾਹੀਦਾ ਹੈ ਕਿ ਹੋਰਨਾਂ ਆਦਮੀਆਂ ਨੂੰ ਉਨ੍ਹਾਂ ਦਾ ਹਿੱਸਾ ਦੇ ਦੇਵੇ। ਉਹ ਚੀਜ਼ਾਂ ਲੈ ਲਵੋ ਜਿਹੜੀਆਂ ਅਸੀਂ ਜੰਗ ਵਿੱਚ ਜਿੱਤੀਆਂ ਹਨ ਅਤੇ ਕੁਝ ਆਨੇਰ, ਅਸ਼ਕੋਲ ਅਤੇ ਮਮਰੇ ਨੂੰ ਦੇ ਦੇਵੋ। ਇਨ੍ਹਾਂ ਆਦਮੀਆਂ ਨੇ ਮੇਰੀ ਜੰਗ ਵਿੱਚ ਸਹਾਇਤਾ ਕੀਤੀ ਸੀ।

Genesis 15

1 ਇਨ੍ਹਾਂ ਗੱਲਾਂ ਦੇ ਵਾਪਰਨ ਤੋਂ ਬਾਦ, ਅਬਰਾਮ ਨੂੰ ਯਹੋਵਾਹ ਦੇ ਸ਼ਬਦ ਦਾ ਦਰਸ਼ਨ ਹੋਇਆ। ਪਰਮੇਸ਼ੁਰ ਨੇ ਆਖਿਆ, “ਅਬਰਾਮ, ਡਰੀਂ ਨਾ। ਮੈਂ ਤੇਰੀ ਰੱਖਿਆ ਕਰਾਂਗਾ। ਅਤੇ ਮੈਂ ਤੈਨੂੰ ਬਹੁਤ ਵੱਡਾ ਇਨਾਮ ਦੇਵਾਂਗਾ।” 2 ਪਰ ਅਬਰਾਮ ਨੇ ਆਖਿਆ, “ਯਹੋਵਾਹ ਪਰਮੇਸ਼ੁਰ, ਇੱਥੇ ਕੋਈ ਵੀ ਅਜਿਹੀ ਸ਼ੈਅ ਨਹੀਂ ਜਿਹੜੀ ਮੈਨੂੰ ਦੇ ਸਕੇ ਅਤੇ ਜਿਹੜੀ ਮੈਨੂੰ ਖੁਸ਼ੀ ਦੇ ਸਕੇ। ਕਿਉਂਕਿ ਮੇਰਾ ਕੋਈ ਪੁੱਤਰ ਨਹੀਂ। ਇਸ ਲਈ ਮੇਰਾ ਦਮਿਸਕ ਵਾਲਾ ਗੁਲਾਮ, ਅਲੀਅਜ਼ਰ ਮੇਰੀ ਮੌਤ ਤੋਂ ਬਾਦ ਮੇਰੀਆਂ ਸਾਰੀਆਂ ਚੀਜ਼ਾਂ ਦਾ ਵਾਰਿਸ ਹੋਵੇਗਾ।” 3 ਅਬਰਾਮ ਨੇ ਆਖਿਆ, “ਤੂੰ ਮੈਨੂੰ ਪੁੱਤਰ ਨਹੀਂ ਦਿੱਤਾ। ਇਸਲਈ ਮੇਰੇ ਘਰ ਵਿੱਚ ਪੈਦਾ ਹੋਣ ਵਾਲਾ ਗੁਲਾਮ ਹੀ ਮੇਰੀ ਹਰ ਸ਼ੈਅ ਦਾ ਵਾਰਿਸ ਹੋਵੇਗਾ।” 4 ਫ਼ੇਰ ਯਹੋਵਾਹ ਨੇ ਅਬਰਾਮ ਨਾਲ ਗੱਲ ਕੀਤੀ। ਪਰਮੇਸ਼ੁਰ ਨੇ ਆਖਿਆ। ਉਹ ਗੁਲਾਮ ਤੇਰੀਆਂ ਚੀਜ਼ਾਂ ਦਾ ਵਾਰਿਸ ਨਹੀਂ ਹੋਵੇਗਾ। ਤੇਰੇ ਘਰ ਪੁੱਤਰ ਹੋਵੇਗਾ ਅਤੇ ਤੇਰਾ ਪੁੱਤਰ ਤੇਰੀਆਂ ਸਾਰੀਆਂ ਚੀਜ਼ਾਂ ਦਾ ਵਾਰਿਸ ਹੋਵੇਗਾ।” 5 ਫ਼ੇਰ ਪਰਮੇਸ਼ੁਰ ਅਬਰਾਮ ਨੂੰ ਬਾਹਰ ਲੈ ਗਿਆ। ਪਰਮੇਸ਼ੁਰ ਨੇ ਆਖਿਆ, “ਅਕਾਸ਼ ਵੱਲ ਦੇਖ। ਬਹੁਤ ਸਾਰੇ ਤਾਰਿਆਂ ਵੱਲ ਦੇਖ। ਇਹ ਇੰਨੇ ਹਨ ਕਿ ਤੂੰ ਇਨ੍ਹਾਂ ਨੂੰ ਗਿਣ ਨਹੀਂ ਸਕਦਾ। ਭਵਿੱਖ ਵਿੱਚ ਤੇਰਾ ਪਰਿਵਾਰ ਵੀ ਇਸੇ ਤਰ੍ਹਾਂ ਹੋਵੇਗਾ।” 6 ਅਬਰਾਮ ਨੇ ਯਹੋਵਾਹ ਵਿੱਚ ਯਕੀਨ ਕੀਤਾ ਅਤੇ ਉਸਨੇ ਉਸਨੂੰ ਭਰੋਸਾ ਕਰਨ ਦੇ ਯੋਗ ਮੰਨਿਆ। 7 ਪਰਮੇਸ਼ੁਰ ਨੇ ਅਬਰਾਮ ਨੂੰ ਆਖਿਆ, “ਮੈਂ ਹੀ ਉਹ ਯਹੋਵਾਹ ਹਾਂ ਜਿਸਨੇ ਤੈਨੂੰ ਕਸਦੀਆਂ ਦੇ ਊਰ ਵਿੱਚੋਂ ਬਾਹਰ ਲਿਆਂਦਾ। ਅਜਿਹਾ ਮੈਂ ਇਸ ਲਈ ਕੀਤਾ ਤਾਂ ਜੋ ਤੈਨੂੰ ਇਹ ਜ਼ਮੀਨ ਦੇ ਸਕਾਂ - ਤੂੰ ਇਸ ਜ਼ਮੀਨ ਦਾ ਮਾਲਕ ਹੋਵੇਂਗਾ।” 8 ਪਰ ਅਬਰਾਮ ਨੇ ਆਖਿਆ, “ਯਹੋਵਾਹ ਮੇਰੇ ਸੁਆਮੀ, ਮੈਂ ਕਿਵੇਂ ਯਕੀਨ ਕਰਾਂ ਕਿ ਮੈਨੂੰ ਇਹ ਜ਼ਮੀਨ ਮਿਲੇਗੀ?” 9 ਪਰਮੇਸ਼ੁਰ ਨੇ ਅਬਰਾਮ ਨੂੰ ਆਖਿਆ, “ਅਸੀਂ ਇੱਕ ਇਕਰਾਰਨਾਮਾ ਕਰਾਂਗੇ ਮੇਰੇ ਲਈ ਤਿੰਨ ਵਰ੍ਹਿਆਂ ਦੀ ਇੱਕ ਗਾਂ, ਤਿੰਨ ਵਰ੍ਹਿਆਂ ਦੀ ਇੱਕ ਬੱਕਰੀ, ਤਿੰਨ ਵਰ੍ਹਿਆਂ ਦੀ ਇੱਕ ਭੇਡ ਅਤੇ ਇੱਕ ਘੁੱਗੀ ਅਤੇ ਕਬੂਤਰ ਵੀ ਲੈਕੇ ਆ।” 10 ਅਬਰਾਮ ਪਰਮੇਸ਼ੁਰ ਲਈ ਇਹ ਸਾਰੀਆਂ ਚੀਜ਼ਾਂ ਲੈ ਆਇਆ। ਅਬਰਾਮ ਨੇ ਇਨ੍ਹਾਂ ਜਾਨਵਰਾਂ ਨੂੰ ਦੋ ਟੁਕੜਿਆਂ ਵਿੱਚ ਵੱਢਿਆ। ਫ਼ੇਰ ਅਬਰਾਮ ਨੇ ਦੋਵੇਂ ਅਧੇ ਹਿਸਿਆਂ ਨੂੰ ਇੱਕ ਦੂਸਰੇ ਦੇ ਸਾਮ੍ਹਣੇ ਧਰ ਦਿੱਤਾ। ਅਬਰਾਮ ਨੇ ਪੰਛੀਆਂ ਦੇ ਟੋਟੇ ਨਹੀਂ ਕੀਤੇ। 11 ਬਾਦ ਵਿੱਚ ਵੱਡੇ ਪੰਛੀ ਪਸ਼ੂਆਂ ਨੂੰ ਖਾਣ ਲਈ ਹੇਠਾਂ ਉੱਤਰ ਆਏ। ਪਰ ਅਬਰਾਮ ਨੇ ਉਨ੍ਹਾਂ ਨੂੰ ਦੂਰ ਭਜਾ ਦਿੱਤਾ। 12 ਬਾਦ ਵਿੱਚ ਦਿਨ ਛਿਪਣ ਲੱਗਾ। ਅਬਰਾਮ ਨੂੰ ਬਹੁਤ ਨੀਂਦ ਆਈ ਅਤੇ ਉਹ ਸੌਂ ਗਿਆ। ਜਦੋਂ ਉਹ ਸੁੱਤਾ ਹੋਇਆ ਸੀ ਤਾਂ ਇੱਕ ਭਿਆਨਕ ਹਨੇਰਾ ਛਾ ਗਿਆ। 13 ਫ਼ੇਰ ਯਹੋਵਾਹ ਨੇ ਅਬਰਾਮ ਨੂੰ ਆਖਿਆ, “ਤੈਨੂੰ ਇਹ ਗੱਲਾਂ ਜਾਣ ਲੈਣੀਆਂ ਚਾਹੀਦੀਆਂ ਹਨ: ਤੇਰੇ ਉੱਤਰਾਧਿਕਾਰੀ ਅਜਿਹੇ ਦੇਸ਼ ਵਿੱਚ ਰਹਿਣਗੇ ਜਿਹੜਾ ਉਨ੍ਹਾਂ ਦਾ ਆਪਣਾ ਨਹੀਂ ਹੋਵੇਗਾ। ਉਹ ਉਥੇ ਅਜਨਬੀ ਹੋਣਗੇ। ਅਤੇ ਉਥੋਂ ਦੇ ਲੋਕ ਉਨ੍ਹਾਂ ਨੂੰ ਗੁਲਾਮ ਬਣਾ ਲੈਣਗੇ ਅਤੇ ਉਨ੍ਹਾਂ ਨਾਲ 400 ਵਰ੍ਹਿਆਂ ਤੱਕ ਬੁਰਾ ਸਲੂਕ ਕਰਨਗੇ। 14 ਪਰ ਫ਼ੇਰ ਮੈਂ ਉਸ ਕੌਮ ਨੂੰ ਸਜ਼ਾ ਦੇਵਾਂਗਾ ਜਿਸਨੇ ਉਨ੍ਹਾਂ ਨੂੰ ਗੁਲਾਮ ਬਣਾਇਆ ਹੋਵੇਗਾ। ਤੇਰੇ ਲੋਕ ਉਸ ਧਰਤੀ ਨੂੰ ਛੱਡ ਜਾਣਗੇ ਅਤੇ ਆਪਣੇ ਨਾਲ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਲੈ ਜਾਣਗੇ। 15 “ਤੂੰ ਖੁਦ ਬਹੁਤ ਲੰਮੀ ਉਮਰ ਭੋਗੇਂਗਾ। ਤੂੰ ਅਮਨ ਚੈਨ ਨਾਲ ਮਰੇਂਗਾ। ਅਤੇ ਤੈਨੂੰ ਤੇਰੇ ਪਰਿਵਾਰ ਨਾਲ ਦਫ਼ਨਾਇਆ ਜਾਵੇਗਾ। 16 ਚਾਰ ਪੀੜੀਆਂ ਬਾਦ ਤੇਰੇ ਲੋਕ ਇਸ ਧਰਤੀ ਉੱਤੇ ਫ਼ੇਰ ਆਉਣਗੇ। ਉਸ ਸਮੇਂ, ਤੇਰੇ ਲੋਕ ਅਮੋਰੀਆਂ ਨੂੰ ਹਰਾ ਦੇਣਗੇ। ਮੈਂ ਤੁਹਾਡੇ ਲੋਕਾਂ ਦੇ ਰਾਹੀਂ ਇੱਥੇ ਰਹਿਣ ਵਾਲੇ ਅਮੋਰੀਆਂ ਨੂੰ ਸਜ਼ਾ ਦੇਵਾਂਗਾ। ਇਹ ਗੱਲ ਭਵਿਖ ਵਿੱਚ ਹੋਵੇਗੀ, ਕਿਉਂਕਿ ਅਮੋਰੀ ਲੋਕ ਹਾਲੇ ਇਨੇ ਪਾਪੀ ਨਹੀਂ ਕਿ ਸਜ਼ਾ ਦੇ ਭਾਗੀ ਹੋਣ।” 17 ਸੂਰਜ ਛੁਪਣ ਤੋਂ ਬਾਦ, ਬਹੁਤ ਹਨੇਰਾ ਹੋ ਗਿਆ। ਮੁਰਦਾ ਜਾਨਵਰ ਹਾਲੇ ਵੀ ਧਰਤੀ ਉੱਤੇ ਪਏ ਸਨ - ਹਰੇਕ ਜਾਨਵਰ ਦੋ ਹਿਸਿਆਂ ਵਿੱਚ ਵੰਡਿਆ ਹੋਇਆ ਸੀ। ਉਸ ਵੇਲੇ, ਮਰੇ ਹੋਏ ਜਾਨਵਰਾਂ ਦੇ ਅਧੇ ਟੋਟਿਆਂ ਦੇ ਵਿਚਕਾਰੋਂ ਅੱਗ ਅਤੇ ਧੂੰਏਂ ਦੀ ਲਕੀਰ ਨਿਕਲੀ। 18 ਇਸ ਲਈ ਉਸ ਦਿਨ, ਯਹੋਵਾਹ ਨੇ ਅਬਰਾਮ ਨਾਲ ਇਹ ਆਖਦਿਆਂ ਹੋਇਆਂ ਇਕਰਾਰ ਕੀਤਾ, “ਮੈਂ ਇਹ ਧਰਤੀ ਤੇਰੇ ਉੱਤਰਾਧਿਕਾਰੀਆਂ ਨੂੰ ਦੇਵਾਂਗਾ। ਉਨ੍ਹਾਂ ਦੀ ਧਰਤੀ ਮਿਸਰ ਵਿਚਲੀ ਨੀਲ ਨਦੀ ਤੋਂ ਫ਼ਰਾਤ ਨਦੀ ਤਾਈਂ ਫੈਲੇਗੀ। 19 ਇਹ ਧਰਤੀ ਕੇਨੀ ਲੋਕਾਂ, ਕਨਿਜ਼ੀ ਲੋਕਾਂ, ਕਦਮੋਨੀ ਲੋਕਾਂ, 20 ਹਿੱਤੀ ਲੋਕਾਂ, ਪਰਿਜ਼ੀ ਲੋਕਾਂ, ਰਫਾਈਮ ਲੋਕਾਂ, 21 ਅਮੋਰੀ ਲੋਕਾਂ, ਕਨਾਨੀ ਲੋਕਾਂ, ਗਿਰਗਾਸ਼ੀ ਲੋਕਾਂ ਅਤੇ ਯਬੂਸੀ ਲੋਕਾਂ ਦੀ ਹੈ।

Genesis 16

1 ਸਾਰਈ ਅਬਰਾਮ ਦੀ ਪਤਨੀ ਸੀ। ਉਸਦੇ ਅਤੇ ਅਬਰਾਮ ਦੇ ਉਲਾਦ ਨਹੀਂ ਹੋਈ। ਸਾਰਈ ਦੀ ਮਿਸਰ ਦੀ ਇੱਕ ਦਾਸੀ ਸੀ। ਉਸਦਾ ਨਾਮ ਹਾਜਰਾ ਸੀ। 2 ਸਾਰਈ ਨੇ ਅਬਰਾਮ ਨੂੰ ਆਖਿਆ, “ਯਹੋਵਾਹ ਨੇ ਮੈਨੂੰ ਬੱਚੇ ਹੋਣ ਤੋਂ ਰੋਕ ਦਿੱਤਾ ਹੈ। ਇਸ ਲਈ ਮੇਰੀ ਦਾਸੀ ਹਾਜਰਾ ਨਾਲ ਸੰਭੋਗ ਕਰ। ਮੈਂ ਉਸਦੇ ਬੱਚੇ ਨੂੰ ਆਪਣੇ ਬੱਚੇ ਵਾਂਗ ਹੀ ਪ੍ਰਵਾਨ ਕਰਾਂਗੀ।” ਅਬਰਾਮ ਆਪਣੀ ਪਤਨੀ ਦੀ ਬੇਨਤੀ ਨਾਲ ਸਹਿਮਤ ਹੋ ਗਿਆ। 3 ਇਹ ਗੱਲ ਅਬਰਾਮ ਦੇ ਕਨਾਨ ਦੀ ਧਰਤੀ ਉੱਤੇ ਦਸ ਸਾਲ ਰਹਿ ਚੁੱਕਣ ਤੋਂ ਬਾਦ ਵਾਪਰੀ। ਸਾਰਈ ਨੇ ਹਾਜਰਾ ਨੂੰ ਆਪਣੇ ਪਤੀ ਦੀ ਪਤਨੀ ਹੋਣ ਲਈ ਸੌਂਪ ਦਿੱਤਾ। (ਹਾਜਰਾ ਉਸਦੀ ਮਿਸਰ ਦੀ ਦਾਸੀ ਸੀ।) 4 ਹਾਜਰਾ ਅਬਰਾਮ ਤੋਂ ਗਰਭਵਤੀ ਹੋ ਗਈ। ਜਦੋਂ ਹਾਜਰਾ ਨੂੰ ਇਹ ਪਤਾ ਲੱਗਾ ਤਾਂ ਉਸਦੀ ਮਾਲਕਣ ਨੂੰ ਹਾਜਰਾ ਦੀ ਨਿਗਾਹ ਵਿੱਚ ਇੰਨੀ ਇੱਜ਼ਤ ਨਹੀਂ ਮਿਲੀ। 5 ਪਰ ਸਾਰਈ ਨੇ ਅਬਰਾਮ ਨੂੰ ਆਖਿਆ, “ਮੇਰੀ ਦਾਸੀ ਹੁਣ ਮੈਨੂੰ ਨਫ਼ਰਤ ਕਰਦੀ ਹੈ। ਅਤੇ ਇਸ ਲਈ ਮੈਂ ਤੈਨੂੰ ਕਸੂਰਵਾਰ ਸਮਝਦੀ ਹਾਂ। ਮੈਂ ਉਸਨੂੰ ਤੈਨੂੰ ਸੌਂਪਿਆ। ਉਹ ਗਰਭਵਤੀ ਹੋਈ ਅਤੇ ਫ਼ੇਰ ਉਹ ਇਹ ਮਹਿਸੂਸ ਕਰਨ ਲੱਗ ਪਈ ਕਿ ਉਹ ਮੇਰੇ ਨਾਲੋਂ ਬਿਹਤਰ ਹੈ। ਮੈਂ ਚਾਹੁੰਦੀ ਹਾਂ ਕਿ ਯਹੋਵਾਹ ਇਸਦਾ ਨਿਰਣਾ ਕਰੇ ਕਿ ਸਾਡੇ ਵਿੱਚੋਂ ਕੌਣ ਸਹੀ ਹੈ।” 6 ਪਰ ਅਬਰਾਮ ਨੇ ਸਾਰਈ ਨੂੰ ਆਖਿਆ, “ਹਾਜਰਾ ਤੇਰੀ ਦਾਸੀ ਹੈ। ਤੂੰ ਉਸਦੇ ਨਾਲ ਜੋ ਚਾਹੇਂ ਸਲੂਕ ਕਰ ਸਕਦੀ ਹੈਂ।” ਇਸ ਤਰ੍ਹਾਂ ਸਾਰਈ ਆਪਣੀ ਦਾਸੀ ਨਾਲ ਬੁਰਾ ਸਲੂਕ ਕਰਨ ਲਗੀ ਅਤੇ ਹਾਜਰਾ ਘਰੋਂ ਭੱਜ ਗਈ। 7 ਯਹੋਵਾਹ ਦੇ ਦੂਤ ਨੇ ਹਾਜਰਾ ਨੂੰ ਮਾਰੂਥਲ ਅੰਦਰ ਇੱਕ ਟੋਭੇ ਦੇ ਕੰਢੇ ਪਿਆ ਦੇਖਿਆ। ਟੋਭਾ ਸੂਰ ਦੇ ਰਸਤੇ ਉੱਤੇ ਸੀ। 8 ਦੂਤ ਨੇ ਆਖਿਆ, “ਹਾਜਰਾ, ਤੂੰ ਸਾਰਈ ਦੀ ਦਾਸੀਂ ਹੈਂ। ਤੂੰ ਇੱਥੇ ਕੀ ਕਰ ਰਹੀ ਹੈਂ? ਤੂੰ ਕਿਧਰ ਜਾ ਰਹੀ ਹੈਂ?”ਹਾਜਰਾ ਨੇ ਆਖਿਆ, “ਮੈਂ ਸਾਰਈ ਤੋਂ ਦੂਰ ਭੱਜ ਰਹੀ ਹਾਂ।” 9 ਯਹੋਵਾਹ ਦੇ ਦੂਤ ਨੇ ਹਾਜਰਾ ਨੂੰ ਆਖਿਆ, “ਸਾਰਈ ਤੇਰੀ ਮਾਲਕਣ ਹੈ। ਉਸ ਕੋਲ ਘਰ ਚਲੀ ਜਾਹ ਅਤੇ ਉਸਦਾ ਹੁਕਮ ਮੰਨ। 10 ਯਹੋਵਾਹ ਦੇ ਦੂਤ ਨੇ ਹਾਜਰਾ ਨੂੰ ਇਹ ਵੀ ਆਖਿਆ, “ਤੇਰੇ ਤੋਂ ਬਹੁਤ ਲੋਕ ਪੈਦਾ ਹੋਣਗੇ। ਉਹ ਇੰਨੇ ਹੋਣਗੇ ਕਿ ਉਨ੍ਹਾਂ ਦੀ ਗਿਣਤੀ ਨਹੀਂ ਹੋ ਸਕੇਗੀ।” 11 ਯਹੋਵਾਹ ਦੇ ਦੂਤ ਨੇ ਇਹ ਵੀ ਆਖਿਆ,“ਹਾਜਰਾ, ਤੂੰ ਹੁਣ ਗਰਭਵਤੀ ਹੈਂ ਤੇਤੂੰ ਇੱਕ ਪੁੱਤਰ ਨੂੰ ਜਨਮ ਦੇਵੇਂਗੀ।ਤੂੰ ਉਸਦਾ ਨਾਮ ਇਸਮਾਏਲ ਰੱਖੀਂ।ਕਿਉਂਕਿ ਯਹੋਵਾਹ ਨੇ ਸੁਣ ਲਿਆ ਹੈ ਕਿ ਤੇਰੇ ਨਾਲ ਬੁਰਾ ਸਲੂਕ ਹੋਇਆ ਅਤੇ ਉਹ ਤੇਰੀ ਸਹਾਇਤਾ ਕਰੇਗਾ। 12 ਇਸਮਾਏਲ ਜੰਗਲੀ ਖੋਤੇ ਵਾਂਗ ਆਵਾਰਾਅਤੇ ਆਜ਼ਾਦ ਹੋਵੇਗਾ।ਉਹ ਹਰੇਕ ਦੇ ਵਿਰੁੱਧ ਹੋਵੇਗਾ।ਅਤੇ ਹਰ ਕੋਈ ਉਸਦੇ ਵਿਰੁੱਧ ਹੋਵੇਗਾ।ਉਹ ਥਾਂ-ਥਾਂ ਘੁੰਮੇਗਾ ਅਤੇ ਆਪਣੇ ਭਰਾਵਾਂ ਲਾਗੇ ਡੇਰਾ ਲਾਵੇਗਾ;ਪਰ ਉਹ ਉਨ੍ਹਾਂ ਦੇ ਵਿਰੁੱਧ ਹੋਵੇਗਾ।” 13 ਯਹੋਵਾਹ ਨੇ ਹਾਜਰਾ ਨਾਲ ਗੱਲ ਕੀਤੀ। ਉਸਨੇ ਯਹੋਵਾਹ ਨੂੰ ਜਿਸਨੇ ਉਸ ਨਾਲ ਗੱਲ ਕੀਤੀ ਇਉਂ ਬੁਲਾਇਆ, ‘ਪਰਮੇਸ਼ੁਰ ਜਿਹੜਾ ਮੇਰੇ ਵੱਲ ਧਿਆਨ ਦਿੰਦਾ।’ ਉਸਨੇ ਉਸਦਾ ਅਜਿਹਾ ਨਾਮ ਇਸ ਲਈ ਧਰਿਆ ਕਿਉਂਕਿ ਉਸਨੇ ਸੋਚਿਆ, “ਮੈਂ ਦੇਖਦੀ ਹਾਂ ਕਿ ਇੱਥੇ ਵੀ, ਪਰਮੇਸ਼ੁਰ ਮੈਨੂੰ ਦੇਖਦਾ ਹੈ ਅਤੇ ਮੇਰਾ ਧਿਆਨ ਰਖਦਾ ਹੈ!” 14 ਇਸ ਲਈ ਉਸ ਖੂਹ ਦਾ ਨਾਮ ਬਏਰ-ਲਹਈ-ਰੋਈ ਰੱਖਿਆ ਗਿਆ। ਉਹ ਖੂਹ ਕਾਦੇਸ ਅਤੇ ਬਰਦ ਦੇ ਵਿਚਕਾਰ ਹੈ। 15 ਹਾਜਰਾ ਨੇ ਅਬਰਾਮ ਦੇ ਪੁੱਤਰ ਨੂੰ ਜਨਮ ਦਿੱਤਾ ਅਤੇ ਅਬਰਾਮ ਨੇ ਪੁੱਤਰ ਦਾ ਨਾਮ ਇਸਮਾਏਲ ਰੱਖਿਆ। 16 ਅਬਰਾਮ ਉਦੋਂ 86 ਵਰ੍ਹਿਆਂ ਦਾ ਸੀ ਜਦੋਂ ਹਾਜਰਾ ਤੋਂ ਇਸਮਾਏਲ ਦਾ ਜਨਮ ਹੋਇਆ।

Genesis 17

1 ਜਦੋਂ ਅਬਰਾਮ 99 ਵਰ੍ਹਿਆਂ ਦਾ ਹੋਇਆ ਤਾਂ ਯਹੋਵਾਹ ਨੇ ਉਸਨੂੰ ਦਰਸ਼ਨ ਦਿੱਤਾ। ਯਹੋਵਾਹ ਨੇ ਆਖਿਆ, “ਮੈਂ ਸਰਬ ਸ਼ਕਤੀਮਾਨ ਪਰਮੇਸ਼ੁਰ ਹਾਂ। ਮੇਰੇ ਲਈ ਇਹ ਗੱਲਾਂ ਕਰ: ਮੇਰਾ ਹੁਕਮ ਮੰਨ ਅਤੇ ਸਹੀ ਢੰਗ ਨਾਲ ਜਿਉਂ। 2 ਜੇ ਤੂੰ ਅਜਿਹਾ ਕਰੇਂਗਾ, ਤਾਂ ਮੈਂ ਤੇਰੇ ਮੇਰੇ ਵਿਚਕਾਰ ਇੱਕ ਇਕਰਾਰਨਾਮਾ ਤਿਆਰ ਕਰਾਂਗਾ। ਮੈਂ ਤੇਰੇ ਲੋਕਾਂ ਨੂੰ ਮਹਾਨ ਕੌਮ ਬਨਾਉਣ ਦਾ ਇਕਰਾਰ ਦਿਆਂਗਾ। 3 ਫ਼ੇਰ ਅਬਰਾਮ ਨੇ ਪਰਮੇਸ਼ੁਰ ਨੂੰ ਸਿਜਦਾ ਕੀਤਾ। ਪਰਮੇਸ਼ੁਰ ਨੇ ਉਸਨੂੰ ਆਖਿਆ, 4 “ਮੇਰੇ ਹਿੱਸੇ ਦਾ ਇਕਰਾਰਨਾਮਾ ਇਹ ਹੈ: ਮੈਂ ਤੈਨੂੰ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਬਣਾ ਦਿਆਂਗਾ। 5 ਮੈਂ ਤੇਰਾ ਨਾਮ ਬਦਲ ਦਿਆਂਗਾ। ਤੇਰਾ ਨਾਮ ਅਬਰਾਮ ਨਹੀਂ ਹੋਵੇਗਾ - ਤੇਰਾ ਨਾਮ ਅਬਰਾਹਾਮ ਹੋਵੇਗਾ। ਮੈਂ ਤੈਨੂੰ ਇਹ ਨਾਮ ਇਸਲਈ ਦੇਵਾਂਗਾ ਕਿਉਂਕਿ ਮੈਂ ਤੈਨੂੰ ਅਨੇਕਾਂ ਕੌਮਾਂ ਦਾ ਪਿਤਾ ਬਣਾ ਰਿਹਾ ਹਾਂ। 6 ਮੈਂ ਤੈਨੂੰ ਬਹੁਤ ਸਾਰੇ ਉੱਤਰਾਧਿਕਾਰੀ ਦਿਆਂਗਾ। ਨਵੀਆਂ ਕੌਮਾਂ ਅਤੇ ਰਾਜੇ ਤੇਰੇ ਤੋਂ ਪੈਦਾ ਹੋਣਗੇ। 7 ਮੈਂ ਆਪਣਾ ਇਕਰਾਰਨਾਮਾ ਮੇਰੇ ਅਤੇ ਤੇਰੇ ਅਤੇ ਤੇਰੇ ਉੱਤਰਾਧਿਕਾਰੀਆਂ ਵਿਚਕਾਰ ਹਮੇਸ਼ਾ ਲਈ ਸਦੀਵੀ ਇਕਰਾਰਨਾਮੇ ਵਜੋਂ ਸਥਾਪਿਤ ਕਰ ਰਿਹਾ ਹਾਂ। ਮੈਂ ਤੇਰਾ ਪਰਮੇਸ਼ੁਰ ਹੋਵਾਂਗਾ ਅਤੇ ਤੇਰੇ ਸਾਰੇ ਉੱਤਰਾਧਿਕਾਰੀਆਂ ਦਾ ਪਰਮੇਸ਼ੁਰ ਹੋਵਾਂਗਾ। 8 ਅਤੇ ਮੈਂ ਇਹ ਧਰਤੀ ਤੈਨੂੰ ਤੇ ਤੇਰੇ ਉੱਤਰਾਧਿਕਾਰੀਆਂ ਨੂੰ ਦੇਵਾਂਗਾ। ਮੈਂ ਤੁਹਾਨੂੰ ਇਹ ਧਰਤੀ ਦੇ ਦਿਆਂਗਾ ਜਿਸ ਵਿੱਚੋਂ ਤੂੰ ਲੰਘ ਰਿਹਾ ਹੈਂ - ਕਨਾਨ ਦੀ ਧਰਤੀ। ਮੈਂ ਇਹ ਧਰਤੀ ਤੁਹਾਨੂੰ ਸਦਾ ਲਈ ਦੇ ਦੇਵਾਂਗਾ। ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ।” 9 ਅਤੇ ਪਰਮੇਸ਼ੁਰ ਨੇ ਅਬਰਾਹਾਮ ਨੂੰ ਆਖਿਆ, “ਹੁਣ ਤੇਰੇ ਹਿੱਸੇ ਦਾ ਇਕਰਾਰਨਾਮਾ ਇਹ ਹੈ। ਤੂੰ ਅਤੇ ਤੇਰੇ ਉੱਤਰਾਧਿਕਾਰੀ ਮੇਰੇ ਇਕਰਾਰਨਾਮੇ ਨੂੰ ਮੰਨਣਗੇ। 10 ਇਕਰਾਰਨਾਮਾ ਇਹ ਹੈ ਜਿਹੜਾ ਤੁਸੀਂ ਮੰਨੋਂਗੇ। ਇਹ ਇਕਰਾਰਨਾਮਾ ਤੁਹਾਡੇ ਤੇ ਮੇਰੇ ਵਿਚਕਾਰ ਹੈ। ਇਹ ਤੁਹਾਡੇ ਸਾਰੇ ਉੱਤਰਾਧਿਕਾਰੀਆਂ ਲਈ ਹੈ: ਜਿਹੜਾ ਵੀ ਮੁੰਡਾ ਜੰਮੇ ਉਸਦੀ ਸੁੰਨਤ ਕਰਨੀ ਜ਼ਰੂਰੀ ਹੈ। 11 ਤੁਸੀਂ ਇਹ ਦਰਸ਼ਾਉਣ ਲਈ ਮਾਸ ਨੂੰ ਕੱਟੋਂਗੇ ਕਿ ਤੁਸੀਂ ਮੇਰੇ ਤੇ ਤੁਹਾਡੇ ਦਰਮਿਆਨ ਹੋਏ ਇਕਰਾਰਨਾਮੇ ਉੱਤੇ ਚੱਲਦੇ ਹੋਂ। 12 ਜਦੋਂ ਪੁੱਤਰ ਅਠਾਂ ਦਿਨਾਂ ਦਾ ਹੋਵੇ, ਤੁਸੀਂ ਉਸਦੀ ਸੁੰਨਤ ਕਰ ਦੇਣੀ। ਕੋਈ ਵੀ ਮੁੰਡਾ ਜੋ ਤੁਹਾਡੇ ਘਰੇ ਜਨਮਿਆ ਜਾਂ ਭਾਵੇਂ ਕਿਸੇ ਵੀ ਵਿਦੇਸ਼ੀ ਗੁਲਾਮ ਦੇ ਘਰੇ ਜਿਸਨੂੰ ਤੁਸੀਂ ਖਰੀਦਿਆ ਹੋਵੇ ਜੋ ਤੁਹਾਡੇ ਨਾਲ ਸੰਬੰਧਿਤ ਨਹੀਂ ਹਨ, ਉਸਦੀ ਸੁੰਨਤ ਹੋਣੀ ਚਾਹੀਦੀ ਹੈ। 13 ਇਸ ਲਈ ਤੁਹਾਡੇ ਉੱਤਰਾਧਿਕਾਰੀਆਂ ਦਰਮਿਆਨ ਹਰ ਮੁੰਡੇ ਦੀ ਸੁੰਨਤ ਹੋਵੇਗੀ। ਜੋ ਵੀ ਮੁੰਡਾ ਤੁਹਾਡੇ ਪਰਿਵਾਰ ਵਿੱਚ ਜੰਮੇ ਜਾਂ ਗੁਲਾਮ ਵਜੋਂ ਖਰੀਦਿਆ ਜਾਵੇ, ਉਸਦੀ ਸੁੰਨਤ ਹੋਣੀ ਚਾਹੀਦੀ ਹੈ। ਇਸ ਤਰ੍ਹਾਂ, ਮੇਰਾ ਇਕਰਾਰਨਾਮਾ ਸਦੀਵੀ ਇਕਰਾਰਨਾਮੇ ਵਜੋਂ ਤੁਹਾਡੇ ਸ਼ਰੀਰਾਂ ਉੱਤੇ ਨਿਸ਼ਾਨਿਆਂ ਜਾਵੇਗਾ। 14 ਅਬਰਾਹਾਮ, ਤੇਰੇ ਤੇ ਮੇਰੇ ਦਰਮਿਆਨ ਇਕਰਾਰਨਾਮਾ ਇਹ ਹੈ: ਕੋਈ ਵੀ ਆਦਮੀ ਜਿਸਦੀ ਸੁੰਨਤ ਨਾ ਹੋਈ ਹੋਵੇ ਉਸਨੂੰ ਆਪਣੇ ਲੋਕਾਂ ਵਿੱਚੋਂ ਛੇਕ ਦੇਣਾ ਚਾਹੀਦਾ ਹੈ। ਕਿਉਂਕਿ ਉਸ ਬੰਦੇ ਨੇ ਮੇਰਾ ਇਕਰਾਰਨਾਮਾ ਤੋੜਿਆ ਹੈ।” 15 ਪਰਮੇਸ਼ੁਰ ਨੇ ਅਬਰਾਹਾਮ ਨੂੰ ਆਖਿਆ, “ਮੈਂ ਤੇਰੀ ਪਤਨੀ ਸਾਰਈ ਨੂੰ ਨਵਾਂ ਨਾਮ ਦਿਆਂਗਾ। ਉਸਦਾ ਨਾਮ ਸਾਰਾਹ ਹੋਵੇਗਾ। 16 ਮੈਂ ਉਸ ਨੂੰ ਅਸੀਸ ਦੇਵਾਂਗਾ। ਮੈਂ ਉਸਨੂੰ ਇੱਕ ਪੁੱਤਰ ਦੇਵਾਂਗਾ ਅਤੇ ਤੂੰ ਉਸਦਾ ਪਿਤਾ ਹੋਵੇਂਗਾ। ਉਹ ਅਨੇਕਾਂ ਨਵੀਆਂ ਕੌਮਾਂ ਦੀ ਮਾਤਾ ਹੋਵੇਗੀ। ਉਸ ਤੋਂ ਕੌਮਾਂ ਦੇ ਰਾਜੇ ਪੈਦਾ ਹੋਣਗੇ।” 17 ਅਬਰਾਹਾਮ ਨੇ ਧਰਤੀ ਤੇ ਝੁਕ ਕੇ ਸਿਜਦਾ ਕੀਤਾ ਇਹ ਦਰਸਾਉਣ ਲਈ ਕਿ ਉਹ ਪਰਮੇਸ਼ੁਰ ਦਾ ਆਦਰ ਕਰਦਾ ਸੀ। ਪਰ ਉਹ ਹੱਸ ਪਿਆ ਅਤੇ ਮਨ ਵਿੱਚ ਸੋਚਿਆ, “ਮੈਂ 100 ਵਰ੍ਹਿਆਂ ਦਾ ਹੋ ਗਿਆ ਹਾਂ। ਮੈਂ ਪੁੱਤਰ ਪੈਦਾ ਨਹੀਂ ਕਰ ਸਕਦਾ। ਅਤੇ ਸਾਰਾਹ 90 ਵਰ੍ਹਿਆਂ ਦੀ ਹੈ। ਉਹ ਬੱਚਾ ਪੈਦਾ ਨਹੀਂ ਕਰ ਸਕਦੀ।” 18 ਫ਼ੇਰ ਅਬਰਾਹਾਮ ਨੇ ਪਰਮੇਸ਼ੁਰ ਨੂੰ ਆਖਿਆ, “ਕੀ ਤੂੰ ਇਸਮਾਏਲ ਰਾਹੀਂ ਆਪਣਾ ਇਕਰਾਰ ਜਾਰੀ ਨਹੀਂ ਰੱਖ ਸਕਦਾ।” 19 ਪਰਮੇਸ਼ੁਰ ਨੇ ਆਖਿਆ, “ਨਹੀਂ! ਮੈਂ ਆਖਿਆ ਸੀ ਕਿ ਤੇਰੀ ਪਤਨੀ ਸਾਰਾਹ ਪੁੱਤਰ ਨੂੰ ਜਨਮ ਦੇਵੇਗੀ। ਤੂੰ ਉਸਦਾ ਨਾਮ ਇਸਹਾਕ ਰਖੀਂ। ਮੈਂ ਉਸ ਨਾਲ ਇਕਰਾਰਨਾਮਾ ਕਰਾਂਗਾ। ਉਹ ਇਕਰਾਰਨਾਮਾ ਅਜਿਹਾ ਇਕਰਾਰਨਾਮਾ ਹੋਵੇਗਾ ਜਿਹੜਾ ਉਸਦੇ ਉੱਤਰਾਧਿਕਾਰੀਆਂ ਨਾਲ ਸਦਾ ਜਾਰੀ ਰਹੇਗਾ। 20 “ਤੂੰ ਇਸਮਾਏਲ ਦਾ ਜ਼ਿਕਰ ਕੀਤਾ ਸੀ। ਅਤੇ ਮੈਂ ਸੁਣ ਲਿਆ ਹੈ। ਮੈਂ ਉਸਨੂੰ ਅਸੀਸ ਦੇਵਾਂਗਾ। ਉਸਦੇ ਬਹੁਤ ਸਾਰੇ ਬੱਚੇ ਹੋਣਗੇ। ਉਹ ਬਾਰ੍ਹਾਂ ਮਹਾਨ ਆਗੂਆਂ ਦਾ ਪਿਤਾ ਹੋਵੇਗਾ। ਉਸਦਾ ਪਰਿਵਾਰ ਇੱਕ ਮਹਾਨ ਕੌਮ ਬਣ ਜਾਵੇਗਾ। 21 ਪਰ ਮੈਂ ਆਪਣਾ ਇਕਰਾਰਨਾਮਾ ਇਸਹਾਕ ਨਾਲ ਕਰਾਂਗਾ। ਇਸਹਾਕ ਉਹ ਪੁੱਤਰ ਹੋਵੇਗਾ ਜਿਸਨੂੰ ਸਾਰਾਹ ਜਨਮ ਦੇਵੇਗੀ। ਇਸ ਪੁੱਤਰ ਦਾ ਜਨਮ ਅਗਲੇ ਸਾਲ ਇਸੇ ਸਮੇਂ ਹੋਵੇਗਾ।” 22 ਜਦੋਂ ਪਰਮੇਸ਼ੁਰ ਅਬਰਾਹਾਮ ਨਾਲ ਗੱਲ ਕਰ ਹਟਿਆ ਤਾਂ ਪਰਮੇਸ਼ੁਰ ਉੱਪਰ ਅਕਾਸ਼ ਵਿੱਚ ਚਲਿਆ ਗਿਆ। 23 ਪਰਮੇਸ਼ੁਰ ਨੇ ਅਬਰਾਹਾਮ ਨੂੰ ਆਖਿਆ ਸੀ ਕਿ ਉਹ ਆਪਣੇ ਪਰਿਵਾਰ ਦੇ ਸਾਰੇ ਆਦਮੀਆਂ ਅਤੇ ਮੁੰਡਿਆਂ ਦੀ ਸੁੰਨਤ ਕਰ ਦੇਵੇ। ਇਸ ਲਈ ਅਬਰਾਹਾਮ ਨੇ ਇਸਮਾਏਲ ਅਤੇ ਆਪਣੇ ਘਰ ਵਿੱਚ ਜਨਮੇ ਸਾਰੇ ਗੁਲਾਮਾਂ ਨੂੰ ਇਕਠਿਆਂ ਕਰ ਲਿਆ। ਅਬਰਾਹਾਮ ਨੇ ਉਨ੍ਹਾਂ ਗੁਲਾਮਾਂ ਨੂੰ ਵੀ ਇਕਠਾ ਕਰ ਲਿਆ ਜਿਨ੍ਹਾਂ ਨੂੰ ਪੈਸੇ ਨਾਲ ਖਰੀਦਿਆ ਗਿਆ ਸੀ। ਅਬਰਾਹਾਮ ਦੇ ਘਰ ਦੇ ਹਰੇਕ ਆਦਮੀ ਅਤੇ ਮੁੰਡੇ ਨੂੰ ਇਕਠਿਆਂ ਕਰ ਲਿਆ ਗਿਆ ਅਤੇ ਉਨ੍ਹਾਂ ਸਾਰਿਆਂ ਦੀ ਸੁੰਨਤ ਕਰ ਦਿੱਤੀ ਜਿਵੇਂ ਕਿ ਪਰਮੇਸ਼ੁਰ ਨੇ ਆਖਿਆ ਸੀ। 24 ਅਬਰਾਹਾਮ 99 ਸਾਲਾਂ ਦਾ ਸੀ ਜਦੋਂ ਉਸਦੀ ਸੁੰਨਤ ਕੀਤੀ ਗਈ। 25 ਅਤੇ ਉਸਦਾ ਪੁੱਤਰ, ਇਸਮਾਏਲ 13 ਵਰ੍ਹਿਆਂ ਦਾ ਸੀ ਜਦੋਂ ਉਸਦੀ ਸੁੰਨਤ ਕੀਤੀ ਗਈ। 26 ਅਬਰਾਹਾਮ ਅਤੇ ਉਸਦੇ ਪੁੱਤਰ ਇਸਮਾਏਲ ਦੀ ਉਸ ਇੱਕੋ ਦਿਨ ਸੁੰਨਤ ਕੀਤੀ ਗਈ। 27 ਅਤੇ ਓਸੇ ਦਿਨ ਹੀ ਅਬਰਾਹਾਮ ਦੇ ਘਰ ਦੇ ਸਾਰੇ ਆਦਮੀਆਂ ਦੀ ਸੁੰਨਤ ਕੀਤੀ ਗਈ। ਉਸਦੇ ਘਰ ਜੰਮੇ ਸਾਰੇ ਗੁਲਾਮਾਂ ਅਤੇ ਖਰੀਦੇ ਹੋਏ ਸਾਰੇ ਗੁਲਾਮਾਂ ਦੀ ਸੁੰਨਤ ਕੀਤੀ ਗਈ।

Genesis 18

1 ਬਾਦ ਵਿੱਚ, ਯਹੋਵਾਹ ਨੇ ਫ਼ੇਰ ਅਬਰਾਹਾਮ ਨੂੰ ਦਰਸ਼ਨ ਦਿੱਤਾ। ਅਬਰਾਹਾਮ ਮਮਰੇ ਦੇ ਬਲੂਤ ਦੇ ਰੁਖਾਂ ਨੇੜੇ ਰਹਿ ਰਿਹਾ ਸੀ। ਇੱਕ ਦਿਨ, ਸਖ਼ਤ ਗਰਮੀ ਵੇਲੇ, ਅਬਰਾਹਾਮ ਆਪਣੇ ਤੰਬੂ ਦੇ ਦਰਵਾਜ਼ੇ ਉੱਤੇ ਬੈਠਾ ਹੋਇਆ ਸੀ। 2 ਅਬਰਾਹਾਮ ਨੇ ਉੱਪਰ ਵੱਲ ਤਕਿਆ ਅਤੇ ਤਿੰਨ ਆਦਮੀਆਂ ਨੂੰ ਆਪਣੇ ਸਾਮ੍ਹਣੇ ਖਲੋਤਿਆਂ ਦੇਖਿਆ। ਜਦੋਂ ਉਸਨੇ ਉਨ੍ਹਾਂ ਨੂੰ ਦੇਖਿਆ, ਉਹ ਉਨ੍ਹਾਂ ਵੱਲ ਦੌੜਿਆ ਅਤੇ ਉਨ੍ਹਾਂ ਨੂੰ ਧਰਤੀ ਉੱਤੇ ਝੁਕ ਕੇ ਸਨਮਾਨ ਦਿੱਤਾ। 3 ਅਬਰਾਹਾਮ ਨੇ ਆਖਿਆ, “ਸ਼੍ਰੀਮਾਨ ਜੀਓ, ਕੁਝ ਸਮਾਂ ਮੇਰੇ ਨਾਲ, ਆਪਣੇ ਨੌਕਰ, ਨਾਲ ਠਹਿਰੋ। 4 ਮੈਂ ਤੁਹਾਡੇ ਚਰਨ ਧੋਣ ਲਈ ਕੁਝ ਪਾਣੀ ਲਿਆਉਂਦਾ ਹਾਂ। ਤੁਸੀਂ ਰੁਖਾਂ ਹੇਠਾਂ ਆਰਾਮ ਕਰ ਸਕਦੇ ਹੋਂ। 5 ਮੈਂ ਤੁਹਾਡੇ ਲਈ ਕੁਝ ਭੋਜਨ ਲਿਆਉਂਦਾ ਹਾਂ ਅਤੇ ਤੁਸੀਂ ਰਜ ਕੇ ਛਕੋ। ਫ਼ੇਰ ਤੁਸੀਂ ਆਪਣਾ ਸਫ਼ਰ ਜਾਰੀ ਰੱਖ ਸਕਦੇ ਹੋਂ।”ਤਿੰਨਾਂ ਆਦਮੀਆਂ ਨੇ ਆਖਿਆ, “ਚੰਗੀ ਗੱਲ ਹੈ। ਅਸੀਂ ਓਵੇਂ ਹੀ ਕਰਾਂਗੇ ਜਿਵੇਂ ਤੂੰ ਆਖਦਾ ਹੈਂ।” 6 ਅਬਰਾਹਾਮ ਭੱਜ ਕੇ ਤੰਬੂ ਵੱਲ ਗਿਆ। ਅਬਰਾਹਾਮ ਨੇ ਸਾਰਾਹ ਨੂੰ ਆਖਿਆ, “ਛੇਤੀ ਨਾਲ ਤਿੰਨ ਆਦਮੀਆਂ ਲਈ ਚੋਖਾ ਸਾਰਾ ਆਟਾ ਗੁੰਨ੍ਹ ਅਤੇ ਤਿੰਨ ਰੋਟੀਆਂ ਪਕਾ।” 7 ਫ਼ੇਰ ਅਬਰਾਹਾਮ ਆਪਣੇ ਪਸ਼ੂਆਂ ਵੱਲ ਦੌੜਿਆ। ਅਬਰਾਹਾਮ ਨੇ ਆਪਣਾ ਸਭ ਤੋਂ ਚੰਗਾ ਵੱਛਾ ਲਿਆ। ਅਬਰਾਹਾਮ ਨੇ ਵੱਛਾ ਨੌਕਰ ਨੂੰ ਦੇ ਦਿੱਤਾ। ਅਬਰਾਹਾਮ ਨੇ ਨੌਕਰ ਨੂੰ ਆਖਿਆ ਕਿ ਛੇਤੀ ਨਾਲ ਵਛਾ ਜਿਬਾਹ ਕਰੇ ਅਤੇ ਇਸਦਾ ਭੋਜਨ ਤਿਆਰ ਕਰੇ। 8 ਅਬਰਾਹਾਮ ਨੇ ਮਾਸ, ਦੁਧ ਅਤੇ ਮੱਖਣ ਲਿਆਂਦਾ ਅਤੇ ਇਨ੍ਹਾਂ ਨੂੰ ਤਿੰਨਾ ਆਦਮੀਆਂ ਅੱਗੇ ਧਰ ਦਿੱਤਾ। ਫ਼ੇਰ ਉਹ ਉਨ੍ਹਾਂ ਦੇ ਨੇੜੇ ਖਲੋ ਗਿਆ ਜਦੋਂ ਉਹ ਰੁਖ ਹੇਠਾਂ ਬੈਠੇ ਹੋਏ ਭੋਜਨ ਛਕ ਰਹੇ ਸਨ। 9 ਫ਼ੇਰ ਆਦਮੀਆਂ ਨੇ ਅਬਰਾਹਾਮ ਨੂੰ ਆਖਿਆ, “ਤੇਰੀ ਪਤਨੀ ਸਾਰਾਹ ਕਿੱਥੇ ਹੈ?”ਅਬਰਾਹਾਮ ਨੇ ਆਖਿਆ, “ਉਹ ਤੰਬੂ ਵਿੱਚ ਹੈ।” 10 ਤਾਂ ਯਹੋਵਾਹ ਨੇ ਆਖਿਆ, “ਮੈਂ ਬਹਾਰ ਦੇ ਮੌਸਮ ਵਿੱਚ ਫ਼ੇਰ ਆਵਾਂਗਾ। ਓਸ ਸਮੇਂ, ਤੇਰੀ ਪਤਨੀ ਸਾਰਾਹ ਇੱਕ ਪੁੱਤਰ ਨੂੰ ਜਨਮ ਦੇਵੇਗੀ।”ਸਾਰਾਹ ਤੰਬੂ ਵਿੱਚ ਖਲੋਤੀ ਇਹ ਗੱਲਾਂ ਸੁਣ ਰਹੀ ਸੀ। 11 ਅਬਰਾਹਾਮ ਅਤੇ ਸਾਰਾਹ ਬਹੁਤ ਬਿਰਧ ਸਨ। ਸਾਰਾਹ ਬੱਚੇ ਜਣਨ ਦੀ ਉਮਰ ਟੱਪ ਚੁੱਕੀ ਸੀ। 12 ਇਸ ਲਈ ਸਾਰਾਹ ਨੇ ਜੋ ਸੁਣਿਆ ਸੀ ਉਸਤੇ ਵਿਸ਼ਵਾਸ ਨਹੀਂ ਕੀਤਾ। ਉਹ ਦਿਲ ਵਿੱਚ ਹੱਸੀ ਅਤੇ ਆਖਿਆ, “ਮੈਂ ਬੁੱਢੀ ਹਾਂ ਤੇ ਮੇਰਾ ਪਤੀ ਬੁੱਢਾ ਹੈ। ਮੈਂ ਇੰਨੀ ਬੁੱਢੀ ਹਾਂ ਕਿ ਬੱਚਾ ਨਹੀਂ ਜਣ ਸਕਦੀ।” 13 ਤਾਂ ਯਹੋਵਾਹ ਨੇ ਅਬਰਾਹਾਮ ਨੂੰ ਆਖਿਆ, “ਸਾਰਾਹ ਹਸੀ ਸੀ ਅਤੇ ਉਸਨੇ ਆਖਿਆ ਸੀ ਕਿ ਉਹ ਇੰਨੀ ਬੁੱਢੀ ਉਮਰੇ ਬੱਚਾ ਨਹੀਂ ਜਣ ਸਕਦੀ। 14 ਕੀ ਯਹੋਵਾਹ ਲਈ ਕੋਈ ਗੱਲ ਇੰਨੀ ਔਖੀ ਹੈ? ਨਹੀਂ! ਮੈਂ ਬਹਾਰ ਦੇ ਮੌਸਮ ਵਿੱਚ ਫ਼ੇਰ ਆਵਾਂਗਾ, ਜਦੋਂ ਮੈਂ ਆਖਿਆ ਹੈ ਤਾਂ ਆਵਾਂਗਾ। ਅਤੇ ਤੇਰੀ ਪਤਨੀ ਸਾਰਾਹ ਪੁੱਤਰ ਨੂੰ ਜਨਮ ਦੇਵੇਗੀ।” 15 ਪਰ ਸਾਰਾਹ ਨੇ ਆਖਿਆ, “ਮੈਂ ਨਹੀਂ ਹਸੀ!” (ਉਸਨੇ ਇਹ ਗੱਲ ਇਸ ਵਾਸਤੇ ਆਖੀ ਕਿਉਂਕਿ ਉਹ ਡਰ ਗਈ ਸੀ।)ਪਰ ਯਹੋਵਾਹ ਨੇ ਆਖਿਆ, “ਨਹੀਂ! ਮੈਂ ਜਾਣਦਾ ਹਾਂ ਕਿ ਇਹ ਸੱਚ ਨਹੀਂ ਹੈ। ਤੂੰ ਜ਼ਰੂਰ ਹਸੀ ਸੀ। 16 ਫ਼ੇਰ ਆਦਮੀ ਜਾਣ ਲਈ ਉਠ ਖਲੋਤੇ। ਉਨ੍ਹਾਂ ਨੇ ਸਦੂਮ ਵੱਲ ਦੇਖਿਆ ਅਤੇ ਉਸ ਦਿਸ਼ਾ ਵੱਲ ਸਫ਼ਰ ਕਰਨਾ ਆਰੰਭ ਕਰ ਦਿੱਤਾ। ਅਬਰਾਹਾਮ ਉਨ੍ਹਾਂ ਨੂੰ ਛੱਡਣ ਲਈ ਕੁਝ ਦੂਰ ਉਨ੍ਹਾਂ ਦੇ ਨਾਲ ਗਿਆ। 17 ਯਹੋਵਾਹ ਨੇ ਮਨ ਵਿੱਚ ਆਖਿਆ, “ਕੀ ਮੈਨੂੰ ਅਬਰਾਹਾਮ ਨੂੰ ਉਹ ਗੱਲ ਦੱਸ ਦੇਣੀ ਚਾਹੀਦੀ ਹੈ ਜਿਹੜੀ ਮੈਂ ਹੁਣ ਕਰਾਂਗਾ? 18 ਅਬਰਾਹਾਮ ਇੱਕ ਮਹਾਨ ਤੇ ਸ਼ਕਤੀਸ਼ਾਲੀ ਕੌਮ ਬਣ ਜਾਵੇਗਾ। ਅਤੇ ਧਰਤੀ ਦੇ ਸਾਰੇ ਲੋਕਾਂ ਨੂੰ ਉਸਦੇ ਕਾਰਣ ਅਸੀਸ ਮਿਲੇਗੀ। 19 ਕਿਉਂਕਿ ਮੈਂ ਉਸਨੂੰ ਜਾਣਦਾ ਹਾਂ, ਇਸ ਲਈ ਮੈਂ ਅਬਰਾਹਾਮ ਨਾਲ ਇੱਕ ਖਾਸ ਇਕਰਾਰਨਾਮਾ ਕੀਤਾ ਹੈ ਤਾਂ ਜੋ ਉਹ ਆਪਣੇ ਬੱਚਿਆਂ ਅਤੇ ਆਪਣੇ ਉੱਤਰਾਧਿਕਾਰੀਆਂ ਨੂੰ ਯਹੋਵਾਹ ਦੀ ਰਜ਼ਾ ਅਨੁਸਾਰ ਜਿਉਣ ਦੀ ਹਿਦਾਇਤ ਦੇਵੇ ਅਤੇ ਉਹ ਸਹੀ ਢੰਗ ਨਾਲ ਜੀਵਨ ਜਿਉਣ ਅਤੇ ਨਿਆਂਪੂਰਣ ਹੋਣ। ਫ਼ੇਰ ਮੈਂ, ਯਹੋਵਾਹ, ਉਸਨੂੰ ਉਹ ਚੀਜ਼ਾਂ ਦੇ ਸਕਾਂਗਾ ਜਿਨ੍ਹਾਂ ਦਾ ਮੈਂ ਇਕਰਾਰ ਕੀਤਾ ਸੀ।” 20 ਫ਼ੇਰ ਯਹੋਵਾਹ ਨੇ ਆਖਿਆ, “ਮੈਂ ਬਹੁਤ ਵਾਰੀ ਸੁਣਿਆ ਹੈ ਕਿ ਸਦੂਮ ਅਤੇ ਅਮੂਰਾਹ ਦੇ ਲੋਕ ਬਹੁਤ ਮਾੜੇ ਹਨ। 21 ਇਸ ਲਈ ਮੈਂ ਜਾਕੇ ਦੇਖਾਂਗਾ ਕਿ ਕੀ ਹਾਲਾਤ ਇੰਨੇ ਹੀ ਮਾੜੇ ਹਨ ਜਿੰਨੇ ਮੈਂ ਸੁਣੇ ਹਨ। ਫੇਰ ਮੈਨੂੰ ਯਕੀਨ ਹੋ ਜਾਵੇਗਾ।” 22 ਇਸ ਤਰ੍ਹਾਂ ਆਦਮੀ ਮੁੜ ਪਏ ਅਤੇ ਸਦੂਮ ਵੱਲ ਤੁਰ ਪਏ। ਪਰ ਅਬਰਾਹਾਮ ਓਥੇ ਯਹੋਵਾਹ ਦੇ ਸਨਮੁਖ ਖਲੋਤਾ ਸੀ। 23 ਫ਼ੇਰ ਅਬਰਾਹਾਮ ਯਹੋਵਾਹ ਵੱਲ ਆਇਆ ਤੇ ਆਖਿਆ, “ਯਹੋਵਾਹ, ਕੀ ਤੂੰ ਬੁਰੇ ਲੋਕਾਂ ਦੇ ਨਾਲ ਨੇਕ ਬੰਦਿਆਂ ਨੂੰ ਵੀ ਤਬਾਹ ਕਰਨ ਦੀ ਸੋਚ ਰਿਹਾ ਹੈਂ? 24 ਜੇ ਉਸ ਸ਼ਹਿਰ ਵਿੱਚ 50 ਨੇਕ ਆਦਮੀ ਹੋਣ, ਤਾਂ ਕੀ ਹੋਵੇਗਾ? ਕੀ ਫ਼ੇਰ ਵੀ ਤੂੰ ਉਸ ਸ਼ਹਿਰ ਨੂੰ, ਉਨ੍ਹਾਂ 50 ਚੰਗੇ ਲੋਕਾਂ ਦੀ ਖਾਤਿਰ ਬਚਾਉਣ ਦੀ ਬਜਾਇ ਤਬਾਹ ਕਰ ਦੇਵੇਂਗਾ। 25 ਤੈਨੂੰ ਸ਼ਹਿਰ ਨੂੰ ਤਬਾਹ ਨਹੀਂ ਕਰਨਾ ਚਾਹੀਦਾ। ਤੈਨੂੰ ਬੁਰੇ ਬੰਦਿਆਂ ਨੂੰ ਮਾਰਨ ਲਈ 50 ਨੇਕ ਬੰਦਿਆਂ ਨੂੰ ਤਬਾਹ ਨਹੀਂ ਕਰਨਾ ਚਾਹੀਦਾ। ਜੇ ਅਜਿਹਾ ਵਾਪਰੇਗਾ ਤਾਂ ਨੇਕ ਬੰਦੇ ਅਤੇ ਬਦ ਬੰਦੇ ਇੱਕੋ ਜਿਹੇ ਹੋਣਗੇ - ਉਨ੍ਹਾਂ ਦੋਹਾਂ ਨੂੰ ਸਜ਼ਾ ਮਿਲੇਗੀ। ਤੂੰ ਸਾਰੀ ਦੁਨੀਆਂ ਦਾ ਮੁਨਸਿਫ਼ ਹੈਂ। ਮੈਂ ਜਾਣਦਾ ਹਾਂ ਕਿ ਤੂੰ ਸਹੀ ਗੱਲ ਕਰੇਂਗਾ।” 26 ਫ਼ੇਰ ਯਹੋਵਾਹ ਨੇ ਆਖਿਆ, “ਜੇ ਮੈਨੂੰ ਸਦੂਮ ਦੇ ਸ਼ਹਿਰ ਵਿੱਚ 50 ਨੇਕ ਬੰਦੇ ਮਿਲ ਜਾਣਗੇ ਤਾਂ ਮੈਂ ਸਾਰੇ ਸ਼ਹਿਰ ਨੂੰ ਬਚਾ ਲਵਾਂਗਾ।” 27 ਤਾਂ ਅਬਰਾਹਾਮ ਨੇ ਆਖਿਆ, “ਤੇਰੇ ਸਾਮ੍ਹਣੇ ਤਾਂ ਯਹੋਵਾਹ ਮੈਂ ਸਿਰਫ਼ ਖਾਕ ਅਤੇ ਰਾਖ ਹਾਂ। ਪਰ ਮੈਂ ਤੈਨੂੰ ਇੱਕ ਵਾਰੀ ਫ਼ੇਰ ਖੇਚਲ ਦੇਣਾ ਚਾਹੁੰਦਾ ਹਾਂ ਅਤੇ ਤੇਰੇ ਕੋਲੋਂ ਇਹ ਸਵਾਲ ਪੁਛਦਾ ਹਾਂ: 28 ਜੇ ਭਲਾ ਪੰਜ ਨੇਕ ਆਦਮੀ ਘੱਟ ਹੋਣ ਫ਼ੇਰ ਕੀ ਹੋਵੇਗਾ? ਜੇ ਉਸ ਸ਼ਹਿਰ ਵਿੱਚ ਸਿਰਫ਼ 45 ਨੇਕ ਆਦਮੀ ਹੋਏ, ਫ਼ੇਰ? ਕੀ ਤੂੰ ਸਿਰਫ਼ ਪੰਜ ਬੰਦਿਆਂ ਕਾਰਣ ਸਾਰੇ ਸ਼ਹਿਰ ਨੂੰ ਤਬਾਹ ਕਰ ਦੇਵੇਂਗਾ?”ਯਹੋਵਾਹ ਨੇ ਆਖਿਆ, “ਜੇ ਮੈਨੂੰ ਓਥੇ 45 ਨੇਕ ਬੰਦੇ ਮਿਲ ਗਏ ਤਾਂ ਮੈਂ ਸ਼ਹਿਰ ਨੂੰ ਤਬਾਹ ਨਹੀਂ ਕਰਾਂਗਾ।” 29 ਅਬਰਾਹਾਮ ਫ਼ੇਰ ਬੋਲਿਆ। ਉਸਨੇ ਆਖਿਆ, “ਅਤੇ ਜੇ ਤੁਹਾਨੂੰ ਓਥੇ ਸਿਰਫ਼ 40 ਨੇਕ ਬੰਦੇ ਮਿਲੇ ਤਾਂ ਕੀ ਤੂੰ ਸ਼ਹਿਰ ਨੂੰ ਤਬਾਹ ਕਰ ਦੇਵੇਂਗਾ?”ਯਹੋਵਾਹ ਨੇ ਆਖਿਆ, “ਜੇ ਮੈਨੂੰ 40 ਨੇਕ ਬੰਦੇ ਮਿਲ ਗਏ ਤਾਂ ਮੈਂ ਸ਼ਹਿਰ ਨੂੰ ਤਬਾਹ ਨਹੀਂ ਕਰਾਂਗਾ।” 30 ਫ਼ੇਰ ਅਬਰਾਹਾਮ ਨੇ ਆਖਿਆ, “ਯਹੋਵਾਹ, ਕਿਰਪਾ ਕਰਕੇ ਮੇਰੇ ਨਾਲ ਨਾਰਾਜ਼ ਨਾ ਹੋਣਾ। ਮੈਨੂੰ ਇਹ ਗਲ ਪੁਛਣ ਦੀ ਇਜਾਜ਼ਤ ਦੇ: ਜੇ ਤੁਹਾਨੂੰ ਸ਼ਹਿਰ ਵਿੱਚ 30 ਨੇਕ ਬੰਦੇ ਮਿਲ ਗਏ ਤਾਂ ਕੀ ਤੂੰ ਸ਼ਹਿਰ ਨੂੰ ਤਬਾਹ ਕਰ ਦੇਵੇਂਗਾ?”ਯਹੋਵਾਹ ਨੇ ਆਖਿਆ, “ਜੇ ਮੈਨੂੰ 30 ਨੇਕ ਬੰਦੇ ਮਿਲ ਗਏ ਤਾਂ ਮੈਂ ਸ਼ਹਿਰ ਨੂੰ ਤਬਾਹ ਨਹੀਂ ਕਰਾਂਗਾ।” 31 ਫ਼ੇਰ ਅਬਰਾਹਾਮ ਨੇ ਆਖਿਆ, “ਕੀ ਮੈਂ ਤੈਨੂੰ ਇੱਕ ਵਾਰੀ ਫ਼ੇਰ ਖੇਚਲ ਦੇ ਸਕਦਾ ਹਾਂ ਤੇ ਪੁਛ ਸਕਦਾ ਹਾਂ ਕਿ ਜੇ ਓਥੇ 20 ਨੇਕ ਬੰਦੇ ਹੋਣਗੇ ਫ਼ੇਰ ਕੀ ਹੋਵੇਗਾ?”ਯਹੋਵਾਹ ਨੇ ਜਵਾਬ ਦਿੱਤਾ, “ਜੇ ਮੈਨੂੰ 20 ਨੇਕ ਬੰਦੇ ਮਿਲਣਗੇ ਤਾਂ ਮੈਂ ਸ਼ਹਿਰ ਨੂੰ ਤਬਾਹ ਨਹੀਂ ਕਰਾਂਗਾ।” 32 ਫ਼ੇਰ ਅਬਰਾਹਾਮ ਨੇ ਆਖਿਆ, “ਯਹੋਵਾਹ, ਕਿਰਪਾ ਕਰਕੇ ਮੇਰੇ ਨਾਲ ਨਾਰਾਜ਼ ਨਾ ਹੋਣਾ ਪਰ ਮੈਂ ਤੈਨੂੰ ਇਹ ਆਖਰੀ ਵਾਰੀ ਖੇਚਲ ਦੇ ਰਿਹਾ ਹਾਂ। ਜੇ ਤੈਨੂੰ ਓਥੇ 10 ਨੇਕ ਬੰਦੇ ਮਿਲ ਗਏ ਤਾਂ ਤੂੰ ਕੀ ਕਰੇਂਗਾ?”ਯਹੋਵਾਹ ਨੇ ਆਖਿਆ, “ਜੇ ਮੈਨੂੰ ਓਥੇ 10 ਨੇਕ ਬੰਦੇ ਮਿਲ ਗਏ ਤਾਂ ਮੈਂ ਇਸਨੂੰ ਤਬਾਹ ਨਹੀਂ ਕਰਾਂਗਾ।” 33 ਯਹੋਵਾਹ ਨੇ ਅਬਰਾਹਾਮ ਨਾਲ ਗੱਲ ਮੁਕਾਈ, ਇਸ ਲਈ ਯਹੋਵਾਹ ਚਲਾ ਗਿਆ। ਅਤੇ ਅਬਰਾਹਾਮ ਆਪਣੇ ਘਰ ਵਾਪਸ ਚਲਾ ਗਿਆ।

Genesis 19

1 ਉਸ ਸ਼ਾਮ ਸਦੂਮ ਸ਼ਹਿਰ ਵਿੱਚ ਦੋ ਦੂਤ ਆਏ। ਲੂਤ ਸ਼ਹਿਰ ਦੇ ਦਰਵਾਜ਼ੇ ਤੇ ਬੈਠਾ ਹੋਇਆ ਸੀ ਅਤੇ ਉਸਨੇ ਦੂਤਾਂ ਨੂੰ ਦੇਖਿਆ। ਲੂਤ ਨੇ ਸੋਚਿਆ ਕਿ ਉਹ ਨਗਰ ਵਿੱਚੋਂ ਲੰਘਣ ਵਾਲੇ ਆਦਮੀ ਸਨ। ਲੂਤ ਉਠ ਖਲੋਤਾ ਅਤੇ ਉਨ੍ਹਾਂ ਕੋਲ ਚਲਾ ਗਿਆ ਅਤੇ ਝੁਕ ਗਿਆ। 2 ਲੂਤ ਨੇ ਆਖਿਆ, “ਸ਼੍ਰੀਮਾਨ, ਕਿਰਪਾ ਕਰਕੇ ਮੇਰੇ ਘਰ ਆਓ, ਮੈਂ ਤੁਹਾਡੀ ਸੇਵਾ ਕਰਾਂਗਾ। ਓਥੇ ਤੁਸੀਂ ਆਪਣੇ ਪੈਰ ਧੋ ਸਕਦੇ ਹੋਂ ਅਤੇ ਰਾਤ ਠਹਿਰ ਸਕਦੇ ਹੋਂ। ਫ਼ੇਰ ਕਲ੍ਹ੍ਹ ਨੂੰ ਤੁਸੀਂ ਆਪਣਾ ਸਫ਼ਰ ਜਾਰੀ ਰੱਖ ਸਕਦੇ ਹੋਂ।”ਦੂਤਾਂ ਨੇ ਜਵਾਬ ਦਿੱਤਾ, “ਨਹੀਂ ਅਸੀਂ ਨਗਰ ਦੇ ਚੌਕ ਵਿੱਚ ਰਾਤ ਗੁਜ਼ਾਰਾਂਗੇ।” 3 ਪਰ ਲੂਤ ਉਨ੍ਹਾਂ ਨੂੰ ਆਪਣੇ ਘਰ ਆਉਣ ਦਾ ਸੱਦਾ ਦਿੰਦਾ ਰਿਹਾ। ਇਸ ਲਈ ਦੂਤ ਲੂਤ ਦੇ ਘਰ ਜਾਣ ਲਈ ਰਾਜ਼ੀ ਹੋ ਗਏ। ਉਹ ਲੂਤ ਦੇ ਘਰ ਗਏ। ਲੂਤ ਨੇ ਉਨ੍ਹਾਂ ਨੂੰ ਕੁਝ ਖਾਣ-ਪੀਣ ਵਾਸਤੇ ਦਿੱਤਾ। ਲੂਤ ਨੇ ਦੂਤਾਂ ਲਈ ਰੋਟੀ ਪਕਾਈ ਅਤੇ ਉਨ੍ਹਾਂ ਨੇ ਭੋਜਨ ਕਰ ਲਿਆ। 4 ਉਸ ਸ਼ਾਮ, ਸੌਣ ਵੇਲੇ ਤੋਂ ਰਤਾ ਕੁ ਪਹਿਲਾਂ ਦੋਵੇਂ ਜਵਾਨ ਅਤੇ ਬੁਢੇ ਆਦਮੀ ਨਗਰ ਦੇ ਹਰ ਭਾਗ ਵਿੱਚੋਂ ਲੂਤ ਦੇ ਘਰ ਆ ਗਏ। ਉਹ ਘਰ ਦੇ ਆਲੇ-ਦੁਆਲੇ ਇਕਠੇ ਹੋ ਗਏ 5 ਅਤੇ ਲੂਤ ਨੂੰ ਆਵਾਜ਼ ਮਾਰੀ। ਉਨ੍ਹਾਂ ਨੇ ਆਖਿਆ, “ਕਿਥੇ ਨੇ ਉਹ ਦੋ ਬੰਦੇ ਜਿਹੜੇ ਅੱਜ ਰਾਤੀਂ ਤੇਰੇ ਘਰ ਆਏ ਸਨ? ਉਨ੍ਹਾਂ ਨੂੰ ਸਾਡੇ ਕੋਲ ਬਾਹਰ ਲਿਆ। ਅਸੀਂ ਉਨ੍ਹਾਂ ਨਾਲ ਸੰਭੋਗ ਕਰਨਾ ਚਾਹੁੰਦੇ ਹਾਂ।” 6 ਲੂਤ ਬਾਹਰ ਗਿਆ, ਅਤੇ ਆਪਣੇ ਪਿੱਛੇ ਦਰਵਾਜ਼ਾ ਬੰਦ ਕਰ ਦਿੱਤਾ। 7 ਲੂਤ ਨੇ ਆਦਮੀਆਂ ਨੂੰ ਆਖਿਆ, “ਨਹੀਂ! ਦੋਸਤੋਂ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਮਿਹਰਬਾਨੀਂ ਕਰਕੇ ਇਹ ਬਦੀ ਨਾ ਕਰਿਓ! 8 ਦੇਖੋ, ਮੇਰੀਆਂ ਦੋ ਧੀਆਂ ਹਨ ਜਿਹੜੀਆਂ ਕਦੇ ਵੀ ਕਿਸੇ ਮਰਦ ਨਾਲ ਨਹੀਂ ਸੁੱਤੀਆਂ। ਮੈਂ ਆਪਣੀਆਂ ਧੀਆਂ ਤੁਹਾਨੂੰ ਦੇ ਦਿਆਂਗਾ। ਤੁਸੀਂ ਉਨ੍ਹਾਂ ਨਾਲ ਜੋ ਚਾਹੋਂ ਕਰ ਸਕਦੇ ਹੋ। ਪਰ ਮਿਹਰਬਾਨੀ ਕਰਕੇ ਇਨ੍ਹਾਂ ਆਦਮੀਆਂ ਨਾਲ ਕੁਝ ਨਾ ਕਰਨਾ। ਇਹ ਆਦਮੀ ਮੇਰੇ ਘਰ ਆਏ ਹਨ ਅਤੇ ਮੈਂ ਇਨ੍ਹਾਂ ਦੀ ਰੱਖਿਆ ਜ਼ਰੂਰ ਕਰਾਂਗਾ। 9 ਘਰ ਦੇ ਆਲੇ-ਦੁਆਲੇ ਖੜੇ ਆਦਮੀਆਂ ਨੇ ਜਵਾਬ ਦਿੱਤਾ, “ਤੂੰ ਇੱਥੇ ਆ!” ਫ਼ੇਰ ਆਦਮੀਆਂ ਨੇ ਆਪਸ ‘ਚ ਆਖਿਆ, “ਇਹ ਆਦਮੀ, ਲੂਤ, ਸਾਡੇ ਸ਼ਹਿਰ ਇੱਕ ਮਹਿਮਾਨ ਵਜੋਂ ਆਇਆ ਹੈ। ਹੁਣ ਇਹ ਸਾਨੂੰ ਦੱਸਣਾ ਚਾਹੁੰਦਾ ਹੈ ਕਿ ਸਾਨੂੰ ਕਿਵੇਂ ਜਿਉਣਾ ਚਾਹੀਦਾ ਹੈ!” ਆਦਮੀਆਂ ਨੇ ਲੂਤ ਨੂੰ ਆਖਿਆ, “ਅਸੀਂ ਤੇਰੇ ਨਾਲ ਇਨ੍ਹਾਂ ਨਾਲੋਂ ਵੀ ਬੁਰਾ ਸਲੂਕ ਕਰਾਂਗੇ।” ਇਸ ਤਰ੍ਹਾਂ ਆਦਮੀ ਲੂਤ ਦੇ ਨੇੜੇ-ਨੇੜੇ ਆਉਂਦੇ ਗਏ। ਉਹ ਦਰਵਾਜ਼ਾ ਤੋੜਨ ਹੀ ਵਾਲੇ ਸਨ। 10 ਪਰ ਦੋ ਆਦਮੀਆਂ ਨੇ ਜਿਹੜੇ ਘਰ ਦੇ ਅੰਦਰ ਸਨ ਦਰਵਾਜ਼ਾ ਖੋਲ੍ਹਕੇ, ਆਪਣੇ ਹੱਥ ਬਾਹਰ ਕੱਢੇ ਅਤੇ ਲੂਤ ਨੂੰ ਘਰ ਅੰਦਰ ਖਿੱਚ ਲਿਆ ਅਤੇ ਦਰਵਾਜ਼ਾ ਬੰਦ ਕਰ ਦਿੱਤਾ। 11 ਫ਼ੇਰ ਉਨ੍ਹਾਂ ਨੇ ਦਰਵਾਜ਼ੇ ਤੋਂ ਬਾਹਰ ਖੜੇ ਲੋਕਾਂ ਨਾਲ ਕੁਝ ਕੀਤਾ - ਉਨ੍ਹਾਂ ਨੇ ਉਨ੍ਹਾਂ ਸਾਰੇ ਬਦ ਆਦਮੀਆਂ ਨੂੰ, ਜਵਾਨ ਤੇ ਬੁਢਿਆਂ ਨੂੰ ਅੰਨ੍ਹਾ ਕਰ ਦਿੱਤਾ। ਇਸ ਲਈ ਘਰ ਵਿੱਚ ਦਾਖਲ ਹੋਣ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਲੋਕਾਂ ਨੂੰ ਦਰਵਾਜ਼ਾ ਨਹੀਂ ਮਿਲਿਆ। 12 ਉਨ੍ਹਾਂ ਦੋਹਾਂ ਆਦਮੀਆਂ ਨੇ ਲੂਤ ਨੂੰ ਆਖਿਆ, “ਕੀ ਤੇਰੇ ਪਰਿਵਾਰ ਦੇ ਹੋਰ ਲੋਕ ਵੀ ਇਸ ਨਗਰ ਵਿੱਚ ਰਹਿੰਦੇ ਨੇ? ਕੀ ਤੇਰੇ ਜੁਆਈ, ਪੁੱਤਰ, ਧੀਆਂ ਜਾਂ ਤੇਰੇ ਪਰਿਵਾਰ ਦੇ ਹੋਰ ਲੋਕ ਇੱਥੇ ਹਨ? ਜੇ ਇਵੇਂ ਹੈ ਤਾਂ ਤੈਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਹੁਣੇ ਚਲੇ ਜਾਣ ਲਈ ਆਖ ਦੇਵੇਂ। 13 ਅਸੀਂ ਇਸ ਨਗਰ ਨੂੰ ਤਬਾਹ ਕਰਨ ਵਾਲੇ ਹਾਂ। ਯਹੋਵਾਹ ਨੇ ਇਹ ਸੁਣ ਲਿਆ ਸੀ ਕਿ ਇਹ ਸ਼ਹਿਰ ਕਿੰਨਾ ਬੁਰਾ ਹੈ, ਇਸੇ ਲਈ ਉਸਨੇ ਸਾਨੂੰ ਇਸਨੂੰ ਤਬਾਹ ਕਰਨ ਲਈ ਭੇਜਿਆ ਹੈ।” 14 ਇਸ ਲਈ ਲੂਤ ਚਲਾ ਗਿਆ ਅਤੇ ਆਪਣੇ ਜੁਆਈਆਂ, ਉਨ੍ਹਾਂ ਆਦਮੀਆਂ ਨੂੰ ਜਿਨ੍ਹਾਂ ਨੇ ਇਸ ਦੀਆਂ ਹੋਰਨਾਂ ਧੀਆਂ ਨਾਲ ਸ਼ਾਦੀ ਕੀਤੀ ਸੀ, ਨਾਲ ਗੱਲ ਕੀਤੀ। ਲੂਤ ਨੇ ਆਖਿਆ, “ਛੇਤੀ ਕਰੋ, ਇਹ ਨਗਰ ਛੱਡ ਦਿਓ! ਯਹੋਵਾਹ ਛੇਤੀ ਹੀ ਇਸਨੂੰ ਤਬਾਹ ਕਰ ਦੇਵੇਗਾ!” ਪਰ ਉਨ੍ਹਾਂ ਆਦਮੀਆਂ ਨੇ ਸੋਚਿਆ ਕਿ ਲੂਤ ਮਜ਼ਾਕ ਕਰ ਰਿਹਾ ਹੈ। 15 ਦੂਸਰੇ ਦਿਨ ਪ੍ਰਭਾਤ ਵੇਲੇ, ਦੂਤ ਲੂਤ ਨੂੰ ਛੇਤੀ ਕਰਨ ਲਈ ਆਖ ਰਹੇ ਸਨ। ਉਨ੍ਹਾਂ ਆਖਿਆ, “ਇਸ ਨਗਰ ਨੂੰ ਸਜ਼ਾ ਮਿਲੇਗੀ। ਇਸ ਲਈ ਆਪਣੀ ਪਤਨੀ ਅਤੇ ਆਪਣੀਆਂ ਉਨ੍ਹਾਂ ਧੀਆਂ ਨੂੰ ਨਾਲ ਲੈਕੇ ਜਿਹੜੀਆਂ ਹਾਲੇ ਤੱਕ ਤੇਰੇ ਨਾਲ ਰਹਿੰਦੀਆਂ ਹਨ, ਅਤੇ ਇਸ ਥਾਂ ਨੂੰ ਛੱਡ ਦੇ। ਫ਼ੇਰ ਤੂੰ ਨਗਰ ਦੇ ਨਾਲ ਤਬਾਹ ਨਹੀਂ ਹੋਵੇਂਗਾ।” 16 ਪਰ ਲੂਤ ਝਿਝਕਿਆ, ਇਸ ਲਈ ਉਨ੍ਹਾਂ ਆਦਮੀਆਂ ਨੇ ਲੂਤ ਦੀ ਪਤਨੀ ਅਤੇ ਉਸ ਦੀਆਂ ਦੋਹਾਂ ਧੀਆਂ ਦੇ ਹੱਥ ਫ਼ੜ ਲਏ। ਕਿਉਂਕਿ ਯਹੋਵਾਹ ਲੂਤ ਉੱਤੇ ਮਿਹਰਬਾਨ ਸੀ, ਉਹ ਲੂਤ ਅਤੇ ਉਸਦੇ ਪਰਿਵਾਰ ਨੂੰ ਸੁਰਖਿਆ ਨਾਲ ਸ਼ਹਿਰ ਤੋਂ ਬਾਹਰ ਲੈ ਗਏ। 17 ਜਦੋਂ ਉਹ ਬਾਹਰ ਆ ਗਏ, ਆਦਮੀਆਂ ਵਿੱਚੋਂ ਇੱਕ ਨੇ ਆਖਿਆ, “ਹੁਣ ਭੱਜੋ ਅਤੇ ਆਪਣੀ ਜਾਨ ਬਚਾਓ। ਪਿਛੇ ਮੁੜਕੇ ਨਹੀਂ ਦੇਖਣਾ ਅਤੇ ਵਾਦੀ ਵਿੱਚ ਕਿਸੇ ਥਾਂ ਉੱਤੇ ਵੀ ਨਹੀਂ ਰੁਕਣਾ। ਜਦੋਂ ਤੱਕ ਤੁਸੀਂ ਪਹਾੜਾਂ ਤਾਈਂ ਨਹੀਂ ਪਹੁੰਚ ਜਾਂਦੇ, ਭੱਜਦੇ ਰਹੋ। ਜੇ ਤੁਸੀਂ ਰੁਕ ਗਏ, ਤਾਂ ਤੁਸੀਂ ਵੀ ਨਗਰ ਦੇ ਨਾਲ ਤਬਾਹ ਹੋ ਜਾਵੋਂਗੇ!” 18 ਪਰ ਲੂਤ ਨੇ ਦੋਹਾਂ ਆਦਮੀਆਂ ਨੂੰ ਆਖਿਆ, “ਸ਼੍ਰੀ ਮਾਨ, ਕਿਰਪਾ ਕਰਕੇ ਮੈਨੂੰ ਇੰਨੀ ਤੇਜ਼ੀ ਨਾਲ ਭੱਜਣ ਲਈ ਮਜਬੂਰ ਨਾ ਕਰੋ! 19 ਤੁਸੀਂ ਮੇਰੇ ਉੱਤੇ, ਆਪਣੇ ਖਾਦਮ ਉੱਤੇ, ਮਿਹਰਬਾਨ ਰਹੇ ਹੋਂ। ਤੁਸੀਂ ਮਿਹਰ ਕਰਕੇ ਮੈਨੂੰ ਬਚਾਇਆ ਹੈ। ਪਰ ਮੈਂ ਪਹਾੜਾਂ ਤੱਕ ਸਾਰੇ ਰਾਹ ਭੱਜ ਕੇ ਨਹੀਂ ਜਾ ਸਕਦਾ। ਕੀ ਹੋਵੇਗਾ ਜੇ ਮੈਂ ਬਹੁਤ ਧੀਮੀ ਰਫ਼ਤਾਰ ਨਾਲ ਜਾਵਾਂ ਅਤੇ ਕੁਝ ਵਾਪਰ ਜਾਵੇ? ਮੈਂ ਤਾਂ ਮਾਰਿਆ ਜਾਵਾਂਗਾ! 20 ਦੇਖੋ, ਇੱਥੇ ਇੱਕ ਬਹੁਤ ਛੋਟਾ ਨਗਰ ਨੇੜੇ ਹੀ ਹੈ। ਜਿਉਂਦੇ ਰਹਿਣ ਲਈ ਮੈਨੂੰ ਉਸ ਨਗਰ ਤਾਈਂ ਭੱਜ ਜਾਣ ਦਿਓ।” 21 ਦੂਤ ਨੇ ਲੂਤ ਨੂੰ ਆਖਿਆ, “ਠੀਕ ਹੈ, ਮੈਂ ਤੈਨੂੰ ਅਜਿਹਾ ਕਰਨ ਦੀ ਇਜਾਜ਼ਤ ਦੇ ਦਿਆਂਗਾ। ਮੈਂ ਉਸ ਕਸਬੇ ਨੂੰ ਤਬਾਹ ਨਹੀਂ ਕਰਾਂਗਾ। 22 ਪਰ ਉਥੋਂ ਤੱਕ ਭੱਜ ਕੇ ਚਲਾ ਜਾ। ਮੈਂ ਓਨੀ ਦੇਰ ਤੱਕ ਸਦੂਮ ਨੂੰ ਤਬਾਹ ਨਹੀਂ ਕਰ ਸਕਦਾ ਜਿੰਨੀ ਦੇਰ ਤੱਕ ਤੂੰ ਉਸ ਕਸਬੇ ਵਿੱਚ ਸੁਰਖਿਅਤ ਹੋਕੇ ਪਹੁੰਚ ਨਹੀਂ ਜਾਂਦਾ।” ਉਸ ਕਸਬੇ ਦਾ ਨਾਮ ਸੋਆਰ ਹੈ, ਕਿਉਂਕਿ ਉਹ ਇੱਕ ਛੋਟਾ ਕਸਬਾ ਹੈ। 23 ਜਦੋਂ ਲੂਤ ਸੋਆਰ ਵਿੱਚ ਦਾਖਲ ਹੋਇਆ ਤਾਂ ਸੂਰਜ ਹਾਲੇ ਚੜ ਰਿਹਾ ਸੀ। 24 ਓਸੇ ਵੇਲੇ, ਯਹੋਵਾਹ ਨੇ ਸਦੂਮ ਅਤੇ ਅਮੂਰਾਹ ਨੂੰ ਤਬਾਹ ਕਰਨਾ ਸ਼ੁਰੂ ਕਰ ਦਿੱਤਾ। ਯਹੋਵਾਹ ਨੇ ਅਕਾਸ਼ ਉੱਤੋਂ ਅੱਗ ਦਾ ਮੀਂਹ ਵਰ੍ਹਾਇਆ। 25 ਇਸ ਤਰ੍ਹਾਂ ਯਹੋਵਾਹ ਨੇ ਉਨ੍ਹਾਂ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ। ਯਹੋਵਾਹ ਨੇ ਸਾਰੀ ਵਾਦੀ ਨੂੰ ਤਬਾਹ ਕਰ ਦਿੱਤਾ - ਸਾਰੀ ਬਨਾਸਪਤੀ ਨੂੰ ਤੇ ਉਨ੍ਹਾਂ ਸ਼ਹਿਰਾਂ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ। 26 ਭੱਜੇ ਜਾਂਦਿਆਂ ਲੂਤ ਦੀ ਪਤਨੀ ਨੇ ਸ਼ਹਿਰ ਵੱਲ ਮੁੜਕੇ ਵੇਖਿਆ ਅਤੇ ਲੂਣ ਦੀ ਸਿਲ ਬਣ ਗਈ। 27 ਉਸ ਦਿਨ ਸਵੇਰੇ-ਸਵੇਰੇ ਅਬਰਾਹਾਮ ਉਠ ਪਿਆ ਅਤੇ ਉਸ ਥਾਂ ਤੇ ਗਿਆ ਜਿਥੇ ਉਹ ਯਹੋਵਾਹ ਦੇ ਸਨਮੁਖ ਖਲੋਤਾ ਸੀ। 28 ਅਬਰਾਹਾਮ ਨੇ ਸਦੂਮ ਅਤੇ ਅਮੂਰਾਹ ਦੇ ਨਗਰਾਂ ਅਤੇ ਵਾਦੀ ਦੀ ਸਾਰੀ ਧਰਤੀ ਵੱਲ ਵੇਖਿਆ। ਅਬਰਾਹਾਮ ਨੂੰ ਸਾਰੀ ਧਰਤੀ ਚੋਂ ਬਹੁਤ ਸਾਰਾ ਧੂਆਂ ਨਿਕਲਦਾ ਨਜ਼ਰ ਆਇਆ। ਇਹ ਕਿਸੇ ਭਠੀ ਵਿੱਚੋਂ ਨਿਕਲਦੇ ਧੂੰਏਂ ਵਾਂਗ ਦਿਖਾਈ ਦਿੰਦਾ ਸੀ। 29 ਪਰਮੇਸ਼ੁਰ ਨੇ ਵਾਦੀ ਦੇ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ। ਪਰ ਜਦੋਂ ਪਰਮੇਸ਼ੁਰ ਨੇ ਅਜਿਹਾ ਕੀਤਾ, ਉਸਨੇ ਅਬਰਾਹਾਮ ਨੂੰ ਯਾਦ ਕੀਤਾ ਅਤੇ ਉਸਨੇ ਅਬਰਾਹਾਮ ਦੇ ਭਤੀਜੇ ਨੂੰ ਤਬਾਹ ਨਹੀਂ ਕੀਤਾ ਲੂਤ ਵਾਦੀ ਦੇ ਸ਼ਹਿਰਾਂ ਵਿੱਚ ਰਹਿ ਰਿਹਾ ਸੀ। ਪਰ ਪਰਮੇਸ਼ੁਰ ਨੇ ਇਨ੍ਹਾਂ ਸ਼ਹਿਰਾਂ ਨੂੰ ਤਬਾਹ ਕਰਨ ਤੋਂ ਪਹਿਲਾਂ ਹੀ ਲੂਤ ਨੂੰ ਦੂਰ ਭੇਜ ਦਿੱਤਾ ਸੀ। 30 ਲੂਤ ਸੋਆਰ ਵਿੱਚ ਰਹਿਣ ਤੋਂ ਡਰਦਾ ਸੀ। ਇਸ ਲਈ ਉਹ ਅਤੇ ਉਸ ਦੀਆਂ ਦੋਵੇਂ ਧੀਆਂ ਪਹਾੜਾਂ ਵਿੱਚ ਰਹਿਣ ਲਈ ਚਲੀਆਂ ਗਈਆਂ। ਉਹ ਉਥੇ ਇੱਕ ਗੁਫ਼ਾ ਵਿੱਚ ਰਹਿਣ ਲੱਗੇ। 31 ਇੱਕ ਦਿਨ, ਵੱਡੀ ਧੀ ਨੇ ਛੋਟੀ ਧੀ ਨੂੰ ਆਖਿਆ, “ਸਾਡਾ ਪਿਤਾ ਬੁੱਢਾ ਹੈ, ਅਤੇ ਧਰਤੀ ਉੱਤੇ ਕੋਈ ਅਜਿਹਾ ਨਹੀਂ ਬਚਿਆ ਜੋ ਸਾਡੇ ਨਾਲ ਬੱਚੇ ਪੈਦਾ ਕਰ ਸਕੇ। 32 ਇਸ ਲਈ ਆ, ਆਪਾਂ ਆਪਣੇ ਪਿਤਾ ਨੂੰ ਮੈਅ ਨਾਲ ਮਦਹੋਸ਼ ਕਰ ਦੇਈਏ। ਫ਼ੇਰ ਅਸੀਂ ਉਸ ਨਾਲ ਜਿਸਨੀ ਸੰਬੰਧ ਬਣਾ ਸਕਾਂਗੀਆਂ। ਇਸ ਢੰਗ ਨਾਲ, ਆਪਾਂ ਆਪਣੇ ਪਿਤਾ ਰਾਹੀਂ ਵੰਸ਼ ਨੂੰ ਬਚਾ ਸਕਦੀਆਂ ਹਾਂ!” 33 ਉਸ ਰਾਤ ਦੋਵੇ ਕੁੜੀਆਂ ਆਪਣੇ ਪਿਤਾ ਕੋਲ ਗਈਆਂ ਅਤੇ ਉਸ ਨੂੰ ਸ਼ਰਾਬੀ ਕਰ ਦਿੱਤਾ। ਫ਼ੇਰ ਵੱਡੀ ਕੁੜੀ ਪਿਤਾ ਦੇ ਬਿਸਤਰੇ ਉੱਤੇ ਗਈ ਅਤੇ ਉਸ ਨਾਲ ਸੰਭੋਗ ਕੀਤਾ। ਲੂਤ ਇੰਨਾ ਸ਼ਰਾਬੀ ਸੀ ਕਿ ਉਸਨੂੰ ਪਤਾ ਹੀ ਨਹੀਂ ਲਗਿਆ ਕਿ ਕਦੋਂ ਉਹ ਬਿਸਤਰੇ ਉੱਤੇ ਆਈ ਅਤੇ ਕਦੋਂ ਉਠਕੇ ਚਲੀ ਗਈ। 34 ਅਗਲੇ ਦਿਨ, ਵੱਡੀ ਧੀ ਨੇ ਛੋਟੀ ਧੀ ਨੂੰ ਆਖਿਆ, “ਪਿਛਲੀ ਰਾਤ, ਮੈਂ ਆਪਣੇ ਪਿਤਾ ਨਾਲ ਸੁੱਤੀ ਸੀ। ਆ ਉਸਨੂੰ ਫ਼ਿਰ ਤੋਂ, ਅੱਜ ਰਾਤ ਸ਼ਰਾਬੀ ਕਰ ਦੇਈਏ। ਫ਼ੇਰ ਤੂੰ ਉਸ ਨਾਲ ਸੌਂ ਜਾਵੀਂ ਅਤੇ ਉਸ ਨਾਲ ਜਿਨਸੀ ਸੰਬੰਧ ਬਣਾਵੀਂ। ਇਸ ਤਰ੍ਹਾਂ, ਅਸੀਂ ਆਪਣੇ ਪਿਤਾ ਰਾਹੀਂ ਬੱਚੇ ਪੈਦਾ ਕਰ ਸਕਾਂਗੀਆਂ।” 35 ਇਸ ਲਈ ਉਸ ਰਾਤ ਦੋਹਾਂ ਕੁੜੀਆਂ ਨੇ ਆਪਣੇ ਪਿਤਾ ਨੂੰ ਸ਼ਰਾਬੀ ਕਰ ਦਿੱਤਾ। ਫ਼ਿਰ ਛੋਟੀ ਕੁੜੀ ਉਸ ਨਾਲ ਸੁੱਤੀ ਅਤੇ ਸੰਭੋਗ ਕੀਤਾ। ਇੱਕ ਵਾਰ ਫ਼ੇਰ, ਲੂਤ ਇੰਨਾ ਸ਼ਰਾਬੀ ਸੀ ਕਿ ਉਸਨੂੰ ਪਤਾ ਨਹੀਂ ਚਲ ਸਕਿਆ ਕਦੋਂ ਉਹ ਬਿਸਤਰ ਉੱਤੇ ਆਈ ਅਤੇ ਕਦੋਂ ਉਠਕੇ ਚਲੀ ਗਈ। 36 ਲੂਤ ਦੀਆਂ ਦੋਵੇਂ ਧੀਆਂ ਗਰਭਵਤੀ ਹੋ ਗਈਆਂ। ਉਨ੍ਹਾਂ ਦਾ ਪਿਤਾ ਉਨਾਂ ਦੇ ਬੱਚਿਆਂ ਦਾ ਪਿਤਾ ਸੀ। 37 ਵੱਡੀ ਧੀ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਉਸਨੇ ਉਸਦਾ ਨਾਮ ਮੋਆਬ ਰੱਖਿਆ। ਮੋਆਬ ਸਾਰੇ ਅਜੋਕੇ ਮੋਆਬੀ ਲੋਕਾਂ ਦਾ ਪਿਤਾ ਹੈ। 38ਛੋਟੀ ਧੀ ਨੇ ਵੀ ਇੱਕ ਪੁੱਤਰ ਨੂੰ ਜਨਮ ਦਿੱਤਾ। ਉਸਨੇ ਉਸਦਾ ਨਾਮ ਬਿਨ-ਅੰਮੀ ਰੱਖਿਆ। ਬਿਨ-ਅੰਮੀ ਅਜੋਕੇ ਸਮੇਂ ਦੇ ਸਾਰੇ ਅੰਮੋਨੀ ਲੋਕਾਂ ਦਾ ਪਿਤਾ ਹੈ। 38

Genesis 20

1 ਅਬਰਾਹਾਮ ਨੇ ਉਹ ਥਾਂ ਛੱਡ ਦਿੱਤੀ ਅਤੇ ਨੇਗੇਵ ਵੱਲ ਚਲਾ ਗਿਆ। ਉਹ ਕਾਦੇਸ਼ ਅਤੇ ਸੂਰ ਦੇ ਵਿਚਕਾਰ ਗਰਾਰ ਵਿੱਚ ਠਹਿਰ ਗਿਆ। 2 ਅਬਰਾਹਾਮ ਨੇ ਲੋਕਾਂ ਨੂੰ ਆਖਿਆ ਕਿ ਸਾਰਾਹ ਉਸਦੀ ਭੈਣ ਸੀ। ਇਸ ਲਈ ਅਬੀਮਲਕ ਗਰਾਰ ਦੇ ਰਾਜੇ ਨੇ ਸਾਰਾਹ ਨੂੰ ਆਪਣੀ ਪਤਨੀ ਬਨਾਉਣ ਲਈ ਲੈ ਲਿਆ। 3 ਪਰ ਉਸ ਰਾਤ, ਪਰਮੇਸ਼ੁਰ ਨੇ ਅਬੀਮਲਕ ਨਾਲ ਸੁਪਨੇ ਵਿੱਚ ਗੱਲ ਕੀਤੀ, ਅਤੇ ਆਖਿਆ, “ਤੈਨੂੰ ਮਰ ਜਾਣਾ ਚਾਹੀਦਾ। ਜਿਸ ਔਰਤ ਨੂੰ ਤੂੰ ਵਿਆਹਿਆ, ਉਹ ਕਿਸੇ ਹੋਰ ਆਦਮੀ ਦੀ ਪਤਨੀ ਹੈ।” 4 ਪਰ ਅਬੀਮਲਕ ਹਾਲੇ ਸਾਰਾਹ ਨਾਲ ਸੁੱਤਾ ਨਹੀਂ ਸੀ। ਇਸ ਲਈ ਅਬੀਮਲਕ ਨੇ ਆਖਿਆ, “ਯਹੋਵਾਹ, ਮੈਂ ਦੋਸ਼ੀ ਨਹੀਂ ਹਾਂ। ਕੀ ਤੂੰ ਇੱਕ ਨਿਰਦੋਸ਼ ਕੌਮ ਨੂੰ ਤਬਾਹ ਕਰ ਦੇਵੇਂਗਾ? 5 ਅਬਰਾਹਾਮ ਨੇ ਖੁਦ ਮੈਨੂੰ ਆਖਿਆ ਸੀ, ‘ਇਹ ਔਰਤ ਮੇਰੀ ਭੈਣ ਹੈ।’ ਅਤੇ ਔਰਤ ਨੇ ਵੀ ਆਖਿਆ ਸੀ, ‘ਇਹ ਆਦਮੀ ਮੇਰਾ ਭਰਾ ਹੈ।’ ਮੈਂ ਨਿਰਦੋਸ਼ ਹਾਂ। ਮੈਨੂੰ ਨਹੀਂ ਪਤਾ ਕਿ ਮੈਂ ਕੀ ਕਰ ਰਿਹਾ ਸਾਂ।” 6 ਤਾਂ ਪਰਮੇਸ਼ੁਰ ਨੇ ਅਬੀਮਲਕ ਨੂੰ ਸੁਪਨੇ ਵਿੱਚ ਆਖਿਆ, “ਹਾਂ, ਮੈਂ ਜਾਣਦਾ ਹਾਂ ਕਿ ਤੂੰ ਨਿਰਦੋਸ਼ ਹੈਂ। ਅਤੇ ਮੈਂ ਇਹ ਵੀ ਜਾਣਦਾ ਹਾਂ ਤੈਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਤੂੰ ਕੀ ਕਰ ਰਿਹਾ ਸੀ। ਮੈਂ ਤੈਨੂੰ ਬਚਾ ਲਿਆ। ਮੈਂ ਤੈਨੂੰ ਪਾਪ ਨਹੀਂ ਕਰਨ ਦਿੱਤਾ। ਇਹ ਮੈਂ ਹੀ ਸੀ ਜਿਸਨੇ ਤੈਨੂੰ ਉਸਦੇ ਨਾਲ ਸੌਣ ਨਹੀਂ ਦਿੱਤਾ। 7 ਇਸ ਲਈ ਅਬਰਾਹਾਮ ਨੂੰ ਉਸਦੀ ਪਤਨੀ ਮੋੜ ਦੇ। ਅਬਰਾਹਾਮ ਇੱਕ ਨਬੀ ਹੈ। ਉਹ ਤੇਰੇ ਲਈ ਪ੍ਰਾਰਥਨਾ ਕਰੇਗਾ, ਅਤੇ ਤੂੰ ਜੀਵੇਂਗਾ। ਪਰ ਜੇ ਤੂੰ ਅਬਰਾਹਾਮ ਨੂੰ ਸਾਰਾਹ ਨਾ ਮੋੜੀ ਤਾਂ ਮੈਂ ਤੈਨੂੰ ਬਚਨ ਦਿੰਦਾ ਹਾਂ ਕਿ ਤੂੰ ਮਾਰਿਆ ਜਾਵੇਂਗਾ। ਅਤੇ ਤੇਰੇ ਨਾਲ ਤੇਰਾ ਸਾਰਾ ਪਰਿਵਾਰ ਵੀ ਮਾਰਿਆ ਜਾਵੇਗਾ।” 8 ਇਸ ਲਈ ਅਗਲੀ ਸਵੇਰ ਨੂੰ ਤੜਕੇ-ਤੜਕੇ ਅਬੀਮਲਕ ਨੇ ਆਪਣੇ ਸਾਰੇ ਨੌਕਰਾਂ ਨੂੰ ਬੁਲਾਇਆ ਅਤੇ ਸੁਪਨੇ ਬਾਰੇ ਦੱਸਿਆ। ਨੌਕਰ ਡਰ ਗਏ। 9 ਤਾਂ ਅਬੀਮਲਕ ਨੇ ਅਬਰਾਹਾਮ ਨੂੰ ਸਦਿਆ ਅਤੇ ਉਸਨੂੰ ਆਖਿਆ, “ਤੂੰ ਸਾਡੇ ਨਾਲ ਅਜਿਹਾ ਕਿਉਂ ਕੀਤਾ? ਮੈਂ ਤੇਰਾ ਕੀ ਵਿਗਾੜਿਆ ਸੀ? ਤੂੰ ਝੂਠ ਕਿਉਂ ਬੋਲਿਆ ਅਤੇ ਇਹ ਆਖਿਆ ਕਿ ਉਹ ਤੇਰੀ ਭੈਣ ਹੈ? ਤੂੰ ਮੇਰੇ ਰਾਜ ਨੂੰ ਬਹੁਤ ਮੁਸ਼ਕਿਲ ਵਿੱਚ ਪਾ ਦਿੱਤਾ ਹੈ। ਤੈਨੂੰ ਮੇਰੇ ਨਾਲ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਸਨ। 10 ਤੂੰ ਡਰਦਾ ਕਿਹੜੀ ਗੱਲੋਂ ਸੀ? ਤੂੰ ਮੇਰੇ ਨਾਲ ਇਹ ਸਲੂਕ ਕਿਉਂ ਕੀਤਾ?” 11 ਤਾਂ ਅਬਰਾਹਾਮ ਨੇ ਆਖਿਆ, “ਮੈਂ ਡਰਦਾ ਸਾਂ। ਮੈਂ ਸੋਚਿਆ ਸੀ ਕਿ ਇਸ ਥਾਂ ਕੋਈ ਬੰਦਾ ਵੀ ਪਰਮੇਸ਼ੁਰ ਦਾ ਆਦਰ ਨਹੀਂ ਕਰਦਾ। ਮੈਂ ਸੋਚਿਆ ਕਿ ਕੋਈ ਬੰਦਾ ਸਾਰਾਹ ਦੀ ਖਾਤਰ ਮੈਨੂੰ ਮਾਰ ਦੇਵੇਗਾ। 12 ਉਹ ਮੇਰੀ ਪਤਨੀ ਹੈ, ਪਰ ਉਹ ਮੇਰੀ ਭੈਣ ਵੀ ਹੈ। ਉਹ ਮੇਰੇ ਪਿਤਾ ਦੀ ਧੀ ਹੈ ਪਰ ਮੇਰੀ ਮਾਂ ਦੀ ਧੀ ਨਹੀਂ। 13 ਪਰਮੇਸ਼ੁਰ ਨੇ ਮੈਨੂੰ ਮੇਰੇ ਪਿਤਾ ਦੇ ਘਰੋਂ ਦੂਰ ਕਰ ਦਿੱਤਾ। ਪਰਮੇਸ਼ੁਰ ਨੇ ਮੈਨੂੰ ਥਾਂ-ਥਾਂ ਭਟਕਾਇਆ। ਜਦੋਂ ਅਜਿਹਾ ਵਾਪਰਿਆ, ਮੈਂ ਸਾਰਾਹ ਨੂੰ ਆਖਿਆ, “ਮੇਰੇ ਲਈ ਕੁਝ ਕਰ; ਜਿਥੇ ਵੀ ਅਸੀਂ ਜਾਈਏ, ਲੋਕਾਂ ਨੂੰ ਇਹੀ ਆਖੀਂ ਕਿ ਤੂੰ ਮੇਰੀ ਭੈਣ ਹੈਂ।” 14 ਇਸ ਲਈ ਅਬੀਮਲਕ ਨੇ ਅਬਰਾਹਾਮ ਨੂੰ ਕੁਝ ਭੇਡਾਂ, ਬੱਕਰੀਆਂ ਅਤੇ ਦਾਸ ਦਾਸੀਆਂ ਦਿੱਤੇ। ਉਸਨੇ ਸਾਰਾਹ ਵੀ ਅਬਰਾਹਾਮ ਨੂੰ ਵਾਪਸ ਦੇ ਦਿੱਤੀ। 15 ਅਤੇ ਅਬੀਮਲਕ ਨੇ ਆਖਿਆ, “ਆਪਣੇ ਆਲੇ-ਦੁਆਲੇ ਦੇਖ। ਇਹ ਮੇਰੀ ਧਰਤੀ ਹੈ। ਤੂੰ ਜਿਥੇ ਚਾਹੇਂ ਰਹਿ ਸਕਦਾ ਹੈਂ।” 16 ਅਬੀਮਲਕ ਨੇ ਸਾਰਾਹ ਨੂੰ ਆਖਿਆ, “ਮੈਂ ਤੇਰੇ ਭਰਾ ਅਬਰਾਹਾਮ ਨੂੰ ਚਾਂਦੀ ਦੇ 1,000 ਸਿੱਕੇ ਦਿੱਤੇ ਹਨ। ਮੈਂ ਅਜਿਹਾ ਇਹ ਦਰਸਾਉਣ ਲਈ ਕੀਤਾ ਹੈ ਕਿ ਮੈਨੂੰ ਇਨ੍ਹਾਂ ਸਾਰੀਆਂ ਗੱਲਾਂ ਦਾ ਅਫ਼ਸੋਸ ਹੈ। ਮੈਂ ਚਾਹੁੰਦਾ ਹਾਂ ਕਿ ਹਰ ਕੋਈ ਦੇਖ ਲਵੇ ਕਿ ਮੈਂ ਠੀਕ ਗੱਲ ਕੀਤੀ ਹੈ।” 17 ਯਹੋਵਾਹ ਨੇ ਅਬੀਮਲਕ ਦੇ ਪਰਿਵਾਰ ਦੀਆਂ ਸਾਰੀਆਂ ਔਰਤਾਂ ਨੂੰ ਬਾਂਝ ਬਣਾ ਦਿੱਤਾ। ਪਰਮੇਸ਼ੁਰ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਅਬੀਮਲਕ ਨੇ ਅਬਰਾਹਾਮ ਦੀ ਪਤਨੀ ਸਾਰਾਹ ਨੂੰ ਚੁੱਕ ਲਿਆ ਸੀ। ਪਰ ਅਬਰਾਹਾਮ ਨੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ, ਅਤੇ ਪਰਮੇਸ਼ੁਰ ਨੇ ਅਬੀਮਲਕ, ਉਸਦੀ ਪਤਨੀ ਅਤੇ ਉਸ ਦੀਆਂ ਦਾਸੀਆਂ ਨੂੰ ਰਾਜ਼ੀ ਕਰ ਦਿੱਤਾ। 18

Genesis 21

1 ਯਹੋਵਾਹ ਨੇ ਉਹ ਇਕਰਾਰ ਨਿਭਾਇਆ ਜਿਹੜਾ ਉਸਨੇ ਸਾਰਾਹ ਨਾਲ ਕੀਤਾ ਸੀ। ਯਹੋਵਾਹ ਨੇ ਸਾਰਾਹ ਲਈ ਉਹੋ ਕੁਝ ਕੀਤਾ ਜਿਸਦਾ ਉਸਨੇ ਇਕਰਾਰ ਕੀਤਾ ਸੀ। 2 ਸਾਰਾਹ ਗਰਭਵਤੀ ਹੋਈ ਅਤੇ ਉਸਨੇ ਅਬਰਾਹਾਮ ਦੀ ਬਿਰਧ ਅਵਸਥਾ ਵਿੱਚ ਉਸ ਲਈ ਇੱਕ ਪੁੱਤਰ ਜੰਮਿਆ। ਇਹ ਸਾਰੀਆਂ ਗੱਲਾਂ ਪਰਮੇਸ਼ੁਰ ਦੇ ਐਲਾਨ ਕੀਤੇ ਬਿਲਕੁਲ ਸਹੀ ਸਮੇਂ ਤੇ ਵਾਪਰੀਆਂ। 3 ਸਾਰਾਹ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਅਬਰਾਹਾਮ ਨੇ ਉਸ ਦਾ ਨਾਮ ਇਸਹਾਕ ਰੱਖਿਆ। 4 ਅਬਰਾਹਾਮ ਨੇ ਇਸਹਾਕ ਦੀ ਸੁੰਨਤ ਕਰ ਦਿੱਤੀ, ਜਦੋਂ ਇਸਹਾਕ ਅਠਾਂ ਦਿਨਾਂ ਦਾ ਹੋਇਆ ਸੀ, ਜਿਵੇਂ ਕਿ ਪਰਮੇਸ਼ੁਰ ਨੇ ਆਦੇਸ਼ ਦਿੱਤਾ ਸੀ। 5 ਅਬਰਾਹਾਮ ਉਦੋਂ 100 ਵਰ੍ਹਿਆਂ ਦਾ ਸੀ ਜਦੋਂ ਉਸਦਾ ਪੁੱਤਰ ਇਸਹਾਕ ਜਨਮਿਆ। 6 ਅਤੇ ਸਾਰਾਹ ਨੇ ਆਖਿਆ, “ਪਰਮੇਸ਼ੁਰ ਨੇ ਮੈਨੂੰ ਖੁਸ਼ੀ ਦਿੱਤੀ ਹੈ। ਹਰ ਬੰਦਾ ਜਿਹੜਾ ਇਹ ਗੱਲ ਸੁਣੇਗਾ ਉਹ ਪ੍ਰਸੰਨ ਹੋਵੇਗਾ। 7 ਕੋਈ ਨਹੀਂ ਸੀ ਸੋਚਦਾ ਕਿ ਮੈਂ, ਸਾਰਾਹ, ਅਬਰਾਹਾਮ ਦਾ ਬੱਚਾ ਜਣਾਂਗੀ। ਪਰ ਮੈਂ ਅਬਰਾਹਾਮ ਨੂੰ ਇੱਕ ਪੁੱਤਰ ਦਿੱਤਾ ਜਦੋਂ ਕਿ ਉਹ ਬਿਰਧ ਹੈ।” 8 ਇਸਹਾਕ ਵਧਣ ਫ਼ੁਲਣ ਲੱਗਾ। ਛੇਤੀ ਹੀ ਉਹ ਠੋਸ ਆਹਾਰ ਕਰਨ ਜਿੰਨੀ ਉਮਰ ਦਾ ਹੋ ਗਿਆ। ਇਸ ਲਈ ਅਬਰਾਹਾਮ ਨੇ ਇੱਕ ਦਾਵਤ ਦਿੱਤੀ। 9 ਹਾਜਰਾ ਉਹ ਮਿਸਰੀ ਗੁਲਾਮ ਔਰਤ ਸੀ ਜਿਸਨੇ ਅਬਰਾਹਾਮ ਦੇ ਪਹਿਲੇ ਪੁੱਤਰ ਨੂੰ ਜਨਮ ਦਿੱਤਾ ਸੀ। ਸਾਰਾਹ ਨੇ ਹਾਜਰਾ ਦੇ ਪੁੱਤਰ ਨੂੰ ਖੇਡਦਿਆਂ ਦੇਖਿਆ। ਸਾਰਾਹ ਅਸ਼ਾਂਤ ਹੋ ਗਈ। 10 ਸਾਰਾਹ ਨੇ ਅਬਰਾਹਾਮ ਨੂੰ ਆਖਿਆ, “ਇਸ ਦਾਸੀ ਅਤੇ ਇਸਦੇ ਪੁੱਤਰ ਤੋਂ ਖਹਿੜਾ ਛੁਡਾ। ਮੈਂ ਨਹੀਂ ਚਾਹੁੰਦੀ ਕਿ ਉਸ ਦਾਸੀ ਦਾ ਪੁੱਤਰ ਮੇਰੇ ਪੁੱਤਰ ਇਸਹਾਕ ਨਾਲ ਸਾਡੀ ਜਾਇਦਾਦ, ਵਿਰਸੇ ਵਿੱਚ ਪ੍ਰਾਪਤ ਕਰੇ। 11 ਇਸ ਗੱਲ ਨੇ ਅਬਰਾਹਾਮ ਨੂੰ ਬਹੁਤ ਅਸ਼ਾਂਤ ਕਰ ਦਿੱਤਾ। ਉਹ ਆਪਣੇ ਪੁੱਤਰ ਇਸਮਾਏਲ ਬਾਰੇ ਚਿਂਤਿਤ ਸੀ। 12 ਪਰ ਪਰਮੇਸ਼ੁਰ ਨੇ ਅਬਰਾਹਾਮ ਨੂੰ ਆਖਿਆ, “ਉਸ ਮੁੰਡੇ ਅਤੇ ਗੁਲਾਮ ਔਰਤ ਦਾ ਫ਼ਿਕਰ ਨਾ ਕਰ। ਉਹੀ ਕਰ ਜੋ ਸਾਰਾਹ ਚਾਹੁੰਦੀ ਹੈ। ਇਸਹਾਕ ਹੀ ਤੇਰਾ ਇੱਕੋ-ਇੱਕ ਵਾਰਿਸ ਹੋਵੇਗਾ। 13 ਪਰ ਮੈਂ ਤੇਰੀ ਗੁਲਾਮ ਔਰਤ ਦੇ ਪੁੱਤਰ ਨੂੰ ਵੀ ਅਸੀਸ ਦੇਵਾਂਗਾ। ਉਹ ਤੇਰਾ ਪੁੱਤਰ ਹੈ, ਇਸ ਲਈ ਮੈਂ ਉਸਦੇ ਪਰਿਵਾਰ ਤੋਂ ਵੀ ਇੱਕ ਮਹਾਨ ਕੌਮ ਪੈਦਾ ਕਰਾਂਗਾ।” 14 ਅਗਲੀ ਸਵੇਰ, ਅਬਰਾਹਾਮ ਨੇ ਕੁਝ ਭੋਜਨ ਪਾਣੀ ਲਿਆ। ਅਬਰਾਹਾਮ ਨੇ ਇਹ ਚੀਜ਼ਾਂ ਹਾਜਰਾ ਨੂੰ ਦੇ ਦਿੱਤੀਆਂ। ਹਾਜਰਾ ਨੇ ਇਹ ਚੀਜ਼ਾਂ ਚੁੱਕ ਲਈਆਂ ਅਤੇ ਆਪਣੇ ਪੁੱਤਰ ਨੂੰ ਲੈਕੇ ਚਲੀ ਗਈ। ਹਾਜਰਾ ਨੇ ਉਹ ਥਾਂ ਛੱਡ ਦਿੱਤੀ ਅਤੇ ਬਏਰਸਬਾ ਦੇ ਮਾਰੂਥਲ ਵਿੱਚ ਘੁੰਮਣ ਲਗੀ। 15 ਕੁਝ ਸਮੇਂ ਬਾਦ, ਸਾਰਾ ਪਾਣੀ ਮੁੱਕ ਗਿਆ। ਪੀਣ ਲਈ ਕੁਝ ਵੀ ਨਹੀਂ ਬਚਿਆ। ਇਸ ਲਈ ਹਾਜਰਾ ਨੇ ਆਪਣੇ ਬੱਚੇ ਨੂੰ ਇੱਕ ਝਾੜੀ ਦੇ ਅੰਦਰ ਰੱਖ ਦਿੱਤਾ। 16 ਹਾਜਰਾ ਥੋੜਾ ਜਿਹਾ ਦੂਰ ਗਈ। ਫ਼ੇਰ ਉਹ ਰੁਕ ਗਈ ਅਤੇ ਬੈਠ ਗਈ। ਹਾਜਰਾ ਨੇ ਸੋਚਿਆ ਕਿ ਉਸਦਾ ਪੁੱਤਰ ਪਿਆਸ ਨਾਲ ਮਰ ਜਾਵੇਗਾ। ਉਹ ਉਸਨੂੰ ਮਰਦਿਆਂ ਹੋਇਆ ਨਹੀਂ ਦੇਖਣ ਚਾਹੁੰਦੀ ਸੀ। ਉਹ ਉਥੇ ਬੈਠ ਗਈ ਅਤੇ ਰੋਣ ਲੱਗ ਪਈ। 17 ਪਰਮੇਸ਼ੁਰ ਨੇ ਮੁੰਡੇ ਦਾ ਰੋਣਾ ਸੁਣਿਆ ਅਤੇ ਪਰਮੇਸ਼ੁਰ ਦੇ ਦੂਤ ਨੇ ਹਾਜਰਾ ਨੂੰ ਆਕਾਸ਼ ਵਿੱਚੋਂ ਆਵਾਜ਼ ਦਿੱਤੀ। ਉਸਨੇ ਆਖਿਆ, “ਕੀ ਗੱਲ ਹੈ, ਹਾਜਰਾ? ਡਰ ਨਾ! ਯਹੋਵਾਹ ਨੇ ਬੱਚੇ ਦਾ ਰੋਣਾ ਸੁਣ ਲਿਆ ਹੈ। 18 ਜਾ ਅਤੇ ਮੁੰਡੇ ਦੀ ਸਹਾਇਤਾ ਕਰ। ਉਸਦਾ ਹੱਥ ਫ਼ੜਕੇ ਉਸਨੂੰ ਖੜਾ ਕਰ! ਮੈਂ ਉਸਨੂੰ ਇੱਕ ਮਹਾਨ ਕੌਮ ਦਾ ਪਿਤਾ ਬਣਾਵਾਂਗਾ।” 19 ਫ਼ੇਰ ਪਰਮੇਸ਼ੁਰ ਨੇ ਹਾਜਰਾ ਨੂੰ ਪਾਣੀ ਦਾ ਇੱਕ ਖੂਹ ਦਿਖਾਇਆ। ਇਸ ਲਈ ਹਾਜਰਾ ਖੂਹ ਉੱਤੇ ਗਈ ਅਤੇ ਆਪਣਾ ਥੈਲਾ ਪਾਣੀ ਨਾਲ ਭਰ ਲਿਆ। ਫ਼ੇਰ ਉਸਨੇ ਮੁੰਡੇ ਨੂੰ ਪਾਣੀ ਪਿਲਾਇਆ। 20 ਮੁੰਡਾ ਵੱਡਾ ਹੁੰਦਾ ਗਿਆ ਅਤੇ ਪਰਮੇਸ਼ੁਰ ਉਸਦੇ ਅੰਗ-ਸੰਗ ਰਿਹਾ। ਇਸਮਾਏਲ ਮਾਰੂਥਲ ਵਿੱਚ ਰਹਿੰਦਾ ਸੀ ਅਤੇ ਇੱਕ ਸ਼ਿਕਾਰੀ ਬਣ ਗਿਆ। ਉਸਨੇ ਤੀਰ ਕਮਾਣ ਚਲਾਉਣ ਵਿੱਚ ਮਹਾਰਥ ਹਾਸਿਲ ਕਰ ਲਈ। 21 ਉਸ ਦੀ ਮਾਂ ਨੇ ਉਸ ਲਈ ਮਿਸਰ ਵਿੱਚੋਂ ਇੱਕ ਪਤਨੀ ਲਭ ਲਈ। ਉਹ ਪਾਰਾਨ ਦੇ ਮਾਰੂਥਲ ਵਿੱਚ ਰਹਿੰਦੇ ਰਹੇ। 22 ਫ਼ੇਰ ਅਬੀਮਲਕ ਅਤੇ ਫ਼ੀਕੋਲ ਨੇ ਅਬਰਾਹਾਮ ਨਾਲ ਗੱਲ ਕੀਤੀ। ਫ਼ੀਲੋਕ ਅਬੀਮਲਕ ਦੀ ਫ਼ੌਜ ਦਾ ਕਮਾਂਡਰ ਸੀ। ਉਨ੍ਹਾਂ ਨੇ ਅਬਰਾਹਾਮ ਨੂੰ ਆਖਿਆ, “ਤੇਰੀ ਹਰ ਗੱਲ ਵਿੱਚ ਪਰਮੇਸ਼ੁਰ ਤੇਰੇ ਨਾਲ ਹੈ। 23 ਇਸ ਲਈ ਮੈਨੂੰ ਇੱਥੇ ਪਰਮੇਸ਼ੁਰ ਦੇ ਸਾਮ੍ਹਣੇ ਇੱਕ ਬਚਨ ਦੇ। ਇਕਰਾਰ ਕਰ ਕਿ ਤੂੰ ਮੇਰੇ ਅਤੇ ਮੇਰੇ ਬੱਚਿਆਂ ਨਾਲ ਇਨਸਾਫ਼ ਕਰੇਂਗਾ। ਇਕਰਾਰ ਕਰ ਕਿ ਤੂੰ ਮੇਰੇ ਉੱਤੇ ਅਤੇ ਇਸ ਦੇਸ਼ ਉੱਤੇ, ਜਿਥੇ ਤੂੰ ਰਿਹਾ ਹੈਂ, ਮਿਹਰਬਾਨ ਹੋਵੇਂਗਾ। ਇਕਰਾਰ ਕਰ ਤੂੰ ਮੇਰੇ ਉੱਤੇ ਓਨਾ ਹੀ ਮਿਹਰਬਾਨ ਹੋਵੇਂਗਾ ਜਿੰਨਾ ਮੈਂ ਤੇਰੇ ਉੱਤੇ ਰਿਹਾ ਹਾਂ।” 24 ਅਤੇ ਅਬਰਾਹਾਮ ਨੇ ਆਖਿਆ, “ਮੈਂ ਤੇਰੇ ਨਾਲ ਓਹੋ ਜਿਹਾ ਸਲੂਕ ਕਰਨ ਦਾ ਇਕਰਾਰ ਕਰਦਾ ਹਾਂ ਜਿਹੋ ਜਿਹਾ ਤੂੰ ਮੇਰੇ ਨਾਲ ਕੀਤਾ ਹੈ।” 25 ਫ਼ੇਰ ਅਬਰਾਹਾਮ ਨੇ ਅਬੀਮਲਕ ਨੂੰ ਸ਼ਿਕਾਇਤ ਕੀਤੀ। ਅਬਰਾਹਾਮ ਨੇ ਇਸ ਲਈ ਸ਼ਿਕਾਇਤ ਕੀਤੀ ਕਿਉਂਕਿ ਅਬੀਮਲਕ ਦੇ ਨੌਕਰਾਂ ਨੇ ਪਾਣੀ ਦੇ ਖੂਹ ਉੱਤੇ ਕਬਜ਼ਾ ਕਰ ਲਿਆ ਸੀ। 26 ਪਰ ਅਬੀਮਲਕ ਨੇ ਆਖਿਆ, “ਮੈਨੂੰ ਨਹੀਂ ਪਤਾ, ਇਹ ਕਿਸਨੇ ਕੀਤਾ। ਤੂੰ ਇਹ ਮੈਨੂੰ ਪਹਿਲਾਂ ਕਦੇ ਨਹੀਂ ਦੱਸਿਆ। ਮੈਂ ਇਸ ਬਾਰੇ ਅੱਜ ਹੀ ਸੁਣ ਰਿਹਾ ਹਾਂ!” 27 ਇਸ ਲਈ ਅਬਰਾਹਾਮ ਅਤੇ ਅਬੀਮਲਕ ਨੇ ਇੱਕ ਇਕਰਾਰਨਾਮਾ ਕੀਤਾ। ਅਬਰਾਹਾਮ ਨੇ ਅਬੀਮਲਕ ਨੂੰ ਕੁਝ ਭੇਡਾਂ ਅਤੇ ਪਸ਼ੂ ਇਕਰਾਰਨਾਮੇ ਦੇ ਸਬੂਤ ਵਜੋਂ ਦਿੱਤੇ। 28 ਅਬਰਾਹਾਮ ਨੇ ਸੱਤ ਲੇਲੀਆਂ ਵੀ ਅਬੀਮਲਕ ਦੇ ਸਾਮ੍ਹਣੇ ਰੱਖ ਦਿੱਤੀਆਂ। 29 ਅਬੀਮਲਕ ਨੇ ਅਬਰਾਹਾਮ ਨੂੰ ਪੁਛਿਆ, “ਤੂੰ ਇਨ੍ਹਾਂ ਸੱਤ ਲੇਲੀਆਂ ਨੂੰ ਇਕਲਿਆਂ ਕਿਉਂ ਰੱਖ ਦਿੱਤਾ ਹੈ?” 30 ਅਬਰਾਹਾਮ ਨੇ ਜਵਾਬ ਦਿੱਤਾ, “ਜਦੋਂ ਤੂੰ ਇਨ੍ਹਾਂ ਲੇਲੀਆਂ ਨੂੰ ਮੇਰੇ ਵੱਲੋਂ ਪ੍ਰਵਾਨ ਕਰ ਲਵੇਂਗਾ ਤਾਂ ਇਹ ਇਸ ਗੱਲ ਦਾ ਸਬੂਤ ਹੋਵੇਗਾ ਕਿ ਮੈਂ ਇਹ ਖੂਹ ਪੁਟਿਆ ਸੀ।” 31 ਇਸ ਲਈ ਇਸਤੋਂ ਮਗਰੋਂ ਖੂਹ ਨੂੰ ਬਏਰਸ਼ਬਾ ਆਖਿਆ ਜਾਣ ਲੱਗਾ। ਉਸਨੇ ਇਸ ਖੂਹ ਨੂੰ ਇਹ ਨਾਲ ਇਸ ਵਾਸਤੇ ਦਿੱਤਾ ਕਿਉਂਕਿ ਇਹੀ ਉਹ ਥਾਂ ਸੀ ਜਿਥੇ ਉਨ੍ਹਾਂ ਨੇ ਇੱਕ ਦੂਜੇ ਨਾਲ ਇਕਰਾਰ ਕੀਤਾ ਸੀ। 32 ਇਸ ਤਰ੍ਹਾਂ ਅਬਰਾਹਾਮ ਅਤੇ ਅਬੀਮਲਕ ਨੇ ਬਏਰਸਬਾ ਵਿਖੇ ਇੱਕ ਇਕਰਾਰਨਾਮਾ ਕੀਤਾ। ਫ਼ੇਰ ਅਬੀਮਲਕ ਅਤੇ ਉਸਦਾ ਫ਼ੌਜੀ ਕਮਾਂਡਰ ਫ਼ਲਿਸਤੀਆਂ ਦੇ ਦੇਸ਼ ਨੂੰ ਚਲੇ ਗਏ। 33 ਅਬਰਾਹਾਮ ਨੇ ਬਏਰਸਬਾ ਵਿਖੇ ਇੱਕ ਖਾਸ ਰੁਖ ਲਾਇਆ। ਉਸ ਥਾਂ ਉੱਤੇ, ਅਬਰਾਹਾਮ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਉਸ ਪਰਮੇਸ਼ੁਰ ਅੱਗੇ ਜਿਹੜਾ ਸਦਾ ਜਿਉਂਦਾ ਹੈ। 34 ਅਤੇ ਅਬਰਾਹਾਮ ਫ਼ਲਿਸਤੀਆਂ ਦੇ ਦੇਸ਼ ਵਿੱਚ ਲੰਮਾ ਸਮਾਂ ਰਿਹਾ।

Genesis 22

1 ਇਨ੍ਹਾਂ ਘਟਾਨਾਵਾਂ ਤੋਂ ਮਗਰੋਂ, ਪਰਮੇਸ਼ੁਰ ਨੇ ਅਬਰਾਹਾਮ ਨੂੰ ਪਰਖਣ ਦਾ ਨਿਰਣਾ ਕੀਤਾ। ਪਰਮੇਸ਼ੁਰ ਨੇ ਉਸਨੂੰ ਆਖਿਆ, “ਅਬਰਾਹਾਮ!”ਅਤੇ ਅਬਰਾਹਾਮ ਨੇ ਆਖਿਆ, “ਹਾਂ ਯਹੋਵਾਹ!” 2 ਫ਼ੇਰ ਪਰਮੇਸ਼ੁਰ ਨੇ ਆਖਿਆ, “ਆਪਣੇ ਪੁੱਤਰ ਨੂੰ ਮੋਰੀਆਹ ਦੀ ਧਰਤੀ ਉੱਤੇ ਲੈ ਜਾ। ਮੋਰੀਆਹ ਉੱਤੇ ਜਾਕੇ ਆਪਣੇ ਪੁੱਤਰ ਦੀ ਮੇਰੇ ਲਈ ਬਲੀ ਚੜਾ। ਇਹ ਤੇਰਾ ਇੱਕ ਲੌਤਾ ਪੁੱਤਰ, ਇਸਹਾਕ ਹੀ ਹੋਣਾ ਚਾਹੀਦਾ ਹੈ - ਉਹ ਪੁੱਤਰ ਜਿਸਨੂੰ ਤੂੰ ਪਿਆਰ ਕਰਦਾ ਹੈਂ। ਉਸਨੂੰ ਇਥੋਂ ਦੇ ਪਹਾੜਾਂ ਵਿੱਚੋਂ ਕਿਸੇ ਇੱਕ ਉੱਤੇ ਹੋਮ ਦੀ ਭੇਟ ਵਜੋਂ ਵਰਤ। ਮੈਂ ਤੈਨੂੰ ਦੱਸਾਂਗਾ ਕਿਹੜੇ ਪਰਬਤ ਉੱਤੇ।” 3 ਸਵੇਰੇ ਅਬਰਾਹਾਮ ਉਠਿਆ ਅਤੇ ਆਪਣੇ ਖੋਤੇ ਨੂੰ ਕਾਠੀ ਪਾਈ। ਅਬਰਾਹਾਮ ਨੇ ਇਸਹਾਕ ਅਤੇ ਆਪਣੇ ਦੋ ਨੌਕਰਾਂ ਨੂੰ ਨਾਲ ਲੈ ਲਿਆ। ਅਬਰਾਹਾਮ ਨੇ ਬਲੀ ਲਈ ਲੱਕੜ ਕੱਟੀ। ਫ਼ੇਰ ਉਹ ਉਸ ਥਾਂ ਚਲੇ ਗਏ ਜਿਥੇ ਜਾਣ ਬਾਰੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਆਖਿਆ ਸੀ। 4 ਤਿੰਨ ਦਿਨ ਸਫ਼ਰ ਕਰਨ ਤੋਂ ਮਗਰੋਂ, ਅਬਰਾਹਾਮ ਨੇ ਉੱਪਰ ਵੱਲ ਦੇਖਿਆ ਅਤੇ ਕੁਝ ਦੂਰੀ ਤੇ, ਉਸਨੇ ਉਹ ਥਾਂ ਦੇਖੀ ਜਿਥੇ ਉਹ ਜਾ ਰਿਹਾ ਸੀ। 5 ਫ਼ੇਰ ਅਬਰਾਹਾਮ ਨੇ ਆਪਣੇ ਨੌਕਰਾਂ ਨੂੰ ਆਖਿਆ, “ਖੋਤੇ ਨਾਲ ਇਥੋ ਹੀ ਠਹਿਰੋ। ਮੈਂ ਆਪਣੇ ਪੁੱਤਰ ਨੂੰ ਨਾਲ ਲੈਕੇ ਉਸ ਉਪਾਸਨਾ ਵਾਲੀ ਥਾਂ ਉੱਤੇ ਜਾਵਾਂਗਾ। ਫ਼ੇਰ ਅਸੀਂ ਤੁਹਾਡੇ ਕੋਲ ਵਾਪਸ ਆ ਜਾਵਾਂਗੇ।” 6 ਅਬਰਾਹਾਮ ਨੇ ਬਲੀ ਲਈ ਲੱਕੜਾਂ ਲਈਆਂ ਅਤੇ ਇਹ ਆਪਣੇ ਪੁੱਤਰ ਇਸਹਾਕ ਉੱਤੇ ਰੱਖ ਦਿੱਤੀਆਂ। ਅਬਰਾਹਾਮ ਨੇ ਖੁਦ ਅੱਗ ਅਤੇ ਚਾਕੂ ਨੂੰ ਚੁਕਿਆ। ਅਤੇ ਉਹ ਦੋਵੇਂ ਇਕਠੇ ਤੁਰ ਪਏ। 7 ਇਸਹਾਕ ਨੇ ਆਪਣੇ ਪਿਤਾ ਅਬਰਾਹਾਮ ਨੂੰ ਆਖਿਆ, “ਪਿਤਾ ਜੀ!”ਅਬਰਾਹਾਮ ਨੇ ਜਵਾਬ ਦਿੱਤਾ, “ਹਾਂ ਪੁੱਤਰ।”ਇਸਹਾਕ ਨੇ ਆਖਿਆ, “ਮੈਨੂੰ ਲੱਕੜਾਂ ਅਤੇ ਅੱਗ ਤਾਂ ਨਜ਼ਰ ਆਉਂਦੀ ਹੈ। ਪਰ ਉਹ ਲੇਲਾ ਕਿਥੇ ਹੈ ਜਿਸਨੂੰ ਅਸੀਂ ਬਲੀ ਚੜਾਵਾਂਗੇ?” 8 ਅਬਰਾਹਾਮ ਨੇ ਜਵਾਬ ਦਿੱਤਾ, “ਪਰਮੇਸ਼ੁਰ ਖੁਦ ਹੀ ਬਲੀ ਲਈ ਲੇਲਾ ਭੇਜ ਰਿਹਾ ਹੈ, ਮੇਰੇ ਪੁੱਤਰ।”ਇਸ ਤਰ੍ਹਾਂ ਅਬਰਾਹਾਮ ਅਤੇ ਉਸਦਾ ਪੁੱਤਰ ਦੋਵੇਂ ਉਸ ਥਾਂ ਚਲੇ ਗਏ। 9 ਉਹ ਉਸ ਥਾਂ ਗਏ ਜਿਥੇ ਉਨ੍ਹਾਂ ਨੂੰ ਪਰਮੇਸ਼ੁਰ ਨੇ ਜਾਣ ਵਾਸਤੇ ਆਖਿਆ ਸੀ। ਉਥੇ ਅਬਰਾਹਾਮ ਨੇ ਜਗਵੇਦੀ ਉਸਾਰੀ ਅਤੇ ਜਗਵੇਦੀ ਉੱਤੇ ਲੱਕੜਾਂ ਰੱਖ ਦਿੱਤੀਆਂ। ਫ਼ੇਰ ਅਬਰਾਹਾਮ ਨੇ ਆਪਣੇ ਪੁੱਤਰ ਇਸਹਾਕ ਨੂੰ ਬੰਨ੍ਹ ਦਿੱਤਾ। ਅਬਰਾਹਾਮ ਨੇ ਇਸਹਾਕ ਨੂੰ ਜਗਵੇਦੀ ਉੱਤੇ ਲੱਕੜਾਂ ਉੱਪਰ ਰੱਖ ਦਿੱਤਾ। 10 ਫ਼ੇਰ ਅਬਰਾਹਾਮ ਨੇ ਆਪਣੀ ਛੁਰੀ ਕਢ ਲਈ ਅਤੇ ਆਪਣੇ ਪੁੱਤਰ ਨੂੰ ਮਾਰਨ ਲਈ ਤਿਆਰ ਹੋ ਗਿਆ। 11 ਪਰ ਫ਼ੇਰ ਯਹੋਵਾਹ ਦੇ ਦੂਤ ਨੇ ਅਬਰਾਹਾਮ ਨੂੰ ਰੋਕ ਲਿਆ। ਦੂਤ ਨੇ ਆਕਾਸ਼ ਵਿੱਚੋਂ ਆਵਾਜ਼ ਦਿੱਤੀ ਅਤੇ ਆਖਿਆ, “ਅਬਰਾਹਾਮ, ਅਬਰਾਹਾਮ!”ਅਬਰਾਹਾਮ ਨੇ ਜਵਾਬ ਦਿੱਤਾ, “ਹਾਂ ਜੀ।” 12 ਦੂਤ ਨੇ ਆਖਿਆ, “ਆਪਣੇ ਪੁੱਤਰ ਨੂੰ ਨਾ ਮਾਰ ਅਤੇ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚਾ। ਹੁਣ ਮੈਂ ਦੇਖ ਸਕਦਾ ਹਾਂ ਕਿ ਤੂੰ ਸੱਚਮੁੱਚ ਪਰਮੇਸ਼ੁਰ ਦਾ ਆਦਰ ਕਰਦਾ ਹੈਂ ਅਤੇ ਉਸਦਾ ਹੁਕਮ ਮੰਨਦਾ ਹੈਂ। ਮੈਂ ਦੇਖ ਰਿਹਾ ਹਾਂ ਕਿ ਤੂੰ ਮੇਰੇ ਲਈ ਆਪਣੇ ਪੁੱਤਰ, ਆਪਣੇ ਇੱਕੋ-ਇੱਕ ਪੁੱਤਰ ਦੀ ਬਲੀ ਦੇਣ ਲਈ ਤਿਆਰ ਹੈਂ।” 13 ਫ਼ੇਰ ਅਬਰਾਹਾਮ ਨੇ ਇੱਕ ਭੇਡੂ ਦੇਖਿਆ। ਭੇਡੂ ਦੇ ਸਿੰਗ ਝਾੜੀ ਵਿੱਚ ਫ਼ਸੇ ਹੋਏ ਸਨ। ਇਸ ਲਈ ਅਬਰਾਹਾਮ ਗਿਆ ਅਤੇ ਭੇਡੂ ਨੂੰ ਲੈਕੇ ਇਸਨੂੰ ਆਪਣੇ ਪੁੱਤਰ ਦੀ ਬਜਾਇ ਪਰਮੇਸ਼ੁਰ ਨੂੰ ਬਲੀ ਵਜੋਂ ਚੜਾ ਦਿੱਤਾ। 14 ਇਸ ਲਈ ਅਬਰਾਹਾਮ ਨੇ ਉਸ ਥਾਂ ਨੂੰ ਨਾਮ ਦਿੱਤਾ, “ਯਾਹਵੇਹ ਯਿਰਹ।” ਅੱਜ ਵੀ ਲੋਕ ਆਖਦੇ ਹਨ, “ਇਸ ਪਰਬਤ ਉੱਤੇ ਯਹੋਵਾਹ ਦਾ ਦੀਦਾਰ ਕੀਤਾ ਜਾ ਸਕਦਾ ਹੈ।” 15 ਯਹੋਵਾਹ ਦੇ ਦੂਤ ਨੇ ਦੂਸਰੀ ਵਾਰ ਅਬਰਾਹਾਮ ਨੂੰ ਆਕਾਸ਼ੋਂ ਆਵਾਜ਼ ਦਿੱਤੀ। 16 ਦੂਤ ਨੇ ਆਖਿਆ, “ਤੂੰ ਮੇਰੀ ਖਾਤਿਰ ਆਪਣੇ ਪੁੱਤਰ ਦੀ ਬਲੀ ਦੇਣ ਲਈ ਤਿਆਰ ਹੋ ਗਿਆ ਸੀ। ਇਹ ਤੇਰਾ ਇੱਕਲੌਤਾ ਪੁੱਤਰ ਸੀ। ਕਿਉਂਕਿ ਤੂੰ ਮੇਰੀ ਖਾਤਿਰ ਅਜਿਹਾ ਕੀਤਾ, ਮੈਂ ਤੈਨੂੰ ਇਹ ਬਚਨ ਦਿੰਦਾ ਹਾਂ: ਮੈਂ, ਯਹੋਵਾਹ, ਇਕਰਾਰ ਕਰਦਾ ਹਾਂ ਕਿ 17 ਮੈਂ ਤੈਨੂੰ ਸੱਚਮੁੱਚ ਅਸੀਸ ਦੇਵਾਂਗਾ। ਮੈਂ ਤੈਨੂੰ ਬਹੁਤ ਸਾਰੇ ਉੱਤਰਾਧਿਕਾਰੀ ਦਿਆਂਗਾ, ਜਿੰਨੇ ਕਿ ਆਕਾਸ਼ ਵਿੱਚ ਤਾਰੇ ਹਨ। ਇੱਥੇ ਇੰਨੇ ਲੋਕ ਹੋਣਗੇ ਜਿੰਨੇ ਸਮੁੰਦਰੀ ਕੰਢੇ ਉੱਤੇ ਰੇਤ ਦੇ ਕਣ ਹਨ। ਅਤੇ ਤੇਰੇ ਲੋਕ ਉਨ੍ਹਾਂ ਸ਼ਹਿਰਾਂ ਵਿੱਚ ਰਹਿਣਗੇ ਜਿਹੜੇ ਉਹ ਆਪਣੇ ਦੁਸ਼ਮਣਾ ਤੋਂ ਜਿੱਤਣਗੇ। 18 ਧਰਤੀ ਦੀਆਂ ਸਾਰੀਆਂ ਕੌਮਾਂ ਤੇਰੇ ਉੱਤਰਾਧਿਕਾਰੀਆਂ ਕਾਰਣ ਅਸੀਸਮਈ ਹੋਣਗੀਆਂ, ਕਿਉਂਕਿ ਤੂੰ ਮੇਰੇ ਆਦੇਸ਼ਾਂ ਨੂੰ ਮੰਨਿਆ।” 19 ਫ਼ੇਰ ਅਬਰਾਹਾਮ ਆਪਣੇ ਨੌਕਰਾਂ ਕੋਲ ਵਾਪਸ ਚਲਾ ਗਿਆ। ਉਹ ਸਾਰੇ ਬਏਰਸਬਾ ਵਾਪਸ ਪਰਤ ਗਏ ਅਤੇ ਅਬਰਾਹਾਮ ਉਥੇ ਠਹਿਰ ਗਿਆ। 20 ਇਹ ਸਭ ਗੱਲਾਂ ਵਾਪਰਨ ਤੋਂ ਬਾਦ, ਅਬਰਾਹਾਮ ਨੂੰ ਇੱਕ ਸੰਦੇਸ਼ ਭੇਜਿਆ ਗਿਆ। ਸੰਦੇਸ਼ ਵਿੱਚ ਆਖਿਆ ਗਿਆ ਸੀ, “ਤੇਰੇ ਭਰਾ ਨਾਹੋਰ ਅਤੇ ਉਸਦੀ ਪਤਨੀ ਮਿਲਕਾਹ ਦੇ ਹੁਣ ਬੱਚੇ ਹਨ। 21 ਪਹਿਲੇ ਪੁੱਤਰ ਦਾ ਨਾਮ ਊਸ ਹੈ। ਦੂਸਰੇ ਪੁੱਤਰ ਦਾ ਨਾਮ ਬੂਜ਼ ਹੈ। ਤੀਸਰਾ ਪੁੱਤਰ ਅਰਾਮ ਦਾ ਪਿਤਾ, ਕਮੂਏਲ ਹੈ। 22 ਫ਼ੇਰ ਕਸਦ, ਹਜ਼ੋ, ਪਿਲਦਾਸ਼ ਅਤੇ ਯਿਦਲਾਫ਼ ਬਥੂਏਲ ਹਨ।” 23 ਬਥੂਏਲ ਰਿਬਕਾਹ ਦਾ ਪਿਤਾ ਸੀ। ਮਿਲਕਾਹ ਇਨ੍ਹਾਂ ਅਠਾਂ ਪੁੱਤਰਾਂ ਦੀ ਮਾਂ ਸੀ ਅਤੇ ਨਾਹੋਰ ਉਨ੍ਹਾਂ ਦਾ ਪਿਤਾ ਸੀ। ਨਾਹੋਰ ਅਬਰਾਹਾਮ ਦਾ ਭਰਾ ਸੀ। 24 ਨਾਹੋਰ ਦੇ ਆਪਣੀ ਦਾਸੀ ਰੂਮਾਹ ਤੋਂ ਵੀ ਚਾਰ ਪੁੱਤਰ ਸਨ। ਇਹ ਪੁੱਤਰ ਸਨ, ਤਬਹ, ਗਹਮ, ਤਹਸ਼ ਅਤੇ ਮਾਕਾਹ।

Genesis 23

1 ਸਾਰਾਹ 127 ਵਰ੍ਹੇ ਜੀਵੀ। 2 ਉਸਦਾ ਦੇਹਾਂਤ ਕਨਾਨ ਦੀ ਧਰਤੀ ਉੱਤੇ ਕਿਰਿਯਤ ਅਰਬਾ (ਹਬਰੋਨ) ਦੇ ਸ਼ਹਿਰ ਵਿੱਚ ਹੋਇਆ। ਅਬਰਾਹਾਮ ਬਹੁਤ ਉਦਾਸ ਹੋ ਗਿਆ ਅਤੇ ਉਥੇ ਉਸ ਲਈ ਰੋਂਦਾ ਰਿਹਾ। 3 ਫ਼ੇਰ ਅਬਰਾਹਾਮ ਨੇ ਆਪਣੀ ਮ੍ਰਿਤ ਪਤਨੀ ਨੂੰ ਛੱਡ ਦਿੱਤਾ ਅਤੇ ਹਿੱਤੀ ਲੋਕਾਂ ਨਾਲ ਗੱਲ ਕਰਨ ਲਈ ਚਲਾ ਗਿਆ। ਉਸਨੇ ਆਖਿਆ, 4 “ਮੈਂ ਤੁਹਾਡੇ ਦੇਸ਼ ਵਿੱਚ ਰਹਿਣ ਵਾਲਾ ਸਿਰਫ਼ ਇੱਕ ਮੁਸਾਫ਼ਰ ਹਾਂ। ਮੇਰੇ ਕੋਲ ਆਪਣੀ ਪਤਨੀ ਨੂੰ ਦਫ਼ਨ ਕਰਨ ਲਈ ਕੋਈ ਥਾਂ ਨਹੀਂ। ਕਿਰਪਾ ਕਰਕੇ ਮੈਨੂੰ ਕੁਝ ਥਾਂ ਦਿਉ ਤਾਂ ਜੋ ਮੈਂ ਆਪਣੀ ਪਤਨੀ ਨੂੰ ਦਫ਼ਨਾ ਸਕਾਂ।” 5 ਹਿੱਤੀ ਲੋਕਾਂ ਨੇ ਅਬਰਾਹਾਮ ਨੂੰ ਜਵਾਬ ਦਿੱਤਾ, 6 “ਸ਼੍ਰੀ ਮਾਨ ਜੀ, ਤੁਸੀਂ ਤਾਂ ਸਾਡੇ ਦਰਮਿਆਨ ਪਰਮੇਸ਼ੁਰ ਦੇ ਮਹਾਨ ਆਗੂਆਂ ਵਿੱਚੋਂ ਇੱਕ ਹੋ। ਤੁਸੀਂ ਤਾਂ ਸਾਡੀ ਸਭ ਤੋਂ ਚੰਗੀ ਜ਼ਮੀਨ ਆਪਣੇ ਮੁਰਦੇ ਨੂੰ ਦਫ਼ਨ ਕਰਨ ਲਈ ਲੈ ਸਕਦੇ ਹੋ। ਤੁਸੀਂ ਸਾਡੇ ਕਿਸੇ ਵੀ ਕਬਰਸਤਾਨ ਵਿੱਚ ਕੋਈ ਵੀ ਥਾਂ ਲੈ ਸਕਦੇ ਹੋ ਜੋ ਤੁਸੀਂ ਚਾਹੋਂ। ਸਾਡੇ ਵਿੱਚੋਂ ਕੋਈ ਵੀ ਤੁਹਾਨੂੰ ਆਪਣੀ ਪਤਨੀ ਨੂੰ ਉਥੇ ਦਫ਼ਨਾਉਣ ਤੋਂ ਨਹੀਂ ਰੋਕੇਗਾ।” 7 ਅਬਰਾਹਾਮ ਉਠ ਖਲੋਤਾ ਅਤੇ ਹਿੱਤੀ ਲੋਕਾਂ ਦੇ ਸਾਮ੍ਹਣੇ ਝੁਕ ਗਿਆ। 8 ਅਬਰਾਹਾਮ ਨੇ ਉਨ੍ਹਾਂ ਨੂੰ ਆਖਿਆ, “ਜੇ ਤੁਸੀਂ ਸੱਚਮੁੱਚ ਮੇਰੀ ਪਤਨੀ ਨੂੰ ਦਫ਼ਨਾਉਣ ਵਿੱਚ ਮੇਰੀ ਸਹਾਇਤਾ ਕਰਨਾ ਚਾਹੁੰਦੇ ਹੋ ਤਾਂ ਮੇਰੇ ਲਈ ਸੋਹਰ ਦੇ ਪੁੱਤਰ ਅਫ਼ਰੋਨ ਨਾਲ ਗੱਲ ਕਰੋ। 9 ਮੈਂ ਅਫ਼ਰੋਨ ਦੀ ਮਕਫ਼ੇਲਾਹ ਵਾਲੀ ਗੁਫ਼ਾ ਖਰੀਦਣੀ ਚਾਹੁੰਦਾ ਹਾਂ। ਇਹ ਉਸਦੇ ਖੇਤ ਦੇ ਸਿਰੇ ਉੱਤੇ ਹੈ। ਮੈਂ ਉਸਨੂੰ ਇਸਦੀ ਪੂਰੀ ਕੀਮਤ ਦਿਆਂਗਾ। ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਗਵਾਹ ਹੋਵੋਂ ਕਿ ਮੈਂ ਇਸਨੂੰ ਕਬਰਸਤਾਨ ਵਜੋਂ ਖਰੀਦਿਆ।” 10 ਅਫ਼ਰੋਨ ਉਥੇ ਲੋਕਾਂ ਵਿਚਕਾਰ ਬੈਠਾ ਹੋਇਆ ਸੀ। ਅਫ਼ਰੋਨ ਨੇ ਅਬਰਾਹਾਮ ਨੂੰ ਉੱਚੀ ਆਵਾਜ਼ ਵਿੱਚ ਜਵਾਬ ਦਿੱਤਾ, ਤਾਂ ਜੋ ਉਥੇ ਸ਼ਹਿਰ ਦੇ ਫ਼ਾਟਕ ਕੋਲ ਬੈਠਾ ਹਰ ਕੋਈ ਉਸਨੂੰ ਸੁਣ ਸਕੇ। 11 “ਨਹੀਂ, ਸ਼੍ਰੀ ਮਾਨ ਜੀ। ਮੈਂ ਇੱਥੇ ਆਪਣੇ ਸਾਰੇ ਲੋਕਾਂ ਸਾਮ੍ਹਣੇ ਤੁਹਾਨੂੰ ਉਹ ਜ਼ਮੀਨ ਦਿੰਦਾ ਹਾਂ ਜਿਸ ਉੱਤੇ ਇਹ ਗੁਫ਼ਾ ਹੈ, ਤਾਂ ਜੋ ਤੁਸੀਂ ਉਥੇ ਆਪਣੀ ਪਤਨੀ ਨੂੰ ਦਫ਼ਨਾ ਸਕੋਂ।” 12 ਅਬਰਾਹਾਮ ਹਿੱਤੀ ਲੋਕਾਂ ਦੇ ਸਾਮ੍ਹਣੇ ਧਰਤੀ ਉੱਤੇ ਝੁਕ ਗਿਆ। 13 ਅਬਰਾਹਾਮ ਨੇ ਅਫ਼ਰੋਨ ਨੂੰ ਸਮੂਹ ਲੋਕਾਂ ਦੇ ਸਾਮ੍ਹਣੇ ਆਖਿਆ, “ਪਰ ਮੈਂ ਤੁਹਾਨੂੰ ਉਸ ਖੇਤ ਦੀ ਪੂਰੀ ਕੀਮਤ ਅਦਾ ਕਰਨਾ ਚਾਹੁੰਦਾ ਹਾਂ। ਮੇਰੇ ਪੈਸੇ ਨੂੰ ਪ੍ਰਵਾਨ ਕਰੋ, ਅਤੇ ਮੈਂ ਆਪਣੇ ਮੁਰਦੇ ਨੂੰ ਦਫ਼ਨਾ ਦਿਆਂਗਾ।” 14 ਅਫ਼ਰੋਨ ਨੇ ਅਬਰਾਹਾਮ ਨੂੰ ਜਵਾਬ ਦਿੱਤਾ, 15 “ਸ਼੍ਰੀਮਾਨ ਜੀ, ਮੇਰੀ ਗੱਲ ਸੁਣੋ। ਚਾਂਦੀ ਦੇ ਦਸ ਪੌਂਡ ਤੁਹਾਡੇ ਜਾਂ ਮੇਰੇ ਲਈ ਕੁਝ ਵੀ ਨਹੀਂ। ਥਾਂ ਲੈ ਲਵੋ ਅਤੇ ਆਪਣੀ ਮ੍ਰਿਤ ਪਤਨੀ ਨੂੰ ਦਫ਼ਨਾ ਦਿਉ।” 16 ਅਬਰਾਹਾਮ ਅਫ਼ਰੋਨ ਦੀਆਂ ਸ਼ਰਤਾਂ ਨਾਲ ਰਾਜ਼ੀ ਹੋ ਗਿਆ। ਅਬਰਾਹਾਮ ਨੇ ਕਾਰੋਬਾਰੀਆਂ ਦੇ ਪ੍ਰਮਾਣਿਕ ਤੋਂਲਾਂ ਅਨੁਸਾਰ ਅਫ਼ਰੋਨ ਲਈ ਦਸ ਪੌਂਡ ਚਾਂਦੀ ਤੋਂਲ ਦਿੱਤੀ। 17 ਇਸ ਤਰ੍ਹਾਂ, ਅਫ਼ਰੋਨ ਦੀ ਜ਼ਮੀਨ ਦੀ ਮਾਲਕੀ ਬਦਲ ਗਈ। ਇਹ ਜ਼ਮੀਨ ਮਮਰੇ ਦੇ ਨੇੜੇ, ਮਕਫ਼ੇਲਾਹ ਵਿੱਚ ਸੀ। ਅਬਰਾਹਮ ਉਸ ਜ਼ਮੀਨ, ਇਸ ਉਤਲੀ ਗੁਫ਼ਾ ਅਤੇ ਇਸ ਉਤਲੇ ਸਾਰੇ ਦ੍ਰਖਤਾਂ ਦਾ ਮਾਲਕ ਬਣ ਗਿਆ। ਨਗਰ ਦੇ ਸਾਰੇ ਲੋਕਾਂ ਨੇ ਅਫ਼ਰੋਨ ਅਤੇ ਅਬਰਾਹਾਮ ਵਿਚਕਾਰ ਹੋਏ ਸੌਦੇ ਨੂੰ ਦੇਖਿਆ। 18 19 ਇਸਤੋਂ ਮਗਰੋਂ, ਅਬਰਾਹਾਮ ਨੇ ਆਪਣੀ ਪਤਨੀ ਨੂੰ ਮਕਫ਼ੇਲਾਹ ਦੇ ਖੇਤ ਉਤਲੀ ਗੁਫ਼ਾ ਵਿੱਚ, ਮਮਰੇ ਦੇ ਨੇੜੇ (ਹੁਣ ਹਬਰੋਨ ਕਹਾਉਂਦੇ) ਕਨਾਨ ਦੀ ਜ਼ਮੀਨ ਵਿੱਚ ਦਫ਼ਨਾ ਦਿੱਤਾ। 20 ਅਬਰਾਹਾਮ ਨੇ ਗੁਫ਼ਾ ਸਮੇਤ ਖੇਤ ਨੂੰ ਹਿੱਤੀ ਲੋਕਾਂ ਪਾਸੋਂ ਖਰੀਦ ਲਿਆ। ਇਹ ਉਸਦੀ ਜ਼ਾਇਦਾਦ ਬਣ ਗਈ ਅਤੇ ਉਸਨੇ ਇਸਦੀ ਵਰਤੋਂ ਕਬਰਸਤਾਨ ਵਜੋਂ ਕੀਤੀ।

Genesis 24

1 ਅਬਰਾਹਾਮ ਬੜੀ ਲੰਮੀ ਉਮਰ ਜੀਵਿਆ। ਯਹੋਵਾਹ ਨੇ ਅਬਰਾਹਾਮ ਨੂੰ ਅਤੇ ਉਸਦੇ ਕੀਤੇ ਹਰ ਕੰਮ ਨੂੰ ਅਸੀਸ ਦਿੱਤੀ। 2 ਅਬਰਾਹਾਮ ਦਾ ਸਭ ਤੋਂ ਪੁਰਾਣਾ ਨੌਕਰ ਅਬਰਾਹਾਮ ਦੀ ਹਰ ਚੀਜ਼ ਦਾ ਨਿਗਾਹਬਾਨ ਸੀ। ਅਬਰਾਹਾਮ ਨੇ ਉਸ ਨੌਕਰ ਨੂੰ ਆਪਣੇ ਕੋਲ ਸਦਕੇ ਆਖਿਆ, “ਮੇਰੀ ਲੱਤ ਹੇਠਾਂ ਆਪਣਾ ਹੱਥ ਰੱਖ। 3 ਹੁਣ ਮੈਂ ਚਾਹੁੰਦਾ ਹਾਂ ਕਿ ਤੂੰ ਮੇਰੇ ਨਾਲ ਇੱਕ ਗੱਲ ਦਾ ਇਕਰਾਰ ਕਰੇਂ। ਯਹੋਵਾਹ ਆਕਾਸ਼ ਅਤੇ ਧਰਤੀ ਦੇ ਅਪਰਮੇਸ਼ੁਰ ਦੀ ਹਾਜ਼ਰੀ ਵਿੱਚ ਮੈਨੂੰ ਵਚਨ ਦੇ, ਕਿ ਤੂੰ ਮੇਰੇ ਪੁੱਤਰ ਦੀ ਪਤਨੀ ਹੋਣ ਲਈ ਇਸ ਧਰਤੀ ਦੀ ਕਨਾਨੀ ਕੁੜੀ ਨੂੰ, ਜਿਥੇ ਮੈਂ ਰਹਿ ਰਿਹਾ ਹਾਂ, ਨਹੀਂ ਲਵੇਂਗਾ। 4 ਮੇਰੇ ਦੇਸ਼ ਅਤੇ ਮੇਰੇ ਲੋਕਾਂ ਕੋਲ ਵਾਪਸ ਜਾ। ਉਥੇ ਮੇਰੇ ਪੁੱਤਰ ਇਸਹਾਕ ਵਾਸਤੇ ਪਤਨੀ ਲਭ ਅਤੇ ਉਸਨੂੰ ਇੱਥੇ ਉਸ ਕੋਲ ਲੈਕੇ ਆ।” 5 ਨੌਕਰ ਨੇ ਉਸਨੂੰ ਆਖਿਆ, “ਜੇਕਰ ਉਹ ਔਰਤ ਮੇਰੇ ਨਾਲ ਇਸ ਥਾਂ ਤੇ ਨਹੀਂ ਆਉਣਾ ਚਾਹੁੰਦੀ ਤਾਂ ਕੀ ਮੈਂ ਤੁਹਾਡੇ ਪੁੱਤਰ ਨੂੰ ਵਾਪਿਸ ਉਸ ਧਰਤੀ ਤੇ ਲੈ ਜਾਵਾਂ ਜਿਥੇ ਤੁਸੀਂ ਆਏ ਸੀ?” 6 ਅਬਰਾਹਾਮ ਨੇ ਉਸਨੂੰ ਆਖਿਆ, “ਨਹੀਂ! ਮੇਰੇ ਪੁੱਤਰ ਨੂੰ ਉਥੇ ਨਾ ਲੈਕੇ ਜਾਵੀਂ। 7 ਯਹੋਵਾਹ ਆਕਾਸ਼ ਦੇ ਪਰਮੇਸ਼ੁਰ ਨੇ ਮੈਨੂੰ ਮੇਰੀ ਮਾਤ੍ਰਭੂਮੀ ਤੋਂ ਇੱਥੇ ਲਿਆਂਦਾ ਹੈ। ਉਹ ਧਰਤੀ ਮੇਰੇ ਪਿਤਾ ਅਤੇ ਮੇਰੇ ਪਰਿਵਾਰ ਦੀ ਧਰਤੀ ਸੀ। ਪਰ ਯਹੋਵਾਹ ਨੇ ਬਚਨ ਦਿੱਤਾ ਸੀ ਕਿ ਇਹ ਨਵੀਂ ਧਰਤੀ ਮੇਰੇ ਪਰਿਵਾਰ ਦੀ ਹੋਵੇਗੀ। ਯਹੋਵਾਹ ਆਪਣੇ ਦੂਤ ਨੂੰ ਤੇਰੇ ਨਾਲੋਂ ਅਗੇਰੇ ਭੇਜੇ ਤਾਂ ਜੋ ਤੂੰ ਮੇਰੇ ਪੁੱਤਰ ਲਈ ਵਹੁਟੀ ਚੁਣ ਸਕੇਂ। 8 ਪਰ ਜੇ ਉਹ ਕੁੜੀ ਤੇਰੇ ਨਾਲ ਆਉਣ ਤੋਂ ਇਨਕਾਰ ਕਰੇ ਤਾਂ ਤੂੰ ਇਸ ਬਚਨ ਤੋਂ ਮੁਕਤ ਹੋਵੇਂਗਾ। ਪਰ ਤੂੰ ਮੇਰੇ ਪੁੱਤਰ ਨੂੰ ਉਸ ਥਾਂ ਬਿਲਕੁਲ ਨਹੀਂ ਲੈਕੇ ਜਾਣਾ।” 9 ਇਸ ਲਈ ਨੌਕਰ ਨੇ ਆਪਣੇ ਮਾਲਕ ਦੀ ਲੱਤ ਹੇਠਾਂ ਆਪਣਾ ਹੱਥ ਰੱਖਿਆ ਅਤੇ ਇਹ ਸਾਰੀਆਂ ਗੱਲਾਂ ਕਰਨ ਦਾ ਇਕਰਾਰ ਕੀਤਾ। 10 ਨੌਕਰ ਨੇ ਅਬਰਾਹਾਮ ਦੇ ਦਸ ਊਠ ਲਏ ਅਤੇ ਉਸ ਥਾਂ ਵੱਲ ਤੁਰ ਪਿਆ। ਨੌਕਰ ਨੇ ਆਪਣੇ ਨਾਲ ਅਨੇਕਾਂ ਖੂਬਸੂਰਤ ਸੁਗਾਤਾਂ ਲੈ ਲਈਆਂ। ਨੌਕਰ ਮਸੋਪੋਤਾਮੀਆਂ ਵਿੱਚ ਨਾਹੋਰ ਦੇ ਨਗਰ ਨੂੰ ਚਲਾ ਗਿਆ। 11 ਨੌਕਰ ਸ਼ਹਿਰ ਦੇ ਬਾਹਰਲੇ ਖੂਹ ਉੱਤੇ ਪਹੁੰਚ ਗਿਆ। ਸ਼ਾਮ ਦਾ ਵੇਲਾ ਸੀ ਜਦੋਂ ਔਰਤਾਂ ਪਾਣੀ ਭਰਨ ਲਈ ਬਾਹਰ ਆਈਆਂ ਨੌਕਰ ਨੇ ਉਸ ਥਾਂ ਊਠਾਂ ਦੀਆਂ ਗੋਡਣੀਆਂ ਲਵਾ ਦਿੱਤੀਆਂ। 12 ਨੌਕਰ ਨੇ ਆਖਿਆ, “ਯਹੋਵਾਹ, ਤੂੰ ਮੇਰੇ ਸੁਆਮੀ ਅਬਰਾਹਾਮ ਦਾ ਪਰਮੇਸ਼ੁਰ ਹੈ। ਕਿਰਪਾ ਕਰਕੇ ਮੈਨੂੰ ਉਸਦੇ ਪੁੱਤਰ ਲਈ ਵਹੁਟੀ ਤਲਾਸ਼ ਕਰਨ ਦੀ ਇਜਾਜ਼ਤ ਦੇ। ਕਿਰਪਾ ਕਰਕੇ ਮੇਰੇ ਸੁਆਮੀ ਅਬਰਾਹਾਮ ਉੱਤੇ ਇੰਨੀ ਮਿਹਰ ਕਰ। 13 ਮੈਂ ਇੱਥੇ, ਖੂਹ ਉੱਤੇ ਖਲੋਤਾ ਹੋਇਆ ਹਾਂ, ਅਤੇ ਸ਼ਹਿਰ ਦੀਆਂ ਮੁਟਿਆਰਾਂ ਪਾਣੀ ਭਰਨ ਲਈ ਆ ਰਹੀਆਂ ਹਨ। 14 ਮੈਂ ਉਸ ਖਾਸ ਸੰਕੇਤ ਦਾ ਇੰਤਜ਼ਾਰ ਕਰ ਰਿਹਾ ਹਾਂ, ਇਹ ਜਾਨਣ ਲਈ, ਕਿ ਕਿਹੜੀ ਮੁਟਿਆਰ ਇਸਹਾਕ ਲਈ ਢੁਕਵੀ ਹੈ। ਖਾਸ ਸੰਕੇਤ ਇਹ ਹੈ ਮੈਂ ਕੁੜੀ ਨੂੰ ਆਖਾਂਗਾ, ‘ਕਿਰਪਾ ਕਰਕੇ ਆਪਣਾ ਘੜਾ ਹੇਠਾਂ ਉਤਾਰ ਤਾਂ ਜੋ ਮੈਂ ਪਾਣੀ ਪੀ ਸਕਾਂ।’ ਮੈਨੂੰ ਪਤਾ ਲੱਗ ਜਾਵੇਗਾ ਕਿ ਉਹ ਢੁਕਵੀਂ ਮੁਟਿਆਰ ਹੈ ਜੇ ਉਸਨੇ ਆਖਿਆ, ‘ਪੀ ਲੈ, ਅਤੇ ਮੈਂ ਤੇਰੇ ਊਠਾਂ ਨੂੰ ਵੀ ਪਾਣੀ ਪਿਲਾਵਾਂਗੀ।’ ਜੇ ਅਜਿਹੀ ਗੱਲ ਹੋਈ, ਤਾਂ ਤੂੰ ਸਾਬਤ ਕਰ ਦੇਵੇਗਾ ਕਿ ਉਹ ਮੁਟਿਆਰ ਇਸਹਾਕ ਲਈ ਢੁਕਵੀਂ ਹੈ। ਅਤੇ ਮੈਨੂੰ ਪਤਾ ਲੱਗ ਜਾਵੇਗਾ ਕਿ ਤੂੰ ਮੇਰੇ ਸੁਆਮੀ ਉੱਤੇ ਮਿਹਰ ਕੀਤੀ ਹੈ।” 15 ਤਾਂ, ਨੌਕਰ ਦੇ ਪ੍ਰਾਰਥਨਾ ਕਰ ਹਟਨ ਤੋਂ ਪਹਿਲਾਂ, ਰਿਬਕਾਹ ਨਾਮ ਦੀ ਇੱਕ ਮੁਟਿਆਰ ਖੂਹ ਉੱਤੇ ਆਈ। ਰਿਬਕਾਹ ਬਥੂਏਲ ਦੀ ਧੀ ਸੀ। ਬਥੂਏਲ ਮਿਲਕਾਹ ਅਤੇ ਨਾਹੋਰ ਦਾ ਪੁੱਤਰ ਸੀ। ਨਾਹੋਰ, ਅਬਰਾਹਾਮ ਦਾ ਭਰਾ ਸੀ। ਰਿਬਕਾਹ ਆਪਣੇ ਮੋਢੇ ਉੱਤੇ ਇੱਕ ਘੜਾ ਚੁੱਕੀ ਖੂਹ ਉੱਤੇ ਆਈ। 16 ਉਹ ਬਹੁਤ ਸੁੰਦਰ ਸੀ। ਉਹ ਕੁਆਰੀ; ਅਤੇ ਅਛੋਹ ਸੀ। ਉਹ ਖੂਹ ਉੱਤੇ ਗਈ ਅਤੇ ਆਪਣਾ ਘੜਾ ਭਰ ਲਿਆ। 17 ਫ਼ੇਰ ਨੌਕਰ ਉਸ ਵੱਲ ਭੱਜਕੇ ਗਿਆ ਅਤੇ ਆਖਿਆ, “ਮਿਹਰਬਾਨੀ ਕਰਕੇ ਆਪਣੇ ਘੜੇ ਵਿੱਚੋਂ ਮੈਨੂੰ ਥੋੜਾ ਜਿਹਾ ਪਾਣੀ ਪਿਲਾ।” 18 ਰਿਬਕਾਹ ਨੇ ਛੇਤੀ ਨਾਲ ਆਪਣੇ ਮੋਢੇ ਉੱਤੋਂ ਘੜਾ ਨੀਵਾਂ ਕੀਤਾ ਅਤੇ ਉਸਨੂੰ ਪਾਣੀ ਪਿਲਾਇਆ। ਰਿਬਕਾਹ ਨੇ ਆਖਿਆ, “ਪੀਓ, ਸ਼੍ਰੀਮਾਨ ਜੀ।” 19 ਜਿਵੇਂ ਹੀ ਉਹ ਉਸਨੂੰ ਪਾਣੀ ਪਿਲਾ ਹਟੀ, ਰਿਬਕਾਹ ਨੇ ਆਖਿਆ, “ਮੈਂ ਤੇਰੇ ਊਠਾਂ ਨੂੰ ਵੀ ਕੁਝ ਪਾਣੀ ਪਿਲਾ ਦਿੰਦੀ ਹਾਂ।” 20 ਇਸ ਤਰ੍ਹਾਂ ਰਿਬਕਾਹ ਨੇ ਆਪਣੇ ਘੜੇ ਦਾ ਸਾਰਾ ਪਾਣੀ ਊਠਾਂ ਦੇ ਪੀਣ ਵਾਲੇ ਭਾਂਡੇ ਵਿੱਚ ਪਾ ਦਿੱਤਾ। ਫ਼ੇਰ ਉਹ ਖੂਹ ਵੱਲ ਹੋਰ ਪਾਣੀ ਲਿਆਉਣ ਲਈ ਦੌੜੀ। ਅਤੇ ਉਸਨੇ ਸਾਰੇ ਉਠਾਂ ਨੂੰ ਪਾਣੀ ਪਿਲਾ ਦਿੱਤਾ। 21 ਨੌਕਰ ਚੁੱਪ-ਚਾਪ ਉਸਨੂੰ ਦੇਖਦਾ ਰਿਹਾ। ਉਹ ਪੱਕਾ ਕਰਨਾ ਚਾਹੁੰਦਾ ਸੀ ਕਿ ਯਹੋਵਾਹ ਨੇ ਉਸ ਨੂੰ ਸੱਚਮੁੱਚ ਜਵਾਬ ਦੇ ਦਿੱਤਾ ਸੀ। ਅਤੇ ਉਸਦੀ ਯਾਤਰਾ ਨੂੰ ਸਫ਼ਲ ਕਰ ਦਿੱਤਾ ਸੀ। 22 ਜਦੋਂ ਊਠ ਪਾਣੀ ਪੀ ਹਟੇ, ਉਸਨੇ ਰਿਬਕਾਹ ਨੂੰ 1/5 ਔਂਸ ਦੀ ਇੱਕ ਸੋਨੇ ਦੀ ਅੰਗੂਠੀ ਦਿੱਤੀ। ਉਸਨੇ ਉਸ ਨੂੰ ਸੋਨੇ ਦੇ ਦੋ ਬਾਜੂਬੰਦ ਵੀ ਦਿੱਤੇ ਜਿਨ੍ਹਾਂ ਚੋਂ ਹਰੇਕ ਦਾ ਵਜ਼ਨ 4 ਔਂਸ ਸੀ। 23 ਨੌਕਰ ਨੇ ਪੁਛਿਆ, “ਤੇਰੇ ਪਿਤਾ ਦਾ ਕੀ ਨਾਮ ਹੈ? ਅਤੇ ਕੀ ਤੇਰੇ ਪਿਤਾ ਦੇ ਘਰ ਵਿੱਚ ਮੇਰੇ ਟੋਲੇ ਲਈ ਸੌਣ ਦੀ ਥਾਂ ਹੈ? 24 ਰਿਬਕਾਹ ਨੇ ਜਵਾਬ ਦਿੱਤਾ, “ਮੇਰੇ ਪਿਤਾ ਦਾ ਨਾਮ ਬਥੂਏਲ ਹੈ ਜਿਹੜਾ ਮਿਲਕਾਹ ਅਤੇ ਨਾਹੋਰ ਦਾ ਪੁੱਤਰ ਹੈ।” 25 ਫ਼ੇਰ ਉਸਨੇ ਆਖਿਆ, “ਅਤੇ ਹਾਂ, ਸਾਡੇ ਕੋਲ ਤੁਹਾਡੇ ਊਠਾਂ ਲਈ ਤੂੜੀ ਵੀ ਹੈ ਅਤੇ ਸੌਣ ਦੀ ਥਾਂ ਵੀ।” 26 ਨੌਕਰ ਨੇ ਝੁਕਕੇ ਯਹੋਵਾਹ ਦੀ ਉਪਾਸਨਾ ਕੀਤੀ। 27 ਨੌਕਰ ਨੇ ਆਖਿਆ, “ਧੰਨ ਹੈ ਯਹੋਵਾਹ, ਮੇਰੇ ਸੁਆਮੀ ਅਬਰਾਹਾਮ ਦਾ ਪਰਮੇਸ਼ੁਰ। ਯਹੋਵਾਹ ਮੇਰੇ ਸੁਆਮੀ ਉੱਤੇ ਦਯਾਲੂ ਰਿਹਾ ਹੈ ਅਤੇ ਉਸ ਨਾਲ ਵਫ਼ਾਦਾਰ ਰਿਹਾ ਹੈ। ਯਹੋਵਾਹ ਨੇ ਮੇਰੀ ਅਗਵਾਈ ਮੇਰੇ ਸੁਆਮੀ ਦੇ ਭਰਾ ਦੇ ਘਰ ਵੱਲ ਕੀਤੀ ਹੈ।” 28 ਫ਼ੇਰ ਰਿਬਕਾਹ ਦੌੜ ਗਈ ਅਤੇ ਆਪਣੇ ਪਰਿਵਾਰ ਨੂੰ ਇਹ ਸਾਰੀਆਂ ਗੱਲਾਂ ਦਸੀਆਂ। 29 ਰਿਬਕਾਹ ਦਾ ਇੱਕ ਭਰਾ ਸੀ। ਉਸ ਦਾ ਨਾਮ ਲਾਬਾਨ ਸੀ। ਰਿਬਕਾਹ ਨੇ ਉਸਨੂੰ ਉਹ ਸਾਰੀਆਂ ਗੱਲਾਂ ਦਸੀਆਂ ਜਿਹੜੀਆਂ ਉਸ ਆਦਮੀ ਨੇ ਉਸਨੂੰ ਆਖੀਆਂ ਸਨ। ਜਦੋਂ ਲਾਬਾਨ ਨੇ ਉਸ ਦੀਆਂ ਬਾਹਾਂ ਉੱਤੇ ਬਾਜ਼ੂਬੰਦ ਅਤੇ ਹੱਥ ਵਿੱਚ ਮੁੰਦਰੀ ਵੇਖੀ, ਅਤੇ ਉਸਨੇ ਜੋ ਆਖਿਆ, ਸੁਣਿਆ ਤਾਂ ਉਹ ਖੂਹ ਵੱਲ ਭੱਜ ਗਿਆ। ਉਥੇ ਆਦਮੀ ਖੂਹ ਕੋਲ ਆਪਣੇ ਊਠਾਂ ਦੇ ਨਾਲ ਖਲੋਤਾ ਹੋਇਆ ਸੀ। 30 31 ਲਾਬਾਨ ਨੇ ਆਖਿਆ, “ਸ਼੍ਰੀਮਾਨ ਜੀ, ਤੁਸੀਂ ਯਹੋਵਾਹ ਦੁਆਰਾ ਅਸੀਸ ਪ੍ਰਾਪਤ ਹੋ। ਤੁਹਾਨੂੰ ਇੱਥੇ ਬਾਹਰ ਖਲੋਣ ਦੀ ਲੋੜ ਨਹੀਂ। ਮੈਂ ਤੁਹਾਡੇ ਸੌਣ ਵਾਸਤੇ ਇੱਕ ਕਮਰਾ ਤਿਆਰ ਕਰ ਦਿੱਤਾ ਹੈ ਅਤੇ ਤੁਹਾਡੇ ਊਠਾਂ ਲਈ ਇੱਕ ਥਾਂ ਬਣਾ ਦਿੱਤੀ ਹੈ।” 32 ਇਸ ਲਈ, ਅਬਰਾਹਾਮ ਦਾ ਨੌਕਰ ਘਰ ਅੰਦਰ ਚਲਾ ਗਿਆ। ਲਾਬਾਨ ਨੇ ਊਠਾਂ ਤੋਂ ਭਾਰ ਲਾਇਆ ਅਤੇ ਉਨ੍ਹਾਂ ਨੂੰ ਤੂੜੀ ਪਾਈ। ਫ਼ੇਰ ਉਸਨੇ ਉਸਨੂੰ ਅਤੇ ਹੋਰ ਆਦਮੀਆਂ ਨੂੰ ਜੋ ਉਸਦੇ ਨਾਲ ਸਨ, ਪੈਰ ਧੋਣ ਲਈ ਪਾਣੀ ਦਿੱਤਾ। 33 ਫ਼ੇਰ ਲਾਬਾਨ ਨੇ ਉਸਨੂੰ ਖਾਣ ਲਈ ਭੋਜਨ ਦਿੱਤਾ। ਪਰ ਨੌਕਰ ਨੇ ਖਾਣ ਤੋਂ ਇਨਕਾਰ ਕਰ ਦਿੱਤਾ। ਉਸਨੇ ਆਖਿਆ, “ਮੈਂ ਓਨਾ ਚਿਰ ਕੁਝ ਨਹੀਂ ਖਾਵਾਂਗਾ ਜਦੋਂ ਤੀਕ ਕਿ ਤੈਨੂੰ ਆਪਣੇ ਆਉਣ ਦਾ ਮਕਸਦ ਨਹੀਂ ਦੱਸ ਦਿੰਦਾ।”ਇਸ ਲਈ ਲਾਬਾਨ ਨੇ ਆਖਿਆ, “ਸਾਨੂੰ, ਦੱਸੋ।” 34 ਨੌਕਰ ਨੇ ਆਖਿਆ, “ਮੈਂ ਅਬਰਾਹਾਮ ਦਾ ਨੌਕਰ ਹਾਂ। 35 ਯਹੋਵਾਹ ਨੇ ਮੇਰੇ ਸੁਆਮੀ ਉੱਤੇ ਹਰ ਤਰ੍ਹਾਂ ਦੀ ਬਖਸ਼ਿਸ਼ ਕੀਤੀ ਹੈ। ਮੇਰਾ ਸੁਆਮੀ ਇੱਕ ਮਹਾਨ ਇਨਸਾਨ ਬਣ ਗਿਆ ਹੈ। ਯਹੋਵਾਹ ਨੇ ਅਬਰਾਹਾਮ ਨੂੰ ਭੇਡਾਂ ਦੇ ਕਈ ਇੱਜੜ ਅਤੇ ਪਸ਼ੂਆਂ ਦੇ ਕਈ ਵਗ ਦਿੱਤੇ ਹਨ। ਅਬਰਾਹਾਮ ਕੋਲ ਕਾਫ਼ੀ ਸੋਨਾ-ਚਾਂਦੀ ਅਤੇ ਨੌਕਰ ਹਨ। ਅਬਰਾਹਾਮ ਕੋਲ ਬਹੁਤ ਸਾਰੇ ਊਠ ਅਤੇ ਖੋਤੇ ਹਨ। 36 ਮੇਰੇ ਸੁਆਮੀ ਦੀ ਪਤਨੀ ਦਾ ਨਾਮ ਸਾਰਾਹ ਸੀ। ਜਦੋਂ ਉਹ ਬਹੁਤ ਬੁਢੀ ਸੀ ਤਾਂ ਉਸਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਅਤੇ ਮੇਰੇ ਸੁਆਮੀ ਨੇ ਆਪਣੀ ਸਾਰੀ ਜਾਇਦਾਦ ਦਾ ਉਸ ਪੁੱਤਰ ਨੂੰ ਵਾਰਿਸ ਬਣਾ ਦਿੱਤਾ ਹੈ। 37 ਮੇਰੇ ਸੁਆਮੀ ਨੇ ਮੇਰੇ ਕੋਲੋਂ ਇੱਕ ਬਚਨ ਲਿਆ ਸੀ। ਮੇਰੇ ਸੁਆਮੀ ਨੇ ਮੈਨੂੰ ਆਖਿਆ ਸੀ, ‘ਤੂੰ ਮੇਰੇ ਪੁੱਤਰ ਨੂੰ ਕਿਸੇ ਕਨਾਨੀ ਕੁੜੀ ਨਾਲ ਵਿਆਹ ਨਾ ਕਰਨ ਦੇਵੀਂ। ਅਸੀਂ ਇਨ੍ਹਾਂ ਲੋਕਾਂ ਦਰਮਿਆਨ ਰਹਿੰਦੇ ਜ਼ਰੂਰ ਹਾਂ ਪਰ ਮੈਂ ਨਹੀਂ ਚਾਹੁੰਦਾ ਕਿ ਉਹ ਕਿਸੇ ਕਨਾਨੀ ਕੁੜੀ ਨਾਲ ਵਿਆਹ ਕਰੇ। 38 ਇਸ ਲਈ ਤੂੰ ਮੇਰੇ ਪਿਤਾ ਦੇ ਦੇਸ਼ ਜਾਣ ਦਾ ਬਚਨ ਦੇ। ਮੇਰੇ ਪਰਿਵਾਰ ਕੋਲ ਜਾਹ ਅਤੇ ਮੇਰੇ ਪੁੱਤਰ ਲਈ ਵਹੁਟੀ ਲਭਕੇ ਲਿਆ।’ 39 ਮੈਂ ਆਪਣੇ ਸੁਆਮੀ ਨੂੰ ਆਖਿਆ, ‘ਸ਼ਾਇਦ ਉਹ ਔਰਤ ਮੇਰੇ ਨਾਲ ਇਸ ਥਾਂ ਵਾਪਸ ਨਾ ਆਵੇ।’ 40 ਪਰ ਮੇਰੇ ਸੁਆਮੀ ਨੇ ਮੈਨੂੰ ਆਖਿਆ, ‘ਮੈਂ ਯਹੋਵਾਹ ਦੀ ਸੇਵਾ ਕਰਦਾ ਹਾਂ, ਯਹੋਵਾਹ ਤੇਰੀ ਸਹਾਇਤਾ ਕਰਨ ਲਈ ਤੇਰੀ ਖਾਤਰ ਆਪਣ ਦੂਤ ਭੇਜੇਗਾ। ਤੂੰ ਮੇਰੇ ਖੁਦ ਦੇ ਪਰਿਵਾਰ ਦਰਮਿਆਨੋਂ ਮੇਰੇ ਪੁੱਤਰ ਲਈ ਵਹੁਟੀ ਲਭੇਂਗਾ। 41 ਪਰ ਜੇ ਤੂੰ ਮੇਰੇ ਪਿਤਾ ਦੇ ਦੇਸ਼ ਜਾਵੇਂ ਅਤੇ ਉਹ ਤੈਨੂੰ ਮੇਰੇ ਪੁੱਤਰ ਲਈ ਵਹੁਟੀ ਦੇਣ ਤੋਂ ਇਨਕਾਰ ਕਰ ਦੇਣ, ਤਾਂ ਤੂੰ ਇਸ ਇਕਰਾਰ ਤੋਂ ਮੁਕਤ ਹੋਵੇਂਗਾ।’ 42 “ਅੱਜ ਮੈਂ ਇਸ ਖੂਹ ਉੱਤੇ ਆਇਆ ਅਤੇ ਆਖਿਆ, ‘ਯਹੋਵਾਹ, ਮੇਰੇ ਸੁਆਮੀ, ਅਬਰਾਹਾਮ ਦੇ ਪਰਮੇਸ਼ੁਰ, ਕਿਰਪਾ ਕਰਕੇ ਮੇਰੀ ਯਾਤਰਾ ਸਫ਼ਲ ਕਰ। 43 ਮੈਂ ਇਸ ਖੂਹ ਉੱਤੇ ਖਲੋਤਾ ਰਹਾਂਗਾ ਅਤੇ ਪਾਣੀ ਲਿਆਉਣ ਲਈ ਇੱਥੇ ਆਈ ਕਿਸੇ ਮੁਟਿਆਰ ਦੀ ਉਡੀਕ ਕਰਾਂਗਾ। ਫ਼ੇਰ ਮੈਂ ਆਖਾਂਗਾ, “ਮਿਹਰਬਾਨੀ ਕਰਕੇ ਮੈਨੂੰ ਆਪਣੇ ਘੜੇ ਵਿੱਚੋਂ ਥੋੜਾ ਜਿਹਾ ਪਾਣੀ ਪਿਲਾ।” 44 ਢੁਕਵੀਂ ਮੁਟਿਆਰ ਇੱਕ ਖਾਸ ਢੰਗ ਨਾਲ ਜਵਾਬ ਦੇਵੇਗੀ। ਉਹ ਆਖੇਗੀ, “ਇਹ ਪਾਣੀ ਪੀਓ, ਅਤੇ ਮੈਂ ਤੁਹਾਡੇ ਊਠਾਂ ਨੂੰ ਵੀ ਪਾਣੀ ਪਿਲਾ ਦਿੰਦੀ ਹੈ।” ਇਸ ਤਰ੍ਹਾਂ ਮੈਂ ਜਾਣ ਜਾਵਾਂਗਾ ਕਿ ਇਹੀ ਉਹ ਮੁਟਿਆਰ ਹੈ ਜਿਸਨੂੰ ਯਹੋਵਾਹ ਨੇ ਮੇਰੇ ਸੁਆਮੀ ਦੇ ਪੁੱਤਰ ਲਈ ਚੁਣਿਆ ਹੈ।’ 45 “ਮੇਰੇ ਪ੍ਰਾਰਥਨਾ ਖਤਮ ਕਰਨ ਤੋਂ ਪਹਿਲਾਂ, ਰਿਬਕਾਹ ਖੂਹ ਉੱਤੇ ਪਾਣੀ ਭਰਨ ਲਈ ਆ ਗਈ। ਉਸਦੇ ਮੋਢੇ ਉੱਤੇ ਪਾਣੀ ਵਾਲਾ ਘੜਾ ਸੀ ਅਤੇ ਉਹ ਖੂਹ ਤੋਂ ਪਾਣੀ ਭਰਨ ਲਈ ਜਾ ਰਹੀ ਸੀ। ਮੈਂ ਉਸ ਕੋਲੋਂ ਕੁਝ ਪਾਣੀ ਮੰਗਿਆ। 46 ਉਸਨੇ ਛੇਤੀ ਨਾਲ ਮੋਢੇ ਤੋਂ ਘੜਾ ਹੇਠਾਂ ਲਾਹਿਆ ਅਤੇ ਮੈਨੂੰ ਥੋੜਾ ਜਿਹਾ ਪਾਣੀ ਪਿਲਾਇਆ। ਫ਼ੇਰ ਉਸਨੇ ਆਖਿਆ, ‘ਇਹ ਪੀ ਲਵੋ ਅਤੇ ਮੈਂ ਥੋੜਾ ਪਾਣੀ ਤੁਹਾਡੇ ਊਠਾਂ ਵਾਸਤੇ ਵੀ ਲੈਕੇ ਆਉਂਦੀ ਹੈ।’ ਇਸ ਲਈ ਮੈਂ ਪਾਣੀ ਪੀਤਾ ਅਤੇ ਉਸਨੇ ਮੇਰੇ ਊਠਾਂ ਨੂੰ ਵੀ ਪਾਣੀ ਪਿਲਾਇਆ। 47 ਫ਼ੇਰ ਮੈਂ ਉਸਨੂੰ ਪੁਛਿਆ, ‘ਤੇਰੇ ਪਿਤਾ ਦਾ ਕੀ ਨਾਮ ਹੈ?’ ਉਸਨੇ ਜਵਾਬ ਦਿੱਤਾ, ‘ਮੇਰਾ ਪਿਤਾ ਮਿਲਕਾਹ ਅਤੇ ਨਾਹੋਰ ਦਾ ਪੁੱਤਰ ਬਥੂਏਲ ਹੈ।’ ਫ਼ੇਰ ਮੈਂ ਉਸਨੂੰ ਅੰਗੂਠੀ ਅਤੇ ਬਾਜ਼ੂਬੰਦ ਦਿੱਤੇ। 48 ਮੈਂ ਆਪਣਾ ਸੀਸ ਝੁਕਾਕੇ ਯਹੋਵਾਹ ਦਾ ਧੰਨਵਾਦ ਕੀਤਾ। ਮੈਂ ਯਹੋਵਾਹ ਆਪਣੇ ਸੁਆਮੀ ਅਬਰਾਹਾਮ ਦੇ ਪਰਮੇਸ਼ੁਰ ਨੂੰ ਅਸੀਸ ਦਿੱਤੀ। ਮੈਂ ਉਸਦਾ ਧੰਨਵਾਦ ਕੀਤਾ ਕਿ ਉਸਨੇ ਮੇਰੇ ਸੁਆਮੀ ਦੇ ਭਰਾ ਦੀ ਪੋਤੀ ਨੂੰ ਉਸਦੇ ਪੁੱਤਰ ਦੀ ਵਹੁਟੀ ਬਨਾਉਣ ਲਈ ਮੇਰੀ ਅਗਵਾਈ ਕੀਤੀ। 49 ਹੁਣ, ਮੈਨੂੰ ਦੱਸੋ, ਕਿ ਤੁਸੀਂ ਮੇਰੇ ਸੁਆਮੀ ਦੇ ਪ੍ਰਤਿ ਮਿਹਰਬਾਹ ਅਤੇ ਵਫ਼ਾਦਾਰ ਹੋਵੋਂਗੇ ਅਤੇ ਉਸਨੂੰ ਆਪਣੀ ਧੀ ਦਾ ਸਾਕ ਦਿਉਂਗੇ? ਜਾਂ ਤੁਸੀਂ ਆਪਣੀ ਧੀ ਦਾ ਸਾਕ ਕਰਨ ਤੋਂ ਇਨਕਾਰ ਕਰੋਂਗੇ? ਮੈਨੂੰ ਦੱਸ ਦਿਉ ਤਾਂ ਜੋ ਮੈਂ ਇਹ ਜਾਣ ਲਵਾਂ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ?” 50 ਫ਼ੇਰ ਲਾਬਾਨ ਅਤੇ ਬਥੂਏਲ ਨੇ ਜਵਾਬ ਦਿੱਤਾ, “ਅਸੀਂ ਦੇਖ ਰਹੇ ਹਾਂ ਕਿ ਇਹ ਗੱਲ ਯਹੋਵਾਹ ਵੱਲੋਂ ਹੈ ਇਸ ਲਈ ਅਸੀਂ ਇਸਨੂੰ ਬਦਲਣ ਲਈ ਕੁਝ ਨਹੀਂ ਕਰ ਸਕਦੇ। 51 ਰਿਬਕਾਹ ਇੱਥੇ ਹੈ। ਇਸਨੂੰ ਲੈ ਅਤੇ ਚਲਿਆ ਜਾ। ਇਸਦਾ ਵਿਆਹ ਆਪਣੇ ਮਾਲਿਕ ਦੇ ਪੁੱਤਰ ਨਾਲ ਕਰ ਦੇਣਾ। ਇਹੀ ਹੈ ਜੋ ਯਹੋਵਾਹ ਚਾਹੁੰਦਾ ਹੈ।” 52 ਜਦੋਂ ਅਬਰਾਹਾਮ ਦੇ ਨੌਕਰ ਨੇ ਇਹ ਗੱਲ ਸੁਣੀ ਤਾਂ ਉਸਨੇ ਧਰਤੀ ਉੱਤੇ ਝੁਕਕੇ ਯਹੋਵਾਹ ਨੂੰ ਸਿਜਦਾ ਕੀਤਾ। 53 ਫ਼ੇਰ ਉਸਨੇ ਰਿਬਕਾਹ ਲਈ ਲਿਆਂਦੀਆਂ ਸੁਗਾਤਾਂ ਦਿੱਤੀਆਂ। ਉਸਨੇ ਉਸਨੂੰ ਸੁੰਦਰ ਕੱਪੜੇ ਅਤੇ ਸੋਨੇ-ਚਾਂਦੀ ਦੇ ਗਹਿਣੇ ਦਿੱਤੇ। ਉਸਨੇ ਉਸਦੀ ਮਾਂ ਅਤੇ ਉਸਦੇ ਭਰਾ ਨੂੰ ਵੀ ਮਹਿੰਗੀਆਂ ਸੁਗਾਤਾਂ ਦਿੱਤੀਆਂ। 54 ਫ਼ੇਰ ਉਸਨੇ ਅਤੇ ਉਸਦੇ ਬੰਦਿਆਂ ਨੇ ਭੋਜਨ ਪਾਣੀ ਕੀਤਾ ਅਤੇ ਉਥੇ ਰਾਤ ਗੁਜ਼ਾਰੀ। ਦੂਸਰੀ ਸਵੇਰ ਨੂੰ ਉਹ ਤੜਕੇ ਉਠੇ ਅਤੇ ਆਖਿਆ, “ਹੁਣ ਸਾਨੂੰ ਸਾਡੇ ਮਾਲਿਕ ਕੋਲ ਜਾਣਾ ਚਾਹੀਦਾ ਹੈ।” 55 ਰਿਬਕਾਹ ਦੀ ਮਾਂ ਅਤੇ ਉਸਦੇ ਭਰਾ ਨੇ ਆਖਿਆ, “ਰਿਬਕਾਹ ਨੂੰ ਕੁਝ ਦੇਰ ਸਾਡੇ ਕੋਲ ਰਹਿਣ ਦਿਉ। ਉਸਨੂੰ ਦਸ ਦਿਨ ਸਾਡੇ ਕੋਲ ਰਹਿਣ ਦਿਉ। ਇਸਤੋਂ ਮਗਰੋਂ ਉਹ ਜਾ ਸਕਦੀ ਹੈ।” 56 ਪਰ ਨੌਕਰ ਨੇ ਉਨ੍ਹਾਂ ਨੂੰ ਆਖਿਆ, “ਮੈਨੂੰ ਇੰਤਜ਼ਾਰ ਨਾ ਕਰਵਾਉ ਯਹੋਵਾਹ ਨੇ ਮੇਰੀ ਯਾਤਰਾ ਸਫ਼ਲ ਕੀਤੀ ਹੈ। ਹੁਣ ਮੈਨੂੰ ਆਪਣੇ ਸੁਆਮੀ ਕੋਲ ਵਾਪਸ ਜਾਣ ਦਿਉ।” 57 ਰਿਬਕਾਹ ਦੇ ਭਰਾ ਅਤੇ ਉਸਦੀ ਮਾਂ ਨੇ ਆਖਿਆ, “ਅਸੀਂ ਰਿਬਕਾਹ ਨੂੰ ਸੱਦਦੇ ਹਾਂ ਅਤੇ ਉਸਨੂੰ ਪੁਛਦੇ ਹਾਂ ਕਿ ਉਹ ਕੀ ਚਾਹੁੰਦੀ ਹੈ।” 58 ਉਨ੍ਹਾਂ ਨੇ ਰਿਬਕਾਹ ਨੂੰ ਸਦਿਆ ਅਤੇ ਉਸਨੂੰ ਪੁਛਿਆ, “ਕੀ ਤੂੰ ਇਸ ਬੰਦੇ ਨਾਲ ਹੁਣੇ ਜਾਣਾ ਚਾਹੁੰਦੀ ਹੈਂ?”ਰਿਬਕਾਹ ਨੇ ਆਖਿਆ, “ਹਾਂ ਮੈਂ ਜਾਵਾਂਗੀ।” 59 ਇਸ ਲਈ ਉਨ੍ਹਾਂ ਨੇ ਰਿਬਕਾਹ ਨੂੰ ਅਬਰਾਹਾਮ ਦੇ ਨੌਕਰ ਅਤੇ ਉਸਦੇ ਬੰਦਿਆਂ ਨਾਲ ਜਾਣ ਦਿੱਤਾ। ਰਿਬਕਾਹ ਦੀ ਦਾਈ ਵੀ ਉਨ੍ਹਾਂ ਦੇ ਨਾਲ ਗਈ। 60 ਜਦੋਂ ਰਿਬਕਾਹ ਜਾ ਰਹੀ ਸੀ, ਉਨ੍ਹਾਂ ਨੇ ਉਸਨੂੰ ਆਖਿਆ,“ਸਾਡੀਏ ਭੈਣੇ, ਤੂੰ ਬਹੁਤ ਸਾਰੇ ਲੋਕਾਂ ਦੀ ਮਾਂ ਬਣੇ ਅਤੇ ਤੇਰੇ ਉੱਤਰਾਧਿਕਾਰੀ ਆਪਣੇ ਦੁਸ਼ਮਣਾ ਨੂੰ ਹਰਾ ਦੇਣਅਤੇ ਉਨ੍ਹਾਂ ਦੇ ਸ਼ਹਿਰਾਂ ਉੱਤੇ ਕਬਜ਼ਾ ਕਰ ਲੈਣ।” 61 ਫ਼ੇਰ ਰਿਬਕਾਹ ਅਤੇ ਉਸਦੀ ਦਾਈ ਊਠਾਂ ਉੱਪਰ ਚੜ ਗਈਆਂ ਅਤੇ ਨੌਕਰ ਅਤੇ ਉਸਦੇ ਬੰਦਿਆਂ ਦੇ ਪਿਛੇ ਚੱਲ ਪਈਆਂ। ਇਸ ਤਰ੍ਹਾਂ ਨੌਕਰ ਨੇ ਰਿਬਕਾਹ ਨੂੰ ਲਿਆ ਅਤੇ ਘਰ ਵਾਪਸੀ ਦੇ ਸਫ਼ਰ ਉੱਤੇ ਰਵਾਨਾ ਹੋ ਗਿਆ। 62 ਇਸਹਾਕ ਨੇ ਬਏਰ ਲਹੀ ਰੋਈ ਨੂੰ ਛੱਡ ਦਿੱਤਾ ਸੀ ਅਤੇ ਹੁਣ ਨੇਗੇਵ ਵਿੱਚ ਰਹਿ ਰਿਹਾ ਸੀ। 63 ਸ਼ਾਮ ਨੂੰ ਇਸਹਾਕ ਖੇਤਾਂ ਵੱਲ ਸੈਰ ਲਈ ਨਿਕਲ ਗਿਆ। ਇਸਹਾਕ ਨੇ ਨਜ਼ਰ ਮਾਰੀ ਅਤੇ ਦੂਰੋਂ ਆਉਂਦੇ ਊਠਾਂ ਵੱਲ ਦੇਖਿਆ। 64 ਰਿਬਕਾਹ ਨੇ ਇਸਹਾਕ ਵੱਲ ਦੇਖਿਆ। ਫ਼ੇਰ ਉਹ ਊਠ ਤੋਂ ਉੱਤਰ ਗਈ। 65 ਉਸਨੇ ਨੌਕਰ ਨੂੰ ਆਖਿਆ, “ਇਹ ਆਦਮੀ ਕੌਣ ਹੈ ਜਿਹੜਾ ਖੇਤਾਂ ਵਿੱਚ ਸਾਨੂੰ ਮਿਲਣ ਲਈ ਘੁੰਮ ਰਿਹਾ ਹੈ?”ਨੌਕਰ ਨੇ ਆਖਿਆ, “ਇਹ ਮੇਰਾ ਸੁਆਮੀ ਹੈ।” ਇਸ ਲਈ ਰਿਬਕਾਹ ਨੇ ਆਪਣਾ ਮੂੰਹ ਪਰਦੇ ਨਾਲ ਕੱਜ ਲਿਆ। 66 ਨੌਕਰ ਨੇ ਇਸਹਾਕ ਨੂੰ ਉਨ੍ਹਾਂ ਗੱਲਾਂ ਬਾਰੇ ਦੱਸਿਆ ਜੋ ਵਾਪਰੀਆਂ ਸਨ। 67 ਫ਼ੇਰ ਇਸਹਾਕ ਕੁੜੀ ਨੂੰ ਆਪਣੀ ਮਾਂ ਦੇ ਤੰਬੂ ਵਿੱਚ ਲੈ ਆਇਆ। ਰਿਬਕਾਹ ਉਸੇ ਦਿਨ ਇਸਹਾਕ ਦੀ ਪਤਨੀ ਬਣ ਗਈ। ਇਸਹਾਕ ਉਸ ਨੂੰ ਬਹੁਤ ਪਿਆਰ ਕਰਦਾ ਸੀ ਇਸ ਲਈ ਇਸਹਾਕ ਨੂੰ ਆਪਣੀ ਮਾਂ ਦੇ ਦੇਹਾਂਤ ਤੋਂ ਬਾਦ ਹੌਂਸਲਾ ਮਿਲਿਆ।

Genesis 25

1 ਅਬਰਾਹਾਮ ਨੇ ਇੱਕ ਵਾਰੀ ਫ਼ੇਰ ਵਿਆਹ ਕੀਤਾ। ਉਸਦੀ ਨਵੀਂ ਪਤਨੀ ਦਾ ਨਾਮ ਕਟੂਰਾਹ ਸੀ। 2 ਕਟੂਰਾਹ ਨੇ ਜ਼ਿਮਰਾਨ, ਯਾਕਸਾਨ, ਮਦਾਨ, ਮਿਦਯਾਨ, ਯਿਸਬਾਕ ਅਤੇ ਸੂਅਹ ਨੂੰ ਜਨਮ ਦਿੱਤਾ। 3 ਯਾਕਸਾਨ ਸਬਾ ਅਤੇ ਦਦਾਨ ਦਾ ਪਿਤਾ ਸੀ। ਅਸੂਰਿਮ, ਲਟੂਸਿਮ ਅਤੇ ਲਉਮਿਮ ਦੇ ਲੋਕ ਦਦਾਨ ਦੇ ਉੱਤਰਾਧਿਕਾਰੀ ਸਨ। 4 ਮਿਦਯਾਨ ਦੇ ਪੁੱਤਰ ਸਨ ਏਫ਼ਾਹ, ਏਫ਼ਰ, ਹਨੋਕ, ਅਬੀਦਾ ਅਤੇ ਅਲਦਾਆ। ਇਹ ਸਾਰੇ ਪੁੱਤਰ ਅਬਰਾਹਾਮ ਅਤੇ ਕਟੂਰਾਹ ਦੇ ਵਿਆਹ ਵਿੱਚੋਂ ਪੈਦਾ ਹੋਏ ਸਨ। 5 ਅਬਰਾਹਾਮ ਦੇ ਮਰਨ ਤੋਂ ਪਹਿਲਾਂ ਉਸਨੇ ਕੁਝ ਸੁਗਾਤਾਂ ਆਪਣੀਆਂ ਦਾਸੀਆਂ ਦੇ ਪੁੱਤਰਾਂ ਨੂੰ ਦਿੱਤੀਆਂ ਅਤੇ ਉਨ੍ਹਾਂ ਨੂੰ ਪੂਰਬ ਵੱਲ ਭੇਜ ਦਿੱਤਾ। ਉਸਨੇ ਉਨ੍ਹਾਂ ਨੂੰ ਇਸਹਾਕ ਤੋਂ ਦੂਰ ਭੇਜ ਦਿੱਤਾ ਫ਼ੇਰ ਅਬਰਾਹਾਮ ਨੇ ਆਪਣੀ ਸਾਰੀ ਜ਼ਾਇਦਾਦ ਇਸਹਾਕ ਨੂੰ ਦੇ ਦਿੱਤੀ। 6 7 ਅਬਰਾਹਾਮ 175 ਵਰ੍ਹਿਆਂ ਤੱਕ ਜੀਵਿਆ। 8 ਫ਼ੇਰ ਅਬਰਾਹਾਮ ਕਮਜ਼ੋਰ ਹੋ ਗਿਆ ਅਤੇ ਮਰ ਗਿਆ। ਉਸ ਨੇ ਲੰਬੀ ਅਤੇ ਸੰਤੁਸ਼ਟ ਜ਼ਿੰਦਗੀ ਭੋਗੀ ਸੀ। ਉਸਦਾ ਦੇਹਾਂਤ ਹੋ ਗਿਆ ਅਤੇ ਉਸਨੂੰ ਆਪਣੇ ਲੋਕਾਂ ਕੋਲ ਲਿਆਂਦਾ ਗਿਆ। 9 ਉਸਦੇ ਪੁੱਤਰਾਂ, ਇਸਹਾਕ ਅਤੇ ਇਸਮਾਏਲ, ਨੇ ਉਸਨੂੰ ਮਕਫ਼ੇਲਾਹ ਦੀ ਗੁਫ਼ਾ ਵਿੱਚ ਦਫ਼ਨਾਇਆ। ਇਹ ਗੁਫ਼ਾ ਸ਼ੋਹਰ ਦੇ ਪੁੱਤਰ ਅਫ਼ਰੋਨ ਹਿੱਤੀ ਦੇ ਖੇਤ ਅੰਦਰ ਹੈ। ਇਹ ਮਮਰੇ ਦੇ ਨੇੜੇ ਹੈ। 10 ਇਹ ਉਹੀ ਖੇਤ ਹੈ ਜਿਸਨੂੰ ਅਬਰਾਹਾਮ ਨੇ ਹਿੱਤੀ ਲੋਕਾਂ ਪਾਸੋਂ ਖਰੀਦਿਆ ਸੀ। ਅਬਰਾਹਾਮ ਨੂੰ ਉਥੇ ਹੀ ਉਸਦੀ ਪਤਨੀ ਸਾਰਾਹ ਨਾਲ ਦਫ਼ਨਾਇਆ ਗਿਆ ਸੀ। 11 ਜਦੋਂ ਅਬਰਾਹਾਮ ਮਰਿਆ, ਤਾਂ ਅਪਰਮੇਸ਼ੁਰ ਨੇ ਇਸਹਾਕ ਨੂੰ ਅਸੀਸ ਦਿੱਤੀ ਅਤੇ ਇਸਹਾਕ ਬਏਰ ਲਹੀ ਰੋਈ ਵਿਖੇ ਰਹਿੰਦਾ ਰਿਹਾ। 12 ਇਸਮਾਏਲ ਦੇ ਪਰਿਵਾਰ ਦੀ ਸੁਚੀ ਇਹ ਹੈ। ਇਸਮਾਏਲ ਅਬਰਾਹਾਮ ਅਤੇ ਹਾਜਰਾ ਦਾ ਪੁੱਤਰ ਸੀ। ਹਾਜਰਾ ਸਾਰਾਹ ਦੀ ਮਿਸਰੀ ਦਾਸੀ ਸੀ। 13 ਇਸਮਾਏਲ ਦੇ ਪੁੱਤਰਾਂ ਦੇ ਨਾਮ ਇਹ ਸਨ: ਪਹਿਲਾ ਪੁੱਤਰ ਨਬਾਯੋਤ ਸੀ, ਫ਼ੇਰ ਕੇਦਾਰ, ਅਦਬਏਲ, ਮਿਬਸਾਮ, 14 ਮਿਸਮਾ, ਦੂਮਾਹ, ਮਸ਼ਾ 15 ਹਦਦ, ਤੇਮਾ, ਯਟੂਰ, ਨਾਫ਼ੀਸ ਅਤੇ ਕੇਦਮਾਹ ਜਨਮੇ। 16 ਇਹ ਇਸਮਾਏਲ ਦੇ ਪੁੱਤਰਾਂ ਦੇ ਨਾਮ ਸਨ। ਹਰ ਪੁੱਤਰ ਦਾ ਆਪਣਾ ਡੇਰਾ ਸੀ ਜਿਹੜਾ ਕਿ ਛੋਟਾ ਕਸਬਾ ਬਣ ਗਿਆ। 12 ਪੁੱਤਰ 12 ਸ਼ਹਿਜ਼ਾਦਿਆਂ ਵਾਂਗ ਸਨ ਜਿਨ੍ਹਾਂ ਦੇ ਆਪੋ-ਆਪਣੇ ਲੋਕ ਸਨ। 17 ਇਸਮਾਏਲ 137 ਵਰ੍ਹੇ ਜੀਵਿਆ। ਫ਼ੇਰ ਉਸਦਾ ਦੇਹਾਂਤ ਹੋ ਗਿਆ ਅਤੇ ਆਪਣੇ ਪੁਰਖਿਆਂ ਨਾਲ ਜਾ ਰਲਿਆ। 18 ਇਸਮਾਏਲ ਦੇ ਉੱਤਰਾਧਿਕਾਰੀ ਹਵੀਲਾਹ ਤੋਂ ਸ਼ੂਰ ਤਾਈਂ ਫ਼ੈਲ ਗਏ, ਜੋ ਕਿ ਮਿਸਰ ਦੇ ਪਛਮ ਵੱਲ, ਅਸ਼ੂਰ ਨੂੰ ਜਾਂਦੇ ਰਾਹ ਤੇ ਹੈ। ਇਸਮਾਏਲ ਦੇ ਉੱਤਰਾਧਿਕਾਰੀ ਇੱਕ ਦੂਸਰੇ ਦੇ ਕੋਲ ਵਸ ਗਏ। 19 ਇਹ ਇਸਹਾਕ ਦੀ ਕਹਾਣੀ ਹੈ। ਅਬਰਾਹਾਮ ਦਾ ਇਸਹਾਕ ਨਾਮ ਦਾ ਇੱਕ ਪੁੱਤਰ ਸੀ। 20 ਜਦੋਂ ਇਸਹਾਕ 40 ਵਰ੍ਹਿਆਂ ਦਾ ਹੋਇਆ ਤਾਂ ਉਸਨੇ ਰਿਬਕਾਹ ਨਾਲ ਵਿਆਹ ਕਰਵਾਇਆ। ਰਿਬਕਾਹ ਪਦਨ ਅਰਾਮ ਤੋਂ ਸੀ। ਉਹ ਬਥੂਏਲ ਦੀ ਧੀ ਸੀ ਅਤੇ ਲਾਬਾਨ ਅਰਾਮੀ ਦੀ ਭੈਣ ਸੀ। 21 ਇਸਹਾਕ ਦੀ ਪਤਨੀ ਬਾਂਝ ਸੀ। ਇਸ ਲਈ ਇਸਹਾਕ ਨੇ ਆਪਣੀ ਪਤਨੀ ਲਈ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ। ਯਹੋਵਾਹ ਨੇ ਇਸਹਾਕ ਦੀ ਪ੍ਰਾਰਥਨਾ ਸੁਣ ਲਈ। ਅਤੇ ਯਹੋਵਾਹ ਦੀ ਰਜ਼ਾ ਨਾਲ ਰਿਬਕਾਹ ਗਰਭਵਤੀ ਹੋ ਗਈ। 22 ਜਦੋਂ ਰਿਬਕਾਹ ਗਰਭਵਤੀ ਸੀ, ਉਸਦੀ ਕੁਖ ਅੰਦਰਲੇ ਬੱਚਿਆਂ ਨੇ ਇੱਕ ਦੂਜੇ ਨਾਲ ਘੋਲ ਕੀਤਾ। ਰਿਬਕਾਹ ਯਹੋਵਾਹ ਨੂੰ ਪੁੱਛਣ ਲਈ ਗਈ, “ਮੇਰੇ ਨਾਲ ਇਹ ਕਿਉਂ ਹੋ ਰਿਹਾ ਹੈ?” 23 ਯਹੋਵਾਹ ਨੇ ਉਸਨੂੰ ਆਖਿਆ,“ਤੇਰੇ ਸ਼ਰੀਰ ਅੰਦਰਦੋ ਕੌਮਾਂ ਹਨ।ਦੋ ਪਰਿਵਾਰਾਂ ਦੇ ਹਾਕਮ ਤੇਰੇ ਵਿੱਚੋਂ ਪੈਦਾ ਹੋਣਗੇਅਤੇ ਉਹ ਵੱਖ ਕੀਤੇ ਜਾਣਗੇ।ਇੱਕ ਪੁੱਤਰ ਦੂਜੇ ਨਾਲੋਂ ਤਕੜਾ ਹੋਵੇਗਾ।ਵੱਡਾ ਪੁੱਤਰ ਛੋਟੇ ਦੀ ਖਿਦਮਤ ਕਰੇਗਾ।” 24 ਅਤੇ ਸਹੀ ਸਮੇਂ ਸਿਰ ਇਬਕਾਹ ਨੇ ਜੌੜੇ ਪੁੱਤਰਾਂ ਨੂੰ ਜਨਮ ਦਿੱਤਾ। 25 ਪਹਿਲਾ ਬੱਚਾ ਲਾਲ ਸੀ ਉਸਦੀ ਚਮੜੀ ਬੁਰਦਾਰ ਕੰਬਲੀ ਵਰਗੀ ਸੀ। ਇਸ ਲਈ ਉਸਦਾ ਨਾਮ ਏਸਾਓ ਰੱਖਿਆ ਗਿਆ। 26 ਜਦੋਂ ਦੂਸਰਾ ਬੱਚਾ ਜੰਮਿਆ ਤਾਂ ਉਸਨੇ ਏਸਾਓ ਦੀ ਅੱਡੀ ਨੂੰ ਘੁੱਟਕੇ ਫ਼ੜਿਆ ਹੋਇਆ ਸੀ। ਇਸ ਲਈ ਉਸ ਬੱਚੇ ਦਾ ਨਾਮ ਯਾਕੂਬ ਰੱਖਿਆ ਗਿਆ। ਉਦੋਂ ਇਸਹਾਕ 60 ਵਰ੍ਹਿਆ ਦਾ ਸੀ ਜਦੋਂ ਯਾਕੂਬ ਅਤੇ ਏਸਾਓ ਜੰਮੇ। 27 ਮੁਂਡੇ ਵੱਡੇ ਹੋਏ। ਏਸਾਓ ਨਿਪੁੰਨ ਸ਼ਿਕਾਰੀ ਬਣ ਗਿਆ। ਉਹ ਖੇਤਾਂ ਅੰਦਰ ਘੁੰਮਣਾ ਪਸੰਦ ਕਰਦਾ ਸੀ। ਪਰ ਯਾਕੂਬ ਇੱਕ ਚੁੱਪ-ਚਪੀਤਾ ਆਦਮੀ ਸੀ ਅਤੇ ਉਹ ਡੇਰੇ ਦੀ ਦੇਖਭਾਲ ਕਰਦਾ ਹੁੰਦਾ ਸੀ। 28 ਇਸਹਾਕ ਏਸਾਓ ਨੂੰ ਪਿਆਰ ਕਰਦਾ ਸੀ। ਉਹ ਏਸਾਓ ਦੇ ਸ਼ਿਕਾਰ ਕੀਤੇ ਜਾਨਵਰਾਂ ਨੂੰ ਖਾਣਾ ਪਸੰਦ ਕਰਦਾ ਸੀ। ਪਰ ਰਿਬਕਾਹ ਯਾਕੂਬ ਨੂੰ ਪਿਆਰ ਕਰਦੀ ਸੀ। 29 ਇੱਕ ਦਿਨ, ਏਸਾਓ ਸ਼ਿਕਾਰ ਤੋਂ ਵਾਪਸ ਆਇਆ। ਉਹ ਥਕਿਆ ਹੋਇਆ ਅਤੇ ਭੁਖਾ ਸੀ। ਯਾਕੂਬ ਫ਼ਲੀਆਂ ਰਿੰਨ੍ਹ ਰਿਹਾ ਸੀ। 30 ਇਸ ਲਈ ਏਸਾਓ ਨੇ ਯਾਕੂਬ ਨੂੰ ਕਿਹਾ, “ਮੈਂ ਬਹੁਤ ਭੁੱਖਾ ਹਾਂ। ਮੈਨੂੰ ਉਨ੍ਹਾਂ ਲਾਲ ਫ਼ਲੀਆਂ ਵਿੱਚੋਂ ਥੋੜੀਆਂ ਜਿਹੀਆਂ ਦੇ।” (ਇਹੀ ਕਾਰਣ ਹੈ ਕਿ ਲੋਕ ਉਸ ਨੂੰ ਅਦੋਮ ਸੱਦਦੇ ਹਨ।) 31 ਪਰ ਯਾਕੂਬ ਨੇ ਆਖਿਆ, “ਤੈਨੂੰ ਅੱਜ ਪਲੇਠੇ ਹੋਣ ਦੇ ਸਾਰੇ ਹੱਕ ਮੈਨੂੰ ਦੇਣੇ ਪੈਣਗੇ।” 32 ਏਸਾਓ ਨੇ ਆਖਿਆ, “ਮੈਂ ਤਾਂ ਭੁੱਖ ਨਾਲ ਮਰ ਰਿਹਾ ਹਾਂ। ਜੇ ਮੈਂ ਮਰ ਗਿਆ, ਤਾਂ ਮੇਰੇ ਪਲੇਠੇ ਪੁੱਤਰ ਹੋਣ ਦਾ ਹੱਕ ਮੇਰੇ ਕਿਸ ਕੰਮ ਦਾ ਹੋਵੇਗਾ।” 33 ਪਰ ਯਾਕੂਬ ਨੇ ਆਖਿਆ, “ਪਹਿਲਾਂ ਇਕਰਾਰ ਕਰ ਕਿ ਤੂੰ ਇਹ ਮੈਨੂੰ ਦੇ ਦੇਵੇਂਗਾ।” ਇਸ ਲਈ ਏਸਾਓ ਨੇ ਯਾਕੂਬ ਨੂੰ ਵਚਨ ਦੇ ਦਿੱਤਾ। ਏਸਾਓ ਨੇ ਪਿਤਾ ਦੀ ਆਪਣੇ ਹਿੱਸੇ ਦੀ ਜ਼ਾਇਦਾਦ ਯਾਕੂਬ ਨੂੰ ਵੇਚ ਦਿੱਤੀ। 34 ਫ਼ੇਰ ਯਾਕੂਬ ਨੇ ਏਸਾਓ ਨੂੰ ਰੋਟੀ ਅਤੇ ਫ਼ਲਿਆਂ ਦੇ ਦਿੱਤੀਆਂ। ਏਸਾਓ ਨੇ ਖਾਧਾ-ਪੀਤਾ ਅਤੇ ਚਲਾ ਗਿਆ। ਇਸ ਤਰ੍ਹਾਂ ਏਸਾਓ ਨੇ ਦਰਸਾਇਆ ਕਿ ਉਸਨੂੰ ਆਪਣੇ ਪਲੇਠੇ ਪੁੱਤਰ ਹੋਣ ਦੇ ਅਧਿਕਾਰਾਂ ਦੀ ਕੋਈ ਪ੍ਰਵਾਹ ਨਹੀਂ ਸੀ।

Genesis 26

1 ਇੱਕ ਵਾਰੀ ਅਕਾਲ ਪੈ ਗਿਆ। ਇਹ ਉਸੇ ਤਰ੍ਹਾਂ ਦਾ ਅਕਾਲ ਸੀ ਜਿਹੋ ਜਿਹਾ ਅਬਰਾਹਾਮ ਦੇ ਜੀਵਨ ਕਾਲ ਦੌਰਾਨ ਪਿਆ ਸੀ। ਇਸ ਲਈ ਇਸਹਾਕ ਗਰਾਰ ਦੇ ਕਸਬੇ ਵੱਲ, ਫ਼ਲਿਸਤੀ ਲੋਕਾਂ ਦੇ ਰਾਜੇ ਅਬੀਮਲਕ ਵੱਲ ਗਿਆ। 2 ਯਹੋਵਾਹ ਨੇ ਇਸਹਾਕ ਨਾਲ ਗੱਲ ਕੀਤੀ। ਯਹੋਵਾਹ ਨੇ ਆਖਿਆ, ਮਿਸਰ ਵਿੱਚ ਨਾ ਜਾ। ਉਸੇ ਧਰਤੀ ਉੱਤੇ ਰਹਿ ਜਿਸ ਉੱਤੇ ਰਹਿਣ ਦਾ ਮੈਂ ਤੈਨੂੰ ਆਦੇਸ਼ ਦਿੱਤਾ ਸੀ। 3 ਉਸੇ ਧਰਤੀ ਉੱਤੇ ਰਹਿ, ਮੈਂ ਤੇਰੇ ਨਾਲ ਹੋਵਾਂਗਾ। ਮੈਂ ਤੈਨੂੰ ਅਸੀਸ ਦੇਵਾਂਗਾ। ਮੈਂ ਤੈਨੂੰ ਅਤੇ ਤੇਰੇ ਉੱਤਰਾਧਿਕਾਰੀਆਂ ਨੂੰ ਇਹ ਸਾਰੀਆਂ ਜ਼ਮੀਨਾਂ ਦਿਆਂਗਾ। ਮੈਂ ਤੇਰੇ ਪਿਉ ਅਬਰਾਹਾਮ ਨਾਲ ਕੀਤੇ ਆਪਣੇ ਇਕਰਾਰ ਨੂੰ ਪੂਰਾ ਕਰਾਂਗਾ। 4 ਅਤੇ ਮੈਂ ਆਕਾਸ਼ ਵਿਚਲੇ ਤਾਰਿਆਂ ਵਾਂਗ ਤੈਨੂੰ ਬਹੁਤ ਸਾਰੇ ਉੱਤਰਾਧਿਕਾਰੀ ਦਿਆਂਗਾ। ਮੈਂ ਇਹ ਸਾਰੀਆਂ ਜ਼ਮੀਨਾ ਤੇਰੇ ਉੱਤਰਾਧਿਕਾਰੀਆਂ ਨੂੰ ਦਿਆਂਗਾ। ਦੁਨੀਆਂ ਦੀਆਂ ਸਾਰੀਆਂ ਕੌਮਾਂ ਤੇਰੇ ਉੱਤਰਾਧਿਕਾਰੀਆਂ ਰਾਹੀਂ ਅਸੀਸਮਈ ਹੋਣਗੀਆਂ। 5 ਮੈਂ ਅਜਿਹਾ ਇਸ ਲਈ ਕਰਾਂਗਾ ਕਿਉਂਕਿ ਤੇਰੇ ਪਿਤਾ ਅਬਰਾਹਾਮ ਨੇ ਮੇਰਾ ਹੁਕਮ ਮੰਨਿਆ ਸੀ ਅਤੇ ਉਵੇਂ ਕੀਤਾ ਜਿਵੇਂ ਮੈਂ ਆਖਿਆ ਸੀ। ਅਬਰਾਹਾਮ ਨੇ ਮੇਰੇ ਹੁਕਮ, ਮੇਰੇ ਨਿਆਵਾਂ ਅਤੇ ਮੇਰੀਆਂ ਬਿਧੀਆਂ ਮੰਨੀਆਂ।” 6 ਇਸ ਲਈ ਇਸਹਾਕ ਗਰਾਰ ਵਿੱਚ ਟਿਕ ਗਿਆ ਅਤੇ ਓਥੇ ਰਹਿਣ ਲੱਗਾ। 7 ਇਸਹਾਕ ਦੀ ਪਤਨੀ ਰਿਬਕਾਹ ਬਹੁਤ ਸੁੰਦਰ ਸੀ। ਉਸ ਥਾਂ ਦੇ ਲੋਕਾਂ ਨੇ ਇਸਹਾਕ ਨੂੰ ਰਿਬਕਾਹ ਬਾਰੇ ਪੁੱਛਿਆ। ਇਸਹਾਕ ਨੇ ਆਖਿਆ, “ਇਹ ਮੇਰੀ ਭੈਣ ਹੈ।” ਇਸਹਾਕ ਇਹ ਦੱਸਣੋ ਡਰਦਾ ਸੀ ਕਿ ਰਿਬਕਾਹ ਉਸਦੀ ਪਤਨੀ ਸੀ। ਇਸਹਾਕ ਡਰਦਾ ਸੀ ਕਿ ਰਿਬਕਾਹ ਨੂੰ ਹਾਸਿਲ ਕਰਨ ਦੀ ਖਾਤਿਰ ਲੋਕ ਉਸਨੂੰ ਮਾਰ ਦੇਣਗੇ। 8 ਜਦੋਂ ਇਸਹਾਕ ਉਥੇ ਲੰਮੇ ਸਮੇਂ ਤੀਕ ਰਹਿ ਚੁੱਕਿਆ ਸੀ ਤਾਂ ਅਬੀਮਲਕ ਨੇ ਆਪਣੀ ਖਿੜਕੀ ਵਿੱਚੋਂ ਬਾਹਰ ਝਾਕਿਆ ਅਤੇ ਉਸਨੇ ਦੇਖਿਆ ਕਿ ਇਸਹਾਕ ਅਤੇ ਉਸਦੀ ਪਤਨੀ ਖੇਡ ਰਹੇ ਸਨ। 9 ਅਬੀਮਲਕ ਨੇ ਇਸਹਾਕ ਨੂੰ ਬੁਲਾਇਆ ਅਤੇ ਪੁੱਛਿਆ, “ਇਹ ਔਰਤ ਤਾਂ ਤੇਰੀ ਪਤਨੀ ਹੈ। ਤੂੰ ਸਾਨੂੰ ਇਹ ਕਿਉਂ ਆਖਿਆ ਕਿ ਇਹ ਤੇਰੀ ਭੈਣ ਹੈ?”ਇਸਹਾਕ ਨੇ ਉਸਨੂੰ ਆਖਿਆ, “ਮੈਂ ਇਸ ਗੱਲੋਂ ਡਰਦਾ ਸੀ ਕਿ ਤੂੰ ਮੈਨੂੰ ਮਾਰ ਦੇਵੇਂਗਾ ਤਾਂ ਜੋ ਤੂੰ ਉਸਨੂੰ ਹਾਸਿਲ ਕਰ ਸਕੇਂ।” 10 ਅਬੀਮਲਕ ਨੇ ਉਸਨੂੰ ਆਖਿਆ, “ਤੂੰ ਸਾਡੇ ਨਾਲ ਮਾੜੀ ਗੱਲ ਕੀਤੀ ਹੈ। ਹੋ ਸਕਦਾ ਹੈ ਸਾਡੇ ਬੰਦਿਆਂ ਵਿੱਚੋਂ ਕੋਈ ਅਨਜਾਣਾ ਤੇਰੀ ਪਤਨੀ ਨਾਲ ਸੌਂ ਜਾਂਦਾ। ਤਾਂ ਉਸਨੇ ਬਹੁਤ ਵੱਡੇ ਪਾਪ ਦਾ ਭਾਗੀ ਹੋਣਾ ਸੀ।” 11 ਇਸ ਲਈ ਅਬੀਮਲਕ ਨੇ ਸਾਰੇ ਲੋਕਾਂ ਨੂੰ ਚਿਤਾਵਨੀ ਦਿੱਤੀ। ਉਸ ਨੇ ਆਖਿਆ, “ਕਿਸੇ ਬੰਦੇ ਨੂੰ ਵੀ ਇਸ ਆਦਮੀ ਜਾਂ ਔਰਤ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ। ਜੇ ਕੋਈ ਬੰਦਾ ਇਨ੍ਹਾਂ ਨੂੰ ਤੰਗ ਕਰੇਗਾ ਤਾਂ ਉਸ ਬੰਦੇ ਨੂੰ ਮਾਰ ਦਿੱਤਾ ਜਾਵੇਗਾ।” 12 ਇਸਹਾਕ ਨੇ ਉਸ ਥਾਂ ਖੇਤ ਬੀਜੇ ਅਤੇ ਉਸ ਸਾਲ ਉਸਨੂੰ ਬਹੁਤ ਚੰਗੀ ਫ਼ਸਲ ਪ੍ਰਾਪਤ ਹੋਈ। ਯਹੋਵਾਹ ਨੇ ਉਸ ਉੱਤੇ ਬਹੁਤ ਬਖਸ਼ਿਸ਼ ਕੀਤੀ। 13 ਇਸਹਾਕ ਅਮੀਰ ਹੋ ਗਿਆ। ਉਸਨੇ ਹੋਰ ਵਧੇਰੇ ਦੌਲਤ ਜਮ੍ਹਾਂ ਕੀਤੀ ਜਦੋਂ ਤੱਕ ਕਿ ਉਹ ਬਹੁਤ ਅਮੀਰ ਨਹੀਂ ਹੋ ਗਿਆ। 14 ਉਸ ਕੋਲ ਬੱਕਰੀਆਂ ਦੇ ਇੱਜੜ ਅਤੇ ਡੰਗਰਾਂ ਦੇ ਇੱਜੜ ਸਨ। ਉਸ ਕੋਲ ਬਹੁਤ ਸਾਰੇ ਗੁਲਾਮ ਵੀ ਸਨ। ਸਾਰੇ ਫ਼ਲਿਸਤੀ ਉਸ ਨਾਲ ਈਰਖਾ ਕਰਦੇ ਸਨ। 15 ਇਸ ਲਈ ਫ਼ਲਿਸਤੀ ਲੋਕਾਂ ਨੇ ਉਹ ਸਾਰੇ ਖੂਹ ਤਬਾਹ ਕਰ ਦਿੱਤੇ ਜਿਹੜੇ ਉਸਦੇ ਪਿਤਾ ਅਬਰਾਹਾਮ ਅਤੇ ਉਸਦੇ ਨੌਕਰਾਂ ਨੇ ਬਹੁਤ ਵਰ੍ਹੇ ਪਹਿਲਾਂ ਉਸਾਰੇ ਸਨ। ਫ਼ਲਿਸਤੀਆਂ ਨੇ ਉਹ ਖੂਹ ਮਿੱਟੀ ਨਾਲ ਭਰ ਦਿੱਤੇ। 16 ਅਤੇ ਅਬੀਮਲਕ ਨੇ ਇਸਹਾਕ ਨੂੰ ਆਖਿਆ, “ਸਾਡਾ ਦੇਸ਼ ਛੱਡ ਜਾਹ। ਤੂੰ ਸਾਡੇ ਨਾਲੋਂ ਵੀ ਵਧੇਰੇ ਤਾਕਤਵਰ ਹੋ ਗਿਆ ਹੈਂ।” 17 ਇਸ ਲਈ ਇਸਹਾਕ ਨੇ ਉਹ ਥਾਂ ਛੱਡ ਦਿੱਤੀ ਅਤੇ ਗਰਾਰ ਦੀ ਛੋਟੀ ਨਦੀ ਦੇ ਕੰਢੇ ਡੇਰਾ ਲਾ ਲਿਆ। ਇਸਹਾਕ ਉਥੇ ਟਿਕ ਗਿਆ ਅਤੇ ਰਹਿਣ ਲੱਗਾ। 18 ਇਸਤੋਂ ਢੇਰ ਸਾਰਾ ਸਮਾਂ ਪਹਿਲਾਂ, ਅਬਰਾਹਾਮ ਨੇ ਬਹੁਤ ਸਾਰੇ ਖੂਹ ਉਸਾਰੇ ਸਨ। ਅਬਰਾਹਾਮ ਦੇ ਦੇਹਾਂਤ ਤੋਂ ਮਗਰੋਂ ਫ਼ਲਿਸਤੀਆਂ ਨੇ ਖੁਹਾਂ ਨੂੰ ਮਿੱਟੀ ਨਾਲ ਪੂਰ ਦਿੱਤਾ। ਇਸ ਲਈ ਇਸਹਾਕ ਵਾਪਸ ਗਿਆ ਅਤੇ ਉਸਨੇ ਉਹ ਖੂਹ ਫ਼ੇਰ ਉਸਾਰ ਲਈ। ਇਸਹਾਕ ਨੇ ਉਨ੍ਹਾਂ ਨੂੰ ਉਹੀ ਨਾਮ ਦਿੱਤੇ ਜਿਹੜੇ ਉਸਦੇ ਪਿਤਾ ਨੇ ਦਿੱਤੇ ਸਨ। 19 ਇਸਹਾਕ ਦੇ ਨੌਕਰਾਂ ਨੇ ਵੀ ਛੋਟੀ ਨਦੀ ਦੇ ਕੰਢੇ ਇੱਕ ਖੂਹ ਪੁਟਿਆ। ਉਸ ਖੂਹ ਵਿੱਚੋਂ ਪਾਣੀ ਦਾ ਚਸ਼ਮਾ ਵਗ ਤੁਰਿਆ। 20 ਪਰ ਉਹ ਲੋਕ ਜਿਹੜੇ ਗਰਾਰ ਦੀ ਵਾਦੀ ਵਿੱਚ ਇੱਜੜ ਚਾਰਦੇ ਸਨ ਉਹ ਇਸਹਾਕ ਦੇ ਨੌਕਰਾਂ ਨਾਲ ਝਗੜਨ ਲੱਗੇ। ਉਨ੍ਹਾਂ ਨੇ ਆਖਿਆ, “ਇਹ ਪਾਣੀ ਸਾਡਾ ਹੈ।” ਇਸ ਲਈ ਇਸਹਾਕ ਨੇ ਉਸ ਖੂਹ ਦਾ ਨਾਂ ਏਸਕ ਧਰ ਦਿੱਤਾ। ਉਸਨੇ ਇਹ ਨਾਮ ਇਸਨੂੰ ਇਸ ਵਾਸਤੇ ਦਿੱਤਾ ਕਿਉਂਕਿ ਇਹੀ ਥਾਂ ਸੀ ਜਿੱਥੇ ਉਨ੍ਹਾਂ ਲੋਕਾਂ ਨੇ ਉਸ ਨਾਲ ਝਗੜਾ ਕੀਤਾ ਸੀ। 21 ਫ਼ੇਰ ਇਸਹਾਕ ਦੇ ਨੌਕਰਾਂ ਨੇ ਇੱਕ ਹੋਰ ਖੂਹ ਪੁਟਿਆ। ਉਸ ਥਾਂ ਦੇ ਲੋਕ ਵੀ ਉਸ ਖੂਹ ਕਾਰਣ ਝਗੜਨ ਲੱਗੇ। ਇਸ ਲਈ ਇਸਹਾਕ ਨੇ ਉਸ ਖੂਹ ਦਾ ਨਾਮ ਰੱਖਿਆ “ਸਿਟਨਾ” 22 ਇਸਹਾਕ ਉਸ ਥਾਂ ਤੋਂ ਪਰ੍ਹਾਂ ਹਟ ਗਿਆ ਅਤੇ ਇੱਕ ਹੋਰ ਖੂਹ ਪੁਟਿਆ। ਕ੍ਕੋਈ ਵੀ ਆਦਮੀ ਉਸ ਖੂਹ ਬਾਰੇ ਉਸ ਨਾਲ ਝਗੜਾ ਕਰਨ ਲਈ ਨਹੀਂ ਆਇਆ। ਇਸ ਲਈ ਇਸਹਾਕ ਨੇ ਉਸ ਖੂਹ ਦਾ ਨਾਮ ਰਹੋਬੋਥ ਰੱਖ ਦਿੱਤਾ। ਇਸਹਾਕ ਨੇ ਆਖਿਆ, “ਹੁਣ ਯਹੋਵਾਹ ਨੇ ਸਾਡੇ ਲਈ ਥਾਂ ਲਭ ਲਈ ਹੈ। ਅਸੀਂ ਇਸ ਥਾਂ ਵਧਾ-ਫ਼ੁੱਲਾਂਗੇ ਅਤੇ ਸਫ਼ਲ ਹੋਵਾਂਗੇ।” 23 ਉਸ ਥਾਂ ਤੋਂ ਇਸਹਾਕ ਬਏਰਸਬਾ ਚਲਾ ਗਿਆ। 24 ਯਹੋਵਾਹ ਨੇ ਉਸ ਰਾਤ ਇਸਹਾਕ ਨਾਲ ਗੱਲ ਕੀਤੀ। ਯਹੋਵਾਹ ਨੇ ਆਖਿਆ, “ਮੈਂ ਤੇਰੇ ਪਿਤਾ ਅਬਰਾਹਾਮ ਦਾ ਪਰਮੇਸ਼ੁਰ ਹਾਂ। ਭੈਭੀਤ ਨਾ ਹੋ। ਮੈਂ ਤੇਰੇ ਨਾਲ ਹਾਂ ਅਤੇ ਮੈਂ ਤੇਰੇ ਉੱਤੇ ਬਖਸ਼ਿਸ਼ ਕਰਾਂਗਾ। ਮੈਂ ਤੇਰੇ ਪਰਿਵਾਰ ਨੂੰ ਮਹਾਨ ਬਣਾ ਦਿਆਂਗਾ। ਮੈਂ ਅਜਿਹਾ ਆਪਣੇ ਨੌਕਰ ਅਬਰਾਹਾਮ ਸਦਕਾ ਕਰਾਂਗਾ।” 25 ਇਸ ਲਈ ਇਸਹਾਕ ਨੇ ਉੱਥੇ ਇੱਕ ਜਗਵੇਦੀ ਉਸਾਰੀ ਅਤੇ ਉਸ ਥਾਂ ਯਹੋਵਾਹ ਦੀ ਉਪਾਸਨਾ ਕੀਤੀ। ਇਸਹਾਕ ਨੇ ਉੱਥੇ ਡੇਰਾ ਲਾ ਲਿਆ ਅਤੇ ਉਸਦੇ ਨੌਕਰਾਂ ਨੇ ਇੱਕ ਖੂਹ ਪੁੱਟਿਆ। 26 ਅਬੀਮਲਕ ਗਰਾਰ ਤੋਂ ਇਸਹਾਨ ਨੂੰ ਮਿਲਣ ਆਇਆ। ਅਬੀਮਲਕ ਆਪਣੇ ਨਾਲ ਆਪਨੇ ਸਲਾਹਕਾਰ ਅਹੁਜ਼ਬ ਅਤੇ ਆਪਣੀ ਫ਼ੌਜ਼ ਦੇ ਕਮਾਂਡਰ ਫ਼ੀਕੋਲ ਨੂੰ ਵੀ ਲਿਆਇਆ। 27 ਇਸਹਾਕ ਨੇ ਪੁਛਿਆ, “ਤੂੰ ਮੈਨੂੰ ਕਿਉਂ ਮਿਲਣ ਆਇਆ ਹੈ? ਪਹਿਲਾਂ ਤੂੰ ਇੰਝ ਵਿਖਾਵਾ ਕੀਤਾ ਜਿਵੇਂ ਤੂੰ ਮੈਨੂੰ ਨਫ਼ਰਤ ਕੀਤੀ। ਤੂੰ ਤਾਂ ਮੈਨੂੰ ਆਪਣੇ ਦੇਸ਼ ਵਿੱਚੋਂ ਵੀ ਬਾਹਰ ਕਢ ਦਿੱਤਾ ਸੀ।” 28 ਉਨ੍ਹਾਂ ਨੇ ਜਵਾਬ ਦਿੱਤਾ, “ਹੁਣ ਅਸੀਂ ਜਾਣਦੇ ਹਾਂ ਕਿ ਯਹੋਵਾਹ ਤੇਰੇ ਨਾਲ ਹੈ। ਇਸ ਲਈ ਅਸੀਂ ਸੋਚਿਆ ਕਿ ਸਾਨੂੰ ਤੇਰੇ ਨਾਲ ਇੱਕ ਇਕਰਾਰਨਾਮਾ ਕਰਨਾ ਚਾਹੀਦਾ ਹੈ। 29 ਇਕਰਾਰ ਕਰ ਕਿ ਤੂੰ ਸਾਨੂੰ ਚੋਟ ਨਹੀਂ ਪਹੁੰਚਾਵੇਂਗਾ। ਅਸੀਂ ਤੈਨੂੰ ਨੁਕਸਾਨ ਨਹੀਂ ਪਹੁੰਚਾਇਆ। ਹੁਣ ਤੈਨੂੰ ਇਕਰਾਰ ਕਰਨਾ ਚਾਹੀਦਾ ਹੈ ਕਿ ਤੂੰ ਸਾਨੂੰ ਨੁਕਸਾਨ ਨਾ ਪਹੁੰਚਾਵੇਂ। ਅਸੀਂ ਤੈਨੂੰ ਜਲਾਵਤਨ ਕੀਤਾ ਪਰ ਅਸੀਂ ਤੈਨੂੰ ਸ਼ਾਂਤੀ ਨਾਲ ਜਲਾਵਤਨ ਕੀਤਾ। ਹੁਣ ਇਹ ਗੱਲ ਸਪਸ਼ਟ ਹੈ ਕਿ ਯਹੋਵਾਹ ਨੇ ਤੇਰੇ ਉੱਤੇ ਬਖਸ਼ਿਸ਼ ਕੀਤੀ ਹੈ।” 30 ਇਸ ਲਈ ਇਸਹਾਕ ਨੇ ਉਨ੍ਹਾਂ ਨੂੰ ਇੱਕ ਦਾਵਤ ਦਿੱਤੀ। ਉਨ੍ਹਾਂ ਸਾਰਿਆਂ ਨੇ ਭੋਜਨ ਪਾਣੀ ਛਕਿਆ। 31 ਦੂਸਰੀ ਸਵੇਰ ਨੂੰ ਸੁਵਖਤੇ ਹੀ ਹਰ ਬੰਦੇ ਨੇ ਇਕਰਾਰ ਕੀਤਾ ਅਤੇ ਸਹੁੰ ਚੁੱਕੀ। ਫ਼ੇਰ ਉਹ ਆਦਮੀ ਸ਼ਾਂਤੀ ਨਾਲ ਚਲੇ ਗਏ। 32 ਉਸ ਦਿਨ, ਇਸਹਾਕ ਦੇ ਨੌਕਰ ਆਏ ਅਤੇ ਉਨ੍ਹਾਂ ਨੂੰ ਆਪਣੇ ਪੁੱਟੇ ਹੋਏ ਖੂਹ ਬਾਰੇ ਦੱਸਿਆ। ਨੌਕਰਾਂ ਨੇ ਆਖਿਆ, “ਸਾਨੂੰ ਉਸ ਖੂਹ ਵਿੱਚ ਪਾਣੀ ਮਿਲਿਆ ਹੈ।” 33 ਇਸ ਲਈ ਇਸਹਾਕ ਨੇ ਉਸ ਖੂਹ ਦਾ ਨਾਂ ਸ਼ਿਬਆਹ ਰੱਖ ਦਿੱਤਾ ਅਤੇ ਉਸ ਸ਼ਹਿਰ ਨੂੰ ਬਏਰਸਬਾ ਸਦਿਆ ਜਾਂਦਾ ਹੈ। 34 ਜਦੋਂ ਏਸਾਓ 40 ਵਰ੍ਹਿਆਂ ਦਾ ਹੋਇਆ ਉਸਨੇ ਦੋ ਹਿੱਤੀ ਔਰਤਾਂ ਨਾਲ ਵਿਆਹ ਕਰਵਾਇਆ। ਇੱਕ ਬੇਰੀ ਦੀ ਧੀ ਯਹੂਦਿਥ ਅਤੇ ਦੂਸਰੇ ਏਲੋਨ ਦੀ ਧੀ ਬਾਸਮਥ ਸੀ। 35 ਇਨ੍ਹਾਂ ਸ਼ਾਦੀਆਂ ਨੇ ਰਿਬਕਾਹ ਅਤੇ ਇਸਹਾਕ ਨੂੰ ਬਹੁਤ ਦੁੱਖ ਪਹੁੰਚਾਇਆ।

Genesis 27

1 ਇਸਹਾਕ ਬਿਰਧ ਹੋ ਗਿਆ ਅਤੇ ਉਸਦੀ ਨਜ਼ਰ ਕਮਜ਼ੋਰ ਹੋ ਗਈ। ਇੱਕ ਦਿਨ ਉਸਨੇ ਆਪਣੇ ਵੱਡੇ ਪੁੱਤਰ ਏਸਾਓ ਨੂੰ ਆਪਣੇ ਕੋਲ ਬੁਲਾਇਆ। ਇਸਹਾਕ ਨੇ ਆਖਿਆ, “ਪੁੱਤਰ!”ਏਸਾਓ ਨੇ ਜਵਾਬ ਦਿੱਤਾ ਹਾਂ ਜੀ ਮੈਂ ਇੱਥੇ ਹੀ ਹਾਂ।” 2 ਇਸਹਾਕ ਨੇ ਆਖਿਆ, “ਮੈਂ ਬਿਰਧ ਹੋ ਗਿਆ ਹਾਂ। ਸ਼ਾਇਦ ਮੇਰਾ ਛੇਤੀ ਹੀ ਦੇਹਾਂਤ ਹੋ ਜਾਵੇ! 3 ਇਸ ਲਈ ਆਪਣਾ ਤੀਰ ਕਮਾਨ ਚੁੱਕ ਅਤੇ ਸ਼ਿਕਾਰ ਨੂੰ ਜਾਹ। ਮੇਰੇ ਖਾਣ ਲਈ ਇੱਕ ਜਾਨਵਰ ਮਾਰਕੇ ਲਿਆ। 4 ਮੇਰੀ ਪਸੰਦ ਦਾ ਭੋਜਨ ਤਿਆਰ ਕਰ। ਇਸਨੂੰ ਮੇਰੇ ਕੋਲ ਲਿਆ ਮੈਂ ਇਸਨੂੰ ਖਾਵਾਂਗਾ। ਫ਼ੇਰ ਮੈਂ ਮਰਨ ਤੋਂ ਪਹਿਲਾਂ ਤੈਨੂੰ ਅਸੀਸ ਦੇਵਾਂਗਾ।” 5 ਇਸ ਲਈ ਏਸਾਓ ਸ਼ਿਕਾਰ ਤੇ ਚਲਾ ਗਿਆ। ਇਸਹਾਕ ਨੇ ਇਹ ਗੱਲਾਂ ਆਪਣੇ ਪੁੱਤਰ ਨੂੰ ਆਖੀਆਂ ਤਾਂ ਰਿਬਕਾਹ ਸੁਣ ਰਹੀ ਸੀ। 6 ਰਿਬਕਾਹ ਨੇ ਆਪਣੇ ਪੁੱਤਰ ਯਾਕੂਬ ਨੂੰ ਆਖਿਆ, “ਸੁਣ, ਮੈਂ ਤੇਰੇ ਪਿਤਾ ਨੂੰ ਤੇਰੇ ਭਰਾ ਏਸਾਓ ਨਾਲ ਗੱਲਾਂ ਕਰਦੇ ਸੁਣਿਆ ਹੈ। 7 ਤੇਰੇ ਪਿਤਾ ਨੇ ਆਖਿਆ, “ਇੱਕ ਜਾਨਵਰ ਨੂੰ ਮਾਰਕੇ ਮੇਰੇ ਲਈ ਲਿਆ। ਮੇਰੇ ਲਈ ਭੋਜਨ ਤਿਆਰ ਕਰ ਅਤੇ ਮੈਂ ਖਾਵਾਂਗਾ। ਫ਼ੇਰ ਮੈਂ ਮਰਨ ਤੋਂ ਪਹਿਲਾਂ ਤੈਨੂੰ ਯਹੋਵਾਹ ਦੀ ਹਾਜ਼ਰੀ ਵਿੱਚ ਅਸੀਸ ਦੇਵਾਂਗਾ।’ 8 ਇਸ ਲਈ ਪੁੱਤਰ, ਮੇਰੀ ਗੱਲ ਸੁਣ ਅਤੇ ਓਹੀ ਕਰ ਜੋ ਮੈਂ ਆਖਦੀ ਹਾਂ। 9 ਆਪਣੀਆਂ ਬੱਕਰੀਆਂ ਵੱਲ ਜਾਹ ਅਤੇ ਮੇਰੇ ਕੋਲ ਦੋ ਜਵਾਨ ਬੱਕਰੀਆਂ ਲੈਕੇ ਆ। ਮੈਂ ਉਨ੍ਹਾਂ ਨੂੰ ਉਸੇ ਤਰ੍ਹਾਂ ਤਿਆਰ ਕਰਾਂਗੀ ਜਿਵੇਂ ਤੇਰੇ ਪਿਤਾ ਨੂੰ ਪਸੰਦ ਹੈ। 10 ਫ਼ੇਰ ਤੂੰ ਭੋਜਨ ਆਪਣੇ ਪਿਤਾ ਕੋਲ ਲੈ ਜਾਵੀਂ। ਅਤੇ ਉਹ ਮਰਨ ਤੋਂ ਪਹਿਲਾਂ ਤੈਨੂੰ ਅਸੀਸ ਦੇ ਦੇਵੇਗਾ।” 11 ਪਰ ਯਾਕੂਬ ਨੇ ਆਪਣੀ ਮਾਂ ਰਿਬਕਾਹ ਨੂੰ ਆਖਿਆ, “ਮੇਰਾ ਭਰਾ ਏਸਾਓ ਜੱਤਲ ਬੰਦਾ ਹੈ ਮੈਂ ਉਸ ਵਾਂਗ ਜੱਤਲ ਨਹੀਂ ਹਾਂ। 12 ਜੇ ਮੇਰੇ ਪਿਤਾ ਨੇ ਮੈਨੂੰ ਛੂਹ ਲਿਆ, ਉਸਨੂੰ ਪਤਾ ਲੱਗ ਜਾਵੇਗਾ ਕਿ ਮੈਂ ਏਸਾਓ ਨਹੀਂ ਹਾਂ। ਫ਼ੇਰ ਉਹ ਮੈਨੂੰ ਅਸੀਸ ਨਹੀਂ ਦੇਵੇਗਾ, ਇਸਦੀ ਬਜਾਇ ਉਹ ਮੈਨੂੰ ਸਰਾਪ ਦੇ ਦੇਵੇਗਾ ਕਿਉਂਕਿ ਮੈਂ ਉਸ ਨਾਲ ਧੋਖਾ ਕਰਨ ਦੀ ਕੋਸ਼ਿਸ਼ ਕੀਤੀ।” 13 ਇਸ ਲਈ ਰਿਬਕਾਹ ਨੇ ਉਸਨੂੰ ਆਖਿਆ, “ਜੇ ਕੋਈ ਔਕੜ ਪੇਸ਼ ਆਈ ਤਾਂ ਮੈਂ ਸਾਰਾ ਦੋਸ਼ ਆਪਣੇ ਸਿਰ ਲੈ ਲਵਾਂਗੀ ਜੋ ਕੁਝ ਮੈਂ ਆਖਿਆ ਹੈ ਉਹੀ ਕਰ। ਜਾ ਮੇਰੇ ਲਈ ਬੱਕਰੀਆਂ ਲੈਕੇ ਆ।” 14 ਇਸ ਤਰ੍ਹਾਂ ਯਾਕੂਬ ਬਾਹਰ ਚਲਾ ਗਿਆ ਅਤੇ ਦੋ ਬੱਕਰੀਆਂ ਲੈਕੇ ਆਪਣੀ ਮਾਂ ਕੋਲ ਆਇਆ ਉਸਦੀ ਮਾਂ ਨੇ ਬੱਕਰੀਆਂ ਨੂੰ ਅਜਿਹੇ ਖਾਸ ਢੰਗ ਨਾਲ ਰਿੰਨ੍ਹਿਆ ਜਿਸਨੂੰ ਇਸਹਾਕ ਪਸੰਦ ਕਰਦਾ ਸੀ। 15 ਫ਼ੇਰ ਰਿਬਕਾਹ ਨੇ ਉਹੋ ਕੱਪੜੇ ਕਢੇ ਜਿਨ੍ਹਾਂ ਨੂੰ ਉਸਦਾ ਵੱਡਾ ਪੁੱਤਰ ਏਸਾਓ ਪਹਿਨਣਾ ਪਸੰਦ ਕਰਦਾ ਸੀ। ਰਿਬਕਾਹ ਨੇ ਇਹ ਕੱਪੜੇ ਛੋਟੇ ਪੁੱਤਰ ਯਾਕੂਬ ਨੂੰ ਪਹਿਨਾ ਦਿੱਤੇ। 16 ਰਿਬਕਾਹ ਨੇ ਬੱਕਰੀਆਂ ਦੀਆਂ ਖਲ੍ਹਾਂ ਲਾਹੀਆਂ ਅਤੇ ਉਨ੍ਹਾਂ ਨੂੰ ਯਾਕੂਬ ਦੇ ਹੱਥਾਂ ਅਤੇ ਉਸਦੀ ਗਰਦਨ ਦੇ ਕੂਲੇ ਹਿੱਸੇ ਉੱਤੇ ਪਾ ਦਿੱਤੀਆਂ। 17 ਫ਼ੇਰ ਰਿਬਕਾਹ ਨੇ ਕੁਝ ਮਾਸ ਅਤੇ ਕੁਝ ਰੋਟੀਆਂ ਵੀ ਬਣਾਈਆਂ ਅਤੇ ਯਾਕੂਬ ਨੂੰ ਫ਼ੜਾ ਦਿੱਤੀਆਂ। 18 ਯਾਕੂਬ ਆਪਣੇ ਪਿਤਾ ਕੋਲ ਗਿਆ ਅਤੇ ਆਖਿਆ, “ਪਿਤਾ ਜੀ।”ਉਸਦੇ ਪਿਤਾ ਨੇ ਆਖਿਆ, “ਹਾਂ, ਪੁੱਤਰ ਕਿਹੜਾ ਹੈਂ ਤੂੰ?” 19 ਯਾਕੂਬ ਨੇ ਆਪਣੇ ਪਿਤਾ ਨੂੰ ਆਖਿਆ, “ਮੈਂ ਏਸਾਓ ਹਾਂ ਤੁਹਾਡਾ ਪਲੇਠਾ ਪੁੱਤਰ ਮੈਂ ਉਸੇ ਤਰ੍ਹਾਂ ਕੀਤਾ ਹੈ ਜਿਵੇਂ ਤੁਸੀਂ ਆਖਿਆ ਸੀ। ਹੁਣ ਉਠਕੇ ਬੈਠ ਜਾਓ ਅਤੇ ਉਨ੍ਹਾਂ ਪਸ਼ੂਆਂ ਨੂੰ ਛਕ ਲਵੋ ਜਿਨ੍ਹਾਂ ਦਾ ਮੈਂ ਤੁਹਾਡੇ ਲਈ ਸ਼ਿਕਾਰ ਕੀਤਾ ਹੈ। ਫ਼ੇਰ ਤੁਸੀਂ ਮੈਨੂੰ ਅਸੀਸ ਦੇ ਸਕਦੇ ਹੋਂ।” 20 ਪਰ ਇਸਹਾਕ ਨੇ ਆਪਣੇ ਪੁੱਤਰ ਨੂੰ ਆਖਿਆ, “ਤੂੰ ਇੰਨੀ ਛੇਤੀ ਜਾਨਵਰ ਦਾ ਸ਼ਿਕਾਰ ਕਿਵੇਂ ਕਰ ਲਿਆ?”ਯਾਕੂਬ ਨੇ ਜਵਾਬ ਦਿੱਤਾ, “ਕਿਉਂਕਿ ਯਹੋਵਾਹ ਤੇਰੇ ਪਰਮੇਸ਼ੁਰ ਨੇ ਮੈਨੂੰ ਕਾਮਯਾਬ ਕਰ ਦਿੱਤਾ।” 21 ਫ਼ੇਰ ਇਸਹਾਕ ਨੇ ਯਾਕੂਬ ਨੂੰ ਆਖਿਆ, “ਮੇਰੇ ਨੇੜੇ ਆ ਤਾਂ ਜੋ ਮੈਂ ਤੈਨੂੰ ਮਹਿਸੂਸ ਕਰ ਸਕਾਂ। ਪੁੱਤਰ ਜੇ ਮੈਂ ਮਹਿਸੂਸ ਕਰਾਂਗਾ ਤਾਂ ਮੈਨੂੰ ਪਤਾ ਲੱਗ ਜਾਵੇਗਾ ਕਿ ਤੂੰ ਸੱਚਮੁੱਚ ਮੇਰਾ ਪੁੱਤਰ ਏਸਾਓ ਹੀ ਹੈਂ।” 22 ਇਸ ਲਈ ਯਾਕੂਬ ਆਪਣੇ ਪਿਤਾ ਕੋਲ ਚਲਾ ਗਿਆ। ਇਸਹਾਕ ਨੇ ਉਸ ਨੂੰ ਟੋਹਿਆ ਅਤੇ ਆਖਿਆ, “ਤੇਰੀ ਆਵਾਜ਼ ਤਾਂ ਯਾਕੂਬ ਵਰਗੀ ਲੱਗਦੀ ਹੈ। ਪਰ ਤੇਰੀਆਂ ਬਾਹਾਂ ਏਸਾਓ ਦੀਆਂ ਬਾਹਾਂ ਵਾਂਗ ਜੱਤਲ ਹਨ।” 23 ਇਸਹਾਕ ਨੂੰ ਪਤਾ ਨਾ ਲੱਗ ਸਕਿਆ ਕਿ ਉਹ ਯਾਕੂਬ ਸੀ ਕਿਉਂਕਿ ਉਸ ਦੀਆਂ ਬਾਹਾਂ ਏਸਾਓ ਵਾਂਗ ਜੱਤਲ ਸਨ। ਇਸ ਲਈ ਯਾਕੂਬ ਨੇ ਇਸਹਾਕ ਨੂੰ ਅਸੀਸ ਦਿੱਤੀ। 24 ਇਸਹਾਕ ਨੇ ਆਖਿਆ, “ਕੀ ਤੂੰ ਸੱਚਮੁੱਚ ਮੇਰਾ ਪੁੱਤਰ ਏਸਾਓ ਹੀ ਹੈਂ?”ਯਾਕੂਬ ਨੇ ਜਵਾਬ ਦਿੱਤਾ, “ਹਾਂ ਜੀ, ਮੈਂ ਹੀ ਹਾਂ।” 25 ਫ਼ੇਰ ਇਸਹਾਕ ਨੇ ਉਸਨੂੰ ਆਖਿਆ, “ਮੇਰੇ ਲਈ ਭੋਜਨ ਲੈ ਆ। ਮੈਂ ਇਸਨੂੰ ਖਾਵਾਂਗਾ ਅਤੇ ਤੈਨੂੰ ਅਸੀਸਾਂ ਦੇਵਾਂਗਾ।” ਇਸ ਲਈ ਯਾਕੂਬ ਨੇ ਉਸਨੂੰ ਭੋਜਨ ਦਿੱਤਾ ਅਤੇ ਉਸਨੇ ਖਾ ਲਿਆ। ਫ਼ੇਰ ਯਾਕੂਬ ਨੇ ਉਸਨੂੰ ਕੁਝ ਮੈਅ ਦਿੱਤੀ ਅਤੇ ਉਸਨੇ ਪੀ ਲਈ। 26 ਫ਼ੇਰ ਇਸਹਾਕ ਨੇ ਉਸਨੂੰ ਆਖ਼ਿਆ, “ਪੁੱਤਰ, ਨੇੜੇ ਆ ਅਤੇ ਮੈਨੂੰ ਚੁੰਮ।” 27 ਇਸ ਲਈ ਯਾਕੂਬ ਆਪਣੇ ਪਿਤਾ ਕੋਲ ਗਿਆ ਅਤੇ ਉਸਨੂੰ ਚੁੰਮਿਆ। ਇਸਹਾਕ ਨੇ ਏਸਾਓ ਦੇ ਕੱਪੜੇ ਸੁੰਘੇ ਅਤੇ ਉਸਨੂੰ ਅਸੀਸ ਦਿੱਤੀ। ਇਸਹਾਕ ਨੇ ਆਖਿਆ,“ਮੇਰਾ ਪੁੱਤਰ ਇੱਕ ਖੇਤ ਵਾਂਗ ਸੁਗੰਧਿਤ ਹੈ ਜਿਸਨੂੰ ਯਹੋਵਾਹ ਨੇ ਅਸੀਸ ਦਿੱਤੀ ਹੈ। 28 ਯਹੋਵਾਹ ਤੈਨੂੰ ਆਕਾਸ਼ ਤੋਂ ਤਰੇਲ ਦੇਵੇ ਤਾਂ ਜੋ ਤੇਰੇ ਕੋਲ ਕਾਫ਼ੀ ਅਨਾਜ਼ ਅਤੇ ਮੈਅ ਹੋਵੇ। 29 ਸਾਰੇ ਲੋਕ ਤੇਰੀ ਸੇਵਾ ਕਰਨ।ਬਹੁਤ ਸਾਰੀਆਂ ਕੌਮਾਂ ਤੇਰੇ ਅੱਗੇ ਸਿਰ ਝੁਕਾਉਣ,ਤੂੰ ਆਪਣੇ ਭਰਾਵਾਂ ਨਾਲੋਂ ਮਹਾਨ ਹੋਵੇਂਗਾ।ਤੇਰੀ ਮਾਂ ਦੇ ਪੁੱਤਰ, ਝੁਕਣਗੇ ਅਤੇ ਤੇਰਾ ਹੁਕਮ ਮੰਨਣਗੇ।ਜਿਹੜਾ ਵੀ ਤੈਨੂੰ ਸਰਾਪ ਦੇਵੇਗਾ, ਖੁਦ ਹੀ ਸਰਾਪਿਆ ਜਾਵੇਗਾ।ਜਿਹੜਾ ਵੀ ਤੈਨੂੰ ਅਸੀਸ ਦੇਵੇਗਾ, ਉਹ ਅਸੀਸਮਈ ਹੋਵੇਗਾ। 30 ਇਸਹਾਕ ਯਾਕੂਬ ਨੂੰ ਅਸੀਸਾਂ ਦੇ ਹਟਿਆ। ਫ਼ੇਰ ਜਿਵੇਂ ਹੀ ਯਾਕੂਬ ਆਪਣੇ ਪਿਤਾ ਇਸਹਾਕ ਕੋਲੋਂ ਗਿਆ, ਏਸਾਓ ਸ਼ਿਕਾਰ ਤੋਂ ਵਾਪਸ ਆ ਗਿਆ। 31 ਏਸਾਓ ਨੇ ਉਸੇ ਖਾਸ ਤਰ੍ਹਾਂ ਨਾਲ ਭੋਜਨ ਪਕਾਇਆ ਜਿਸਨੂੰ ਉਸਦਾ ਪਿਤਾ ਪਸੰਦ ਕਰਦਾ ਸੀ। ਏਸਾਓ ਇਸਨੂੰ ਆਪਣੇ ਪਿਤਾ ਕੋਲ ਲੈ ਆਇਆ। ਉਸਨੇ ਆਪਣੇ ਪਿਤਾ ਨੂੰ ਆਖਿਆ, “ਪਿਤਾ ਜੀ ਮੈਂ ਤੁਹਾਡਾ ਪੁੱਤਰ ਹਾਂ। ਉਠੋ ਅਤੇ ਮਾਸ ਖਾ ਲਵੋ ਜਿਸਦਾ ਮੈਂ ਤੁਹਾਡੇ ਲਈ ਸ਼ਿਕਾਰ ਕਰਕੇ ਲਿਆਇਆ ਹਾਂ। ਫ਼ੇਰ ਤੁਸੀਂ ਮੈਨੂੰ ਅਸੀਸਾਂ ਦੇਵੋਂਗੇ।” 32 ਪਰ ਇਸਹਾਕ ਨੇ ਉਸਨੂੰ ਆਖਿਆ, “ਕੌਣ ਹੈਂ ਤੂੰ?”ਉਸਨੇ ਜਵਾਬ ਦਿੱਤਾ, “ਮੈਂ ਤੁਹਾਡਾ ਪੁੱਤਰ ਹਾਂ - ਤੁਹਾਡਾ ਪਲੇਠਾ ਪੁੱਤਰ - ਏਸਾਓ।” 33 ਫ਼ਿਰ ਇਸਹਾਕ ਨੂੰ ਇੰਨਾ ਗੁੱਸਾ ਆਇਆ ਕਿ ਉਹ ਹਿੰਸਾ ਨਾਲ ਕੰਬਣ ਲੱਗ ਪਿਆ ਅਤੇ ਉਹ ਚਿਲਾਇਆ, “ਤਾਂ ਫ਼ੇਰ ਉਹ ਕੌਣ ਸੀ ਜਿਹੜਾ ਤੇਰੇ ਤੋਂ ਪਹਿਲਾਂ ਭੋਜਨ ਪਕਾਕੇ ਮੇਰੇ ਲਈ ਲਿਆਇਆ? ਮੈਂ ਭੋਜਨ ਛਕ ਲਿਆ ਅਤੇ ਉਸਨੂੰ ਅਸੀਸਾਂ ਦੇ ਦਿੱਤੀਆਂ ਹਨ। ਹੁਣ ਅਸੀਸਾਂ ਉਸ ਦੀਆਂ ਹੋ ਚੁੱਕੀਆਂ ਹਨ। 34 ਏਸਾਓ ਨੇ ਆਪਣੇ ਪਿਤਾ ਦੇ ਸ਼ਬਦ ਸੁਣੇ। ਉਹ ਜ਼ਾਰੋ-ਜ਼ਾਰ ਰੋਇਆ। ਉਸਨੇ ਆਪਣੇ ਪਿਤਾ ਨੂੰ ਆਖਿਆ, “ਤਾਂ ਪਿਤਾ ਜੀ, ਮੈਨੂੰ ਵੀ ਅਸੀਸ ਦਿਉ।” 35 ਇਸਹਾਕ ਨੇ ਆਖਿਆ, “ਤੇਰੇ ਭਰਾ ਨੇ ਮੇਰੇ ਨਾਲ ਚਲਾਕੀ ਕੀਤੀ! ਉਹ ਆਇਆ ਅਤੇ ਤੇਰੀਆਂ ਅਸੀਸਾਂ ਲੈ ਗਿਆ।” 36 ਏਸਾਓ ਨੇ ਆਖਿਆ, “ਉਸਦਾ ਨਾਮ ਯਾਕੂਬ ਹੈ ‘ਚਲਾਕੂ’ ਇਹੀ ਨਾਮ ਉਸ ਲਈ ਢੁਕਦਾ ਹੈ। ਉਸਨੇ ਦੋ ਵਾਰੀ ਮੈਨੂੰ ਧੋਖਾ ਦਿੱਤਾ ਹੈ ਉਸਨੇ ਮੇਰੇ ਕੋਲੋਂ ਮੇਰੇ ਪਲੇਠਾ ਪੁੱਤਰ ਹੋਣ ਦੇ ਹਕ ਖੋਹ ਲਏ। ਅਤੇ ਹੁਣ ਉਸ ਨੇ ਮੇਰੀਆਂ ਅਸੀਸਾਂ ਵੀ ਖੋਹ ਲਈਆਂ ਹਨ।” ਫ਼ੇਰ ਏਸਾਓ ਨੇ ਆਖਿਆ, “ਕੀ ਤੇਰੇ ਕੋਲ ਮੇਰੇ ਲਈ ਕੋਈ ਅਸੀਸ ਬਚੀ ਹੈ” 37 ਇਸਹਾਕ ਨੇ ਆਖਿਆ, “ਮੈਂ ਯਾਕੂਬ ਨੂੰ ਤੇਰੇ ਉੱਤੇ ਹਕੂਮਤ ਕਰਨ ਦੀ ਸ਼ਕਤੀ ਦੇ ਚੁੱਕਾ ਹਾਂ। ਮੈਂ ਉਸ ਦੇ ਸਾਰੇ ਭਰਾਵਾਂ ਨੂੰ ਉਸਦੇ ਸੇਵਕ ਹਣ ਲਈ ਦੇ ਦਿੱਤਾ ਹੈ। ਮੈਂ ਉਸਨੂੰ ਬਹੁਤ ਸਾਰਾ ਅਨਾਜ਼ ਅਤੇ ਮੈਅ ਦੇ ਚੁਕਿਆ ਹ੍ਹਾਂ। ਪੁੱਤਰ, ਮੈਂ ਹੁਣ ਤੇਰੇ ਵਾਸਤੇ ਕੀ ਕਰ ਸਕਦਾ ਹਾਂ?” 38 ਪਰ ਏਸਾਓ ਆਪਣੇ ਪਿਤਾ ਨੂੰ ਅਰਜ਼ੋਈਆਂ ਕਰਦਾ ਰਿਹਾ। “ਕੀ ਤੁਹਾਡੇ ਕੋਲ ਇੱਕ ਹੀ ਅਸੀਸ ਹੈ, ਪਿਤਾ ਜੀ? ਪਿਤਾ ਜੀ ਮੈਨੂੰ ਵੀ ਅਸੀਸ ਦੇਵੋ!” ਏਸਾਓ ਰੋਣ ਲੱਗ ਪਿਆ। 39 ਤਾਂ ਇਸਹਾਕ ਨੇ ਉਸਨੂੰ ਆਖਿਆ,“ਤੂੰ ਉਪਜਾਊ ਜ਼ਮੀਨਅਤੇ ਆਕਾਸ਼ ਦੀ ਤਰੇਲ ਤੋਂ ਦੂਰ ਰਹੇਂਗਾ। 40 ਤੂੰ ਆਪਣੀ ਤਲਵਾਰ ਨਾਲ ਲੜਕੇ ਜਿਉਂਵੇਂਗਾਅਤੇ ਤੂੰ ਆਪਣੇ ਭਰਾ ਦਾ ਗੁਲਾਮ ਹੋਵੇਂਗਾ।ਪਰ ਤੇਰੇ ਸੰਘਰਸ਼ ਤੋਂ ਬਾਦ,ਤੂੰ ਉਸਦੇ ਕਾਬੂ ਵਿੱਚੋਂ ਨਿਕਲ ਆਵੇਂਗਾ।” 41 ਇਸ ਮਗਰੋਂ, ਇਸ ਅਸੀਸ ਦੇ ਕਾਰਣ ਏਸਾਓ ਯਾਕੂਬ ਦੇ ਖ਼ਿਲਾਫ਼ ਖਾਰ ਖਾਣ ਲੱਗ ਪਿਆ। ਏਸਾਓ ਨੇ ਆਪਣੇ-ਆਪ ‘ਚ ਸੋਚਿਆ, “ਛੇਤੀ ਹੀ ਮੇਰੇ ਪਿਤਾ ਦਾ ਦੇਹਾਂਤ ਹੋ ਜਾਵੇਗਾ ਅਤੇ ਉਸਦੇ ਲਈ ਸੋਗ ਦਾ ਸਮਾਂ ਹੋਵੇਗਾ। ਪਰ ਇਸਤੋਂ ਬਾਦ ਮੈਂ ਯਾਕੂਬ ਨੂੰ ਮਾਰ ਦਿਆਂਗਾ।” 42 ਰਿਬਕਾਹ ਨੇ ਏਸਾਓ ਦੀ ਯਾਕੂਬ ਨੂੰ ਮਾਰਨ ਦੀ ਯੋਜਨਾ ਬਾਰੇ ਸੁਣ ਲਿਆ। ਉਸਨੇ ਯਾਕੂਬ ਨੂੰ ਸਦਿਆ ਅਤੇ ਆਖਿਆ, “ਸੁਣ, ਤੇਰਾ ਭਰਾ ਏਸਾਓ ਤੈਨੂੰ ਮਾਰਨ ਦੀਆਂ ਵਿਉਂਤਾਂ ਬਣਾ ਰਿਹਾ ਹੈ। 43 ਇਸ ਲਈ, ਪੁੱਤਰ ਉਹੀ ਕਰ ਜੋ ਮੈ ਆਖਦੀ ਹਾਂ। ਮੇਰਾ ਭਰਾ ਲਾਬਾਨ, ਹਾਰਾਨ ਵਿੱਚ ਰਹਿੰਦਾ ਹੈ। ਉਸ ਕੋਲ ਚਲਿਆ ਜਾਹ ਅਤੇ ਛੁਪ ਜਾਹ। 44 ਕੁਝ ਦਿਨਾਂ ਲਈ ਉਸ ਕੋਲ ਰਹਿ। ਓਨਾ ਚਿਰ ਤੱਕ ਉਸ ਕੋਲ ਰਹਿ ਜਦੋਂ ਤੱਕ ਤੇਰੇ ਭਰਾ ਦਾ ਗੁੱਸਾ ਟਲ ਨਹੀਂ ਜਾਂਦਾ। 45 ਕੁਝ ਸਮੇਂ ਬਾਦ, ਤੇਰਾ ਭਰਾ ਭੁੱਲ ਜਾਵੇਗਾ ਕਿ ਤੂੰ ਉਸ ਨਾਲ ਕੀ ਸਲੂਕ ਕੀਤਾ ਸੀ। ਫ਼ੇਰ ਮੈ ਤੈਨੂੰ ਵਾਪਸ ਲਿਆਉਣ ਲਈ ਇੱਕ ਨੌਕਰ ਨੂੰ ਭੇਜਾਂਗੀ। ਮੈਂ ਇੱਕੋ ਦਿਨ ਤੁਹਾਨੂੰ ਦੋਹਾਂ ਨੂੰ ਨਹੀਂ ਗੁਆਉਣਾ ਚਾਹੁੰਦੀ।” 46 ਫ਼ੇਰ ਰਿਬਕਾਹ ਨੇ ਇਸਹਾਕ ਨੂੰ ਆਖਿਆ, “ਮੈਂ ਏਸਾਓ ਦੀਆਂ ਹਿੱਤੀ ਵਹੁਟੀਆਂ ਦੇ ਆਸ-ਪਾਸ ਰਹਿਣ ਤੋਂ ਨਫ਼ਰਤ ਕਰਦੀ ਹਾਂ। ਕਿਉਂਕਿ ਉਹ ਸਾਡੇ ਲੋਕਾਂ ਵਿੱਚੋਂ ਨਹੀਂ ਹਨ। ਯਾਕੂਬ ਦੇ ਇਨ੍ਹਾਂ ਔਰਤਾਂ ਵਿੱਚੋਂ ਕਿਸੇ ਇੱਕ ਨਾਲ ਸ਼ਾਦੀ ਕਰਨ ਨਾਲੋਂ ਚੰਗਾ ਹੈ ਕਿ ਮੈਂ ਮਰ ਜਾਵਾਂ।”

Genesis 28

1 ਇਸਹਾਕ ਨੇ ਯਾਕੂਬ ਨੂੰ ਸਦਿਆ ਅਤੇ ਉਸਨੂੰ ਅਸੀਸ ਦਿੱਤੀ। ਫ਼ੇਰ ਇਸਹਾਕ ਨੇ ਉਸਨੂੰ ਆਦੇਸ਼ ਦਿੱਤਾ। ਇਸਹਾਕ ਨੇ ਆਖਿਆ, “ਤੈਨੂੰ ਕਿਸੇ ਕਨਾਨੀ ਔਰਤ ਨਾਲ ਸ਼ਾਦੀ ਨਹੀਂ ਕਰਨੀ ਚਾਹੀਦੀ। 2 ਇਸ ਲਈ ਇਹ ਥਾਂ ਛੱਡਦੇ ਅਤੇ ਪਦਨ ਅਰਾਮ ਨੂੰ ਚਲਿਆ ਜਾਹ। ਆਪਣੇ ਨਾਨੇ ਬਥੂਏਲ ਦੇ ਘਰ ਚਲਿਆ ਜਾਹ। ਉਥੇ ਤੇਰਾ ਮਾਮਾ ਲਾਬਾਨ ਰਹਿੰਦਾ ਹੈ। ਉਸਦੀ ਕਿਸੇ ਇੱਕ ਧੀ ਨਾਲ ਵਿਆਹ ਕਰਵਾ ਲੈ। 3 ਮੈਂ ਪ੍ਰਾਰਥਨਾ ਕਰਦਾ ਹਾਂ ਕਿ ਸਰਬ ਸ਼ਕਤੀਮਾਨ ਪਰਮੇਸ਼ੁਰ ਤੈਨੂੰ ਅਸੀਸ ਦੇਵੇ ਅਤੇ ਤੈਨੂੰ ਬਹੁਤ ਸਾਰੀ ਸੰਤਾਨ ਦੇਵੇ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੂੰ ਇੱਕ ਮਹਾਨ ਕੌਮ ਦਾ ਪਿਤਾ ਬਣੇ। 4 ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪਰਮੇਸ਼ੁਰ ਤੈਨੂੰ ਅਤੇ ਤੇਰ੍ਰ ਬੱਚਿਆਂ ਨੂੰ ਉਸੇ ਤਰ੍ਹਾਂ ਦੀ ਅਸੀਸ ਦੇਵੇ ਜਿਸ ਤਰ੍ਹਾਂ ਦੀ ਉਸਨੇ ਅਬਰਾਹਾਮ ਨੂੰ ਦਿੱਤੀ ਸੀ। ਅਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਜਿਸ ਧਰਤੀ ਉੱਤੇ ਤੂੰ ਰਹਿੰਦਾ ਹੈਂ ਤੂੰ ਉਸਦਾ ਮਾਲਿਕ ਹੋਵੇਂ। ਇਹ ਉਹੀ ਧਰਤੀ ਹੈ। ਜਿਹੜੀ ਪਰਮੇਸ਼ੁਰ ਨੇ ਅਬਰਾਹਾਮ ਨੂੰ ਦਿੱਤੀ ਸੀ।” 5 ਇਸ ਲਈ ਇਸਹਾਕ ਨੇ ਯਾਕੂਬ ਨੂੰ ਰਿਬਕਾਹ ਦੇ ਭਰਾ ਕੋਲ ਪਦਨ ਅਰਾਮ ਭੇਜ ਦਿੱਤਾ। ਇਸ ਤਰ੍ਹਾਂ ਯਾਕੂਬ ਆਰਾਮੀ ਬਥੂਏਲ ਦੇ ਪੁੱਤਰ ਲਾਬਾਨ ਕੋਲ ਚਲਾ ਗਿਆ। ਲਾਬਾਨ ਰਿਬਕਾਹ ਦਾ ਭਰਾ ਸੀ। ਰਿਬਕਾਹ ਯਾਕੂਬ ਅਤੇ ਏਸਾਓ ਦੀ ਮਾਂ ਸੀ। 6 ਏਸਾਓ ਨੂੰ ਪਤਾ ਲਗਿਆ ਕਿ ਉਸਦੇ ਪਿਤਾ ਨੇ ਯਾਕੂਬ ਨੂੰ ਅਸੀਸ ਦਿੱਤੀ ਹੈ। ਅਤੇ ਏਸਾਓ ਨੂੰ ਪਤਾ ਲਗਿਆ ਕਿ ਇਸਹਾਕ ਨੇ ਯਾਕੂਬ ਨੂੰ ਵਹੁਟੀ ਲਭਣ ਲਈ ਪਦਨ ਅਰਾਮ ਭੇਜ ਦਿੱਤਾ ਹੈ। ਏਸਾਓ ਨੂੰ ਪਤਾ ਲਗਿਆ ਕਿ ਇਸਹਾਕ ਨੇ ਯਾਕੂਬ ਨੂੰ ਆਦੇਸ਼ ਦਿੱਤਾ ਹੈ ਕਿ ਉਹ ਕਾਨਾਨੀ ਔਰਤ ਨਾਲ ਸ਼ਾਦੀ ਨਾ ਕਰੇ। 7 ਅਤੇ ਏਸਾਓ ਨੂੰ ਪਤਾ ਲਗਿਆ ਕਿ ਯਾਕੂਬ ਆਪਣੇ ਮਾਤਾ ਪਿਤਾ ਦੀ ਆਗਿਆ ਮੰਨਕੇ ਪਦਨ ਅਰਾਮ ਚਲਿਆ ਗਿਆ ਸੀ। 8 ਏਸਾਓ ਨੂੰ ਇਸਤੋਂ ਪਤਾ ਲਗਿਆ ਕਿ ਉਸਦਾ ਪਿਤਾ ਇਹ ਨਹੀਂ ਚਾਹੁੰਦਾ ਕਿ ਉਸਦੇ ਪੁੱਤਰ ਕਨਾਨੀ ਔਰਤਾਂ ਨਾਲ ਵਿਆਹ ਕਰਨ। 9 ਏਸਾਓ ਦੇ ਪਹਿਲਾਂ ਹੀ ਦੋ ਪਤਨੀਆਂ ਸਨ। ਪਰ ਉਹ ਇਸਮਾਏਲ ਕੋਲ ਗਿਆ ਅਤੇ ਇੱਕ ਹੋਰ ਔਰਤ ਨਾਲ ਸ਼ਾਦੀ ਕਰ ਲਈ। ਉਸਨੇ ਇਸਮਾਏਲ ਦੀ ਧੀ, ਮਹਲਥ, ਨਾਲ ਸ਼ਾਦੀ ਕਰ ਲਈ। ਇਸਮਾਏਲ ਅਬਰਾਹਾਮ ਦਾ ਪੁੱਤਰ ਸੀ। ਮਹਲਥ ਨਬਾਯੋਥ ਦੀ ਭੈਣ ਸੀ। 10 ਯਾਕੂਬ ਨੇ ਬਏਰਸਬਾ ਛੱਡ ਦਿੱਤਾ ਅਤੇ ਹਾਰਾਨ ਨੂੰ ਚਲਾ ਗਿਆ। 11 ਜਦੋਂ ਹਾਲੇ ਯਾਕੂਬ ਸਫ਼ਰ ਵਿੱਚ ਸੀ, ਕਿ ਸੂਰਜ ਛਿਪ ਗਿਆ। ਇਸ ਲਈ ਯਾਕੂਬ ਰਾਤ ਕੱਟਣ ਲਈ ਕਿਸੇ ਥਾਂ ਚਲਾ ਗਿਆ। ਯਾਕੂਬ ਨੇ ਉਸ ਥਾਵੇਂ ਇੱਕ ਚੱਟਾਨ ਦੇਖੀ ਅਤੇ ਉਸ ਉੱਤੇ ਸਿਰ ਰਖਕੇ ਸੌਂ ਗਿਆ। 12 ਯਾਕੂਬ ਨੂੰ ਇੱਕ ਸੁਪਨਾ ਆਇਆ। ਉਸਨੂੰ ਸੁਪਨਾ ਆਇਆ ਕਿ ਇੱਕ ਪੌੜੀ ਸੀ ਜਿਹੜੀ ਧਰਤੀ ਉੱਤੇ ਲਗੀ ਹੋਈ ਸੀ ਅਤੇ ਆਕਾਸ਼ ਤੱਕ ਜਾਂਦੀ ਸੀ। ਯਾਕੂਬ ਨੇ ਪਰਮੇਸ਼ੁਰ ਦੇ ਦੂਤਾਂ ਨੂੰ ਇਸ ਪੌੜੀ ਉੱਤੇ ਚਢ਼ਦਿਆਂ ਉੱਤਰਦਿਆਂ ਦੇਖਿਆ। 13 ਅਤੇ ਫ਼ੇਰ ਯਾਕੂਬ ਨੇ ਯਹੋਵਾਹ ਨੂੰ ਪੌੜੀ ਲਾਗੇ ਖਲੋਤਿਆਂ ਦੇਖਿਆ। ਯਹੋਵਾਹ ਨੇ ਆਖਿਆ, “ਮੈਂ ਤੇਰੇ ਦਾਦੇ, ਅਬਰਾਹਾਮ ਦਾ ਯਹੋਵਾਹ ਪਰਮੇਸ਼ੁਰ ਹਾਂ। ਮੈਂ ਇਸਹਾਕ ਦਾ ਪਰਮੇਸ਼ੁਰ ਹਾਂ। ਮੈਂ ਤੈਨੂੰ ਇਹ ਧਰਤੀ ਦੇਵਾਂਗਾ ਜਿਸ ਉੱਤੇ ਤੂੰ ਹੁਣ ਲੇਟਿਆ ਹੋਇਆ ਹੈਂ। ਮੈਂ ਇਹ ਧਰਤੀ ਤੈਨੂੰ ਅਤੇ ਤੇਰੇ ਬੱਚਿਆਂ ਨੂੰ ਦੇਵਾਂਗਾ। 14 ਤੇਰੇ ਬਹੁਤ ਸਾਰੇ ਉੱਤਰਾਧਿਕਾਰੀ ਹੋਣਗੇ। ਉਹ ਇੰਨੇ ਹੋਣਗੇ ਜਿੰਨੇ ਧਰਤੀ ਉੱਤੇ ਮਿੱਟੀ ਦੇ ਕਣ ਹਨ। ਉਹ ਪੂਰਬ, ਪਛਮ ਅਤੇ ਉੱਤਰ, ਦਖਣ ਵੱਲ ਫ਼ੈਲ ਜਾਣਗੇ। ਧਰਤੀ ਦੇ ਸਾਰੇ ਪਰਿਵਾਰਾਂ ਉੱਤੇ ਤੇਰੇ ਅਤੇ ਤੇਰੇ ਉੱਤਰਾਧਿਕਾਰੀਆਂ ਸਦਕਾ ਬਖਸ਼ਿਸ਼ ਹੋਵੇਗੀ। 15 “ਮੈਂ ਤੇਰੇ ਨਾਲ ਹਾਂ, ਅਤੇ ਜਿਥੇ ਵੀ ਤੂੰ ਜਾਵੇਂਗਾ ਮੈਂ ਤੇਰੀ ਰੱਖਿਆ ਕਰਾਂਗਾ। ਮੈਂ ਤੈਨੂੰ ਇਸ ਧਰਤੀ ਉੱਤੇ ਵਾਪਸ ਲਿਆਵਾਂਗਾ। ਮੈਂ ਤੈਨੂੰ ਓਨਾ ਚਿਰ ਨਹੀਂ ਛੱਡਾਂਗਾ ਜਿੰਨਾ ਚਿਰ ਤੱਕ ਮੈਂ ਉਹ ਗੱਲ ਪੂਰੀ ਨਹੀਂ ਕਰ ਲੈਂਦਾ ਜਿਸਦਾ ਮੈਂ ਵਚਨ ਦਿੱਤਾ ਹੈ।” 16 ਫ਼ੇਰ ਯਾਕੂਬ ਆਪਣੀ ਨੀਂਦ ਤੋਂ ਜਾਗ ਪਿਆ ਅਤੇ ਆਖਿਆ, “ਮੈਂ ਜਾਣਦਾ ਹਾਂ ਕਿ ਯਹੋਵਾਹ ਇਸ ਥਾਂ ਹੈ। ਪਰ ਮੈਨੂੰ ਓਨਾ ਚਿਰ ਤੱਕ ਇਸ ਗੱਲ ਦਾ ਪਤਾ ਨਹੀਂ ਲਗਿਆ ਜਿੰਨਾ ਚਿਰ ਤੱਕ ਕਿ ਮੈਂ ਸੌਂ ਨਹੀਂ ਗਿਆ।” 17 ਯਾਕੂਬ ਭੈਭੀਤ ਹੋ ਗਿਆ। ਉਸਨੇ ਆਖਿਆ, “ਇਹ ਬਹੁਤ ਮਹਾਨ ਥਾਂ ਹੈ। ਇਹ ਪਰਮੇਸ਼ੁਰ ਦਾ ਘਰ ਹੈ। ਇਹ ਆਕਾਸ਼ ਦਾ ਦਰਵਾਜ਼ਾ ਹੈ। 18 ਯਾਕੂਬ ਸਵੇਰੇ ਬਹੁਤ ਤੜਕੇ ਉਠ ਬੈਠਾ। ਯਾਕੂਬ ਨੇ ਉਹ ਸਿਲ ਲਈ ਜਿਸ ਉੱਤੇ ਉਹ ਸੁੱਤਾ ਸੀ ਅਤੇ ਇਸਨੂੰ ਇਸਦੇ ਇੱਕ ਕਿਨਾਰੇ ਭਾਰ ਖੜਾ ਕਰ ਦਿੱਤਾ। ਫ਼ੇਰ ਉਸਨੇ ਸਿਲ ਉੱਤੇ ਤੇਲ ਚੋਇਆ। ਇਸ ਤਰ੍ਹਾਂ ਉਸਨੇ ਇਸ ਸਿਲ ਨੂੰ ਪਰਮੇਸ਼ੁਰ ਦੀ ਯਾਦਗਾਰ ਬਣਾ ਦਿੱਤਾ। 19 ਇਸ ਥਾਂ ਦਾ ਨਾਮ ਲੂਜ਼ ਸੀ। ਪਰ ਯਾਕੂਬ ਨੇ ਇਸਨੂੰ ਬੈਤਏਲ ਦਾ ਨਾਮ ਦਿੱਤਾ। 20 ਫ਼ੇਰ ਯਾਕੂਬ ਨੇ ਇੱਕ ਇਕਰਾਰ ਕੀਤਾ। ਉਸਨੇ ਆਖ਼ਿਆ, “ਜੇ ਪਰਮੇਸ਼ੁਰ ਮੇਰੇ ਨਾਲ ਹੈ, ਅਤੇ ਜੇ ਪਰਮੇਸ਼ੁਰ ਮੇਰੀ ਇਸ ਯਾਤਰਾ ਉੱਤੇ ਰੱਖਿਆ ਕਰੇਗਾ, ਅਤੇ ਜੇ ਪਰਮੇਸ਼ੁਰ ਮੈਨੂੰ ਖਾਣ-ਪੀਣ ਅਤੇ ਪਹਿਨਣ ਲਈ ਦਿੰਦਾ ਹੈ, 21 ਅਤੇ ਜੇ ਮੈਂ ਸ਼ਾਂਤੀ ਨਾਲ ਆਪਣੇ ਪਿਤਾ ਦੇ ਘਰ ਆ ਜਾਂਦਾ ਹਾਂ, ਤਾਂ ਯਹੋਵਾਹ ਮੇਰਾ ਪਰਮੇਸ਼ੁਰ ਹੋਵੇਗਾ। 22 ਮੈਂ ਇਸ ਪੱਥਰ ਨੂੰ ਇੱਕ ਯਾਦਗਾਰ ਪੱਥਰ ਵਜੋਂ ਸਥਾਪਿਤ ਕਰ ਰਿਹਾ ਹਾਂ। ਇਹ ਦਰਸਾਵੇਗਾ ਕਿ ਇਹ ਪਰਮੇਸ਼ੁਰ ਲਈ ਪਵਿੱਤਰ ਸਥਾਨ ਹੈ। ਅਤੇ ਮੈਂ ਪਰਮੇਸ਼ੁਰ ਨੂੰ ਉਸ ਸਾਰੇ ਕੁਝ ਦਾ ਦਸਵੰਧ ਦੇਵਾਂਗਾ ਜੋ ਕੁਝ ਵੀ ਉਹ ਮੈਨੂੰ ਦੇਵੇਗਾ।”

Genesis 29

1 ਫ਼ੇਰ ਯਾਕੂਬ ਨੇ ਆਪਣਾ ਸਫ਼ਰ ਜਾਰੀ ਰੱਖਿਆ। ਉਹ ਪੂਰਬ ਦੇ ਦੇਸ਼ ਵਿੱਚ ਗਿਆ। 2 ਯਾਕੂਬ ਨੇ ਝਾਤੀ ਮਾਰੀ ਅਤੇ ਉਸਨੂੰ ਖੇਤਾਂ ਅੰਦਰ ਇੱਕ ਖੂਹ ਨਜ਼ਰ ਆਇਆ। ਖੂਹ ਦੇ ਨੇੜੇ ਭੇਡਾਂ ਦੇ ਤਿੰਨ ਇੱਜੜ ਲੇਟੇ ਸਨ। ਇਹੀ ਉਹ ਖੂਹ ਸੀ ਜਿਥੇ ਇਹ ਭੇਡਾਂ ਪਾਣੀ ਪੀਂਦੀਆਂ ਸਨ। ਉਥੇ ਇੱਕ ਵੱਡਾ ਪੱਥਰ ਸੀ, ਜਿਸ ਨਾਲ ਖੂਹ ਦਾ ਮੂੰਹ ਕੱਜਿਆ ਹੋਇਆ ਸੀ। 3 ਜਦੋਂ ਸਾਰੇ ਇੱਜੜ ਉਥੇ ਇਕੱਠੇ ਹੋ ਜਾਂਦੇ ਸਨ ਅਯਾਲੀ ਪੱਥਰ ਨੂੰ ਖੂਹ ਤੋਂ ਹਟਾ ਦਿੰਦੇ ਸਨ। ਫ਼ੇਰ ਸਾਰੀਆਂ ਭੇਡਾਂ ਪਾਣੀ ਪੀ ਸਕਦੀਆਂ ਸਨ। ਜਦੋਂ ਭੇਡਾਂ ਦੀ ਪਿਆਸ ਬੁਝ ਜਾਂਦੀ ਤਾਂ ਅਯਾਲੀ ਪੱਥਰ ਨੂੰ ਮੁੜਕੇ ਪਹਿਲੀ ਥਾਂ ਖਿਸਕਾ ਦਿੰਦੇ ਸਨ। 4 ਯਾਕੂਬ ਨੇ ਉਥੋਂ ਦੇ ਅਯਾਲੀਆਂ ਨੂੰ ਆਖਿਆ, “ਭਰਾਵੋ, ਤੁਸੀਂ ਕਿਥੋਂ ਦੇ ਹੋ?”ਉਨ੍ਹਾਂ ਨੇ ਜਵਾਬ ਦਿੱਤਾ,”ਅਸੀਂ ਹਾਰਾਨ ਤੋਂ ਹਾਂ।” 5 ਫ਼ੇਰ ਯਾਕੂਬ ਨੇ ਆਖਿਆ, “ਕੀ ਤੁਸੀਂ ਨਾਹੋਰ ਦੇ ਪੋਤਰੇ ਲਾਬਾਨ ਨੂੰ ਜਾਣਦੇ ਹੋ?”ਅਯਾਲੀਆਂ ਨੇ ਜਵਾਬ ਦਿੱਤਾ, “ਅਸੀਂ ਉਸਨੂੰ ਜਾਣਦੇ ਹਾਂ।” 6 ਫ਼ੇਰ ਯਾਕੂਬ ਨੇ ਆਖਿਆ, “ਉਸਦਾ ਕੀ ਹਾਲ ਹੈ?”ਉਨ੍ਹਾਂ ਨੇ ਜਵਾਬ ਦਿੱਤਾ, “ਉਹ ਰਾਜੀ-ਖੁਸ਼ੀ ਹੈ। ਹਰ ਚੀਜ਼ ਠੀਕ ਹੈ। ਦੇਖੋ ਉਹ ਉਸਦੀ ਧੀ ਰਾਖੇਲ ਉਸ ਦੀਆਂ ਭੇਡਾਂ ਦੇ ਨਾਲ ਤੁਰੀ ਆਉਂਦੀ ਹੈ।” 7 ਯਾਕੂਬ ਨੇ ਆਖਿਆ, “ਦੇਖੋ, ਹਾਲੇ ਤਾਂ ਦਿਨ ਖੜਾ ਹੈ ਸੂਰਜ ਛਿਪਣ ਵਿੱਚ ਹਾਲੇ ਦੇਰ ਹੈ। ਹਾਲੇ ਜਾਨਵਰਾਂ ਦੇ ਰਾਤ ਲਈ ਇਕਠੇ ਕਰਨ ਦਾ ਵੇਲਾ ਨਹੀਂ ਹੋਇਆ। ਇਸ ਲਈ ਇਨ੍ਹਾਂ ਨੂੰ ਪਾਣੀ ਪਿਲਾਉ ਅਤੇ ਖੇਤਾਂ ਵਿੱਚ ਵਾਪਸ ਜਾਣ ਦਿਉ।” 8 ਪਰ ਉਸ ਅਯਾਲੀ ਨੇ ਆਖਿਆ, “ਅਸੀਂ ਉਦੋਂ ਤੱਕ ਅਜਿਹਾ ਨਹੀਂ ਕਰ ਸਕਦੇ ਜਿੰਨਾ ਚਿਰ ਸਾਰੇ ਇੱਜੜ ਇਕਠੇ ਨਹੀਂ ਹੋ ਜਾਂਦੇ। ਫ਼ੇਰ ਅਸੀਂ ਖੂਹ ਤੋਂ ਪੱਥਰ ਖਿਸਕਾ ਦੇਵਾਂਗੇ ਅਤੇ ਸਾਰੀਆਂ ਭੇਡਾਂ ਪਾਣੀ ਪੀਣਗੀਆਂ।” 9 ਜਦੋਂ ਯਾਕੂਬ ਅਯਾਲੀਆਂ ਨਾਲ ਗੱਲ ਕਰ ਰਿਹਾ ਸੀ ਤਾਂ ਰਾਖੇਲ ਆਪਣੇ ਪਿਤਾ ਦੀਆਂ ਭੇਡਾਂ ਦੇ ਨਾਲ ਆ ਗਈ। (ਰਾਖੇਲ ਦਾ ਕੰਮ ਭੇਡਾਂ ਦੀ ਦੇਖ-ਭਾਲ ਕਰਨਾ ਸੀ।) 10 ਰਾਖੇਲ ਲਾਬਾਨ ਦੀ ਧੀ ਸੀ। ਲਾਬਾਨ ਯਕੂਬ ਦੀ ਮਾਂ ਰਿਬਕਾਹ ਦਾ ਭਰਾ ਸੀ। ਜਦੋਂ ਯਾਕੂਬ ਨੇ ਰਾਖੇਲ ਨੂੰ ਦੇਖਿਆ, ਉਸਨੇ ਜਾਕੇ ਪੱਥਰ ਖਿਸਕਾਇਆ ਅਤੇ ਫ਼ੇਰ ਭੇਡਾਂ ਨੂੰ ਪਾਣੀ ਦਿੱਤਾ। 11 ਫ਼ੇਰ ਯਾਕੂਬ ਨੇ ਰਾਖੇਲ ਨੂੰ ਚੁੰਮਿਆ ਅਤੇ ਰੋ ਪਿਆ। 12 ਯਾਕੂਬ ਨੇ ਰਾਖੇਲ ਨੂੰ ਦੱਸਿਆ ਕਿ ਉਹ ਉਸਦੇ ਪਿਤਾ ਦੇ ਪਰਿਵਾਰ ਵਿੱਚੋਂ ਸੀ। ਉਸਨੇ ਰਾਖੇਲ ਨੂੰ ਦੱਸਿਆ ਕਿ ਉਹ ਰਿਬਕਾਹ ਦਾ ਪੁੱਤਰ ਸੀ। ਇਸ ਲਈ ਰਾਖੇਲ ਘਰ ਦੌੜ ਗਈ ਅਤੇ ਆਪਣੇ ਪਿਤਾ ਨੂੰ ਇਸ ਬਾਰੇ ਦੱਸਿਆ। 13 ਲਾਬਾਨ ਨੇ ਆਪਣੀ ਭੈਣ ਦੇ ਪੁੱਤਰ ਯਾਕੂਬ ਬਾਰੇ ਸੁਣਿਆ। ਇਸ ਲਈ ਲਾਬਾਨ ਉਸਨੂੰ ਮਿਲਣ ਲਈ ਦੌੜਿਆ। ਲਾਬਾਨ ਨੇ ਉਸਨੂੰ ਜਫ਼ੀ ਪਾ ਲਈ ਅਤੇ ਚੁੰਮਿਆ ਅਤੇ ਆਪਣੇ ਘਰ ਲੈ ਆਇਆ। ਯਾਕੂਬ ਨੇ ਜੋ ਕੁਝ ਵਾਪਰਿਆ ਸੀ ਸਭ ਦੱਸ ਦਿੱਤਾ। 14 ਫ਼ੇਰ ਲਾਬਾਨ ਨੇ ਆਖਿਆ, “ਇਹ ਤਾਂ ਬਹੁਤ ਸ਼ਾਨਦਾਰ ਗੱਲ ਹੈ। ਤੂੰ ਮੇਰੇ ਆਪਣੇ ਪਰਿਵਾਰ ਵਿੱਚੋਂ ਹੈ।” ਇਸ ਲਈ ਯਾਕੂਬ ਲਾਬਾਨ ਕੋਲ ਇੱਕ ਮਹੀਨੇ ਲਈ ਠਹਿਰ ਗਿਆ। 15 ਇੱਕ ਦਿਨ ਲਾਬਾਨ ਨੇ ਯਾਕੂਬ ਨੂੰ ਆਖਿਆ, “ਤੇਰੇ ਲਈ ਮੇਰੇ ਵਾਸਤੇ ਬਿਨਾ ਤਨਖਾਹ ਤੋਂ ਕੰਮ ਕਰਨਾ ਸਹੀ ਨਹੀਂ। ਤੂੰ ਇੱਕ ਰਿਸ਼ਤੇਦਾਰ ਹੈਂ, ਕੋਈ ਗੁਲਾਮ ਨਹੀਂ ਮੈਂ ਤੈਨੂੰ ਕੀ ਦੇਵਾਂ?” 16 ਲਾਬਾਨ ਦੀਆਂ ਦੋ ਧੀਆਂ ਸਨ। ਵੱਡੀ ਲੇਆਹ ਸੀ ਅਤੇ ਛੋਟੀ ਰਾਖੇਲ ਸੀ। 17 ਲੇਆਹ ਜ਼ਿਆਦੇ ਖੂਬਸੂਰਤ ਨਹੀਂ ਸੀ, ਪਰ ਰਾਖੇਲ ਇੱਕ ਬਹੁਤ ਹੀ ਖੂਬਸੂਰਤ ਮੁਟਿਆਰ ਸੀ। 18 ਯਾਕੂਬ ਰਾਖੇਲ ਨੂੰ ਪਿਆਰ ਕਰਦਾ ਸੀ, ਯਾਕੂਬ ਨੇ ਲਾਬਾਨ ਨੂੰ ਆਖਿਆ, “ਮੈਂ ਤੇਰੇ ਲਈ ਸੱਤ ਸਾਲ ਗੁਲਾਮੀ ਕਰਾਂਗਾ ਜੇ ਤੂੰ ਮੇਰੇ ਨਾਲ ਆਪਣੀ ਧੀ ਰਾਖੇਲ ਦਾ ਵਿਆਹ ਕਰ ਦੇਵੇਂ।” 19 ਲਾਬਾਨ ਨੇ ਆਖਿਆ, “ਉਸਦੇ ਲਈ ਵੀ ਤੇਰੇ ਨਾਲ ਸ਼ਾਦੀ ਕਰਨਾ ਹੋਰ ਕਿਸੇ ਨਾਲ ਸ਼ਾਦੀ ਕਰਨ ਨਾਲੋਂ ਬਿਹਤਰ ਹੋਵੇਗਾ। ਇਸ ਲਈ ਮੇਰੇ ਕੋਲ ਠਹਿਰ ਜਾ। 20 ਇਸ ਲਈ ਯਾਕੂਬ ਠਹਿਰ ਗਿਆ ਅਤੇ ਸੱਤ ਵਰ੍ਹੇ ਲਾਬਾਨ ਲਈ ਕੰਮ ਕਰਦਾ ਰਿਹਾ। ਪਰ ਇਹ ਕੁਝ ਦਿਨਾਂ ਵਾਂਗ ਹੀ ਲਗਿਆ ਕਿਉਂਕਿ ਉਹ ਰਾਖੇਲ ਨੂੰ ਪਿਆਰ ਕਰਦਾ ਸੀ। 21 ਸੱਤ ਵਰ੍ਹਿਆਂ ਬਾਦ ਯਾਕੂਬ ਨੇ ਲਾਬਾਨ ਨੂੰ ਆਖਿਆ, “ਮੈਨੂੰ ਰਾਖੇਲ ਦਾ ਹੱਥ ਫ਼ੜਾ ਦੇ ਤਾਂ ਜੋ ਮੈਂ ਉਸ ਨਾਲ ਸ਼ਾਦੀ ਕਰ ਸਕਾਂ। ਮੇਰਾ ਤੇਰੇ ਲਈ ਕੰਮ ਕਰਨ ਦਾ ਸਮਾਂ ਮੁੱਕ ਗਿਆ ਹੈ।” 22 ਇਸ ਲਈ ਲਾਬਾਨ ਨੇ ਉਸ ਥਾਂ ਦੇ ਸਾਰੇ ਲੋਕਾਂ ਨੂੰ ਦਾਵਤ ਦਿੱਤੀ। 23 ਉਸ ਰਾਤ ਲਾਬਾਨ ਆਪਣੀ ਧੀ ਲੇਆਹ ਨੂੰ ਯਾਕੂਬ ਕੋਲ ਲੈ ਆਇਆ। ਯਾਕੂਬ ਅਤੇ ਲੇਆਹ ਨੇ ਸੰਭੋਗ ਕੀਤਾ। 24 (ਲਾਬਾਨ ਨੇ ਆਪਣੀ ਨੌਕਰਾਣੀ ਜ਼ਿਲਫ਼ਾਹ ਨੂੰ ਆਪਣੀ ਧੀ ਦੀ ਸੇਵਕਾ ਬਣਾ ਦਿੱਤਾ।) 25 ਸਵੇਰ ਨੂੰ ਯਾਕੂਬ ਨੇ ਦੇਖਿਆ ਕਿ ਉਹ ਤਾਂ ਲੇਆਹ ਨਾਲ ਸੁੱਤਾ ਸੀ। ਯਾਕੂਬ ਨੇ ਲਾਬਾਨ ਨੂੰ ਆਖਿਆ, “ਤੂੰ ਮੇਰੇ ਨਾਲ ਧੋਖਾ ਕੀਤਾ ਹੈ। ਮੈਂ ਤੇਰੇ ਲਈ ਸਖ਼ਤ ਮਿਹਨਤ ਕੀਤੀ ਤਾਂ ਜੋ ਰਾਖੇਲ ਨਾਲ ਸ਼ਾਦੀ ਕਰ ਸਕਾਂ। ਤੂੰ ਮੈਨੂੰ ਧੋਖਾ ਕਿਉਂ ਦਿੱਤਾ?” 26 ਲਾਬਾਨ ਨੇ ਆਖਿਆ, “ਸਾਡੇ ਦੇਸ਼ ਵਿੱਚ ਅਸੀਂ ਵੱਡੀ ਧੀ ਤੋਂ ਪਹਿਲਾਂ ਛੋਟੀ ਦਾ ਵਿਆਹ ਨਹੀਂ ਕਰਦੇ। 27 ਪਰ ਤੂੰ ਪੂਰਾ ਹਫ਼ਤਾ ਸ਼ਾਦੀ ਦੀਆਂ ਰਸਮਾਂ ਵਿੱਚ ਸ਼ਾਮਿਲ ਰਹਿ, ਅਤੇ ਮੈਂ ਰਾਖੇਲ ਦਾ ਵੀ ਤੇਰੇ ਨਾਲ ਵਿਆਹ ਕਰ ਦਿਆਂਗਾ। ਪਰ ਤੈਨੂੰ ਮੇਰੇ ਲਈ ਸੱਤ ਵਰ੍ਹੇ ਹੋਰ ਕੰਮ ਕਰਨਾ ਪਵੇਗਾ।” 28 ਇਸ ਲਈ ਯਾਕੂਬ ਨੇ ਇਵੇਂ ਹੀ ਕੀਤਾ ਅਤੇ ਹਫ਼ਤਾ ਖਤਮ ਹੋ ਗਿਆ। ਫ਼ੇਰ ਲਾਬਾਨ ਨੇ ਆਪਣੀ ਧੀ ਰਾਖੇਲ ਦਾ ਵਿਆਹ ਵੀ ਉਸ ਨਾਲ ਕਰ ਦਿੱਤਾ। 29 (ਲਾਬਾਨ ਨੇ ਆਪਣੀ ਸੇਵਕਾ ਬਿਲਹਾਹ ਨੂੰ ਆਪਣੀ ਧੀ ਰਾਖੇਲ ਦੀ ਸੇਵਕਾ ਬਣਾ ਦਿੱਤਾ।) 30 ਇਸ ਲਈ ਯਾਕੂਬ ਨੇ ਰਾਖੇਲ ਨਾਲ ਵੀ ਸੰਭੋਗ ਕੀਤਾ ਅਤੇ ਯਾਕੂਬ ਰਾਖੇਲ ਨੂੰ ਲੇਆਹ ਨਾਲੋਂ ਵੱਧ ਪਿਆਰ ਕਰਦਾ ਸੀ। ਯਾਕੂਬ ਸੱਤ ਵਰ੍ਹੇ ਹੋਰ ਲਾਬਾਨ ਲਈ ਕੰਮ ਕਰਦਾ ਰਿਹਾ। 31 ਯਹੋਵਾਹ ਨੇ ਦੇਖਿਆ ਕਿ ਲੇਆਹ ਦੀ ਅਣਗਹਿਲੀ ਹੁੰਦੀ ਸੀ। ਇਸ ਲਈ ਯਹੋਵਾਹ ਨੇ ਲੇਆਹ ਨੂੰ ਬੱਚੇ ਪੈਦਾ ਕਰਨ ਦਿੱਤੇ। ਪਰ ਰਾਖੇਲ ਦੇ ਬੱਚੇ ਪੈਦਾ ਨਾ ਹੋਏ। 32 ਲੇਆਹ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਉਸਨੇ ਇਸਦਾ ਨਾਮ ਰਊਬੇਨ ਰੱਖਿਆ। ਲੇਆਹ ਨੇ ਇਸਦਾ ਇਹ ਨਾਮ ਇਸ ਲਈ ਰੱਖਿਆ ਕਿਉਂਕਿ ਉਸਨੇ ਆਖਿਆ, “ਯਹੋਵਾਹ ਨੇ ਮੇਰੀਆਂ ਮੁਸ਼ਕਿਲਾਂ ਦੇਖ ਲਈਆਂ ਹਨ। ਮੇਰਾ ਪਤੀ ਮੈਨੂੰ ਪਿਆਰ ਨਹੀਂ ਕਰਦਾ। ਇਸ ਲਈ ਸ਼ਾਇਦ ਹੁਣ ਮੇਰਾ ਪਤੀ ਮੈਨੂੰ ਪਿਆਰ ਕਰੇ।” 33 ਲੇਆਹ ਫ਼ੇਰ ਤੋਂ ਗਰਭਵਤੀ ਹੋ ਗਈ ਅਤੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ। ਉਸਨੇ ਉਸਦਾ ਨਾਮ ਸ਼ਿਮਓਨ ਰੱਖਿਆ। ਲੇਆਹ ਨੇ ਆਖਿਆ, “ਯਹੋਵਾਹ ਜਾਣਦਾ ਕਿ ਮੇਰਾ ਪਤੀ ਮੇਰੀ ਅਣਗਹਿਲੀ ਕਰਦਾ ਹੈ, ਇਸ ਲਈ ਉਸਨੇ ਮੈਨੂੰ ਇਹ ਪੁੱਤਰ ਦਿੱਤਾ ਹੈ।” 34 ਲੇਆਹ ਇੱਕ ਵਾਰ ਫ਼ੇਰ ਗਰਭਵਤੀ ਹੋ ਗਈ ਅਤੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ। ਉਸਨੇ ਇਸ ਪੁੱਤਰ ਦਾ ਨਾਮ ਲੇਵੀ ਰੱਖਿਆ। ਲੇਆਹ ਨੇ ਆਖਿਆ, “ਹੁਣ ਅਵੱਸ਼ ਹੀ ਮੇਰਾ ਪਤੀ ਮੇਰੇ ਨਾਲ ਜੁੜ ਜਾਵੇਗਾ। ਮੈਂ ਉਸਨੂੰ ਤਿੰਨ ਪੁੱਤਰ ਦਿੱਤੇ ਹਨ।” 35 ਫ਼ੇਰ ਲੇਆਹ ਨੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ ਉਸਨੇ ਉਸਦਾ ਨਾਮ ਯਹੂਦਾਹ ਰੱਖਿਆ। ਲੇਆਹ ਨੇ ਉਸਦਾ ਇਹ ਨਾਮ ਇਸ ਲਈ ਰੱਖਿਆ ਕਿਉਂਕਿ ਉਸਨੇ ਆਖਿਆ, “ਹੁਣ ਮੈਂ ਯਹੋਵਾਹ ਦੀ ਉਸਤਤਿ ਕਰਾਂਗੀ।” ਫ਼ੇਰ ਲੇਆਹ ਨੇ ਸੰਤਾਨ ਪੈਦਾ ਕਰਨੀ ਬੰਦ ਕਰ ਦਿੱਤੀ।

Genesis 30

1 ਰਾਖੇਲ ਨੇ ਦੇਖਿਆ ਕਿ ਉਹ ਯਾਕੂਬ ਨੂੰ ਕੋਈ ਸੰਤਾਨ ਨਹੀਂ ਦੇ ਰਹੀ ਸੀ। ਰਾਖੇਲ ਆਪਣੀ ਭੈਣ ਲੇਆਹ ਨਾਲ ਈਰਖਾ ਕਰਨ ਲਗੀ। ਇਸ ਲਈ ਰਾਖੇਲ ਨੇ ਯਾਕੂਬ ਨੂੰ ਆਖਿਆ, “ਮੈਨੂੰ ਬੱਚੇ ਦਿਉ ਨਹੀਂ ਤਾਂ ਮੈਂ ਮਰ ਜਾਵਾਂਗੀ!” 2 ਯਾਕੂਬ ਰਾਖੇਲ ਨਾਲ ਨਾਰਾਜ਼ ਹੋ ਗਿਆ। ਉਸਨੇ ਆਖਿਆ, “ਮੈਂ ਪਰਮੇਸ਼ੁਰ ਨਹੀਂ ਹਾਂ। ਇਹ ਪਰਮੇਸ਼ੁਰ ਹੀ ਹੈ ਜਿਸਨੇ ਤੈਨੂੰ ਬੱਚਿਆਂ ਦੀ ਦਾਤ ਨਹੀਂ ਦਿੱਤੀ।” 3 ਫ਼ੇਰ ਰਾਖੇਲ ਨੇ ਆਖਿਆ, “ਤੂੰ ਮੇਰੀ ਦਾਸੀ ਬਿਲਹਾਹ ਨਾਲ ਸੰਬੰਧ ਬਣਾ ਸਕਦਾ ਹੈਂ। ਉਸ ਨਾਲ ਸੌਂ ਅਤੇ ਉਹ ਮੇਰੇ ਲਈ ਬੱਚਾ ਪੈਦਾ ਕਰੇਗੀ। ਫ਼ੇਰ ਮੈਂ ਉਸਦੇ ਕਾਰਣ ਮਾਂ ਬਣ ਜਾਵਾਂਗੀ।” 4 ਇਸ ਲਈ ਰਾਖੇਲ ਨੇ ਬਿਲਹਾਹ ਨੂੰ ਆਪਣੇ ਪਤੀ, ਯਾਕੂਬ ਨੂੰ ਉਸਦੀ ਪਤਨੀ ਹੋਣ ਲਈ ਦੇ ਦਿੱਤਾ। ਯਾਕੂਬ ਨੇ ਬਿਲਹਾਹ ਨਾਲ ਜਿਸਨੀ ਸੰਬੰਧ ਬਣਾਏ। 5 ਬਿਲਹਾਹ ਗਰਭਵਤੀ ਹੋ ਗਈ ਅਤੇ ਯਾਕੂਬ ਨੂੰ ਇੱਕ ਪੁੱਤਰ ਦਿੱਤਾ। 6 ਰਾਖੇਲ ਨੇ ਆਖਿਆ, “ਪਰਮੇਸ਼ੁਰ ਨੇ ਮੇਰੀ ਪ੍ਰਾਰਥਨਾ ਸੁਣ ਲਈ ਹੈ। ਉਸਨੇ ਮੈਨੂੰ ਪੁੱਤਰ ਦੇਣ ਦਾ ਨਿਰਣਾ ਕੀਤਾ ਹੈ।” ਇਸ ਲਈ ਰਾਖੇਲ ਨੇ ਇਸ ਪੁੱਤਰ ਦਾ ਨਾਮ ਦਾਨ ਰੱਖਿਆ। 7 ਬਿਲਹਾਹ ਇੱਕ ਵਾਰੀ ਫ਼ੇਰ ਗਰਭਵਤੀ ਹੋ ਗਈ ਅਤੇ ਯਾਕੂਬ ਨੂੰ ਦੂਸਰਾ ਪੁੱਤਰ ਦਿੱਤਾ। 8 ਰਾਖੇਲ ਨੇ ਆਖਿਆ, “ਮੈਂ ਆਪਣੀ ਭੈਣ ਨਾਲ ਕੜਾ ਸੰਘਰਸ਼ ਕੀਤਾ ਹੈ। ਅਤੇ ਮੈਂ ਜਿੱਤ ਗਈ ਹਾਂ।” ਇਸ ਲਈ ਉਸਨੇ ਉਸ ਪੁੱਤਰ ਦਾ ਨਾਮ ਨਫ਼ਤਾਲੀ ਰੱਖਿਆ। 9 ਲੇਆਹ ਨੇ ਦੇਖਿਆ ਕਿ ਉਹ ਬੱਚੇ ਪੈਦਾ ਕਰਨੋ ਹਟ ਗਈ ਸੀ। ਇਸ ਲਈ ਉਸਨੇ ਆਪਣੀ ਦਾਸੀ ਜ਼ਿਲਫ਼ਾਹ ਯਾਕੂਬ ਦੇ ਹਵਾਲੇ ਕਰ ਦਿੱਤੀ। 10 ਤਾਂ ਜ਼ਿਲਫ਼ਾਹ ਨੇ ਪੁੱਤਰ ਨੂੰ ਜਨਮ ਦਿੱਤਾ। 11 ਲੇਆਹ ਨੇ ਆਖਿਆ, “ਮੈਂ ਖੁਸ਼ਕਿਸਮਤ ਹਾਂ।” ਇਸ ਲਈ ਉਸਨੇ ਪੁੱਤਰ ਦਾ ਨਾਮ ਗਾਦ ਰੱਖਿਆ। 12 ਜ਼ਿਲਫ਼ਾਹ ਨੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ। 13 ਲੇਆਹ ਨੇ ਆਖਿਆ, “ਮੈਂ ਬਹੁਤ ਖੁਸ਼ ਹਾਂ! ਹੁਣ ਔਰਤਾਂ ਮੈਨੂੰ ਖੁਸ਼ਕਿਸਮਤ ਆਖਣਗੀਆਂ।” ਇਸ ਲਈ ਉਸਨੇ ਉਸ ਪੁੱਤਰ ਦਾ ਨਾਮ ਆਸ਼ੇਰ ਰੱਖਿਆ। 14 ਕਣਕ ਦੀ ਵਾਢੀ ਸਮੇਂ, ਰਊਬੇਨ ਖੇਤਾਂ ਵਿੱਚ ਗਿਆ ਅਤੇ ਉਸਨੂੰ ਕੁਝ ਖਾਸ ਕਿਸਮ ਦੇ ਫ਼ੁੱਲ ਮਿਲੇ। ਰਊਬੇਨ ਇਹ ਫ਼ੁੱਲ ਆਪਣੀ ਮਾਂ ਲੇਆਹ ਕੋਲ ਲੈ ਆਇਆ। ਪਰ ਰਾਖੇਲ ਨੇ ਲੇਆਹ ਨੂੰ ਆਖਿਆ, “ਮਿਹਰਬਾਨੀ ਕਰਕੇ ਆਪਣੇ ਪੁੱਤਰ ਦੇ ਲਿਆਂਦੇ ਫ਼ੁੱਲ ਮੈਨੂੰ ਵੀ ਦੇ।” 15 ਲੇਆਹ ਨੇ ਜਵਾਬ ਦਿੱਤਾ, “ਤੂੰ ਤਾਂ ਪਹਿਲਾਂ ਹੀ ਮੇਰਾ ਪਤੀ ਮੇਰੇ ਕੋਲੋਂ ਖੋਹ ਲਿਆ ਹੈ। ਹੁਣ ਤੂੰ ਮੇਰੇ ਪੁੱਤਰ ਦੇ ਫ਼ੁੱਲ ਵੀ ਲੈਣਾ ਚਾਹੁੰਦੀ ਹੈਂ।”ਪਰ ਰਾਖੇਲ ਨੇ ਜਵਾਬ ਦਿੱਤਾ, “ਜੇ ਤੂੰ ਆਪਣੇ ਪੁੱਤਰ ਦੇ ਫ਼ੁੱਲ ਮੈਨੂੰ ਦੇ ਦੇਵੇਂਗੀ ਤਾਂ ਤੂੰ ਅੱਜ ਦੀ ਰਾਤ ਯਾਕੂਬ ਨਾਲ ਸੌਂ ਸਕਦੀ ਹੈਂ।” 16 ਯਾਕੂਬ ਉਸ ਸਮੇਂ ਖੇਤਾਂ ਵਿੱਚੋਂ ਆਇਆ। ਲੇਆਹ ਨੇ ਉਸਨੂੰ ਦੇਖਿਆ ਅਤੇ ਉਸਨੂੰ ਮਿਲਣ ਲਈ ਬਾਹਰ ਗਈ। ਉਸਨੇ ਆਖਿਆ, “ਤੂੰ ਅੱਜ ਮੇਰੇ ਨਾਲ ਸੌਵੇਂਗਾ। ਮੈਂ ਆਪਣੇ ਪੁੱਤਰ ਦੇ ਫ਼ੁੱਲਾਂ ਨਾਲ ਤੇਰੀ ਕੀਮਤ ਅਦਾ ਕਰ ਦਿੱਤੀ ਹੈ।” ਇਸ ਲਈ ਯਾਕੂਬ ਉਸ ਰਾਤ ਲੇਆਹ ਨਾਲ ਸੁੱਤਾ। 17 ਪਰਮੇਸ਼ੁਰ ਦੀ ਰਜ਼ਾ ਨਾਲ ਲੇਆਹ ਇੱਕ ਵਾਰ ਫ਼ੇਰ ਗਰਭਵਤੀ ਹੋਈ। ਉਸਨੇ ਪੰਜਵੇਂ ਪੁੱਤਰ ਨੂੰ ਜਨਮ ਦਿੱਤਾ। 18 ਲੇਆਹ ਨੇ ਆਖਿਆ, “ਪਰਮੇਸ਼ੁਰ ਨੇ ਮੈਨੂੰ ਇਨਾਮ ਦਿੱਤਾ ਹੈ ਕਿਉਂਕਿ ਮੈਂ ਆਪਣੀ ਦਾਸੀ ਆਪਣੇ ਪਤੀ ਨੂੰ ਅਰਪਣ ਕਰ ਦਿੱਤੀ ਸੀ।” ਇਸ ਲਈ ਲੇਆਹ ਨੇ ਆਪਣੇ ਪੁੱਤਰ ਦਾ ਨਾਮ ਯਿੱਸਾਕਾਰ ਰੱਖਿਆ। 19 ਲੇਆਹ ਇੱਕ ਵਾਰ ਫ਼ੇਰ ਗਰਭਵਤੀ ਹੋਈ ਅਤੇ ਛੇਵੇਂ ਪੁੱਤਰ ਨੂੰ ਜਨਮ ਦਿੱਤਾ। 20 ਲੇਆਹ ਨੇ ਆਖਿਆ, “ਪਰਮੇਸ਼ੁਰ ਨੇ ਮੈਨੂੰ ਬਹੁਤ ਸੁੰਦਰ ਤੋਹਫ਼ਾ ਦਿੱਤਾ। ਹੈ। ਹੁਣ ਜ਼ਰੂਰ ਯਾਕੂਬ ਮੇਰੇ ਬਾਰੇ ਚੰਗਾ ਸੋਚੇਗਾ ਕਿਉਂਕਿ ਮੈਂ ਉਸਨੂੰ ਛੇ ਪੁੱਤਰ ਦਿੱਤੇ ਹਨ।” ਇਸ ਲਈ ਲੇਆਹ ਨੇ ਆਪਣੇ ਪੁੱਤਰ ਦਾ ਨਾਮ ਜ਼ਬੂਲੁਨ ਧਰਿਆ। 21 ਬਾਦ ਵਿੱਚ ਲੇਆਹ ਨੇ ਇੱਕ ਧੀ ਜੰਮੀ। ਉਸਨੇ ਉਸ ਧੀ ਦਾ ਨਾਮ ਦੀਨਾਹ ਰੱਖਿਆ। 22 ਫ਼ੇਰ ਪਰਮੇਸ਼ੁਰ ਨੇ ਰਾਖੇਲ ਦੀ ਪ੍ਰਾਰਥਨਾ ਸੁਣ ਲਈ ਪਰਮੇਸ਼ੁਰ ਨੇ ਰਾਖੇਲ ਨੂੰ ਸੰਤਾਨ ਪੈਦਾ ਕਰਨ ਦੇ ਯੋਗ ਬਣਾ ਦਿੱਤਾ। 23 ਰਾਖੇਲ ਫ਼ਿਰ ਗਰਭਵਤੀ ਹੋਈ ਅਤੇ ਉਸਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਰਾਖੇਲ ਨੇ ਆਖਿਆ, “ਪਰਮੇਸ਼ੁਰ ਨੇ ਮੇਰੀ ਸ਼ਰਮ ਦੂਰ ਕਰ ਦਿੱਤੀ ਹੈ ਅਤੇ ਮੈਨੂੰ ਪੁੱਤਰ ਦੀ ਦਾਤ ਬਖਸ਼ੀ ਹੈ।” ਇਸ ਲਈ ਰਾਖੇਲ ਨੇ ਪੁੱਤਰ ਦਾ ਨਾਮ ਯੂਸੁਫ਼ ਰੱਖਿਆ। 24 25 ਰਾਖੇਲ ਦੇ ਯੂਸੁਫ਼ ਨੂੰ ਜਨਮ ਤੋਂ ਬਾਦ, ਯਾਕੂਬ ਨੇ ਲਾਬਾਨ ਨੂੰ ਆਖਿਆ, “ਹੁਣ ਮੈਨੂੰ ਆਪਣੇ ਘਰ ਜਾਣ ਦੇ। 26 ਮੈਨੂੰ ਮੇਰੀਆਂ ਪਤਨੀਆਂ ਅਤੇ ਮੇਰੇ ਬੱਚੇ ਦੇ ਦਿਉ। ਮੈਂ 14 ਸਾਲ ਤੇਰੇ ਲਈ ਕੰਮ ਕਰਕੇ ਉਨ੍ਹਾਂ ਨੂੰ ਰੱਖਣ ਦਾ ਹੱਕ ਪ੍ਰਾਪਤ ਕਰ ਲਿਆ ਹੈ। ਤੂੰ ਜਾਣਦਾ ਹੈਂ ਕਿ ਮੈਂ ਤੇਰੀ ਚੰਗੀ ਤਰ੍ਹਾਂ ਸੇਵਾ ਕੀਤੀ ਹੈ।” 27 ਲਾਬਾਨ ਨੇ ਉਸਨੂੰ ਆਖਿਆ, “ਮੈਨੂੰ ਕੁਝ ਕਹਿਣ ਦੇ! ਮੈਂ ਭਵਿਖ ਕਥਨ ਤੋਂ ਸਿੱਖਿਆ ਹੈ ਕਿ ਯਹੋਵਾਹ ਨੇ ਤੇਰੇ ਸਦਕਾ ਮੈਨੂੰ ਅਸੀਸ ਦਿੱਤੀ ਹੈ। 28 ਮੈਨੂੰ ਦੱਸ ਕਿ ਤੈਨੂੰ ਕੀ ਦੇਵਾਂ ਮੈਂ ਉਹ ਚੀਜ਼ ਤੈਨੂੰ ਦੇ ਦੇਵਾਂਗਾ।” 29 ਯਾਕੂਬ ਨੇ ਜਵਾਬ ਦਿੱਤਾ, “ਤੂੰ ਜਾਣਦਾ ਹੈਂ ਕਿ ਮੈਂ ਤੇਰੇ ਵਾਸਤੇ ਸਖ਼ਤ ਮਿਹਨਤ ਕੀਤੀ ਹੈ। ਤੇਰੇ ਇੱਜੜ ਵਧੇ ਫ਼ੁੱਲੇ ਹਨ, ਜਦੋਂ ਤੋਂ ਮੈਂ ਉਨ੍ਹਾਂ ਦੀ ਦੇਖ-ਭਾਲ ਕੀਤੀ ਹੈ। 30 ਜਦੋਂ ਮੈਂ ਆਇਆ ਸਾਂ, ਤੇਰੇ ਕੋਲ ਬਹੁਤ ਥੋੜਾ ਸੀ। ਹੁਣ ਤੇਰੇ ਕੋਲ ਬਹੁਤ ਕੁਝ ਹੈ। ਜਦੋਂ ਵੀ ਮੈਂ ਤੇਰੇ ਲਈ ਕੁਝ ਕੀਤਾ ਪਰਮੇਸ਼ੁਰ ਨੇ ਤੈਨੂੰ ਅਸੀਸ ਦਿੱਤੀ। ਹੁਣ ਮੇਰੇ ਲਈ ਆਪਣਾ ਕੰਮ ਕਰਨ ਦਾ ਸਮਾਂ ਆ ਗਿਆ ਹੈ - ਇਹ ਸਮਾਂ ਮੇਰਾ ਆਪਣਾ ਘਰ ਬਨਾਉਣ ਦਾ ਹੈ।” 31 ਲਾਬਾਨ ਨੇ ਪੁਛਿਆ, “ਤਾਂ ਮੈਂ ਤੈਨੂੰ ਕੀ ਦੇਵਾਂ?”ਯਾਕੂਬ ਨੇ ਜਵਾਬ ਦਿੱਤਾ, “ਮੈਂ ਨਹੀਂ ਚਾਹੁੰਦਾ ਕਿ ਤੂੰ ਮੈਨੂੰ ਕੁਝ ਵੀ ਦੇਵੇਂ। ਮੈਂ ਸਿਰਫ਼ ਇਹੀ ਚਾਹੁੰਦਾ ਹਾਂ ਕਿ ਤੂੰ ਸਿਰਫ਼ ਮੇਰੀ ਮਿਹਨਤ ਦਾ ਮੁੱਲ ਦੇਵੇਂ ਮੇਰੇ ਲਈ ਸਿਰਫ਼ ਇੰਨੀ ਗੱਲ ਕਰ: ਮੈਂ ਵਾਪਸ ਜਾਵਾਂਗਾ ਅਤੇ ਤੇਰੀ ਭੇਡਾਂ ਦੀ ਦੇਖ-ਭਾਲ ਕਰਾਂਗਾ। 32 ਪਰ ਅੱਜ ਮੈਨੂੰ ਤੇਰੇ ਸਾਰੇ ਇੱਜੜਾਂ ਵਿੱਚ ਗੇੜਾ ਮਾਰਨ ਦੇ ਅਤੇ ਹਰ ਉਸ ਲੇਲੇ ਨੂੰ ਲੈ ਲੈਣ ਦੇ ਜਿਸਦੇ ਉੱਤੇ ਧੱਬੇ ਜਾਂ ਲਕੀਰਾਂ ਹਨ। ਇਹੀ ਮੇਰੀ ਤਨਖਾਹ ਹੋਵੇਗੀ। 33 ਭਵਿੱਖ ਵਿੱਚ, ਤੂੰ ਆਸਾਨੀ ਨਾਲ ਦੇਖ ਸਕੇਂਗਾ ਕਿ ਮੈਂ ਇਮਾਨਦਾਰ ਹਾਂ ਜਾਂ ਨਹੀਂ। ਤੂੰ ਮੇਰੇ ਇੱਜੜ ਵੱਲ ਝਾਤੀ ਮਾਰਨ ਆ ਸਕਦਾ ਹੈ। ਜੇ ਮੇਰੇ ਕੋਲ ਕੋਈ ਅਜਿਹੀ ਬੱਕਰੀ ਹੋਵੇ ਜਿਸਦੇ ਉੱਤੇ ਧੱਬੇ ਨਹੀਂ ਹਨ ਜਾਂ ਕੋਈ ਅਜਿਹੀ ਭੇਡ ਹੋਵੇ ਜੋ ਕਾਲੀ ਨਹੀਂ ਹੈ ਤਾਂ ਤੈਨੂੰ ਪਤਾ ਲੱਗ ਜਾਵੇਗਾ ਕਿ ਉਸਨੂੰ ਮੈਂ ਚੋਰੀ ਕੀਤਾ ਸੀ।” 34 ਲਾਬਾਨ ਨੇ ਜਵਾਬ ਦਿੱਤਾ, “ਮੈਂ ਇਸ ਨਾਲ ਸਹਿਮਤ ਹਾਂ। ਅਸੀਂ ਉਹੀ ਕਰਾਂਗੇ ਜੋ ਤੂੰ ਕਹਿੰਦਾ ਹੈ।” 35 ਤਾਂ ਉਸ ਦਿਨ ਲਾਬਾਨ ਨੇ ਆਪਣੇ ਇੱਜੜ ਵਿੱਚੋਂ ਉਹ ਸਾਰੀਆਂ ਬੱਕਰੀਆਂ ਜਿਨ੍ਹਾਂ ਉੱਤੇ ਧੱਬੇ ਜਾਂ ਧਾਰੀਆਂ ਸਨ ਅਤੇ ਸਾਰਿਆਂ ਕਾਲੀਆਂ ਭੇਡਾਂ ਵੀ ਅਲੱਗ ਕਰ ਦਿਤਿਆਂ। ਲਾਬਾਨ ਨੇ ਆਪਣੇ ਪੁੱਤਰ ਨੂੰ ਇਨ੍ਹਾਂ ਭੇਡਾਂ ਦਾ ਧਿਆਨ ਰੱਖਣ ਲਈ ਆਖਿਆ। 36 ਇਸ ਲਈ ਪੁੱਤਰਾਂ ਨੇ ਸਾਰੇ ਧੱਬੇ ਵਾਲੇ ਜਾਨਵਰ ਲੈ ਗਏ ਅਤੇ ਉਨ੍ਹਾਂ ਨੂੰ ਲੈਕੇ ਕਿਧਰੇ ਹੋਰ ਚਲੇ ਗਏ। ਉਹ ਤਿੰਨ ਦਿਨਾਂ ਤੱਕ ਸਫ਼ਰ ਕਰਦੇ ਰਹੇ। ਯਾਕੂਬ ਰੁਕ ਗਿਆ ਅਤੇ ਉਸਨੇ ਉਨ੍ਹਾਂ ਸਾਰੇ ਜਾਨਵਰਾਂ ਦਾ ਧਿਆਨ ਰੱਖਿਆ ਜਿਹੜੇ ਬਚ ਗਏ ਸਨ। ਪਰ ਉਥੇ ਕੋਈ ਵੀ ਅਜਿਹਾ ਜਾਨਵਰ ਨਹੀਂ ਸੀ ਜਿਸਦੇ ਉੱਤੇ ਧੱਬੇ ਸਨ ਜਾਂ ਉਹ ਕਾਲੇ ਸੀ। 37 ਇਸ ਲਈ ਯਾਕੂਬ ਨੇ ਪੋਪਲਰ ਅਤੇ ਬਾਦਾਮ ਅਤੇ ਸਾਫ਼ ਰੁਖਾਂ ਦੀਆਂ ਹਰੀਆਂ ਟਹਿਣੀਆਂ ਤੋੜੀਆਂ। ਯਾਕੂਬ ਨੇ ਸੱਕਾਂ ਨੂੰ ਛਿੱਲ ਦਿੱਤਾ ਤਾਂ ਜੋ ਟਹਿਣੀਆਂ ਦੇ ਉੱਤੇ ਚਿੱਟੀਆਂ ਧਾਰੀਆਂ ਬਣ ਜਾਣ। 38 ਯਾਕੂਬ ਨੇ ਉਹ ਟਹਿਣੀਆਂ ਜੋ ਉਸਨੇ ਛਿੱਲੀਆਂ ਸਨ ਉਨ੍ਹਾਂ ਇੱਜੜਾਂ ਦੇ ਸਾਮ੍ਹਣੇ ਸੁੱਟ ਦਿੱਤੀਆਂ ਜਿਹੜੇ ਪਾਣੀ ਪੀਣ ਵਾਲੀ ਥਾਂ ਉੱਤੇ ਸਨ। ਜਦੋਂ ਜਾਨਵਰ ਪਾਣੀ ਪੀਣ ਲਈ ਆਏ ਉਨ੍ਹਾਂ ਉਸ ਥਾਵੇਂ ਸੰਭੋਗ ਵੀ ਕੀਤਾ। 39 ਫ਼ੇਰ ਜਦੋਂ ਬੱਕਰੇ ਬੱਕਰੀਆਂ ਨੇ ਟਹਿਣੀਆਂ ਦੇ ਸਾਮ੍ਹਣੇ ਮੇਲ ਕੀਤਾ ਤਾਂ ਜਿਹੜੇ ਬੱਚੇ ਜੰਮੇ ਉਨ੍ਹਾਂ ਉੱਤੇ ਧੱਬੇ ਸਨ ਜਾਂ ਧਾਰੀਆਂ ਸਨ। 40 ਯਾਕੂਬ ਨੇ ਚਿਤਕਬਰੇ ਅਤੇ ਕਾਲੇ ਜਾਨਵਰਾਂ ਨੂੰ ਇੱਜੜ ਦੇ ਹੋਰਨਾਂ ਜਾਨਵਰਾਂ ਤੋਂ ਵੱਖ ਕਰ ਲਿਆ। ਯਾਕੂਬ ਨੇ ਇਨ੍ਹਾਂ ਜਾਨਵਰਾਂ ਨੂੰ ਲਾਬਾਨ ਦੇ ਜਾਨਵਰਾਂ ਤੋਂ ਵੱਖ ਰੱਖਿਆ। 41 ਜਦੋਂ ਵੀ ਇੱਜੜ ਦੇ ਤਕੜੇ ਜਾਨਵਰ ਮਿਲਾਪ ਕਰ ਰਹੇ ਹੁੰਦੇ, ਯਾਕੂਬ ਉਨ੍ਹਾਂ ਦੀਆਂ ਅਖਾਂ ਅੱਗੇ ਟਹਿਣੀਆਂ ਰੱਖ ਦਿੰਦਾ। ਜਾਨਵਰ ਉਨ੍ਹਾਂ ਟਹਿਣੀਆਂ ਨੇੜੇ ਮਿਲਾਪ ਕਰਦੇ। 42 ਪਰ ਜਦੋਂ ਕਮਜ਼ੋਰ ਜਾਨਵਰ ਮਿਲਾਪ ਕਰਦੇ ਯਾਕੂਬ ਉਥੇ ਟਹਿਣੀਆਂ ਨਹੀਂ ਰਖਦਾ ਸੀ। ਇਸ ਲਈ ਕਮਜ਼ੋਰ ਜੋੜਿਆਂ ਦੇ ਮਿਲਾਪ ਵਿੱਚੋਂ ਜੰਮੇ ਜਾਨਵਰ ਲਾਬਾਨ ਦੇ ਸਨ। ਅਤੇ ਤਕੜੇ ਜੋੜਿਆਂ ਦੇ ਮਿਲਾਪ ਵਿੱਚੋਂ ਜੰਮੇ ਜਾਨਵਰ ਯਾਕੂਬ ਦੇ ਸਨ। 43 ਇਸ ਤਰ੍ਹਾਂ ਨਾਲ, ਯਾਕੂਬ ਬਹੁਤ ਅਮੀਰ ਹੋ ਗਿਆ। ਉਸਦੇ ਕੋਲ ਵੱਡੇ ਇੱਜੜ ਸਨ, ਬਹੁਤ ਸਾਰੇ ਨੌਕਰ-ਚਾਕਰ, ਊਠ ਅਤੇ ਖੋਤੇ ਸਨ।

Genesis 31

1 ਇੱਕ ਦਿਨ, ਯਾਕੂਬ ਨੇ ਲਾਬਾਨ ਦੇ ਪੁੱਤਰਾਂ ਨੂੰ ਗੱਲਾਂ ਕਰਦਿਆਂ ਸੁਣ ਲਿਆ। ਉਨ੍ਹਾਂ ਆਖਿਆ, “ਯਾਕੂਬ ਨੇ ਸਾਡੇ ਪਿਤਾ ਦੀ ਹਰ ਸ਼ੈਅ ਹਥਿਆ ਲਈ ਹੈ। ਯਾਕੂਬ ਅਮੀਰ ਹੋ ਗਿਆ ਹੈ, ਅਤੇ ਉਸਨੇ ਇਹ ਸਾਰੀ ਦੌਲਤ ਸਾਡੇ ਪਿਉ ਕੋਲੋਂ ਹਥਿਆਈ ਹੈ।” 2 ਫ਼ੇਰ ਯਾਕੂਬ ਨੇ ਦੇਖਿਆ ਕਿ ਲਾਬਾਨ ਦਾ ਵਿਹਾਰ ਵੀ ਹੁਣ ਪਹਿਲਾਂ ਵਾਂਗ ਦੋਸਤਾਨਾ ਨਹੀਂ ਸੀ। 3 ਯਹੋਵਾਹ ਨੇ ਯਾਕੂਬ ਨੂੰ ਆਖਿਆ, “ਆਪਣੀ ਧਰਤੀ ਉੱਤੇ ਵਾਪਸ ਚਲਿਆ ਜਾ ਜਿਥੇ ਤੇਰੇ ਪੁਰਖੇ ਰਹਿੰਦੇ ਸਨ। ਮੈਂ ਤੇਰੇ ਨਾਲ ਹੋਵਾਂਗਾ।” 4 ਇਸ ਲਈ ਯਾਕੂਬ ਨੇ ਰਾਖੇਲ ਅਤੇ ਲੇਆਹ ਨੂੰ ਆਖਿਆ ਕਿ ਉਹ ਉਸ ਨੂੰ ਖੇਤਾਂ ਵਿੱਚ ਆਕੇ ਮਿਲਣ ਜਿਥੇ ਉਹ ਆਪਣੀਆਂ ਬੱਕਰੀਆਂ ਅਤੇ ਭੇਡਾਂ ਦੇ ਇੱਜੜ ਰਖਦਾ ਸੀ। 5 ਯਾਕੂਬ ਨੇ ਰਾਖੇਲ ਅਤੇ ਲੇਆਹ ਨੂੰ ਆਖਿਆ, “ਮੈਂ ਦੇਖ ਲਿਆ ਹੈ ਕਿ ਤੁਹਾਡਾ ਪਿਤਾ ਮੇਰੇ ਨਾਲ ਨਾਰਾਜ਼ ਹੈ। ਪਹਿਲਾਂ ਉਹ ਮੇਰੇ ਨਾਲ ਹਮੇਸ਼ਾ ਦੋਸਤਾਨਾ ਰਿਹਾ ਹੈ, ਪਰ ਹੁਣ ਅਜਿਹਾ ਨਹੀਂ ਹੈ। ਪਰ ਮੇਰੇ ਪਿਤਾ ਦਾ ਪਰਮੇਸ਼ੁਰ ਮੇਰੇ ਨਾਲ ਹੈ। 6 ਤੁਸੀਂ ਦੋਵੇਂ ਜਾਣਦੀਆਂ ਹੋ ਕਿ ਮੈਂ ਜਿੰਨਾ ਹੋ ਸਕਿਆ ਹੈ ਤੁਹਾਡੇ ਪਿਤਾ ਲਈ ਸਖ਼ਤ ਮਿਹਨਤ ਕੀਤੀ ਹੈ। 7 ਪਰ ਤੁਹਾਡੇ ਪਿਤਾ ਨੇ ਮੈਨੂੰ ਧੋਖਾ ਦਿੱਤਾ। ਤੁਹਾਡੇ ਪਿਤਾ ਨੇ ਦਸ ਵਾਰੀ ਮੇਰੀ ਤਨਖਾਹ ਬਦਲੀ ਹੈ। ਪਰ ਇਸ ਸਾਰੇ ਸਮੇਂ ਦੌਰਾਨ ਪਰਮੇਸ਼ੁਰ ਨੇ ਮੈਨੂੰ ਲਾਬਾਨ ਦੀਆਂ ਸਾਰੀਆਂ ਚਾਲਾਕੀਆਂ ਤੋਂ ਬਚਾਈ ਰੱਖਿਆ ਹੈ। 8 “ਜੇਕਰ ਲਾਬਾਨ ਨੇ ਆਖਿਆ, ‘ਤੂੰ ਆਪਣੀ ਤਨਖਾਹ ਵਜੋਂ ਧਾਰੀਆਂ ਵਾਲੀਆਂ ਸਾਰੀਆਂ ਬੱਕਰੀਆਂ ਰੱਖ ਸਕਦੈਂ,’ ਤਾਂ ਸਾਰੇ ਜਾਨਵਰਾਂ ਦੇ ਬੱਚੇ ਧਾਰੀਆਂ ਵਾਲੇ ਸਨ। 9 ਇਸ ਲਈ ਪਰਮੇਸ਼ੁਰ ਨੇ ਤੁਹਾਡੇ ਪਿਤਾ ਕੋਲੋਂ ਜਾਨਵਰ ਖੋਹ ਕੇ ਮੈਨੂੰ ਦੇ ਦਿੱਤੇ ਹਨ। 10 “ਜਦੋਂ ਜਾਨਵਰ ਮਿਲਾਪ ਕਰ ਰਹੇ ਸਨ ਤਾਂ ਮੈਨੂੰ ਇੱਕ ਸੁਪਨਾ ਆਇਆ ਕਿ ਮਿਲਾਪ ਕਰਨ ਵਾਲੇ ਬੱਕਰੇ ਸਿਰਫ਼ ਉਹੀ ਸਨ ਜਿਨ੍ਹਾਂ ਦੇ ਧੱਬੇ ਜਾਂ ਧਾਰੀਆਂ ਸਨ। 11 ਪਰਮੇਸ਼ੁਰ ਦੇ ਦੂਤ ਨੇ ਉਸ ਸੁਪਨੇ ਵਿੱਚ ਮੇਰੇ ਨਾਲ ਗੱਲ ਕੀਤੀ। ਦੂਤ ਨੇ ਆਖਿਆ, ‘ਯਾਕੂਬ!’“ਮੈਂ ਜਵਾਬ ਦਿੱਤਾ, ‘ਹਾਂ ਜੀ!’ 12 “ਦੂਤ ਨੇ ਆਖਿਆ, ‘ਦੇਖ, ਸਿਰਫ਼ ਧਾਰੀਆਂ ਅਤੇ ਧਬਿਆਂ ਵਾਲੇ ਬੱਕਰੇ ਹੀ ਮਿਲਾਪ ਕਰ ਰਹੇ ਹਨ। ਇਹ ਮੇਰੇ ਕਾਰਣ ਹੋ ਰਿਹਾ ਹੈ। ਮੈਂ ਉਹ ਸਾਰੀਆਂ ਮੰਦੀਆਂ ਗੱਲਾਂ ਦੇਖ ਲਈਆਂ ਹਨ ਜਿਹੜੀਆਂ ਲਾਬਾਨ ਤੇਰੇ ਨਾਲ ਕਰ ਰਿਹਾ ਹੈ। ਮੈਂ ਅਜਿਹਾ ਇਸ ਵਾਸਤੇ ਕਰ ਰਿਹਾ ਹਾਂ ਤਾਂ ਜੋ ਬੱਕਰੀਆਂ ਦੇ ਸਾਰੇ ਨਵੇਂ ਜਨਮੇ ਬੱਚੇ ਤੂੰ ਰੱਖ ਸਕੇਂ। 13 ਮੈਂ ਉਹੀ ਪਰਮੇਸ਼ੁਰ ਹਾਂ ਜਿਹੜਾ ਤੈਨੂੰ ਬੈਤਏਲ ਵਿਖੇ ਮਿਲਿਆ ਸੀ। ਉਸ ਥਾਂ ਉੱਤੇ ਤੂੰ ਇੱਕ ਯਾਦਗਾਰੀ ਪੱਥਰ ਧਰਿਆ ਸੀ। ਤੂੰ ਯਾਦਗਾਰੀ ਪੱਥਰ ਉੱਤੇ ਜੈਤੂਨ ਦਾ ਤੇਲ ਚੋਇਆ ਸੀ ਅਤੇ ਮੇਰੇ ਨਾਲ ਇੱਕ ਇਕਰਾਰ ਕੀਤਾ ਸੀ। ਹੁਣ ਮੈਂ ਚਾਹੁੰਦਾ ਹਾਂ ਕਿ ਤੂੰ ਉਸ ਦੇਸ਼ ਵਿੱਚ ਜਾਣ ਲਈ ਤਿਆਰ ਹੋ ਜਾਵੇਂ ਜਿਥੇ ਤੂੰ ਜਨਮਿਆ ਸੀ।” 14 ਰਾਖੇਲ ਅਤੇ ਲੇਆਹ ਨੇ ਯਾਕੂਬ ਨੂੰ ਜਵਾਬ ਦਿੱਤਾ, “ਜਦੋਂ ਸਾਡਾ ਪਿਉ ਮਰੇਗਾ, ਤਾਂ ਉਸਦੇ ਕੋਲ ਸਾਨੂੰ ਦੇਣ ਲਈ ਕੁਝ ਵੀ ਨਹੀਂ ਹੋਵੇਗਾ। 15 ਉਸਨੇ ਸਾਡੇ ਨਾਲ ਓਪਰਿਆਂ ਵਰਗਾ ਵਿਆਰ ਕੀਤਾ ਹੈ। ਉਸਨੇ ਸਾਨੂੰ ਤੈਨੂੰ ਵੇਚ ਦਿੱਤਾ, ਅਤੇ ਫ਼ੇਰ ਉਸਨੇ ਉਹ ਸਾਰਾ ਪੈਸਾ ਖਰਚ ਲਿਆ ਜਿਹੜਾ ਸਾਡਾ ਹੋਣਾ ਸੀ! 16 ਪਰਮੇਸ਼ੁਰ ਨੇ ਸਾਡੇ ਪਿਤਾ ਦੀ ਸਾਰੀ ਦੌਲਤ ਖੋਹ ਲਈ ਹੈ ਅਤੇ ਹੁਣ ਇਹ ਸਾਡੀ ਅਤੇ ਸਾਡੇ ਬੱਚਿਆਂ ਦੀ ਹੈ। ਇਸ ਲਈ ਤੈਨੂੰ ਉਹੀ ਕਰਨਾ ਚਾਹੀਦਾ ਹੈ ਜੋ ਤੈਨੂੰ ਪਰਮੇਸ਼ੁਰ ਨੇ ਆਖਿਆ ਹੈ।” 17 ਇਸ ਤਰ੍ਹਾਂ ਯਾਕੂਬ ਨੇ ਆਪਣੇ ਸਫ਼ਰ ਦੀ ਤਿਆਰੀ ਕੀਤੀ। ਉਸਨੇ ਆਪਣੇ ਬੱਚਿਆਂ ਅਤੇ ਪਤਨੀਆਂ ਨੂੰ ਊਠਾਂ ਉੱਤੇ ਬਿਠਾਇਆ। 18 ਫ਼ੇਰ ਉਹ ਕਨਾਨ ਦੀ ਉਸ ਧਰਤੀ ਵੱਲ ਵਾਪਸ ਸਫ਼ਰ ਕਰਨ ਲੱਗੇ ਜਿਥੇ ਉਸਦਾ ਪਿਤਾ ਇਸਹਾਕ ਰਿਹਾ ਸੀ। ਜਾਨਵਰਾਂ ਦੇ ਸਾਰੇ ਇੱਜੜ ਜਿਹੜੇ ਯਾਕੂਬ ਦੇ ਸਨ, ਉਨ੍ਹਾਂ ਦੇ ਅੱਗੇ-ਅੱਗੇ ਚੱਲ ਰਹੇ ਸਨ। ਉਸਨੇ ਹਰ ਉਹ ਚੀਜ਼ ਚੁੱਕ ਲਈ ਜਿਹੜੀ ਉਸਨੇ ਉਦੋਂ ਹਾਸਿਲ ਕੀਤੀ ਸੀ ਜਦੋਂ ਉਹ ਪਦਨ ਅਰਾਮ ਵਿੱਚ ਰਹਿੰਦਾ ਸੀ। 19 ਇਸ ਸਮੇਂ, ਲਾਬਾਨ ਆਪਣੀਆਂ ਭੇਡਾਂ ਤੋਂ ਉੱਨ ਲਾਹੁਣ ਗਿਆ ਹੋਇਆ ਸੀ। ਜਦੋਂ ਉਹ ਚਲਿਆ ਗਿਆ, ਰਾਖੇਲ ਉਸਦੇ ਘਰ ਅੰਦਰ ਗਈ ਅਤੇ ਉਨ੍ਹਾਂ ਦੇਵਤਿਆਂ ਦੀਆਂ ਮੂਰਤਾਂ ਨੂੰ ਚੁਰਾ ਲਿਆ ਜਿਹੜੀਆਂ ਉਸਦੇ ਪਿਤਾ ਦੀਆਂ ਸਨ। 20 ਯਾਕੂਬ ਨੇ ਲਾਬਾਨ ਅਰਾਮੀ ਨੂੰ ਧੋਖਾ ਦਿੱਤਾ। ਉਸਨੇ ਲਾਬਾਨ ਨੂੰ ਇਹ ਨਹੀਂ ਦੱਸਿਆ ਕਿ ਉਹ ਜਾ ਰਿਹਾ ਸੀ। 21 ਯਾਕੂਬ ਨੇ ਆਪਣਾ ਪਰਿਵਾਰ ਅਤੇ ਆਪਣੀਆਂ ਸਾਰੀਆਂ ਚੀਜ਼ਾਂ ਲਈਆਂ ਅਤੇ ਕਾਹਲੀ ਨਾਲ ਤੁਰ ਪਿਆ। ਉਨ੍ਹਾਂ ਨੇ ਫ਼ਰਾਤ ਦਰਿਆ ਪਾਰ ਕੀਤਾ ਅਤੇ ਗਿਲਆਦ ਦੇ ਪਹਾੜੀ ਇਲਾਕੇ ਵੱਲ ਸਫ਼ਰ ਕਰਨ ਲੱਗੇ। 22 ਤਿੰਨਾਂ ਦਿਨਾਂ ਮਗਰੋਂ ਲਾਬਾਨ ਨੂੰ ਪਤਾ ਲਗਿਆ ਕਿ ਯਾਕੂਬ ਭੱਜ ਗਿਆ ਸੀ। 23 ਇਸ ਲਈ ਲਾਬਾਨ ਨੇ ਆਪਣੇ ਆਦਮੀ ਇਕਠੇ ਕੀਤੇ ਅਤੇ ਯਾਕੂਬ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਸੱਤਾਂ ਦਿਨਾਂ ਮਗਰੋਂ ਲਾਬਾਨ ਨੂੰ ਯਾਕੂਬ ਗਿਲਆਦ ਦੇ ਪਹਾੜੀ ਇਲਾਕੇ ਵਿੱਚ ਮਿਲ ਗਿਆ। 24 ਉਸ ਰਾਤ, ਪਰਮੇਸ਼ੁਰ ਲਾਬਾਨ ਨੂੰ ਸੁਪਨੇ ਵਿੱਚ ਦਿਖਾਈ ਦਿੱਤਾ। ਪਰਮੇਸ਼ੁਰ ਨੇ ਆਖਿਆ, “ਹੋਸ਼ਿਆਰ ਰਹੀ! ਯਾਕੂਬ ਨੂੰ ਉਸਦਾ ਮਨ ਬਦਲਣ ਲਈ ਮਨਾਉਣ ਦੀ ਕੋਸ਼ਿਸ਼ ਨਾ ਕਰੀਂ।” 25 ਅਗਲੀ ਸਵੇਰ ਲਾਬਾਨ ਨੇ ਯਾਕੂਬ ਨੂੰ ਫ਼ੜ ਲਿਆ। ਯਾਕੂਬ ਨੇ ਪਹਾੜ ਉੱਤੇ ਆਪਣਾ ਡੇਰਾ ਲਾਇਆ ਹੋਇਆ ਸੀ। ਇਸ ਲਈ ਲਾਬਾਨ ਅਤੇ ਉਸਦੇ ਸਾਰੇ ਆਦਮੀਆਂ ਨੇ ਵੀ ਗਿਲਆਦ ਦੇ ਪਹਾੜੀ ਇਲਾਕੇ ਵਿੱਚ ਡੇਰਾ ਲਾ ਲਿਆ। 26 ਲਾਬਾਨ ਨੇ ਯਾਕੂਬ ਨੂੰ ਆਖਿਆ, “ਤੂੰ ਮੇਰੇ ਨਾਲ ਧੋਖਾ ਕਿਉਂ ਕੀਤਾ ਹੈ? ਤੂੰ ਮੇਰੀਆਂ ਧੀਆਂ ਨੂੰ ਇਸ ਤਰ੍ਹਾਂ ਕਿਉਂ ਲੈ ਆਇਆ ਹੈਂ ਜਿਵੇਂ ਤੂੰ ਉਨ੍ਹਾਂ ਨੂੰ ਜੰਗ ਵਿੱਚ ਜਿਤਿਆ ਹੋਵੇ। 27 ਤੂੰ ਮੈਨੂੰ ਦੱਸੇ ਬਿਨਾ ਕਿਉਂ ਭੱਜ ਆਇਆ ਹੈਂ? ਜੇ ਤੂੰ ਮੈਨੂੰ ਦੱਸਿਆ ਹੁੰਦਾ ਮੈਂ ਤੈਨੂੰ ਦਾਵਤ ਦਿੰਦਾ। ਗੀਤ ਸੰਗੀਤ ਅਤੇ ਨਾਚ-ਗਾਣੇ ਦੀ ਮਹਿਫ਼ਿਲ ਲੱਗਦੀ। 28 ਤੂੰ ਤਾਂ ਮੈਨੂੰ ਮੇਰੀਆਂ ਧੀਆਂ ਅਤੇ ਦੋਹਤੇ-ਦੋਹਤੀਆਂ ਨੂੰ ਅਲਵਿਦਾਈ ਚੁੰਮਣ ਦੇਣ ਦਾ ਮੌਕਾ ਵੀ ਨਹੀਂ ਦਿੱਤਾ। 29 ਮੇਰੇ ਕੋਲ ਤੈਨੂੰ ਨੁਕਸਾਨ ਪਹੁੰਚਾਉਣ ਦੀ ਸੱਚਮੁੱਚ ਤਾਕਤ ਹੈ। ਪਰ ਕਲ ਰਾਤ ਤੇਰੇ ਪਿਤਾ ਦਾ ਪਰਮੇਸ਼ੁਰ ਮੈਨੂੰ ਸੁਪਨੇ ਵਿੱਚ ਦਿਖਾਈ ਦਿੱਤਾ। ਉਸਨੇ ਮੈਨੂੰ ਚਿਤਾਵਨੀ ਦਿੱਤੀ ਹੈ ਕਿ ਮੈਂ ਤੈਨੂੰ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਨਾ ਪਹੁੰਚਾਵਾ। 30 ਮੈਂ ਜਾਣਦਾ ਹਾਂ ਕਿ ਤੂੰ ਆਪਣੇ ਘਰ ਵਾਪਸ ਜਾਣਾ ਚਾਹੁੰਦਾ ਹੈ। ਇਸੇ ਲਈ ਤੂੰ ਤੁਰ ਆਇਆ ਹੈਂ। ਪਰ ਤੂੰ ਮੇਰੇ ਘਰੋਂ ਦੇਵਤੇ ਕਿਉਂ ਚੁਰਾਏ?” 31 ਯਾਕੂਬ ਨੇ ਜਵਾਬ ਦਿੱਤਾ, “ਮੈਂ ਇਸ ਲਈ ਤੈਨੂੰ ਬਿਨਾ ਦੱਸੇ ਤੁਰ ਆਇਆ ਕਿਉਂਕਿ ਮੈਂ ਤੇਰੇ ਕੋਲੋਂ ਡਰਦਾ ਸਾਂ! ਮੇਰਾ ਖਿਆਲ ਸੀ ਕਿ ਤੂੰ ਮੇਰੇ ਕੋਲੋਂ ਆਪਣੀਆਂ ਧੀਆਂ ਖੋਹ ਲਵੇਂਗਾ। 32 ਪਰ ਮੈਂ ਤੇਰੇ ਦੇਵਤੇ ਨਹੀਂ ਚੁਰਾਏ। ਜੇ ਤੈਨੂੰ ਤੇਰੇ ਦੇਵਤੇ ਇੱਥੇ ਲਭ ਜਾਣ, ਜਿਸ ਕਿਸੇ ਕੋਲ ਵੀ ਉਹ ਹੋਣ ਮਾਰਿਆ ਜਾਵੇ। ਤੇਰੇ ਆਦਮੀ ਮੇਰੇ ਗਵਾਹ ਹੋਣਗੇ। ਤੂੰ ਆਪਣੀ ਕਿਸੇ ਵੀ ਚੀਜ਼ ਦੀ ਤਲਾਸ਼ ਕਰ ਸਕਦਾ ਹੈਂ। ਜਿਹੜੀ ਚੀਜ਼ ਤੇਰੀ ਹੈ ਉਹ ਲੈ ਜਾ।” (ਯਾਕੂਬ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਰਾਖੇਲ ਨੇ ਲਾਬਾਨ ਦੇ ਦੇਵਤੇ ਚੁਰਾਏ ਸਨ।) 33 ਇਸ ਲਈ ਲਾਬਾਨ ਨੇ ਜਾਕੇ ਯਾਕੂਬ ਦੇ ਡੇਰੇ ਦੀ ਤਲਾਸ਼ੀ ਲਈ। ਉਸਨੇ ਯਾਕੂਬ ਦੇ ਤੰਬੂ ਵਿੱਚ ਦੇਖਿਆ ਅਤੇ ਫ਼ੇਰ ਲੇਆਹ ਦੇ ਤੰਬੂ ਵਿੱਚ। ਫ਼ੇਰ ਉਸਨੇ ਉਸ ਤੰਬੂ ਦੀ ਤਲਾਸ਼ੀ ਲਈ ਜਿਥੇ ਦੋਵੇਂ ਦਾਸੀਆਂ ਠਹਿਰੀਆਂ ਹੋਈਆਂ ਸਨ। ਪਰ ਉਸਨੂੰ ਆਪਣੇ ਦੇਵਤੇ ਨਹੀਂ ਮਿਲੇ। ਫ਼ੇਰ ਲਾਬਾਨ ਰਾਖੇਲ ਦੇ ਤੰਬੂ ਵਿੱਚ ਗਿਆ। 34 ਰਾਖੇਲ ਨੇ ਦੇਵਤਿਆਂ ਨੂੰ ਆਪਣੇ ਊਠ ਦੀ ਗੱਦੀ ਹੇਠਾਂ ਛੁਪਾਇਆ ਹੋਇਆ ਸੀ ਅਤੇ ਉਹ ਉਨ੍ਹਾਂ ਉੱਤੇ ਬੈਠੀ ਹੋਈ ਸੀ। ਲਾਬਾਨ ਨੇ ਸਾਰਾ ਤੰਬੂ ਫ਼ਰੋਲ ਦਿੱਤਾ ਪਰ ਉਸਨੂੰ ਦੇਵਤੇ ਨਹੀਂ ਮਿਲੇ। 35 ਅਤੇ ਰਾਖੇਲ ਨੇ ਆਪਣੇ ਪਿਤਾ ਨੂੰ ਆਖਿਆ, “ਪਿਤਾ ਜੀ, ਮੇਰੇ ਨਾਲ ਨਾਰਾਜ਼ ਨਾ ਹੋਣਾ। ਮੈਂ ਤੁਹਾਡੇ ਸਾਮ੍ਹਣੇ ਖਲੋ ਨਹੀਂ ਸਕਦੀ। ਮੈਨੂੰ ਮਾਹਵਾਰੀ ਆਈ ਹੋਈ ਹੈ।” ਇਸ ਲਈ ਲਾਬਾਨ ਨੇ ਡੇਰੇ ਦੀ ਤਲਾਸ਼ੀ ਲਈ ਪਰ ਉਸਨੂੰ ਆਪਣੇ ਕੁਲ ਦੇਵਤੇ ਨਹੀਂ ਮਿਲੇ। 36 ਫ਼ੇਰ ਯਾਕੂਬ ਬਹੁਤ ਗੁੱਸੇ ਹੋ ਗਿਆ ਅਤੇ ਲਾਬਾਨ ਨਾਲ ਦਲੀਲਬਾਜ਼ੀ ਕੀਤੀ। ਯਾਕੂਬ ਨੇ ਆਖਿਆ, “ਮੈਂ ਕੀ ਕਸੂਰ ਕੀਤਾ ਹੈ? ਮੈਂ ਕਿਹੜੀ ਬਿਧੀ ਤੋੜੀ ਹੈ? ਤੈਨੂੰ ਮੇਰਾ ਪਿੱਛਾ ਕਰਨ ਅਤੇ ਰੋਕਣ ਦਾ ਹੱਕ ਕਿਸਨੇ ਦਿੱਤਾ? 37 ਤੂੰ ਮੇਰੇ ਸਾਰੇ ਸਮਾਨ ਦੀ ਤਲਾਸ਼ੀ ਲੈ ਲਈ ਹੈ। ਤੈਨੂੰ ਆਪਣੀ ਕੋਈ ਵੀ ਚੀਜ਼ ਨਹੀਂ ਮਿਲੀ। ਜੇ ਤੈਨੂੰ ਕੋਈ ਚੀਜ਼ ਮਿਲੀ ਹੈ ਤਾਂ ਦਿਖਾ। ਇਸਨੂੰ ਇੱਥੇ ਰੱਖ ਤਾਂ ਜੋ ਸਾਡੇ ਬੰਦੇ ਇਸਨੂੰ ਦੇਖ ਸਕਣ। ਸਾਡੇ ਬੰਦਿਆਂ ਨੂੰ ਇਹ ਨਿਰਣਾ ਕਰਨ ਦੇ ਕਿ ਸਾਡੇ ਵਿੱਚੋਂ ਕਿਹੜਾ ਠੀਕ ਹੈ। 38 ਮੈਂ ਤੇਰੇ ਲਾਈ 20 ਵਰ੍ਹੇ ਕੰਮ ਕੀਤਾ ਹੈ। ਇਸ ਸਮੇਂ ਦੌਰਾਨ ਕੋਈ ਵੀ ਭੇਡ ਜਾਂ ਬੱਕਰੀ ਦਾ ਬੱਚਾ ਜਨਮ ਸਮੇਂ ਨਹੀਂ ਮਰਿਆ। ਅਤੇ ਮੈਂ ਤੇਰੇ ਇੱਜੜ ਦੇ ਕਿਸੇ ਭੇਡੂ ਨੂੰ ਨਹੀਂ ਖਾਧਾ। 39 ਜਦੋਂ ਵੀ ਕੋਈ ਭੇਡ ਜੰਗਲੀ ਜਾਨਵਰਾਂ ਵੱਲੋਂ ਮਾਰੀ ਗਈ ਤਾਂ ਮੈਂ ਹਮੇਸ਼ਾ ਹੀ ਉਸਦੀ ਕੀਮਤ ਦਿੱਤੀ। ਮੈਂ ਕਦੇ ਵੀ ਮੁਰਦਾ ਜਾਨਵਰ ਨੂੰ ਤੇਰੇ ਕੋਲ ਲੈਕੇ ਨਹੀਂ ਆਇਆ ਅਤੇ ਇਹ ਨਹੀਂ ਆਖਿਆ ਕਿ ਇਸ ਵਿੱਚ ਮੇਰਾ ਕੋਈ ਕਸੂਰ ਨਹੀਂ। ਪਰ ਮੈਨੂੰ ਦਿਨ-ਰਾਤ ਲੁਟਿਆ ਗਿਆ। 40 ਦਿਨ ਵੇਲੇ, ਸੂਰਜ ਮੇਰੀ ਸ਼ਕਤੀ ਨੂੰ ਨਸ਼ਟ ਕਰ ਦਿੰਦਾ ਸੀ ਅਤੇ ਰਾਤ ਵੇਲੇ ਠਂਡ ਨਾਮ ਮੇਰੀ ਨੀਂਦ ਉੱਡ ਜਾਂਦੀ ਸੀ। 41 ਮੈਂ 20 ਵਰ੍ਹੇ ਇੱਕ ਗੁਲਾਮ ਵਾਂਗ ਤੇਰੀ ਚਾਕਰੀ ਕੀਤੀ। ਪਹਿਲੇ 14 ਵਰ੍ਹੇ ਮੈਂ ਤੇਰੀਆਂ ਧੀਆਂ ਨੂੰ ਜਿੱਤਣ ਲਈ ਚਾਕਰੀ ਕੀਤੀ। ਆਖਰੀ ਛੇ ਸਾਲ ਮੈਂ ਤੇਰੇ ਜਾਨਵਰਾਂ ਨੂੰ ਪ੍ਰਾਪਤ ਕਰਨ ਲਈ ਕੰਮ ਕੀਤਾ। ਅਤੇ ਇਸ ਸਮੇਂ ਦੌਰਾਨ ਤੂੰ ਦਸ ਵਾਰੀ ਮੇਰੀ ਤਨਖਾਹ ਵਿੱਚ ਅਦਲਾ-ਬਲਦੀ ਕੀਤੀ। 42 ਪਰ ਮੇਰੇ ਪੁਰਖਿਆਂ ਦਾ ਪਰਮੇਸ਼ੁਰ, ਅਬਰਾਹਾਮ ਦਾ ਪਰਮੇਸ਼ੁਰ ਅਤੇ ਇਸਹਾਕ ਦਾ ਭੈ ਮੇਰੇ ਨਾਲ ਸੀ। ਜੇ ਪਰਮੇਸ਼ੁਰ ਮੇਰੇ ਨਾਲ ਨਾ ਹੁੰਦਾ, ਤੂੰ ਮੈਨੂੰ ਖਾਲੀ ਹੱਥ ਭੇਜ ਦਿੱਤਾ ਹੋਣਾ ਸੀ। ਪਰ ਪਰਮੇਸ਼ੁਰ ਨੇ ਮੇਰੀਆਂ ਮੁਸ਼ਕਿਲਾਂ ਅਤੇ ਮੇਰਾ ਕੰਮ ਦੇਖਿਆ, ਅਤੇ ਕਲ੍ਹ੍ਹ ਰਾਤ ਪਰਮੇਸ਼ੁਰ ਨੇ ਸਾਬਤ ਕਰ ਦਿੱਤਾ ਕਿ ਮੈਂ ਠੀਕ ਹਾਂ। 43 ਲਾਬਾਨ ਨੇ ਯਾਕੂਬ ਨੂੰ ਆਖਿਆ, “ਇਹ ਔਰਤਾਂ ਮੇਰੀਆਂ ਧੀਆਂ ਹਨ। ਅਤੇ ਇਹ ਬੱਚੇ ਮੇਰੇ ਹਨ। ਅਤੇ ਇਹ ਜਾਨਵਰ ਮੇਰੇ ਹਨ। ਜੋ ਵੀ ਚੀਜ਼ ਤੈਨੂੰ ਇੱਥੇ ਨਜ਼ਰ ਆਉਂਦੀ ਹੈ ਮੇਰੀ ਹੈ। ਪਰ ਮੈਂ ਆਪਣੀਆਂ ਧੀਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਕੋਲ ਰੱਖਣ ਲਈ ਕੁਝ ਨਹੀਂ ਕਰ ਸਕਦਾ। 44 ਇਸ ਲਈ ਮੈਂ ਤੇਰੇ ਨਾਲ ਇਕਰਾਰਨਾਮਾ ਕਰਨ ਲਈ ਤਿਆਰ ਹਾਂ। ਇਹ ਇਕਰਾਰਨਾਮਾ ਸਾਨੂੰ ਚੇਤੇ ਕਰਾਵੇਗਾ ਕਿ ਅਸੀਂ ਇੱਕ-ਦੂਜੇ ਨਾਲ ਕਿਂਝ ਵਿਹਾਰ ਕਰਨ ਦਾ ਫ਼ੈਸਲਾ ਕੀਤਾ ਹੈ। 45 ਇਸ ਲਈ ਯਾਕੂਬ ਨੇ ਇੱਕ ਵੱਡਾ ਪੱਥਰ ਲਭਿਆ ਅਤੇ ਇਸਨੂੰ ਯਾਦਗਾਰੀ ਪੱਥਰ ਵਜੋਂ ਰੱਖ ਦਿੱਤਾ। 46 ਉਸਨੇ ਆਪਣੇ ਆਦਮੀਆਂ ਨੂੰ ਕੁਝ ਹੋਰ ਪੱਥਰ ਜਮ੍ਹਾਂ ਕਰਕੇ ਅਤੇ ਉਨ੍ਹਾਂ ਦੀ ਢੇਰੀ ਲਾਉਣ ਲਈ ਆਖਿਆ। ਫ਼ੇਰ ਉਨ੍ਹਾਂ ਨੇ ਪੱਥਰਾਂ ਦੀ ਢੇਰੀ ਕੋਲ ਭੋਜਨ ਕੀਤਾ। 47 ਲਾਬਾਨ ਨੇ ਉਸ ਥਾਂ ਦਾ ਨਾਮ ਯਗਰ ਸਾਹਦੂਥਾ ਰੱਖਿਆ। ਪਰ ਯਾਕੂਬ ਨੇ ਉਸ ਥਾਂ ਦਾ ਨਾਂ ਗਲੇਦ ਰੱਖਿਆ। 48 ਲਾਬਾਨ ਨੇ ਯਾਕੂਬ ਨੂੰ ਆਖਿਆ, “ਇਹ ਪੱਥਰਾਂ ਦੀ ਢੇਰੀ ਸਾਨੂੰ ਆਪਣੇ ਇਕਰਾਰਨਾਮੇ ਦੀ ਯਾਦ ਕਰਾਵੇਗੀ।” ਇਹੀ ਕਾਰਣ ਹੈ ਯਾਕੂਬ ਨੇ ਉਸ ਥਾਂ ਦਾ ਨਾਂ ਗਲੇਦ ਰੱਖਿਆ। 49 ਫ਼ੇਰ ਲਾਬਾਨ ਨੇ ਆਖਿਆ, “ਜਦੋਂ ਅਸੀਂ ਵਿਛੜੀਏ ਤਾਂ ਯਹੋਵਾਹ ਸਾਡੇ ਅੰਗ਼-ਸੰਗ ਰਹੇ।” ਇਸ ਲਈ ਉਸ ਥਾਂ ਦਾ ਨਾਮ ਮਿਸਪਾਹ ਵੀ ਸੀ। 50 ਫ਼ੇਰ ਲਾਬਾਨ ਨੇ ਆਖਿਆ, “ਜੇ ਤੂੰ ਮੇਰੀਆਂ ਧੀਆਂ ਨੂੰ ਦੁੱਖ ਦਿੱਤਾ ਤਾਂ ਚੇਤੇ ਰਖੀਂ ਕਿ ਪਰਮੇਸ਼ੁਰ ਤੈਨੂੰ ਸਜ਼ਾ ਦੇਵੇਗਾ। ਜੇ ਤੂੰ ਕਿਸੇ ਹੋਰ ਔਰਤ ਨਾਲ ਸ਼ਾਦੀ ਕੀਤੀ ਤਾਂ ਯਾਦ ਰਖੀਂ ਕਿ ਪਰਮੇਸ਼ੁਰ ਤੈਨੂੰ ਦੇਖ ਰਿਹਾ ਹੈ। 51 ਇਹ ਉਹ ਪੱਥਰ ਸਨ ਜਿਹੜੇ ਮੈਂ ਤੇਰੇ ਅਤੇ ਮੇਰੇ ਦਰਮਿਆਨ ਰੱਖ ਦਿੱਤੇ ਹਨ। ਅਤੇ ਇਹ ਖਾਸ ਪੱਥਰ ਇਹ ਦਰਸਾਉਣ ਲਈ ਹੈ ਕਿ ਅਸੀਂ ਇੱਕ ਇਕਰਾਰਨਾਮਾ ਕੀਤਾ ਹੈ। 52 ਪਥਰਾਂ ਦੀ ਇਹ ਢੇਰੀ ਅਤੇ ਇਹ ਖਾਸ ਪੱਥਰ ਸਾਨੂੰ ਆਪਣੇ ਇਕਰਾਰਨਾਮੇ ਦੀ ਯਾਦ ਕਰਾਵੇਗਾ। ਮੈਂ ਕਦੇ ਵੀ ਇਨ੍ਹਾਂ ਪੱਥਰਾਂ ਤੋਂ ਪਾਰ ਆਕੇ ਤੈਨੂੰ ਨੁਕਸਾਨ ਨਹੀਂ ਪਹੁੰਚਾਵਾਂਗਾ। ਤੈਨੂੰ ਵੀ ਮੈਨੂੰ ਨੁਕਸਾਨ ਪਹੁੰਚਾਉਣ ਲਈ ਪੱਥਰਾਂ ਦੇ ਇਸ ਪਾਸੇ ਨਹੀਂ ਆਉਣਾ ਚਾਹੀਦਾ। 53 ਅਬਰਾਹਾਮ ਦਾ ਪਰਮੇਸ਼ੁਰ, ਨਾਹੋਰ ਦਾ ਪਰਮੇਸ਼ੁਰ ਅਤੇ ਉਨ੍ਹਾਂ ਦੇ ਪੁਰਖਿਆਂ ਦਾ ਪਰਮੇਸ਼ੁਰ ਸਾਡੇ ਦੋਸ਼ੀ ਹੋਣ ਦਾ ਨਿਰਣਾ ਕਰੇ ਜੇ ਕਦੇ ਅਸੀਂ ਇਸ ਇਕਰਾਰਨਾਮੇ ਨੂੰ ਤੋੜੀਏ।”ਯਾਕੂਬ ਦਾ ਪਿਤਾ ਇਸਹਾਕ ਪਰਮੇਸ਼ੁਰ ਨੂੰ “ਭੈ” ਬੁਲਾਉਂਦਾ ਸੀ। ਇਸ ਲਈ ਯਾਕੂਬ ਨੇ ਵਚਨ ਦੇਣ ਲਈ ਉਹੀ ਨਾਮ ਵਰਤਿਆ। 54 ਫ਼ੇਰ ਯਾਕੂਬ ਨੇ ਇੱਕ ਜਾਨਵਰ ਮਾਰਿਆ ਅਤੇ ਇਸਨੂੰ ਪਰਬਤ ਉੱਤੇ ਬਲੀ ਵਜੋਂ ਚੜਾਇਆ। ਅਤੇ ਉਸਨੇ ਆਪਣੇ ਆਦਮੀਆਂ ਨੂੰ ਭੋਜਨ ਸਾਂਝਾ ਕਰਨ ਦਾ ਸੱਦਾ ਦਿੱਤਾ। ਜਦੋਂ ਉਹ ਭੋਜਨ ਕਰ ਹਟੇ ਤਾਂ ਉਨ੍ਹਾਂ ਨੇ ਆਪਣੇ ਦੋਹਤਿਆਂ ਅਤੇ ਆਪਣੀਆਂ ਧੀਆਂ ਨੂੰ ਵਿਦਾਈ ਦਾ ਚੁੰਮਣ ਦਿੱਤਾ। ਉਸਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਘਰ ਵਾਪਸ ਚਲਾ ਗਿਆ। 55

Genesis 32

1 ਯਾਕੂਬ ਵੀ ਉਸ ਥਾਂ ਤੋਂ ਚਲਾ ਗਿਆ। ਜਦੋਂ ਉਸ ਸਫ਼ਰ ਕਰ ਰਿਹਾ ਸੀ ਪਰਮੇਸ਼ੁਰ ਦੇ ਦੂਤ ਉਸਨੂੰ ਮਿਲੇ। 2 ਯਾਕੂਬ ਨੇ ਉਨ੍ਹਾਂ ਨੂੰ ਦੇਖਿਆ ਤਾਂ ਉਸਨੇ ਆਖਿਆ, “ਇਹ ਪਰਮੇਸ਼ੁਰ ਦਾ ਡੇਰਾ ਹੈ।” ਇਸ ਲਈ ਯਾਕੂਬ ਨੇ ਉਸ ਥਾਂ ਦਾ ਨਾਂ ਮਹਨਾਯਿਮ ਰੱਖਿਆ। 3 ਯਾਕੂਬ ਦਾ ਭਰਾ ਸੇਈਰ ਨਾਮ ਦੇ ਇਲਾਕੇ ਵਿੱਚ ਰਹਿੰਦਾ ਸੀ। ਇਸ ਇਲਾਕੇ ਨੂੰ ਅਦੋਮ ਦਾ ਪਹਾੜੀ ਇਲਾਕਾ ਆਖਿਆ ਜਾਂਦਾ ਸੀ। ਯਾਕੂਬ ਨੇ ਏਸਾਓ ਵੱਲ ਸੰਦੇਸ਼ਵਾਹਕ ਭੇਜੇ। 4 ਯਾਕੂਬ ਨੇ ਸੰਦੇਸ਼ਵਾਹਕਾਂ ਨੂੰ ਆਖਿਆ, “ਮੇਰੇ ਮਾਲਕ ਏਸਾਓ ਨੂੰ ਇਹ ਗੱਲਾਂ ਆਖਿਉ: ‘ਤੁਹਾਡਾ ਸੇਵਕ ਯਾਕੂਬ ਆਖਦਾ ਹੈ, ਮੈਂ ਇਹ ਸਾਰੇ ਵਰ੍ਹੇ ਲਾਬਾਨ ਨਾਲ ਰਿਹਾ ਹਾਂ। 5 ਮੇਰੇ ਕੋਲ ਬਹੁਤ ਸਾਰੀਆਂ ਗਊਆਂ, ਖੋਤੇ, ਇੱਜੜ ਅਤੇ ਦਾਸ-ਦਾਸੀਆਂ ਹਨ। ਸ਼੍ਰੀਮਾਨ ਜੀ, ਮੈਂ ਇਹ ਸੰਦੇਸ਼ ਤੁਹਾਨੂੰ ਇਹ ਆਖਣ ਲਈ ਭੇਜ ਰਿਹਾ ਹਾਂ ਕਿ ਸਾਨੂੰ ਪ੍ਰਵਾਨ ਕਰ ਲਵੋ।’ 6 ਸੰਦੇਸ਼ਵਾਹਕ ਯਾਕੂਬ ਕੋਲ ਵਾਪਸ ਆ ਗਏ ਅਤੇ ਕਹਿਣ ਲੱਗੇ, “ਅਸੀਂ ਤੁਹਾਡੇ ਭਰਾ ਏਸਾਓ ਵੱਲ ਗਏ ਸਾਂ। ਉਹ ਤੁਹਾਨੂੰ ਮਿਲਣ ਲਈ ਆ ਰਿਹਾ ਹੈ। ਉਸਦੇ ਨਾਲ ਚਾਰ ਸੌ ਆਦਮੀ ਹਨ।” 7 ਇਸ ਸੰਦੇਸ਼ ਨੇ ਯਾਕੂਬ ਨੂੰ ਭੈਭੀਤ ਕਰ ਦਿੱਤਾ। ਉਸਨੇ ਆਪਣੇ ਨਾਲ ਦੇ ਆਦਮੀਆਂ ਨੂੰ ਦੋ ਹਿਸਿਆਂ ਵਿੱਚ ਵੰਡ ਦਿੱਤਾ ਉਸਨੇ ਸਾਰੇ ਇੱਜੜਾਂ ਅਤੇ ਵੱਗਾਂ ਅਤੇ ਊਠਾਂ ਨੂੰ ਦੋ ਹਿਸਿਆਂ ਵਿੱਚ ਵੰਡ ਦਿੱਤਾ। 8 ਯਾਕੂਬ ਨੇ ਸੋਚਿਆ, “ਜੇ ਏਸਾਓ ਆਉਂਦਾ ਹੈ ਅਤੇ ਇੱਕ ਹਿੱਸੇ ਨੂੰ ਤਬਾਹ ਕਰ ਦਿੰਦਾ ਹੈ ਤਾਂ ਦੂਸਰਾ ਹਿੱਸਾ ਭੱਜਕੇ ਜਾਨ ਬਚਾ ਲਵੇਗਾ।” 9 ਯਾਕੂਬ ਨੇ ਆਖਿਆ “ਹੇ ਮੇਰੇ ਪਿਤਾ, ਅਬਰਾਹਾਮ ਦੇ ਪਰਮੇਸ਼ੁਰ! ਮੇਰੇ ਪਿਤਾ ਇਸਹਾਕ ਦੇ ਪਰਮੇਸ਼ੁਰ! ਯਹੋਵਾਹ, ਤੂੰ ਮੈਨੂੰ ਮੇਰੇ ਦੇਸ਼ ਅਤੇ ਆਪਣੇ ਜਨਮ ਸਥਾਨ ਤੇ ਵਾਪਸ ਆਉਣ ਲਈ ਕਿਹਾ ਸੀ। ਤੂੰ ਆਖਿਆ ਸੀ ਕਿ ਤੂੰ ਮੇਰਾ ਭਲਾ ਕਰੇਂਗਾ। 10 ਮੈਂ ਪਿਆਰ ਦੇ ਸਾਰੇ ਵਿਖਾਵਿਆਂ ਅਤੇ ਵਫ਼ਾਦਾਰੀ ਦੇ ਯੋਗ ਨਹੀਂ ਹਾਂ ਜੋ ਤੂੰ ਮੇਰੇ ਲਈ ਕੀਤੀ ਹੈ। ਜਦੋਂ ਮੈਂ ਪਹਿਲੀ ਵਾਰੀ ਯਰਦਨ ਨਦੀ ਪਾਰ ਕਰਕੇ ਆਇਆ ਸੀ, ਮੇਰੇ ਕੋਲ ਆਪਣੀ ਤੁਰਨ ਵਾਲੀ ਛੜੀ ਤੋਂ ਇਲਾਵਾ ਕੁਝ ਵੀ ਨਹੀਂ ਸੀ। ਪਰ ਹੁਣ ਮੇਰੇ ਕੋਲ ਇੰਨਾ ਜ਼ਿਆਦਾ ਹੈ ਕਿ ਅਸੀਂ ਪੂਰੇ ਦੋ ਡੇਰੇ ਬਣਾ ਸਕਦੇ ਹਾਂ। 11 ਮੈਂ ਤੁਹਾਡੇ ਪਾਸੋਂ ਇਹੀ ਮਂਗਦਾ ਹਾਂ ਕਿ ਮਿਹਰ ਕਰਕੇ ਮੈਨੂੰ ਮੇਰੇ ਭਰਾ ਕੋਲੋਂ ਬਚਾ ਲਵੋ। ਮੈਨੂੰ ਏਸਾਓ ਕੋਲੋਂ ਬਚਾ ਲਵੋ। ਮੈਂ ਉਸ ਕੋਲੋਂ ਡਰਦਾ ਹਾਂ। ਮੈਨੂੰ ਡਰ ਹੈ ਕਿ ਉਹ ਆਵੇਗਾ ਅਤੇ ਸਾਨੂੰ ਸਾਰਿਆਂ ਨੂੰ ਮਾਰ ਦੇਵੇਗਾ, ਮਾਵਾਂ ਅਤੇ ਬੱਚਿਆਂ ਨੂੰ ਵੀ। 12 ਯਹੋਵਾਹ, ਤੂੰ ਮੈਨੂੰ ਆਖਿਆ ਸੀ, ‘ਮੈਂ ਤੇਰੇ ਉੱਤੇ ਨੇਕੀ ਕਰਾਂਗਾ। ਮੈਂ ਤੇਰੇ ਪਰਿਵਾਰ ਵਿੱਚ ਵਾਧਾ ਕਰਾਂਗਾ ਅਤੇ ਤੇਰੀ ਸੰਤਾਨ ਨੂੰ ਸਮੁੰਦਰ ਦੇ ਕੰਢੇ ਦੀ ਰੇਤ ਦੇ ਕਿਣਕਿਆਂ ਜਿੰਨਾ ਕਰ ਦਿਆਂਗਾ। ਉਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕੇਗੀ।’” 13 ਯਾਕੂਬ ਉਸ ਥਾਂ ਰਾਤ ਲਈ ਠਹਿਰ ਗਿਆ। ਯਾਕੂਬ ਨੇ ਏਸਾਓ ਨੂੰ ਸੁਗਾਤ ਵਜੋਂ ਦੇਣ ਲਈ ਕੁਝ ਚੀਜ਼ਾਂ ਤਿਆਰ ਕੀਤੀਆਂ। 14 ਯਾਕੂਬ ਨੇ 200 ਬੱਕਰੀਆਂ ਅਤੇ 20 ਬੱਕਰੇ, 200 ਭੇਡਾਂ ਅਤੇ 20 ਭੇਡੂ ਚੁਣੇ। 15 ਯਾਕੂਬ ਨੇ 30 ਊਠ ਅਤੇ ਉਨ੍ਹਾਂ ਦੇ ਬਛੜੇ, 40 ਗਊਆਂ ਅਤੇ 10 ਸੰਢੇ, 20 ਖੋਤੀਆਂ ਅਤੇ 10 ਖੋਤੇ ਚੁਣੇ। 16 ਯਾਕੂਬ ਨੇ ਜਾਨਵਰਾਂ ਦਾ ਹਰ ਇੱਜੜ ਆਪਣੇ ਨੌਕਰਾਂ ਨੂੰ ਦੇ ਦਿੱਤਾ। ਫ਼ੇਰ ਯਾਕੂਬ ਨੇ ਆਪਣੇ ਨੌਕਰਾਂ ਨੂੰ ਆਖਿਆ, “ਜਾਨਵਰਾਂ ਦੇ ਹਰ ਇੱਜੜ ਵਿਚਕਾਰ ਇੱਕ ਨਿਸ਼ਚਿੰਤ ਜਗ਼੍ਹਾ ਛੱਡੋ। ਮੇਰੇ ਅੱਗੇ-ਅੱਗੇ ਚੱਲੋ ਅਤੇ ਹਰੇਕ ਇੱਜੜ ਦੇ ਵਿਚਕਾਰ ਵਿੱਥ ਬਣਾਕੇ ਰਖੋ।” 17 ਯਾਕੂਬ ਨੇ ਉਨ੍ਹਾਂ ਨੂੰ ਹੁਕਮ ਦਿੱਤਾ। ਜਾਨਵਰਾਂ ਦੇ ਪਹਿਲੇ ਸਮੂਹ ਦੇ ਨੌਕਰ ਨੂੰ ਯਾਕੂਬ ਨੇ ਆਖਿਆ, “ਜਦੋਂ ਮੇਰਾ ਭਰਾ ਏਸਾਓ ਤੇਰੇ ਕੋਲ ਆਵੇ ਅਤੇ ਤੈਨੂੰ ਪੁਛੇ, ‘ਇਹ ਕਿਸਦੇ ਜਾਨਵਰ ਹਨ? ਤੂੰ ਕਿਧਰ ਜਾ ਰਿਹਾ ਹੈ? ਤੂੰ ਕਿਸਦਾ ਨੌਕਰ ਹੈ?’ 18 ਤਾਂ ਤੈਨੂੰ ਜਵਾਬ ਦੇਣਾ ਚਾਹੀਦਾ ਹੈ, ‘ਇਹ ਜਾਨਵਰ ਤੁਹਾਡੇ ਸੇਵਕ ਯਾਕੂਬ ਦੇ ਹਨ। ਯਾਕੂਬ ਨੇ ਇਨ੍ਹਾਂ ਨੂੰ ਤੁਹਾਡੇ ਆਪਣੇ ਸੁਆਮੀ, ਏਸਾਓ ਨੂੰ ਘੱਲਿਆ ਹੈ। ਅਤੇ ਯਾਕੂਬ ਵੀ ਸਾਡੇ ਪਿਛੇ-ਪਿਛੇ ਆ ਰਿਹਾ ਹੈ।” 19 ਯਾਕੂਬ ਨੇ ਦੂਸਰੇ ਨੌਕਰ ਨੂੰ, ਤੀਜੇ ਨੌਕਰ ਅਤੇ ਹੋਰ ਸਾਰੇ ਨੌਕਰਾਂ ਨੂੰ ਇਹੀ ਗੱਲ ਕਰਨ ਦਾ ਹੁਕਮ ਦਿੱਤਾ। ਉਸਨੇ ਆਖਿਆ, “ਤੁਸੀਂ ਇਹੀ ਗੱਲ ਏਸਾਓ ਨਾਲ ਕਰੋਂਗੇ ਜਦੋਂ ਤੁਸੀਂ ਉਸਨੂੰ ਮਿਲੋ। 20 ਤੁਸੀਂ ਆਖੋਂਗੇ, ‘ਇਹ ਤੁਹਾਡੇ ਵਾਸਤੇ ਸੁਗਾਤ ਹੈ ਅਤੇ ਤੁਹਾਡਾ ਸੇਵਕ ਯਾਕੂਬ ਸਾਡੇ ਪਿਛੇ ਆ ਰਿਹਾ ਹੈ।’”ਯਾਕੂਬ ਨੇ ਸੋਚਿਆ, “ਜੇ ਮੈਂ ਇਨ੍ਹਾਂ ਆਦਮੀਆਂ ਨੂੰ ਸੁਗਾਤਾਂ ਦੇਕੇ ਅੱਗੇ-ਅੱਗੇ ਭੇਜਾਂ ਤਾਂ ਹੋ ਸਕਦਾ ਹੈ ਕਿ ਏਸਾਓ ਮੈਨੂੰ ਮਾਫ਼ ਕਰ ਦੇਵੇ ਅਤੇ ਮੈਨੂੰ ਪ੍ਰਵਾਨ ਕਰ ਲਵੇ।” 21 ਇਸ ਲਈ ਯਾਕੂਬ ਨੇ ਏਸਾਓ ਨੂੰ ਸੁਗਾਤਾਂ ਘੱਲੀਆਂ। ਪਰ ਯਾਕੂਬ ਉਸ ਰਾਤ ਡੇਰੇ ਵਿੱਚ ਹੀ ਰਿਹਾ। 22 ਉਸ ਰਾਤ, ਬਾਦ ਵਿੱਚ, ਯਾਕੂਬ ਉਠਿਆ ਅਤੇ ਉਥੋਂ ਚਲਿਆ ਗਿਆ। ਯਾਕੂਬ ਨੇ ਆਪਣੀਆਂ ਦੋਵੇਂ ਪਤਨੀਆਂ ਅਤੇ ਆਪਣੀਆਂ ਦੋਵੇਂ ਦਾਸੀਆਂ ਅਤੇ ਆਪਣੇ 11 ਪੁੱਤਰਾਂ ਨੂੰ ਨਾਲ ਲਿਆ ਅਤੇ ਯਬੋਕ ਨਦੀ ਨੂੰ ਚੌਰਾਹੇ ਨੂੰ ਪਾਰ ਕੀਤਾ। 23 ਯਾਕੂਬ ਨੇ ਆਪਣੇ ਪਰਿਵਾਰ ਨੂੰ ਨਦੀਓ ਪਾਰ ਭੇਜ ਦਿੱਤਾ ਫ਼ੇਰ ਯਾਕੂਬ ਨੇ ਆਪਣੀ ਹਰ ਸ਼ੈਅ ਨਦੀ ਦੇ ਪਾਰ ਭੇਜ ਦਿੱਤੀ। 24 ਯਾਕੂਬ ਉਹ ਆਦਮੀ ਸੀ ਜਿਸਨੇ ਅਖੀਰ ਵਿੱਚ ਨਦੀ ਪਾਰ ਕੀਤੀ। ਪਰ ਇਸਤੋਂ ਪਹਿਲਾਂ ਕਿ ਉਹ ਨਦੀ ਪਾਰ ਕਰ ਸਕੇ, ਜਦੋਂ ਉਹ ਹਾਲੇ ਇਕੱਲਾ ਹੀ ਸੀ, ਤਾਂ ਇੱਕ ਆਦਮੀ ਉਸ ਨਾਲ ਘੁਲਣ ਲੱਗਾ। ਉਹ ਆਦਮੀ ਸੂਰਜ ਨਿਕਲਣ ਤੱਕ ਉਸ ਨਾਲ ਲੜਦਾ ਰਿਹਾ। 25 ਆਦਮੀ ਨੇ ਦੇਖਿਆ ਕਿ ਉਹ ਯਾਕੂਬ ਨੂੰ ਨਹੀਂ ਹਰਾ ਸਕਦਾ ਸੀ, ਉਸਨੇ ਯਾਕੂਬ ਦੀ ਲੱਤ ਛੋਹੀ। ਇਸ ਲਈ ਯਾਕੂਬ ਦੀ ਲੱਤ ਦਾ ਜੋੜ ਹਿੱਲ ਗਿਆ ਕਿਉਂ ਜੁ ਉਸਨੇ ਉਸ ਨਾਲ ਘੋਲ ਕੀਤਾ ਸੀ। 26 ਫ਼ੇਰ ਆਦਮੀ ਨੇ ਯਾਕੂਬ ਨੂੰ ਆਖਿਆ, “ਮੈਨੂੰ ਜਾਣਦੇ। ਸੂਰਜ ਨਿਕਲ ਰਿਹਾ ਹੈ।”ਪਰ ਯਾਕੂਬ ਨੇ ਆਖਿਆ, “ਮੈਂ ਤੈਨੂੰ ਨਹੀਂ ਜਾਣ ਦਿਆਂਗਾ। ਤੂੰ ਮੈਨੂੰ ਅਸੀਸ ਦੇ।” 27 ਅਤੇ ਉਸ ਆਦਮੀ ਨੇ ਉਸਨੂੰ ਆਖਿਆ, “ਤੇਰਾ ਨਾਮ ਕੀ ਹੈ?”ਅਤੇ ਯਾਕੂਬ ਨੇ ਆਖਿਆ, “ਮੇਰਾ ਨਾਮ ਯਾਕੂਬ ਹੈ।” 28 ਫ਼ੇਰ ਉਸ ਆਦਮੀ ਨੇ ਆਖਿਆ, “ਤੇਰਾ ਨਾਮ ਯਾਕੂਬ ਨਹੀਂ ਰਹੇਗਾ। ਤੇਰਾ ਨਾਂ ਹੁਣ ਤੋਂ ਇਸਰਾਏਲ ਹੋਵੇਗਾ। ਮੈਂ ਤੈਨੂੰ ਇਹ ਨਾਮ ਇਸ ਲਈ ਦਿੰਦਾ ਹਾਂ ਕਿਉਂਕਿ ਤੂੰ ਪਰਮੇਸ਼ੁਰ ਨਾਲ ਵੀ ਲੜਿਆ ਹੈਂ ਅਤੇ ਬੰਦਿਆਂ ਨਾਲ ਵੀ ਪਰ ਤੈਨੂੰ ਹਰਾਇਆ ਨਹੀਂ ਜਾ ਸਕਿਆ।” 29 ਫ਼ੇਰ ਯਾਕੂਬ ਨੇ ਉਸਨੂੰ ਪੁਛਿਆ, “ਕਿਰਪਾ ਕਰਕੇ ਮੈਨੂੰ ਆਪਣਾ ਨਾਮ ਦੱਸੋ।”ਪਰ ਉਸ ਆਦਮੀ ਨੇ ਆਖਿਆ, “ਤੂੰ ਮੇਰਾ ਨਾਮ ਕਿਉਂ ਪੁਛਦਾ ਹੈਂ?” ਉਸ ਸਮੇਂ ਉਸ ਆਦਮੀ ਨੇ ਯਾਕੂਬ ਨੂੰ ਅਸੀਸ ਦਿੱਤੀ। 30 ਇਸੇ ਲਈ ਯਾਕੂਬ ਨੇ ਉਸ ਥਾਂ ਦਾ ਨਾਮ ਪੇਨੀਏਲ ਰੱਖਿਆ। ਯਾਕੂਬ ਨੇ ਆਖਿਆ, “ਇਸ ਥਾਂ ਉੱਤੇ ਮੈਂ ਪਰਮੇਸ਼ੁਰ ਨੂੰ ਆਮ੍ਹੋ-ਸਾਮ੍ਹਣੇ ਵੇਖਿਆ ਅਤੇ ਮੇਰੀ ਜਾਨ ਬਖਸ਼ੀ ਗਈ।” 31 ਫ਼ੇਰ ਸੂਰਜ ਚੜ ਆਇਆ ਜਦੋਂ ਉਹ ਪੇਨੀਏਲ ਕੋਲੋਂ ਹੋਕੇ ਲੰਘਿਆ। ਯਾਕੂਬ ਆਪਣੀ ਲੱਤ ਕਾਰਣ ਲੰਗੜਾਕੇ ਤੁਰ ਰਿਹਾ ਸੀ। 32 ਇਸ ਲਈ ਅੱਜ ਵੀ ਇਸਰਾਏਲ ਦੇ ਲੋਕ ਪੱਟ ਦੇ ਜੋੜ ਵਾਲੇ ਪਠੇ ਦਾ ਮਾਸ ਨਹੀਂ ਖਾਂਦੇ ਕਿਉਂਕਿ ਇਹੀ ਉਹ ਪੱਠਾ ਹੈ ਜਿਥੇ ਯਾਕੂਬ ਜ਼ਖਮੀ ਹੋਇਆ ਸੀ।

Genesis 33

1 ਯਾਕੂਬ ਨੇ ਤਕਿਆ ਅਤੇ ਏਸਾਓ ਨੂੰ ਆਉਂਦਿਆ ਵੇਖਿਆ। ਏਸਾਓ 400 ਆਦਮੀਆਂ ਨਾਲ ਆ ਰਿਹਾ ਸੀ। ਯਾਕੂਬ ਨੇ ਆਪਣੇ ਬੱਚਿਆਂ ਨੂੰ ਲੇਆਹ, ਰਾਖੇਲ ਅਤੇ ਆਪਣੀਆਂ ਦੋ ਦਾਸੀਆਂ ਵਿਚਕਾਰ ਵੰਡ ਦਿੱਤਾ। 2 ਯਾਕੂਬ ਨੇ ਸਭ ਤੋਂ ਪਹਿਲਾਂ ਦਾਸੀਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਰੱਖਿਆ। ਫ਼ੇਰ ਯਾਕੂਬ ਨੇ ਲੇਆਹ ਅਤੇ ਉਸਦੇ ਬੱਚਿਆਂ ਨੂੰ ਉਨ੍ਹਾਂ ਦੇ ਪਿਛੇ ਰੱਖਿਆ। ਅਤੇ ਯਾਕੂਬ ਨੇ ਰਾਖੇਲ ਅਤੇ ਯਾਕੂਬ ਨੂੰ ਸਭ ਤੋਂ ਅਖੀਰ ਵਿੱਚ ਰੱਖਿਆ। 3 ਯਾਕੂਬ ਖੁਦ ਏਸਾਓ ਵੱਲ ਨੂੰ ਬਾਹਰ ਗਿਆ। ਇਸ ਲਈ ਉਹ ਏਸਾਓ ਦੇ ਸਾਮ੍ਹਣੇ ਆਉਣ ਵਾਲਾ ਪਹਿਲਾ ਬੰਦਾ ਸੀ। ਯਾਕੂਬ ਨੇ ਆਪਣੇ ਭਰਾ ਵੱਲ ਆਉਂਦਿਆਂ ਹੋਇਆ ਸੱਤ ਵਾਰੀ ਧਰਤੀ ਵੱਲ ਝੁਕ ਕੇ ਸਿਜਦਾ ਕੀਤਾ। 4 ਜਦੋਂ ਏਸਾਓ ਨੇ ਯਾਕੂਬ ਨੂੰ ਵੇਖਿਆ ਤਾਂ ਉਹ ਉਸਨੂੰ ਮਿਲਣ ਲਈ ਦੌੜ ਪਿਆ। ਏਸਾਓ ਨੇ ਯਾਕੂਬ ਦੁਆਲੇ ਬਾਹਾਂ ਵਲ ਲਈਆਂ ਅਤੇ ਉਸ ਨੂੰ ਜਫ਼ੀ ਪਾ ਲਈ ਅਤੇ ਉਸਨੂੰ ਚੁੰਮਿਆ। ਫ਼ੇਰ ਉਹ ਦੋਵੇਂ ਰੋ ਪਏ। 5 ਏਸਾਓ ਨੇ ਉੱਪਰ ਵੱਲ ਤਕਿਆ ਅਤੇ ਔਰਤਾਂ ਅਤੇ ਬੱਚਿਆਂ ਨੂੰ ਦੇਖਿਆ। ਉਸਨੇ ਆਖਿਆ, “ਤੇਰੇ ਨਾਲ ਇਹ ਸਾਰੇ ਲੋਕ ਕੌਣ ਹਨ?”ਯਾਕੂਬ ਨੇ ਜਵਾਬ ਦਿੱਤਾ, “ਇਹ ਉਹ ਬੱਚੇ ਹਨ ਜਿਹੜੇ ਪਰਮੇਸ਼ੁਰ ਨੇ ਮੈਨੂੰ ਦਿੱਤੇ ਹਨ। ਪਰਮੇਸ਼ੁਰ ਮੇਰੇ ਉੱਤੇ ਮਿਹਰਬਾਨ ਰਿਹਾ ਹੈ।” 6 ਫ਼ੇਰ ਦੋ ਦਾਸੀਆਂ ਬੱਚਿਆਂ ਸਮੇਤ ਏਸਾਓ ਕੋਲ ਗਈਆਂ। ਉਨ੍ਹਾਂ ਨੇ ਉਸਦੇ ਸਾਮ੍ਹਣੇ ਝੁਕ ਕੇ ਸਿਜਦਾ ਕੀਤਾ। 7 ਲੇਆਹ ਅਤੇ ਉਸਦੇ ਬੱਚੇ ਏਸਾਓ ਕੋਲ ਗਏ ਅਤੇ ਉਸਦੇ ਸਾਮ੍ਹਣੇ ਝੁਕ ਗਏ ਅਤੇ ਫ਼ੇਰ ਰਾਖੇਲ ਅਤੇ ਯੂਸੁਫ਼ ਏਸਾਓ ਕੋਲ ਗਏ ਅਤੇ ਉਸ ਅੱਗੇ ਝੁਕ ਗਏ। 8 ਏਸਾਓ ਨੇ ਆਖਿਆ, “ਇਹ ਸਾਰੇ ਲੋਕ ਕੌਨ ਹਨ ਜਿਨ੍ਹਾਂ ਨੂੰ ਇਥੇ ਆਉਣ ਸਮੇਂ ਦੇਖਿਆ ਸੀ? ਅਤੇ ਇਹ ਸਾਰੇ ਜਾਨਵਰ ਕਾਹਦੇ ਲਈ ਹਨ?”ਯਾਕੂਬ ਨੇ ਜਵਾਬ ਦਿਤਾ, “ਇਹ ਸਾਰੇ ਮੇਰੇ ਵੱਲੋਂ ਤੁਹਾਡੇ ਲਈ ਸੁਗਾਤ ਹਨ ਤਾਂ ਜੋ ਤੁਸੀਂ ਮੈਨੂੰ ਪ੍ਰਵਾਨ ਕਰ ਸਕੋਂ।” 9 ਪਰ ਏਸਾਓ ਨੇ ਆਖਿਆ, “ਭਰਾਵਾ, ਮੇਰੇ ਕੋਲ ਅਪਾਰ ਹੈ। ਜੋ ਤੇਰੇ ਕੋਲ ਹੈ ਉਸਨੂੰ ਰੱਖ।” 10 ਯਾਕੂਬ ਨੇ ਆਖਿਆ, “ਨਹੀਂ! ਮੈਂ ਤੁਹਾਨੂੰ ਬੇਨਤੀ ਕਰਦਾ ਹਾਂ। ਜੇ ਤੁਸੀਂ ਸੱਚਮੁੱਚ ਮੈਨੂੰ ਪ੍ਰਵਾਨ ਕਰਦੇ ਹੋ ਤਾਂ ਇਹ ਸਾਰੀਆਂ ਸੁਗਾਤਾਂ ਮੇਰੇ ਵੱਲੋਂ ਕਬੂਲ ਕਰੋ। ਮੈਨੂੰ ਇੱਕ ਵਾਰੀ ਫ਼ੇਰ ਤੁਹਾਡਾ ਚਿਹਰਾ ਵੇਖਕੇ ਬਹੁਤ ਖੁਸ਼ੀ ਹੋਈ ਹੈ। ਇਹ ਪਰਮੇਸ਼ੁਰ ਦਾ ਚਿਹਰਾ ਦੇਖਣ ਵਰਗੀ ਗੱਲ ਹੈ। ਮੈਨੂੰ ਇਹ ਦੇਖਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਮੈਨੂੰ ਪ੍ਰਵਾਨ ਕਰਦੇ ਹੋ। 11 ਇਸ ਲਈ ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਮੇਰੀਆਂ ਇਹ ਸੁਗਾਤਾਂ ਵੀ ਪ੍ਰਵਾਨ ਕਰੋ। ਪਰਮੇਸ਼ੁਰ ਦੀ ਮੇਰੇ ਉੱਤੇ ਅਪਾਰ ਕਿਰਪਾ ਹੈ। ਮੇਰੇ ਕੋਲ ਮੇਰੀਆਂ ਲੋੜਾਂ ਨਾਲੋਂ ਵਧੇਰੇ ਹੈ।” ਇਸ ਤਰ੍ਹਾਂ ਯਾਕੂਬ ਨੇ ਏਸਾਓ ਨੂੰ ਸੁਗਾਤਾਂ ਲੈਣ ਲਈ ਬੇਨਤੀ ਕੀਤੀ। ਇਸ ਲਈ ਏਸਾਓ ਨੇ ਸੁਗਾਤਾਂ ਪ੍ਰਵਾਨ ਕਰ ਲਈਆਂ। 12 ਫ਼ੇਰ ਏਸਾਓ ਨੇ ਆਖਿਆ, “ਹੁਣ ਤੁਸੀਂ ਆਪਣਾ ਸਫ਼ਰ ਜਾਰੀ ਰੱਖ ਸਕਦੇ ਹੋਂ। ਮੈਂ ਤੁਹਾਡੇ ਨਾਲ ਜਾਵਾਂਗਾ।” 13 ਪਰ ਯਾਕੂਬ ਨੇ ਉਸਨੂੰ ਆਖਿਆ, “ਤੁਸੀਂ ਜਾਣਦੇ ਹੋ ਕਿ ਮੇਰੇ ਬੱਚੇ ਕਮਜ਼ੋਰ ਹਨ। ਅਤੇ ਮੈਨੂੰ ਆਪਣੇ ਇੱਜੜਾਂ ਅਤੇ ਉਨ੍ਹਾਂ ਦੇ ਜਵਾਨ ਪਸ਼ੂਆਂ ਦਾ ਬਹੁਤ ਧਿਆਨ ਰਖਣਾ ਪਵੇਗਾ। ਜੇ ਮੈਂ ਉਨ੍ਹਾਂ ਨੂੰ ਇੱਕ ਦਿਨ ਵਿੱਚ ਬਹੁਤ ਦੂਰ ਤੁਰਨ ਲਈ ਮਜ਼ਬੂਰ ਕਰਦਾ ਹਾਂ ਤਾਂ ਸਾਰੇ ਪਸ਼ੂ ਮਰ ਜਾਣਗੇ। 14 ਇਸ ਲਈ ਤੁਸੀਂ ਅੱਗੇ ਚੱਲੋ। ਮੈਂ ਹੌਲੀ-ਹੌਲੀ ਤੁਹਾਡੇ ਪਿੱਛੇ ਆਵਾਂਗਾ। ਮੈਂ ਆਪਣੇ ਪਸ਼ੂਆਂ ਅਤੇ ਹੋਰ ਜਾਨਵਰਾਂ ਕਾਰਣ ਕਾਫ਼ੀ ਹੌਲੀ ਚੱਲਾਂਗਾ ਤਾਂ ਜੋ ਉਹ ਸੁਰਖਿਅਤ ਰਹਿਣ ਅਤੇ ਮੇਰੇ ਬੱਚੇ ਬਹੁਤ ਜ਼ਿਆਦਾ ਨਾ ਥੱਕ ਜਾਣ। ਮੈਂ ਤੁਹਾਨੂੰ ਸੇਈਰ ਵਿੱਚ ਮਿਲਾਂਗਾ।” 15 ਇਸ ਲਈ ਏਸਾਓ ਨੇ ਆਖਿਆ, “ਤਾਂ ਫ਼ੇਰ ਮੈਂ ਆਪਣੇ ਕੁਝ ਬੰਦੇ ਤੁਹਾਡੀ ਸਹਾਇਤਾ ਲਈ ਛੱਡ ਦਿਆਂਗਾ।”ਪਰ ਯਾਕੂਬ ਨੇ ਆਖਿਆ, “ਇਹ ਤਾਂ ਤੁਹਾਡੀ ਬਹੁਤ ਮਿਹਰਬਾਨੀ ਹੈ। ਪਰ ਇਸਦੀ ਕੋਈ ਲੋੜ ਨਹੀਂ।” 16 ਇਸ ਲਈ ਉਸ ਦਿਨ, ਏਸਾਓ ਨੇ ਆਪਣੇ ਨਗਰ ਵੱਲ ਵਾਪਸ ਆਪਣਾ ਸਫ਼ਰ ਸ਼ੁਰੂ ਕਰ ਦਿੱਤਾ। 17 ਪਰ ਯਾਕੂਬ ਸੁਕੋਥ ਨੂੰ ਚਲਾ ਗਿਆ। ਉਸ ਥਾਂ ਉਸਨੇ ਆਪਣੇ ਰਹਿਣ ਲਈ ਇੱਕ ਘਰ ਬਣਾਇਆ ਅਤੇ ਆਪਣੇ ਪਸ਼ੂਆਂ ਲਈ ਛੋਟੇ ਬਾੜੇ। ਇਸੇ ਲਈ ਉਸ ਥਾਂ ਦਾ ਨਾਮ ਸੁਕੋਥ ਰੱਖਿਆ ਗਿਆ। 18 ਯਾਕੂਬ ਨੇ ਪਦਮ ਅਰਾਮ ਤੋਂ ਆਪਣਾ ਸਫ਼ਰ ਸਫ਼ਲਤਾ ਨਾਲ ਪੂਰਾ ਕੀਤਾ ਜਦੋਂ ਉਹ ਕਨਾਨ ਦੇ ਸ਼ਹਿਰ ਸ਼ਕਮ ਪਹੁੰਚ ਗਿਆ ਯਾਕੂਬ ਨੇ ਸ਼ਹਿਰ ਦੇ ਨੇੜੇ ਇੱਕ ਮੈਦਾਨ ਵਿੱਚ ਆਪਣਾ ਡੇਰਾ ਲਾ ਲਿਆ। 19 ਜਿਸ ਮੈਦਾਨ ਵਿੱਚ ਯਾਕੂਬ ਨੇ ਡੇਰਾ ਲਾਇਆ ਸੀ ਉਹ ਉਸਨੇ ਸ਼ਕਮ ਦੇ ਪਿਤਾ ਹਮੋਰ ਦੇ ਪਰਿਵਾਰ ਤੋਂ ਖਰੀਦਿਆ ਹੋਇਆ ਸੀ। ਯਾਕੂਬ ਨੇ ਇਸ ਲਈ 100 ਚਾਂਦੀ ਦੇ ਸਿੱਕੇ ਦਿੱਤੇ ਸਨ। 20 ਯਾਕੂਬ ਨੇ ਉਥੇ ਪਰਮੇਸ਼ੁਰ ਦੀ ਉਪਾਸਨਾ ਲਈ ਇੱਕ ਜਗਵੇਦੀ ਉਸਾਰੀ। ਯਾਕੂਬ ਨੇ ਉਸ ਥਾਂ ਦਾ ਨਾਮ “ਏਲ, ਇਸਰਾਏਲ ਦਾ ਪਰਮੇਸ਼ੁਰ,” ਧਰਿਆ।

Genesis 34

1 ਦੀਨਾਹ ਲੇਆਹ ਅਤੇ ਯਾਕੂਬ ਦੀ ਧੀ ਸੀ। ਇੱਕ ਦਿਨ ਦੀਨਾਹ ਉਸ ਥਾਂ ਦੀਆਂ ਔਰਤਾਂ ਨੂੰ ਮਿਲਣ ਗਈ। 2 ਉਸ ਧਰਤੀ ਦਾ ਰਾਜਾ ਹਮੋਰ ਸੀ। ਉਸ ਦੇ ਪੁੱਤਰ ਸ਼ਕਮ ਨੇ ਦੀਨਾਹ ਨੂੰ ਦੇਖਿਆ। ਸ਼ਕਮ ਨੇ ਉਸਨੂੰ ਅਗਵਾ ਕਰ ਲਿਆ ਅਤੇ ਉਸਦਾ ਬਲਾਤਕਾਰ ਕੀਤਾ। 3 ਫ਼ੇਰ ਸ਼ਕਮ ਦਾ ਦੀਨਾਹ ਨਾਲ ਪਿਆਰ ਪੈ ਗਿਆ ਅਤੇ ਉਸ ਨਾਲ ਨਮਰਤਾ ਨਾਲ ਗੱਲ ਕੀਤੀ। 4 ਸ਼ਕਮ ਨੇ ਆਪਣੇ ਪਿਤਾ ਨੂੰ ਆਖਿਆ, “ਮਿਹਰਬਾਨੀ ਕਰਕੇ ਮੇਰੇ ਲਈ ਇਹ ਕੁੜੀ ਲੈ ਆਉ ਤਾਂ ਜੋ ਮੈਂ ਇਸ ਨਾਲ ਸ਼ਾਦੀ ਕਰ ਸਕਾਂ।” 5 ਯਾਕੂਬ ਨੂੰ ਪਤਾ ਲਗਿਆ ਕਿ ਮੁੰਡੇ ਨੇ ਉਸਦੀ ਧੀ ਨੂੰ ਕਲੰਕਤ ਕਰ ਦਿੱਤਾ ਸੀ। ਪਰ ਯਾਕੂਬ ਦੇ ਸਾਰੇ ਪੁੱਤਰ ਖੇਤਾਂ ਵਿੱਚ ਆਪਣੇ ਜਾਨਵਰ ਚਾਰਨ ਲਈ ਗਏ ਹੋਏ ਸਨ। ਇਸ ਲਈ ਉਨ੍ਹਾਂ ਦੇ ਵਾਪਸ ਆਉਣ ਤੋਂ ਪਹਿਲਾਂ ਯਾਕੂਬ ਨੇ ਕੁਝ ਨਹੀਂ ਕੀਤਾ। 6 ਉਸ ਸਮੇਂ ਸ਼ਕਮ ਦਾ ਪਿਤਾ ਹਮੋਰ ਯਾਕੂਬ ਨਾਲ ਗੱਲ ਕਰਨ ਲਈ ਗਿਆ। 7 ਜਿਉਂ ਹੀ ਯਾਕੂਬ ਦੇ ਪੁੱਤਰਾਂ ਨੇ ਇਸ ਬਾਰੇ ਸੁਣਿਆ, ਉਹ ਖੇਤਾਂ ਵਿੱਚੋਂ ਆ ਗਏ। ਉਹ ਇਸ ਭਿਆਨਕ ਹਾਦਸੇ ਕਾਰਣ ਗੁੱਸੇ ਨਾਲ ਭਰ ਗਏ ਜੋ ਸ਼ਕਮ ਨੇ ਯਕੂਬ ਦੀ ਧੀ ਨਾਲ ਜਿਨਸੀ ਸੰਬੰਧ ਬਣਾਕੇ ਕੀਤਾ ਸੀ। ਇਸਰਾਏਲੀਆਂ ਦਰਮਿਆਨ ਅਜਿਹਾ ਅਮਲ ਮੰਜ਼ੂਰ ਨਹੀਂ ਹੈ। 8 ਪਰ ਹਮੋਰ ਨੇ ਭਰਾਵਾਂ ਨਾਲ ਗੱਲ ਕੀਤੀ। ਉਸਨੇ ਆਖਿਆ, “ਮੇਰਾ ਪੁੱਤਰ ਸ਼ਕਮ ਦੀਨਾਹ ਨੂੰ ਬਹੁਤ ਚਾਹੁੰਦਾ ਹੈ। ਕਿਰਪਾ ਕਰਕੇ ਉਸਨੂੰ ਉਸਦੇ ਨਾਲ ਵਿਆਹ ਕਰ ਲੈਣ ਦਿਉ। 9 ਇਸ ਸ਼ਾਦੀ ਤੋਂ ਇਹ ਲੱਗੇ ਕਿ ਸਾਡਾ ਖਾਸ ਇਕਰਾਰਨਾਮਾ ਹੈ। ਫ਼ੇਰ ਸਾਡੇ ਆਦਮੀ ਤੁਹਾਡੀਆਂ ਔਰਤਾਂ ਨਾਲ ਸ਼ਾਦੀ ਕਰ ਸਕਣਗੇ, ਅਤੇ ਤੁਹਾਡੇ ਆਦਮੀ ਸਾਡੀਆਂ ਔਰਤਾਂ ਨਾਲ ਸ਼ਾਦੀ ਕਰ ਸਕਣਗੇ। 10 ਤੁਸੀਂ ਇੱਕੋ ਧਰਤੀ ਉੱਤੇ ਸਾਡੇ ਨਾਲ ਰਹਿ ਸਕੋਂਗੇ। ਤੁਸੀਂ ਜ਼ਮੀਨ ਰੱਖਣ ਵਿੱਚ ਅਤੇ ਇੱਥੇ ਵਪਾਰ ਕਰਨ ਵਿੱਚ ਆਜ਼ਾਦ ਹੋਵੋਂਗ਼ੇ।” 11 ਸ਼ਕਮ ਨੇ ਵੀ ਯਾਕੂਬ ਅਤੇ ਭਰਾਵਾਂ ਨਾਲ ਗੱਲ ਕੀਤੀ। ਸ਼ਕਮ ਨੇ ਆਖਿਆ, “ਕਿਰਪਾ ਕਰਕੇ ਮੈਨੂੰ ਪ੍ਰਵਾਨ ਕਰੋ। ਮੈਂ ਹਰ ਉਹ ਗੱਲ ਕਰਾਗਾ ਜਿਹੜੀ ਤੁਸੀਂ ਮੈਨੂੰ ਕਰਨ ਲਈ ਆਖੋਂਗੇ। 12 ਮੈਂ ਤੁਹਾਨੂੰ ਕੋਈ ਵੀ ਸੁਗਾਤ ਦੇ ਦੇਵਾਂਗਾ ਜਿਹੜੀ ਤੁਸੀਂ ਚਾਹੁੰਦੇ ਹੋ, ਜੇ ਤੁਸੀਂ ਸਿਰਫ਼ ਮੈਨੂੰ ਦੀਨਾਹ ਨਾਲ ਸ਼ਾਦੀ ਕਰਨ ਦਿਉ। ਤੁਸੀਂ ਜੋ ਮਂਗੋਗੇ, ਮੈਂ ਦੇਵਾਂਗਾ, ਪਰ ਮੈਨੂੰ ਦੀਨਾਹ ਨਾਲ ਸ਼ਾਦੀ ਕਰਨ ਦਿਉ। 13 ਯਾਕੂਬ ਦੇ ਪੁੱਤਰਾਂ ਨੇ ਸ਼ਕਮ, ਜਿਸਨੇ ਉਨ੍ਹਾਂ ਦੀ ਭੈਣ ਨੂੰ ਕਲੰਕਤ ਕੀਤਾ ਸੀ ਅਤੇ ਉਸਦੇ ਪਿਤਾ ਹਮੋਰੇ ਨੂੰ ਗੁਮਰਾਹ ਕਰਨ ਦਾ ਫ਼ੈਸਲਾ ਕੀਤਾ। 14 ਇਸ ਲਈ ਭਰਾਵਾਂ ਨੇ ਉਸਨੂੰ ਆਖਿਆ, “ਅਸੀਂ ਤੈਨੂੰ ਆਪਣੀ ਭੈਣ ਨਾਲ ਸ਼ਾਦੀ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ ਕਿਉਂਕਿ ਹਾਲੇ ਤੀਕ ਤੇਰੀ ਸੁੰਨਤ ਨਹੀਂ ਹੋਈ। ਸਾਡੀ ਭੈਣ ਦਾ ਤੇਰੇ ਨਾਲ ਸ਼ਾਦੀ ਕਰਨਾ ਗਲਤ ਗੱਲ ਹੋਵੇਗੀ। 15 ਪਰ ਅਸੀਂ ਤੈਨੂੰ ਉਸ ਨਾਲ ਸ਼ਾਦੀ ਕਰਨ ਦੀ ਇਜਾਜ਼ਤ ਦੇ ਸਕਦੇ ਹਾਂ ਜੇ ਤੂੰ ਇੱਕ ਗੱਲ ਕਰੇਂ: ਤੇਰੇ ਕਸਬੇ ਦੇ ਹਰ ਆਦਮੀ ਦੀ ਸਾਡੇ ਵਾਂਗ ਸੁੰਨਤ ਹੋਣੀ ਚਾਹੀਦੀ ਹੈ। 16 ਫ਼ੇਰ ਤੁਹਾਡੇ ਆਦਮੀ ਸਾਡੀਆਂ ਔਰਤਾਂ ਨਾਲ ਸ਼ਾਦੀ ਕਰਨਗੇ, ਅਤੇ ਸਾਡੇ ਆਦਮੀ ਤੁਹਾਡੀਆਂ ਔਰਤਾਂ ਨਾਲ ਸ਼ਾਦੀ ਕਰ ਸਕਣਗੇ। ਫ਼ੇਰ ਅਸੀਂ ਇੱਕੋ ਜਿਹੇ ਲੋਕ ਹੋ ਜਾਵਾਂਗੇ। 17 ਜੇ ਤੂੰ ਸੁੰਨਤ ਕਰਨ ਤੋਂ ਇਨਕਾਰ ਕਰੇਂਗਾ ਤਾਂ ਅਸੀਂ ਦੀਨਾਹ ਨੂੰ ਦੂਰ ਲੈ ਜਾਵਾਂਗੇ।” 18 ਇਸ ਇਕਰਾਰਨਾਮੇ ਨਾਲ ਹਮੋਰੇ ਅਤੇ ਸ਼ਕਮ ਨੂੰ ਬਹੁਤ ਖੁਸ਼ੀ ਹੋਈ। 19 ਸ਼ਕਮ ਦੀਨਾਹ ਦੇ ਭਰਾਵਾਂ ਦੇ ਆਖੇ ਅਨੁਸਾਰ ਕਰਨ ਲਈ ਬੜੀ ਜਲਦੀ ਵਿੱਚ ਸੀ, ਕਿਉਂਕਿ ਉਹ ਉਸ ਨਾਲ ਪਿਆਰ ਕਰਦਾ ਸੀ।ਸ਼ਕਮ ਆਪਣੇ ਪਰਿਵਾਰ ਦਾ ਸਭ ਤੋਂ ਇੱਜ਼ਤਦਾਰ ਆਦਮੀ ਸੀ। 20 ਹਮੋਰੇ ਅਤੇ ਸ਼ਕਮ ਆਪਣੇ ਸ਼ਹਿਰ ਦੀ ਸਭਾ ਵਾਲੀ ਥਾਂ ਉੱਤੇ ਗਏ। ਉਨ੍ਹਾਂ ਨੇ ਸ਼ਹਿਰ ਦੇ ਆਦਮੀਆਂ ਨਾਲ ਗੱਲ ਕੀਤੀ ਅਤੇ ਆਖਿਆ, 21 “ਇਸਰਾਏਲ ਦੇ ਇਹ ਲੋਕ ਸਾਡੇ ਨਾਲ ਦੋਸਤੀ ਪਾਉਣਾ ਚਾਹੁੰਦੇ ਹਨ। ਅਸੀਂ ਉਨ੍ਹਾਂ ਨੂੰ ਆਪਣੀ ਧਰਤੀ ਉੱਤੇ ਰਹਿਣ ਦੇਣਾ ਚਾਹੁੰਦੇ ਹਾਂ ਅਤੇ ਉਨ੍ਹਾਂ ਨਾਲ ਸ਼ਾਂਤੀ ਕਾਇਮ ਕਰਨਾ ਚਾਹੁੰਦੇ ਹਾਂ। ਸਾਡੇ ਕੋਲ ਸਾਰਿਆ ਲਈ ਕਾਫ਼ੀ ਥਾਂ ਹੈ। ਅਸੀਂ ਉਨ੍ਹਾਂ ਦੀਆਂ ਔਰਤਾਂ ਨਾਲ ਸ਼ਾਦੀ ਕਰਨ ਲਈ ਸੁਤੰਤਰ ਹਾਂ। ਅਤੇ ਅਸੀਂ ਉਨ੍ਹਾਂ ਨਾਲ ਆਪਣੀਆਂ ਔਰਤਾਂ ਦੀ ਸ਼ਾਦੀ ਕਰਨ ਵਿੱਚ ਖੁਸ਼ੀ ਹਾਸਿਲ ਕਰਾਂਗੇ। 22 ਪਰ ਉਹ ਸਾਡੇ ਨਾਲ ਰਹਿਣ ਅਤੇ ਇੱਕ ਹੋਣ ਲਈ ਤਾਂ ਹੀ ਰਾਜ਼ੀ ਹੋਣਗੇ ਜੇ ਸਾਡੇ ਆਦਮੀ ਉਨ੍ਹਾਂ ਵਾਂਗ ਸੁੰਨਤ ਕਰਾਉਣ ਲਈ ਰਾਜ਼ੀ ਹੋ ਜਾਣ। 23 ਜੇ ਅਸੀਂ ਅਜਿਹਾ ਕਰਾਂਗੇ, ਤਾਂ ਅਸੀਂ ਉਨ੍ਹਾਂ ਦੇ ਸਾਰੇ ਪਸ਼ੂਆਂ ਅਤੇ ਜਾਨਵਰਾਂ ਨਾਲ ਮਾਲਾਮਾਲ ਹੋ ਜਾਵਾਂਗੇ। ਇਸ ਲਈ ਸਾਨੂੰ ਉਨ੍ਹਾਂ ਨਾਲ ਇਹ ਇਕਰਾਰਨਾਮਾ ਕਰ ਲੈਣਾ ਚਾਹੀਦਾ ਹੈ ਅਤੇ ਉਹ ਇੱਥੇ ਸਾਡੇ ਨਾਲ ਰਹਿ ਪੈਣਗੇ।” 24 ਇਸ ਸਭਾ ਸਥਾਨ ਉੱਤੇ ਹਾਜ਼ਰ ਜਿਨ੍ਹਾਂ ਲੋਕਾਂ ਨੇ ਇਹ ਗੱਲ ਸੁਣੀ ਉਹ ਹਮੋਰ ਅਤੇ ਸ਼ਕਮ ਨਾਲ ਸਹਿਮਤ ਹੋਏ। ਅਤੇ ਉਸੇ ਵੇਲੇ ਹਰ ਆਦਮੀ ਨੇ ਸੁੰਨਤ ਕਰਾ ਲਈ। 25 ਤਿੰਨਾ ਦਿਨਾ ਮਗਰੋਂ, ਜਿਨ੍ਹਾਂ ਆਦਮੀਆਂ ਦੀ ਸੁੰਨਤ ਕੀਤੀ ਗਈ ਸੀ ਜਦੋਂ ਹਾਲੇ ਉਹ ਦਰਦ ਵਿੱਚ ਸਨ, ਯਾਕੂਬ ਦੇ ਪੁੱਤਰਾਂ, ਸ਼ਿਮਓਨ, ਅਤੇ ਲੇਵੀ ਨੂੰ ਪਤਾ ਸੀ ਕਿ ਇਸ ਵੇਲੇ ਆਦਮੀ ਕਮਜ਼ੋਰ ਹੋਣਗੇ। ਇਸ ਲਈ ਉਨ੍ਹਾ ਨੇ ਆਪਣੀਆਂ ਤਲਵਾਰਾਂ ਲਈਆਂ ਅਤੇ ਅਚਾਨਕ ਹੀ ਨਗਰ ਵਿੱਚ ਆ ਵੜੇ ਅਤੇ ਉਥੋਂ ਦੇ ਸਾਰੇ ਆਦਮੀਆਂ ਨੂੰ ਮਾਰ ਦਿੱਤਾ। 26 ਦੀਨਾਹ ਦੇ ਭਰਾਵਾਂ, ਸ਼ਿਮਓਨ ਅਤੇ ਲੇਵੀ ਨੇ ਹਮੋਰੇ ਅਤੇ ਉਸਦੇ ਪੁੱਤਰ ਸ਼ਕਮ ਨੂੰ ਮਾਰ ਦਿੱਤਾ। ਉਨ੍ਹਾਂ ਨੇ ਦੀਨਾਹ ਨੂੰ ਸ਼ਕਮ ਦੇ ਘਰੋਂ ਬਾਹਰ ਲਿਆਂਦਾ ਅਤੇ ਚਲੇ ਗਏ। 27 ਯਾਕੂਬ ਦੇ ਪੁੱਤਰ ਨਗਰ ਵਿੱਚ ਗਏ ਅਤੇ ਉਥੋਂ ਦੀ ਹਰ ਸ਼ੈਅ ਲੁੱਟ ਲਈ। ਉਹ ਹਾਲੇ ਵੀ ਗੁੱਸੇ ਵਿੱਚ ਸਨ ਕਿਉਂਕਿ ਸ਼ਕਮ ਨੇ ਉਨ੍ਹਾਂ ਦੀ ਭੈਣ ਨੂੰ ਕਲੰਕਤ ਕੀਤਾ ਸੀ। 28 ਇਸ ਲਈ ਭਰਾਵਾਂ ਨੇ ਉਨ੍ਹਾਂ ਦੇ ਸਾਰੇ ਜਾਨਵਰਾਂ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ। ਉਨ੍ਹਾਂ ਨੇ ਉਨ੍ਹਾਂ ਦੇ ਸਾਰੇ ਖੋਤੇ ਅਤੇ ਸ਼ਹਿਰ ਦੇ ਖੇਤਾਂ ਦੀ ਹਰ ਸ਼ੈਅ ਲੁੱਟ ਲਈ। 29 ਭਰਾਵਾਂ ਨੇ ਉਨ੍ਹਾਂ ਲੋਕਾਂ ਦੀਆਂ ਔਰਤਾਂ ਅਤੇ ਬੱਚਿਆਂ ਨੂੰ ਆਪਣੇ ਕਾਬੂ ਵਿੱਚ ਲੈ ਲਿਆ। 30 ਪਰ ਯਾਕੂਬ ਨੇ ਸ਼ਿਮਓਨ ਅਤੇ ਲੇਵੀ ਨੂੰ ਆਖਿਆ, “ਤੁਸੀਂ ਮੇਰੇ ਲਈ ਕਈ ਦੁੱਖਾਂ ਦੇ ਕਾਰਣ ਬਣੇ ਹੋ ਇਸ ਥਾਂ ਦੇ ਸਾਰੇ ਲੋਕ ਮੈਨੂੰ ਨਫ਼ਰਤ ਕਰਨਗੇ। ਸਾਰੇ ਕਨਾਨੀ ਲੋਕ ਅਤੇ ਪਰਿਜ਼ੀ ਲੋਕ ਮੇਰੇ ਵਿਰੁੱਧ ਹੋ ਜਾਣਗੇ। ਅਸੀਂ ਗਿਣਤੀ ਵਿੱਚ ਬਹੁਤ ਘੱਟ ਹਾਂ। ਜੇ ਇਸ ਥਾਂ ਦੇ ਸਾਰੇ ਲੋਕ ਇਕਠੇ ਹੋਕੇ ਸਾਡੇ ਨਾਲ ਲੜਾਈ ਕਰਨ ਲਈ ਆ ਗਏ, ਮੈਂ ਤਬਾਹ ਹੋ ਜਾਵਾਂਗਾ, ਅਤੇ ਮੇਰੇ ਨਾਲ ਮੇਰੇ ਸਾਰੇ ਲੋਕ ਵੀ ਤਬਾਹ ਹੋ ਜਾਣਗੇ।” 31 ਪਰ ਭਰਾਵਾਂ ਨੇ ਆਖਿਆ, “ਕੀ ਸਾਨੂੰ ਉਨ੍ਹਾਂ ਲੋਕਾਂ ਨੂੰ ਆਪਣੀ ਭੈਣ ਨਾਲ ਵੇਸਵਾ ਵਰਗਾ ਵਿਹਾਰ ਕਰਨ ਦੇਣਾ ਚਾਹੀਦਾ ਹੈ? ਨਹੀਂ!”

Genesis 35

1 ਪਰਮੇਸ਼ੁਰ ਨੇ ਯਾਕੂਬ ਨੂੰ ਆਖਿਆ, “ਬੈਤਏਲ ਸ਼ਹਿਰ ਚਲਾ ਜਾਹ। ਉਥੇ ਰਹਿ ਅਤੇ ਉਪਾਸਨਾ ਲਈ ਇੱਕ ਜਗਵੇਦੀ ਉਸਾਰ। ਏਲ ਨੂੰ ਯਾਦ ਕਰ, ਉਹ ਪਰਮੇਸ਼ੁਰ ਜਿਹੜਾ ਤੈਨੂੰ ਉਦੋਂ ਦਿਖਾਈ ਦਿੱਤਾ ਸੀ ਜਦੋਂ ਤੂੰ ਆਪਣੇ ਭਰਾ ਏਸਾਓ ਕੋਲੋਂ ਭੱਜ ਰਿਹਾ ਸੀ। ਉਸ ਪਰਮੇਸ਼ੁਰ ਦੀ ਉਪਾਸਨਾ ਲਈ ਉਥੇ ਜਗਵੇਦੀ ਉਸਾਰ।” 2 ਇਸ ਲਈ ਯਾਕੂਬ ਨੇ ਆਪਣੇ ਪਰਿਵਾਰ ਅਤੇ ਆਪਣੇ ਸਾਰੇ ਨੌਕਰਾਂ ਨੂੰ ਆਖਿਆ, “ਉਨ੍ਹਾਂ ਲੱਕੜ ਅਤੇ ਧਾਤ ਦੇ ਬਣੇ ਹੋਏ ਸਾਰੇ ਵਿਦੇਸ਼ੀ ਦੇਵਤਿਆਂ ਨੂੰ ਤਬਾਹ ਕਰ ਦਿਉ ਜਿਹੜੇ ਤੁਹਾਡੇ ਕੋਲ ਹਨ। ਆਪਣੇ-ਆਪ ਨੂੰ ਪਵਿੱਤਰ ਬਣਾਉ ਅਤੇ ਸਾਫ਼ ਵਸਤਰ ਪਹਿਨੋ। 3 ਅਸੀਂ ਇਹ ਥਾਂ ਛੱਡ ਦਿਆਂਗੇ ਅਤੇ ਬੈਤਏਲ ਨੂੰ ਚਲੇ ਜਾਵਾਂਗੇ। ਉਸ ਥਾਂ ਮੈਂ ਉਸ ਪਰਮੇਸ਼ੁਰ ਲਈ ਜਗਵੇਦੀ ਉਸਾਰਾਂਗਾ ਜਿਸਨੇ ਮੁਸ਼ਕਿਲ ਵੇਲੇ ਮੇਰੀ ਸਹਾਇਤਾ ਕੀਤੀ ਸੀ। ਅਤੇ ਜਿਥੇ ਵੀ ਮੈਂ ਗਿਆ ਹਾਂ ਉਹ ਪਰਮੇਸ਼ੁਰ ਹਮੇਸ਼ਾ ਮੇਰੇ ਅੰਗ-ਸੰਗ ਰਿਹਾ ਹੈ।” 4 ਇਸ ਲਈ ਲੋਕਾਂ ਨੇ ਆਪਣੇ ਕੋਲ ਰਖੇ ਹੋਏ ਸਾਰੇ ਵਿਦੇਸ਼ੀ ਦੇਵਤੇ ਯਾਕੂਬ ਦੇ ਹਵਾਲੇ ਕਰ ਦਿੱਤੇ। ਅਤੇ ਉਨ੍ਹਾਂ ਨੇ ਆਪਣੇ ਕੰਨਾਂ ਵਿੱਚ ਪਾਈਆਂ ਹੋਈਆਂ ਸਾਰੀਆਂ ਮੁੰਦਰਾਂ ਵੀ ਦੇ ਦਿੱਤੀਆਂ। ਯਾਕੂਬ ਨੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਸ਼ਕਮ ਨਾਮ ਦੇ ਕਸਬੇ ਦੇ ਨੇੜੇ ਇੱਕ ਓਕ ਦੇ ਰੁਖ ਹੇਠਾਂ ਦੱਬ ਦਿੱਤਾ। 5 ਯਾਕੂਬ ਅਤੇ ਉਸਦੇ ਪੁੱਤਰ ਉਸ ਥਾਂ ਤੋਂ ਚਲੇ ਗਏ। ਉਸ ਇਲਾਕੇ ਦੇ ਲੋਕ ਉਨ੍ਹਾਂ ਦਾ ਪਿੱਛਾ ਕਰਨ ਅਤੇ ਉਨ੍ਹਾਂ ਨੂੰ ਮਾਰ ਦੇਣ ਚਾਹੁੰਦੇ ਸਨ। ਪਰ ਉਹ ਬਹੁਤ ਡਰ ਗਏ ਅਤੇ ਉਨ੍ਹਾਂ ਨੇ ਯਾਕੂਬ ਦਾ ਪਿੱਛਾ ਨਹੀਂ ਕੀਤਾ। 6 ਇਸ ਲਈ ਯਾਕੂਬ ਅਤੇ ਉਸਦੇ ਬੰਦੇ ਲੂਜ਼ ਵਿਖੇ ਚਲੇ ਗਏ। ਲੂਜ਼ ਦਾ ਨਾਮ ਹੁਣ ਬੈਤਏਲ ਹੈ। ਇਹ ਕਨਾਨ ਦੀ ਧਰਤੀ ਉੱਤੇ ਹੈ। 7 ਯਾਕੂਬ ਨੇ ਉਥੇ ਇੱਕ ਜਗਵੇਦੀ ਉਸਾਰੀ। ਯਾਕੂਬ ਨੇ ਉਸ ਥਾਂ ਦਾ ਨਾਮ “ਏਲ ਬੈਤਏਲ” ਰੱਖਿਆ। ਯਾਕੂਬ ਨੇ ਇਹ ਨਾਮ ਇਸ ਲਈ ਚੁਣਿਆ ਕਿਉਂਕਿ ਇਹੀ ਉਹ ਥਾਂ ਸੀ ਜਿਥੇ ਉਸਨੂੰ ਪਰਮੇਸ਼ੁਰ ਉਸ ਵੇਲੇ ਦਿਖਾਈ ਦਿੱਤਾ ਸੀ ਜਦੋਂ ਉਹ ਆਪਣੇ ਭਰਾ ਕੋਲੋਂ ਭੱਜ ਰਿਹਾ ਸੀ। 8 ਦੋਬਰਾਹ, ਰਿਬਕਾਹ ਦੀ ਦਾਸੀ, ਉਥੇ ਹੀ ਮਰੀ। ਉਨ੍ਹਾਂ ਨੇ ਉਸਨੂੰ ਉਥੇ ਬੈਤਏਲ ਵਿਖੇ ਇੱਕ ਓਕ ਦੇ ਰੁਖ ਹੇਠਾਂ ਦਫ਼ਨਾ ਦਿੱਤਾ। ਉਨ੍ਹਾਂ ਨੇ ਇਸ ਥਾਂ ਦਾ ਨਾਮ ਅੱਲੋਨ ਬਾਕੂਥ ਰੱਖਿਆ। 9 ਜਦੋਂ ਯਾਕੂਬ ਪਦਨ ਆਰਾਮ ਤੋਂ ਵਾਪਸ ਆਇਆ ਤਾਂ ਇੱਕ ਵਾਰ ਫ਼ੇਰ ਉਸਨੂੰ ਪਰਮੇਸ਼ੁਰ ਦਿਖਾਈ ਦਿੱਤਾ। ਅਤੇ ਪਰਮੇਸ਼ੁਰ ਨੇ ਯਾਕੂਬ ਨੂੰ ਅਸੀਸ ਦਿੱਤੀ। 10 ਪਰਮੇਸ਼ੁਰ ਨੇ ਯਾਕੂਬ ਨੂੰ ਆਖਿਆ, “ਤੇਰਾ ਨਾਮ ਯਾਕੂਬ ਹੈ। ਪਰ ਮੈਂ ਇਸ ਨਾਮ ਨੂੰ ਬਦਲ ਦਿਆਂਗਾ। ਹੁਣ ਤੇਰਾ ਨਾਮ ਯਾਕੂਬ ਨਹੀਂ ਹੋਵੇਗਾ। ਤੇਰਾ ਨਵਾਂ ਨਾਮ ਇਸਰਾਏਲ ਹੋਵੇਗਾ।” ਇਸ ਲਈ ਪਰਮੇਸ਼ੁਰ ਨੇ ਉਸ ਦਾ ਨਵਾਂ ਨਾਮ ਇਸਰਾਏਲ ਰੱਖ ਦਿੱਤਾ। 11 ਪਰਮੇਸ਼ੁਰ ਨੇ ਉਸਨੂੰ ਆਖਿਆ, “ਮੈਂ ਸਰਬ ਸ਼ਕਤੀਮਾਨ ਪਰਮੇਸ਼ੁਰ। ਹਾਂ। ਅਤੇ ਮੈਂ ਤੈਨੂੰ ਇਹ ਅਸੀਸ ਦਿੰਦਾ ਹਾਂ: ਬਹੁਤ ਔਲਾਦ ਪੈਦਾ ਕਰ ਅਤੇ ਮਹਾਨ ਕੌਮ ਦੀ ਸਾਜਨਾ ਕਰ। ਹੋਰ ਕੌਮਾਂ ਅਤੇ ਹੋਰ ਰਾਜੇ ਤੇਰੇ ਤੋਂ ਪੈਦਾ ਹੋਣਗੇ। 12 ਮੈਂ ਅਬਰਾਹਾਮ ਅਤੇ ਇਸਹਾਕ ਨੂੰ ਕੁਝ ਖਾਸ ਧਰਤੀ ਦਿੱਤੀ ਸੀ। ਹੁਣ ਮੈਂ ਉਹ ਧਰਤੀ ਤੈਨੂੰ ਦਿੰਦਾ ਹਾਂ। ਅਤੇ ਮੈਂ ਉਹ ਧਰਤੀ ਤੇਰੇ ਉਨ੍ਹਾਂ ਸਮੂਹ ਲੋਕਾਂ ਨੂੰ ਵੀ ਦਿੰਦਾ ਹਾਂ ਜਿਹੜੇ ਤੇਰੇ ਮਗਰੋਂ ਜਿਉਂਦੇ ਹੋਣਗੇ।” 13 ਫ਼ੇਰ ਪਰਮੇਸ਼ੁਰ ਉਸ ਥਾਂ ਤੋਂ ਚਲਿਆ ਗਿਆ। 14 ਯਾਕੂਬ ਨੇ ਉਸ ਥਾਂ ਉੱਤੇ ਯਾਦਗਾਰੀ ਪੱਥਰ ਸਥਾਪਿਤ ਕੀਤਾ। ਯਾਕੂਬ ਨੇ ਪੱਥਰ ਨੂੰ ਮੈਅ ਅਤੇ ਤੇਲ ਛਿੜਕਕੇ ਪਵਿੱਤਰ ਬਣਾਇਆ। ਇਹ ਥਾਂ ਇਸ ਲਈ ਖਾਸ ਹੈ ਕਿਉਂਕਿ ਇੱਥੇ ਪਰਮੇਸ਼ੁਰ ਨੇ ਯਾਕੂਬ ਨਾਲ ਗੱਲ ਕੀਤੀ ਸੀ। ਯਾਕੂਬ ਨੇ ਉਸ ਥਾਂ ਦਾ ਨਾਮ ਬੈਤਏਲ ਰੱਖਿਆ। 15 16 ਯਾਕੂਬ ਅਤੇ ਉਸਦੇ ਟੋਲੇ ਨੇ ਬੈਤਏਲ ਛੱਡ ਦਿੱਤਾ। ਜਦੋਂ ਹਾਲੇ ਉਹ ਅਫ਼ਰਾਥ (ਬੈਤਲਹਮ) ਤੋਂ ਥੋੜੀ ਜਿਹੀ ਦੂਰੀ ਤੇ ਹੀ ਸਨ, ਰਾਖੇਲ ਨੇ ਜਨਮ ਦੇਣਾ ਸ਼ੁਰੂ ਕਰ ਦਿੱਤਾ ਅਤੇ ਉਸਨੂੰ ਸਖ਼ਤ ਗਰਭ ਪੀੜਾਂ ਹੋਣ ਲੱਗ ਪਈਆਂ। 17 ਜਦੋਂ ਰਾਖੇਲ ਨੂੰ ਇਹ ਬੱਚਾ ਜਨਣ ਵਿੱਚ ਇੰਨੀ ਤਕਲੀਫ਼ ਹੋ ਰਹੀ ਸੀ ਦਾਈ ਨੇ ਇਹ ਵੇਖਕੇ ਆਖਿਆ, “ਰਾਖੇਲ ਡਰ ਨਹੀਂ। ਤੂੰ ਇੱਕ ਹੋਰ ਪੁੱਤਰ ਨੂੰ ਜਨਮ ਦੇ ਰਹੀਂ ਹੈਂ।” 18 ਪੁੱਤਰ ਨੂੰ ਜਨਮ ਦਿੰਦਿਆਂ ਰਾਖੇਲ ਦੀ ਮੌਤ ਹੋ ਗਈ। ਮਰਨ ਤੋਂ ਪਹਿਲਾਂ, ਰਾਖੇਲ ਨੇ ਲੜਕੇ ਦਾ ਨਾਮ ਬਨ-ਓਨੀ ਰੱਖਿਆ। ਪਰ ਯਾਕੂਬ ਨੇ ਉਸਨੂੰ ਬਿਨਯਾਮੀਨ ਨਾਮ ਦਿੱਤਾ। 19 ਅਫ਼ਰਾਥ ਦੇ ਰਸਤੇ ਉੱਤੇ ਰਾਖੇਲ ਨੂੰ ਦਫ਼ਨਾ ਦਿੱਤਾ ਗਿਆ। (ਅਫ਼ਰਾਥ ਬੈਤਲਹਮ ਹੈ।) 20 ਅਤੇ ਯਾਕੂਬ ਨੇ ਰਾਖੇਲ ਦੀ ਕਬਰ ਦਾ ਆਦਰ ਕਰਦਿਆਂ ਉਥੇ ਖਾਸ ਪੱਥਰ ਰੱਖ ਦਿੱਤਾ। ਇਹ ਖਾਸ ਪੱਥਰ ਅੱਜ ਵੀ ਉਥੇ ਹੈ। ਫ਼ੇਰ ਇਸਰਾਏਲ (ਯਾਕੂਬ) ਨੇ ਆਪਣਾ ਸਫ਼ਰ ਜਾਰੀ ਰੱਖਿਆ। ਉਸਨੇ ਏਦਰ ਮੀਨਾਰ ਦੇ ਦਖਣ ਵੱਲ ਡੇਰਾ ਲਾ ਲਿਆ। 21 ਜਦੋਂ ਇਸਰਾਏਲ ਉਥੇ ਰਹਿ ਰਿਹਾ ਸੀ, ਤਾਂ ਰਊਬੇਨ ਇਸਰਾਏਲ ਦੀ ਦਾਸੀ ਬਿਲਹਾਹ ਨਾਲ ਸੁੱਤਾ। ਇਸਰਾਏਲ ਨੇ ਇਸ ਬਾਰੇ ਸੁਣਿਆ।ਯਾਕੂਬ ਦੇ 12 ਪੁੱਤਰ ਸਨ। 22 23 ਯਾਕੂਬ ਅਤੇ ਲੇਆਹ ਦੇ ਪੁੱਤਰ ਸਨ: ਯਾਕੂਬ ਦਾ ਪਲੇਠਾ ਪੁੱਤਰ ਰਊਬੇਨ, ਸ਼ਿਮਓਨ, ਲੇਵੀ, ਯਹੂਦਾਹ, ਯਿੱਸਾਕਾਰ ਅਤੇ ਜ਼ਬੂਲੁਨ। 24 ਯਾਕੂਬ ਅਤੇ ਰਾਖੇਲ ਦੇ ਪੁੱਤਰ ਸਨ ਯੂਸੁਫ਼ ਅਤੇ ਬਿਨਯਾਮੀਨ। 25 ਬਿਲਹਾਹ ਰਾਖੇਲ ਦੀ ਦਾਸੀ ਸੀ। ਯਾਕੂਬ ਅਤੇ ਬਿਲਹਾਹ ਦੇ ਪੁੱਤਰ ਸਨ ਦਾਨ ਅਤੇ ਨਫ਼ਤਾਲੀ। 26 ਜ਼ਿਲਪਾਹ ਲੇਆਹ ਦੀ ਦਾਸੀ ਸੀ। ਯਾਕੂਬ ਅਤੇ ਜ਼ਲਪਾਹ ਦੇ ਪੁੱਤਰ ਸਨ ਗਾਦ ਅਤੇ ਆਸ਼ੇਰ।ਇਹ ਯਾਕੂਬ ਦੇ ਪੁੱਤਰ ਸਨ ਜਿਹੜੇ ਪਦਨ ਅਰਾਮ ਵਿਖੇ ਜਨਮੇ ਸਨ। 27 ਯਾਕੂਬ ਕਿਰਿਯਥ ਅਰਬਾ (ਹਬਰੋਨ) ਵਿੱਚ ਆਪਣੇ ਪਿਤਾ ਇਸਹਾਕ ਕੋਲ ਮਮਰੇ ਵਿਖੇ ਚਲਾ ਗਿਆ। ਇਹੀ ਉਹ ਥਾਂ ਹੈ ਜਿਥੇ ਅਬਰਾਹਾਮ ਅਤੇ ਇਸਹਾਕ ਰਹਿ ਚੁੱਕੇ ਸਨ। 28 ਇਸਹਾਕ 180 ਵਰ੍ਹੇ ਜੀਵਿਆ। 29 ਫ਼ੇਰ ਇਸਹਾਕ ਕਮਜ਼ੋਰ ਹੋ ਗਿਆ ਅਤੇ ਉਸਦੀ ਮੌਤ ਹੋ ਗਈ। ਇਸਹਾਕ ਨੇ ਲੰਮੀ ਭਰਪੂਰ ਜ਼ਿੰਦਗੀ ਜੀਵੀ ਸੀ। ਉਸਦੇ ਪੁੱਤਰਾਂ ਏਸਾਓ ਅਤੇ ਯਾਕੂਬ ਨੇ ਉਸਨੂੰ ਉਸਦੇ ਪਿਤਾ ਵਾਲੀ ਥਾਵੇਂ ਹੀ ਦਫ਼ਨਾ ਦਿੱਤਾ।

Genesis 36

1 ਏਸਾਓ (ਅਦੋਮ) ਦੇ ਪਰਿਵਾਰ ਦਾ ਇਤਿਹਾਸ। 2 ਏਸਾਓ ਨੇ ਕਨਾਨ ਦੀ ਧਰਤੀ ਦੀਆਂ ਔਰਤਾਂ ਨਾਲ ਸ਼ਾਦੀ ਕੀਤੀ। ਏਸਾਓ ਦੀਆਂ ਪਤਨੀਆਂ ਸਨ: ਆਦਾਹ, ਜੋ ਹਿੱਤੀ ਏਲੋਨ ਦੀ ਧੀ ਸੀ, ਅਤੇ ਆਹਾਲੀਬਾਮਾਹ, ਜੋ ਹਿੱਤੀ ਸਿਬਓਨ ਦੇ ਪੁੱਤਰ ਅਨਾਹ ਦੀ ਧੀ ਸੀ। 3 ਬਾਸਮਾਥ, ਨਬਾਯੋਥ ਦੀ ਭੈਣ, ਇਸਮਾਏਲ ਦੀ ਧੀ। 4 ਏਸਾਓ ਅਤੇ ਆਦਾਹ ਦਾ ਇੱਕ ਪੁੱਤਰ ਸੀ ਅਲੀਫ਼ਾਜ਼। ਬਾਸਮਥ ਦਾ ਪੁੱਤਰ ਸੀ ਰਊਏਲ। 5 ਅਤੇ ਆਹਾਲੀਬਮਾਹ ਦੇ ਤਿੰਨ ਪੁੱਤਰ ਸਨ: ਯਊਸ਼, ਯਾਲਾਮ ਅਤੇ ਕੋਰਹ। ਇਹ ਏਸਾਓ ਦੇ ਪੁੱਤਰ ਸਨ ਜਿਨ੍ਹਾਂ ਦਾ ਜਨਮ ਕਨਾਨ ਦੀ ਧਰਤੀ ਉੱਤੇ ਹੋਇਆ ਸੀ। 6 ਯਾਕੂਬ ਅਤੇ ਏਸਾਓ ਦੇ ਪਰਿਵਾਰ ਇੰਨੇ ਵਧ ਗਏ ਕਿ ਕਨਾਨ ਦੀ ਧਰਤੀ ਉੱਤੇ ਉਨ੍ਹਾਂ ਦਾ ਗੁਜ਼ਾਰਾ ਨਹੀਂ ਸੀ ਹੋ ਸਕਦਾ। ਇਸ ਲਈ ਏਸਾਓ ਨੇ ਕਨਾਨ ਛੱਡ ਦਿੱਤਾ ਅਤੇ ਆਪਣੇ ਭਰਾ ਯਾਕੂਬ ਤੋਂ ਦੂਰ ਚਲਾ ਗਿਆ। ਏਸਾਓ ਨੇ ਆਪਣੀਆਂ ਪਤਨੀਆਂ ਆਪਣੇ ਪੁੱਤਰਾਂ-ਧੀਆਂ ਅਤੇ ਆਪਣੇ ਸਾਰੇ ਗੁਲਾਮਾਂ, ਗਊਆਂ ਅਤੇ ਹੋਰ ਪਸ਼ੂਆਂ ਅਤੇ ਆਪਣੀ ਕਨਾਨ ਵਿੱਚ ਜਮ੍ਹਾਂ ਕੀਤੀ ਹਰ ਸ਼ੈਅ ਨਾਲ ਲਈ ਅਤੇ ਸੇਈਰ ਦੇ ਪਹਾੜੀ ਪ੍ਰਦੇਸ਼ ਵੱਲ ਚਲਾ ਗਿਆ। (ਏਸਾਓ ਦਾ ਨਾਮ ਅਦੋਮ ਵੀ ਹੈ - ਅਤੇ ਇਹੀ ਸੇਈਰ ਦੇਸ਼ ਦਾ ਦੂਸਰਾ ਨਾਮ ਵੀ ਹੈ।) 7 8 9 ਏਸਾਓ, ਅਦੋਮ ਦੇ ਲੋਕਾਂ ਦਾ ਪਿਤਾਮਾ ਹੈ। ਸੇਈਰ (ਅਦੋਮ) ਦੇ ਪਹਾੜੀ ਪ੍ਰਦੇਸ਼ ਵਿੱਚ ਰਹਿਣ ਵਾਲੇ ਏਸਾਓ ਦੇ ਪਰਿਵਾਰ ਦੇ ਨਾਮ ਇਹ ਹਨ: 10 ਇਹ ਨਾਮ ਏਸਾਓ ਦੇ ਉੱਤਰਾਧਿਕਾਰੀਆਂ ਦੇ ਸਨ: ਏਸਾਓ ਅਤੇ ਆਦਾਹ ਦਾ ਪੁੱਤਰ ਸੀ ਅਲੀਫ਼ਾਜ਼। ਏਸਾਓ ਅਤੇ ਬਾਸਮਥ ਦਾ ਪੁੱਤਰ ਸੀ ਰਊਏਲ। 11 ਅਲੀਫ਼ਾਜ਼ ਦੇ ਪੁੱਤਰ ਸਨ: ਤੇਮਾਨ, ਓਮਾਰ, ਸਫ਼ੋ, ਗਾਤਾਮ ਅਤੇ ਕਨਜ਼। 12 ਏਸਾਓ ਦੇ ਪੁੱਤਰ ਅਲੀਫ਼ਾਜ਼ ਦੀ ਇੱਕ ਤਿਮਨਾ ਨਾਮ ਦੀ ਦਾਸੀ ਸੀ। ਤਿਮਨਾ ਅਤੇ ਅਲੀਫ਼ਾਜ਼ ਦਾ ਪੁੱਤਰ ਅਮਾਲੇਕ ਸੀ। ਇਹ ਏਸਾਓ ਦੀ ਪਤਨੀ ਆਦਾਹ ਦੇ ਉੱਤਰਾਧਿਕਾਰੀ ਸਨ। 13 ਰਊਏਲ ਦੇ ਪੁੱਤਰ ਸਨ: ਨਹਥ, ਜ਼ਰਹ, ਸ਼ੰਮਾਹ ਅਤੇ ਮਿਜ਼ਾਹ੍ਹ। 14 ਏਸਾਓ ਦੀ ਹੋਰ ਪਤਨੀ ਅਨਾਹ ਦੀ ਧੀ, ਆਹਾਲੀਬਾਮਾਹ ਸੀ। ਅਨਾਹ ਸਿਬਾਓਨ ਦਾ ਪੁੱਤਰ ਸੀ। ਏਸਾਓ ਅਤੇ ਆਹਾਲੀਬਾਮਾਹ ਦੇ ਬੱਚੇ ਸਨ: ਯਊਸ, ਯਾਲਾਮ ਅਤੇ ਕੋਰਹ। 15 ਇਹ ਉਹ ਪਰਿਵਾਰ-ਸਮੂਹ ਹਨ ਜੋ ਏਸਾਓ (ਅਦੋਮ) ਤੋਂ ਜਨਮੇ ਸਨ: 16 ਕੋਰਹ, ਗਾਤਾਮ ਅਤੇ ਅਮਾਲੇਕ। ਅਦੋਮ ਦੀ ਧਰਤੀ ਵਿੱਚ ਇਹ ਅਲੀਫ਼ਾਜ਼ ਦੇ ਉੱਤਰਾਧਿਕਾਰੀ ਸਨ। 17 ਏਸਾਓ ਦੇ ਪੁੱਤਰ ਰਊਏਲ ਇਨ੍ਹਾਂ ਪਰਿਵਾਰਾਂ ਦਾ ਪੁਰਖਾ ਸੀ: ਨਹਥ, ਜ਼ਰਹ, ਸ਼ੰਮਾਹ ਅਤੇ ਮਿਜ਼ਾਹ। 18 ਏਸਾਓ ਦੀ ਪਤਨੀ ਆਹਾਲੀਬਾਮਾਹ, ਅਨਾਹ ਦੀ ਧੀ, ਨੇ ਯਊਸ, ਯਲਾਮ ਅਤੇ ਕੋਰਹ ਨੂੰ ਜਨਮ ਦਿੱਤਾ। ਇਹ ਤਿੰਨੇ ਆਦਮੀ ਆਪਣੇ ਪਰਿਵਾਰਾਂ ਦੇ ਪਿਤਾਮਾ ਸਨ। 19 ਇਹ ਸਾਰੇ ਆਦਮੀ ਏਸਾਓ (ਅਦੋਮ) ਤੋਂ ਪੈਦਾ ਹੋਏ ਪਰਿਵਾਰਕ ਆਗੂ ਸਨ। 20 ਏਸਾਓ ਤੋਂ ਪਹਿਲਾਂ ਅਦੋਮ ਵਿੱਚ ਇੱਕ ਹੋਰੀ ਆਦਮੀ ਸੇਈਰ ਵਿੱਚ ਰਹਿੰਦਾ ਸੀ। ਸੇਈਰ ਦੇ ਪੁੱਤਰ ਇਹ ਸਨ: 21 ਦਿਸ਼ੋਨ, ਏਸਰ, ਦੀਸ਼ਾਨ। ਇਹ ਸਾਰੇ ਪੁੱਤਰ ਅਦੋਮ ਦੀ ਧਰਤੀ ਵਿੱਚ ਸੇਈਰ ਤੋਂ ਹੋਰੀ ਪਰਿਵਾਰਾਂ ਦੇ ਆਗੂ ਸਨ। 22 ਲੋਟਾਨ ਹੋਰੀ ਅਤੇ ਹੇਮਾਮ ਦਾ ਪਿਤਾ ਸੀ। (ਤਿਮਨਾ ਲੋਟਾਨ ਦੀ ਭੈਣ ਸੀ।) 23 ਸੋਬਾਨ ਅਲਵਾਨ, ਮਾਨਹਥ, ਏਬਾਲ ਸ਼ਫ਼ੋ ਅਤੇ ਓਨਾਮ ਦਾ ਪਿਤਾ ਸੀ। 24 ਸਿਬਓਨ ਦੇ ਦੋ ਪੁੱਤਰ ਸਨ ਅਯਾਹ ਅਤੇ ਅਨਾਹ। (ਅਨਾਹ ਉਹ ਆਦਮੀ ਹੈ ਜਿਸਨੇ ਪਹਾੜਾਂ ਵਿੱਚ ਗਰਮ ਪਾਣੀ ਦੇ ਚਸ਼ਮਿਆਂ ਦੀ ਖੋਜ਼ ਕੀਤੀ ਸੀ, ਜਦੋਂ ਉਹ ਆਪਣੇ ਪਿਤਾ ਦੇ ਗਧਿਆਂ ਦੀ ਦੇਖ-ਭਾਲ ਕਰ ਰਿਰਾ ਸੀ।) 25 ਦਿਸ਼ੋਨ ਅਨਾਹ ਦਾ ਪੁੱਤਰ ਸੀ, ਅਤੇ ਆਹਾਲੀਬਾਮਾਹ ਅਨਾਹ ਦੀ ਧੀ ਸੀ। 26 ਦੀਸ਼ਾਨ ਦੇ ਪੁੱਤਰ ਸਨ: ਹਮਦਾਨ, ਅਸੁਬਾਨ, ਯਿਤਰਾਨ ਅਤੇ ਕਰਾਨ। 27 ਏਸਰੇ ਦੇ ਪੁੱਤਰ ਸਨ: ਬਿਲਹਾਨ, ਜ਼ਾਵਾਨ ਅਤੇ ਅਕਾਨ। 28 ਦੀਸ਼ਾਨ ਦੇ ਪੁੱਤਰ ਸਨ: ਊਸ ਅਤੇ ਅਰਾਨ। 29 ਹੋਰੀ ਪਰਿਵਾਰਾਂ ਦੇ ਆਗੂਆਂ ਦੇ ਨਾਮ ਇਹ ਹਨ: ਲੋਟਾਨ, ਸੋਬਾਲ, ਸਿਬਓਨ, ਅਨਾਹ, 30 ਦਿਸ਼ੋਨ, ਏਸਰ ਅਤੇ ਦੀਸ਼ਾਨ। ਇਹ ਆਦਮੀ ਆਪਣੇ ਪਰਿਵਾਰਾਂ ਦੇ ਹੋਰੀ ਆਗੂ ਸਨ ਜਿਹੜੇ ਸੇਈਰ (ਅਦੋਮ) ਦੇਸ਼ ਵਿੱਚ ਰਹਿੰਦੇ ਸਨ। 31 ਉਸ ਸਮੇਂ, ਅਦੋਮ ਵਿੱਚ ਕਈ ਰਾਜੇ ਸਨ। ਅਦੋਮ ਵਿੱਚ ਇਸਰਾਏਲ ਤੋਂ ਬਹੁਤ ਪਹਿਲਾਂ ਰਾਜੇ ਸਨ। 32 ਬਓਰ ਦਾ ਪੁੱਤਰ ਬਲਾ ਉਹ ਰਾਜਾ ਸੀ ਜਿਹੜਾ ਅਦੋਮ ਵਿੱਚ ਰਾਜ ਕਰਦਾ ਸੀ। ਉਹ ਦਿਨਹਾਬਾਹ ਸ਼ਹਿਰ ਉੱਤੇ ਰਾਜ ਕਰਦਾ ਸੀ। 33 ਜਦੋਂ ਬਲਾ ਮਰਿਆ, ਯੋਬਾਬ ਰਾਜਾ ਬਣ ਗਿਆ। ਯੋਬਾਬ ਜ਼ਰਹ ਦਾ ਪੁੱਤਰ ਸੀ। ਉਸਨੇ ਬਸਰੇ ਦੇ ਸ਼ਹਿਰ ਵਿੱਚ ਸ਼ਾਸਨ ਕੀਤਾ। 34 ਜਦੋਂ ਯੋਬਾਬ ਮਰਿਆ, ਹੁਸਾਮ ਰਾਜਾ ਬਣ ਗਿਆ। ਹੁਸਾਮ ਤੇਮਾਨੀ ਲੋਕਾਂ ਦੀ ਧਰਤੀ ਵਿੱਚੋਂ ਸੀ। 35 ਹੁਸਾਮ ਦੀ ਮੌਤ ਤੋਂ ਬਾਦ, ਹਦਦ ਰਾਜਾ ਬਣ ਗਿਆ। ਹਦਦ ਬਦਦ ਦਾ ਪੁੱਤਰ ਸੀ। (ਹਦਦ ਉਹ ਆਦਮੀ ਸੀ ਜਿਸਨੇ ਮੋਆਬ ਦੇ ਦੇਸ਼ ਮਿਦਯਾਨ ਨੂੰ ਹਰਾਇਆ ਸੀ।) ਹਦਦ ਅਵੀਤ ਨਗਰ ਤੋਂ ਸੀ। 36 ਜਦੋਂ ਹਦਦ ਮਰਿਆ ਤਾਂ ਸਮਲਾਹ ਨੇ ਉਸ ਦੇਸ਼ ਉੱਤੇ ਰਾਜ ਕੀਤਾ। ਸਮਲਾਹ ਮਸਰੇਕਾਹ ਦਾ ਰਹਿਣ ਵਾਲਾ ਸੀ। 37 ਜਦੋਂ ਸਮਲਾਹ ਮਰਿਆ ਤਾਂ ਸਾਊਲ ਨੇ ਉਸ ਇਲਾਕੇ ਉੱਤੇ ਰਾਜ ਕੀਤਾ। ਸਾਊਲ ਫ਼ਰਾਤ ਨਦੀ ਉੱਤੇ ਵਸੇ ਰਹੋਬੋਥ ਦਾ ਰਹਿਣ ਵਾਲਾ ਸੀ। 38 ਜਦੋਂ ਸਾਊਲ ਮਰਿਆ, ਤਾਂ ਉਸ ਦੇਸ਼ ਉੱਤੇ ਬਆਲ ਹਾਨਾਨ ਨੇ ਰਾਜ ਕੀਤਾ। ਬਆਲ ਹਾਨਾਨ ਅਕਬੋਰ ਦਾ ਪੁੱਤਰ ਸੀ। 39 ਜਦੋਂ ਬਆਲ ਹਨਾਨ, ਅਕਬੋਰ ਦਾ ਪੁੱਤਰ ਮਰਿਆ, ਹਦਰ ਰਾਜਾ ਬਣ ਗਿਆ। ਹਦਦ ਪਾਊ ਨਗਰ ਤੋਂ ਸੀ। ਹਦਦ ਦੀ ਪਤਨੀ ਦਾ ਨਾਮ ਮਹੇਟਬਏਲ ਸੀ ਜੋ ਮਟਰੇਦ ਦੀ ਧੀ ਸੀ। ਮੇਜ਼ਾਹਾਬ ਮਟਰੇਦ ਦਾ ਪਿਤਾ ਸੀ। 40 ਏਸਾਓ ਇਨ੍ਹਾਂ ਅਦੋਮੀ ਪਰਿਵਾਰਾਂ ਦਾ ਪਿਤਾਮਾ ਸੀ: 41 42 43

Genesis 37

1 ਯਾਕੂਬ ਕਨਾਨ ਦੀ ਧਰਤੀ ਵਿੱਚ ਠਹਿਰ ਗਿਆ ਅਤੇ ਰਹਿਣ ਲੱਗਾ। ਇਹ ਓਹੀ ਧਰਤੀ ਹੈ ਜਿਥੇ ਉਸਦਾ ਪਿਤਾ ਰਹਿੰਦਾ ਸੀ। 2 ਯਾਕੂਬ ਦੇ ਪਰਿਵਾਰ ਦੀ ਕਹਾਣੀ ਇਸ ਪ੍ਰਕਾਰ ਹੈ।ਯੂਸੁਫ਼ 17 ਵਰ੍ਹਿਆਂ ਦਾ ਨੌਜਵਾਨ ਸੀ। ਉਸਦਾ ਕਿੱਤਾ ਭੇਡਾਂ ਅਤੇ ਬੱਕਰੀਆਂ ਚਾਰਨਾ ਸੀ। ਯੂਸੁਫ਼ ਨੇ ਇਹ ਕੰਮ ਆਪਣੇ ਭਰਾਵਾਂ ਨਾਲ ਮਿਲਕੇ ਕੀਤਾ; ਜਿਹੜੇ ਬਿਲਹਾਹ ਅਤੇ ਜ਼ਿਲਪਾਹ ਦੇ ਪੁੱਤਰ ਸਨ। (ਬਿਲਹਾਹ ਅਤੇ ਜ਼ਿਲਪਾਹ ਉਸਦੇ ਪਿਤਾ ਦੀਆਂ ਪਤਨੀਆਂ ਸਨ।) ਯੂਸੁਫ਼ ਨੇ ਆਪਣੇ ਪਿਤਾ ਨੂੰ ਆਪਣੇ ਭਰਾਵਾਂ ਬਾਰੇ ਮਾੜੀਆਂ ਗੱਲਾਂ ਕਹੀਆਂ। 3 ਯੂਸੁਫ਼ ਉਸ ਵੇਲੇ ਜੰਮਿਆ ਸੀ ਜਦੋਂ ਉਸਦਾ ਪਿਤਾ ਯਾਕੂਬ ਬਹੁਤ ਬਿਰਧ ਹੋ ਚੁੱਕਾ ਸੀ। ਇਸ ਲਈ ਯਾਕੂਬ ਯੂਸੁਫ਼ ਨੂੰ ਆਪਣੇ ਹੋਰਨਾਂ ਪੁੱਤਰਾਂ ਨਾਲੋਂ ਵਧੇਰੇ ਪਿਆਰ ਕਰਦਾ ਸੀ। ਯਾਕੂਬ ਨੇ ਆਪਣੇ ਪੁੱਤਰ ਨੂੰ ਇੱਕ ਖਾਸ ਕੋਟ ਦਿੱਤਾ। ਇਹ ਕੋਟ ਲੰਮਾ ਸੀ ਅਤੇ ਬਹੁਤ ਖੂਬਸੂਰਤ ਸੀ। 4 ਯੂਸੁਫ਼ ਦੇ ਭਰਾਵਾਂ ਨੇ ਦੇਖਿਆ ਕਿ ਉਨ੍ਹਾਂ ਦਾ ਪਿਤਾ ਯੂਸੁਫ਼ ਨੂੰ ਉਨ੍ਹਾਂ ਨਾਲੋਂ ਵਧੇਰੇ ਪਿਆਰ ਕਰਦਾ ਸੀ, ਉਹ ਆਪਣੇ ਭਰਾ ਨਾਲ ਇੰਨੀ ਨਫ਼ਰਤ ਕਰਦੇ ਸਨ ਉਹ ਉਸਨੂੰ ਨਮਸਕਾਰ ਵੀ ਨਹੀਂ ਬੁਲਾਉਂਦੇ ਸਨ। 5 ਇੱਕ ਸਮੇਂ ਯੂਸੁਫ਼ ਨੂੰ ਇੱਕ ਖਾਸ ਸੁਪਨਾ ਆਇਆ। ਬਾਦ ਵਿੱਚ ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਇਸ ਸੁਪਨੇ ਬਾਰੇ ਦੱਸਿਆ। ਇਸਤੋਂ ਮਗਰੋਂ ਉਸਦੇ ਭਰਾ ਉਸਨੂੰ ਹੋਰ ਵੀ ਵਧੇਰੇ ਨਫ਼ਰਤ ਕਰਨ ਲੱਗੇ। 6 ਯੂਸੁਫ਼ ਨੇ ਆਖਿਆ, “ਉਸ ਸੁਪਨੇ ਨੂੰ ਸੁਣੋ ਜੋ ਮੈਨੂੰ ਆਇਆ।” 7 ਅਸੀਂ ਸਾਰੇ ਖੇਤਾਂ ਵਿੱਚ ਕੰਮ ਕਰ ਰਹੇ ਸੀ। ਅਸੀਂ ਕਣਕ ਦੀਆਂ ਭਰੀਆਂ ਬੰਨ੍ਹ ਰਹੇ ਸੀ। ਫ਼ੇਰ ਮੇਰੀ ਭਰੀ ਉਠ ਖਲੋਤੀ। ਇਹ ਖਲੋਤੀ ਸੀ ਜਦੋਂ ਕਿ ਹੋਰ ਸਾਰੀਆਂ ਮੇਰੇ ਵਾਲੀ ਦੇ ਆਲੇ-ਦੁਆਲੇ ਚਕਰ ਲਾ ਰਹੀਆਂ ਸਨ। ਫ਼ੇਰ ਤੁਹਾਡੀਆਂ ਸਾਰੀਆਂ ਕਣਕ ਦੀਆਂ ਭਰੀਆਂ ਨੇ ਮੇਰੀ ਭਰੀ ਵੱਲ ਸਿਰ ਝੁਕਾਇਆ।” 8 ਉਸਦੇ ਭਰਾਵਾਂ ਨੇ ਆਖਿਆ, “ਕੀ ਤੂੰ ਸੋਚਦਾ ਹੈਂ ਕਿ ਇਸਦਾ ਅਰਥ ਇਹ ਹੈ ਕਿ ਤੂੰ ਰਾਜਾ ਬਣੇਂਗਾ ਅਤੇ ਸਾਡੇ ਉੱਤੇ ਰਾਜ ਕਰੇਂਗਾ?” ਉਸਦੇ ਭਰਾ ਯੂਸੁਫ਼ ਨੂੰ ਹੁਣ ਹੋਰ ਵੀ ਨਫ਼ਰਤ ਕਰਦੇ ਸਨ ਕਿਉਂਕਿ ਉਹ ਉਨ੍ਹਾਂ ਬਾਰੇ ਇਹੋ ਜਿਹੇ ਸੁਪਨੇ ਲੈਂਦਾ ਸੀ। 9 ਫ਼ੇਰ ਯੂਸੁਫ਼ ਨੂੰ ਇੱਕ ਹੋਰ ਸੁਪਨਾ ਆਇਆ। ਯੂਸੁਫ਼ ਨੇ ਇਸ ਸੁਪਨੇ ਬਾਰੇ ਆਪਣੇ ਭਰਾਵਾ ਨੂੰ ਦੱਸਿਆ। ਯੂਸੁਫ਼ ਨੇ ਆਖਿਆ, “ਮੈਨੂੰ ਇੱਕ ਹੋਰ ਸੁਪਨਾ ਆਇਆ ਹੈ। ਮੈਂ ਸੂਰਜ, ਚੰਨ ਅਤੇ 11 ਤਾਰਿਆਂ ਨੂੰ ਮੇਰੇ ਅੱਗੇ ਝੁਕਦਿਆਂ ਵੇਖਿਆ।” 10 ਜਦੋਂ ਯੂਸੁਫ਼ ਨੇ ਇਹ ਸੁਪਨਾ ਆਪਣੇ ਪਿਤਾ ਅਤੇ ਆਪਣੇ ਭਰਾਵਾਂ ਨੂੰ ਸੁਣਾਇਆ, ਉਸਦੇ ਪਿਤਾ ਨੇ ਉਸਨੂੰ ਝਿੜਕਿਆ, “ਇਹ ਕਿਹੋ ਜਿਹਾ ਸੁਪਨਾ ਹੈ? ਕੀ ਤੇਰੀ ਮਾਂ, ਤੇਰੇ ਭਰਾ ਅਤੇ ਮੈਂ ਤੇਰੇ ਅੱਗੇ ਧਰਤੀ ਉੱਤੇ ਝੁਕਾਂਗੇ?” 11 ਯੂਸੁਫ਼ ਦੇ ਭਰਾ ਉਸ ਨਾਲ ਈਰਖਾ ਕਰਦੇ ਰਹੇ। ਪਰ ਯੂਸੁਫ਼ ਦੇ ਪਿਤਾ ਨੇ ਇਨ੍ਹਾਂ ਗੱਲਾਂ ਬਾਰੇ ਬਹੁਤ ਸੋਚ ਵਿਚਾਰ ਕੀਤੀ ਅਤੇ ਇਹ ਸੋਚਕੇ ਹੈਰਾਨ ਹੋਣ ਲੱਗਾ ਕਿ ਇਸਦਾ ਕੀ ਅਰਥ ਹੋ ਸਕਦਾ। 12 ਇੱਕ ਦਿਨ ਯੂਸੁਫ਼ ਦੇ ਭਰਾ ਆਪਣੇ ਪਿਤਾ ਦੀਆਂ ਭੇਡਾਂ ਚਾਰਨ ਸ਼ਕਮ ਵੱਲ ਚਲੇ ਗਏ। 13 ਇਸਰਾਏਲ ਨੇ ਯੂਸੁਫ਼ ਨੂੰ ਆਖਿਆ, “ਸ਼ਕਮ ਨੂੰ ਚਲਾ ਜਾਹ। ਉਥੇ ਤੇਰੇ ਭਰਾ ਮੇਰੀਆਂ ਭੇਡਾਂ ਸਾਂਭ ਰਹੇ ਹਨ।”ਯੂਸੁਫ਼ ਨੇ ਜਵਾਬ ਦਿੱਤਾ, “ਮੈਂ ਚਲਾ ਜਾਵਾਂਗਾ।” 14 ਯੂਸੁਫ਼ ਦੇ ਪਿਤਾ ਨੇ ਆਖਿਆ, “ਜਾਹ ਜਾਕੇ ਦੇਖ ਤੇਰੇ ਭਰਾ ਸੁਰਖਿਅਤ ਤਾਂ ਹਨ। ਆਕੇ ਮੈਨੂੰ ਇਹ ਦਸੀਂ ਕਿ ਮੇਰੀਆਂ ਭੇਡਾਂ ਠੀਕ-ਠਾਕ ਹਨ ਜਾਂ ਨਹੀਂ।” ਇਸ ਲਈ ਯੂਸੁਫ਼ ਦੇ ਪਿਤਾ ਨੇ ਉਸਨੂੰ ਹਬਰੋਨ ਦੀ ਵਾਦੀ ਤੋਂ ਸ਼ਕਮ ਭੇਜ ਦਿੱਤਾ। 15 ਸ਼ਕਮ ਜਾਕੇ ਯੂਸੁਫ਼ ਰਾਹ ਭੁੱਲ ਗਿਆ। ਇੱਕ ਆਦਮੀ ਨੇ ਉਸਨੂੰ ਖੇਤਾਂ ਵਿੱਚ ਭਟਕਦਿਆਂ ਹੋਇਆ ਦੇਖਿਆ। ਉਸ ਆਦਮੀ ਨੇ ਆਖਿਆ, “ਤੂੰ ਕੀ ਭਾਲ ਰਿਹਾ ਹੈਂ?” 16 ਯੂਸੁਫ਼ ਨੇ ਜਵਾਬ ਦਿੱਤਾ, “ਮੈਂ ਆਪਣੇ ਭਰਾਵਾਂ ਨੂੰ ਲਭ ਰਿਹਾ ਹਾਂ। ਕੀ ਤੂੰ ਮੈਨੂੰ ਦੱਸ ਸਕਦਾ ਹੈਂ ਕਿ ਉਹ ਆਪਣੀਆਂ ਭੇਡਾਂ ਨਾਲ ਕਿਥੇ ਹਨ?” 17 ਉਸ ਆਦਮੀ ਨੇ ਆਖਿਆ, “ਉਹ ਤਾਂ ਪਹਿਲਾਂ ਹੀ ਦੂਰ ਜਾ ਚੁੱਕੇ ਹਨ। ਮੈਂ ਉਨ੍ਹਾਂ ਨੂੰ ਆਖਦਿਆਂ ਸੁਣਿਆ ਸੀ ਕਿ ਉਹ ਦੋਥਾਨ ਜਾ ਰਹੇ ਹਨ।” ਇਸ ਲਈ ਯੂਸੁਫ਼ ਨੇ ਆਪਣੇ ਭਰਾਵਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਦੋਥਾਨ ਵਿੱਚ ਜਾ ਮਿਲਿਆ। 18 ਯੂਸੁਫ਼ ਦੇ ਭਰਾਵਾਂ ਨੇ ਉਸਨੂੰ ਦੂਰੋਂ ਆਉਂਦਿਆਂ ਦੇਖਿਆ। ਉਨ੍ਹਾਂ ਨੇ ਉਸਨੂੰ ਮਾਰ ਦੇਣ ਦੀ ਵਿਉਂਤ ਘੜੀ। 19 ਭਰਾਵਾਂ ਨੇ ਇੱਕ ਦੂਸਰੇ ਨੂੰ ਆਖਿਆ, “ਉਹ ਆਉਂਦਾ ਹੈ ਯੂਸੁਫ਼, ਸੁਪਨੇ ਲੈਣ ਵਾਲਾ। 20 ਸਾਨੂੰ ਜੇ ਹੋ ਸਕੇ ਤਾਂ ਹੁਣੇ ਹੀ ਮਾਰ ਦੇਣਾ ਚਾਹੀਦਾ ਹੈ। ਅਸੀਂ ਉਸਦੀ ਲਾਸ਼ ਕਿਸੇ ਸਖਣੇ ਖੂਹ ਵਿੱਚ ਸੁੱਟ ਦਿਆਂਗੇ। ਅਸੀਂ ਆਪਣੇ ਪਿਤਾ ਨੂੰ ਜਾਕੇ ਆਖ ਸਕਦੇ ਹਾਂ ਕਿ ਉਸਨੂੰ ਕਿਸੇ ਜੰਗਲੀ ਜਾਨਵਰ ਨੇ ਮਾਰ ਦਿੱਤਾ। ਫ਼ੇਰ ਅਸੀਂ ਸਿਧ ਕਰ ਦਿਆਂਗੇ ਕਿ ਉਸਦੇ ਸੁਪਨੇ ਝੂਠੇ ਹਨ।” 21 ਪਰ ਰਊਬੇਨ ਯੂਸੁਫ਼ ਨੂੰ ਬਚਾਉਣ ਚਾਹੁੰਦਾ ਸੀ। ਰਊਬੇਨ ਨੇ ਆਖਿਆ, “ਅਸੀਂ ਉਸਨੂੰ ਮਾਰੀਏ ਨਾ।” ਰਊਬੇਨ ਨੇ ਯੂਸੁਫ਼ ਨੂੰ ਬਚਾਉਣ ਅਤੇ ਉਸਨੂੰ ਆਪਣੇ ਪਿਤਾ ਕੋਲ ਭੇਜਣ ਦੀ ਵਿਉਂਤ ਬਣਾਈ ਸੀ। 22 ਯੂਸੁਫ਼ ਆਪਣੇ ਭਰਾਵਾਂ ਕੋਲ ਗਿਆ। ਉਨ੍ਹਾਂ ਨੇ ਉਸ ਉੱਤੇ ਹਮਲਾ ਕਰ ਦਿੱਤਾ ਅਤੇ ਉਸਦਾ ਲੰਮਾ ਖੂਬਸੂਰਤ ਕੋਟ ਪਾੜ ਦਿੱਤਾ। 23 24 ਫ਼ੇਰ ਉਨ੍ਹਾਂ ਨੇ ਉਸਨੂੰ ਫ਼ੜਕੇ ਇੱਕ ਸੁੱਕੇ ਖੂਹ ਵਿੱਚ ਸੁੱਟ ਦਿੱਤਾ। 25 ਜਦੋਂ ਯੂਸੁਫ਼ ਖੂਹ ਵਿੱਚ ਸੀ ਤਾਂ ਭਰਾ ਰੋਟੀ ਖਾਣ ਬੈਠ ਗਏ। ਫ਼ੇਰ ਉਨ੍ਹਾਂ ਨੇ ਦੇਖਿਆ ਕਿ ਵਪਾਰੀਆਂ ਦਾ ਇੱਕ ਟੋਲਾ ਗਿਲਆਦ ਤੋਂ ਮਿਸਰ ਵੱਲ ਜਾ ਰਿਹਾ ਸੀ। ਉਨ੍ਹਾਂ ਦੇ ਊਠਾਂ ਉੱਤੇ ਬਹੁਤ ਤਰ੍ਹਾਂ ਦੇ ਮਸਾਲੇ ਅਤੇ ਦੌਲਤਾਂ ਲੱਦੀਆਂ ਹੋਈਆਂ ਸਨ। 26 ਇਸ ਲਈ ਯਹੂਦਾਹ ਨੇ ਆਪਣੇ ਭਰਾਵਾਂ ਨੂੰ ਆਖਿਆ, “ਜੇ ਅਸੀਂ ਆਪਣੇ ਭਰਾ ਨੂੰ ਮਾਰ ਦਿਆਂਗੇ ਅਤੇ ਉਸਦੀ ਮੌਤ ਉੱਤੇ ਪਰਦਾ ਪਾ ਦਿਆਂਗੇ ਤਾਂ ਸਾਨੂੰ ਕੀ ਲਾਭ ਮਿਲੇਗਾ? 27 ਜੇ ਅਸੀਂ ਉਸਨੂੰ ਇਨ੍ਹਾਂ ਵਪਾਰੀਆਂ ਹੱਥ ਵੇਚ ਦੇਈਏ ਤਾਂ ਸਾਨੂੰ ਵਧੇਰੇ ਲਾਭ ਹੋਵੇਗਾ। ਫ਼ੇਰ ਸਾਨੂੰ ਆਪਣੇ ਭਰਾ ਨੂੰ ਮਾਰਨ ਦਾ ਪਾਪ ਵੀ ਨਹੀਂ ਲੱਗੇਗਾ।” ਦੂਸਰੇ ਭਰਾ ਮੰਨ ਗਏ। 28 ਜਦੋਂ ਮਿਦਿਯਾਨੀ ਵਪਾਰੀ ਨੇੜੇ ਆਏ, ਭਰਾਵਾਂ ਨੇ ਯੂਸੁਫ਼ ਨੂੰ ਖੂਹ ਵਿੱਚੋਂ ਕੱਢ ਲਿਆਂਦਾ। ਉਨ੍ਹਾਂ ਨੇ ਉਸਨੂੰ ਚਾਂਦੀ ਦੇ 20 ਸਿਕਿਆਂ ਬਦਲੇ ਵਪਾਰੀਆਂ ਦੇ ਹੱਥ ਵੇਚ ਦਿੱਤਾ। ਵਪਾਰੀ ਉਸਨੂੰ ਮਿਸਰ ਲੈ ਗਏ। 29 ਇਸ ਸਾਰੇ ਸਮੇਂ ਦੌਰਾਨ ਰਊਬੇਨ ਆਪਣੇ ਭਰਾਵਾਂ ਦੇ ਨਾਲ ਨਹੀਂ ਸੀ। ਉਸਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਉਨ੍ਹਾਂ ਨੇ ਯੂਸੁਫ਼ ਨੂੰ ਵੇਚ ਦਿੱਤਾ ਹੈ। ਜਦੋਂ ਰਊਬੇਨ ਖੂਹ ਉੱਤੇ ਵਾਪਸ ਆਇਆ, ਉਸਨੇ ਦੇਖਿਆ ਕਿ ਯੂਸੁਫ਼ ਉਥੇ ਨਹੀਂ ਸੀ। ਰਊਬੇਨ ਨੇ ਗਮ ਦਾ ਪ੍ਰਗਟਾਵਾ ਕਰਨ ਲਈ ਆਪਣੇ ਕੱਪੜੇ ਪਾੜ ਦਿੱਤੇ। 30 ਰਊਬੇਨ ਭਰਾਵਾਂ ਕੋਲ ਗਿਆ ਅਤੇ ਆਖਿਆ, “ਮੁੰਡਾ ਤਾਂ ਖੂਹ ਵਿੱਚ ਨਹੀਂ ਹੈ! ਹੁਣ ਮੈਂ ਕੀ ਕਰਾਂ?” 31 ਭਰਾਵਾਂ ਨੇ ਇੱਕ ਬੱਕਰੇ ਨੂੰ ਮਾਰਿਆ ਅਤੇ ਯੂਸੁਫ਼ ਦੇ ਖੂਬਸੂਰਤ ਕੋਟ ਉੱਤੇ ਬੱਕਰੇ ਦਾ ਖੂਨ ਮਲ ਦਿੱਤਾ। 32 ਫ਼ੇਰ ਉਨ੍ਹਾਂ ਭਰਾਵਾਂ ਨੇ ਉਸ ਕੋਟ ਨੂੰ ਸੰਦੇਸ਼ ਦੇ ਨਾਲ ਆਪਣੇ ਪਿਤਾ ਕੋਲ ਵਾਪਸ ਭੇਜ ਦਿੱਤਾ, “ਸਾਨੂੰ ਇੱਕ ਕੋਟ ਲਭਿਆ ਹੈ। ਕੀ ਇਹ ਯੂਸੁਫ਼ ਦਾ ਕੋਟ ਹੈ?” 33 ਪਿਤਾ ਨੇ ਕੋਟ ਵੇਖਿਆ ਅਤੇ ਉਸਨੂੰ ਪਤਾ ਲੱਗ ਗਿਆ ਕਿ ਇਹ ਯੂਸੁਫ਼ ਦਾ ਹੀ ਸੀ। ਪਿਤਾ ਨੇ ਆਖਿਆ, “ਹਾਂ, ਇਹ ਉਸੇ ਦਾ ਹੀ ਹੈ! ਸ਼ਾਇਦ ਕਿਸੇ ਜੰਗਲੀ ਜਾਨਵਰ ਨੇ ਉਸਨੂੰ ਮਾਰ ਦਿੱਤਾ ਹੈ। ਮੇਰੇ ਪੁੱਤਰ ਨੂੰ ਕੋਈ ਜੰਗਲੀ ਜਾਨਵਰ ਖਾ ਗਿਆ!” 34 ਯਾਕੂਬ ਨੂੰ ਆਪਣੇ ਪੁੱਤਰ ਦਾ ਇੰਨਾ ਅਫ਼ਸੋਸ ਹੋਇਆ ਕਿ ਉਸਨੇ ਆਪਣੇ ਕੱਪੜੇ ਲੀਰੋ-ਲੀਰ ਕਰ ਦਿੱਤੇ। ਫ਼ੇਰ ਯਾਕੂਬ ਨੇ ਸੋਗ ਦੇ ਖਾਸ ਵਸਤਰ ਪਹਿਨ ਲਈ। ਯਾਕੂਬ ਆਪਣੇ ਪੁੱਤਰ ਦਾ ਕਾਫ਼ੀ ਲੰਮਾ ਸਮਾਂ ਸੋਗ ਮਨਾਉਂਦਾ ਰਿਹਾ। 35 ਯਾਕੂਬ ਦੇ ਸਾਰੇ ਪੁੱਤਰਾਂ, ਧੀਆਂ ਨੇ ਉਸਨੂੰ ਹੌਂਸਲਾ ਦੇਣ ਦੀ ਕੋਸ਼ਿਸ਼ ਕੀਤੀ। ਪਰ ਯਾਕੂਬ ਨੇ ਦਿਲ ਨਾ ਧਰਿਆ। ਯਾਕੂਬ ਨੇ ਆਖਿਆ, “ਮੈਂ ਆਪਣੇ ਪੁੱਤਰ ਦਾ ਉਸ ਦਿਨ ਤੱਕ ਸੋਗ ਮਨਾਉਂਦਾ ਰਹਾਂਗਾ ਜਦੋਂ ਤੱਕ ਕਿ ਮੈਂ ਮਰ ਨਹੀਂਜਾਂਦਾ।” ਇਸ ਲਈ ਯਾਕੂਬ ਆਪਣੇ ਪੁੱਤਰ ਯੂਸੁਫ਼ ਦਾ ਸੋਗ ਮਨਾਉਂਦਾ ਰਿਹਾ। 36 ਮਿਦਿਯਾਨੀ ਵਪਾਰੀਆਂ ਨੇ ਬਾਦ ਵਿੱਚ ਯੂਸੁਫ਼ ਨੂੰ ਮਿਸਰ ਵਿੱਚ ਵੇਚ ਦਿੱਤਾ। ਉਨ੍ਹਾਂ ਨੇ ਉਸਨੂੰ ਫ਼ਿਰਊਨ ਦੇ ਸੁਰਖਿਆ ਗਾਰਦਾਂ ਦੇ ਕਪਤਾਨ ਪੋਟੀਫ਼ਰ ਨੂੰ ਵੇਚ ਦਿੱਤਾ।

Genesis 38

1 ਤਕਰੀਬਨ ਉਸੇ ਵੇਲੇ, ਯਹੂਦਾਹ ਆਪਣੇ ਭਰਾਵਾਂ ਨੂੰ ਛੱਡ ਗਿਆ ਅਤੇ ਹੀਰਾਹ ਨਾਮ ਦੇ ਇੱਕ ਆਦਮੀ ਦੇ ਕੋਲ ਰਹਿਣ ਲਈ ਚਲਾ ਗਿਆ। ਹੀਰਾਹ ਅਦੂਲਾਮ ਕਸਬੇ ਦਾ ਸੀ। 2 ਯਹੂਦਾਹ ਨੂੰ ਉਥੇ ਇੱਕ ਕਨਾਨੀ ਕੁੜੀ ਮਿਲ ਪਈ ਅਤੇ ਉਸਨੇ ਉਸ ਨਾਲ ਸ਼ਾਦੀ ਕਰ ਲਈ। ਕੁੜੀ ਦੇ ਪਿਤਾ ਦਾ ਨਾਮ ਸ਼ੂਆ ਸੀ। 3 ਕਨਾਨੀ ਕੁੜੀ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਉਸਨੇ ਉਸਦਾ ਨਾਮ ਏਰ ਰੱਖਿਆ। 4 ਬਾਦ ਵਿੱਚ ਉਸਨੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ ਉਸਦਾ ਨਾਮ ਉਸਨੇ ਓਨਾਨ ਰੱਖਿਆ। 5 ਬਾਦ ਵਿੱਚ ਉਸਦਾ ਇੱਕ ਹੋਰ ਪੁੱਤਰ ਹੋਇਆ ਜਿਸਦਾ ਨਾਮ ਸ਼ੇਲਾਹ ਸੀ। ਜਦੋਂ ਇਸ ਤੀਸਰੇ ਪੁੱਤਰ ਦਾ ਜਨਮ ਹੋਇਆ ਤਾਂ ਯਹੂਦਾਹ ਕਜ਼ੀਬ ਵਿੱਚ ਰਹਿੰਦਾ ਸੀ। 6 ਯਹੂਦਾਹ ਨੇ ਆਪਣੇ ਪਹਿਲੇ ਪੁੱਤਰ ਏਰ ਲਈ ਇੱਕ ਵਹੁਟੀ ਲਭੀ। ਔਰਤ ਦਾ ਨਾਮ ਤਾਮਾਰ ਸੀ। 7 ਪਰ ਏਰ ਨੇ ਬਹੁਤ ਸਾਰੇ ਮੰਦੇ ਕੰਮ ਕੀਤੇ। ਯਹੋਵਾਹ ਉਸ ਉੱਪਰ ਪ੍ਰਸੰਨ ਨਹੀਂ ਸੀ। ਇਸ ਲਈ ਯਹੋਵਾਹ ਨੇ ਉਸਨੂੰ ਮਾਰ ਦਿੱਤਾ। 8 ਫ਼ੇਰ ਯਹੂਦਾਹ ਨੇ ਓਨਾਨ ਨੂੰ ਆਖਿਆ, “ਆਪਣੇ ਮ੍ਰਿਤਕ ਭਰਾ ਦੀ ਪਤਨੀ ਕੋਲ ਜਾਹ ਅਤੇ ਆਪਣੇ ਭਰਾ ਦੇ ਪਰਿਵਾਰ ਦੀ ਪਂਗਤ ਨੂੰ ਜਿਉਂਦਿਆਂ ਰੱਖਣ ਲਈ, ਉਸ ਨਾਲ ਆਪਣਾ ਫ਼ਰਜ਼ ਪੂਰਾ ਕਰ।” 9 ਓਨਾਨ ਜਾਣਦਾ ਸੀ ਕਿ ਇਸ ਸੰਭੋਗ ਵਿੱਚੋਂ ਪੈਦਾ ਹੋਇਆ ਬੱਚਾ ਉਸਦਾ ਨਹੀਂ ਅਖਵਾਏਗਾ। ਓਨਾਨ ਨੇ ਤਾਮਾਰ ਨਾਲ ਜਿਨਸੀ ਰਿਸ਼ਤਾ ਜੋੜਿਆ ਪਰ ਉਸਨੇ ਆਪਣਾ ਵੀਰਜ ਜ਼ਮੀਨ ਉੱਤੇ ਵਗਾ ਦਿੱਤਾ। ਉਸਨੇ ਅਜਿਹਾ ਆਪਣੇ ਭਰਾ ਨੂੰ ਉੱਤਰਾਧਿਕਾਰੀ ਨਾ ਦੇਣ ਦੀ ਤਵਜੋ ਨਾਲ ਕੀਤਾ। 10 ਇਸ ਨਾਲ ਯਹੋਵਾਹ ਨੂੰ ਗੁੱਸਾ ਆ ਗਿਆ। ਇਸ ਲਈ ਯਹੋਵਾਹ ਨੇ ਓਨਾਨ ਨੂੰ ਵੀ ਮਾਰ ਦਿੱਤਾ। 11 ਫ਼ੇਰ ਯਹੂਦਾਹ ਨੇ ਆਪਣੀ ਨੂੰਹ ਤਾਮਾਰ ਨੂੰ ਆਖਿਆ, “ਆਪਣੇ ਪਿਤਾ ਦੇ ਘਰ ਵਾਪਸ ਚਲੀ ਜਾਹ। ਉਥੇ ਠਹਿਰ ਅਤੇ ਓਨਾ ਚਿਰ ਸ਼ਾਦੀ ਨਾ ਕਰੀਂ ਜਦੋਂ ਤੱਕ ਕਿ ਮੇਰਾ ਛੋਟਾ ਪੁੱਤਰ ਸ਼ੇਲਾਹ ਜਵਾਨ ਨਹੀਂ ਹੋ ਜਾਂਦਾ।” ਯਹੂਦਾਹ ਨੂੰ ਡਰ ਸੀ ਕਿ ਸ਼ੇਲਾਹ ਵੀ ਆਪਣੇ ਭਰਾਵਾਂ ਵਾਂਗ ਨਾ ਮਾਰਿਆ ਜਾਵੇ। ਤਾਮਾਰ ਆਪਣੇ ਪਿਤਾ ਦੇ ਘਰ ਵਾਪਸ ਚਲੀ ਗਈ। 12 ਬਾਦ ਵਿੱਚ, ਯਹੂਦਾਹ ਦੀ ਪਤਨੀ, ਸ਼ੂਆ ਦੀ ਧੀ, ਮਰ ਗਈ। ਸੋਗ ਦੇ ਦਿਨਾਂ ਤੋਂ ਮਗਰੋਂ ਯਹੂਦਾਹ ਉਸ ਅਦੂਲਾਮੀ ਦੇ ਆਪਣੇ ਮਿੱਤਰ ਹੀਰਾਹ ਨਾਲ ਤਿਮਨਾਥ ਕੋਲ ਚਲਾ ਗਿਆ। ਯਹੂਦਾਹ ਤਿਮਨਾਥ ਨੂੰ ਆਪਣੀਆਂ ਭੇਡਾਂ ਦੀ ਉੱਨ ਲਾਹੁਣ ਗਿਆ ਸੀ। 13 ਤਾਮਾਰ ਨੂੰ ਪਤਾ ਲਗਿਆ ਕਿ ਉਸਦਾ ਸਹੁਰਾ ਆਪਣੀਆਂ ਭੇਡਾਂ ਦੀ ਉੱਨ ਲਾਹੁਣ ਲਈ ਤਿਮਨਾਥ ਜਾ ਰਿਹਾ ਸੀ। 14 ਤਾਮਾਰ ਹਮੇਸ਼ਾ ਅਜਿਹੇ ਕੱਪੜੇ ਪਾਉਂਦੀ ਸੀ ਜਿਸਤੋਂ ਨਜ਼ਰ ਆਵੇ ਕਿ ਉਹ ਵਿਧਵਾ ਸੀ। ਇਸ ਲਈ ਉਸਨੇ ਕੁਝ ਵਖਰੇ ਵਸਤਰ ਪਹਿਨੇ ਅਤੇ ਆਪਣੇ ਚਿਹਰੇ ਨੂੰ ਘੁੰਡ ਨਾਲ ਢਕ ਲਿਆ। ਫ਼ੇਰ ਉਹ ਏਨਿਯਮ ਫ਼ਾਟਕ ਕੋਲ ਬੈਠ ਗਈ ਜੋ ਤਿਮਨਾਥ ਦੇ ਰਸਤੇ ਉੱਤੇ ਹੈ। ਤਾਮਾਰ ਜਾਣਦੀ ਸੀ ਕਿ ਯਹੂਦਾਹ ਦਾ ਸਭ ਤੋਂ ਛੋਟਾ ਪੁੱਤਰ ਸ਼ੇਲਾਹ ਹੁਣ ਜਵਾਨ ਹੋ ਚੁਕਿਆ ਸੀ। ਪਰ ਯਹੂਦਾਹ ਉਸਨੂੰ ਉਸ ਨਾਲ ਵਿਆਹੁਣ ਦੀਆਂ ਵਿਉਂਤਾ ਨਹੀਂ ਬਣਾਵੇਗਾ। 15 ਯਹੂਦਾਹ ਉਸ ਸੜਕ ਉੱਤੇ ਸਫ਼ਰ ਕਰ ਰਿਹਾ ਸੀ। ਉਸਨੇ ਉਸਨੂੰ ਦੇਖਿਆ ਪਰ ਇਹ ਸੋਚਿਆ ਕਿ ਸ਼ਾਇਦ ਇਹ ਵੇਸਵਾ ਹੈ। (ਉਸਦਾ ਚਿਹਰਾ ਵੇਸਵਾ ਵਾਂਗ ਨਕਾਬ ਨਾਲ ਕਜਿਆ ਹੋਇਆ ਸੀ।) 16 ਇਸ ਲਈ ਯਹੂਦਾਹ ਉਸ ਕੋਲ ਗਿਆ ਅਤੇ ਆਖਿਆ, “ਕੀ ਮੈਂ ਤੇਰੇ ਨਾਲ ਜਿਨਸੀ ਸੰਬੰਧ ਜੋੜ ਸਕਦਾ ਹਾਂ।” (ਯਹੂਦਾਹ ਨੂੰ ਇਹ ਨਹੀਂ ਸੀ ਪਤਾ ਕਿ ਉਸਦੀ ਨੂੰਹ ਤਾਮਾਰ ਸੀ।)ਉਸਨੇ ਆਖਿਆ, “ਇਸ ਬਦਲੇ ਤੂੰ ਮੈਨੂੰ ਕੀ ਦੇਵੇਂਗਾ?” 17 ਯਹੂਦਾਹ ਨੇ ਜਵਾਬ ਦਿੱਤਾ, “ਮੈਂ ਤੈਨੂੰ ਆਪਣੇ ਇੱਜੜ ਵਿੱਚੋਂ ਇੱਕ ਜਵਾਨ ਬਕਰਾ ਦੇਵਾਂਗਾ।” ਉਸਨੇ ਜਵਾਬ ਦਿੱਤਾ, “ਮੈਨੂੰ ਇਹ ਮੰਜ਼ੂਰ ਹੈ। ਪਰ ਇਸਤੋਂ ਪਹਿਲਾਂ ਕਿ ਤੂੰ ਮੈਨੂੰ ਬਕਰਾਂ ਭੇਜੇ ਤੂੰ ਮੈਨੂੰ ਰੱਖਣ ਵਾਸਤੇ ਕੋਈ ਚੀਜ਼ ਦੇ।” 18 ਯਹੂਦਾਹ ਨੇ ਪੁਛਿਆ, “ਤੂੰ ਮੇਰੇ ਪਾਸੋਂ ਇਸ ਗੱਲ ਦੇ ਸਬੂਤ ਵਜੋਂ ਕੀ ਚਾਹੁੰਦੀ ਹੈ ਕਿ ਮੈਂ ਤੈਨੂੰ ਬਕਰਾਂ ਭੇਜਾਂਗਾ?”ਤਾਮਾਰ ਨੇ ਜਵਾਬ ਦਿੱਤਾ, “ਮੈਨੂੰ ਆਪਣੀ ਮੋਹਰ ਅਤੇ ਇਸਦੀ ਰਸੀ ਦੇ ਜਿਹੜੀ ਤੂੰ ਆਪਣੀਆਂ ਚਿਠੀਆਂ ਉੱਤੇ ਇਸਤੇਮਾਲ ਕਰਦਾ ਹੈਂ ਅਤੇ ਮੈਨੂੰ ਆਪਣੀ ਚੱਲਣ ਵਾਲੀ ਸੋਟੀ ਦੇ ਦੇ।” ਯਹੂਦਾਹ ਨੇ ਉਸਨੂੰ ਇਹ ਚੀਜ਼ਾਂ ਦੇ ਦਿੱਤੀਆਂ। ਫ਼ੇਰ ਯਹੂਦਾਹ ਅਤੇ ਤਾਮਾਰ ਨੇ ਸੰਭੋਗ ਕੀਤਾ ਅਤੇ ਤਾਮਾਰ ਗਰਭਵਤੀ ਹੋ ਗਈ। 19 ਤਾਮਾਰ ਘਰ ਗਈ ਅਤੇ ਆਪਣੇ ਚਿਹਰੇ ਤੋਂ ਨਕਾਬ ਉਤਾਰ ਦਿੱਤਾ। ਫ਼ੇਰ ਉਸਨੇ ਉਹੀ ਕੱਪੜੇ ਦੁਬਾਰਾ ਪਹਿਨ ਲਈ ਜਿਹੜੇ ਉਸਨੂੰ ਵਿਧਵਾ ਦਰਸ਼ਾਉਂਦੇ ਸਨ। 20 ਬਾਦ ਵਿੱਚ ਯਹੂਦਾਹ ਨੇ ਆਪਣੇ ਮਿੱਤਰ ਹੀਰਾਹ ਨੂੰ ਏਨਯਿਮ ਘਲਿਆ ਤਾਂ ਜੋ ਉਹ ਵੇਸਵਾ ਨੂੰ ਇਕਰਾਰ ਕੀਤਾ ਹੋਇਆ ਬਕਰਾ ਦੇ ਆਵੇ। ਯਹੂਦਾਹ ਨੇ ਹੀਰਾਹ ਨੂੰ ਇਹ ਵੀ ਆਖਿਆ ਕਿ ਉਸ ਪਾਸੋਂ ਖਾਸ ਮੋਹਰ ਅਤੇ ਸੋਟੀ ਵੀ ਲੈਂਦਾ ਆਵੇ। ਪਰ ਹੀਰਾਹ ਉਸਨੂੰ ਨਾ ਲਭ ਸਕਿਆ। 21 ਹੀਰਾਹ ਨੇ ਏਨਯਿਮ ਜਿਲ੍ਹੇ ਦੇ ਕੁਝ ਲੋਕਾਂ ਨੂੰ ਪੁਛਿਆ, “ਉਹ ਮੰਦਰ ਦੀ ਵੇਸਵਾ ਕਿਥੇ ਹੈ ਜਿਹੜੀ ਸੜਕ ਕੰਢੇ ਬੈਠੀ ਹੋਈ ਸੀ?”ਆਦਮੀਆਂ ਨੇ ਜਵਾਬ ਦਿੱਤਾ, “ਇੱਥੇ ਕਦੇ ਕੋਈ ਵੇਸਵਾ ਨਹੀਂ ਰਹੀ ਹੈ।” 22 ਇਸ ਲਈ ਯਹੂਦਾਹ ਦਾ ਮਿੱਤਰ ਯਹੂਦਾਹ ਕੋਲ ਵਾਪਸ ਚਲਾ ਗਿਆ ਅਤੇ ਕਹਿਣ ਲੱਗਾ, “ਮੈਨੂੰ ਤਾਂ ਉਹ ਔਰਤ ਲਭੀ ਨਹੀਂ। ਉਸ ਥਾਂ ਰਹਿਣ ਵਾਲੇ ਆਦਮੀਆਂ ਨੇ ਆਖਿਆ ਹੈ ਕਿ ਇੱਥੇ ਤਾਂ ਕੋਈ ਵੇਸਵਾ ਹੈ ਹੀ ਨਹੀਂ ਸੀ।” 23 ਇਸ ਲਈ ਯਹੂਦਾਹ ਨੇ ਆਖਿਆ, “ਉਸਨੂੰ ਚੀਜ਼ਾਂ ਰੱਖ ਲੈਣ ਦਿਉ। ਮੈਂ ਨਹੀਂ ਚਾਹੁੰਦਾ ਕਿ ਲੋਕ ਸਾਡੇ ਉੱਪਰ ਹੱਸਣ। ਮੈਂ ਉਸਨੂੰ ਬਕਰਾ ਦੇਣ ਦੀ ਕੋਸ਼ਿਸ਼ ਕੀਤੀ ਸੀ, ਪਰ ਅਸੀਂ ਉਸਨੂੰ ਲਭ ਨਹੀਂ ਸਕੇ, ਇੰਨੀ ਗੱਲ ਕਾਫ਼ੀ ਹੈ।” 24 ਤਕਰੀਬਨ ਤਿੰਨ ਮਹੀਨੇ ਮਗਰੋਂ, ਕਿਸੇ ਨੇ ਯਹੂਦਾਹ ਨੂੰ ਦੱਸਿਆ, “ਤੇਰੀ ਨੂੰਹ ਤਾਮਾਰ ਨੇ ਇੱਕ ਵੇਸਵਾ ਵਰਗਾ ਪਾਪ ਕੀਤਾ ਹੈ, ਅਤੇ ਹੁਣ ਉਹ ਗਰਭਵਤੀ ਹੈ।”ਤਾਂ ਯਹੂਦਾਹ ਨੇ ਆਖਿਆ, “ਉਸਨੂੰ ਬਾਹਰ ਕਢੋ ਅਤੇ ਜਲਾ ਦਿਉ।” 25 ਫ਼ੇਰ ਆਦਮੀ ਤਾਮਾਰ ਨੂੰ ਮਾਰਨ ਲਈ ਉਸ ਵੱਲ ਗਏ। ਪਰ ਉਸਨੇ ਆਪਣੇ ਸਹੁਰੇ ਵੱਲ ਇੱਕ ਸੰਦੇਸ਼ ਭੇਜਿਆ। ਤਾਮਾਰ ਨੇ ਆਖਿਆ, “ਜਿਸ ਆਦਮੀ ਨੇ ਮੈਨੂੰ ਗਰਭਵਤੀ ਕੀਤਾ ਹੈ। ਉਹ ਉਹੀ ਹੈ ਜਿਸ ਦੀਆਂ ਇਹ ਚੀਜ਼ਾਂ ਹਨ। ਇਨ੍ਹਾਂ ਚੀਜ਼ਾਂ ਵੱਲ ਵੇਖ ਲਵੋ। ਇਹ ਕਿਸ ਦੀਆਂ ਹਨ? ਇਹ ਖਾਸ ਮੋਹਰ ਅਤੇ ਰੱਸੀ ਕਿਸਦੀ ਹੈ? ਇਹ ਚੱਲਣ ਵਾਲੀ ਸੋਟੀ ਕਿਸਦੀ ਹੈ?” 26 ਯਹੂਦਾਹ ਨੇ ਇਹ ਚੀਜ਼ਾਂ ਪਛਾਣ ਲਈਆਂ ਅਤੇ ਆਖਿਆ, “ਉਹ ਠੀਕ ਹੈ। ਮੈਂ ਗਲਤ ਸਾਂ। ਮੈਂ ਉਸਨੂੰ ਆਪਣੇ ਪੁੱਤਰ ਸ਼ੇਲਾਹ ਨਾਲ ਨਹੀਂ ਵਿਆਹਿਆ ਜਿਹਾ ਕਿ ਮੈਂ ਇਕਰਾਰ ਕੀਤਾ ਸੀ।” ਅਤੇ ਯਹੂਦਾਹ ਫ਼ੇਰ ਦੋਬਾਰਾ ਉਸ ਨਾਲ ਨਹੀਂ ਸੁੱਤਾ। 27 ਤਾਮਾਰ ਦੇ ਬੱਚਾ ਜਨਣ ਦਾ ਸਮਾਂ ਆ ਗਿਆ। ਉਨ੍ਹਾਂ ਨੇ ਦੇਖਿਆ ਕਿ ਉਹ ਜੌੜੇ ਬੱਚੇ ਜਨਣ ਜਾ ਰਹੀ ਸੀ। 28 ਜਦੋਂ ਉਹ ਬਚੇ ਜਣ ਰਹੀ ਸੀ, ਇੱਕ ਬੱਚੇ ਨੇ ਆਪਣਾ ਹੱਥ ਬਾਹਰ ਕਢਿਆ, ਦਾਈ ਨੇ ਹੱਥ ਉੱਤੇ ਲਾਲ ਧਾਗਾ ਬੰਨ੍ਹ ਦਿੱਤਾ ਅਤੇ ਆਖਿਆ, “ਇਹ ਬੱਚਾ ਪਹਿਲਾਂ ਜੰਮਿਆ ਸੀ।” 29 ਪਰ ਫ਼ੇਰ ਉਸ ਬੱਚੇ ਨੇ ਆਪਣਾ ਹੱਥ ਵਾਪਸ ਅੰਦਰ ਖਿੱਚ ਲਿਆ। ਫ਼ੇਰ ਦੂਸਰਾ ਬੱਚਾ ਪਹਿਲਾਂ ਬਾਹਰ ਆਇਆ। ਇਸ ਲਈ ਦਾਈ ਨੇ ਆਖਿਆ, “ਤੂੰ ਆਪਣਾ ਰਸਤਾ ਜ਼ਬਰਦਸਤੀ ਬਣਾਇਆ। ਇਸ ਲਈ ਉਨ੍ਹਾਂ ਨੇ ਉਸਦਾ ਨਾਮ ਪਾਰਸ ਧਰਇਆ। 30 ਇਸਤੋਂ ਮਗਰੋਂ ਦੂਸਰਾ ਬੱਚਾ ਜਨਮਿਆ। ਇਸ ਬੱਚਾ ਉਹੀ ਸੀ ਜਿਸਦੇ ਹੱਥ ਉੱਤੇ ਲਾਲ ਧਾਗਾ ਬੰਨ੍ਹਿਆ ਹੋਇਆ ਸੀ। ਉਨ੍ਹਾਂ ਨੇ ਉਸਦਾ ਨਾਮ ਜ਼ਰਾਹ ਰੱਖ ਦਿੱਤਾ।

Genesis 39

1 ਜਿਨ੍ਹਾਂ ਵਪਾਰੀਆਂ ਨੇ ਯੂਸੁਫ਼ ਨੂੰ ਖਰੀਦਿਆ ਸੀ ਉਹ ਉਸਨੂੰ ਮਿਸਰ ਲੈ ਗਏ। ਉਨ੍ਹਾਂ ਨੇ ਉਸਨੂੰ ਫ਼ਿਰਊਨ ਦੀ ਸੁਰਖਿਆ ਗਾਰਦ ਦੇ ਕਪਤਾਨ ਪੋਟੀਫ਼ਰ ਹੱਥ ਵੇਚ ਦਿੱਤਾ। 2 ਪਰ ਯਹੋਵਾਹ ਨੇ ਯੂਸੁਫ਼ ਦੀ ਸਹਾਇਤਾ ਕੀਤੀ। ਯੂਸੁਫ਼ ਇੱਕ ਸਫ਼ਲ ਆਦਮੀ ਬਣ ਗਿਆ। ਯੂਸੁਫ਼ ਆਪਣੇ ਮਾਲਕ, ਮਿਸਰੀ ਪੋਟੀਫ਼ਰ ਦੇ ਘਰ ਰਹਿੰਦਾ ਸੀ। 3 ਪੋਟੀਫ਼ਰ ਨੇ ਦੇਖਿਆ ਕਿ ਯਹੋਵਾਹ ਯੂਸੁਫ਼ ਦੇ ਨਾਲ ਸੀ। ਪੋਟੀਫ਼ਰ ਨੇ ਦੇਖਿਆ ਕਿ ਯਹੋਵਾਹ ਯੂਸੁਫ਼ ਨੂੰ ਉਸਦੇ ਹਰ ਕੰਮ ਵਿੱਚ ਕਾਮਯਾਬੀ ਦਿੰਦਾ ਸੀ! 4 ਇਸ ਲਈ ਪੋਟੀਫ਼ਰ ਯੂਸੁਫ਼ ਉੱਤੇ ਬਹੁਤ ਪ੍ਰਸੰਨ ਸੀ। ਪੋਟੀਫ਼ਰ ਨੇ ਯੂਸੁਫ਼ ਨੂੰ ਉਸਦੇ ਲਈ ਕੰਮ ਕਰਨ ਅਤੇ ਘਰ ਦਾ ਪ੍ਰਬੰਧ ਚਲਾਉਣ ਵਿੱਚ ਸਹਾਇਤਾ ਦੇਣ ਦੀ ਇਜਾਜ਼ਤ ਦੇ ਦਿੱਤੀ। ਪੋਟੀਫ਼ਰ ਦਾ ਜੋ ਕੁਝ ਵੀ ਸੀ ਯੂਸੁਫ਼ ਉਸਦਾ ਮੁਖਤਾਰ ਸੀ। 5 ਜਦੋਂ ਯੂਸੁਫ਼ ਨੂੰ ਘਰ ਦਾ ਮੁਖਤਾਰ ਬਣਾਇਆ ਗਿਆ ਯਹੋਵਾਹ ਨੇ ਘਰ ਨੂੰ ਅਤੇ ਪੋਟੀਫ਼ਰ ਦੀ ਹਰ ਸ਼ੈਅ ਨੂੰ ਅਸੀਸ ਦਿੱਤੀ। ਯਹੋਵਾਹ ਨੇ ਇਹ ਸਭ ਯੂਸੁਫ਼ ਕਾਰਣ ਕੀਤਾ। ਅਤੇ ਯਹੋਵਾਹ ਨੇ ਪੋਟੀਫ਼ਰ ਦੇ ਖੇਤਾਂ ਵਿੱਚ ਪੈਦਾ ਹੋਣ ਵਾਲੀ ਹਰ ਸ਼ੈਅ ਨੂੰ ਅਸੀਸ ਦਿੱਤੀ। 6 ਇਸ ਲਈ ਪੋਟੀਫ਼ਰ ਨੇ ਯੂਸੁਫ਼ ਨੂੰ ਘਰ ਦੀ ਹਰ ਸ਼ੈਅ ਦੀ ਜ਼ਿਂਮੇਦਾਰੀ ਸੌਂਪ ਦਿੱਤੀ। ਪੋਟੀਫ਼ਰ ਨੂੰ ਕਿਸੇ ਚੀਜ਼ ਦਾ ਫ਼ਿਕਰ ਨਹੀਂ ਸੀ ਉਹ ਸਿਰਫ਼ ਆਪਣੇ ਭੋਜਨ ਦਾ ਹੀ ਧਿਆਨ ਕਰਦਾ ਸੀ।ਯੂਸੁਫ਼ ਬਹੁਤ ਸੋਹਣਾ ਸੁਨਖਾ ਆਦਮੀ ਸੀ। 7 ਕੁਝ ਸਮੇਂ ਬਾਦ, ਯੂਸੁਫ਼ ਦੇ ਸੁਆਮੀ ਦੀ ਪਤਨੀ ਯੂਸੁਫ਼ ਨੂੰ ਪਸੰਦ ਕਰਨ ਲਗੀ। ਇੱਕ ਦਿਨ ਉਸ ਨੂੰ ਆਖਿਆ, “ਮੇਰੇ ਕੋਲ ਸੌਂ।” 8 ਪਰ ਯੂਸੁਫ਼ ਨੇ ਇਨਕਾਰ ਕਰ ਦਿੱਤਾ। ਉਸਨੇ ਆਖਿਆ, “ਮੇਰਾ ਸੁਆਮੀ ਇਸ ਘਰ ਵਿੱਚ ਹਰ ਗੱਲ ਵਿੱਚ ਮੇਰੇ ਉੱਤੇ ਭਰੋਸਾ ਕਰਦਾ ਹੈ। ਉਸਨੇ ਮੈਨੂੰ ਇਥੋਂ ਦੀ ਹਰ ਸ਼ੈਅ ਦੀ ਜ਼ਿਂਮੇਦਾਰੀ ਦਿੱਤੀ ਹੋਈ ਹੈ। 9 ਮੇਰੇ ਸੁਆਮੀ ਨੇ ਇਸ ਘਰ ਵਿੱਚ ਮੈਨੂੰ ਤਕਰੀਬਨ ਆਪਣੇ ਬਰਾਬਰ ਦਾ ਦਰਜ਼ਾ ਦਿੱਤਾ ਹੋਇਆ ਹੈ। ਮੈਨੂੰ ਉਸਦੀ ਪਤਨੀ ਨਾਲ ਨਹੀਂ ਸੌਣਾ ਚਾਹੀਦਾ। ਇਹ ਗਲਤ ਗੱਲ ਹੈ! ਇਹ ਪਰਮੇਸ਼ੁਰ ਦੇ ਵਿਰੁੱਧ ਪਾਪ ਹੈ।” 10 ਔਰਤ ਨੇ ਯੂਸੁਫ਼ ਨਾਲ ਹਰ ਰੋਜ਼ ਗੱਲ ਕੀਤੀ ਪਰ ਯੂਸੁਫ਼ ਨੇ ਉਸ ਨਾਲ ਸੌਣ ਤੋਂ ਇਨਕਾਰ ਕਰ ਦਿੱਤਾ। 11 ਇੱਕ ਦਿਨ ਯੂਸੁਫ਼ ਘਰ ਵਿੱਚ ਆਪਣਾ ਕੰਮ ਕਰਨ ਲਈ ਗਿਆ। ਉਸ ਵਕਤ ਘਰ ਵਿੱਚ ਬਾਕੀ ਨੌਕਰ ਨਹੀਂ ਸਨ। 12 ਉਸਦੇ ਸੁਆਮੀ ਦੀ ਪਨਤੀ ਨੇ ਉਸਦਾ ਕੋਟ ਫ਼ੜ ਲਿਆ ਅਤੇ ਉਸਨੂੰ ਆਖਿਆ, “ਆ ਮੇਰੇ ਨਾਲ ਬਿਸਤਰੇ ਉੱਤੇ ਚੱਲ।” ਪਰ ਯੂਸੁਫ਼ ਘਰ ਤੋਂ ਇੰਨੀ ਤੇਜ਼ੀ ਨਾਲ ਬਾਹਰ ਭਜਿਆ ਕਿ ਉਸਦਾ ਕੋਟ ਉਸਦੇ ਮਾਲਕ ਦੀ ਪਤਨੀ ਦੇ ਹੱਥ ਵਿੱਚ ਹੀ ਰਹਿ ਗਿਆ। 13 ਔਰਤ ਨੇ ਦੇਖਿਆ ਕਿ ਯੂਸੁਫ਼ ਨੇ ਆਪਣਾ ਕੋਟ ਉਸਦੇ ਹੱਥਾਂ ਵਿੱਚ ਹੀ ਛੱਡ ਦਿੱਤਾ ਸੀ ਅਤੇ ਘਰ ਤੋਂ ਬਾਹਰ ਦੌੜ ਗਿਆ ਸੀ। ਇਸ ਲਈ ਉਸਨੇ ਜੋ ਕੁਝ ਵਾਪਰਿਆ ਸੀ ਉਸਦੇ ਬਾਰੇ ਝੂਠ ਬੋਲਣ ਦਾ ਨਿਰਣਾ ਕਰ ਲਿਆ। 14 ਉਸਨੇ ਬਾਹਰ ਬੰਦਿਆਂ ਨੂੰ ਬੁਲਾਇਆ। ਉਸਨੇ ਆਖਿਆ, “ਦੇਖੋ, ਇਸ ਇਬਰਾਨੀ ਗੁਲਾਮ ਨੂੰ ਇੱਥੇ ਸਾਡਾ ਮਜ਼ਾਕ ਉਡਾਉਣ ਲਈ ਲਿਆਂਦਾ ਗਿਆ ਸੀ। ਉਹ ਅੰਦਰ ਆਇਆ ਅਤੇ ਮੇਰੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੈਂ ਚੀਕਾਂ ਮਾਰੀਆਂ। 15 ਮੇਰੀਆਂ ਚੀਕਾਂ ਨੇ ਉਸ ਨੂੰ ਭੈਭੀਤ ਕਰ ਦਿੱਤਾ ਅਤੇ ਉਹ ਭੱਜ ਗਿਆ। ਪਰ ਉਹ ਆਪਣਾ ਕੋਟ ਮੇਰੇ ਕੋਲ ਛੱਡ ਗਿਆ।” 16 ਫ਼ੇਰ ਉਸਨੇ ਕੋਟ ਨੂੰ ਉਸਦੇ ਪਤੀ, ਯੂਸੁਫ਼ ਦੇ ਸੁਆਮੀ ਦੇ ਘਰ ਵਾਪਸ ਆ ਜਾਣ ਤੀਕ ਰੱਖਿਆ। 17 ਉਸਨੇ ਆਪਣੇ ਪਤੀ ਨੂੰ ਵੀ ਉਹੀ ਕਹਾਣੀ ਦਸੀ ਅਤੇ ਆਖਿਆ, “ਇਸ ਇਬਰਾਨੀ ਗੁਲਾਮ ਨੇ ਜਿਹੜਾ ਤੁਸੀਂ ਲਿਆਂਦਾ ਹੈ, ਮੇਰੇ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। 18 ਪਰ ਜਦੋਂ ਉਹ ਮੇਰੇ ਕੋਲ ਆਇਆ ਤਾਂ ਮੈਂ ਚੀਕਾਂ ਮਾਰੀਆਂ। ਉਹ ਭੱਜ ਗਿਆ, ਪਰ ਉਹ ਆਪਣਾ ਕੋਟ ਛੱਡ ਗਿਆ।” 19 ਯੂਸੁਫ਼ ਦੇ ਸੁਆਮੀ ਨੇ ਆਪਣੀ ਪਤਨੀ ਦੀ ਗੱਲ ਸੁਣੀ। ਅਤੇ ਉਹ ਬਹੁਤ ਗੁੱਸੇ ਵਿੱਚ ਆ ਗਿਆ। 20 ਉਥੇ ਇੱਕ ਕੈਦਖਾਨਾ ਸੀ ਜਿਥੇ ਰਾਜੇ ਦੇ ਦੁਸ਼ਮਣਾ ਨੂੰ ਰੱਖਿਆ ਜਾਂਦਾ ਸੀ। ਇਸ ਲਈ ਪੋਟੀਫ਼ਰ ਨੇ ਯੂਸੁਫ਼ ਨੂੰ ਉਸ ਕੈਦਖਾਨੇ ਵਿੱਚ ਕੈਦ ਕਰ ਦਿੱਤਾ। ਅਤੇ ਯੂਸੁਫ਼ ਉਥੇ ਹੀ ਰਿਹਾ। ਪਰ ਯਹੋਵਾਹ ਯੂਸੁਫ਼ ਦੇ ਨਾਲ ਸੀ। ਯਹੋਵਾਹ ਨੇ ਯੂਸੁਫ਼ ਉੱਤੇ ਮਿਹਰ ਕਰਨੀ ਜਾਰੀ ਰਖੀ। ਕੁਝ ਸਮੇਂ ਬਾਦ, ਕੈਦਖਾਨੇ ਦੀ ਗਾਰਦ ਦੇ ਕਮਾਂਡਰ ਨੇ ਯੂਸੁਫ਼ ਨੂੰ ਪਸੰਦ ਕਰਨਾ ਸ਼ੁਰੂ ਕਰ ਦਿੱਤਾ। 21 ਗਾਰਦ ਦੇ ਕਮਾਂਡਰ ਨੇ ਯੂਸੁਫ਼ ਨੂੰ ਸਾਰੇ ਕੈਦੀਆਂ ਦਾ ਇੰਚਾਰਜ ਬਣਾ ਦਿੱਤਾ। ਯੂਸੁਫ਼ ਉਨ੍ਹਾਂ ਦਾ ਆਗੂ ਸੀ, ਪਰ ਤਾਂ ਵੀ ਉਹ ਉਹੀ ਕੰਮ ਕਰਦਾ ਸੀ ਜਿਹੜਾ ਉਹ ਕਰਦੇ ਸਨ। 22 23 ਪਹਿਰੇਦਾਰਾਂ ਦੇ ਕਮਾਂਡਰ ਨੂੰ ਯੂਸੁਫ਼ ਦੇ ਇੰਚਾਰਜ ਹੁੰਦਿਆਂ ਹੋਇਆ ਕੈਦਖਾਨੇ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਸੀ। ਇਹ ਇਸ ਲਈ ਵਾਪਰਿਆ ਕਿਉਂਕਿ ਯਹੋਵਾਹ ਯੂਸੁਫ਼ ਦੇ ਨਾਲ ਸੀ। ਯਹੋਵਾਹ ਨੇ ਯੂਸੁਫ਼ ਦੇ ਕੀਤੇ ਹਰ ਕੰਮ ਵਿੱਚ ਸਫ਼ਲ ਹੋਣ ਲਈ ਉਸਦੀ ਸਹਾਇਤਾ ਕੀਤੀ।

Genesis 40

1 ਬਾਦ ਵਿੱਚ ਫ਼ਿਰਊਨ ਦੇ ਦੋ ਨੌਕਰਾਂ ਨੇ ਫ਼ਿਰਊਨ ਨਾਲ ਕੁਝ ਮੰਦਾ ਕੀਤਾ। ਇਹ ਦੋ ਨੌਕਰ ਸਨ ਨਾਨਬਾਈ ਅਤੇ ਉਹ ਬੰਦਾ ਜਿਹੜਾ ਫ਼ਿਰਊਨ ਨੂੰ ਮੈਅ ਵਰਤਾਉਂਦਾ ਸੀ। 2 ਫ਼ਿਰਊਨ ਆਪਣੇ ਨਾਨਬਾਈ ਅਤੇ ਸਾਕੀ ਨਾਲ ਬਹੁਤ ਨਾਰਾਜ਼ ਹੋ ਗਿਆ। 3 ਇਸ ਲਈ ਉਸਨੇ ਉਨ੍ਹਾਂ ਨੂੰ ਉਸੇ ਕੈਦਖਾਨੇ ਵਿੱਚ ਬੰਦ ਕਰ ਦਿੱਤਾ ਜਿਥੇ ਯੂਸੁਫ਼ ਸੀ। ਫ਼ਿਰਊਨ ਦਾ ਗਾਰਦ ਵੀ ਕਮਾਂਡਰ ਪੋਟੀਫ਼ਰ, ਇਸ ਕੈਦਖਾਨੇ ਦਾ ਇੰਚਾਰਜ ਸੀ। 4 ਕਮਾਂਡਰ ਨੇ ਦੋਹਾਂ ਕੈਦੀਆਂ ਨੂੰ ਯੂਸੁਫ਼ ਦੀ ਨਿਗਰਾਨੀ ਹੇਠਾਂ ਰੱਖ ਦਿੱਤਾ। ਦੋਵੇਂ ਕੈਦੀ ਕੁਝ ਸਮੇਂ ਤੱਕ ਕੈਦਖਾਨੇ ਵਿੱਚ ਹੀ ਰਹੇ। 5 ਇੱਕ ਰਾਤ, ਦੋਹਾਂ ਕੈਦੀਆਂ ਨੂੰ ਇੱਕ ਸੁਪਨਾ ਆਇਆ। ਇਹ ਦੋ ਕੈਦੀ ਨਾਨਬਾਈ ਅਤੇ ਸਾਕੀ ਮਿਸਰ ਦੇ ਰਾਜੇ ਦੇ ਨੌਕਰ ਸਨ। ਹਰ ਕੈਦੀ ਨੂੰ ਆਪੋ-ਆਪਣਾ ਸੁਪਣਾ ਆਇਆ ਅਤੇ ਹਰ ਸੁਪਨੇ ਦਾ ਆਪੋ-ਆਪਣਾ ਅਰਥ ਸੀ। 6 ਯੂਸੁਫ਼ ਅਗਲੀ ਸਵੇਰ ਉਨ੍ਹਾਂ ਕੋਲ ਗਿਆ। ਯੂਸੁਫ਼ ਨੇ ਦੇਖਿਆ ਕਿ ਇਹ ਦੋਵੇਂ ਆਦਮੀ ਫ਼ਿਕਰਮੰਦ ਸਨ। 7 ਯੂਸੁਫ਼ ਨੇ ਉਨ੍ਹਾਂ ਨੂੰ ਪੁਛਿਆ, “ਅੱਜ ਤੁਸੀਂ ਇੰਨੇ ਫ਼ਿਕਰਮੰਦ ਕਿਉਂ ਲੱਗ ਰਹੇ ਹੋਂ?” 8 ਦੋਹਾਂ ਆਦਮੀਆਂ ਨੇ ਜਵਾਬ ਦਿੱਤਾ, “ਸਾਨੂੰ ਰਾਤੀ ਸੁਪਨਾ ਆਇਆ ਹੈ, ਪਰ ਸਾਨੂੰ ਇਸ ਗੱਲ ਦੀ ਸਮਝ ਨਹੀਂ ਕਿ ਇਸਦਾ ਕੀ ਅਰਥ ਹੈ। ਇੱਥੇ ਕੋਈ ਵੀ ਅਜਿਹਾ ਨਹੀਂ ਜਿਹੜਾ ਸਾਨੂੰ ਸੁਪਨਿਆਂ ਦੀ ਗੱਲ ਸਮਝਾਵੇ ਅਤੇ ਉਨ੍ਹਾਂ ਦੀ ਵਿਆਖਿਆ ਕਰੇ।”ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, “ਪਰਮੇਸ਼ੁਰ ਹੀ ਹੈ ਜਿਹੜਾ ਸੁਪਨਿਆਂ ਨੂੰ ਸਮਝਦਾ ਹੈ ਅਤੇ ਸਮਝਾ ਸਕਦਾ ਹੈ। ਇਸ ਲਈ ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਮੈਨੂੰ ਆਪਣੇ ਸੁਪਨੇ ਦੱਸੋ।” 9 ਇਸ ਲਈ ਸਾਕੀ ਨੇ ਆਪਣਾ ਸੁਪਨਾ ਯੂਸੁਫ਼ ਨੂੰ ਸੁਣਾਇਆ। ਸਾਕੀ ਨੇ ਆਖਿਆ, “ਮੈਨੂੰ ਸੁਪਨਾ ਆਇਆ ਕਿ ਮੈਂ ਇੱਕ ਵੇਲ ਦੇਖੀ ਹੈ। 10 ਵੇਲ ਉੱਤੇ ਤਿੰਨ ਟਹਿਣੀਆਂ ਸਨ। ਮੈਂ ਉਨ੍ਹਾਂ ਟਹਿਣੀਆਂ ਨੂੰ ਵਧਦਿਆਂ ਅਤੇ ਫ਼ੁੱਲ ਉਗਦਿਆਂ ਦੇਖਿਆ ਅਤੇ ਫ਼ੇਰ ਅੰਗੂਰ ਬਣਦਿਆਂ ਦੇਖਿਆ। 11 ਮੈਂ ਫ਼ਿਰਊਨ ਦਾ ਪਿਆਲਾ ਫ਼ੜਿਆ ਹੋਇਆ ਸੀ। ਇਸ ਲਈ ਮੈਂ ਅੰਗੂਰ ਤੋਂੜੇ ਅਤੇ ਉਨ੍ਹਾਂ ਦਾ ਰਸ ਨਿਚੋੜਕੇ ਪਿਆਲੇ ਵਿੱਚ ਪਾ ਦਿੱਤਾ। ਫ਼ੇਰ ਮੈਂ ਪਿਆਲਾ ਫ਼ਿਰਊਨ ਨੂੰ ਦੇ ਦਿੱਤਾ। 12 ਤਾਂ ਯੂਸੁਫ਼ ਨੇ ਆਖ਼ਿਆ, “ਮੈਂ ਤੈਨੂੰ ਇਸ ਸੁਪਨੇ ਦੀ ਗੱਲ ਸਮਝਾਵਾਂਗਾ। ਤਿੰਨ ਟਹਿਣੀਆਂ ਦਾ ਅਰਥ ਹੈ ਤਿੰਨ ਦਿਨ। 13 ਤਿੰਨਾ ਦਿਨਾਂ ਤੋਂ ਪਹਿਲਾਂ ਫ਼ਿਰਊਨ ਤੈਨੂੰ ਮਾਫ਼ ਕਰ ਦੇਵੇਗਾ ਅਤੇ ਤੈਨੂੰ ਕੰਮ ਉੱਤੇ ਵਾਪਸ ਬੁਲਾ ਲਵੇਗਾ। ਤੂੰ ਫ਼ਿਰਊਨ ਲਈ ਉਹੀ ਕੰਮ ਕਰੇਂਗਾ ਜਿਹੜਾ ਪਹਿਲਾਂ ਕਰਦਾ ਹੁੰਦਾ ਸੀ। 14 ਪਰ ਜਦੋਂ ਤੂੰ ਆਜ਼ਾਦ ਹੋਵੇਂ ਤਾਂ ਮੈਨੂੰ ਚੇਤੇ ਰਖੀਂ। ਮੇਰੇ ਨਾਲ ਚੰਗਾ ਵਿਹਾਰ ਕਰੀਂ ਅਤੇ ਮੇਰੀ ਸਹਾਇਤਾ ਕਰੀਂ। ਫ਼ਿਰਊਨ ਨੂੰ ਮੇਰੇ ਬਾਰੇ ਦਸੀਂ ਤਾਂ ਜੋ ਮੈਂ ਇਸ ਕੈਦਖਾਨੇ ਵਿੱਚੋਂ ਨਿਕਲ ਸਕਾਂ। 15 ਮੈਨੂੰ ਆਪਣੇ ਹੀ ਘਰ ਵਿੱਚੋਂ, ਇਬਰਾਨੀਆਂ ਦੀ ਧਰਤੀ ਤੋਂ ਲਿਆਂਦਾ ਗਿਆ ਸੀ। ਮੈਂ ਕੋਈ ਵੀ ਗਲਤ ਕੰਮ ਨਹੀਂ ਕੀਤਾ। ਇਸ ਲਈ ਮੈਨੂੰ ਕੈਦਖਾਨੇ ਵਿੱਚ ਨਹੀਂ ਹੋਣਾ ਚਾਹੀਦਾ।” 16 ਨਾਨਬਾਈ ਨੇ ਦੇਖਿਆ ਕਿ ਦੂਸਰੇ ਨੌਕਰਾਂ ਦਾ ਸੁਪਨਾ ਚੰਗਾ ਸੀ। ਇਸ ਲਈ ਨਾਨਬਾਈ ਨੇ ਯੂਸੁਫ਼ ਨੂੰ ਆਖਿਆ, “ਮੈਂ ਵੀ ਇੱਕ ਸੁਪਨਾ ਦੇਖਿਆ ਹੈ। ਮੈਨੂੰ ਸੁਪਨਾ ਆਇਆ ਕਿ ਮੇਰੇ ਸਿਰ ਉੱਤੇ ਰੋਟੀ ਦੀਆਂ ਤਿੰਨ ਟੋਕਰੀਆਂ ਸਨ। 17 ਉੱਪਰਲੀ ਟੋਕਰੀ ਵਿੱਚ ਹਰ ਤਰ੍ਹਾਂ ਦਾ ਪਕਾਇਆ ਹੋਇਆ ਭੋਜਨ ਸੀ। ਇਹ ਭੋਜਨ ਰਾਜੇ ਲਈ ਚੰਗਾ ਸੀ। ਪਰ ਇਸ ਭੋਜਨ ਨੂੰ ਪੰਛੀ ਖਾ ਰਹੇ ਸਨ।” 18 ਯੂਸੁਫ਼ ਨੇ ਜਵਾਬ ਦਿੱਤਾ, “ਮੈਂ ਤੈਨੂੰ ਦੱਸਦਾ ਹਾਂ ਕਿ ਇਸ ਸੁਪਨੇ ਦਾ ਕੀ ਅਰਥ ਹੈ। ਤਿੰਨ ਟੋਕਰੀਆਂ ਦਾ ਅਰਥ ਹੈ ਤਿੰਨ ਦਿਨ। 19 ਤਿੰਨ ਦਿਨ ਖਤਮ ਹੋਣ ਤੋਂ ਪਹਿਲਾਂ, ਰਾਜਾ ਤੈਨੂੰ ਕੈਦਖਾਨੇ ਵਿੱਚੋਂ ਛੱਡ ਦੇਵੇਗਾ। ਫ਼ੇਰ ਰਾਜਾ ਤੇਰਾ ਸਿਰ ਕਲਮ ਕਰ ਦੇਵੇਗਾ! ਉਹ ਤੇਰੇ ਸ਼ਰੀਰ ਨੂੰ ਰੁਖ ਉੱਤੇ ਟੰਗ ਦੇਵੇਗਾ। ਪੰਛੀ ਤੇਰੀ ਲਾਸ਼ ਵਿੱਚੋਂ ਮਾਸ ਖਾਣਗੇ।” 20 ਤਿੰਨਾ ਦਿਨਾਂ ਮਗਰੋਂ, ਫ਼ਿਰਊਨ ਦਾ ਜਨਮਦਿਨ ਸੀ। ਫ਼ਿਰਊਨ ਨੇ ਆਪਣੇ ਸਾਰੇ ਨੌਕਰਾਂ ਨੂੰ ਦਾਵਤ ਦਿੱਤੀ। ਦਾਵਤ ਉੱਤੇ ਫ਼ਿਰਊਨ ਨੇ ਸਾਕੀ ਨੂੰ ਅਤੇ ਨਾਨਬਾਈ ਨੂੰ ਵੀ ਕੈਦਖਾਨੇ ਤੋਂ ਛੱਡ ਦਿੱਤਾ। 21 ਫ਼ਿਰਊਨ ਨੇ ਸਾਕੀ ਨੂੰ ਰਿਹਾ ਕਰ ਦਿੱਤਾ। ਫ਼ਿਰਊਨ ਨੇ ਉਸਨੂੰ ਉਸਦਾ ਕੰਮ ਵਾਪਸ ਦੇ ਦਿੱਤਾ। ਅਤੇ ਸਾਕੀ ਨੇ ਮੈਅ ਦਾ ਪਿਆਲਾ ਫ਼ਿਰਊਨ ਦੇ ਹੱਥ ਫ਼ੜਾ ਦਿੱਤਾ। 22 ਪਰ ਫ਼ਿਰਊਨ ਨੇ ਨਾਨਬਾਈ ਨੂੰ ਫ਼ਾਂਸੀ ਲਟਕਾ ਦਿੱਤਾ ਅਤੇ ਹਰ ਗੱਲ ਉਸੇ ਤਰ੍ਹਾਂ ਵਾਪਰੀ ਜਿਵੇਂ ਯੂਸੁਫ਼ ਨੇ ਆਖਿਆ ਸੀ। 23 ਪਰ ਸਾਕੀ ਨੇ ਯੂਸੁਫ਼ ਦੀ ਸਹਾਇਤਾ ਕਰਨੀ ਚੇਤੇ ਨਹੀਂ ਰਖੀ। ਉਸਨੇ ਫ਼ਿਰਊਨ ਨੂੰ ਯੂਸੁਫ਼ ਬਾਰੇ ਕੁਝ ਨਹੀਂ ਦੱਸਿਆ। ਸਾਕੀ ਯੂਸੁਫ਼ ਬਾਰੇ ਸਭ ਕੁਝ ਭੁੱਲ ਗਿਆ।

Genesis 41

1 ਦੋ ਸਾਲਾਂ ਬਾਦ, ਫ਼ਿਰਊਨ ਨੂੰ ਇੱਕ ਸੁਪਨਾ ਆਇਆ। ਉਸਨੇ ਸੁਪਨਾ ਦੇਖਿਆ ਕਿ ਉਹ ਨੀਲ ਨਦੀ ਦੇ ਕੰਢੇ ਖੜਾ ਹੋਇਆ ਸੀ। 2 ਸੁਪਨੇ ਵਿੱਚ, ਨਦੀ ਵਿੱਚੋਂ ਸੱਤ ਗਊਆਂ ਨਿਕਲੀਆਂ ਅਤੇ ਉਥੇ ਖੜਕੇ ਘਾਹ ਖਾਣ ਲੱਗੀਆਂ। ਉਹ ਬੜੀਆਂ ਸਿਹਤਮੰਦ ਅਤੇ ਸੁੰਦਰ ਗਊਆਂ ਸਨ। 3 ਫ਼ੇਰ ਸੱਤ ਹੋਰ ਗਊਆਂ ਨਦੀ ਵਿੱਚੋਂ ਨਿਕਲੀਆਂ ਅਤੇ ਨਦੀ ਕੰਢੇ ਸਿਹਤਮੰਦ ਗਊਆਂ ਕੋਲ ਖੜੀਆਂ ਹੋ ਗਈਆਂ। ਪਰ ਇਹ ਗਊਆਂ ਕਮਜ਼ੋਰ ਅਤੇ ਬਿਮਾਰ ਦਿਖਾਈ ਦਿੰਦੀਆਂ ਸਨ। 4 ਸੱਤ ਬਿਮਾਰ ਗਊਆਂ ਸੱਤ ਸਿਹਤਮੰਦ ਗਊਆਂ ਨੂੰ ਖਾ ਗਈਆਂ। ਫ਼ੇਰ ਫ਼ਿਰਊਨ ਜਾਗ ਪਿਆ। 5 ਫ਼ਿਰਊਨ ਫ਼ੇਰ ਸੌਣ ਲਈ ਗਿਆ ਅਤੇ ਫ਼ੇਰ ਸੁਪਨਾ ਦੇਖਣ ਲੱਗਾ। ਇਸ ਵਾਰ ਉਸਨੇ ਸੁਪਨੇ ਵਿੱਚ, ਇੱਕੋ ਗੰਦਲ ਵਿੱਚੋਂ ਅਨਾਜ਼ ਦੀਆਂ ਸੱਤ ਬੱਲੀਆਂ ਉੱਗਦੀਆਂ ਵੇਖੀਆਂ। ਉਹ ਨਰੋਈਆਂ ਅਤੇ ਭਰਪੂਰ ਬੱਲੀਆਂ ਸਨ। 6 ਅਤੇ ਫ਼ੇਰ ਉਸਨੇ ਅਨਾਜ਼ ਦੀਆਂ ਹੋਰ ਸੱਤ ਬੱਲੀਆਂ ਉੱਗਦੀਆਂ ਦੇਖੀਆਂ। ਪਰ ਉਹ ਪਤਲੀਆਂ ਅਤੇ ਗਰਮ ਹਵਾ ਨਾਲ ਝੁਲਸੀਆਂ ਹੋਈਆਂ ਸਨ। 7 ਅਨਾਜ਼ ਦੀਆਂ ਸੱਤ ਬੱਲੀਆਂ ਨੇ ਚੰਗੇ ਅਨਾਜ਼ ਵਾਲੀਆਂ ਬੱਲੀਆਂ ਨੂੰ ਖਾ ਲਿਆ। ਫ਼ੇਰ ਫ਼ਿਰਊਨ ਦੁਬਾਰਾ ਜਾਗ ਪਿਆ ਅਤੇ ਉਸਨੂੰ ਪਤਾ ਲਗਿਆ ਕਿ ਇਹ ਤਾਂ ਸੁਪਨਾ ਹੀ ਸੀ। 8 ਅਗਲੀ ਸਵੇਰ ਫ਼ਿਰਊਨ ਇਨ੍ਹਾਂ ਸੁਪਨਿਆਂ ਬਾਰੇ ਫ਼ਿਕਰਮੰਦ ਸੀ। ਇਸ ਲਈ ਉਸਨੇ ਮਿਸਰ ਦੇ ਸਾਰੇ ਸਿਆਣੇ ਅਤੇ ਜਾਦੂਗਰ ਬੁਲਾ ਲਏ। ਫ਼ਿਰਊਨ ਨੇ ਇਨ੍ਹਾਂ ਬੰਦਿਆਂ ਨੂੰ ਇਹ ਸੁਪਨੇ ਸੁਣਾਏ ਪਰ ਉਨ੍ਹਾਂ ਵਿੱਚੋਂ ਕੋਈ ਵੀ ਇਨ੍ਹਾਂ ਦੀ ਵਿਆਖਿਆ ਨਹੀਂ ਕਰ ਸਕਿਆ। 9 ਤਾਂ ਸਾਕੀ ਨੂੰ ਯੂਸੁਫ਼ ਦਾ ਚੇਤਾ ਆਇਆ। ਨੌਕਰ ਨੇ ਫ਼ਿਰਊਨ ਨੂੰ ਆਖਿਆ, “ਮੈਨੂੰ ਹੁਣੇ ਬੁਰਾ ਚੇਤੇ ਆਇਆ ਹੈ ਜੋ ਮੈਂ ਕੀਤਾ ਸੀ। 10 ਤੁਸੀਂ ਮੇਰੇ ਨਾਲ ਅਤੇ ਨਾਨਬਾਈ ਨਾਲ ਨਾਰਾਜ਼ ਹੋ ਗਏ ਸੀ, ਅਤੇ ਤੁਸੀਂ ਸਾਨੂੰ ਕੈਦਖਾਨੇ ਵਿੱਚ ਡੱਕ ਦਿੱਤਾ ਸੀ। 11 ਫ਼ੇਰ ਇੱਕ ਰਾਤ ਉਸਨੂੰ ਅਤੇ ਮੈਨੂੰ ਸੁਪਨਾ ਆਇਆ। ਹਰ ਸੁਪਨੇ ਦਾ ਅਰਥ ਵਖੋ-ਵੱਖਰਾ ਸੀ। 12 ਉਥੇ ਕੈਦਖਾਨੇ ਵਿੱਚ ਸਾਡੇ ਨਾਲ ਇੱਕ ਨੌਜਵਾਨ ਇਬਰਾਨੀ ਸੀ। ਉਹ ਪਹਿਰੇਦਾਰਾਂ ਦੇ ਕਮਾਂਡਰ ਦਾ ਨੌਕਰ ਸੀ। ਅਸੀਂ ਉਸਨੂੰ ਆਪਣੇ ਸੁਪਨੇ ਸੁਣਾਏ ਅਤੇ ਉਸਨੇ ਸਾਨੂੰ ਉਨ੍ਹਾਂ ਦਾ ਅਰਥ ਸਮਝਾਇਆ। ਉਸਨੇ ਸਾਨੂੰ ਹਰ ਸੁਪਨੇ ਦੇ ਅਰਥ ਦੀ ਵਿਆਖਿਆ ਕੀਤੀ। 13 ਅਤੇ ਜੋ ਕੁਝ ਉਸਨੇ ਦੱਸਿਆ ਸੀ ਉਹ ਸੱਚ ਨਿਕਲਿਆ। ਉਸਨੇ ਆਖਿਆ ਸੀ ਕਿ ਮੈਂ ਛੁੱਟ ਜਾਵਾਂਗਾ ਅਤੇ ਵਾਪਸ ਆਪਣੇ ਪੁਰਾਣੇ ਕੰਮ ਉੱਤੇ ਪਰਤ ਜਾਵਾਂਗਾ। ਉਸਨੇ ਇਹ ਵੀ ਆਖਿਆ ਕਿ ਨਾਨਬਾਈ ਮਰੇਗਾ, ਅਤੇ ਇਹ ਵੀ ਵਾਪਰ ਗਿਆ!” 14 ਇਸ ਲਈ ਫ਼ਿਰਊਨ ਨੇ ਯੂਸੁਫ਼ ਨੂੰ ਕੈਦਖਾਨੇ ਵਿੱਚੋਂ ਸੱਦ ਲਿਆ। ਗਾਰਦਾਂ ਨੇ ਜਲਦ ਹੀ ਯੂਸੁਫ਼ ਨੂੰ ਕੈਦਖਾਨੇ ਤੋਂ ਬਾਹਰ ਲੈ ਆਂਦਾ। ਯੂਸੁਫ਼ ਨੇ ਮੂੰਹ ਸਿਰ ਮੁਨਾਇਆ ਅਤੇ ਕੁਝ ਸਾਫ਼ ਕੱਪੜੇ ਪਹਿਨ ਲਈ। ਫ਼ੇਰ ਉਹ ਫ਼ਿਰਊਨ ਨੂੰ ਮਿਲਣ ਲਈ ਚਲਾ ਗਿਆ। 15 ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, “ਮੈਨੂੰ ਇੱਕ ਸੁਪਨਾ ਆਇਆ ਹੈ। ਪਰ ਕੋਈ ਵੀ ਮੇਰੇ ਲਈ ਇਸਦੀ ਵਿਆਖਿਆ ਨਹੀਂ ਕਰ ਸਕਿਆ। ਮੈਂ ਸੁਣਿਆ ਹੈ ਕਿ ਜੇ ਕੋਈ ਤੈਨੂੰ ਆਪਣਾ ਸੁਪਨਾ ਸੁਣਾਵੇ ਤਾਂ ਤੂੰ ਉਸਦੀ ਵਿਆਖਿਆ ਕਰ ਸਕਦਾ ਹੈ।” 16 ਯੂਸੁਫ਼ ਨੇ ਜਵਾਬ ਦਿੱਤਾ, “ਮੈਂ ਅਜਿਹਾ ਨਹੀਂ ਕਰ ਸਕਦਾ। ਪਰ ਸ਼ਾਇਦ ਪਰਮੇਸ਼ੁਰ ਤੁਹਾਨੂੰ ਉਨ੍ਹਾਂ ਬਾਰੇ ਸਮਝਾ ਸਕੇ, ਫ਼ਿਰਊਨ।” 17 ਫ਼ੇਰ ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, “ਮੈਂ ਆਪਣੇ ਸੁਪਨੇ ਵਿੱਚ ਦੇਖਿਆ ਕਿ ਨੀਲ ਨਦੀ ਦੇ ਕੰਢੇ ਖਲੋਤਾ ਹਾਂ। 18 ਫ਼ੇਰ ਸੱਤ ਗਊਆਂ ਨਦੀ ਵਿੱਚੋਂ ਨਿਕਲੀਆਂ ਅਤੇ ਉਥੇ ਖਲੋਕੇ ਘਾਹ ਖਾਣ ਲੱਗੀਆਂ। ਉਹ ਨਰੋਈਆਂ ਅਤੇ ਸੁਨਖੀਆਂ ਗਊਆਂ ਸਨ। 19 ਫ਼ੇਰ ਮੈਂ ਦੇਖਿਆ ਕਿ ਉਨ੍ਹਾਂ ਤੋਂ ਪਿਛੋਂ ਸੱਤ ਹੋਰ ਗਊਆਂ ਨਦੀ ਵਿੱਚੋਂ ਨਿਕਲੀਆਂ। ਪਰ ਇਹ ਗਊਆਂ ਕਮਜ਼ੋਰ ਅਤੇ ਬਿਮਾਰ ਦਿਖਾਈ ਦਿੰਦੀਆਂ ਸਨ। ਇਹ ਉਨ੍ਹਾਂ ਸਾਰੀਆਂ ਗਊਆਂ ਨਾਲੋਂ ਸਭ ਤੋਂ ਨਖਿਧ ਸਨ ਜਿਨ੍ਹਾਂ ਨੂੰ ਮਿਸਰ ਵਿੱਚ ਕਿਤੇ ਵੀ ਦੇਖਿਆ ਹੈ! 20 ਫ਼ੇਰ ਉਨ੍ਹਾਂ ਕਮਜ਼ੋਰ ਅਤੇ ਬਿਮਾਰ ਗਊਆਂ ਨੇ ਪਹਿਲੀਆਂ ਨਰੋਈਆਂ ਗਊਆਂ ਨੂੰ ਖਾ ਲਿਆ। 21 ਪਰ ਉਹ ਫ਼ੇਰ ਵੀ ਕਮਜ਼ੋਰ ਅਤੇ ਬਿਮਾਰ ਦਿਸਦੀਆਂ ਸਨ। ਤੁਸੀਂ ਇਹ ਆਖ ਵੀ ਨਹੀਂ ਸਕਦੇ ਕਿ ਇਨ੍ਹਾਂ ਨੇ ਨਰੋਈਆਂ ਗਊਆਂ ਨੂੰ ਖਾ ਲਿਆ ਹੈ। ਉਹ ਓਨੀਆਂ ਹੀ ਕਮਜ਼ੋਰ ਅਤੇ ਬਿਮਾਰ ਨਜ਼ਰ ਆਉਂਦੀਆਂ ਸਨ ਜਿੰਨੀਆਂ ਉਹ ਸ਼ੁਰੂ ਵਿੱਚ ਸਨ। ਫ਼ੇਰ ਮੈਨੂੰ ਜਾਗ ਆ ਗਈ। 22 “ਆਪਣੇ ਅਗਲੇ ਸੁਪਨੇ ਵਿੱਚ ਮੈਂ ਇੱਕ ਪੌਦੇ ਉੱਤੇ ਅਨਾਜ਼ ਦੀਆਂ ਸੱਤ ਬੱਲੀਆਂ ਉੱਗਦੀਆਂ ਦੇਖੀਆਂ। ਉਹ ਨਰੋਈਆਂ ਅਤੇ ਅਨਾਜ਼ ਨਾਲ ਭਰਪੂਰ ਸਨ। 23 ਅਤੇ ਫ਼ੇਰ ਉਨ੍ਹਾਂ ਤੋਂ ਪਿਛੋਂ ਅਨਾਜ਼ ਦੀਆਂ ਸੱਤ ਹੋਰ ਬੱਲੀਆਂ ਉੱਗ ਪਈਆਂ। ਪਰ ਉਹ ਕਮਜ਼ੋਰ ਅਤੇ ਲੂ ਨਾਲ ਝੁਲਸੀਆਂ ਹੋਈਆਂ ਸਨ। 24 ਫ਼ੇਰ ਉਨ੍ਹਾਂ ਅਨਾਜ਼ ਦੀਆਂ ਪਤਲੀਆਂ ਬੱਲੀਆਂ ਨੇ ਸੱਤਾਂ ਚੰਗੀਆਂ ਬੱਲੀਆਂ ਨੂੰ ਖਾ ਲਿਆ।“ਮੈਂ ਆਪਣੇ ਇਹ ਸੁਪਨੇ ਆਪਣੇ ਜਾਦੂਗਰਾਂ ਨੂੰ ਸੁਣਾਏ ਹਨ। ਪਰ ਕੋਈ ਵੀ ਮੈਨੂੰ ਇਨ੍ਹਾਂ ਸੁਪਨਿਆਂ ਦੀ ਵਿਆਖਿਆ ਕਰਕੇ ਨਹੀਂ ਦੱਸ ਸਕਿਆ। ਇਨ੍ਹਾਂ ਦਾ ਕੀ ਅਰਥ ਹੈ?” 25 ਫ਼ੇਰ ਯੂਸੁਫ਼ ਨੇ ਫ਼ਿਰਊਨ ਨੂੰ ਆਖਿਆ, “ਇਹ ਦੋਵੇਂ ਸੁਪਨੇ ਇੱਕੋ ਗੱਲ ਬਾਰੇ ਹਨ। ਪਰਮੇਸ਼ੁਰ ਤੈਨੂੰ ਛੇਤੀ ਹੀ ਵਾਪਰਨ ਵਾਲੀ ਗੱਲ ਬਾਰੇ ਦੱਸ ਰਿਹਾ ਹੈ। 26 ਦੋਹਾਂ ਸੁਪਿਨਆਂ ਦਾ ਅਸਲ ਵਿੱਚ ਇੱਕੋ ਹੀ ਅਰਥ ਹੈ। ਸੱਤ ਚੰਗੀਆਂ ਗਊਆਂ ਅਨਾਜ਼ ਦੀਆਂ ਸੱਤ ਚੰਗੀਆਂ ਬੱਲੀਆਂ ਸੱਤ ਚੰਗੇ ਵਰ੍ਹੇ ਹਨ। 27 ਅਤੇ ਸੱਤ ਕਮਜ਼ੋਰ ਅਤੇ ਬਿਮਾਰ ਦਿਸਣ ਵਾਲੀਆਂ ਗਊਆਂ ਅਤੇ ਅਨਾਜ਼ ਦੀਆਂ ਪਤਲੀਆਂ ਬੱਲੀਆਂ ਦਾ ਅਰਥ ਹੈ ਕਿ ਇਸ ਇਲਾਕੇ ਵਿੱਚ ਸੱਤ ਵਰ੍ਹੇ ਅਕਾਲ ਪਵੇਗਾ। ਇਹ ਸੱਤ ਬੁਰੇ ਵਰ੍ਹੇ ਸੱਤ ਚੰਗਿਆਂ ਵਰ੍ਹਿਆਂ ਬਾਦ ਆਉਣਗੇ। 28 ਪਰਮੇਸ਼ੁਰ ਨੇ ਤੁਹਾਨੂੰ ਦਰਸਾ ਦਿੱਤਾ ਹੈ ਕਿ ਛੇਤੀ ਹੀ ਕੀ ਵਾਪਰੇਗਾ। ਅਤੇ ਪਰਮੇਸ਼ੁਰ ਦੀ ਰਜ਼ਾ ਨਾਲ ਇਹ ਇਵੇਂ ਹੀ ਵਾਪਰੇਗਾ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ। 29 ਸੱਤ ਵਰ੍ਹਿਆਂ ਤੱਕ ਮਿਸਰ ਵਿੱਚ ਚੋਖਾ ਭੋਜਨ ਹੋਵੇਗਾ। 30 ਪਰ ਫ਼ੇਰ ਸੱਤ ਵਰ੍ਹੇ ਅਕਾਲ ਦੇ ਹੋਣਗੇ। ਮਿਸਰ ਦੇ ਲੋਕ ਇਸ ਗੱਲ ਨੂੰ ਭੁੱਲ ਜਾਣਗੇ ਕਿ ਉਨ੍ਹਾਂ ਕੋਲ ਪਿਛਲੇ ਸਮੇਂ ਵਿੱਚ ਕਿੰਨਾ ਭੋਜਨ ਸੀ। ਇਹ ਅਕਾਲ ਦੇਸ਼ ਨੂੰ ਬਰਬਾਦ ਕਰ ਦੇਵੇਗਾ। 31 ਕਿਉਂਕਿ ਅਕਾਲ ਇੰਨਾ ਭਿਆਨਕ ਹੋਵੇਗਾ, ਲੋਕ ਇਹ ਭੁੱਲ ਜਾਣਗੇ ਕਿ ਚੋਖਾ ਭੋਜਨ ਖਾਣਾ ਕਿਹੋ ਜਿਹਾ ਸੀ। 32 “ਫ਼ਿਰਊਨ, ਤੁਹਾਨੂੰ ਇੱਕੋ ਗੱਲ ਬਾਰੇ ਦੋ ਸੁਪਨੇ ਆਏ ਹਨ। ਪਰਮੇਸ਼ੁਰ ਤੁਹਾਨੂੰ ਇਹ ਦਰਸਾਉਣਾ ਚਾਹੁੰਦਾ ਸੀ ਕਿ ਉਸਦੀ ਰਜ਼ਾ ਨਾਲ ਅਜਿਹਾ ਅਵੱਸ਼ ਵਾਪਰੇਗਾ। ਅਤੇ ਉਹ ਇਸਨੂੰ ਛੇਤੀ ਹੀ ਵਾਪਰਨ ਦੇਵੇਗਾ! 33 ਇਸ ਲਈ ਫ਼ਿਰਊਨ, ਤੁਹਾਨੂੰ ਕਿਸੇ ਸਿਆਣੇ ਅਤੇ ਬੁਧੀਮਾਨ ਆਦਮੀ ਦੀ ਚੋਣ ਕਰਨੀ ਚਾਹੀਦੀ ਹੈ ਅਤੇ ਉਸਨੂੰ ਮਿਸਰ ਦਾ ਇੰਚਾਰਜ ਬਣਾ ਦੇਣਾ ਚਾਹੀਦਾ ਹੈ। 34 ਫ਼ੇਰ ਤੁਹਾਨੂੰ ਹੋਰਨਾ ਬੰਦਿਆਂ ਦੀ ਚੋਣ ਕਰਨੀ ਚਾਹੀਦੀ ਹੈ ਜਿਹੜੇ ਲੋਕਾਂ ਪਾਸੋਂ ਭੋਜਨ ਇਕਠਾ ਕਰ ਸਕਣ। ਸੱਤ ਚੰਗੇ ਵਰ੍ਹਿਆਂ ਦੌਰਾਨ ਲੋਕਾਂ ਨੂੰ ਆਪਣੀ ਸਾਰੀ ਫ਼ਸਲ ਦਾ ਪੰਜਵਾਂ ਹਿੱਸਾਂ ਉਨ੍ਹਾਂ ਨੂੰ ਦੇਣਾ ਚਾਹੀਦਾ ਹੈ। 35 ਇਸ ਤਰ੍ਹਾਂ, ਇਹ ਆਦਮੀ ਸੱਤ ਚੰਗੇ ਵਰ੍ਹਿਆਂ ਦੌਰਾਨ ਚੋਖਾ ਭੋਜਨ ਇਕਠਾ ਕਰ ਸਕਣਗੇ ਅਤੇ ਇਸਨੂੰ ਲੋੜ ਪੈਣ ਤੱਕ ਸ਼ਹਿਰਾਂ ਵਿੱਚ ਜਮ੍ਹਾਂ ਕਰਨਗੇ। ਇਸ ਤਰ੍ਹਾਂ, ਫ਼ਿਰਊਨ, ਇਹ ਭੋਜਨ ਤੁਹਾਡੇ ਅਧਿਕਾਰ ਹੇਠਾਂ ਰਹੇਗਾ। 36 ਫ਼ੇਰ ਸੱਤ ਮੰਦੇ ਵਰ੍ਹਿਆਂ ਦੌਰਾਨ ਮਿਸਰ ਦੇਸ਼ ਕੋਲ ਖਾਣ ਲਈ ਅਨਾਜ਼ ਹੋਵੇਗਾ। ਅਤੇ ਮਿਸਰ ਅਕਾਲ ਨਾਲ ਤਬਾਹ ਨਹੀਂ ਹੋਵੇਗਾ।” 37 ਫ਼ਿਰਊਨ ਨੂੰ ਇਹ ਵਿਚਾਰ ਬਹੁਤ ਚੰਗਾ ਲਗਿਆ ਅਤੇ ਉਸਦੇ ਸਾਰੇ ਅਧਿਕਾਰੀ ਵੀ ਮੰਨ ਗਏ। 38 ਫ਼ੇਰ ਫ਼ਿਰੂਨ ਨੇ ਉਨ੍ਹਾਂ ਨੂੰ ਆਖਿਆ, “ਮੇਰਾ ਖਿਆਲ ਹੈ ਕਿ ਅਸੀਂ ਇਸ ਕੰਮ ਲਈ ਯੂਸੁਫ਼ ਨਾਲੋਂ ਕੋਈ ਵਧੇਰੇ ਸਿਆਣਾ ਬੰਦਾ ਨਹੀਂ ਲਭ ਸਕਦੇ। ਪਰਮੇਸ਼ੁਰ ਦਾ ਆਤਮਾ ਉਸਦੇ ਅੰਦਰ ਹੈ ਜਿਹੜਾ ਉਸਨੂੰ ਬਹੁਤ ਸਿਆਣਾ ਬਣਾ ਰਿਹਾ ਹੈ।” 39 ਇਸ ਲਈ ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, “ਪਰਮੇਸ਼ੁਰ ਨੇ ਤੈਨੂੰ ਇਹ ਚੀਜ਼ਾਂ ਦਿਖਾਈਆਂ, ਇਸ ਲਈ ਤੂੰ ਹੀ ਸਭ ਤੋਂ ਸਿਆਣਾ ਬੰਦਾ ਹੋਵੇਂਗਾ। 40 ਮੈਂ ਤੈਨੂੰ ਆਪਣੇ ਦੇਸ਼ ਦਾ ਮੁਖਤਾਰ ਬਣਾ ਦਿਆਂਗਾ ਅਤੇ ਲੋਕ ਤੇਰੇ ਸਾਰੇ ਆਦੇਸ਼ ਮੰਨਣਗੇ। ਸਿਰਫ਼ ਮੈਂ ਹੀ ਉਹ ਬੰਦਾ ਹੋਵਾਂਗਾ ਜਿਹੜਾ ਤੇਰੇ ਨਾਲੋਂ ਵਧ ਤਾਕਤਵਰ ਹੋਵਾਂਗਾ।” 41 ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, “ਹੁਣ ਮੈਂ ਤੈਨੂੰ ਸਾਰੇ ਮਿਸਰ ਦਾ ਰਾਜਪਾਲ ਥਾਪਦਾ ਹਾਂ।” 42 ਫ਼ੇਰ ਫ਼ਿਰਊਨ ਨੇ ਆਪਣੀ ਖਾਸ ਮੁੰਦਰੀ ਯੂਸੁਫ਼ ਨੂੰ ਦਿੱਤੀ। ਇਸ ਮੁੰਦਰੀ ਉੱਤੇ ਸ਼ਾਹੀ ਮੁਹਰ ਸੀ। ਫ਼ਿਰਊਨ ਨੇ ਯੂਸੁਫ਼ ਨੂੰ ਇੱਕ ਲਿਨਨ ਦਾ ਚੋਲਾ ਵੀ ਦਿੱਤਾ ਅਤੇ ਉਸਦੇ ਗਲੇ ਦੁਆਲੇ ਸੁਨਿਹਰੀ ਹਾਰ ਵੀ ਪਾਇਆ। 43 ਫ਼ਿਰਊਨ ਨੇ ਯੂਸੁਫ਼ ਨੂੰ ਦੂਸਰੇ ਰਥ ਵਿੱਚ ਸਵਾਰ ਹੋਣ ਲਈ ਕਿਹਾ। ਯੂਸੁਫ਼ ਦੇ ਰਥ ਅੱਗੇ ਖਾਸ ਪਹਿਰੇਦਾਰ ਤੁਰੇ ਅਤੇ ਲੋਕਾਂ ਨੂੰ ਆਖਿਆ, “ਯੂਸੁਫ਼ ਦੇ ਅੱਗੇ ਝੁਕੋ।” ਇਸ ਲਈ ਉਹ ਸਾਰੇ ਮਿਸਰ ਦਾ ਰਾਜਪਾਲ ਬਣ ਗਿਆ। 44 ਫ਼ਿਰਊਨ ਨੇ ਉਸ ਨੂੰ ਆਖਿਆ, “ਮੈਂ ਫ਼ਿਰਊਨ ਹਾਂ, ਪਰ ਮਿਸਰ ਦਾ ਕੋਈ ਵੀ ਬੰਦਾ ਤੇਰੀ ਆਗਿਆ ਤੋਂ ਬਿਨਾ ਕੁਝ ਨਹੀਂ ਕਰ ਸਕਦਾ।” 45 ਫ਼ਿਰਊਨ ਨੇ ਯੂਸੁਫ਼ ਨੂੰ ਇੱਕ ਹੋਰ ਨਾਮ ਦਿੱਤਾ, ਸਾਫ਼ਨਥ ਪਾਨੇਆਹ। ਫ਼ਿਰਊਨ ਨੇ ਯੂਸੁਫ਼ ਨੂੰ ਇੱਕ ਪਤਨੀ ਵੀ ਦਿੱਤੀ ਜਿਸਦਾ ਨਾਮ ਸੀ ਆਸਨਥ। ਉਹ ਉਸ ਸ਼ਹਿਰ ਦੇ ਜਾਜਕ ਪੋਟੀਫ਼ਰ ਦੀ ਧੀ ਸੀ। ਇਸ ਤਰ੍ਹਾਂ ਯੂਸੁਫ਼ ਪੂਰੇ ਮਿਸਰ ਦੇਸ਼ ਦਾ ਰਾਜਪਾਲ ਬਣ ਗਿਆ। 46 ਜਦੋਂ ਯੂਸੁਫ਼ ਨੇ ਮਿਸਰ ਦੇਸ਼ ਦੇ ਰਾਜੇ ਦੀ ਸੇਵਾ ਸ਼ੁਰੂ ਕੀਤੀ ਉਹ 30 ਸਾਲਾਂ ਦਾ ਸੀ। ਯੂਸੁਫ਼ ਸਾਰੇ ਮਿਸਰ ਦੇਸ਼ ਵਿੱਚ ਘੁੰਮਿਆ। 47 ਸੱਤ ਚੰਗੇ ਵਰ੍ਹਿਆਂ ਦੌਰਾਨ ਮਿਸਰ ਵਿੱਚ ਫ਼ਸਲਾਂ ਬਹੁਤ ਚੰਗੀਆਂ ਹੋਈਆਂ। 48 ਅਤੇ ਯੂਸੁਫ਼ ਨੇ ਮਿਸਰ ਵਿੱਚ ਉਨ੍ਹਾਂ ਸੱਤਾਂ ਸਾਲਾਂ ਦੌਰਾਨ ਅਨਾਜ਼ ਬਚਾਇਆ। ਯੂਸੁਫ਼ ਨੇ ਸ਼ਹਿਰਾਂ ਵਿੱਚ ਅਨਾਜ਼ ਜਮ੍ਹਾਂ ਕਰ ਲਿਆ। ਹਰ ਸ਼ਹਿਰ ਵਿੱਚ ਯੂਸੁਫ਼ ਨੇ ਉਹ ਅਨਾਜ਼ ਜਮ੍ਹਾਂ ਕਰ ਲਿਆ ਜਿਹੜੇ ਸ਼ਹਿਰ ਦੇ ਆਲੇ-ਦੁਆਲੇ ਦੇ ਖੇਤਾਂ ਵਿੱਚ ਪੈਦਾ ਹੁੰਦਾ ਸੀ। 49 ਯੂਸੁਫ਼ ਨੇ ਇੰਨਾ ਅਨਾਜ਼ ਇਕਠਾ ਕੀਤਾ ਜਿੰਨੀ ਸਮੁੰਦਰ ਕਿਨਾਰੇ ਰੇਤ। ਉਸਨੇ ਇੰਨਾ ਜ਼ਿਆਦਾ ਅਨਾਜ਼ ਜਮ੍ਹਾਂ ਕਰ ਲਿਆ ਕਿ ਉਸਨੂੰ ਮਾਪਣਾ ਔਖਾ ਸੀ। 50 ਯੂਸੁਫ਼ ਦੀ ਪਤਨੀ ਆਸਨਥ ਸੀ। ਉਹ ਉਸ ਸ਼ਹਿਰ ਦੇ ਜਾਜਕ ਪੋਟੀਫ਼ਰਾ ਦੀ ਧੀ ਸੀ। ਅਕਾਲ ਦਾ ਪਹਿਲਾ ਵਰ੍ਹਾ ਆਉਣ ਤੋਂ ਪਹਿਲਾਂ ਯੂਸੁਫ਼ ਅਤੇ ਆਸਨਥ ਦੇ ਦੋ ਪੁੱਤਰ ਹੋਏ। 51 ਪਹਿਲੇ ਪੁੱਤਰ ਦਾ ਨਾਮ ਮਨਸ਼ਹ ਰੱਖਿਆ ਗਿਆ। ਯੂਸੁਫ਼ ਨੇ ਉਸਨੂੰ ਇਹ ਨਾਮ ਇਸ ਵਾਸਤੇ ਦਿੱਤਾ ਕਿਉਂਕਿ ਯੂਸੁਫ਼ ਨੇ ਆਖਿਆ, “ਪਰਮੇਸ਼ੁਰ ਨੇ ਮੈਨੂੰ ਆਪਣੀਆਂ ਸਾਰੀਆਂ ਮੁਸੀਬਤਾਂ ਅਤੇ ਮੇਰੇ ਪਿਤਾ ਦੇ ਘਰ ਦੀ ਹਰ ਗੱਲ ਭੁਲਾ ਦਿੱਤੀ ਹੈ।” 52 ਯੂਸੁਫ਼ ਨੇ ਦੂਸਰੇ ਪੁੱਤਰ ਦਾ ਨਾਮ ਇਫ਼ਰਾਈਮ ਰੱਖਿਆ। ਯੂਸੁਫ਼ ਨੇ ਉਸਨੂੰ ਇਹ ਨਾਮ ਇਸ ਲਈ ਦਿੱਤਾ ਕਿਉਂਕਿ ਯੂਸੁਫ਼ ਨੇ ਆਖਿਆ, “ਪਰਮੇਸ਼ੁਰ ਨੇ ਮੈਨੂੰ ਉਸ ਧਰਤੀ ਉੱਤੇ ਸਫ਼ਲਤਾ ਦਿੱਤੀ ਜਿਥੇ ਮੈਂ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਮ੍ਹਣਾ ਕਰਨਾ ਸੀ।” 53 ਸੱਤ ਸਾਲਾਂ ਤੱਕ, ਲੋਕਾਂ ਕੋਲ ਉਨ੍ਹਾਂ ਲਈ ਲੋੜੀਂਦਾ ਸਾਰਾ ਅਨਾਜ਼ ਸੀ। ਪਰ ਫ਼ੇਰ ਉਹ ਸਾਲ ਖਤਮ ਹੋ ਗਏ। 54 ਅਤੇ ਅਕਾਲ ਦੇ ਸੱਤ ਵਰ੍ਹੇ ਸ਼ੁਰੂ ਹੋ ਗਏ, ਜਿਵੇਂ ਕਿ ਯੂਸੁਫ਼ ਨੇ ਪਹਿਲਾਂ ਹੀ ਆਖਿਆ ਸੀ। ਉਸ ਇਲਾਕੇ ਵਿਚਲੇ ਕਿਸੇ ਵੀ ਦੇਸ਼ ਵਿੱਚ ਕੋਈ ਅਨਾਜ਼ ਨਹੀਂ ਪੈਦਾ ਹੋਇਆ। ਪਰ ਮਿਸਰ ਵਿੱਚ, ਲੋਕਾਂ ਕੋਲ ਖਾਣ ਲਈ ਕਾਫ਼ੀ ਸੀ! ਕਿਉਂਕਿ ਯੂਸੁਫ਼ ਨੇ ਅਨਾਜ਼ ਜਮ੍ਹਾਂ ਕਰ ਲਿਆ ਸੀ। 55 ਕਾਲ ਦਾ ਸਮਾਂ ਸ਼ੁਰੂ ਹੋ ਗਿਆ, ਅਤੇ ਲੋਕ ਫ਼ਿਰਊਨ ਅੱਗੇ ਭੋਜਨ ਲਈ ਪੁਕਾਰ ਕਰਨ ਲੱਗੇ। ਫ਼ਿਰਊਨ ਨੇ ਮਿਸਰ ਦੇ ਲੋਕਾਂ ਨੂੰ ਆਖਿਆ, “ਯੂਸੁਫ਼ ਨੂ ਜਾਕੇ ਪੁਛੋ ਕਿ ਕੀ ਕਰਨਾ ਹੈ।” 56 ਹਰ ਥਾਂ ਅਕਾਲ ਪਿਆ ਹੋਇਆ ਸੀ, ਇਸ ਲਈ ਯੂਸੁਫ਼ ਨੇ ਉਥੋਂ ਜਿਥੇ ਅਨਾਜ਼ ਰੱਖਿਆ ਹੋਇਆ ਸੀ, ਕਢਿਆ ਅਤੇ ਇਸਨੂੰ ਲੋਕਾਂ ਨੂੰ ਦੇ ਦਿੱਤਾ। ਯੂਸੁਫ਼ ਨੇ ਜਮ੍ਹਾਂ ਕੀਤਾ ਹੋਇਆ ਅਨਾਜ਼ ਮਿਸਰ ਦੇ ਲੋਕਾਂ ਨੂੰ ਵੇਚਿਆ। ਮਿਸਰ ਵਿੱਚ ਅਕਾਲ ਸਖ਼ਤ ਸੀ। 57 ਪਰ ਅਕਾਲ ਹਰ ਥਾਂ ਸਖ਼ਤ ਸੀ। ਇਸ ਲਈ ਮਿਸਰ ਦੇ ਆਲੇ-ਦੁਆਲੇ ਦੇ ਦੇਸ਼ਾਂ ਦੇ ਲੋਕਾਂ ਨੂੰ ਯੂਸੁਫ਼ ਤੋਂ ਅਨਾਜ਼ ਖਰੀਦਣ ਲਈ ਮਿਸਰ ਆਉਣਾ ਪੈਂਦਾ ਸੀ।

Genesis 42

1 ਅਕਾਲ ਕਨਾਨ ਵਿੱਚ ਵੀ ਸਖ਼ਤ ਸੀ। ਪਰ ਯਾਕੂਬ ਨੂੰ ਪਤਾ ਲਗਿਆ ਕਿ ਮਿਸਰ ਵਿੱਚ ਅਨਾਜ਼ ਹੈ। ਇਸ ਲਈ ਯਾਕੂਬ ਨੇ ਆਪਣੇ ਪੁੱਤਰਾਂ ਨੂੰ ਆਖਿਆ, “ਅਸੀਂ ਇੱਥੇ ਨਿਕੰਮੇ ਕਿਉਂ ਬੈਠੇ ਹਾਂ? 2 ਮੈਂ ਸੁਣਿਆ ਹੈ ਕਿ ਮਿਸਰ ਕੋਲ ਵੇਚਣ ਲਈ ਅਨਾਜ਼ ਹੈ। ਇਸ ਲਈ ਆਉ ਅਨਾਜ਼ ਖਰੀਦਣ ਲਈ ਉਥੇ ਚੱਲੀਏ। ਫ਼ੇਰ ਅਸੀਂ ਆਪਣੇ-ਆਪ ਨੂੰ ਮਰਦਿਆਂ ਦੇਖਣ ਦੀ ਬਜਾਇ ਜਿਉਂ ਸਕਦੇ ਹਾਂ।” 3 ਇਸ ਲਈ ਯੂਸੁਫ਼ ਦੇ ਦਸ ਭਰਾ ਅਨਾਜ਼ ਖਰੀਦਣ ਲਈ ਮਿਸਰ ਗਏ। 4 ਯਾਕੂਬ ਨੇ ਬਿਨਯਾਮੀਨ ਨੂੰ ਉਸਦੇ ਭਰਾਵਾਂ ਨਾਲ ਨਹੀਂ ਭੇਜਿਆ। (ਬਿਨਯਾਮੀਨ ਹੀ ਯੂਸੁਫ਼ ਦਾ ਇੱਕ ਸਕਾ ਭਰਾ ਸੀ।) ਯਾਕੂਬ ਡਰਦਾ ਸੀ ਕਿ ਬਿਨਯਾਮੀਨ ਨਾਲ ਕੁਝ ਮਾੜਾ ਨਾ ਵਾਪਰ ਜਾਵੇ। 5 ਕਨਾਨ ਵਿੱਚ ਅਕਾਲ ਬਹੁਤ ਸਖ਼ਤ ਸੀ, ਇਸ ਲਈ ਕਨਾਨ ਦੇ ਬਹੁਤ ਸਾਰੇ ਲੋਕ ਸਨ ਜਿਹੜੇ ਅਨਾਜ਼ ਖਰੀਦਣ ਲਈ ਮਿਸਰ ਗਏ ਸਨ। ਉਨ੍ਹਾਂ ਵਿੱਚ ਇਸਰਾਏਲ ਦੇ ਪੁੱਤਰ ਵੀ ਸਨ। 6 ਉਸ ਸਮੇਂ, ਯੂਸੁਫ਼ ਮਿਸਰ ਦਾ ਰਾਜਪਾਲ ਸੀ ਅਤੇ ਯੂਸੁਫ਼ ਹੀ ਸੀ ਜਿਹੜਾ ਉਨ੍ਹਾਂ ਲੋਕਾਂ ਲਈ ਅਨਾਜ਼ ਦੀ ਵਿਕਰੀ ਕਰਾਉਣ ਦਾ ਅਧਿਕਾਰੀ ਸੀ ਜਿਹੜੇ ਮਿਸਰ ਨੂੰ ਆਉਂਦੇ ਸਨ। ਇਸ ਲਈ ਯੂਸੁਫ਼ ਦੇ ਭਰਾ ਉਸ ਕੋਲ ਆਏ ਅਤੇ ਉਸ ਅੱਗੇ ਝੁਕ ਗਏ। 7 ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਦੇਖਿਆ। ਯੂਸੁਫ਼ ਨੇ ਉਨ੍ਹਾਂ ਨੂੰ ਪਛਾਣ ਲਿਆ ਪਰ ਉਸਨੇ ਇਸ ਤਰ੍ਹਾਂ ਦਾ ਵਿਹਾਰ ਕੀਤਾ ਜਿਵੇਂ ਉਨ੍ਹਾਂ ਨੂੰ ਜਾਣਦਾ ਹੀ ਨਾ ਹੋਵੇ। ਉਨ੍ਹਾ ਨਾਲ ਗੱਲ ਕਰਦਿਆਂ ਉਹ ਬੜਾ ਕੁਰਖਤ ਸੀ। ਉਸਨੇ ਆਖਿਆ, “ਤੁਸੀਂ ਕਿਥੋਂ ਆਏ ਹੋ?”ਭਰਾਵਾਂ ਨੇ ਜਵਾਬ ਦਿੱਤਾ, “ਅਸੀਂ ਕਨਾਨ ਦੀ ਧਰਤੀ ਤੋਂ ਆਏ ਹਾਂ। ਅਸੀਂ ਇੱਥੇ ਅਨਾਜ਼ ਖਰੀਦਣ ਆਏ ਹਾਂ।” 8 ਯੂਸੁਫ਼ ਜਾਣਦਾ ਸੀ ਕਿ ਇਹ ਆਦਮੀ ਉਸਦੇ ਭਰਾ ਹਨ। ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਹ ਕੌਣ ਸੀ। 9 ਅਤੇ ਯੂਸੁਫ਼ ਨੂੰ ਉਹ ਸੁਪਨੇ ਚੇਤੇ ਆ ਗਏ ਜਿਹੜੇ ਉਸਨੇ ਆਪਣੇ ਭਰਾਵਾਂ ਬਾਰੇ ਲਈ ਸਨ।ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਆਖਿਆ, “ਤੁਸੀਂ ਅਨਾਜ਼ ਖਰੀਦਣ ਨਹੀਂ ਆਏ! ਤੁਸੀਂ ਜਾਸੂਸ ਹੋ। ਤੁਸੀਂ ਸਾਡੀਆਂ ਕਮਜ਼ੋਰੀਆਂ ਦਾ ਪਤਾ ਲਾਉਣ ਆਏ ਹੋ।” 10 ਪਰ ਭਰਾਵਾਂ ਨੇ ਉਸਨੂੰ ਆਖਿਆ, “ਨਹੀਂ ਜਨਾਬ! ਅਸੀਂ ਤਾਂ ਤੁਹਾਡੇ ਨੌਕਰ ਹਾਂ। ਅਸੀਂ ਤਾਂ ਸਿਰਫ਼ ਅਨਾਜ਼ ਖਰੀਦਣ ਲਈ ਆਏ ਹਾਂ। 11 ਅਸੀਂ ਸਾਰੇ ਭਰਾ ਹਾਂ - ਸਾਡਾ ਸਾਰਿਆਂ ਦਾ ਇੱਕੋ ਪਿਤਾ ਹੈ। ਅਸੀਂ ਇਮਾਨਦਾਰ ਲੋਕ ਹਾਂ। ਅਸੀਂ ਜਾਸੂਸ ਨਹੀਂ ਹਾਂ।” 12 ਫ਼ੇਰ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ: “ਨਹੀਂ! ਤੁਸੀਂ ਸਾਡੀਆਂ ਕਮਜ਼ੋਰੀਆਂ ਲਭਣ ਆਏ ਹੋਂ।” 13 ਅਤੇ ਭਰਾਵਾਂ ਨੇ ਆਖਿਆ, “ਨਹੀਂ! ਅਸੀਂ ਸਾਰੇ ਭਰਾ ਹਾਂ। ਸਾਡੇ ਪਰਿਵਾਰ ਵਿੱਚ 12 ਭਰਾ ਹਨ। ਸਾਡੇ ਸਾਰਿਆਂ ਦਾ ਇੱਕ ਪਿਤਾ ਹੈ। ਸਾਡਾ ਸਾਰਿਆਂ ਤੋਂ ਛੋਟਾ ਭਰਾ ਹਲੇ ਵੀ ਸਾਡੇ ਪਿਤਾ ਨਾਲ ਘਰ ਵਿੱਚ ਹੈ। ਅਤੇ ਦੂਸਰਾ ਭਰਾ ਬਹੁਤ ਸਮਾਂ ਪਹਿਲਾਂ ਮਰ ਗਿਆ ਸੀ। ਤੁਹਾਡੇ ਸਾਮ੍ਹਣੇ ਅਸੀਂ ਨੌਕਰਾਂ ਵਾਂਗ ਹਾਂ। ਅਸੀਂ ਕਨਾਨ ਦੀ ਧਰਤੀ ਤੋਂ ਹਾਂ।” 14 ਪਰ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, “ਨਹੀਂ! ਮੈਂ ਜਾਣਦਾ ਹਾਂ ਕਿ ਮੈਂ ਸਹੀ ਹਾਂ। ਤੁਸੀਂ ਜਾਸੂਸ ਹੋ। 15 ਪਰ ਮੈਂ ਤੁਹਾਨੂੰ ਇਹ ਸਾਬਤ ਕਰਨ ਦਾ ਮੌਕਾ ਦਿਆਂਗਾ ਕਿ ਤੁਸੀਂ ਸੱਚ ਬੋਲ ਰਹੇ ਹੋ। ਮੈਂ ਫ਼ਿਰਊਨ ਦਾ ਨਾਮ ਲੈਕੇ ਸਹੁੰ ਖਾਂਦਾ ਹਾਂ ਕਿ ਮੈਂ ਤੁਹਾਨੂੰ ਓਨਾ ਚਿਰ ਨਹੀਂ ਜਾਣ ਦਿਆਂਗਾ ਜਦੋਂ ਤੱਕ ਕਿ ਤੁਹਾਡਾ ਸਭ ਤੋਂ ਛੋਟਾ ਭਰਾ ਇੱਥੇ ਨਹੀਂ ਆ ਜਾਂਦਾ। 16 ਮੈਂ ਤੁਹਾਡੇ ਵਿੱਚੋਂ ਇੱਕ ਨੂੰ ਵਾਪਸ ਜਾਣ ਦੇਵਾਂਗਾ ਅਤੇ ਤੁਹਾਡੇ ਸਭ ਤੋਂ ਛੋਟੇ ਭਰਾ ਨੂੰ ਇੱਥੇ ਲਿਆਉਣ ਦਿਆਂਗਾ, ਜਦ ਕਿ ਹੋਰ ਸਾਰੇ ਕੈਦਖਾਨੇ ਵਿੱਚ ਰਹਿਣਗੇ। ਅਸੀਂ ਦੇਖਾਂਗੇ ਕਿ ਤੁਸੀਂ ਸੱਚ ਬੋਲ ਰਹੇ ਹੋ ਜਾਂ ਨਹੀਂ। ਪਰ ਜੇ ਤੁਸੀਂ ਅਜਿਹਾ ਨਹੀਂ ਕਰੋਂਗੇ, ਮੈਂ ਫ਼ਿਰਊਨ ਦੀ ਜਾਨ ਦੀ ਸਹੁੰ ਖਾਂਦਾ ਹਾਂ ਕਿ ਮੈਂ ਜਾਣ ਜਾਵਾਂਗਾ ਕਿ ਤੁਸੀਂ ਜਾਸੂਸ ਹੋ।” 17 ਫ਼ੇਰ ਯੂਸੁਫ਼ ਨੇ ਉਨ੍ਹਾਂ ਸਾਰਿਆਂ ਨੂੰ ਤਿੰਨਾ ਦਿਨਾ ਲਈ ਕੈਦਖਾਨੇ ਵਿੱਚ ਪਾ ਦਿੱਤਾ। 18 “ਤਿੰਨ ਦਿਨਾਂ ਮਗਰੋਂ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, “ਮੈਂ ਪਰਮੇਸ਼ੁਰ ਦਾ ਖੌਫ਼ ਰੱਖਣ ਵਾਲਾ ਆਦਮੀ ਹਾਂ! ਇਹ ਗੱਲ ਕਰੋ, ਅਤੇ ਮੈਂ ਤੁਹਾਨੂੰ ਜਿਉਣ ਦਿਆਂਗਾ। 19 ਜੇ ਤੁਸੀਂ ਸੱਚਮੁੱਚ ਸੱਚੇ ਬੰਦੇ ਹੋ, ਤਾਂ ਤੁਹਾਡੇ ਵਿੱਚੋਂ ਇੱਕ ਭਰਾ ਇੱਥੇ ਕੈਦਖਾਨੇ ਵਿੱਚ ਰਹਿ ਸਕਦਾ ਹੈ। ਅਤੇ ਦੂਸਰੇ ਤੁਹਾਡੇ ਲੋਕਾਂ ਕੋਲ ਅਨਾਜ਼ ਲੈਕੇ ਜਾ ਸਕਦੇ ਹਨ। 20 ਪਰ ਫ਼ੇਰ ਤੁਹਾਨੂੰ ਆਪਣੇ ਸਭ ਤੋਂ ਛੋਟੇ ਭਰਾ ਨੂੰ ਇੱਥੇ ਮੇਰੇ ਕੋਲ ਲੈਕੇ ਆਉਣਾ ਪਵੇਗਾ। ਫ਼ੇਰ ਮੈਨੂੰ ਪਤਾ ਲੱਗੇਗਾ ਕਿ ਤੁਸੀਂ ਸੱਚ ਬੋਲ ਰਹੇ ਹੋ ਅਤੇ ਤੁਹਾਨੂੰ ਮਰਨ ਦੀ ਲੋੜ ਨਹੀਂ।”ਭਰਾਵਾਂ ਨੇ ਇਹ ਗੱਲ ਮੰਨ ਲਈ। 21 ਉਨ੍ਹਾਂ ਨੇ ਇੱਕ-ਦੂਜੇ ਨੂੰ ਆਖਿਆ, “ਸਾਨੂੰ ਸਾਡੇ ਉਸ ਮੰਦੇ ਕਾਰੇ ਦੀ ਸਜ਼ਾ ਮਿਲ ਰਹੀ ਹੈ ਜਿਹੜਾ ਅਸੀਂ ਆਪਣੇ ਛੋਟੇ ਭਰਾ ਯੂਸੁਫ਼ ਨਾਲ ਕੀਤਾ ਸੀ। ਅਸੀਂ ਉਸਨੂੰ ਮੁਸੀਬਤ ਵਿੱਚ ਦੇਖਿਆ। ਉਸਨੇ ਸਾਡੇ ਕੋਲੋਂ ਆਪਣੀ ਜਾਨ ਦੀ ਭਿਖਿਆ ਮਂਗੀ। ਪਰ ਅਸੀਂ ਉਸਦੀ ਗੱਲ ਨਹੀਂ ਸੁਣੀ। ਇਸ ਲਈ ਹੁਣ ਅਸੀਂ ਮੁਸੀਬਤ ਵਿੱਚ ਹਾਂ।” 22 ਫ਼ੇਰ ਰਊਬੇਨ ਨੇ ਉਨ੍ਹਾਂ ਨੂੰ ਆਖਿਆ, “ਮੈਂ ਤੁਹਾਨੂੰ ਆਖਿਆ ਸੀ ਕਿ ਮੁੰਡੇ ਨਾਲ ਮੰਦਾ ਨਾ ਕਰੋ। ਪਰ ਤੁਸੀਂ ਮੇਰੀ ਗੱਲ ਨਹੀਂ ਸੁਣੀ। ਇਸ ਲਈ ਹੁਣ ਸਾਨੂੰ ਉਸਦੀ ਮੌਤ ਦੀ ਸਜ਼ਾ ਮਿਲ ਰਹੀ ਹੈ। 23 ਯੂਸੁਫ਼ ਉਨ੍ਹਾਂ ਨਾਲ ਗੱਲ ਕਰਨ ਲਈ ਇੱਕ ਦੋ-ਭਾਸ਼ੀਏ ਦੀ ਵਰਤੋਂ ਕਰ ਰਿਹਾ ਸੀ। ਇਸ ਲਈ ਭਰਾਵਾਂ ਨੂੰ ਪਤਾ ਨਹੀਂ ਲਗਿਆ ਕਿ ਯੂਸੁਫ਼ ਉਨ੍ਹਾਂ ਦੀ ਬੋਲੀ ਸਮਝਦਾ ਸੀ। ਪਰ ਯੂਸੁਫ਼ ਨੇ ਉਨ੍ਹਾਂ ਦੀ ਆਖੀ ਹਰ ਗੱਲ ਸੁਣੀ ਅਤੇ ਸਮਝ ਲਈ। 24 ਉਨ੍ਹਾਂ ਦੇ ਸ਼ਬਦਾਂ ਨੇ ਯੂਸੁਫ਼ ਨੂੰ ਬਹੁਤ ਉਦਾਸ ਕਰ ਦਿੱਤਾ। ਇਸ ਲਈ ਯੂਸੁਫ਼ ਉਨ੍ਹਾਂ ਨੂੰ ਛੱਡ ਕੇ ਚਲਾ ਗਿਆ ਅਤੇ ਰੋਣ ਲੱਗਾ। ਕੁਝ ਸਮੇਂ ਬਾਦ ਯੂਸੁਫ਼ ਫ਼ੇਰ ਉਨ੍ਹਾਂ ਕੋਲ ਗਿਆ। ਉਸਨੇ ਉਨ੍ਹਾਂ ਵਿੱਚੋਂ ਇੱਕ ਭਰਾ, ਸਿਮਓਨ ਨੂੰ ਲਿਆ ਅਤੇ ਬੰਨ੍ਹ ਦਿੱਤਾ ਜਦੋਂ ਕਿ ਦੂਸਰੇ ਦੇਖਦੇ ਰਹੇ। 25 ਯੂਸੁਫ਼ ਨੇ ਕੁਝ ਨੌਕਰਾਂ ਨੂੰ ਉਨ੍ਹਾਂ ਦੀਆਂ ਬੋਰੀਆਂ ਵਿੱਚ ਅਨਾਜ਼ ਭਰਨ ਲਈ ਆਖਿਆ। ਭਰਾਵਾਂ ਨੇ ਇਸ ਅਨਾਜ਼ ਦੇ ਬਦਲੇ ਪੈਸੇ ਦਿੱਤੇ। ਪਰ ਯੂਸੁਫ਼ ਨੇ ਪੈਸੇ ਨਹੀਂ ਰਖੇ। ਉਸਨੇ ਪੈਸੇ ਉਨ੍ਹਾਂ ਦੀਆਂ ਅਨਾਜ਼ ਦੀਆਂ ਬੋਰੀਆਂ ਵਿੱਚ ਪਾ ਦਿੱਤੇ। ਉਸਨੇ ਉਨ੍ਹਾਂ ਨੂੰ ਵਾਪਸ ਘਰ ਜਾਂਦੇ ਵਕਤ ਸਫ਼ਰ ਵਾਸਤੇ ਖਾਣ ਲਈ ਭੋਜਨ ਵੀ ਦਿੱਤਾ। 26 ਇਸ ਲਈ ਭਰਾਵਾਂ ਨੇ ਅਨਾਜ਼ ਆਪਣੇ ਖੋਤਿਆਂ ਉੱਪਰ ਲਦਿਆ ਅਤੇ ਚਲੇ ਗਏ। 27 ਉਸ ਰਾਤ ਭਰਾ ਰਾਤ ਕੱਟਣ ਲਈ ਇੱਕ ਥਾਂ ਠਹਿਰ ਗਏ। ਭਰਾਵਾਂ ਵਿੱਚੋਂ ਇੱਕ ਨੇ ਆਪਣੇ ਖੋਤੇ ਨੂੰ ਕੁਝ ਅਨਾਜ਼ ਦੇਣ ਲਈ ਆਪਣੀ ਬੋਰੀ ਦਾ ਮੂੰਹ ਖੋਲ੍ਹਿਆ। ਅਤੇ ਉਥੇ ਬੋਰੀ ਵਿੱਚ ਉਸਨੂੰ ਆਪਣਾ ਪੈਸਾ ਦਿਖਾਈ ਦਿੱਤਾ। 28 ਉਸਨੇ ਹੋਰਨਾਂ ਭਰਾਵਾਂ ਨੂੰ ਆਖਿਆ, “ਦੇਖੋ, ਇਹ ਉਹ ਪੈਸਾ ਹੈ ਜਿਹੜਾ ਮੈਂ ਅਨਾਜ਼ ਬਦਲੇ ਦਿੱਤਾ ਸੀ। ਕਿਸੇ ਨੇ ਪੈਸੇ ਫ਼ੇਰ ਮੇਰੀ ਬੋਰੀ ਵਿੱਚ ਰੱਖ ਦਿੱਤੇ ਹਨ।” ਭਰਾ ਬਹੁਤ ਡਰ ਗਏ। ਉਨ੍ਹਾਂ ਨੇ ਇੱਕ ਦੂਸਰੇ ਨੂੰ ਆਖਿਆ, ਸਾਡੇ ਨਾਲ ਪਰਮੇਸ਼ੁਰ ਕੀ ਕਰ ਰਿਹਾ ਹੈ?” 29 ਭਰਾ ਆਪਣੇ ਪਿਤਾ ਯਾਕੂਬ ਕੋਲ ਕਨਾਨ ਦੀ ਧਰਤੀ ਉੱਤੇ ਵਾਪਸ ਚਲੇ ਗਏ। ਉਨ੍ਹਾਂ ਨੇ ਯਾਕੂਬ ਨੂੰ ਉਹ ਸਾਰਾ ਕੁਝ ਦੱਸ ਦਿੱਤਾ ਜੋ ਵਾਪਰਿਆ ਸੀ। 30 ਉਨ੍ਹਾਂ ਨੇ ਆਖਿਆ, “ਉਸ ਦੇਸ਼ ਦੇ ਰਾਜਪਾਲ ਨੇ ਸਾਨੂੰ ਬਹੁਤ ਰੁਖਾ ਬੋਲਿਆ। ਉਸਦਾ ਖਿਆਲ ਸੀ ਕਿ ਅਸੀਂ ਜਾਸੂਸ ਹਾਂ! 31 ਪਰ ਅਸੀਂ ਉਸਨੂੰ ਦੱਸਿਆ ਕਿ ਅਸੀਂ ਜਾਸੂਸ ਨਹੀਂ ਹਾਂ, ਅਸੀਂ ਇਮਾਨਦਾਰ ਆਦਮੀ ਹਾਂ! 32 ਅਸੀਂ ਉਸਨੂੰ ਦੱਸਿਆ ਕਿ ਅਸੀਂ 12 ਭਰਾ ਸਾਂ। ਅਸੀਂ ਉਸਨੂੰ ਦੱਸਿਆ ਕਿ ਸਾਡਾ ਸਭ ਦਾ ਇੱਕ ਪਿਤਾ ਹੈ। ਅਸੀਂ ਉਸਨੂੰ ਆਪਣੇ ਭਰਾ ਬਾਰੇ ਦੱਸਿਆ ਜੋ ਮਰ ਚੁਕਿਆ ਹੈ, ਅਤੇ ਅਸੀਂ ਉਸਨੂੰ ਆਪਣੇ ਸਭ ਤੋਂ ਛੋਟੇ ਭਰਾ ਬਾਰੇ ਵੀ ਦੱਸਿਆ, ਜੋ ਹਾਲੇ ਸਾਡੇ ਪਿਉ ਨਾਲ ਕਨਾਨ ਦੀ ਧਰਤੀ ਵਿੱਚ ਰਹਿ ਰਿਹਾ ਸੀ। 33 “ਤਾਂ ਉਸ ਦੇਸ਼ ਦੇ ਰਾਜਪਾਲ ਨੇ ਸਾਨੂੰ ਇਹ ਆਖਿਆ, ‘ਇਹ ਸਾਬਤ ਕਰਨ ਦਾ ਇੱਕ ਤਰੀਕਾ ਹੈ ਕਿ ਤੁਸੀਂ ਇਮਾਨਦਾਰ ਆਦਮੀ ਹੋ: ਆਪਣੇ ਭਰਾਵਾਂ ਵਿੱਚੋਂ ਇੱਕ ਨੂੰ ਇੱਥੇ ਮੇਰੇ ਕੋਲ ਛੱਡ ਜਾਉ। ਆਪਣਾ ਅਨਾਜ਼ ਆਪਣੇ ਪਰਿਵਾਰ ਕੋਲ ਵਾਪਸ ਲੈ ਜਾਉ। 34 ਫ਼ੇਰ ਆਪਣੇ ਸਭ ਤੋਂ ਛੋਟੇ ਭਰਾ ਨੂੰ ਮੇਰੇ ਕੋਲ ਲੈ ਆਉ। ਫ਼ੇਰ ਮੈਨੂੰ ਪਤਾ ਲੱਗ ਜਾਵੇਗਾ ਕਿ ਤੁਸੀਂ ਇਮਾਨਦਾਰ ਆਦਮੀ ਹੋ ਜਾਂ ਜਾਸੂਸ। ਜੇ ਤੁਸੀਂ ਸੱਚ ਬੋਲ ਰਹੇ ਹੋਵੋਂਗੇ, ਮੈਂ ਤੁਹਾਨੂੰ ਤੁਹਾਡਾ ਭਰਾ ਵਾਪਸ ਕਰ ਦਿਆਂਗਾ ਅਤੇ ਤੁਸੀਂ ਸਾਡੇ ਦੇਸ਼ ਵਿੱਚੋਂ ਅਨਾਜ਼ ਖਰੀਦ ਸਕੋਂਗੇ।’” 35 ਫ਼ੇਰ ਭਰਾਵਾਂ ਨੇ ਆਪੋ-ਆਪਣੀਆਂ ਬੋਰੀਆਂ ਵਿੱਚੋਂ ਅਨਾਜ਼ ਕਢਣਾ ਸ਼ੁਰੂ ਕਰ ਦਿੱਤਾ। ਅਤੇ ਹਰ ਭਰਾ ਨੂੰ ਆਪਣੀ ਬੋਰੀ ਵਿੱਚ ਪੈਸਿਆਂ ਦੀ ਥੈਲੀ ਮਿਲੀ। ਭਰਾਵਾਂ ਨੇ ਅਤੇ ਪਿਤਾ ਨੇ ਪੈਸੇ ਦੇਖੇ ਅਤੇ ਉਹ ਭੈਭੀਤ ਹੋ ਗਏ। 36 ਯਾਕੂਬ ਨੇ ਉਨ੍ਹਾਂ ਨੂੰ ਆਖਿਆ, “ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਆਪਣੇ ਸਾਰੇ ਬੱਚੇ ਗੁਆ ਲਵਾਂ? ਯੂਸੁਫ਼ ਚਲਾ ਗਿਆ। ਸਿਮਓਨ ਚਲਾ ਗਿਆ। ਅਤੇ ਹੁਣ ਤੁਸੀਂ ਬਿਨਯਾਮੀਨ ਨੂੰ ਵੀ ਲੈ ਜਾਣਾ ਚਾਹੁੰਦੇ ਹੋ?” 37 ਪਰ ਰਊਬੇਨ ਨੇ ਆਪਣੇ ਪਿਤਾ ਨੂੰ ਆਖਿਆ, “ਪਿਤਾ ਜੀ, ਜੇ ਮੈਂ ਬਿਨਯਾਮੀਨ ਨੂੰ ਤੁਹਾਡੇ ਕੋਲ ਨਾ ਲੈਕੇ ਆਇਆ ਤਾਂ ਤੁਸੀਂ ਭਾਵੇਂ ਮੇਰੇ ਦੋਵੇਂ ਪੁੱਤਰਾਂ ਨੂੰ ਮਾਰ ਦਿਉ। ਮੇਰੇ ਉੱਤੇ ਭਰੋਸਾ ਕਰੋ। ਮੈਂ ਬਿਨਯਾਮੀਨ ਨੂੰ ਤੁਹਾਡੇ ਕੋਲ ਵਾਪਸ ਲੈਕੇ ਆਵਾਂਗਾ।” 38 ਪਰ ਯਾਕੂਬ ਨੇ ਆਖਿਆ, “ਮੈਂ ਬਿਨਯਾਮੀਨ ਨੂੰ ਤੁਹਾਡੇ ਨਾਲ ਨਹੀਂ ਜਾਣ ਦਿਆਂਗਾ। ਉਸਦਾ ਭਰਾ ਮਰ ਚੁਕਿਆ ਹੈ ਅਤੇ ਉਹ ਮੇਰੀ ਪਤਨੀ ਦਾ ਇੱਕੋ-ਇੱਕ ਪੁੱਤਰ ਬਚਿਆ ਹੈ। ਜੇ ਉਸ ਨਾਲ ਮਿਸਰ ਦੀ ਯਾਤਰਾ ਦੌਰਾਨ ਕੁਝ ਵਾਪਰਿਆ ਤਾਂ ਮੈਂ ਮਾਰਿਆ ਜਾਵਾਂਗਾ। ਤੁਸੀਂ ਮੈਨੂੰ ਇੱਕ ਸੋਗੀ, ਬੁਢੇ ਬੰਦੇ ਨੂੰ ਕਬਰ ਵਿੱਚ ਸੁੱਟ ਦਿਉਂਗੇ।”

Genesis 43

1 ਉਸ ਦੇਸ਼ ਵਿੱਚ ਅਕਾਲ ਦੀ ਹਾਲਤ ਬਹੁਤ ਖਰਾਬ ਸੀ। 2 ਲੋਕਾਂ ਨੇ ਮਿਸਰ ਤੋਂ ਖਰੀਦਿਆ ਹੋਇਆ ਸਾਰਾ ਅਨਾਜ਼ ਖਾ ਲਿਆ। ਜਦੋਂ ਉਹ ਅਨਾਜ਼ ਮੁੱਕ ਗਿਆ, ਤਾਂ ਯਾਕੂਬ ਨੇ ਆਪਣੇ ਪੁੱਤਰਾਂ ਨੂੰ ਆਖਿਆ, “ਮਿਸਰ ਵਿੱਚ ਜਾਉ ਅਤੇ ਆਪਣੇ ਖਾਣ ਲਈ ਕੁਝ ਹੋਰ ਅਨਾਜ਼ ਖਰੀਦ ਲਿਆਉ।” 3 ਪਰ ਯਹੂਦਾਹ ਨੇ ਯਾਕੂਬ ਨੂੰ ਆਖਿਆ, “ਪਰ ਉਸ ਦੇਸ਼ ਦੇ ਰਾਜਪਾਲ ਨੇ ਸਾਨੂੰ ਚਿਤਾਵਨੀ ਦਿੱਤੀ ਸੀ। ਉਸਨੇ ਆਖਿਆ, ‘ਜੇ ਤੁਸੀਂ ਆਪਣੇ ਭਰਾ ਨੂੰ ਮੇਰੇ ਕੋਲ ਨਾ ਲੈਕੇ ਆਏ ਤਾਂ ਤੁਹਾਡੇ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿਆਂਗਾ।’ 4 ਜੇ ਤੁਸੀਂ ਬਿਨਯਾਮੀਨ ਨੂੰ ਸਾਡੇ ਨਾਲ ਭੇਜ ਦਿਉਂਗੇ, ਫ਼ੇਰ ਅਸੀਂ ਉਥੇ ਜਾ ਸਕਦੇ ਹਾਂ ਅਤੇ ਅਨਾਜ਼ ਖਰੀਦ ਸਕਦੇ ਹਾਂ। 5 ਪਰ ਜੇ ਤੁਸੀਂ ਬਿਨਯਾਮੀਨ ਨੂੰ ਭੇਜਣ ਤੋਂ ਇਨਕਾਰ ਕਰੋਂਗੇ ਤਾਂ ਫ਼ੇਰ ਅਸੀਂ ਨਹੀਂ ਜਾਵਾਂਗੇ। ਉਸ ਬੰਦੇ ਨੇ ਸਾਨੂੰ ਚਿਤਾਵਨੀ ਦਿੱਤੀ ਸੀ ਕਿ ਉਸਤੋਂ ਬਿਨਾ ਵਾਪਸ ਨਾ ਆਈਏ।” 6 ਯਾਕੂਬ ਨੇ ਆਖਿਆ, “ਤੁਸੀਂ ਉਸਨੂੰ ਇਹ ਕਿਉਂ ਦੱਸਿਆ ਕਿ ਤੁਹਾਡਾ ਕੋਈ ਹੋਰ ਭਰਾ ਸੀ? ਤੁਸੀਂ ਇਹੋ ਜਿਹੀ ਮਾੜੀ ਗੱਲ ਮੇਰੇ ਨਾਲ ਕਿਉਂ ਕੀਤੀ?” 7 ਭਰਾਵਾਂ ਨੇ ਜਵਾਬ ਦਿੱਤਾ, “ਉਸ ਬੰਦੇ ਨੇ ਬੜੇ ਸਵਾਲ ਪੁਛੇ ਸਨ। ਉਹ ਸਾਡੇ ਅਤੇ ਸਾਡੇ ਪਰਿਵਾਰ ਬਾਰੇ ਸਾਰਾ ਕੁਝ ਜਾਨਣਾ ਚਾਹੁੰਦਾ ਸੀ। ਉਸਨੇ ਸਾਨੂੰ ਪੁਛਿਆ, ‘ਕੀ ਤੁਹਾਡਾ ਪਿਤਾ ਹਾਲੇ ਜਿਉਂਦਾ ਹੈ? ਕੀ ਤੁਹਾਡਾ ਹੋਰ ਕੋਈ ਭਰਾ ਵੀ ਘਰ ਹੈ?’ ਅਸੀਂ ਤਾਂ ਸਿਰਫ਼ ਸਦੇ ਸਵਾਲਾਂ ਦਾ ਜਵਾਬ ਹੀ ਦਿੱਤਾ ਸੀ। ਸਾਨੂੰ ਇਹ ਨਹੀਂ ਸੀ ਪਤਾ ਕਿ ਉਹ ਸਾਨੂੰ ਆਪਣਾ ਭਰਾ ਆਪਣੇ ਕੋਲ ਲਿਆਉਣ ਲਈ ਆਖੇਗਾ!” 8 ਫ਼ੇਰ ਯਹੂਦਾਹ ਨੇ ਆਪਣੇ ਪਿਤਾ ਇਸਰਾਏਲ ਨੂੰ ਆਖਿਆ, “ਬਿਨਯਾਮੀਨ ਨੂੰ ਮੇਰੇ ਨਾਲ ਜਾਣ ਦਿਉ। ਮੈਂ ਉਸਦਾ ਧਿਆਨ ਰਖਾਂਗਾ। ਸਾਨੂੰ ਭੋਜਨ ਹਾਸਿਲ ਕਰਨ ਲਈ ਮਿਸਰ ਜਾਣਾ ਹੀ ਪੈਣਾ ਹੈ। ਜੇ ਅਸੀਂ ਨਹੀਂ ਜਾਂਦੇ ਤਾਂ ਅਸੀਂ ਸਾਰੇ ਹੀ, ਆਪਣੇ ਬੱਚਿਆਂ ਸਮੇਤ, ਮਾਰੇ ਜਾਵਾਂਗੇ। 9 ਮੈਂ ਇਸ ਗੱਲ ਦਾ ਖਾਸ ਖਿਆਲ ਰਖਾਂਗਾ ਕਿ ਉਹ ਸੁਰਖਿਅਤ ਰਹੇ। ਮੈਂ ਉਸਦੇ ਲਈ ਜ਼ਿੰਮੇਵਾਰ ਹੋਵਾਂਗਾ। ਜੇ ਮੈਂ ਉਸਨੂੰ ਤੁਹਾਡੇ ਕੋਲ ਵਾਪਸ ਨਹੀਂ ਲੈਕੇ ਆਉਂਦਾ, ਤਾਂ ਤੁਸੀਂ ਹਮੇਸ਼ਾ ਲਈ ਮੇਰੇ ਉੱਪਰ ਦੋਸ਼ ਧਰ ਸਕਦੇ ਹੋ। 10 ਜੇ ਤੁਸੀਂ ਸਾਨੂੰ ਪਹਿਲਾਂ ਜਾਣ ਦਿੰਦੇ ਤਾਂ ਅਸੀਂ ਹੁਣ ਤੱਕ ਅਨਾਜ਼ ਲਈ ਦੋ ਚਕਰ ਲਾ ਆਉਣੇ ਸਨ।” 11 ਫ਼ੇਰ ਉਨ੍ਹਾਂ ਦੇ ਪਿਤਾ ਇਸਰਾਏਲ ਨੇ ਆਖਿਆ, “ਜੇ ਇਹ ਗੱਲ ਸੱਚਮੁੱਚ ਸਹੀ ਹੈ, ਤਾਂ ਬਿਨਯਾਮੀਨ ਨੂੰ ਆਪਣੇ ਨਾਲ ਲੈ ਜਾਉ। ਪਰ ਰਾਜਪਾਲ ਲਈ ਕੁਝ ਸੁਗਾਤਾਂ ਲੈਂਦੇ ਜਾਉ ਜਿਹੜੀਆਂ ਚੀਜ਼ਾਂ ਅਸੀਂ ਆਪਣੀ ਧਰਤੀ ਵਿੱਚ ਇਕਠੀਆਂ ਕਰ ਸਕੇ ਹਾਂ ਉਨ੍ਹਾਂ ਵਿੱਚੋਂ ਕੁਝ ਚੀਜ਼ਾਂ ਲੈ ਜਾਉ। ਉਸ ਲਈ ਕੁਝ ਸ਼ਹਿਦ, ਪਿਸਤਾ, ਬਦਾਮ, ਗੂੰਦ ਅਤੇ ਮੁਰ ਲੈ ਜਾਊ। 12 ਇਸ ਵਾਰ ਆਪਣੇ ਨਾਲ ਪਹਿਲਾਂ ਨਾਲੋਂ ਦੁੱਗਣੇ ਪੈਸੇ ਲੈ ਜਾਓ। ਉਹ ਪੈਸੇ ਵੀ ਲੈ ਜਾਉ ਜਿਹੜੇ ਪਿਛਲੀ ਵਾਰੀ ਤੁਹਾਨੂੰ ਵਾਪਸ ਮੋੜ ਦਿੱਤੇ ਗਏ ਸਨ। ਸ਼ਾਇਦ ਰਾਜਪਾਲ ਕੋਲੋਂ ਕੋਈ ਗਲਤੀ ਹੋ ਗਈ ਸੀ। 13 ਬਿਨਯਾਮੀਨ ਨੂੰ ਲੈ ਜਾਉ ਅਤੇ ਉਸ ਬੰਦੇ ਕੋਲ ਵਾਪਸ ਜਾਉ। 14 ਮੈਂ ਪ੍ਰਾਰਥਨਾ ਕਰਦਾ ਹਾਂ ਕਿ ਸਰਬ-ਸ਼ਕਤੀਮਾਨ ਪਰਮੇਸ਼ੁਰ ਉਦੋਂ ਤੁਹਾਡੀ ਸਹਾਇਤਾ ਕਰੇ, ਜਦੋਂ ਤੁਸੀਂ ਰਾਜਪਾਲ ਦੇ ਸਾਮ੍ਹਣੇ ਖੜੇ ਹੋਵੋਂ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਉਹ ਤੁਹਾਨੂੰ ਬਿਨਯਾਮੀਨ ਨੂੰ ਅਤੇ ਸਿਮਓਨ ਨੂੰ ਸੁਰਖਿਅਤ ਘਰ ਲਿਆਵੇ। ਜੇ ਨਹੀਂ, ਤਾਂ ਮੈਂ ਫ਼ੇਰ ਆਪਣੇ ਪੁੱਤਰ ਨੂੰ ਗੁਆਉਣ ਦਾ ਦੁੱਖ ਭੋਗਾਂਗਾ।” 15 ਇਸ ਲਈ ਭਰਾਵਾਂ ਨੇ ਰਾਜਪਾਲ ਨੂੰ ਦੇਣ ਲਈ ਸੁਗਾਤਾਂ ਲੈ ਲਈਆਂ ਅਤੇ ਉਨ੍ਹਾਂ ਨੇ ਆਪਣੇ ਨਾਲ ਪਿਛਲੀ ਵਾਰ ਨਾਲੋਂ ਦੁਗਣੇ ਪੈਸੇ ਲੈ ਲਏ। ਇਸ ਵਾਰ, ਬਿਨਯਾਮੀਨ ਆਪਣੇ ਭਰਾਵਾਂ ਦੇ ਨਾਲ ਮਿਸਰ ਨੂੰ ਗਿਆ। ਆਖਰਕਾਰ, ਉਹ ਪਹੁੰਚ ਗਏ ਅਤੇ ਯੂਸੁਫ਼ ਦੇ ਸਾਮ੍ਹਣੇ ਖਲੋ ਗਏ। 16 ਮਿਸਰ ਵਿੱਚ, ਯੂਸੁਫ਼ ਨੇ ਬਿਨਯਾਮੀਨ ਨੂੰ ਉਨ੍ਹਾਂ ਦੇ ਨਾਲ ਦੇਖਿਆ। ਯੂਸੁਫ਼ ਨੇ ਆਪਣੇ ਨੌਕਰ ਨੂੰ ਆਖਿਆ, “ਇਨ੍ਹਾਂ ਆਦਮੀਆਂ ਨੂੰ ਮੇਰੇ ਘਰ ਲੈ ਆ। ਇੱਕ ਜਾਨਵਰ ਮਾਰ ਅਤੇ ਉਸਨੂੰ ਰਿੰਨ੍ਹ। ਇਹ ਆਦਮੀ ਅੱਜ ਦੁਪਿਹਰ ਦਾ ਭੋਜਨ ਮੇਰੇ ਨਾਲ ਕਰਨਗੇ।” 17 ਨੌਕਰ ਨੇ ਉਵੇਂ ਹੀ ਕੀਤਾ ਜਿਵੇਂ ਉਸਨੂੰ ਆਖਿਆ ਗਿਆ ਸੀ। ਉਸਨੇ ਉਨ੍ਹਾਂ ਆਦਮੀਆਂ ਨੂੰ ਯੂਸੁਫ਼ ਦੇ ਘਰ ਲਿਆਂਦਾ। 18 ਜਦੋਂ ਉਨ੍ਹਾਂ ਨੂੰ ਯੂਸੁਫ਼ ਦੇ ਘਰ ਲਿਆਂਦਾ ਗਿਆ ਤਾਂ ਭਰਾ ਡਰੇ ਹੋਏ ਸਨ। ਉਨ੍ਹਾਂ ਆਖਿਆ, “ਸਾਨੂੰ ਇੱਥੇ ਉਸ ਪੈਸੇ ਕਾਰਣ ਲਿਆਂਦਾ ਗਿਆ ਹੈ ਜਿਹੜਾ ਪਿਛਲੀ ਵਾਰੀ ਸਾਡੀਆਂ ਬੋਰੀਆਂ ਵਿੱਚ ਵਾਪਿਸ ਰੱਖ ਦਿੱਤਾ ਗਿਆ ਸੀ। ਉਹ ਇਸਨੂੰ ਸਾਡੇ ਵਿਰੁੱਧ ਸਬੂਤ ਵਜੋਂ ਵਰਤਣਗੇ। ਅਤੇ ਉਹ ਸਾਡੇ ਖੋਤੇ ਖੋਹ ਲੈਣਗੇ ਅਤੇ ਸਾਨੂੰ ਗੁਲਾਮ ਬਣਾ ਲੈਣਗੇ।” 19 ਇਸ ਲਈ ਭਰਾ ਉਸ ਨੌਕਰ ਕੋਲ ਗਏ ਜਿਹੜਾ ਯੂਸੁਫ਼ ਦੇ ਘਰ ਦਾ ਇੰਚਾਰਜ ਸੀ। ਉਨ੍ਹਾਂ ਨੇ ਉਸ ਨਾਲ ਘਰ ਦੇ ਪ੍ਰਵੇਸ਼ ਦੁਆਰ ਕੋਲ ਗੱਲ ਕੀਤੀ। 20 ਉਨ੍ਹਾਂ ਨੇ ਆਖਿਆ “ਸ੍ਰੀਮਾਨ ਜੀ, ਅਸੀਂ ਇਕਰਾਰ ਕਰਦੇ ਹਾਂ ਕਿ ਸੱਚ ਇਹ ਹੈ: ਪਿਛਲੀ ਵਾਰ ਜਦੋਂ ਅਸੀਂ ਆਏ ਸੀ ਤਾਂ ਅਸੀਂ ਅਨਾਜ਼ ਖਰੀਦਣ ਆਏ ਸੀ। 21 ਘਰ ਜਾਂਦੇ ਸਮੇਂ, ਅਸੀਂ ਆਪਣੀਆਂ ਬੋਰੀਆਂ ਖੋਲ੍ਹੀਆਂ ਅਤੇ ਸਾਨੂੰ ਹਰ ਬੋਰੀ ਵਿੱਚ ਆਪਣੇ ਪੈਸੇ ਮਿਲੇ। ਸਾਨੂੰ ਨਹੀਂ ਪਤਾ ਇਹ ਉਥੇ ਕਿਵੇਂ ਚਲੇ ਗਏ। ਪਰ ਅਸੀਂ ਉਹ ਪੈਸੇ ਆਪਣੇ ਨਾਲ ਲਿਆਏ ਹਾਂ ਤਾਂ ਜੋ ਤੁਹਾਨੂੰ ਵਾਪਸ ਦੇ ਸਕੀਏ। ਅਤੇ ਅਸੀਂ ਜਿਹੜਾ ਅਨਾਜ਼ ਇਸ ਵਾਰੀ ਖਰੀਦਣਾ ਚਾਹੁੰਦੇ ਹਾਂ ਉਸਦੇ ਲਈ ਹੋਰ ਪੈਸੇ ਲਿਆਏ ਹਾਂ।” 22 23 ਪਰ ਨੌਕਰ ਨੇ ਜਵਾਬ ਦਿੱਤਾ, “ਸ਼ਾਂਤ ਹੋ ਜਾਵੋ, ਡਰੋ ਨਹੀਂ। ਤੁਹਾਡੇ ਪਰਮੇਸ਼ੁਰ, ਤੁਹਾਡੇ ਪਿਤਾ ਦੇ ਪਰਮੇਸ਼ੁਰ ਨੇ ਅਵੱਸ਼ ਹੀ ਉਹ ਪੈਸੇ ਸੁਗਾਤ ਵਜੋਂ ਤੁਹਾਡੇ ਬੋਰਿਆਂ ਵਿੱਚ ਰੱਖ ਦਿੱਤੇ ਹੋਣਗੇ। ਮੈਨੂੰ ਚੇਤੇ ਹੈ ਕਿ ਤੁਸੀਂ ਪਿਛਲੀ ਵਾਰ ਅਨਾਜ਼ ਬਦਲੇ ਮੈਨੂੰ ਪੈਸੇ ਦੇ ਦਿੱਤੇ ਸਨ।”ਫ਼ੇਰ ਨੌਕਰ ਸਿਮਓਨ ਨੂੰ ਕੈਦਖਾਨੇ ਤੋਂ ਬਾਹਰ ਲੈ ਆਇਆ। 24 ਨੌਕਰ ਉਨ੍ਹਾਂ ਆਦਮੀਆਂ ਨੂੰ ਯੂਸੁਫ਼ ਦੇ ਘਰ ਅੰਦਰ ਲੈ ਗਿਆ। ਉਸਨੇ ਉਨ੍ਹਾਂ ਨੂੰ ਪਾਣੀ ਦਿੱਤਾ ਅਤੇ ਉਨ੍ਹਾਂ ਨੇ ਆਪਣੇ ਪੈਰ ਧੋਤੇ। ਫ਼ੇਰ ਉਸਨੇ ਉਨ੍ਹਾਂ ਦੇ ਖੋਤਿਆਂ ਨੂੰ ਚਾਰਾ ਦਿੱਤਾ। 25 ਭਰਾਵਾਂ ਨੇ ਸੁਣਿਆ ਕਿ ਉਹ ਯੂਸੁਫ਼ ਦੇ ਨਾਲ ਭੋਜਨ ਕਰਨ ਲਈ ਜਾ ਰਹੇ ਸਨ। ਇਸ ਲਈ ਉਹ ਉਸਦੇ ਲਈ ਦੁਪਿਹਰ ਤੱਕ ਸੁਗਾਤਾਂ ਤਿਆਰ ਕਰਦੇ ਰਹੇ। 26 ਯੂਸੁਫ਼ ਘਰ ਆਇਆ ਅਤੇ ਭਰਾਵਾਂ ਨੇ ਉਸਨੂੰ ਉਹ ਸੁਗਾਤਾਂ ਦਿੱਤੀਆਂ ਜਿਹੜੀਆਂ ਉਹ ਆਪਣੇ ਨਾਲ ਲਿਆਏ ਸਨ। 27 ਯੂਸੁਫ਼ ਨੇ ਉਨ੍ਹਾਂ ਦਾ ਹਾਲ ਪੁਛਿਆ। ਯੂਸੁਫ਼ ਨੇ ਆਖਿਆ, “ਤੁਹਾਡੇ ਉਸ ਬਜ਼ੁਰਗ ਪਿਤਾ ਦਾ ਕੀ ਹਾਲ ਹੈ ਜਿਸ ਬਾਰੇ ਤੁਸੀਂ ਮੈਨੂੰ ਦੱਸਿਆ ਸੀ। ਕੀ ਉਹ ਹਾਲੇ ਵੀ ਜਿਉਂਦਾ ਅਤੇ ਰਾਜ਼ੀ-ਖੁਸ਼ੀ ਹੈ?” 28 ਭਰਾਵਾਂ ਨੇ ਜਵਾਬ ਦਿੱਤਾ, “ਹਾਂ, ਸਾਡਾ ਪਿਤਾ ਹਾਲੇ ਜੀਵਿਤ ਹੈ।” ਉਹ ਇੱਕ ਵਾਰੀ ਫ਼ੇਰ ਯੂਸੁਫ਼ ਦੇ ਅੱਗੇ ਝੁਕ ਗਏ। 29 ਫ਼ੇਰ ਯੂਸੁਫ਼ ਨੇ ਆਪਣੇ ਭਰਾ ਬਿਨਯਾਮੀਨ ਨੂੰ ਦੇਖਿਆ। (ਬਿਨਯਾਮੀਨ ਅਤੇ ਯੂਸੁਫ਼ ਦੀ ਮਾਂ ਇੱਕੋ ਸੀ।) ਯੂਸੁਫ਼ ਨੇ ਆਖਿਆ, “ਕੀ ਇਹ ਤੁਹਾਡਾ ਸਭ ਤੋਂ ਛੋਟਾ ਭਰਾ ਹੈ ਜਿਸ ਬਾਰੇ ਤੁਸੀਂ ਮੈਨੂੰ ਦੱਸਿਆ ਸੀ?” ਫ਼ੇਰ ਯੂਸੁਫ਼ ਨੇ ਬਿਨਯਾਮੀਨ ਨੂੰ ਆਖਿਆ “ਪਰਮੇਸ਼ੁਰ ਤੇਰਾ ਭਲਾ ਕਰੇ, ਪੁੱਤਰ!” 30 ਫ਼ੇਰ ਯੂਸੁਫ਼ ਕਮਰੇ ਵਿੱਚੋਂ ਭੱਜ ਗਿਆ। ਯੂਸੁਫ਼ ਬਹੁਤ ਚਾਹੁੰਦਾ ਸੀ ਕਿ ਉਹ ਆਪਣੇ ਭਰਾ ਬਿਨਯਾਮੀਨ ਨੂੰ ਦਰਸਾਵੇ ਕਿ ਉਹ ਉਸਨੂੰ ਬਹੁਤ ਪਿਆਰ ਕਰਦਾ ਸੀ। ਉਸਦਾ ਰੋਣ ਨੂੰ ਜੀ ਕੀਤਾ, ਪਰ ਉਹ ਨਹੀਂ ਸੀ ਚਾਹੁੰਦਾ ਕਿ ਉਸਦੇ ਭਰਾ ਉਸਨੂੰ ਰੋਂਦਿਆਂ ਦੇਖਣ। ਇਸ ਲਈ ਯੂਸੁਫ਼ ਆਪਣੇ ਕਮਰੇ ਵੱਲ ਭੱਜ ਗਿਆ ਅਤੇ ਉਥੇ ਜਾਕੇ ਰੋ ਪਿਆ। 31 ਫ਼ੇਰ ਯੂਸੁਫ਼ ਨੇ ਆਪਣਾ ਮੂੰਹ ਧੋਤਾ ਅਤੇ ਵਾਪਸ ਆ ਗਿਆ। ਉਸਨੇ ਆਪਣੇ-ਆਪ ਉੱਪਰ ਕਾਬੂ ਪਾ ਲਿਆ ਅਤੇ ਆਖਿਆ, “ਹੁਣ ਖਾਣ ਦਾ ਵੇਲਾ ਹੋ ਗਿਆ ਹੈ।” 32 ਨੌਕਰਾਂ ਨੇ ਯੂਸੁਫ਼ ਨੂੰ ਇੱਕ ਮੇਜ਼ ਉੱਤੇ ਇੱਕਲਿਆਂ ਬਿਠਾ ਦਿੱਤਾ। ਉਸਦੇ ਭਰਾ ਦੂਸਰੇ ਮੇਜ਼ ਉੱਤੇ ਇਕੱਲੇ ਸਨ ਅਤੇ ਮਿਸਰੀ ਦੂਸਰੇ ਮੇਜ਼ ਉੱਤੇ ਵਖਰੇ ਬੈਠੇ ਸਨ। ਮਿਸਰੀਆਂ ਦਾ ਵਿਸ਼ਵਾਸ ਸੀ ਕਿ ਉਨ੍ਹਾਂ ਲਈ ਇਬਰਾਨੀਆਂ ਦੇ ਨਾਲ ਬੈਠਕੇ ਭੋਜਨ ਖਾਣਾ ਗਲਤ ਹੈ। 33 ਯੂਸੁਫ਼ ਦੇ ਭਰਾ ਉਸਦੇ ਸਾਮ੍ਹਣੇ ਵਾਲੇ ਮੇਜ਼ ਉੱਤੇ ਬੈਠੇ ਸਨ। ਭਰਾ ਆਪਣੀ ਉਮਰ ਦੇ ਹਿਸਾਬ ਨਾਲ ਬੈਠੇ ਹੋਏ ਸਨ। ਸਾਰੇ ਭਰਾ ਇੱਕ ਦੂਸਰੇ ਵੱਲ ਹੈਰਾਨੀ ਨਾਲ ਵੇਖ ਰਹੇ ਸਨ। 34 ਨੌਕਰ ਯੂਸੁਫ਼ ਦੇ ਮੇਜ਼ ਤੋਂ ਭੋਜਨ ਲੈਕੇ ਉਨ੍ਹਾਂ ਕੋਲ ਲਿਆ ਰਹੇ ਸਨ। ਪਰ ਨੌਕਰਾਂ ਨੇ ਬਿਨਯਾਮੀਨ ਨੂੰ ਹੋਰਨਾਂ ਨਾਲੋਂ ਪੰਜ ਗੁਣਾ ਵਧੇਰੇ ਖਾਣਾ ਦਿੱਤਾ। ਭਰਾ ਓਨਾ ਚਿਰ ਤੱਕ ਯੂਸੁਫ਼ ਨਾਲ ਖਾਂਦੇ ਅਤੇ ਪੀਂਦੇ ਰਹੇ ਜਦੋਂ ਤੱਕ ਕਿ ਉਹ ਤਕਰੀਬਨ ਸ਼ਰਾਬੀ ਨਹੀਂ ਹੋ ਗਏ।

Genesis 44

1 ਫ਼ੇਰ ਯੂਸੁਫ਼ ਨੇ ਆਪਣੇ ਨੌਕਰ ਨੂੰ ਇੱਕ ਆਦੇਸ਼ ਦਿੱਤਾ। ਯੂਸੁਫ਼ ਨੇ ਆਖਿਆ, “ਆਦਮੀਆਂ ਦੇ ਬੋਰੇ ਓਨੇ ਅਨਾਜ਼ ਨਾਲ ਭਰ ਦਿਉ ਜਿੰਨਾ ਇਹ ਚੁੱਕ ਸਕਣ। ਅਤੇ ਹਰੇਕ ਆਦਮੀ ਦੇ ਪੈਸੇ ਅਨਾਜ਼ ਦੇ ਨਾਲ ਹੀ ਉਸਦੇ ਬੋਰੇ ਵਿੱਚ ਰੱਖ ਦਿਉ। 2 ਸਭ ਤੋਂ ਛੋਟੇ ਭਰਾ ਦੇ ਪੈਸੇ ਵੀ ਉਸਦੇ ਬੋਰੇ ਵਿੱਚ ਰੱਖ ਦਿਉ। ਪਰ ਉਸਦੇ ਬੋਰੇ ਵਿੱਚ ਮੇਰਾ ਖਾਸ ਚਾਂਦੀ ਦਾ ਪਿਆਲਾ ਵੀ ਰੱਖ ਦਿਉ।” ਇਸ ਲਈ ਨੌਕਰ ਨੇ ਯੂਸੁਫ਼ ਦਾ ਹੁਕਮ ਮੰਨਿਆ। 3 ਅਗਲੀ ਸਵੇਰ ਸੁਵਖਤੇ ਹੀ, ਭਰਾਵਾਂ ਨੂੰ ਅਤੇ ਉਨ੍ਹਾਂ ਦੇ ਖੋਤਿਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਘੱਲ ਦਿੱਤਾ ਗਿਆ। 4 ਉਨ੍ਹਾਂ ਦੇ ਦੂਰ ਜਾਣ ਤੋਂ ਪਹਿਲਾਂ, ਯੂਸੁਫ਼ ਨੇ ਆਪਣੇ ਨੌਕਰ ਨੂੰ ਆਖਿਆ, “ਜਾ ਅਤੇ ਉਨ੍ਹਾਂ ਦਾ ਪਿੱਛਾ ਕਰ। ਉਨ੍ਹਾਂ ਨੂੰ ਰੋਕ ਅਤੇ ਆਖ, ‘ਅਸੀਂ ਤੁਹਾਡਾ ਭਲਾ ਕੀਤਾ! ਪਰ ਤੁਸੀਂ ਸਾਡਾ ਬੁਰਾ ਕਿਉਂ ਕੀਤਾ ਹੈ? ਤੁਸੀਂ ਮੇਰੇ ਸੁਆਮੀ ਦਾ ਚਾਂਦੀ ਦਾ ਪਿਆਲਾ ਕਿਉਂ ਚੋਰੀ ਕੀਤਾ ਹੈ? 5 ਮੇਰਾ ਸੁਆਮੀ ਉਸ ਪਿਆਲੇ ਵਿੱਚ ਮੈਅ ਪੀਂਦਾ ਹੈ ਅਤੇ ਇਸਦੀ ਵਰਤੋਂ ਗੁਪਤ ਗੱਲਾਂ ਜਾਨਣ ਲਈ ਕਰਦਾ ਹੈ। ਜੋ ਕੁਝ ਤੁਸੀਂ ਕੀਤਾ ਹੈ ਉਹ ਗਲਤ ਹੈ।’” 6 ਇਸ ਲਈ ਨੌਕਰ ਨੇ ਹੁਕਮ ਮੰਨਿਆ ਉਹ ਜਾਕੇ ਉਨ੍ਹਾਂ ਦੇ ਨਾਲ ਰਲ ਗਿਆ ਅਤੇ ਉਨ੍ਹਾਂ ਨੂੰ ਉਹ ਸਭ ਕੁਝ ਕਿਹਾ ਜੋ ਕੁਝ ਯੂਸੁਫ਼ ਨੇ ਉਸਨੂੰ ਆਖਣ ਲਈ ਕਿਹਾ ਸੀ। 7 ਪਰ ਭਰਾਵਾਂ ਨੇ ਨੌਕਰ ਨੂੰ ਆਖਿਆ, “ਰਾਜਪਾਲ ਇਹ ਗੱਲਾਂ ਕਿਉਂ ਆਖਦਾ ਹੈ? ਅਸੀਂ ਅਜਿਹੀ ਕੋਈ ਗੱਲ ਨਹੀਂ ਕੀਤੀ! 8 ਅਸੀਂ ਉਹ ਪੈਸੇ ਵਾਪਸ ਲੈਕੇ ਆਏ ਸੀ ਜਿਹੜੇ ਸਾਨੂੰ ਪਹਿਲਾਂ ਆਪਣੇ ਬੋਰਿਆਂ ਵਿੱਚੋਂ ਮਿਲੇ ਸਨ। ਇਸ ਲਈ ਅਸੀਂ ਅਵੱਸ਼ ਹੀ ਤੁਹਾਡੇ ਸੁਆਮੀ ਦੇ ਘਰ ਤੋਂ ਚਾਂਦੀ ਜਾਂ ਸੋਨਾ ਚੋਰੀ ਨਹੀਂ ਕੀਤਾ। 9 ਜੇ ਤੁਹਾਨੂੰ ਸਾਡੇ ਕਿਸੇ ਵੀ ਬੋਰੇ ਵਿੱਚੋਂ ਉਹ ਚਾਂਦੀ ਦਾ ਪਿਆਲਾ ਮਿਲ ਜਾਵੇ ਤਾਂ ਉਹ ਬੰਦਾ ਮਾਰ ਦਿੱਤਾ ਜਾਵੇ। ਤੁਸੀਂ ਉਸਨੂੰ ਮਾਰ ਸਕਦੇ ਹੋਂ, ਅਤੇ ਅਸੀਂ ਤੁਹਾਡੇ ਗੁਲਾਮ ਬਣ ਜਾਵਾਂਗੇ।” 10 ਨੌਕਰ ਨੇ ਆਖਿਆ, “ਅਸੀਂ ਉਵੇਂ ਹੀ ਕਰਾਂਗੇ ਜਿਵੇਂ ਤੁਸੀਂ ਆਖਦੇ ਹੋ। ਪਰ ਮੈਂ ਉਸ ਬੰਦੇ ਨੂੰ ਮਾਰਾਂਗਾ ਨਹੀਂ। ਜੇ ਮੈਨੂੰ ਚਾਂਦੀ ਦਾ ਪਿਆਲਾ ਮਿਲ ਗਿਆ ਤਾਂ ਉਹ ਆਦਮੀ ਮੇਰਾ ਗੁਲਾਮ ਹੋਵੇਗਾ। ਦੂਸਰੇ ਆਜ਼ਾਦ ਹੋਣਗੇ।” 11 ਫ਼ੇਰ ਹਰੇਕ ਭਰਾ ਨੇ ਛੇਤੀ ਨਾਲ ਆਪਣੀ ਬੋਰੀ ਧਰਤੀ ਉੱਤੇ ਢੇਰੀ ਕਰ ਦਿੱਤੀ। 12 ਨੌਕਰ ਨੇ ਬੋਰੀਆਂ ਦੇਖਣੀਆਂ ਸ਼ੁਰੂ ਕਰ ਦਿੱਤੀਆਂ ਉਸਨੇ ਸਭ ਤੋਂ ਵੱਡੇ ਭਰਾ ਤੋਂ ਤਲਾਸ਼ੀ ਸ਼ੁਰੂ ਕੀਤੀ ਅਤੇ ਸਭ ਤੋਂ ਛੋਟੇ ਅਤੇ ਖਤਮ ਕੀਤੀ। ਉਸਨੇ ਬਿਨਯਾਮੀਨ ਦੀ ਬੋਰੀ ਵਿੱਚ ਪਿਆਲਾ ਲਭ ਲਿਆ। 13 ਭਰਾ ਬਹੁਤ ਉਦਾਸ ਹੋ ਗਏ। ਉਨ੍ਹਾਂ ਨੇ ਦੁੱਖ ਨਾਲ ਆਪਣੇ ਕੱਪੜੇ ਲੀਰੋ-ਲੀਰ ਕਰ ਦਿੱਤੇ। ਉਨ੍ਹਾਂ ਨੇ ਬੋਰੀਆਂ ਵਾਪਸ ਖੋਤਿਆਂ ਉੱਤੇ ਲੱਦ ਲਈਆਂ ਅਤੇ ਸ਼ਹਿਰ ਵਾਪਸ ਚਲੇ ਗਏ। 14 ਯਹੂਦਾਹ ਅਤੇ ਉਸਦੇ ਭਰਾ ਯੂਸੁਫ਼ ਦੇ ਘਰ ਵੱਲ ਵਾਪਸ ਚਲੇ ਗਏ। ਯੂਸੁਫ਼ ਹਾਲੇ ਵੀ ਉਥੇ ਹੀ ਸੀ। ਭਰਾ ਉਸਦੇ ਸਾਮ੍ਹਣੇ ਧਰਤੀ ਉੱਤੇ ਡਿੱਗ ਪਏ। 15 ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਇਹ ਗੱਲ ਕਿਉਂ ਕੀਤੀ? ਕੀ ਤੁਹਾਨੂੰ ਇਸ ਗੱਲ ਦਾ ਪਤਾ ਨਹੀਂ ਕਿ ਮੇਰੇ ਕੋਲ ਗੁਪਤ ਗੱਲਾਂ ਜਾਨਣ ਦਾ ਖਾਸ ਤਰੀਕਾ ਹੈ। ਕੋਈ ਵੀ ਬੰਦਾ ਇਹ ਗੱਲ ਮੇਰੇ ਨਾਲੋਂ ਬਿਹਤਰ ਨਹੀਂ ਕਰ ਸਕਦਾ।” 16 ਯਹੂਦਾਹ ਨੇ ਆਖਿਆ, “ਜਨਾਬ, ਸਾਡੇ ਕਹਿਣ ਲਈ ਕੁਝ ਨਹੀਂ ਬਚਿਆ! ਇਸਨੂੰ ਸਮਝਾਉਣ ਦਾ ਕੋਈ ਰਸਤਾ ਨਹੀਂ। ਅਜਿਹਾ ਕੋਈ ਤਰੀਕਾ ਨਹੀਂ ਜਿਸ ਨਾਲ ਅਸੀਂ ਇਹ ਸਾਬਤ ਕਰ ਸਕੀਏ ਕਿ ਅਸੀਂ ਦੋਸ਼ੀ ਨਹੀਂ ਹਾਂ। ਪਰਮੇਸ਼ੁਰ ਨੇ ਸਾਡੀ ਕਿਸੇ ਹੋਰ ਕਰਨੀ ਲਈ ਸਾਡਾ ਨਿਆਂ ਕੀਤਾ ਹੈ। ਇਸ ਲਈ ਅਸੀਂ ਉਸਦੇ ਸਮੇਤ, ਤੁਹਾਡੇ ਗੁਲਾਮ ਹੋਵਾਂਗੇ ਜਿਸਦੇ ਬੋਰੇ ਵਿੱਚ ਤੁਹਾਡਾ ਪਿਆਲਾ ਮਿਲਿਆ ਸੀ।” 17 ਪਰ ਯੂਸੁਫ਼ ਨੇ ਆਖਿਆ, “ਮੈਂ ਤੁਹਾਨੂੰ ਬਾਕੀ ਸਾਰਿਆਂ ਨੂੰ ਗੁਲਾਮ ਨਹੀਂ ਬਣਾਵਾਂਗਾ! ਸਿਰਫ਼ ਉਹੀ ਬੰਦਾ ਜਿਸਨੇ ਮੇਰਾ ਪਿਆਲਾ ਚੁਰਾਇਆ ਸੀ, ਮੇਰਾ ਗੁਲਾਮ ਹੋਵੇਗਾ। ਤੁਸੀਂ ਬਾਕੀ ਸਾਰੇ ਜਣੇ ਸ਼ਾਂਤੀ ਨਾਲ ਆਪਣੇ ਪਿਤਾ ਕੋਲ ਜਾ ਸਕਦੇ ਹੋ।” 18 ਫ਼ੇਰ ਯਹੂਦਾਹ ਯੂਸੁਫ਼ ਕੋਲ ਗਿਆ ਅਤੇ ਆਖਿਆ, “ਸ਼੍ਰੀਮਾਨ ਜੀ, ਕਿਰਪਾ ਕਰਕੇ ਮੈਨੂੰ ਆਪਣੇ ਨਾਲ ਸਾਫ਼-ਸਾਫ਼ ਗੱਲ ਕਰਨ ਦਿਉ। ਮੇਰੇ ਨਾਲ ਨਾਰਾਜ਼ ਨਾ ਹੋਣਾ। ਮੈਂ ਜਾਣਦਾ ਹਾਂ ਕਿ ਤੁਸੀਂ ਖੁਦ ਫ਼ਿਰਊਨ ਵਾਂਗ ਹੋ। 19 ਜਦੋਂ ਅਸੀਂ ਇੱਥੇ ਤੁਹਾਡੇ ਸਾਮ੍ਹਣੇ ਸੀ, ਤੁਸੀਂ ਸਾਨੂੰ ਪੁਛਿਆ ਸੀ, ‘ਕਿ ਤੁਹਾਡਾ ਪਿਤਾ ਜਾਂ ਭਰਾ ਹੈ?’ 20 ਅਤੇ ਅਸੀਂ ਤੁਹਾਨੂੰ ਜਵਾਬ ਦਿੱਤਾ ਸੀ, ‘ਸਾਡਾ ਪਿਤਾ ਹੈ - ਉਹ ਬਜ਼ੁਰਗ ਹੈ। ਅਤੇ ਸਾਡਾ ਇੱਕ ਛੋਟਾ ਭਰਾ ਵੀ ਹੈ। ਸਾਡਾ ਪਿਤਾ ਉਸ ਪੁੱਤਰ ਨੂੰ ਪਿਆਰ ਕਰਦਾ ਹੈ ਕਿਉਂਕਿ ਉਹ ਉਦੋਂ ਪੈਦਾ ਹੋਇਆ ਸੀ ਜਦੋਂ ਸਾਡਾ ਪਿਤਾ ਬੁਢਾ ਹੋ ਚੁੱਕਾ ਸੀ। ਅਤੇ ਉਸ ਛੋਟੇ ਪੁੱਤਰ ਦਾ ਭਰਾ ਮਰ ਚੁਕਿਆ ਹੈ। ਇਸ ਲਈ ਇਹ ਉਸ ਮਾਂ ਤੋਂ ਜੰਮਿਆ ਇੱਕੋ-ਇੱਕ ਪੁੱਤਰ ਹੈ ਜਿਹੜਾ ਬਚਿਆ ਹੈ। ਸਾਡਾ ਪਿਤਾ ਇਸਨੂੰ ਬਹੁਤ ਪਿਆਰ ਕਰਦਾ ਹੈ।’ 21 ਫ਼ੇਰ ਤੁਸੀਂ ਸਾਨੂੰ ਆਖਿਆ, ‘ਉਸ ਭਰਾ ਨੂੰ ਮੇਰੇ ਕੋਲ ਲਿਆਉ। ਮੈਂ ਉਸਨੂੰ ਦੇਖਣਾ ਚਾਹੁੰਦਾ ਹਾਂ।’ 22 ਅਤੇ ਅਸੀਂ ਤੁਹਾਨੂੰ ਆਖਿਆ ਸੀ, ‘ਉਹ ਛੋਟਾ ਮੁੰਡਾ ਨਹੀਂ ਆ ਸਕਦਾ। ਉਹ ਆਪਣੇ ਪਿਤਾ ਕੋਲੋਂ ਵੱਖ ਨਹੀਂ ਹੋ ਸਕਦਾ। ਜੇ ਉਸਦੇ ਪਿਤਾ ਨੇ ਉਸਨੂੰ ਗਵਾ ਲਿਆ, ਤਾਂ ਉਸਦਾ ਪਿਤਾ ਇੰਨਾ ਉਦਾਸ ਹੋ ਜਾਵੇਗਾ ਕਿ ਉਹ ਮਰ ਜਾਵੇਗਾ।’ 23 ਪਰ ਤੁਸੀਂ ਸਾਨੂੰ ਆਖਿਆ ਸੀ, ‘ਤੁਹਾਨੂੰ ਆਪਣੇ ਸਭ ਤੋਂ ਛੋਟੇ ਭਰਾ ਨੂੰ ਲਿਆਉਣਾ ਪਵੇਗਾ ਨਹੀਂ ਤਾਂ ਮੈਂ ਤੁਹਾਨੂੰ ਦੋਬਾਰਾ ਨਹੀਂ ਮਿਲਾਂਗਾ।’ 24 ਇਸ ਲਈ ਅਸੀਂ ਵਾਪਸ ਆਪਣੇ ਪਿਤਾ ਕੋਲ ਗਏ ਅਤੇ ਜੋ ਕੁਝ ਤੁਸੀਂ ਆਖਿਆ ਸੀ ਉਸਨੂੰ ਦੱਸਿਆ। 25 “ਬਾਦ ਵਿੱਚ ਸਾਡੇ ਪਿਤਾ ਨੇ ਆਖਿਆ, ‘ਵਾਪਸ ਜਾਓ ਅਤੇ ਸਾਡੇ ਲਈ ਹੋਰ ਅਨਾਜ਼ ਖਰੀਦਕੇ ਲਿਆਉ।’ 26 ਅਸੀਂ ਆਪਣੇ ਪਿਤਾ ਨੂੰ ਆਖਿਆ, ‘ਅਸੀਂ ਆਪਣੇ ਸਭ ਤੋਂ ਛੋਟੇ ਭਰਾ ਤੋਂ ਬਗੈਰ ਨਹੀਂ ਜਾ ਸਕਦੇ। ਰਾਜਪਾਲ ਨੇ ਆਖਿਆ ਸੀ ਕਿ ਉਹ ਸਾਨੂੰ ਓਨਾ ਚਿਰ ਨਹੀਂ ਮਿਲੇਗਾ ਜਦੋਂ ਤੱਕ ਉਹ ਸਾਡੇ ਸਭ ਤੋਂ ਛੋਟੇ ਭਰਾ ਨੂੰ ਦੇਖ ਨਹੀਂ ਲੈਂਦਾ।’ 27 ਫ਼ੇਰ ਮੇਰੇ ਪਿਤਾ ਨੇ ਮੈਨੂੰ ਆਖਿਆ, ‘ਤੂੰ ਜਾਣਦਾ ਹੈਂ ਕਿ ਮੇਰੀ ਪਤਨੀ ਰਾਖੇਲ ਤੋਂ ਮੇਰੇ ਦੋ ਪੁੱਤਰ ਸਨ। 28 ਮੈਂ ਇੱਕ ਪੁੱਤਰ ਨੂੰ ਜਾਣ ਦਿੱਤਾ ਅਤੇ ਉਹ ਕਿਸੇ ਜੰਗਲੀ ਜਾਨਵਰ ਹਥੋਂ ਮਾਰਿਆ ਗਿਆ। ਅਤੇ ਮੈਂ ਉਸਨੂੰ ਉਸਤੋਂ ਮਗਰੋਂ ਨਹੀਂ ਦੇਖਿਆ। 29 ਜੇ ਤੁਸੀਂ ਮੇਰੇ ਦੂਸਰੇ ਪੁੱਤਰ ਨੂੰ ਵੀ ਮੇਰੇ ਕੋਲੋਂ ਲੈ ਜਾਵੋਂਗੇ, ਅਤੇ ਜੇ ਉਸਨੂੰ ਕੁਝ ਹੋ ਗਿਆ ਤਾਂ ਮੈਂ ਬੁਢਾ ਅਤੇ ਉਦਾਸ ਹੀ ਮਰ ਜਾਵਾਂਗਾ।’ 30 ਹੁਣ, ਜ਼ਰਾ ਸੋਚੋ ਕਿ ਜੇ ਅਸੀਂ ਆਪਣੇ ਸਭ ਤੋਂ ਛੋਟੇ ਭਰਾ ਤੋਂ ਬਗੈਰ ਘਰ ਜਾਂਦੇ ਹਾਂ ਤਾਂ ਕੀ ਹੋਵੇਗਾ ਇਹ ਮੁੰਡਾ ਸਾਡੇ ਪਿਤਾ ਦੀ ਜ਼ਿੰਦਗੀ ਲਈ ਸਭ ਤੋਂ ਮਹੱਤਵਪੂਰਣ ਹੈ। 31 ਸਾਡਾ ਪਿਤਾ ਇਸ ਮੁੰਡੇ ਨੂੰ ਸਾਡੇ ਨਾਲ ਨਾ ਦੇਖਕੇ ਮਰ ਜਾਵੇਗਾ, ਅਤੇ ਇਹ ਦੋਸ਼ ਸਾਡਾ ਹੋਵੇਗਾ। ਅਸੀਂ ਆਪਣੇ ਪਿਤਾ ਨੂੰ ਬਹੁਤ ਸੋਗੀ ਮਨੁੱਖ ਵਾਂਗ ਕਬਰ ਵਿੱਚ ਪਹੁੰਚਾ ਦਿਆਂਗੇ। 32 “ਮੈਂ ਇਸ ਮੁੰਡੇ ਦੀ ਜੁਂਮੇਵਾਰੀ ਚੁੱਕੀ ਸੀ। ਮੈਂ ਆਪਣੇ ਪਿਤਾ ਨੂੰ ਆਖਿਆ ਸੀ, ‘ਜੇ ਮੈਂ ਇਸਨੂੰ ਤੁਹਾਡੇ ਕੋਲ ਵਾਪਸ ਨਾ ਲੈਕੇ ਆਇਆ ਤਾਂ ਤੁਸੀਂ ਮੈਨੂੰ ਉਮਰ ਭਰ ਲਈ ਦੋਸ਼ੀ ਠਹਿਰਾ ਸਕਦੇ ਹੋ।’ 33 ਇਸ ਲਈ ਹੁਣ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ, ਕਿਰਪਾ ਕਰਕੇ ਇਸ ਮੁੰਡੇ ਨੂੰ ਆਪਣੇ ਭਰਾਵਾਂ ਨਾਲ ਵਾਪਸ ਜਾਣ ਦਿਉ। ਅਤੇ ਮੈਂ ਇੱਥੇ ਠਹਿਰਾਂਗਾ ਅਤੇ ਤੁਹਾਡਾ ਗੁਲਾਮ ਬਣਾਂਗਾ। 34 ਜੇ ਇਹ ਮੁੰਡਾ ਮੇਰੇ ਨਾਲ ਨਹੀਂ ਹੋਵੇਗਾ ਤਾਂ ਮੈਂ ਆਪਣੇ ਪਿਤਾ ਦਾ ਸਾਮ੍ਹਣਾ ਨਹੀਂ ਕਰ ਸਕਦਾ। ਮੈਂ ਇਸ ਗੱਲੋਂ ਬਹੁਤ ਭੈਭੀਤ ਹਾਂ ਕਿ ਮੇਰੇ ਪਿਤਾ ਦਾ ਕੀ ਹੋਵੇਗਾ।”

Genesis 45

1 ਯੂਸੁਫ਼ ਹੁਣ ਆਪਣੇ-ਆਪ ਉੱਤੇ ਹੋਰ ਬਹੁਤ ਚਿਰ ਕਾਬੂ ਨਹੀਂ ਰੱਖ ਸਕਿਆ। ਉਹ ਉਥੇ ਸਾਰੇ ਲੋਕਾਂ ਦੇ ਸਾਮ੍ਹਣੇ ਰੋ ਪਿਆ। ਯੂਸੁਫ਼ ਨੇ ਆਖਿਆ, “ਹਰੇਕ ਨੂੰ ਆਖੋ ਇਥੋਂ ਚਲਿਆ ਜਾਵੇ।” ਇਸ ਲਈ ਸਭ ਲੋਕ ਚਲੇ ਗਏ। ਸਿਰਫ਼ ਭਰਾ ਹੀ ਯੂਸੁਫ਼ ਦੇ ਕੋਲ ਰਹਿ ਗਏ। ਫ਼ੇਰ ਯੂਸੁਫ਼ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਕੌਣ ਹੈ। 2 ਯੂਸੁਫ਼ ਰੋਂਦਾ ਰਿਹਾ ਅਤੇ ਫ਼ਿਰਊਨ ਦੇ ਘਰ ਦੇ ਸਾਰੇ ਮਿਸਰੀ ਲੋਕਾਂ ਨੇ ਇਸਨੂੰ ਸੁਣਿਆ। 3 ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਆਖਿਆ, “ਮੈਂ ਤੁਹਾਡਾ ਭਰਾ ਯੂਸੁਫ਼ ਹਾਂ। ਕੀ ਮੇਰਾ ਪਿਤਾ ਠੀਕ-ਠਾਕ ਹੈ?” ਪਰ ਭਰਾਵਾਂ ਨੇ ਉਸਨੂੰ ਜਵਾਬ ਨਹੀਂ ਦਿੱਤਾ। ਉਹ ਉਲਝਣ ਵਿੱਚ ਪਏ ਹੋਏ ਅਤੇ ਡਰੇ ਹੋਏ ਸਨ। 4 ਇਸ ਲਈ ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਇੱਕ ਵਾਰੀ ਫ਼ੇਰ ਆਖਿਆ, “ਆਓ ਮੇਰੇ ਕੋਲ ਆਓ। ਮੈਂ ਬੇਨਤੀ ਕਰਦਾ ਹਾਂ ਇੱਥੇ ਆਓ।” ਇਸ ਲਈ ਭਰਾ ਯੂਸੁਫ਼ ਦੇ ਨੇੜੇ ਹੋ ਗਏ। ਅਤੇ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, “ਮੈਂ ਤੁਹਾਡਾ ਭਰਾ ਯੂਸੁਫ਼ ਹਾਂ। ਮੈਂ ਹੀ ਹਾਂ ਜਿਸਨੂੰ ਤੁਸੀਂ ਗੁਲਾਮ ਵਜੋਂ ਮਿਸਰ ਨੂੰ ਵੇਚ ਦਿੱਤਾ ਸੀ। 5 ਹੁਣ, ਫ਼ਿਕਰ ਨਾ ਕਰੋ। ਜੋ ਕੁਝ ਤੁਸੀਂ ਕੀਤਾ ਸੀ ਉਸ ਕਾਰਣ ਆਪਣੇ-ਆਪ ਉੱਤੇ ਗੁੱਸਾ ਨਾ ਕਰੋ। ਇਹ ਮੇਰੇ ਲਈ ਪਰਮੇਸ਼ੁਰ ਦੀ ਯੋਜਨਾ ਸੀ ਕਿ ਮੈਂ ਇੱਥੇ ਆਉਂਦਾ। ਮੈਂ ਇੱਥੇ ਤੁਹਾਡੀ ਜਾਨ ਬਚਾਉਣ ਲਈ ਹਾਂ। 6 ਅਕਾਲ ਦਾ ਇਹ ਭਿਆਨਕ ਸਮਾਂ ਹੁਣ ਦੋ ਸਾਲ ਤੋਂ ਜਾਰੀ ਹੈ। ਅਤੇ ਪੰਜ ਵਰ੍ਹੇ ਹੋਰ ਫ਼ਸਲਾਂ ਦੀ ਬਿਜਾਈ ਜਾਂ ਵਾਢੀ ਤੋਂ ਬਿਨਾ ਰਹਿਣਗੇ। 7 ਇਸ ਲਈ ਪਰਮੇਸ਼ੁਰ ਨੇ ਮੈਨੂੰ ਇੱਥੇ ਤੁਹਾਡੇ ਨਾਲੋਂ ਪਹਿਲਾਂ ਭੇਜ ਦਿੱਤਾ ਸੀ ਤਾਂ ਜੋ ਮੈਂ ਇਸ ਦੇਸ਼ ਵਿੱਚ ਤੁਹਾਡੇ ਲੋਕਾਂ ਨੂੰ ਬਚਾ ਸਕਾਂ। 8 ਇਹ ਤੁਹਾਡਾ ਦੋਸ਼ ਨਹੀਂ ਸੀ ਕਿ ਮੈਨੂੰ ਇੱਥੇ ਭੇਜਿਆ ਗਿਆ। ਇਹ ਪਰਮੇਸ਼ੁਰ ਦੀ ਯੋਜਨਾ ਸੀ। ਪਰਮੇਸ਼ੁਰ ਨੇ ਮੈਨੂੰ ਫ਼ਿਰਊਨ ਲਈ ਪਿਤਾ ਵਾਂਗ ਬਣਾਇਆ। ਮੈਂ ਉਸਦੇ ਸਾਰੇ ਘਰ ਅਤੇ ਪੂਰੇ ਮਿਸਰ ਦਾ ਰਾਜਪਾਲ ਹਾਂ।” 9 ਯੂਸੁਫ਼ ਨੇ ਆਖਿਆ, “ਛੇਤੀ ਕਰੋ ਅਤੇ ਮੇਰੇ ਪਿਤਾ ਕੋਲ ਜਾਉ। ਉਸਨੂੰ ਆਖੋ ਕਿ ਉਸਦੇ ਪੁੱਤਰ ਯੂਸੁਫ਼ ਨੇ ਇਹ ਸੰਦੇਸ਼ ਭੇਜਿਆ ਹੈ: ‘ਪਰਮੇਸ਼ੁਰ ਨੇ ਮੈਨੂੰ ਮਿਸਰ ਦਾ ਰਾਜਪਾਲ ਬਣਾਇਆ ਹੈ। ਇਸ ਲਈ ਇੱਥੇ ਮੇਰੇ ਕੋਲ ਆਉ। ਦੇਰੀ ਨਾ ਕਰੋ। ਹੁਣੇ ਆ ਜਾਉ। 10 ਤੁਸੀਂ ਮੇਰੇ ਨੇੜੇ ਗੋਸ਼ਨ ਦੀ ਧਰਤੀ ਉੱਤੇ ਰਹਿ ਸਕਦੇ ਹੋ। ਤੁਸੀਂ, ਤੁਹਾਡੇ ਬੱਚੇ, ਤੁਹਾਡੇ ਪੋਤਰੇ ਅਤੇ ਤੁਹਾਡੇ ਸਾਰੇ ਪਸ਼ੂ ਇੱਥੇ ਸਵਾਗਤ ਦੇ ਯੋਗ ਹਨ। 11 ਮੈਂ ਅਕਾਲ ਦੇ ਅਗਲੇ ਪੰਜ ਸਾਲ ਤੁਹਾਡੀ ਦੇਖ-ਭਾਲ ਕਰਾਂਗਾ। ਇਸ ਲਈ ਤੁਹਾਡਾ ਅਤੇ ਤੁਹਾਡੇ ਪਰਿਵਾਰ ਦਾ ਕੋਈ ਨੁਕਸਾਨ ਨਹੀਂ ਹੋਵੇਗਾ।’ 12 “ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਦੱਸਿਆ, “ਅਵਸ਼ ਹੀ ਤੁਸੀਂ ਦੇਖ ਸਕਦੇ ਹੋ ਕਿ ਮੈਂ ਸੱਚਮੁੱਚ ਯੂਸੁਫ਼ ਹੀ ਹਾਂ। ਮੇਰਾ ਭਰਾ ਬਿਨਯਾਮੀਨ ਵੀ ਜਾਣਦਾ ਹੈ ਕਿ ਮੈਂ ਸੱਚਮੁੱਚ ਯੂਸੁਫ਼ ਹੀ ਹਾਂ, ਤੁਹਾਡਾ ਭਰਾ, ਤੁਹਾਡੇ ਨਾਲ ਗੱਲ ਕਰ ਰਿਹਾ। 13 ਇਸ ਲਈ ਮੇਰੇ ਪਿਤਾ ਨੂੰ ਉਸ ਇੱਜ਼ਤ ਬਾਰੇ ਦੱਸੋ ਜਿਹੜੀ ਇੱਥੇ ਮੈਨੂੰ ਮਿਸਰ ਵਿੱਚ ਮਿਲੀ ਹੋਈ ਹੈ। ਉਸਨੂੰ ਉਹ ਸਾਰਾ ਕੁਝ ਦੱਸੋ ਜੋ ਤੁਸੀਂ ਇੱਥੇ ਦੇਖਿਆ ਹੈ। ਹੁਣ ਛੇਤੀ ਕਰੋ, ਮੇਰੇ ਪਿਤਾ ਨੂੰ ਮੇਰੇ ਕੋਲ ਵਾਪਸ ਲੈਕੇ ਆਉ।” 14 ਫ਼ੇਰ ਯੂਸੁਫ਼ ਨੇ ਆਪਣੇ ਭਰਾ ਬਿਨਯਾਮੀਨ ਨੂੰ ਜ਼ਫ਼ੀ ਵਿੱਚ ਲਿਆ ਅਤੇ ਉਹ ਦੋਵੇਂ ਰੋ ਪਏ। 15 ਫ਼ੇਰ ਯੂਸੁਫ਼ ਨੇ ਆਪਣੇ ਸਾਰੇ ਭਰਾਵਾਂ ਨੂੰ ਚੁੰਮਿਆ ਅਤੇ ਉਨ੍ਹਾਂ ਨਾਲ ਲੱਗ ਕੇ ਰੋਇਆ। ਇਸਤੋਂ ਮਗਰੋਂ ਭਰਾ ਉਸ ਨਾਲ ਗੱਲਾਂ ਕਰਨ ਲੱਗੇ। 16 ਫ਼ਿਰਊਨ ਨੂੰ ਪਤਾ ਲਗਿਆ ਕਿ ਯੂਸੁਫ਼ ਦੇ ਭਰਾ ਉਸ ਕੋਲ ਆਏ ਹਨ। ਇਹ ਖ਼ਬਰ ਫ਼ਿਰਊਨ ਦੇ ਸਾਰੇ ਘਰ ਵਿੱਚ ਫ਼ੈਲ ਗਈ। ਫ਼ਿਰਊਨ ਅਤੇ ਉਸਦੇ ਨੌਕਰ ਬਹੁਤ ਉੱਤੇਜ਼ਿਤ ਸਨ। 17 ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, “ਆਪਣੇ ਭਰਾਵਾਂ ਨੂੰ ਆਖ ਕਿ ਉਹ ਸਾਰਾ ਲੋੜੀਂਦਾ ਅਨਾਜ਼ ਕਨਾਨ ਦੀ ਧਰਤੀ ਉੱਤੇ ਲੈ ਜਾਣ। 18 ਉਨ੍ਹਾਂ ਨੂੰ ਆਖ ਕਿ ਉਹ ਤੇਰੇ ਪਿਤਾ ਨੂੰ ਆਪਣੇ ਪਰਿਵਾਰਾਂ ਨੂੰ ਇੱਥੇ ਮੇਰੇ ਕੋਲ ਵਾਪਸ ਲੈਕੇ ਆਉਣ। ਮੈਂ ਤੁਹਾਨੂੰ ਰਹਿਣ ਵਾਸਤੇ ਮਿਸਰ ਦੀ ਸਭ ਤੋਂ ਚੰਗੀ ਜ਼ਮੀਨ ਦੇਵਾਂਗਾ। ਅਤੇ ਤੁਹਾਡਾ ਪਰਿਵਾਰ ਇਥੋਂ ਦਾ ਬਿਹਤਰੀਨ ਭੋਜਨ ਖਾ ਸਕਦਾ ਹੈ।” 19 ਫ਼ੇਰ ਫ਼ਿਰਊਨ ਨੇ ਆਖਿਆ, “ਆਪਣੇ ਭਰਾਵਾਂ ਨੂੰ ਸਾਡੀਆਂ ਕੁਝ ਵਧੀਆਂ ਗੱਡੀਆਂ ਵੀ ਦਿਉ। ਉਨ੍ਹਾਂ ਨੂੰ ਆਖੋ ਕਿ ਕਨਾਨ ਜਾਣ ਅਤੇ ਤੁਹਾਡੇ ਪਿਤਾ, ਸਾਰੀਆਂ ਔਰਤਾਂ ਅਤੇ ਬੱਚਿਆਂ ਨੂੰ ਗੱਡੀਆਂ ਵਿੱਚ ਬਿਠਾਕੇ ਵਾਪਸ ਆ ਜਾਣ। 20 ਉਹ ਆਪਣੇ ਸਾਰੇ ਸਮਾਨ ਨੂੰ ਇੱਥੇ ਲਿਆਉਣ ਦੀ ਚਿੰਤਾ ਨਾ ਕਰਨ। ਅਸੀਂ ਉਨ੍ਹਾਂ ਨੂੰ ਮਿਸਰ ਦੀਆਂ ਸਭ ਤੋਂ ਵਧੀਆਂ ਚੀਜ਼ਾਂ ਦੇਵਾਂਗੇ।” 21 ਇਸ ਲਈ ਇਸਰਾਏਲ ਦੇ ਪੁੱਤਰਾਂ ਨੇ ਇਹੀ ਗੱਲ ਕੀਤੀ। ਯੂਸੁਫ਼ ਨੇ ਉਨ੍ਹਾਂ ਨੂੰ ਚੰਗੀਆਂ ਗੱਡੀਆਂ ਦੇ ਦਿੱਤੀਆਂ ਜਿਹਾ ਕਿ ਫ਼ਿਰਊਨ ਨੇ ਇਕਰਾਰ ਕੀਤਾ ਸੀ। ਅਤੇ ਯੂਸੁਫ਼ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਸਫ਼ਰ ਲਈ ਕਾਫ਼ੀ ਭੋਜਨ ਦੇ ਦਿੱਤਾ। 22 ਯੂਸੁਫ਼ ਨੇ ਹਰੇਕ ਭਰਾ ਨੂੰ ਚੰਗੇ ਕੱਪੜੇ ਦਾ ਸੂਟ ਦਿੱਤਾ। ਪਰ ਯੂਸੁਫ਼ ਨੇ ਬਿਨਯਾਮੀਨ ਨੂੰ ਸੁੰਦਰ ਕੱਪੜੇ ਦੇ ਪੰਜ ਸੂਟ ਦਿੱਤੇ। ਅਤੇ ਯੂਸੁਫ਼ ਨੇ ਬਿਨਯਾਮੀਨ ਨੂੰ ਚਾਂਦੀ ਦੇ 300 ਸਿੱਕੇ ਵੀ ਦਿੱਤੇ। 23 ਯੂਸੁਫ਼ ਨੇ ਆਪਣੇ ਪਿਤਾ ਨੂੰ ਵੀ ਸੁਗਾਤਾਂ ਭੇਜੀਆਂ। ਉਸਨੇ ਮਿਸਰ ਦੀਆਂ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਨਾਲ ਭਰੇ ਥੈਲੇ ਦਸ ਖੋਤਿਆਂ ਉੱਤੇ ਲੱਦ ਦਿੱਤੇ। ਅਤੇ ਉਸਨੇ ਆਪਣੇ ਪਿਤਾ ਦੇ ਵਾਪਸੀ ਸਫ਼ਰ ਲਈ ਦਸ ਖੋਤੇ ਅਨਾਜ਼ ਰੋਟੀ ਅਤੇ ਹੋਰ ਭੋਜਨ ਨਾਲ ਲੱਦ ਹੋਏ ਵੀ ਭੇਜੇ। 24 ਫ਼ੇਰ ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਵਿਦਾ ਕਰ ਦਿੱਤਾ। ਅਤੇ ਜਦੋਂ ਉਹ ਜਾਣ ਲੱਗੇ ਤਾਂ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, “ਸਿਧੇ ਘਰ ਜਾਇਓ। ਅਤੇ ਰਸਤੇ ਵਿੱਚ ਲੜਿਓ ਨਾ।” 25 ਇਸ ਲਈ ਭਰਾ ਮਿਸਰ ਤੋਂ ਤੁਰ ਪਏ ਅਤੇ ਕਨਾਨ ਦੀ ਧਰਤੀ ਉੱਤੇ ਆਪਣੇ ਪਿਤਾ ਯਾਕੂਬ ਕੋਲ ਚਲੇ ਗਏ। 26 ਭਰਾਵਾਂ ਨੇ ਉਸਨੂੰ ਦੱਸਿਆ, “ਪਿਤਾ ਜੀ, ਯੂਸੁਫ਼ ਹਾਲੇ ਜਿਉਂਦਾ ਹੈ! ਅਤੇ ਉਹ ਸਾਰੇ ਮਿਸਰ ਦੇਸ਼ ਦਾ ਰਾਜਪਾਲ ਹੈ।”ਉਸਦੇ ਪਿਤਾ ਨੂੰ ਸਮਝ ਨਾ ਆਵੇ ਕਿ ਕੀ ਸੋਚੇ। ਪਹਿਲਾਂ ਤਾਂ ਉਸਨੂੰ ਉਨ੍ਹਾਂ ਉੱਤੇ ਵਿਸ਼ਵਾਸ ਨਹੀਂ ਆਇਆ। 27 ਪਰ ਫ਼ੇਰ ਉਨ੍ਹਾਂ ਨੇ ਉਸਨੂੰ ਹਰ ਉਹ ਗੱਲ ਦਸੀ ਜਿਹੜੀ ਯੂਸੁਫ਼ ਨੇ ਆਖੀ ਸੀ। ਅਤੇ ਯਾਕੂਬ ਨੇ ਉਹ ਗੱਡੀਆਂ ਵੀ ਦੇਖੀਆਂ ਜਿਹੜੀਆਂ ਯੂਸੁਫ਼ ਨੇ ਉਸਨੂੰ ਮਿਸਰ ਵਾਪਸ ਲਿਜਾਣ ਲਈ ਭੇਜੀਆਂ ਸਨ। ਫ਼ੇਰ ਯਾਕੂਬ ਬਹੁਤ ਉੱਤੇਜਿਤ ਹੋ ਗਿਆ। ਅਤੇ ਬਹੁਤ ਖੁਸ਼ ਹੋ ਗਿਆ। 28 ਇਸਰਾਏਲ ਨੇ ਆਖਿਆ, “ਹੁਣ ਮੈਨੂੰ ਤੁਹਾਡੇ ਉਤੇ ਵਿਸ਼ਵਾਸ ਹੋ ਗਿਆ ਹੈ। ਮੇਰਾ ਪੁੱਤਰ ਯੂਸੁਫ਼ ਅਜੇ ਜਿਉਂਦਾ ਹੈ! ਮੈਂ ਉਸਨੂੰ ਮਰਨ ਤੋਂ ਪਹਿਲਾਂ ਦੇਖਣ ਲਈ ਜਾ ਰਿਹਾ ਹਾਂ।”

Genesis 46

1 ਇਸ ਲਈ ਇਸਰਾਏਲ ਨੇ ਮਿਸਰ ਵੱਲ ਆਪਣਾ ਸਫ਼ਰ ਸ਼ੁਰੂ ਕੀਤਾ। ਪਹਿਲਾਂ ਇਸਰਾਏਲ ਅਤੇ ਉਸਦੇ ਨਾਲ ਹਰ ਕੋਈ ਬਏਰਸਬਾ ਪਹੁੰਚਿਆ। ਉਥੇ ਇਸਰਾਏਲ ਨੇ ਪਰਮੇਸ਼ੁਰ, ਆਪਣੇ ਪਿਤਾ ਇਸਹਾਕ ਦੇ ਪਰਮੇਸ਼ੁਰ, ਦੀ ਉਪਾਸਨਾ ਕੀਤੀ। ਉਸਨੇ ਬਲੀਆਂ ਚੜਾਈਆਂ। 2 ਰਾਤ ਵੇਲੇ, ਪਰਮੇਸ਼ੁਰ ਨੇ ਇਸਰਾਏਲ ਨਾਲ ਸੁਪਨੇ ਵਿੱਚ ਗੱਲ ਕੀਤੀ। ਪਰਮੇਸ਼ੁਰ ਨੇ ਆਖਿਆ, “ਯਾਕੂਬ, ਯਾਕੂਬ।”ਅਤੇ ਇਸਰਾਏਲ ਨੇ ਜਵਾਬ ਦਿੱਤਾ, “ਮੈਂ ਇੱਥੇ ਹਾਂ।” 3 ਫ਼ੇਰ ਪਰਮੇਸ਼ੁਰ ਨੇ ਆਖਿਆ, “ਮੈਂ ਪਰਮੇਸ਼ੁਰ ਹਾਂ, ਤੇਰੇ ਪਿਤਾ ਦਾ ਪਰਮੇਸ਼ੁਰ। ਮਿਸਰ ਜਾਣ ਤੋਂ ਨਾ ਡਰ। ਮਿਸਰ ਵਿੱਚ ਮੈਂ ਤੈਨੂੰ ਇੱਕ ਮਹਾਨ ਕੌਮ ਬਣਾ ਦਿਆਂਗਾ। 4 ਮੈਂ ਤੇਰੇ ਨਾਲ ਮਿਸਰ ਜਾਵਾਂਗਾ। ਅਤੇ ਮੈਂ ਤੈਨੂੰ ਮਿਸਰ ਵਿੱਚੋਂ ਇੱਕ ਵਾਰ ਫ਼ੇਰ ਬਾਹਰ ਕਢ ਲਿਆਵਾਂਗਾ। ਤੇਰੀ ਮੌਤ ਮਿਸਰ ਵਿੱਚ ਹੋਵੇਗੀ, ਪਰ ਯੂਸੁਫ਼ ਤੇਰੇ ਨਾਲ ਹੋਵੇਗਾ ਜਦੋਂ ਤੂੰ ਮਰੇਂਗਾ ਉਹ ਆਪਣੇ ਹੱਥਾਂ ਨਾਲ ਤੇਰੀਆਂ ਅੱਖਾਂ ਬੰਦ ਕਰੇਗਾ।” 5 ਫ਼ੇਰ ਯਾਕੂਬ ਬਏਰਸਬਾ ਤੋਂ ਚੱਲ ਪਿਆ ਅਤੇ ਮਿਸਰ ਵੱਲ ਨੂੰ ਸਫ਼ਰ ਕੀਤਾ। ਇਸਰਾਏਲ ਦੇ ਪੁੱਤਰ, ਆਪਣੇ ਪਿਤਾ, ਆਪਣੀਆਂ ਪਤਨੀਆਂ ਅਤੇ ਆਪਣੇ ਸਾਰੇ ਬੱਚਿਆਂ ਨੂੰ ਮਿਸਰ ਲੈ ਆਏ। ਉਨ੍ਹਾਂ ਨੇ ਉਨ੍ਹਾਂ ਗੱਡੀਆਂ ਵਿੱਚ ਸਫ਼ਰ ਕੀਤਾ ਜਿਹੜੀਆਂ ਫ਼ਿਰਊਨ ਨੇ ਭੇਜੀਆਂ ਸਨ। 6 ਉਨ੍ਹਾਂ ਨਾਲ ਉਨ੍ਹਾਂ ਦੇ ਸਾਰੇ ਪਸ਼ੂ ਅਤੇ ਹੋਰ ਸਾਰੀਆਂ ਚੀਜ਼ਾਂ ਵੀ ਸਨ ਜਿਹੜੀਆਂ ਕਨਾਨ ਦੀ ਧਰਤੀ ਉੱਤੇ ਉਨ੍ਹਾਂ ਦੀਆਂ ਸਨ। ਇਸ ਲਈ ਇਸਰਾਏਲ ਆਪਣੇ ਸਾਰੇ ਬੱਚਿਆਂ ਅਤੇ ਆਪਣੇ ਪਰਿਵਾਰ ਨਾਲ ਮਿਸਰ ਚਲਾ ਗਿਆ। 7 ਉਸਦੇ ਨਾਲ ਉਸਦੇ ਪੁੱਤਰ ਅਤੇ ਪੋਤਰੇ, ਉਸ ਦੀਆਂ ਧੀਆਂ ਅਤੇ ਪੋਤਰੀਆਂ ਸਨ। ਉਸਦਾ ਸਾਰਾ ਪਰਿਵਾਰ ਉਸਦੇ ਨਾਲ ਮਿਸਰ ਚਲਾ ਗਿਆ। 8 ਇਸਰਾਏਲ ਦੇ ਪੁੱਤਰਾਂ ਅਤੇ ਉਸਦੇ ਪਰਿਵਾਰ ਵਾਲੇ ਜਿਹੜੇ ਉਸਦੇ ਨਾਲ ਮਿਸਰ ਵਿੱਚ ਗਏ, ਉਨ੍ਹਾਂ ਦੇ ਨਾਮ ਇਹ ਹਨ: 9 ਰਊਬੇਨ ਦੇ ਪੁੱਤਰ ਸਨ ਹਨੋਕ, ਫ਼ੱਲੂ, ਹੇਸਰੋਨ ਅਤੇ ਕਰਮੀ। 10 ਸਿਮਓਨ ਦੇ ਪੁੱਤਰ ਸਨ ਯਮੂਏਲ, ਯਾਮੀਨ, ਓਹਦ, ਯਾਕੀਨ ਅਤੇ ਸੋਹਰ। ਉਨ੍ਹਾਂ ਵਿੱਚ ਸ਼ਾਊਲ ਵੀ ਸੀ (ਸ਼ਾਊਲ ਕਨਾਨੀ ਔਰਤ ਤੋਂ ਜੰਮਿਆ ਸੀ।) 11 ਲੇਵੀ ਦੇ ਪੁੱਤਰ ਸਨ ਗੇਰਸ਼ੋਨ, ਕਹਾਥ ਅਤੇ ਮਰਾਰੀ। 12 ਯਹੂਦਾਹ ਦੇ ਪੁੱਤਰ ਸਨ ਏਰ, ਓਨਾਨ, ਸ਼ੇਲਾਹ, ਫ਼ਰਸ ਅਤੇ ਜ਼ਾਰਹ। (ਏਰ ਅਤੇ ਓਨਾਨ ਉਦੋਂ ਹੀ ਮਰ ਗਏ ਸਨ ਜਦੋਂ ਅਜੇ ਉਹ ਕਨਾਨ ਵਿੱਚ ਹੀ ਸਨ।) ਫ਼ਰਸ ਦੇ ਪੁੱਤਰ ਸਨ ਹਸਰੋਨ ਅਤੇ ਹਾਮੂਲ। 13 ਯਿੱਸਾਕਾਰ ਦੇ ਪੁੱਤਰ ਸਨ ਤੋਂਲਾ, ਪੁਵਾਹ ਯੋਬ ਅਤੇ ਸਿਮਰੋਨ। 14 ਜ਼ਬੁਲੂਨ ਦੇ ਪੁੱਤਰ ਸਨ ਸਰਦ, ਏਲੋਨ ਅਤੇ ਯਹਲਏਲ। 15 ਰਊਬੇਨ, ਸਿਮਓਨ, ਲੇਵੀ, ਯਹੂਦਾਹ, ਯਿੱਸਾਕਾਰ ਅਤੇ ਜ਼ਬੁਲੂਨ ਯਾਕੂਬ ਦੇ ਉਸਦੀ ਪਤਨੀ ਲੇਆਹ ਤੋਂ, ਪੁੱਤਰ ਸਨ। ਲੇਆਹ ਨੇ ਉਨ੍ਹਾਂ ਪੁੱਤਰਾਂ ਨੂੰ ਪਦਨ ਅਰਾਮ ਵਿੱਚ ਜਨਮ ਦਿੱਤਾ ਸੀ। ਉਸਦੀ ਇੱਕ ਧੀ ਸੀ ਜਿਸਦਾ ਨਾਮ ਦੀਨਾਹ ਸੀ। ਉਸਦੇ ਪਰਿਵਾਰ ਵਿੱਚ 33 ਸਦੱਸ ਸਨ। 16 ਗਾਦ ਦੇ ਪੁੱਤਰ ਸਨ ਸਿਫ਼ਯੋਨ, ਹੱਗੀ, ਸ਼ੂਨੀ, ਅਸਬੋਨ, ਏਰੀ, ਅਰੋਦੀ ਅਤੇ ਅਰਏਲੀ। 17 ਆਸ਼ੇਰ ਦੇ ਪੁੱਤਰ ਯਿਮਨਾਹ, ਯਿਸ਼ਵਾਹ, ਯਿਸ਼ਵੀ, ਬਰੀਆਹ ਅਤੇ ਉਨ੍ਹਾਂ ਦੀ ਭੈਣ ਸਰਹ ਸੀ। ਬਰੀਆਹ ਦੇ ਪੁੱਤਰ ਸਨ ਹਬਰ ਅਤੇ ਮਲਕੀਏਲ। 18 ਇਹ ਸਾਰੇ ਉੱਤਰਾਧਿਕਾਰੀ ਯਾਕੂਬ ਦੇ ਉਸਦੀ ਪਤਨੀ ਦੀ ਦਾਸੀ, ਜ਼ਿਲਫ਼ਾਹ ਤੋਂ ਸਨ। (ਜ਼ਿਲਫ਼ਾਹ ਉਹ ਦਾਸੀ ਸੀ ਜੋ ਲਾਬਾਨ ਨੇ ਆਪਣੀ ਧੀ ਲੇਆਹ ਨੂੰ ਦਿੱਤੀ ਸੀ। ਇਸ ਪਰਿਵਾਰ ਵਿੱਚ 16 ਸਦੱਸ ਸਨ।) 19 ਬਿਨਯਾਮੀਨ ਵੀ ਯਾਕੂਬ ਦੇ ਨਾਲ ਸੀ। ਬਿਨਯਾਮੀਨ ਯਾਕੂਬ ਦਾ ਰਾਖੇਲ ਤੋਂ, ਪੁੱਤਰ ਸੀ (ਯੂਸੁਫ਼ ਵੀ ਰਾਖੇਲ ਦਾ ਪੁੱਤਰ ਸੀ, ਪਰ ਯੂਸੁਫ਼ ਪਹਿਲਾਂ ਹੀ ਮਿਸਰ ਵਿੱਚ ਸੀ।) 20 ਮਿਸਰ ਵਿੱਚ, ਯੂਸੁਫ਼ ਦੇ ਦੋ ਪੁੱਤਰ ਸਨ, ਮਨਸ਼ਹ ਅਤੇ ਇਫ਼ਰਾਈਮ। (ਯੂਸੁਫ਼ ਦੀ ਪਤਨੀ ਓਨ ਸ਼ਹਿਰ ਦੇ ਜਾਜਕ ਪੋਟੀਫ਼ਰਾ ਦੀ ਧੀ, ਆਸਨਥ ਸੀ।) 21 ਬਿਨਯਾਮੀਨ ਦੇ ਪੁੱਤਰ ਸਨ ਬਲਾ, ਬਕਰ, ਅਸ਼ਬੇਲ, ਗੇਰਾ, ਨਾਮਾ, ਏਹੀ, ਰੋਸ਼, ਮੁਫ਼ੀਮ, ਹੁਫ਼ੀਮ ਅਤੇ ਆਰਦ। 22 ਉਹ ਯਾਕੂਬ ਦੇ ਪੁੱਤਰ, ਉਸਦੀ ਪਤਨੀ ਰਖੇਲ ਦੀ ਕੁਖੋਂ, ਇਸ ਪਰਿਵਾਰ ਵਿੱਚ 14 ਸਦੱਸ ਸਨ। 23 ਦਾਨ ਦਾ ਪੁੱਤਰ ਹੁਸ਼ੀਮ ਸੀ। 24 ਨਫ਼ਤਾਲੀ ਦੇ ਪੁੱਤਰ ਸਨ ਯਹਸਏਲ, ਗੂਨੀ, ਯੇਸਰ ਅਤੇ ਸ਼ਿਲੇਮ। 25 ਇਹ ਯਾਕੂਬ ਅਤੇ ਬਿਲਹਾਹ ਦੇ ਪੁੱਤਰ ਸਨ। (ਬਿਲਹਾਹ ਉਹ ਦਾਸੀ ਸੀ ਜਿਸਨੂੰ ਲਾਬਾਨ ਨੇ ਆਪਣੀ ਧੀ ਰਾਖੇਲ ਨੂੰ ਦਿੱਤਾ ਸੀ।) ਇਸ ਪਰਿਵਾਰ ਵਿੱਚ 7 ਸਦੱਸ ਸਨ। 26 ਯਾਕੂਬ ਦੇ ਸਿਧੇ ਉੱਤਰਾਧਿਕਾਰੀਆਂ ਦੀ ਗਿਣਤੀ, ਜਿਹੜੇ ਉਸਦੇ ਨਾਮ ਮਿਸਰ ਵਿੱਚ ਗਏ ਸਨ, 66 ਸੀ। (ਯਾਕੂਬ ਦੇ ਪੁੱਤਰਾਂ ਦੀਆਂ ਪਤਨੀਆਂ ਨੂੰ ਇਸ ਗਿਣਤੀ ਵਿੱਚ ਸ਼ਾਮਿਲ ਨਹੀਂ ਸੀ ਕੀਤਾ ਗਿਆ।) 27 ਇਨ੍ਹਾਂ ਤੋਂ ਇਲਾਵਾ, ਯੂਸੁਫ਼ ਦੇ ਦੋ ਪੁੱਤਰ ਸਨ। ਉਹ ਮਿਸਰ ਵਿੱਚ ਜਨਮੇ ਸਨ। ਇਸ ਤਰ੍ਹਾਂ ਮਿਸਰ ਵਿੱਚ ਯਾਕੂਬ ਦੇ ਪਰਿਵਾਰ ਵਾਲੇ ਲੋਕਾਂ ਦੀ ਕੁਲ ਗਿਣਤੀ 70 ਸੀ। 28 ਯਾਕੂਬ ਨੇ ਯੂਸੁਫ਼ ਨਾਲ ਮੁਲਾਕਾਤ ਕਰਨ ਲਈ ਪਹਿਲਾਂ ਯਹੂਦਾਹ ਨੂੰ ਭੇਜਿਆ। ਯਹੂਦਾਹ ਗੋਸ਼ਨ ਦੀ ਧਰਤੀ ਉੱਤੇ ਯੂਸੁਫ਼ ਕੋਲ ਗਿਆ। ਫ਼ੇਰ ਯਾਕੂਬ ਅਤੇ ਉਸਦੇ ਆਦਮੀ ਉਸ ਧਰਤੀ ਉੱਤੇ ਗਏ। 29 ਯੂਸੁਫ਼ ਨੂੰ ਪਤਾ ਲਗਿਆ ਕਿ ਉਸਦਾ ਪਿਤਾ ਆ ਰਿਹਾ ਹੈ। ਇਸ ਲਈ ਯੂਸੁਫ਼ ਨੇ ਆਪਣਾ ਰਥ ਤਿਆਰ ਕੀਤਾ ਅਤੇ ਆਪਣੇ ਪਿਤਾ ਇਸਰਾਏਲ ਨੂੰ ਮਿਲਣ ਲਈ ਗੋਸ਼ਨ ਚਲਾ ਗਿਆ। ਜਦੋਂ ਯੂਸੁਫ਼ ਨੇ ਆਪਣੇ ਪਿਤਾ ਨੂੰ ਦੇਖਿਆ ਉਹ ਉਸਦੇ ਗਲ ਨਾਲ ਚਿਂਬੜ ਗਿਆ ਅਤੇ ਕਾਫ਼ੀ ਚਿਰ ਰੋਂਦਾ ਰਿਹਾ। 30 ਫ਼ੇਰ ਇਸਰਾਏਲ ਨੇ ਯੂਸੁਫ਼ ਨੂੰ ਆਖਿਆ, “ਹੁਣ ਮੈਂ ਸ਼ਾਂਤੀ ਨਾਲ ਮਰ ਸਕਾਂਗਾ। ਮੈਂ ਤੇਰਾ ਚਿਹਰਾ ਦੇਖ ਲਿਆ ਹੈ ਅਤੇ ਮੈਂ ਜਾਣਦਾ ਹਾਂ ਕਿ ਤੂੰ ਹਾਲੇ ਜਿਉਂਦਾ ਹੈ।” 31 ਯੂਸੁਫ਼ ਨੇ ਆਪਣੇ ਭਰਾਵਾਂ ਅਤੇ ਆਪਣੇ ਪਿਤਾ ਦੇ ਹੋਰ ਸਾਰੇ ਪਰਿਵਾਰਾਂ ਨੂੰ ਆਖਿਆ, “ਮੈਂ ਫ਼ਿਰਊਨ ਨੂੰ ਜਾਕੇ ਖ਼ਬਰ ਦਿੰਦਾ ਹਾਂ ਕਿ ਤੁਸੀਂ ਇੱਥੇ ਆ ਗਏ ਹੋ। ਮੈਂ ਫ਼ਿਰਊਨ ਨੂੰ ਆਖਾਂਗਾ, ‘ਮੇਰੇ ਭਰਾਵਾਂ ਨੇ ਅਤੇ ਮੇਰੇ ਪਿਤਾ ਦੇ ਬਾਕੀ ਦੇ ਪਰਿਵਾਰਾਂ ਨੇ ਕਨਾਨ ਦੀ ਧਰਤੀ ਛੱਡ ਦਿੱਤੀ ਹੈ ਅਤੇ ਇੱਥੇ ਮੇਰੇ ਕੋਲ ਆ ਗਏ ਹਨ। 32 ਉਹ ਆਜੜੀਆਂ ਦਾ ਪਰਿਵਾਰ ਹਨ। ਉਨ੍ਹਾਂ ਨੇ ਹਮੇਸ਼ਾ ਭੇਡਾਂ ਅਤੇ ਪਸ਼ੂ ਰਖੇ ਹਨ। ਅਤੇ ਉਨ੍ਹਾਂ ਨੇ ਆਪਣੇ ਸਾਰੇ ਪਸ਼ੂ ਅਤੇ ਹੋਰ ਚੀਜ਼ਾਂ ਆਪਣੇ ਨਾਲ ਲੈ ਆਂਦੀਆਂ ਹਨ।’ 33 ਜਦੋਂ ਫ਼ਿਰਊਨ ਤੁਹਾਨੂੰ ਸਦ੍ਦੇਗਾ, ਉਹ ਤੁਹਾਨੂੰ ਪੁਛੇਗਾ, ‘ਤੁਸੀਂ ਕੀ ਕੰਮ ਕਰਦੇ ਹੋ?’ 34 ਤੁਸੀਂ ਉਸਨੂੰ ਦੱਸਣਾ, ‘ਅਸੀਂ ਆਜੜੀ ਹਾਂ। ਅਸੀਂ ਆਪਣੀ ਸਾਰੀ ਉਮਰ ਆਜੜੀ ਹੀ ਰਹੇ ਹਾਂ ਬਿਲਕੁਲ ਸਾਡੇ ਪੁਰਖਿਆਂ ਵਾਂਗ।’ ਫ਼ੇਰ ਫ਼ਿਰਊਨ ਤੁਹਾਨੂੰ ਗੋਸ਼ਨ ਦੀ ਧਰਤੀ ਉੱਤੇ ਰਹਿਣ ਦੀ ਆਗਿਆ ਦੇ ਦੇਵੇਗਾ। ਮਿਸਰੀ ਲੋਕ ਆਜੜੀਆਂ ਨੂੰ ਪਸੰਦ ਨਹੀਂ ਕਰਦੇ, ਇਸ ਲਈ ਬਿਹਤਰ ਹੈ ਕਿ ਤੁਸੀਂ ਗੋਸ਼ਨ ਵਿਖੇ ਰਹੋ।”

Genesis 47

1 ਯੂਸੂਫ਼ ਫ਼ਿਰਊਨ ਕੋਲ ਗਿਆ ਅਤੇ ਆਖਿਆ, “ਮੇਰਾ ਪਿਤਾ ਅਤੇ ਮੇਰੇ ਭਰਾ ਅਤੇ ਉਨ੍ਹਾਂ ਦੇ ਸਾਰੇ ਪਰਿਵਾਰ ਇੱਥੇ ਆ ਗਏ ਹਨ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਸਾਰੇ ਪਸ਼ੂ ਅਤੇ ਹੋਰ ਸਾਰਾ ਮਾਲ ਧਨ ਵੀ ਹੈ ਜਿਹੜਾ ਕਨਾਨ ਦੀ ਧਰਤੀ ਉੱਤੇ ਉਨ੍ਹਾਂ ਦੀ ਮਲਕੀਅਤ ਸੀ। ਉਹ ਹੁਣ ਗੋਸ਼ਨ ਦੀ ਧਰਤੀ ਉੱਤੇ ਹਨ।” 2 ਯੂਸੁਫ਼ ਨੇ ਫ਼ਿਰਊਨ ਦੇ ਸਾਮ੍ਹਣੇ ਆਪਣੇ ਭਰਾਵਾਂ ਵਿੱਚੋਂ ਪੰਜਾਂ ਦੀ ਚੋਣ ਕੀਤੀ ਕਿ ਉਹ ਉਸਦੇ ਨਾਲ ਰਹਿਣ। 3 ਫ਼ਿਰਊਨ ਨੇ ਭਰਾਵਾਂ ਨੂੰ ਆਖਿਆ, “ਤੁਸੀਂ ਕੀ ਕੰਮ ਕਰਦੇ ਹੋ?”ਭਰਾਵਾਂ ਨੇ ਆਖਿਆ, “ਹਜ਼ੂਰ, ਅਸੀਂ ਆਜੜੀ ਹਾਂ। ਅਤੇ ਸਾਡੇ ਪੁਰਖੇ ਵੀ ਸਾਡੇ ਤੋਂ ਪਹਿਲਾਂ ਆਜੜੀ ਹੀ ਸਨ।” 4 ਉਨ੍ਹਾਂ ਨੇ ਫ਼ਿਰਊਨ ਨੂੰ ਆਖਿਆ, “ਅਕਾਲ ਦੀ ਹਾਲਤ ਕਨਾਣ ਵਿੱਚ ਬਹੁਤ ਭੈੜੀ ਹੈ। ਸਾਡੇ ਪਸ਼ੂਆਂ ਲਈ ਘਾਹ ਵਾਲੇ ਕੋਈ ਵੀ ਖੇਤ ਨਹੀਂ ਬਚੇ। ਇਸ ਲਈ ਅਸੀਂ ਇਸ ਧਰਤੀ ਉੱਤੇ ਰਹਿਣ ਲਈ ਆ ਗਏ ਹਾਂ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਸਾਨੂੰ ਗੋਸ਼ਨ ਵਿੱਚ ਰਹਿਣ ਦਿਉ।” 5 ਤਾਂ ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, “ਤੇਰਾ ਪਿਤਾ ਅਤੇ ਤੇਰੇ ਭਰਾ ਤੇਰੇ ਕੋਲ ਆਏ ਹਨ। 6 ਤੂੰ ਉਨ੍ਹਾਂ ਲਈ ਮਿਸਰ ਵਿੱਚ ਰਹਿਣ ਵਾਲੀ ਕੋਈ ਵੀ ਥਾਂ ਚੁਣ ਸਕਦਾ ਹੈ। ਆਪਣੇ ਪਿਤਾ ਅਤੇ ਆਪਣੇ ਭਰਾਵਾਂ ਨੂੰ ਸਭ ਤੋਂ ਚੰਗੀ ਧਰਤੀ ਦੇ ਦੇ, ਉਨ੍ਹਾਂ ਨੂੰ ਗੋਸ਼ਨ ਦੀ ਧਰਤੀ ਉੱਤੇ ਰਹਿਣ ਦੇ, ਅਤੇ ਜੇ ਉਹ ਮਾਹਰ ਆਜੜੀ ਹਨ ਤਾਂ ਉਹ ਮੇਰੇ ਪਸ਼ੂਆਂ ਦੀ ਦੇਖ-ਭਾਲ ਵੀ ਕਰ ਸਕਦੇ ਹਨ।” 7 ਤਾਂ ਯੂਸਫ਼ ਨੇ ਆਪਣੇ ਪਿਤਾ ਯਾਕੂਬ ਨੂੰ ਫ਼ਿਰਊਨ ਨਾਲ ਆਕੇ ਮਿਲਣ ਲਈ ਸਦਿਆ। ਯਾਕੂਬ ਨੇ ਫ਼ਿਰਊਨ ਨੂੰ ਅਸੀਸ ਦਿੱਤੀ। 8 ਅਤੇ ਫ਼ਿਰਊਨ ਨੇ ਉਸਨੂੰ ਆਖਿਆ, “ਤੁਹਾਡੀ ਕਿੰਨੀ ਉਮਰ ਹੈ?” 9 ਯਾਕੂਬ ਨੇ ਫ਼ਿਰਊਨ ਨੂੰ ਆਖਿਆ, “ਮੇਰੀ ਜ਼ਿੰਦਗੀ ਬਹੁਤ ਛੋਟੀ ਹੈ, ਪਰ ਮੇਰੀਆਂ ਮੁਸੀਬਤਾਂ ਬਹੁਤ ਜ਼ਿਆਦਾ ਸਨ। ਮੈਂ ਸਿਰਫ਼ 130 ਵਰ੍ਹੇ ਜੀਵਿਆ ਹਾਂ। ਮੇਰਾ ਪਿਤਾ ਅਤੇ ਉਸਦੇ ਪੁਰਖੇ ਮੇਰੇ ਨਾਲੋਂ ਵਡੇਰੀ ਉਮਰ ਜੀਵੇ ਸਨ।” 10 ਯਾਕੂਬ ਨੇ ਫ਼ਿਰਊਨ ਨੂੰ ਅਸੀਸ ਦਿੱਤੀ। ਫ਼ੇਰ ਯਾਕੂਬ ਫ਼ਿਰਊਨ ਨਾਲ ਹੋਈ ਇਸ ਮੁਲਾਕਾਤ ਤੋਂ ਮਗਰੋਂ ਚਲਾ ਗਿਆ। 11 ਯੂਸੁਫ਼ ਨੇ ਉਹੀ ਕੀਤਾ ਜੋ ਫ਼ਿਰਊਨ ਨੇ ਆਖਿਆ ਸੀ ਅਤੇ ਉਸਨੇ ਆਪਣੇ ਪਿਤਾ ਅਤੇ ਭਰਾਵਾਂ ਨੂੰ ਮਿਸਰ ਵਿੱਚ ਜ਼ਮੀਨ ਦੇ ਦਿੱਤੀ। ਇਹ ਮਿਸਰ ਦੀ ਸਭ ਤੋਂ ਚੰਗੀ ਜ਼ਮੀਨ ਸੀ, ਦੇਸ਼ ਦੇ ਪੂਰਬੀ ਹਿੱਸੇ ਵੱਲ ਰਾਮਸੇਸ ਦੀ ਧਰਤੀ ਵਿੱਚ। 12 ਯੂਸੁਫ਼ ਨੇ ਆਪਣੇ ਪਿਤਾ, ਆਪਣੇ ਭਰਾਵਾਂ ਅਤੇ ਉਨ੍ਹਾਂ ਦੇ ਸਾਰੇ ਲੋਕਾਂ ਨੂੰ ਲੋੜੀਦਾ ਅਨਾਜ਼ ਵੀ ਦੇ ਦਿੱਤਾ। 13 ਅਕਾਲ ਦਾ ਸਮਾਂ ਹੋਰ ਵੀ ਮਾੜਾ ਹੋ ਗਿਆ। ਦੇਸ਼ ਵਿੱਚ ਕਿਧਰੇ ਵੀ ਅਨਾਜ਼ ਨਹੀਂ ਸੀ। ਮਿਸਰ ਅਤੇ ਕਨਾਨ ਇਸ ਮੰਦੇ ਸਮੇਂ ਕਾਰਣ ਬਹੁਤ ਗਰੀਬ ਹੋ ਗਏ। 14 ਦੇਸ਼ ਦੇ ਲੋਕਾਂ ਨੇ ਹੋਰ ਅਨਾਜ਼ ਖਰੀਦਿਆ। ਯੂਸੁਫ਼ ਨੇ ਪੈਸਾ ਬਚਾਇਆ ਅਤੇ ਇਸਨੂੰ ਫ਼ਿਰਊਨ ਦੇ ਘਰ ਲੈ ਆਇਆ। 15 ਕੁਝ ਸਮੇਂ ਬਾਦ, ਮਿਸਰ ਅਤੇ ਕਨਾਨ ਦੇ ਲੋਕਾਂ ਕੋਲ ਕੋਈ ਪੈਸਾ ਨਹੀਂ ਬਚਿਆ। ਉਨ੍ਹਾਂ ਨੇ ਸਾਰਾ ਪੈਸਾ ਅਨਾਜ਼ ਖਰੀਦਣ ਉੱਤੇ ਖਰਚ ਕਰ ਦਿੱਤਾ ਸੀ। ਇਸ ਲਈ ਮਿਸਰ ਦੇ ਲੋਕ ਯੂਸੁਫ਼ ਕੋਲ ਗਏ ਅਤੇ ਆਖਣ ਲੱਗੇ, “ਕਿਰਪਾ ਕਰਕੇ ਸਾਨੂੰ ਅਨਾਜ਼ ਦਿਉ। ਸਾਡਾ ਪੈਸਾ ਮੁੱਕ ਗਿਆ ਹੈ। ਜੇ ਅਸੀਂ ਖਾਵਾਂਗੇ ਨਹੀਂ ਤਾਂ ਤੁਹਾਡੇ ਦੇਖਦਿਆਂ-ਦੇਖਦਿਆਂ ਅਸੀਂ ਮਰ ਜਾਵਾਂਗੇ।” 16 ਪਰ ਯੂਸੁਫ਼ ਨੇ ਆਖਿਆ, “ਮੈਨੂੰ ਆਪਣੇ ਪਸ਼ੂ ਦੇ ਦਿਉ ਅਤੇ ਮੈਂ ਤੁਹਾਨੂੰ ਅਨਾਜ਼ ਦੇ ਦੇਵਾਂਗਾ।” 17 ਇਸ ਲਈ ਲੋਕਾਂ ਨੇ ਆਪਣੇ ਪਸ਼ੂਆਂ ਅਤੇ ਘੋੜਿਆਂ ਅਤੇ ਹੋਰ ਸਾਰੇ ਜਾਨਵਰਾਂ ਬਦਲੇ ਅਨਾਜ਼ ਖਰੀਦ ਲਿਆ। ਅਤੇ ਉਸ ਸਾਲ, ਯੂਸੁਫ਼ ਨੇ ਉਨ੍ਹਾਂ ਦੇ ਪਸ਼ੂ ਲੈ ਲਈ ਅਤੇ ਉਨ੍ਹਾਂ ਨੂੰ ਅਨਾਜ਼ ਦੇ ਦਿੱਤਾ। 18 ਪਰ ਅਗਲੇ ਵਰ੍ਹੇ, ਲੋਕਾਂ ਕੋਲ ਅਨਾਜ਼ ਖਰੀਦਣ ਲਈ ਨਾ ਤਾਂ ਕੋਈ ਪਸ਼ੂ ਬਚਿਆ ਅਤੇ ਨਾ ਹੀ ਕੁਝ ਹੋਰ। ਇਸ ਲਈ ਲੋਕ ਯੂਸੁਫ਼ ਕੋਲ ਗਏ ਅਤੇ ਆਖਿਆ, “ਤੁਹਾਨੂੰ ਪਤਾ ਹੈ ਕਿ ਸਾਡੇ ਕੋਲ ਕੋਈ ਪੈਸਾ ਨਹੀਂ ਬਚਿਆ। ਅਤੇ ਸਾਡੇ ਸਾਰੇ ਪਸ਼ੂ ਵੀ ਹੁਣ ਤੁਹਾਡੇ ਹਨ। ਇਸ ਲਈ ਸਾਡੇ ਕੋਲ ਹੁਣ ਕੁਝ ਨਹੀਂ ਬਚਿਆ - ਸਿਰਫ਼ ਉਹੀ ਹੈ ਜੋ ਤੁਸੀਂ ਦੇਖਦੇ ਹੋ - ਸਾਡੇ ਸ਼ਰੀਰ ਅਤੇ ਸਾਡੀ ਜ਼ਮੀਨ। 19 ਅਵਸ਼ ਹੀ ਅਸੀਂ ਤੁਹਾਡੇ ਦੇਖਦਿਆਂ-ਦੇਖਦਿਆਂ ਮਰ ਜਾਵਾਂਗੇ। ਪਰ ਜੇ ਤੁਸੀਂ ਸਾਨੂੰ ਅਨਾਜ਼ ਦੇ ਦੇਵੋਂਗੇ, ਤਾਂ ਅਸੀਂ ਫ਼ਿਰਊਨ ਨੂੰ ਜ਼ਮੀਨ ਦੇ ਦਿਆਂਗੇ ਅਤੇ ਅਸੀਂ ਉਸਦੇ ਗੁਲਾਮ ਬਣ ਜਾਵਾਂਗੇ। ਸਾਨੂੰ ਬੀਜ ਦੇਵੋ ਤਾਂ ਜੋ ਅਸੀਂ ਪੌਦੇ ਲਾ ਸਕੀਏ। ਫ਼ੇਰ ਅਸੀਂ ਜਿਉਂਦੇ ਰਹਾਂਗੇ, ਮਰਾਂਗੇ ਨਹੀਂ। ਅਤੇ ਅਸੀਂ ਆਪਣੇ ਲਈ ਫ਼ੇਰ ਅਨਾਜ਼ ਉਗਾਵਾਂਗੇ।” 20 ਇਸ ਲਈ ਯੂਸੁਫ਼ ਨੇ ਫ਼ਿਰਊਨ ਲਈ ਮਿਸਰ ਦੀ ਸਾਰੀ ਜ਼ਮੀਨ ਖਰੀਦ ਲਈ। ਮਿਸਰ ਦੇ ਸਾਰੇ ਲੋਕਾਂ ਨੇ ਯੂਸੁਫ਼ ਨੂੰ ਆਪਣੇ ਸਾਰੇ ਖੇਤ ਵੇਚ ਦਿੱਤੇ। ਉਨ੍ਹਾਂ ਨੇ ਅਜਿਹਾ ਇਸ ਲਈ ਕੀਤਾ ਕਿਉਂ ਜੁ ਉਹ ਬਹੁਤ ਭੁਖੇ ਸਨ। 21 ਅਤੇ ਸਾਰੇ ਲੋਕ ਫ਼ਿਰਊਨ ਦੇ ਗੁਲਾਮ ਹੋ ਗਏ। ਮਿਸਰ ਵਿੱਚ ਹਰ ਥਾਂ ਲੋਕ ਫ਼ਿਰਊਨ ਦੇ ਗੁਲਾਮ ਸਨ। 22 ਸਿਰਫ਼ ਉਹੀ ਜ਼ਮੀਨ ਜਿਹੜੀ ਯੂਸੁਫ਼ ਨੇ ਨਹੀਂ ਖਰੀਦੀ ਸੀ ਉਹ ਜਾਜਕਾਂ ਦੀ ਜ਼ਮੀਨ ਸੀ। ਜਾਜਕਾਂ ਨੂੰ ਆਪਣੀ ਜ਼ਮੀਨ ਵੇਚਣ ਦੀ ਲੋੜ ਨਹੀਂ ਸੀ ਕਿਉਂਕਿ ਫ਼ਿਰਊਨ ਉਨ੍ਹਾਂ ਨੂੰ ਉਨ੍ਹਾਂ ਦੇ ਕੰਮ ਦੀ ਉਜਰਤ ਦਿੰਦਾ ਸੀ। ਇਸ ਲਈ ਉਹ ਇਸ ਪੈਸੇ ਨਾਲ ਖਾਣ ਲਈ ਅਨਾਜ਼ ਖਰੀਦਦੇ ਸਨ। 23 ਯੂਸੁਫ਼ ਨੇ ਲੋਕਾਂ ਨੂੰ ਆਖਿਆ, “ਹੁਣ ਮੈਂ ਤੁਹਾਨੂੰ ਅਤੇ ਤੁਹਾਡੀ ਜ਼ਮੀਨ ਨੂੰ ਫ਼ਿਰਊਨ ਲਈ ਖਰੀਦ ਲਿਆ ਹੈ। ਇਸ ਲਈ ਮੈਂ ਤੁਹਾਨੂੰ ਬੀਜ਼ ਦਿਆਂਗਾ, ਅਤੇ ਤੁਸੀਂ ਆਪਣੇ ਖੇਤਾਂ ਵਿੱਚ ਬਿਜਾਈ ਕਰ ਸਕਦੇ ਹੋ। 24 ਵਾਢੀਆਂ ਵੇਲੇ, ਤੁਹਾਨੂੰ ਆਪਣੀਆਂ ਫ਼ਸਲਾਂ ਦਾ ਪੰਜਵਾਂ ਹਿੱਸਾ ਫ਼ਿਰਊਨ ਨੂੰ ਦੇਣਾ ਪਵੇਗਾ। ਪੰਜਾਂ ਵਿੱਚੋਂ ਚਾਰ ਹਿੱਸੇ ਤੁਸੀਂ ਆਪਣੇ ਲਈ ਰੱਖ ਸਕਦੇ ਹੋ। ਤੁਸੀਂ ਬੀਜਾਂ ਨੂੰ ਅਨਾਜ਼ ਲਈ ਅਤੇ ਅਗਲੇ ਵਰ੍ਹੇ ਦੀ ਬਿਜਾਈ ਲਈ ਰੱਖ ਸਕਦੇ ਹੋ। ਹੁਣ ਤੁਸੀਂ ਆਪਣੇ ਪਰਿਵਾਰਾਂ ਅਤੇ ਆਪਣੇ ਬੱਚਿਆਂ ਦੀ ਪਰਵਰਿਸ਼ ਕਰ ਸਕਦੇ ਹੋ।” 25 ਲੋਕਾਂ ਨੇ ਆਖ਼ਿਆ, “ਤੁਸੀਂ ਸਾਡੀਆਂ ਜਾਨਾ ਬਚਾਈਆਂ ਹਨ। ਜੇਕਰ ਇਹ ਤੁਹਾਨੂੰ ਮੰਜ਼ੂਰ ਹੋਵੇ, ਅਸੀਂ ਫ਼ਿਰਊਨ ਦੇ ਗੁਲਾਮ ਰਹਾਂਗੇ।” 26 ਇਸ ਲਈ ਯੂਸੁਫ਼ ਨੇ ਦੇਸ਼ ਵਿੱਚ ਇੱਕ ਕਾਨੂੰਨ ਬਣਾ ਦਿੱਤਾ। ਅਤੇ ਉਹ ਕਾਨੂੰਨ ਅੱਜ ਵੀ ਜਾਰੀ ਹੈ। ਕਾਨੂੰਨ ਆਖਦਾ ਹੈ ਕਿ ਧਰਤੀ ਦੀ ਉਪਜ ਦਾ ਪੰਜਵਾਂ ਹਿੱਸਾ ਫ਼ਿਰਊਨ ਦਾ ਹੈ। ਸਾਰੀ ਜ਼ਮੀਨ ਫ਼ਿਰਊਨ ਦੀ ਹੈ। ਉਹੀ ਜ਼ਮੀਨ ਜਿਹੜੀ ਉਸਦੀ ਨਹੀਂ ਹੈ ਉਹ ਜਾਜਕਾਂ ਦੀ ਜ਼ਮੀਨ ਹੈ। 27 ਇਸਰਾਏਲ ਮਿਸਰ ਵਿੱਚ ਠਹਿਰ ਗਿਆ। ਉਹ ਗੋਸ਼ਨ ਦੀ ਧਰਤੀ ਉੱਤੇ ਰਹਿ ਗਿਆ। ਉਸਦਾ ਪਰਿਵਾਰ ਵਧ ਫ਼ੁਲਕੇ ਬਹੁਤ ਵੱਡਾ ਹੋ ਗਿਆ। ਉਨ੍ਹਾਂ ਨੂੰ ਮਿਸਰ ਵਿੱਚ ਉਹ ਧਰਤੀ ਮਿਲੀ। 28 ਯਾਕੂਬ ਮਿਸਰ ਵਿੱਚ 17 ਵਰ੍ਹੇ ਜੀਵਿਆ। ਇਸ ਲਈ ਯਾਕੂਬ 147 ਵਰ੍ਹਿਆ ਦਾ ਸੀ। 29 ਹੁਣ ਸਮਾਂ ਆ ਗਿਆ ਜਦੋਂ ਇਸਰਾਏਲ ਜਾਣਦਾ ਸੀ ਕਿ ਛੇਤੀ ਹੀ ਉਸਦਾ ਦੇਹਾਂਤ ਹੋ ਜਾਵੇਗਾ, ਇਸ ਲਈ ਉਸਨੇ ਆਪਣੇ ਪੁੱਤਰ ਯੂਸੁਫ਼ ਨੂੰ ਆਪਣੇ ਕੋਲ ਸਦਿਆ। ਉਸਨੇ ਆਖਿਆ, “ਜੇ ਤੂੰ ਮੈਨੂੰ ਪਿਆਰ ਕਰਦਾ ਹੈ, ਤਾਂ ਆਪਣਾ ਹੱਥ ਮੇਰੀ ਲੱਤ ਹੇਠਾਂ ਰੱਖ ਅਤੇ ਇਕਰਾਰ ਕਰ। ਇਕਰਾਰ ਕਰ ਕਿ ਤੂੰ ਉਹੀ ਕਰੇਂਗਾ ਜੋ ਮੈਂ ਆਖਾਂਗਾ ਅਤੇ ਤੂੰ ਮੇਰੇ ਪ੍ਰਤੀ ਵਫ਼ਾਦਾਰ ਰਹੇਂਗਾ। ਜਦੋਂ ਮੈਂ ਮਰਾ, ਤਾਂ ਮੈਨੂੰ ਮਿਸਰ ਵਿੱਚ ਨਹੀਂ ਦਫ਼ਨਾਉਣਾ। 30 ਮੈਨੂੰ ਉਸੇ ਥਾਂ ਦਫ਼ਨਾਉਣਾ ਜਿਥੇ ਮੇਰੇ ਪੁਰਖੇ ਦਫ਼ਨ ਹਨ। ਮੈਨੂੰ ਮਿਸਰ ਤੋਂ ਬਾਹਰ ਲੈ ਜਾਵੀਂ ਅਤੇ ਮੈਨੂੰ ਪਰਿਵਾਰ ਦੇ ਕਬਰਸਤਾਨ ਵਿੱਚ ਦਫ਼ਨਾ ਦੇਵੀਂ।”ਯੂਸੁਫ਼ ਨੇ ਜਵਾਬ ਦਿੱਤਾ, “ਮੈਂ ਇਕਰਾਰ ਕਰਦਾ ਹਾਂ ਕਿ ਜਿਵੇਂ ਤੁਸੀਂ ਆਖਦੇ ਹੋ ਉਵੇਂ ਹੀ ਕਰਾਂਗਾ।” 31 ਫ਼ੇਰ ਯਾਕੂਬ ਨੇ ਆਖਿਆ, “ਮੇਰੇ ਨਾਲ ਇਕਰਾਰ ਕਰ।” ਯੂਸੁਫ਼ ਨੇ ਉਹੀ ਕਰਨ ਦੀ ਕਸਮ ਖਾਧੀ। ਫ਼ੇਰ ਇਸਰਾਏਲ ਆਪਣੇ ਬਿਸਤਰੇ ਦੇ ਸਰਾਹਣੇ ਉੱਤੇ ਝੁਕ ਗਿਆ।

Genesis 48

1 ਕੁਝ ਸਮੇਂ ਬਾਦ, ਯੂਸੁਫ਼ ਨੂੰ ਪਤਾ ਲਗਿਆ ਕਿ ਉਸਦਾ ਪਿਤਾ ਬਹੁਤ ਬਿਮਾਰ ਸੀ। ਇਸ ਲਈ ਯੂਸੁਫ਼ ਨੇ ਆਪਣੇ ਦੋਹਾਂ ਪੁੱਤਰਾਂ, ਮਨਸ਼ਹ ਅਤੇ ਇਫ਼ਰਾਈਮ ਨੂੰ ਨਾਲ ਲਿਆ ਅਤੇ ਆਪਣੇ ਪਿਤਾ ਵੱਲ ਗਿਆ। 2 ਜਦੋਂ ਯੂਸੁਫ਼ ਆਇਆ, ਕਿਸੇ ਨੇ ਯਾਕੂਬ ਨੂੰ ਆਖਿਆ “ਤੇਰਾ ਪੁੱਤਰ ਯੂਸੁਫ਼ ਤੈਨੂੰ ਮਿਲਣ ਆਇਆ ਹੈ।” ਇਸਰਾਏਲ ਉਨ੍ਹਾਂ ਨੂੰ ਵੇਖਕੇ ਬਹੁਤ ਜ਼ਿਆਦੇ ਪ੍ਰਸੰਨ ਹੋਇਆ ਅਤੇ ਬਿਸਤਰੇ ਤੋਂ ਉਠਕੇ ਬੈਠ ਗਿਆ। 3 ਫ਼ੇਰ ਇਸਰਾਏਲ ਨੇ ਯੂਸੁਫ਼ ਨੂੰ ਆਖਿਆ, “ਕਨਾਨ ਦੀ ਧਰਤੀ ਉੱਤੇ ਲੂਜ਼ ਵਿਖੇ, ਸਰਬ-ਸ਼ਕਤੀਮਾਨ ਪਰਮੇਸ਼ੁਰ ਮੈਨੂੰ ਪ੍ਰਗਟਿਆ। ਪਰਮੇਸ਼ੁਰ ਨੇ ਮੈਨੂੰ ਉਥੇ ਅਸੀਸ ਦਿੱਤੀ ਸੀ। 4 ਪਰਮੇਸ਼ੁਰ ਨੇ ਮੈਨੂੰ ਆਖਿਆ, ‘ਮੈਂ ਤੈਨੂੰ ਵੱਡਾ ਪਰਿਵਾਰ ਬਣਾ ਦਿਆਂਗਾ। ਮੈਂ ਤੈਨੂੰ ਬਹੁਤ ਔਲਾਦ ਦੇਵਾਂਗਾ ਅਤੇ ਤੁਸੀਂ ਮਹਾਨ ਲੋਕ ਬਣੋਂਗੇ। ਇਹ ਧਰਤੀ ਸਦਾ ਤੁਹਾਡੇ ਪਰਿਵਾਰ ਦੀ ਹੋਵੇਗੀ।’ 5 ਅਤੇ ਹੁਣ ਤੇਰੇ ਦੋ ਪੁੱਤਰ ਹਨ। ਇਨ੍ਹਾਂ ਪੁੱਤਰਾਂ ਦਾ ਜਨਮ ਮੇਰੇ ਆਉਣ ਤੋਂ ਪਹਿਲਾਂ ਇੱਥੇ ਮਿਸਰ ਦੇਸ਼ ਵਿੱਚ ਹੋਇਆ ਸੀ। ਤੇਰੇ ਦੋਵੇਂ ਪੁੱਤਰ, ਇਫ਼ਰਾਈਮ ਅਤੇ ਮਨਸ਼ਹ ਮੇਰੇ ਆਪਣੇ ਪੁੱਤਰਾਂ ਵਰਗੇ ਹੋਣਗੇ। ਉਹ ਮੇਰੇ ਲਈ ਰਊਬੇਨ ਅਤੇ ਸਿਮਓਨ ਵਰਗੇ ਹੋਣਗੇ। 6 ਇਸ ਲਈ ਇਹ ਦੋਵੇਂ ਮੁੰਡੇ ਮੇਰੇ ਪੁੱਤਰ ਹੋਣਗੇ। ਮੇਰੀ ਹਰ ਚੀਜ਼ ਵਿੱਚ ਇਨ੍ਹਾਂ ਦਾ ਹਿੱਸਾ ਹੋਵੇਗਾ। ਪਰ ਜੇ ਤੇਰੇ ਹੋਰ ਪੁੱਤਰ ਹੋਏ ਤਾਂ ਉਹ ਤੇਰੇ ਪੁੱਤਰ ਹੋਣਗੇ। ਪਰ ਉਹ ਇਫ਼ਰਾਈਮ ਅਤੇ ਮਨਸ਼ਹ ਲਈ ਪੁੱਤਰਾਂ ਵਰਗੇ ਹੋਣਗੇ - ਅਰਥਾਤ, ਭਵਿਖ ਵਿੱਚ ਉਹ ਇਫ਼ਰਾਈਮ ਅਤੇ ਮਨਸ਼ਹ ਦੀ ਸਾਰੀ ਜਾਇਦਾਦ ਦਾ ਹਿੱਸਾ ਵੰਡਾਉਣਗੇ। 7 ਪਦਨ ਅਰਾਮ ਤੋਂ ਸਫ਼ਰ ਕਰਦੇ ਹੋਏ ਰਾਖੇਲ ਦਾ ਦੇਹਾਂਤ ਹੋ ਗਿਆ ਸੀ। ਇਸਨੇ ਮੈਨੂੰ ਬਹੁਤ ਉਦਾਸ ਕੀਤਾ। ਉਹ ਕਨਾਨ ਦੀ ਧਰਤੀ ਉੱਤੇ ਮਰੀ ਸੀ। ਅਸੀਂ ਹਾਲੇ ਅਫ਼ਰਾਤ ਵੱਲ ਸਫ਼ਰ ਕਰ ਰਹੇ ਸਾਂ। ਮੈਂ ਉਸਨੂੰ ਉਸੇ ਅਫ਼ਰਾਤ ਦੇ ਰਸਤੇ ਉੱਤੇ ਦਫ਼ਨ ਕਰ ਦਿੱਤਾ ਸੀ।” (ਅਫ਼ਰਾਤ ਬੇਤਲਹਮ ਹੈ।) 8 ਫ਼ੇਰ ਇਸਰਾਏਲ ਨੇ ਯੂਸੁਫ਼ ਦੇ ਪੁੱਤਰਾਂ ਵੱਲ ਵੇਖਿਆ। ਇਸਰਾਏਲ ਨੇ ਆਖਿਆ, “ਇਹ ਮੁੰਡੇ ਕੌਣ ਹਨ?” 9 ਯੂਸੁਫ਼ ਨੇ ਆਪਣੇ ਪਿਤਾ ਨੂੰ ਆਖਿਆ, “ਇਹ ਮੇਰੇ ਪੁੱਤਰ ਹਨ। ਇਹ ਉਹ ਮੁੰਡੇ ਹਨ ਜਿਹੜੇ ਪਰਮੇਸ਼ੁਰ ਨੇ ਮੈਨੂੰ ਦਿੱਤੇ ਹਨ।”ਇਸਰਾਏਲ ਨੇ ਆਖਿਆ, “ਆਪਣੇ ਪੁੱਤਰਾਂ ਨੂੰ ਮੇਰੇ ਕੋਲ ਲਿਆ। ਮੈਂ ਇਨ੍ਹਾਂ ਨੂੰ ਅਸੀਸ ਦੇਵਾਂਗਾ।” 10 ਇਸਰਾਏਲ ਬਹੁਤ ਬਿਰਧ ਸੀ ਅਤੇ ਉਸਦੀ ਨਜ਼ਰ ਕਮਜ਼ੋਰ ਸੀ। ਇਸ ਲਈ ਯੂਸੁਫ਼ ਮੁੰਡਿਆਂ ਨੂੰ ਆਪਣੇ ਪਿਤਾ ਦੇ ਬਹੁਤ ਨੇੜੇ ਲੈ ਗਿਆ। ਇਸਰਾਏਲ ਨੇ ਮੁੰਡਿਆਂ ਨੂੰ ਚੁੰਮਿਆ ਅਤੇ ਆਪਣੇ ਨਾਲ ਘੁਟਿਆ। 11 ਫ਼ੇਰ ਇਸਰਾਏਲ ਨੇ ਯੂਸੁਫ਼ ਨੂੰ ਆਖਿਆ, “ਮੈਂ ਕਦੇ ਨਹੀਂ ਸੀ ਸੋਚਿਆ ਕਿ ਮੈਂ ਮੁੜਕੇ ਤੇਰਾ ਚਿਹਰਾ ਦੇਖਾਂਗਾ। ਪਰ ਦੇਖੋ; ਪਰਮੇਸ਼ੁਰ ਨੇ ਮੈਨੂੰ ਤੂੰ ਅਤੇ ਤੇਰੇ ਬੱਚੇ ਦਿਖਾ ਦਿੱਤੇ ਹਨ।” 12 ਫ਼ੇਰ ਯੂਸੁਫ਼ ਨੇ ਮੁੰਡਿਆਂ ਨੂੰ ਇਸਰਾਏਲ ਦੀ ਗੋਦੀ ਵਿੱਚੋਂ ਚੁੱਕ ਲਿਆ ਅਤੇ ਉਹ ਉਸਦੇ ਪਿਤਾ ਅੱਗੇ ਧਰਤੀ ਉੱਤੇ ਝੁਕ ਗਏ। 13 ਯੂਸੁਫ਼ ਨੇ ਇਫ਼ਰਾਈਮ ਨੂੰ ਆਪਣੇ ਸੱਜੇ ਪਾਸੇ ਅਤੇ ਮਨਸ਼ਹ ਨੂੰ ਆਪਣੇ ਖੱਬੇ ਪਾਸੇ ਬਿਠਾਇਆ। (ਇਸ ਤਰ੍ਹਾਂ, ਇਫ਼ਰਾਈਮ ਇਸਰਾਏਲ ਦੇ ਖੱਬੇ ਪਾਸੇ ਸੀ ਅਤੇ ਮਨਸ਼ਹ ਇਸਰਾਏਲ ਦੇ ਸੱਜੇ ਪਾਸੇ ਸੀ।) 14 ਪਰ ਇਸਰਾਏਲ ਨੇ ਆਪਣੇ ਹੱਥ ਵਧਾ ਕੇ ਆਪਣਾ ਸੱਜਾ ਹੱਥ ਛੋਟੇ ਮੁੰਡੇ ਇਫ਼ਰਾਈਮ ਦੇ ਸਿਰ ਉੱਤੇ ਰੱਖਿਆ। ਫ਼ੇਰ ਇਸਰਾਏਲ ਨੇ ਆਪਣਾ ਖੱਬਾ ਹੱਥ ਵੱਡੇ ਮੁੰਡੇ ਮਨਸ਼ਹ ਦੇ ਸਿਰ ਉੱਤੇ ਰੱਖਿਆ। ਉਸਨੇ ਆਪਣਾ ਹੱਥ ਮਨਸ਼ਹ ਉੱਤੇ ਰੱਖਿਆ ਭਾਵੇਂ ਮਨਸ਼ਹ ਪਲੇਠਾ ਸੀ। 15 ਅਤੇ ਇਸਰਾਏਲ ਨੇ ਯੂਸੁਫ਼ ਨੂੰ ਅਸੀਸ ਦਿੱਤੀ ਅਤੇ ਆਖਿਆ,“ਮੇਰੇ ਪੁਰਖਿਆਂ, ਅਬਰਾਹਾਮ ਅਤੇ ਇਸਹਾਕ ਨੇ, ਸਾਡੇ ਪਰਮੇਸ਼ੁਰ ਦੀ ਉਪਾਸਨਾ ਕੀਤੀ ਸੀ।ਅਤੇ ਉਸ ਪਰਮੇਸ਼ੁਰ ਨੇ ਸਾਰੀ ਉਮਰ ਮੇਰੀ ਅਗਵਾਈ ਕੀਤੀ ਹੈ। 16 ਉਹ ਦੂਤ ਸੀ, ਜਿਸਨੇ ਮੈਨੂੰ ਮੇਰੀਆਂ ਸਾਰੀਆਂ ਮੁਸੀਬਤਾਂ ਤੋਂ ਬਚਾਇਆ ਸੀ।ਅਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਇਨ੍ਹਾਂ ਮੁੰਡਿਆਂ ਨੂੰ ਅਸੀਸ ਦੇਵੇ।ਹੁਣ ਇਨ੍ਹਾਂ ਮੁੰਡਿਆਂ ਨੂੰ ਮੇਰਾ ਅਤੇ ਸਾਡੇ ਪੁਰਖਿਆਂ ਅਬਰਾਹਾਮ ਅਤੇ ਇਸਹਾਕ ਦਾ ਨਾਮ ਮਿਲੇਗਾ।ਮੈਂ ਪ੍ਰਾਰਥਨਾ ਕਰਦਾ ਹਾਂ ਕਿ ਇਹ ਵਧ ਫ਼ੁੱਲਕੇ ਧਰਤੀ ਦੇ ਮਹਾਨ ਪਰਿਵਾਰ ਅਤੇ ਕੌਮਾਂ ਬਨਣ। 17 ਯੂਸੁਫ਼ ਨੇ ਦੇਖਿਆ ਕਿ ਉਸਦੇ ਪਿਤਾ ਨੇ ਆਪਣਾ ਸੱਜਾ ਹੱਥ ਇਫ਼ਰਾਈਮ ਦੇ ਸਿਰ ਉੱਤੇ ਰੱਖਿਆ ਸੀ। ਇਸ ਨਾਲ ਯੂਸੁਫ਼ ਨੂੰ ਖੁਸ਼ੀ ਨਹੀਂ ਹੋਈ। ਯੂਸੁਫ਼ ਨੇ ਆਪਣੇ ਪਿਤਾ ਦਾ ਹੱਥ ਫ਼ੜ ਲਿਆ। ਉਹ ਇਸਨੂੰ ਇਫ਼ਰਾਈਮ ਦੇ ਸਿਰ ਤੋਂ ਹਟਾਕੇ ਮਨਸ਼ਹ ਦੇ ਸਿਰ ਉੱਤੇ ਰਖਣਾ ਚਾਹੁੰਦਾ ਸੀ। 18 ਯੂਸੁਫ਼ ਨੇ ਆਪਣੇ ਪਿਤਾ ਨੂੰ ਆਖਿਆ, “ਤੁਸੀਂ ਆਪਣਾ ਸੱਜਾ ਹੱਥ ਗਲਤ ਮੁੰਡੇ ਦੇ ਸਿਰ ਉੱਤੇ ਰੱਖਿਆ ਹੈ। ਮਨਸ਼ਹ ਪਲੇਠਾ ਹੈ। ਆਪਣਾ ਸੱਜਾ ਹੱਥ ਉਸ ਉੱਤੇ ਰਖੋ।” 19 ਪਰ ਉਸਦੇ ਪਿਤਾ ਨੇ ਦਲੀਲ ਦਿੱਤੀ ਅਤੇ ਆਖਿਆ, “ਮੈਂ ਜਾਣਦਾ ਹਾਂ, ਪੁੱਤਰ। ਮੈਂ ਜਾਣਦਾ ਹਾਂ ਮਨਸ਼ਹ ਪਲੇਠਾ ਹੈ ਅਤੇ ਉਹ ਮਹਾਨ ਬਣੇਗਾ। ਉਹ ਬਹੁਤ ਸਾਰੇ ਲੋਕਾਂ ਦਾ ਪਿਤਾਮਾ ਹੋਵੇਗਾ। ਪਰ ਛੋਟਾ ਭਰਾ ਵੱਡੇ ਨਾਲੋਂ ਵਧੇਰੇ ਮਹਾਨ ਹੋਵੇਗਾ। ਅਤੇ ਛੋਟੇ ਭਰਾ ਦਾ ਪਰਿਵਾਰ ਬਹੁਤ ਵੱਡੇਰਾ ਹੋਵੇਗਾ।” 20 ਇਸ ਲਈ ਇਸਰਾਏਲ ਨੇ ਉਨ੍ਹਾਂ ਨੂੰ ਉਸ ਦਿਨ ਅਸੀਸ ਦਿੱਤੀ। ਉਸਨੇ ਆਖਿਆ,“ਇਸਰਾਏਲ ਦੇ ਲੋਕ, ਜਦੋਂ ਵੀ ਕਿਸੇਨੂੰ ਅਸੀਸ ਦੇਣਗੇ ਤੁਹਾਡਾ ਨਾਮ ਲੈਣਗੇ।ਉਹ ਆਖਣਗੇ, ‘ਪਰਮੇਸ਼ੁਰ ਤੁਹਾਨੂੰ ਇਫ਼ਰਾਈਮਅਤੇ ਮਨੱਸ਼ਹ ਵਰਗਾ ਬਣਾਵੇ।’”ਇਸ ਤਰ੍ਹਾਂ, ਇਸਰਾਏਲ ਨੇ ਇਫ਼ਰਾਈਮ ਨੂੰ ਮਨੱਸ਼ਹ ਤੋਂ ਉੱਚਾ ਰੁਤਬਾ ਦਿੱਤਾ। 21 ਫ਼ੇਰ ਇਸਰਾਏਲ ਨੇ ਯੂਸੁਫ਼ ਨੂੰ ਆਖਿਆ, “ਦੇਖ, ਮੇਰੇ ਦੇਹਾਂਤ ਦਾ ਸਮਾਂ ਤਕਰੀਬਨ ਆ ਚੁੱਕਾ ਹੈ। ਪਰ ਪਰਮੇਸ਼ੁਰ ਹਾਲੇ ਵੀ ਤੁਹਾਡੇ ਨਾਲ ਹੋਵੇਗਾ। ਉਹ ਤੁਹਾਨੂੰ ਤੁਹਾਡੇ ਪੁਰਖਿਆਂ ਦੀ ਧਰਤੀ ਉੱਤੇ ਜਾਣ ਵਿੱਚ ਅਗਵਾਈ ਦੇਵੇਗਾ। 22 “ਮੈਂ ਤੈਨੂੰ ਤੇਰੇ ਭਰਾਵਾਂ ਨੂੰ ਦਿੱਤੇ ਨਾਲੋਂ, ਇੱਕ ਭਾਗ ਵਧ ਦਿੱਤਾ ਹੈ। ਮੈਂ ਤੈਨੂੰ ਉਹ ਪਰਬਤ ਦਿੱਤਾ ਜਿਹੜਾ ਮੈਂ ਅਮੋਰੀ ਲੋਕਾਂ ਤੋਂ ਮੇਰੀ ਤਲਵਾਰ ਅਤੇ ਮੇਰੇ ਧਨੁੱਖ ਨਾਲ ਲਿਆ ਸੀ। ਮੈਂ ਧਰਤੀ ਦੇ ਉਸ ਭਾਗ ਲਈ ਲੜਨ ਦੀ ਖਾਤਰ ਆਪਣੀ ਤਲਵਾਰ ਆਪਣੇ ਧਨੁਖ ਦੀ ਵਰਤੋਂ ਕੀਤੀ ਸੀ ਅਤੇ ਮੈਂ ਜਿੱਤ ਗਿਆ ਸੀ।”

Genesis 49

1 ਫ਼ੇਰ ਯਾਕੂਬ ਨੇ ਆਪਣੇ ਸਾਰੇ ਪੁੱਤਰਾਂ ਨੂੰ ਕੋਲ ਸਦਿਆ। ਉਸਨੇ ਆਖਿਆ, “ਮੇਰੇ ਸਾਰੇ ਪੁੱਤਰੋ, ਮੇਰੇ ਕੋਲ ਇੱਥੇ ਆਓ। ਮੈਂ ਤੁਹਾਨੂੰ ਦੱਸਦਾ ਹਾਂ ਕਿ ਭਵਿੱਖ ਵਿੱਚ ਕੀ ਵਾਪਰੇਗਾ। 2 “ਸਾਰੇ ਇਕਠੇ ਹੋਕੇ ਆਓ ਅਤੇ ਸੁਣੋ, ਯਾਕੂਬ ਦਿਉ ਪੁੱਤਰੋ।ਆਪਣੇ ਪਿਤਾ, ਇਸਰਾਏਲ ਦੀ ਗੱਲ ਸੁਣੋ।” 3 “ਰਾਊਬੇਨ, ਤੂੰ ਮੇਰਾ ਪਲੇਠਾ ਪੁੱਤਰ ਹੈਂ, ਤੂੰ ਮੇਰਾ ਪਹਿਲਾ ਬੱਚਾ ਹੈ,ਮੇਰੀ ਮਰਦਾਨਗੀ ਦਾ ਪਹਿਲਾ ਸਬੂਤ।ਤੂੰ ਮੇਰੇ ਸਾਰੇ ਪੁੱਤਰਾਂ ਵਿੱਚੋਂ ਸਭ ਤੋਂ ਇੱਜ਼ਤਦਾਰਅਤੇ ਸ਼ਕਤੀਸ਼ਾਲੀ ਸ਼ੇਰ ਸੀ। 4 ਪਰ ਤੇਰਾ ਜਜ਼ਬਾ ਹੜ ਵਰਗਾ ਸੀ,ਤੇਰਾ ਇਸ ਉੱਤੇ ਕਾਬੂ ਨਹੀਂ ਸੀ।ਇਸ ਲਈ ਤੂੰ ਮੇਰਾ ਸਭ ਤੋਂਵਧ ਇੱਜ਼ਤਦਾਰ ਪੁੱਤਰ ਨਹੀਂ ਰਹੇਂਗਾ।ਤੂੰ ਆਪਣੇ ਪਿਤਾ ਦੇ ਪਲੰਘ ਉੱਤੇ ਜਾ ਚੜਿਆ ਸੀਅਤੇ ਉਸਦੀ ਇੱਕ ਪਤਨੀ ਨਾਲ ਜਾ ਸੁੱਤਾ ਸੀ।ਤੂੰ ਮੇਰੇ ਬਿਸਤਰ ਨੂੰ ਸ਼ਰਮਸਾਰ ਕੀਤਾਸੀ ਜਿਸ ਬਿਸਤਰ ਉੱਤੇ ਤੂੰ ਲੇਟਿਆ ਸੀ।” 5 “ਸਿਮਓਨ ਅਤੇ ਲੇਵੀ ਦੋਵੇਂ ਭਰਾ ਹਨ।ਉਨ੍ਹਾਂ ਨੂੰ ਆਪਣੀਆਂ ਤਲਵਾਰਾਂ ਨਾਲ ਲੜਨਾ ਪਸੰਦ ਹੈ। 6 ਉਨ੍ਹਾਂ ਨੇ ਗੁਪਤ ਯੋਜਨਾਵਾਂ ਬਣਾਈਆਂ।ਮੇਰੀ ਰੂਹ ਉਨ੍ਹਾਂ ਦੀਆਂ ਵਿਉਂਤਾਂ ਵਿੱਚ ਹਿੱਸਾ ਨਹੀਂ ਲੈਣਾ ਚਾਹੁੰਦੀ ਸੀ।ਮੈਂ ਉਨ੍ਹਾਂ ਦੀਆਂ ਗੁਪਤ ਸਭਾਵਾਂ ਨੂੰ ਪ੍ਰਵਾਨ ਨਹੀਂ ਕਰਾਂਗਾ।ਜਦੋਂ ਉਹ ਕਰੋਧਵਾਨ ਸਨ ਉਨ੍ਹਾਂ ਨੇ ਬੰਦੇ ਮਾਰ ਦਿੱਤੇ ਅਤੇ ਦਿਲ ਪ੍ਰਚਾਵੇ ਲਈ ਉਨ੍ਹਾਂ ਨੇ ਜਾਨਵਰਾਂ ਨੂੰ ਸਤਾਇਆ ਸੀ। 7 ਉਨ੍ਹਾਂ ਦਾ ਗੁੱਸਾ ਸਰਾਪ ਹੈ ਇਹ ਬਹੁਤ ਸਖ਼ਤ ਹੈ,ਉਹ ਬਹੁਤ ਜ਼ਾਲਮ ਹੁੰਦੇ ਹਨ ਜਦੋਂ ਉਨ੍ਹਾਂ ਨੂੰ ਰੋਹ ਚੜਦਾ ਹੈ।ਉਨ੍ਹਾਂ ਨੂੰ ਯਾਕੂਬ ਦੀ ਧਰਤੀ ਅੰਦਰ ਆਪਣੀ ਧਰਤੀ ਨਹੀਂ ਮਿਲੇਗੀ।ਉਹ ਸਾਰੇ ਇਸਰਾਏਲ ਅੰਦਰ ਫ਼ੈਲ ਜਾਣਗੇ।” 8 “ਯਹੂਦਾਹ, ਤੇਰੇ ਭਰਾ ਤੇਰੀ ਉਸਤਤਿ ਕਰਨਗੇ।ਤੂੰ ਆਪਣੇ ਦੁਸ਼ਮਣਾ ਨੂੰ ਹਰਾ ਦੇਵੇਗਾ।ਤੇਰੇ ਭਰਾ ਤੇਰੇ ਅੱਗੇ ਝੁਕਣਗੇ। 9 ਯਹੂਦਾਹ ਤੂੰ ਬੱਬਰ ਸ਼ੇਰ ਵਰਗਾ ਹੈ।ਮੇਰੇ ਪੁੱਤਰ, ਤੂੰ ਆਪਣੇ ਸ਼ਿਕਾਰ ਉੱਤੇ ਖਲੋਤਾ ਹੋਇਆ ਬਬਰ ਸ਼ੇਰ ਵਰਗਾ ਹੈ।ਯਹੂਦਾਹ ਬਬਰ ਸ਼ੇਰ ਵਰਗਾ ਹੈ।ਉਹ ਅਰਾਮ ਕਰਨ ਲਈ ਲੇਟਿਆ ਹੋਇਆ ਹੈ, ਅਤੇ ਕੋਈ ਇੰਨਾ ਬਹਾਦੁਰ ਨਹੀਂ ਕਿ ਜਿਹੜਾ ਉਸਨੂੰ ਤੰਗ ਕਰੇ। 10 ਯਹੂਦਾਹ ਦੇ ਪਰਿਵਾਰ ਵਿੱਚੋਂ ਆਦਮੀ ਰਾਜੇ ਹੋਣਗੇ।ਅਸਲੀ ਰਾਜੇ ਦੇ ਆਉਣ ਤੀਕ ਸ਼ਾਹੀ ਰਾਜ-ਦੰਡ,ਉਸਦੇ ਪਰਿਵਾਰ ਨੂੰ ਨਹੀਂ ਛੱਡੇਗਾ।ਫ਼ੇਰ ਕੌਮਾਂ ਉਸਦਾ ਪਾਲਣ ਕਰਨਗੀਆਂ। 11 ਉਹ ਆਪਣੇ ਖੋਤੇ ਨੂੰ ਅੰਗੂਰਾਂ ਦੀ ਵੇਲ ਨਾਲ ਬੰਨ੍ਹੇਗਾ।ਉਹ ਆਪਣੇ ਜਵਾਨ ਖੋਤੇ ਨੂੰ ਸਭਾ ਤੋਂ ਚੰਗੀ ਅੰਗੂਰੀ ਵੇਲ ਨਾਲ ਬੰਨ੍ਹੇਗਾ।ਉਹ ਸਭ ਤੋਂ ਚੰਗੀ ਮੈਅ ਨੂੰ ਆਪਣੇ ਕੱਪੜੇ ਧੋਣ ਲਈ ਵਰਤੇਗਾ। 12 ਮੈਅ ਪੀਣ ਕਾਰਣ ਉਸ ਦੀਆਂ ਅਖਾਂ ਲਾਲ ਹਨ।ਦੁਧ ਪੀਣ ਕਾਰਣ ਉਸਦੇ ਦੰਦ ਚਿੱਟੇ ਹਨ।” 13 “ਜ਼ਬੂਲੁਨ ਸਾਗਰ ਕੰਢੇ ਰਹੇਗਾ।ਉਸਦਾ ਸਮੁੰਦਰੀ ਤੱਟ ਜਹਾਜ਼ਾਂ ਲਈ ਸੁਰਖਿਅਤ ਸਥਾਨ ਹੋਵੇਗਾ।ਉਸਦੀ ਧਰਤੀ ਦੂਰ ਸੀਦੋਨ ਸ਼ਹਿਰ ਤੀਕ ਫ਼ੈਲੀ ਹੋਵੇਗੀ। 14 “ਯਿੱਸਾਕਾਰ ਉਸ ਖੋਤੇ ਵਰਗਾ ਹੈ ਜਿਸਨੇ ਸਖ਼ਤ ਮਿਹਨਤ ਕੀਤੀ ਹੈ।ਉਹ ਭਾਰਾ ਬੋਝ ਚੁੱਕਣ ਤੋਂ ਬਾਦ ਲੇਟ ਜਾਵੇਗਾ। 15 ਉਹ ਦੇਖੇਗਾ ਕਿ ਉਸਦੀ ਆਰਾਮਗਾਹ ਚੰਗੀ ਹੈ।ਉਹ ਆਪਣੀ ਧਰਤੀ ਨੂੰ ਸੁਹਾਵਣੀ ਦੇਖੇਗਾ।ਫ਼ੇਰ ਉਹ ਭਾਰੇ ਬੋਝ ਚੁੱਕਣ ਲਈ ਮੰਨ ਜਾਵੇਗਾ।ਉਹ ਗੁਲਾਮ ਵਾਂਗ ਕੰਮ ਕਰਨ ਲਈ ਮੰਨ ਜਾਵੇਗਾ।” 16 “ਦਾਨ, ਇਸਰਾਏਲ ਦੇ ਹੋਰ ਪਰਿਵਾਰਾਂ ਵਾਂਗਆਪਣੇ ਹੀ ਲੋਕਾਂ ਦਾ ਨਿਰਣਾ ਕਰੇਗਾ। 17 ਦਾਨ ਸੜਕ ਦੇ ਕੰਢੇਸੱਪ ਵਰਗਾ ਹੋਵੇਗਾ।ਉਹ ਖਤਰਨਾਕ ਸੱਪ ਵਰਗਾ ਹੋਵੇਗਾ ਜੋਰਸਤੇ ਵਿੱਚ ਪਿਆ ਹੁੰਦਾ ਹੈ।ਉਹ ਸੱਪ ਘੋੜੇ ਦਾ ਪੈਰ ਡੱਸ ਲੈਂਦਾ ਹੈ,ਅਤੇ ਸਵਾਰ ਜ਼ਮੀਨ ਉੱਤੇ ਡਿੱਗ ਪੈਂਦਾ ਹੈ। 18 “ਯਹੋਵਾਹ, ਮੈਂ ਤੇਰੀ ਮੁਕਤੀ ਲਈ ਉਡੀਕ ਰਿਹਾ ਹਾਂ।” 19 “ਲੁਟੇਰਿਆਂ ਦਾ ਇੱਕ ਟੋਲਾ, ਗਾਦ ਉੱਤੇ ਹਮਲਾ ਕਰੇਗਾ।ਪਰ ਉਹ ਉਨ੍ਹਾਂ ਉੱਤੇ ਬਾਦ ਵਿੱਚ ਛਾਪਾ ਮਾਰੇਗਾ।” 20 “ਆਸੇਰ ਦੀ ਧਰਤੀ ਬਹੁਤ ਸਾਰਾ ਚੰਗਾ ਅਨਾਜ਼ ਉਗਾਵੇਗੀ,ਉਸ ਕੋਲ ਉਹ ਭੋਜਨ ਹੋਵੇਗਾ ਜੋ ਰਾਜੇ ਦੇ ਲਾਈਕ ਹੋਵੇਗਾ।” 21 “ਨਫ਼ਤਾਲੀ ਅਜ਼ਾਦ ਭੱਜਦੇ ਹਿਰਨ ਵਰਗਾ ਹੈ,ਜੋ ਖੂਬਸੂਰਤ ਹਿਰਨੋਟਿਆਂ ਨੂੰ ਪੈਦਾ ਕਰਦਾ ਹੈ।” 22 “ਯੂਸੁਫ਼ ਬਹੁਤ ਸਫ਼ਲ ਹੈ। ਯੂਸੁਫ਼ ਫ਼ਲ ਨਾਲ ਲੱਦੀ ਅੰਗੂਰੀ ਵੇਲ,ਚਸ਼ਮੇ ਲਾਗੇ ਉੱਗ ਰਹੀ ਵੇਲ ਵਾਂਗ,ਅਤੇ ਕੰਧ ਉੱਤੇ ਉੱਗ ਰਹੀ ਵੇਲ ਵਾਂਗ ਹੈ। 23 ਬਹੁਤ ਸਾਰੇ ਲੋਕੀਂ ਉਸਦੇਖਿਲਾਫ਼ ਬਹੁਤ ਜ਼ਿਆਦਾ ਲੜੇ।ਤੀਰਾਂ ਵਾਲੇ ਲੋਕ ਉਸੇ ਵੈਰੀ ਹੋ ਗਏ। 24 ਪਰ ਉਹ ਆਪਣੀ ਤਾਕਤਵਰ ਕਮਾਨ ਨਾਲ ਅਤੇ ਹੁਨਰ ਭਰੇ ਹਥਿਆਰਾਂ ਨਾਲ ਜੰਗ ਜਿੱਤ ਗਿਆ।ਉਹ ਸ਼ਕਤੀਸ਼ਾਲੀ ਯਾਕੂਬ ਪਾਸੋਂ, ਅਯਾਲੀ ਪਾਸੋਂ, ਇਸਰਾਏਲ ਦੀ ਚੱਟਾਨ ਪਾਸੋਂ, 25 ਤੁਹਾਡੇ ਪਿਤਾ ਦੇ ਪਰਮੇਸ਼ੁਰ ਪਾਸੋਂ, ਤਾਕਤ ਹਾਸਿਲ ਕਰਦਾ ਹੈ। ਪਰਮੇਸ਼ੁਰ ਤੁਹਾਨੂੰ ਅਸੀਸ ਦਿੰਦਾ ਹੈ।“ਸਰਬ-ਸ਼ਕਤੀਮਾਨ ਪਰਮੇਸ਼ੁਰ ਤੈਨੂੰ ਅਸੀਸ ਦੇਵੇ ਅਤੇ ਉੱਪਰੋਂ ਆਕਾਸ਼ ਤੋਂ ਅਸੀਸਾਂ ਦੇਵੇ,ਅਤੇ ਹੇਠਾਂ ਡੂੰਘ ਵਿੱਚੋਂ ਅਸੀਸਾਂ ਦੇਵੇ।ਉਹ ਤੈਨੂੰ ਛਾਤੀ ਅਤੇ ਕੁਖ ਤੋਂ ਅਸੀਸਾਂ ਦੇਵੇ। 26 ਮੇਰੇ ਮਾਪਿਆਂ ਨਾਲ ਬਹੁਤ ਹੀ ਚੰਗੀਆਂ ਗੱਲਾਂ ਵਾਪਰੀਆਂ ਸਨ।ਅਤੇ ਮੈਂ, ਤੁਹਾਡਾ ਪਿਤਾ, ਹੋਰ ਵੀ ਸੁਭਾਗਾ ਸਾਂ।ਤੇਰਿਆਂ ਭਰਾਵਾ ਨੇ ਤੇਰੇ ਲਈ ਕੁਝ ਵੀ ਨਹੀਂ ਛੱਡਿਆ।ਪਰ ਹੁਣ ਮੈਂ ਤੇਰੇ ਉੱਤੇ ਆਪਣੀਆਂ ਅਸੀਸਾਂ ਇਕਠੀਆਂ ਕਰਦਾ ਹਾਂ ਜੋ ਪਹਾੜ ਵਾਂਗ ਉੱਚੀਆਂ ਹਨ।” 27 “ਬਿਨਯਾਮੀਨ ਭੁਖੇ ਬਘਿਆੜ ਵਾਂਗ ਹੈ।ਉਹ ਸਵੇਰੇ-ਸਵੇਰੇ ਮਾਰਦਾ ਅਤੇ ਖਾਂਦਾ ਹੈ।ਉਹ ਸ਼ਾਮ ਨੂੰ ਬਚਿਆ ਹੋਇਆ ਸਾਂਝਾ ਕਰਦਾ ਹੈ। 28 ਇਹ ਇਸਰਾਏਲ ਦੇ 12 ਪਰਿਵਾਰ ਹਨ। ਅਤੇ ਇਹ ਗੱਲਾਂ ਹਨ ਜਿਹੜੀਆਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਆਖੀਆਂ। ਉਸਨੇ ਹਰੇਕ ਪੁੱਤਰ ਨੂੰ ਉਹੀ ਅਸੀਸ ਦਿੱਤੀ ਜੋ ਉਸ ਲਈ ਢੁਕਵੀਂ ਸੀ। 29 ਫ਼ੇਰ ਇਸਰਾਏਲ ਨੇ ਉਨ੍ਹਾਂ ਨੂੰ ਇੱਕ ਆਦੇਸ਼ ਦਿੱਤਾ। ਉਸਨੇ ਆਖਿਆ, “ਜਦੋਂ ਮੈਂ ਮਰ ਜਾਵਾਂ ਮੈਂ ਆਪਣੇ ਲੋਕਾਂ ਨਾਲ ਹੋਣਾ ਚਾਹੁੰਦਾ ਹਾਂ। ਮੈਂ ਚਾਹੁੰਦਾ ਹਾਂ ਕਿ ਮੈਨੂੰ ਆਪਣੇ ਪੁਰਖਿਆਂ ਨਾਲ ਹਿੱਤੀ ਅਫ਼ਰੋਨ ਦੇ ਖੇਤ ਦੀ ਗੁਫ਼ਾ ਵਿੱਚ ਦਫ਼ਨਾਇਆ ਜਾਵੇ। 30 ਉਹ ਗੁਫ਼ਾ ਮਮਰੇ ਦੇ ਨੇੜੇ ਮਕਫ਼ੇਲਾਹ ਦੇ ਖੇਤ ਵਿੱਚ ਹੈ। ਇਹ ਕਨਾਨ ਦੀ ਧਰਤੀ ਵਿੱਚ ਹੈ। ਅਬਰਾਹਾਮ ਨੇ ਉਹ ਖੇਤ ਅਫ਼ਰੋਨ ਤੋਂ ਇਸ ਵਾਸਤੇ ਖਰੀਦਿਆ ਸੀ ਤਾਂ ਜੋ ਉਸ ਕੋਲ ਇੱਕ ਕਬਰਸਤਾਨ ਹੋ ਜਾਵੇ। 31 ਅਬਰਾਹਾਮ ਅਤੇ ਉਸਦੀ ਪਤਨੀ ਸਾਰਾਹ ਉਸੇ ਗੁਫ਼ਾ ਵਿੱਚ ਦਫ਼ਨ ਹਨ। ਇਸਹਾਕ ਅਤੇ ਉਸਦੀ ਪਤਨੀ ਰਿਬਕਾਹ ਉਸੇ ਗੁਫ਼ਾ ਵਿੱਚ ਦਫ਼ਨ ਹਨ। ਮੈਂ ਆਪਣੀ ਪਤਨੀ ਲੇਆਹ ਨੂੰ ਉਸੇ ਕਬਰ ਵਿੱਚ ਦਫ਼ਨਾਇਆ ਸੀ। 32 ਇਹ ਗੁਫ਼ਾ ਉਸ ਖੇਤ ਵਿੱਚ ਹੈ ਜਿਹੜਾ ਹਿੱਤੀ ਲੋਕਾਂ ਪਾਸੋਂ ਖਰੀਦਿਆ ਗਿਆ ਸੀ।” 33 ਜਦੋਂ ਯਾਕੂਬ ਆਪਣੇ ਪੁੱਤਰਾਂ ਨਾਲ ਗੱਲਾਂ ਕਰ ਹਟਿਆ, ਉਹ ਲੇਟ ਗਿਆ, ਆਪਣੇ ਪੈਰ ਬਿਸਤਰ ਉੱਤੇ ਟਿਕਾ ਦਿੱਤੇ ਅਤੇ ਮਰ ਗਿਆ।

Genesis 50

1 ਜਦੋਂ ਇਸਰਾਏਲ ਦਾ ਦੇਹਾਂਤ ਹੋਇਆ ਤਾਂ ਯੂਸੁਫ਼ ਬਹੁਤ ਉਦਾਸ ਹੋ ਗਿਆ। ਉਹ ਆਪਣੇ ਪਿਤਾ ਨਾਲ ਚਿਂਬੜ ਗਿਆ ਅਤੇ ਉਸ ਨਾਲ ਲੱਗਕੇ ਰੋ ਪਿਆ ਅਤੇ ਉਸਨੂੰ ਚੁੰਮਣ ਲੱਗਾ। 2 ਯੂਸੁਫ਼ ਨੇ ਹਕੀਮਾਂ ਨੂੰ ਆਪਣੇ ਪਿਤਾ ਦੀ ਲਾਸ਼ ਉੱਤੇ ਦਵਾਈਆਂ ਲਾਕੇ ਸੁਰਖਿਅਤ ਰੱਖਣ ਦਾ ਆਦੇਸ਼ ਦਿੱਤਾ। ਇਸ ਲਈ ਉਨ੍ਹਾਂ ਨੇ ਇਸਰਾਏਲ ਦੇ ਸ਼ਰੀਰ ਨੂੰ ਸੁਰਖਿਅਤ ਰੱਖਣ ਲਈ ਮਿਸਰੀਆਂ ਵਾਂਗ ਖਾਸ ਤਰੀਕੇ ਨਾਲ 40 ਦਿਨਾਂ ਲਈ ਉਸ ਉੱਤੇ ਦਵਾਈਆਂ ਲਾਈਆਂ। 3 ਜਦੋਂ ਮਿਸਰੀਆਂ ਨੇ ਇਹੋ ਜਿਹੇ ਖਾਸ ਢੰਗ ਨਾਲ ਲਾਸ਼ ਨੂੰ ਤਿਆਰ ਕੀਤਾ ਤਾਂ ਉਨ੍ਹਾਂ ਨੇ ਇਸਨੂੰ ਦਫ਼ਨ ਕਰਨ ਤੋਂ ਪਹਿਲਾਂ 40 ਦਿਨ ਇੰਤਜ਼ਾਰ ਕੀਤਾ। ਫ਼ੇਰ ਮਿਸਰੀਆਂ ਨੇ ਯਾਕੂਬ ਦਾ ਖਾਸ ਸਮੇਂ ਤੱਕ ਸੋਗ ਮਨਾਇਆ। ਇਹ ਸਮਾਂ 70 ਦਿਨ ਦਾ ਸੀ। 4 ਸੱਤਰ ਦਿਨਾਂ ਮਗਰੋਂ, ਸੋਗ ਦਾ ਸਮਾਂ ਖਤਮ ਹੋ ਗਿਆ। ਇਸ ਲਈ ਯੂਸੁਫ਼ ਨੇ ਫ਼ਿਰਊਨ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਯੂਸੁਫ਼ ਨੇ ਆਖਿਆ, “ਕਿਰਪਾ ਕਰਕੇ ਫ਼ਿਰਊਨ ਨੂੰ ਇਹ ਦੱਸੋ: 5 ‘ਜਦੋਂ ਮੇਰਾ ਪਿਤਾ ਮਰਨ ਕਿਨਾਰੇ ਸੀ, ਮੈਂ ਉਸ ਨਾਲ ਇੱਕ ਇਕਰਾਰ ਕੀਤਾ ਸੀ। ਮੈਂ ਇਕਰਾਰ ਕੀਤਾ ਸੀ ਕਿ ਮੈਂ ਉਸਨੂੰ ਕਨਾਨ ਦੇਸ਼ ਦੀ ਇੱਕ ਗੁਫ਼ਾ ਵਿੱਚ ਦਫ਼ਨ ਕਰਾਂਗਾ। ਇਹ ਉਹੀ ਗੁਫ਼ਾ ਹੈ ਜਿਹੜੀ ਉਸਨੇ ਆਪਣੇ ਵਾਸਤੇ ਤਿਆਰ ਕੀਤੀ ਸੀ। ਇਸ ਲਈ ਕਿਰਪਾ ਕਰਕੇ ਮੈਨੂੰ ਜਾਣ ਦਿਉ ਅਤੇ ਆਪਣੇ ਪਿਤਾ ਨੂੰ ਦਫ਼ਨਾਉਣ ਦਿਉ। ਫ਼ੇਰ ਮੈਂ ਤੁਹਾਡੇ ਕੋਲ ਇੱਥੇ ਵਾਪਸ ਆ ਜਾਵਾਂਗਾ।’” 6 ਫ਼ਿਰਊਨ ਨੇ ਆਖਿਆ, “ਆਪਣਾ ਇਕਰਾਰ ਨਿਭਾ। ਜਾਹ ਅਤੇ ਜਾਕੇ ਆਪਣੇ ਪਿਤਾ ਨੂੰ ਦਫ਼ਨਾ।” 7 ਇਸ ਲਈ ਯੂਸੁਫ਼ ਆਪਣੇ ਪਿਤਾ ਨੂੰ ਦਫ਼ਨ ਕਰਨ ਲਈ ਚਲਾ ਗਿਆ। ਫ਼ਿਰਊਨ ਦੇ ਸਾਰੇ ਅਧਿਕਾਰੀ, ਫ਼ਿਰਊਨ ਦੇ ਬਜ਼ੁਰਗ (ਆਗੂ) ਅਤੇ ਮਿਸਰ ਦੇ ਸਾਰੇ ਬਜ਼ੁਰਗ ਯੂਸੁਫ਼ ਦੇ ਨਾਲ ਗਏ। 8 ਯੂਸੁਫ਼ ਦੇ ਪਰਿਵਾਰ ਦੇ ਸਾਰੇ ਲੋਕ, ਉਸਦੇ ਭਰਾ ਅਤੇ ਉਸਦੇ ਪਿਤਾ ਦੇ ਪਰਿਵਾਰ ਦੇ ਸਾਰੇ ਲੋਕ ਉਸਦੇ ਨਾਲ ਗਏ। ਸਿਰਫ਼ ਬੱਚੇ ਅਤੇ ਜਾਨਵਰ ਹੀ ਗੋਸ਼ਨ ਦੀ ਧਰਤੀ ਉੱਤੇ ਰਹੇ। 9 ਇਹ ਲੋਕਾਂ ਦਾ ਬਹੁਤ ਵੱਡਾ ਟੋਲਾ ਸੀ। ਇਨ੍ਹਾਂ ਨਾਲ ਸਿਪਾਹੀਆਂ ਦਾ ਵੀ ਇੱਕ ਟੋਲਾ ਸੀ ਜਿਹੜਾ ਰਥਾਂ ਅਤੇ ਘੋੜਿਆਂ ਉੱਤੇ ਸਵਾਰ ਸੀ। 10 ਉਹ ਯਰਦਨ ਨਦੀ ਦੇ ਪੂਰਬ ਵੱਲ ਗੋਰੇਨ-ਹਾ-ਆਤਾਦ ਵੱਲ ਗਏ। ਇਸ ਸਥਾਨ ਉੱਤੇ, ਉਨ੍ਹਾਂ ਨੇ ਇਸਰਾਏਲ ਦੇ ਸਸਕਾਰ ਲਈ ਲੰਮੀਆਂ ਰੀਤਾਂ ਕੀਤੀਆਂ। ਇਹ ਸਸਕਾਰ ਦੀਆਂ ਰੀਤਾਂ ਸੱਤਾਂ ਦਿਨਾਂ ਤੱਕ ਜਾਰੀ ਰਹੀਆਂ। 11 ਕਨਾਨ ਵਿੱਚ ਰਹਿਣ ਵਾਲੇ ਲੋਕਾਂ ਨੇ ਗੋਰੇਨ-ਹਾ-ਆਤਾਦ ਵਿੱਚ ਹੋ ਰਹੀਆਂ ਇਨ੍ਹਾਂ ਸਸਕਾਰ ਦੀਆਂ ਰੀਤਾਂ ਨੂੰ ਦੇਖਿਆ। ਉਨ੍ਹਾਂ ਨੇ ਸੋਚਿਆ, “ਇਹ ਮਿਸਰੀਆਂ ਲਈ ਸੋਗ ਦਾ ਕੋਈ ਵੱਡਾ ਅਵਸਰ ਹੈ।” ਇਸ ਲਈ ਉਨ੍ਹਾਂ ਨੇ ਉਸ ਜਗ਼੍ਹਾ ਨੂੰ ਆਬੇਲ-ਮਿਸਰਾਈਮ ਬੁਲਾਇਆ, ਜੋ ਕਿ ਯਰਦਨ ਨਦੀ ਦੇ ਪਾਰ ਹੈ। 12 ਇਸ ਲਈ ਯਾਕੂਬ ਦੇ ਪੁੱਤਰਾਂ ਨੇ ਉਵੇਂ ਹੀ ਕੀਤਾ ਜਿਵੇਂ ਉਨ੍ਹਾਂ ਦੇ ਪਿਤਾ ਨੇ ਆਖਿਆ ਸੀ। 13 ਉਨ੍ਹਾਂ ਨੇ ਉਸਦੇ ਸ਼ਰੀਰ ਨੂੰ ਚੁੱਕ ਕੇ ਕਨਾਨ ਲਿਆਂਦਾ ਅਤੇ ਮਾਕਫ਼ੇਲਾਹ ਵਿਖੇ ਗੁਫ਼ਾ ਵਿੱਚ ਦਫ਼ਨਾਇਆ। ਇਹ ਉਹੀ ਗੁਫ਼ਾ ਸੀ ਜਿਹੜੀ ਮਮਰੇ ਨੇੜੇ ਦੇ ਉਸ ਖੇਤ ਵਿੱਚ ਸੀ ਜਿਸਨੂੰ ਅਬਰਾਹਾਮ ਨੇ ਹਿੱਤੀ ਅਫ਼ਰੋਨ ਤੋਂ ਖਰੀਦਿਆ ਸੀ। ਅਬਰਾਹਾਮ ਨੇ ਉਸ ਗੁਫ਼ਾ ਨੂੰ ਕਬਰਸਤਾਨ ਵਜੋਂ ਖਰੀਦਿਆ ਸੀ। 14 ਜਦੋਂ ਯੂਸੁਫ਼ ਨੇ ਆਪਣੇ ਪਿਤਾ ਨੂੰ ਦਫ਼ਨਾ ਦਿੱਤਾ ਤਾਂ ਉਹ ਅਤੇ ਉਸਦੇ ਟੋਲੇ ਦਾ ਹਰ ਕੋਈ ਉਸਦੇ ਨਾਲ ਵਾਪਸ ਮਿਸਰ ਨੂੰ ਚਲਾ ਗਿਆ। 15 ਜਦੋਂ ਯਾਕੂਬ ਮਰਿਆ, ਯੂਸੁਫ਼ ਦੇ ਭਰਾ ਫ਼ਿਕਰਮੰਦ ਹੋ ਗਏ। ਉਹ ਇਸ ਗੱਲੋਂ ਭੈਭੀਤ ਸਨ ਕਿ ਯੂਸੁਫ਼ ਹਾਲੇ ਵੀ ਉਨ੍ਹਾਂ ਨਾਲ, ਵਰ੍ਹਿਆਂ ਬਾਦ ਉਨ੍ਹਾਂ ਵੱਲੋਂ ਉਸ ਨਾਲ ਕੀਤੇ ਵਿਹਾਰ ਕਾਰਣ ਨਾਰਾਜ਼ ਹੋਵੇਗਾ। ਉਨ੍ਹਾਂ ਨੇ ਆਖਿਆ, “ਸ਼ਾਇਦ ਯੂਸੁਫ਼ ਹਾਲੇ ਵੀ ਸਾਨੂੰ ਉਸ ਕਾਰਣ ਨਫ਼ਰਤ ਕਰਦਾ ਹੈ ਜੋ ਅਸੀਂ ਕੀਤਾ ਸੀ।” 16 ਇਸ ਲਈ ਭਰਾਵਾਂ ਨੇ ਯੂਸੁਫ਼ ਨੂੰ ਇਹ ਸੰਦੇਸ਼ ਭੇਜਿਆ: “ਤੁਹਾਡੇ ਪਿਤਾ ਨੇ ਮਰਨ ਤੋਂ ਪਹਿਲਾਂ, ਸਾਨੂੰ ਤੈਨੂੰ ਇਹ ਸੰਦੇਸ਼ ਦੇਣ ਲਈ ਆਖਿਆ ਸੀ। 17 ਉਸਨੇ ਆਖਿਆ ਸੀ, ‘ਯੂਸੁਫ਼ ਨੂੰ ਆਖਣਾ ਕਿ ਮੈਂ ਉਸਨੂੰ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਕੇ ਆਪਣੇ ਭਰਾਵਾਂ ਨੂੰ ਉਨ੍ਹਾਂ ਦੇ ਭੈੜੇ ਕਾਰਿਆਂ ਲਈ ਮਾਫ਼ ਕਰ ਦੇਵੇ।’ ਇਸ ਲਈ ਹੁਣ ਯੂਸੁਫ਼, ਅਸੀਂ ਤੈਨੂੰ ਬੇਨਤੀ ਕਰਦੇ ਹਾਂ ਕਿਰਪਾ ਕਰਕੇ ਸਾਨੂੰ ਸਾਡੇ ਉਹਾਂ ਭੈੜੇ ਕੰਮਾਂ ਲਈ ਮਾਫ਼ ਕਰਦੇ ਜਿਹੜੇ ਅਸੀਂ ਤੇਰੇ ਨਾਲ ਕੀਤੇ ਸਨ। ਅਸੀਂ ਪਰਮੇਸ਼ੁਰ ਦੇ, ਤੇਰੇ ਪਿਤਾ ਦੇ ਪਰਮੇਸ਼ੁਰ ਦੇ ਸੇਵਕ ਹਾਂ।”ਇਸ ਸੰਦੇਸ਼ ਨੇ ਯੂਸੁਫ਼ ਨੂੰ ਬਹੁਤ ਉਦਾਸ ਕਰ ਦਿੱਤਾ ਅਤੇ ਉਹ ਰੋ ਪਿਆ। 18 ਉਸਦੇ ਭਰਾ ਉਸਦੇ ਕੋਲ ਗਏ ਅਤੇ ਉਸਦੇ ਸਾਮ੍ਹਣੇ ਝੁਕਕੇ ਸਲਾਮ ਕੀਤਾ। ਉਨ੍ਹਾਂ ਨੇ ਆਖਿਆ, “ਅਸੀਂ ਤੁਹਾਡੇ ਨੌਕਰ ਹੋਵਾਂਗੇ।” 19 ਫ਼ੇਰ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, “ਭੈਭੀਤ ਨਾ ਹੋਵੋ। ਪਰਮੇਸ਼ੁਰ ਦਾ ਕਾਰਨ ਕਰਨਾ ਮੇਰੇ ਤਾਈਂ ਸੰਭਵ ਨਹੀਂ, ਕੀ ਹੈ?” 20 ਇਹ ਸੱਚ ਹੈ ਕਿ ਤੁਸੀਂ ਮੇਰੇ ਨਾਲ ਕੁਝ ਬੁਰਾ ਕਰਨ ਦੀ ਵਿਉਂਤ ਬਣਾਈ ਸੀ। ਪਰ ਅਸਲ ਵਿੱਚ ਪਰਮੇਸ਼ੁਰ ਚੰਗੀਆਂ ਗੱਲਾਂ ਦੀ ਵਿਉਂਤ ਬਣਾ ਰਿਹਾ ਸੀ। ਪਰਮੇਸ਼ੁਰ ਦੀ ਵਿਉਂਤ ਮੇਰੀ ਵਰਤੋਂ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਕਰਨ ਦੀ ਸੀ। ਅਤੇ ਇਹੀ ਹੈ ਜੋ ਵਾਪਰਿਆ ਹੈ! 21 ਇਸ ਲਈ ਭੈਭੀਤ ਨਾ ਹੋਵੋ। ਮੈਂ ਤੁਹਾਨੂੰ ਅਤੇ ਤੁਹਾਡੇ ਬੱਚਿਆਂ ਨੂੰ ਸਹਾਰਾ ਦਿਆਂਗਾ।” ਜੋ ਯੂਸੁਫ਼ ਨੇ ਆਖਿਆ, ਉਸਨੇ ਉਸ ਦੇ ਭਰਾਵਾਂ ਨੂੰ ਸੁਖ ਦਿੱਤਾ। 22 ਯੂਸੁਫ਼ ਨੇ ਮਿਸਰ ਵਿੱਚ ਆਪਣੇ ਪਿਤਾ ਦੇ ਪਰਿਵਾਰ ਨਾਲ ਰਹਿਣਾ ਜਾਰੀ ਰੱਖਿਆ। ਯੂਸੁਫ਼ ਜਦੋਂ 110 ਵਰ੍ਹਿਆਂ ਦਾ ਸੀ ਤਾਂ ਉਸਦਾ ਦੇਹਾਂਤ ਹੋ ਗਿਆ। 23 ਯੂਸੁਫ਼ ਦੇ ਜੀਵਨ ਕਾਲ ਵਿੱਚ ਇਫ਼ਰਾਈਮ ਦੇ ਪੁੱਤਰ ਅਤੇ ਪੋਤਰੇ ਹੋਏ। ਅਤੇ ਉਸਦੇ ਪੁੱਤਰ ਮਨੱਸ਼ਹ ਦਾ ਇੱਕ ਪੁੱਤਰ ਸੀ, ਮਾਕੀਰ। ਯੂਸੁਫ਼ ਮਾਕੀਰ ਦੇ ਬੱਚਿਆਂ ਨੂੰ ਦੇਖਣ ਤੱਕ ਜੀਵਿਆ। 24 ਜਦੋਂ ਯੂਸੁਫ਼ ਮਰਨ ਕੰਢੇ ਸੀ, ਉਸਨੇ ਆਪਣੇ ਭਰਾਵਾਂ ਨੂੰ ਆਖਿਆ, “ਮੇਰੇ ਮਰਨ ਦਾ ਸਮਾਂ ਆ ਪਹੁੰਚਿਆ ਹੈ। ਪਰ ਮੈਂ ਜਾਣਦਾ ਹਾਂ ਕਿ ਪਰਮੇਸ਼ੁਰ ਤੁਹਾਡਾ ਧਿਆਨ ਰਖੇਗਾ ਅਤੇ ਤੁਹਾਨੂੰ ਇਸ ਦੇਸ਼ ਵਿੱਚੋਂ ਬਾਹਰ ਲੈ ਜਾਵੇਗਾ। ਪਰ ਪਰਮੇਸ਼ੁਰ ਤੁਹਾਡੀ ਉਸ ਧਰਤੀ ਉੱਤੇ ਅਗਵਾਈ ਕਰੇਗਾ ਜਿਸਨੂੰ ਉਸਨੇ, ਅਬਰਾਹਾਮ ਇਸਹਾਕ ਅਤੇ ਯਾਕੂਬ ਨੂੰ ਦੇਣ ਦਾ ਇਕਰਾਰ ਕੀਤਾ ਸੀ।” 25 ਫ਼ੇਰ ਯੂਸੁਫ਼ ਨੇ ਆਪਣੇ ਲੋਕਾਂ ਨੂੰ ਇੱਕ ਇਕਰਾਰ ਕਰਨ ਲਈ ਆਖਿਆ। ਯੂਸੁਫ਼ ਨੇ ਆਖਿਆ, “ਇਕਰਾਰ ਕਰੋ ਕਿ ਤੁਸੀਂ ਮੇਰੀਆਂ ਅਸਥੀਆਂ ਆਪਣੇ ਨਾਲ ਲੈ ਜਾਵੋਂਗੇ ਜਦੋਂ ਪਰਮੇਸ਼ੁਰ ਨਵੀਂ ਧਰਤੀ ਉੱਤੇ ਤੁਹਾਡੀ ਅਗਵਾਈ ਕਰੇਗਾ।” 26 ਯੂਸੁਫ਼ ਜਦੋਂ 110 ਵਰ੍ਹਿਆਂ ਦਾ ਸੀ, ਉਸਦਾ ਮਿਸਰ ਵਿੱਚ ਦੇਹਾਂਤ ਹੋ ਗਿਆ। ਹਕੀਮਾਂ ਨੇ ਉਸਦੇ ਸ਼ਰੀਰ ਨੂੰ ਦਫ਼ਨਾਏ ਜਾਣ, ਲਈ ਤਿਆਰ ਕੀਤਾ ਅਤੇ ਮਿਸਰ ਵਿੱਚ ਇੱਕ ਤਾਬੂਤ ਵਿੱਚ ਰੱਖ ਦਿੱਤਾ।

Exodus 1

1 ਯਾਕੂਬ ਆਪਣੇ ਪੁੱਤਰਾਂ ਨਾਲ ਮਿਸਰ ਵਿੱਚ ਚਲਿਆ ਗਿਆ। ਉਸਦੇ ਹਰੇਕ ਪੁੱਤਰ ਨਾਲ ਉਸਦਾ ਆਪਣਾ ਪਰਿਵਾਰ ਸੀ। ਇਸਰਾਏਲ ਦੇ ਪੁੱਤਰਾਂ ਦੇ ਨਾਮ ਇਹ ਹਨ; 2 ਰਊਬੇਨ, ਸਿਮਓਨ, ਲੇਵੀ, ਯਹੂਦਾਹ, 3 ਯਿੱਸਾਕਾਰ, ਜ਼ਬੂਲੁਨ, ਬਿਨਯਾਮੀਨ, 4 ਦਾਨ, ਨਫ਼ਤਾਲੀ, ਗਾਦ, ਆਸ਼ੇਰ। 5 ਕੁੱਲ 70 ਲੋਕ ਸਨ, ਜਿਹੜੇ ਯਾਕੂਬ ਦੇ ਉਤਰਾਧਿਕਾਰੀਆਂ ਵਿੱਚੋਂ ਸਨ। (ਯੂਸੁਫ਼ ਵੀ 12 ਪੁੱਤਰਾਂ ਵਿੱਚੋਂ ਇੱਕ ਸੀ, ਪਰ ਉਹ ਪਹਿਲਾਂ ਹੀ ਮਿਸਰ ਵਿੱਚ ਸੀ।) 6 ਬਾਦ ਵਿੱਚ ਯੂਸੁਫ਼, ਉਸਦੇ ਭਰਾਵਾਂ ਅਤੇ ਉਸਦੀ ਪੀੜੀ ਦੇ ਸਾਰੇ ਲੋਕਾਂ ਦਾ ਦੇਹਾਂਤ ਹੋ ਗਿਆ। 7 ਪਰ ਇਸਰਾਏਲ ਦੇ ਲੋਕਾਂ ਦੀ ਔਲਾਦ ਬਹੁਤ ਸੀ ਅਤੇ ਉਨ੍ਹਾਂ ਦੀ ਗਿਣਤੀ ਵਧਦੀ ਗਈ। ਇਸਰਾਏਲ ਦੇ ਲੋਕ ਤਾਕਤਵਰ ਬਣ ਗਏ, ਅਤੇ ਮਿਸਰ ਦਾ ਦੇਸ਼ ਇਸਰਾਏਲੀਆਂ ਨਾਲ ਭਰ ਗਿਆ। 8 ਫ਼ੇਰ ਇੱਕ ਨਵਾਂ ਰਾਜਾ ਮਿਸਰ ਵਿੱਚ ਰਾਜ ਕਰਨ ਲੱਗਾ। ਇਹ ਰਾਜਾ ਯੂਸੁਫ਼ ਨੂੰ ਨਹੀਂ ਜਾਣਦਾ ਸੀ। 9 ਉਸਨੇ ਆਪਣੇ ਲੋਕਾਂ ਨੂੰ ਆਖਿਆ, “ਵੇਖੋ, ਇਸਰਾਏਲ ਦੇ ਲੋਕ ਬਹੁਤ ਸਾਰੇ ਹਨ। ਅਤੇ ਉਹ ਸਾਡੇ ਨਾਲੋਂ ਵਧੇਰੇ ਤਾਕਤਵਰ ਹਨ। 10 ਸਾਨੂੰ ਇਸਰਾਏਲੀਆਂ ਨੂੰ ਤਾਕਤਵਰ ਹੋਣ ਤੋਂ ਰੋਕਣ ਦੀਆਂ ਵਿਉਂਤਾਂ ਜ਼ਰੂਰ ਬਨਾਉਣੀਆਂ ਚਾਹੀਦੀਆਂ ਹਨ। ਜੇ ਲੜਾਈ ਹੋਈ, ਤਾਂ ਹੋ ਸਕਦਾ ਹੈ ਕਿ ਇਸਰਾਏਲ ਦੇ ਲੋਕ ਸਾਡੇ ਦੁਸ਼ਮਨਾਂ ਨਾਲ ਰਲ ਜਾਣ। ਤਾਂ ਹੋ ਸਕਦਾ ਹੈ ਕਿ ਉਹ ਸਾਨੂੰ ਹਰਾ ਦੇਣ ਅਤੇ ਸਾਡੇ ਕੋਲੋਂ ਬਚਕੇ ਨਿਕਲ ਜਾਣ।” 11 ਇਸ ਲਈ ਮਿਸਰੀਆਂ ਨੇ ਉਨ੍ਹਾਂ ਨੂੰ ਗੁਲਾਮਾਂ ਵਾਂਗ ਕੰਮ ਕਰਨ ਲਈ ਮਜਬੂਰ ਕੀਤਾ। ਉਨ੍ਹਾਂ ਨੇ ਇਸਰਾਏਲੀਆਂ ਨੂੰ ਸਤਾਉਣ ਲਈ ਉਨ੍ਹਾਂ ਉੱਪਰ ਕੰਮ ਨਿਰੀਖਕ ਨਿਯੁਕਤ ਕਰ ਦਿੱਤੇ। ਜਦੋਂ ਉਹ ਫ਼ਿਰਊਨ ਲਈ ਭਂਡਾਰ ਰੱਖਣ ਵਾਲੇ ਸ਼ਹਿਰ ਫ਼ਿਤੋਮ ਤੇ ਰਾਮਸੇਸ ਉਸਾਰ ਰਹੇ ਸਨ। 12 ਮਿਸਰੀਆਂ ਨੇ ਇਸਰਾਏਲੀਆਂ ਨੂੰ ਔਖੇ ਤੋਂ ਔਖੇ ਕੰਮ ਕਰਨ ਲਈ ਮਜਬੂਰ ਕੀਤਾ। ਪਰ ਇਸਰਾਏਲ ਦੇ ਲੋਕਾਂ ਨੂੰ ਜਿੰਨਾ ਵਧੇਰੇ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਉਹ ਓਨਾ ਹੀ ਵਧੇਰੇ ਵਧੇ ਫ਼ੁੱਲੇ ਤੇ ਫ਼ੈਲੇ। ਅਤੇ ਮਿਸਰੀ ਲੋਕ ਇਸਰਾਏਲ ਦੇ ਲੋਕਾਂ ਤੋਂ ਹੋਰ ਵਧੇਰੇ ਡਰ ਗਏ। 13 ਤਾਂ ਮਿਸਰੀਆਂ ਨੇ ਇਸਰਾਏਲ ਦੇ ਲੋਕਾਂ ਨੂੰ ਹੋਰ ਵੀ ਵਧੇਰੇ ਸਖਤੀ ਨਾਲ ਕੰਮ ਕਰਨ ਲਈ ਮਜ਼ਬੂਰ ਕੀਤਾ। 14 ਮਿਸਰੀਆਂ ਨੇ ਇਸਰਾਏਲੀਆਂ ਲਈ ਜਿਉਣਾ ਮੁਸ਼ਕਿਲ ਕਰ ਦਿੱਤਾ। ਉਨ੍ਹਾਂ ਨੇ ਇਸਰਾਏਲੀਆਂ ਨੂੰ ਇੱਟਾਂ ਗਾਰੇ ਦਾ ਔਖਾ ਕੰਮ ਕਰਨ ਲਈ ਮਜ਼ਬੂਰ ਕੀਤਾ। ਉਨ੍ਹਾਂ ਨੇ ਉਨ੍ਹਾਂ ਨੂੰ ਖੇਤਾਂ ਵਿੱਚ ਵੀ ਔਖੇ ਕੰਮ ਕਰਨ ਲਈ ਮਜ਼ਬੂਰ ਕੀਤਾ। ਉਨ੍ਹਾਂ ਨੇ ਉਨ੍ਹਾਂ ਦੇ ਹਰ ਕੰਮ ਵਿੱਚ ਸਖਤ ਮਿਹਨਤ ਨਾਲ ਕੰਮ ਕਰਨ ਲਈ ਮਜ਼ਬੂਰ ਕੀਤਾ। 15 ਦੋ ਦਾਈਆਂ ਸਨ ਜਿਹੜੀਆਂ ਇਸਰਾਏਲੀ ਔਰਤਾਂ ਨੂੰ ਬੱਚੇ ਜੰਮਣ ਵਿੱਚ ਸਹਾਇਤਾ ਕਰਦੀਆਂ ਸਨ। ਉਨ੍ਹਾਂ ਦੇ ਨਾਮ ਸਨ ਸਿਫ਼ਰਾਹ ਤੇ ਫ਼ੂਆਹ। ਮਿਸਰ ਦੇ ਰਾਜੇ ਨੇ ਦਾਈਆਂ ਨਾਲ ਗੱਲ ਕੀਤੀ। 16 ਰਾਜੇ ਨੇ ਆਖਿਆ, “ਤੁਸੀਂ ਇਬਰਾਨੀ ਔਰਤਾਂ ਦੀ ਬੱਚੇ ਜੰਮਣ ਵਿੱਚ ਸਹਾਇਤਾ ਕਰਦੀਆਂ ਰਹੋਂਗੀਆਂ। ਜੇ ਕੁੜੀ ਜੰਮੇ ਤਾਂ ਉਸਨੂੰ ਜਿਉਣ ਦਿਓ ਪਰ ਜੇ ਮੁੰਡਾ ਜੰਮੇ ਤਾਂ ਤੁਸੀਂ ਉਸਨੂੰ ਜ਼ਰੂਰ ਮਾਰ ਦਿਓ।” 17 ਪਰ ਦਾਈਆਂ ਨੇ ਪਰਮੇਸ਼ੁਰ ਤੇ ਭਰੋਸਾ ਰੱਖਿਆ ਅਤੇ ਉਹ ਨਹੀਂ ਕੀਤਾ ਜੋ ਮਿਸਰ ਦੇ ਰਾਜੇ ਨੇ ਉਨ੍ਹਾਂ ਨੂੰ ਕਰਨ ਲਈ ਕਿਹਾ ਸੀ। ਉਨ੍ਹਾਂ ਨੇ ਮੁੰਡਿਆਂ ਨੂੰ ਜਿਉਣ ਦਿੱਤਾ। 18 ਮਿਸਰ ਦੇ ਰਾਜੇ ਨੇ ਦਾਈਆਂ ਨੂੰ ਸਦਿਆ ਅਤੇ ਉਨ੍ਹਾਂ ਨੂੰ ਆਖਿਆ, “ਤੁਸੀਂ ਅਜਿਹਾ ਕਿਉਂ ਕੀਤਾ? ਤੁਸੀਂ ਮੁੰਡਿਆਂ ਨੂੰ ਕਿਉਂ ਜਿਉਂਦਿਆਂ ਛੱਡ ਦਿੱਤਾ?” 19 ਦਾਈਆਂ ਨੇ ਫ਼ਿਰਊਨ ਨੂੰ ਆਖਿਆ, “ਇਬਰਾਨੀ ਔਰਤਾਂ ਮਿਸਰੀ ਔਰਤਾਂ ਨਾਲੋਂ ਵੱਧ ਤਾਕਤਵਰ ਹਨ। ਉਹ ਸਾਡੇ ਉਥੇ ਪਹੁੰਚ ਕੇ ਉਨ੍ਹਾਂ ਦੀ ਮਦਦ ਕਰਨ ਤੋਂ ਪਹਿਲਾਂ ਹੀ ਆਪਣੇ ਬੱਚਿਆਂ ਨੂੰ ਜਨਮ ਦੇ ਦਿੰਦੀਆਂ ਹਨ।” 20 ਇਸ ਲਈ ਪਰਮੇਸ਼ੁਰ ਨੇ ਦਾਈਆਂ ਦਾ ਭਲਾ ਕੀਤਾ, ਅਤੇ ਉਨ੍ਹਾਂ ਨੂੰ ਆਪਣੇ ਪਰਿਵਾਰ ਦਿੱਤੇ ਕਿਉਂਕਿ ਉਨ੍ਹਾਂ ਨੇ ਪਰਮੇਸ਼ੁਰ ਨੂੰ ਸਨਮਾਨ ਦਿੱਤਾ ਅਤੇ ਉਸ ਤੋਂ ਭੈ ਖਾਧਾ।ਇਬਰਾਨੀਆਂ ਦੇ ਬੱਚਿਆਂ ਨੇ ਜਨਮ ਲੈਣਾ ਜਾਰੀ ਰੱਖਿਆ ਅਤੇ ਉਨ੍ਹਾਂ ਦੀ ਗਿਣਤੀ ਵਧਦੀ ਗਈ ਅਤੇ ਉਹ ਬਹੁਤ ਸ਼ਕਤੀਸ਼ਾਲੀ ਬਣ ਗਏ। 21 22 ਇਸ ਲਈ ਫ਼ਿਰਊਨ ਨੇ ਆਪਣੇ ਸਾਰੇ ਲੋਕਾਂ ਨੂੰ ਇਹ ਹੁਕਮ ਦਿੱਤਾ; “ਸਾਰੀਆਂ ਕੁੜੀਆਂ ਨੂੰ ਜਿਉਂਦਿਆਂ ਰਹਿਣ ਦਿਓ। ਪਰ ਜਦੋਂ ਵੀ ਕੋਈ ਮੁੰਡਾ ਜਨਮੇ ਉਸਨੂੰ ਅਵੱਸ਼ ਹੀ ਨੀਲ ਨਦੀ ਵਿੱਚ ਸੁੱਟ ਦਿਓ।”

Exodus 2

1 ਲੇਵੀ ਦੇ ਪਰਿਵਾਰ ਵਿੱਚੋਂ ਇੱਕ ਆਦਮੀ ਸੀ। ਉਸਨੇ ਇੱਕ ਔਰਤ ਨਾਲ ਸ਼ਾਦੀ ਕੀਤੀ ਸੀ ਜੋ ਲੇਵੀ ਦੇ ਪਰਿਵਾਰ ਵਿੱਚੋਂ ਹੀ ਸੀ। 2 ਔਰਤ ਗਰਭਵਤੀ ਹੋਈ, ਅਤੇ ਉਸਨੇ ਇੱਕ ਮੁੰਡੇ ਨੂੰ ਜਨਮ ਦਿੱਤਾ। ਮਾਂ ਨੇ ਦੇਖਿਆ ਕਿ ਬੱਚਾ ਬਹੁਤ ਸੁਹਣਾ ਸੀ, ਅਤੇ ਉਸਨੇ ਉਸਨੂੰ ਤਿੰਨ ਮਹੀਨੇ ਤੱਕ ਲੁਕਾਈ ਰੱਖਿਆ। 3 ਮਾਂ ਡਰਦੀ ਸੀ ਕਿ ਬੱਚੇ ਦਾ ਜ਼ਰੂਰ ਪਤਾ ਚੱਲ ਜਾਵੇਗਾ ਅਤੇ ਉਸਨੂੰ ਮਾਰ ਦਿੱਤਾ ਜਾਵੇਗਾ ਕਿਉਂਕਿ ਉਹ ਮੁੰਡਾ ਸੀ। ਤਿੰਨਾ ਮਹੀਨਿਆਂ ਮਗਰੋਂ ਉਸਨੇ ਇੱਕ ਟੋਕਰਾ ਬਣਾਇਆ ਅਤੇ ਉਸ ਉੱਪਰ ਇੱਕ ਲੇਪ ਲਗਾਇਆ ਤਾਂ ਕਿ ਉਹ ਪਾਣੀ ਵਿੱਚ ਤਰ ਸਕੇ। ਉਸਨੇ ਬੱਚੇ ਨੂੰ ਟੋਕਰੇ ਵਿੱਚ ਰੱਖ ਦਿੱਤਾ। ਫ਼ੇਰ ਉਸਨੇ ਟੋਕਰੇ ਨੂੰ ਨਦੀ ਵਿਚਲੀ ਕਾਹੀ ਦੇ ਅੰਦਰ ਰੱਖ ਦਿੱਤਾ। 4 ਬੱਚੇ ਦੀ ਭੈਣ ਇਹ ਵੇਖਣ ਲਈ ਉਥੇ ਥੋੜੀ ਦੂਰ ਤੇ ਹੀ ਖੜੀ ਹੋ ਗਈ ਕਿ ਬੱਚੇ ਨਾਲ ਕੀ ਵਾਪਰੇਗਾ। 5 ਓਸੇ ਵੇਲੇ, ਫ਼ਿਰਊਨ ਦੀ ਧੀ ਨਦੀ ਉੱਤੇ ਨਹਾਉਣ ਲਈ ਆਈ। ਉਸਨੇ ਕਾਹੀ ਅੰਦਰ ਟੋਕਰਾ ਦੇਖਿਆ। ਉਸ ਦੀਆਂ ਦਾਸੀਆਂ ਨਦੀ ਕੰਢੇ ਤੁਰ ਰਹੀਆਂ ਸਨ। ਇਸਲਈ ਉਸਨੇ ਉਨ੍ਹਾਂ ਵਿੱਚੋਂ ਇੱਕ ਨੂੰ ਆਖਿਆ ਕਿ ਟੋਕਰਾ ਲੈਕੇ ਆ। 6 ਉਸਨੇ ਟੋਕਰਾ ਖੋਲ੍ਹਿਆ ਅਤੇ ਬੱਚੇ ਨੂੰ ਦੇਖਿਆ, ਜੋ ਕਿ ਰੋ ਰਿਹਾ ਸੀ। ਉਸਨੂੰ ਉਸ ਉੱਤੇ ਤਰਸ ਆ ਗਿਆ। ਉਸਨੇ ਆਖਿਆ; ਇਹ ਇਬਰਾਨੀ ਬੱਚਿਆਂ ਵਿੱਚੋਂ ਇੱਕ ਹੈ। 7 ਬੱਚੇ ਦੀ ਭੈਣ ਨੇ ਖਢ਼ੀ ਹੋਕੇ ਫ਼ਿਰਊਨ ਦੀ ਧੀ ਨੂੰ ਪੁਛਿਆ, “ਕੀ ਤੂੰ ਚਾਹੁੰਦੀ ਹੈਂ ਕਿ ਮੈਂ ਕਿਸੇ ਇਬਰਾਨੀ ਔਰਤ ਨੂੰ ਲਭਕੇ ਲਿਆਵਾਂ ਜਿਹੜੀ ਬੱਚੇ ਨੂੰ ਦੁਧ ਚੁਂਘਾ ਸਕੇ ਅਤੇ ਇਸਦੀ ਦੇਖ-ਭਾਲ ਕਰਨ ਵਿੱਚ ਤੇਰੀ ਸਹਾਇਤਾ ਕਰ ਸਕੇ?” 8 ਰਾਜੇ ਦੀ ਧੀ ਨੇ ਆਖਿਆ, “ਹਾਂ, ਮਿਹਰਬਾਨੀ ਕਰਕੇ।”ਇਸ ਲਈ ਕੁੜੀ ਗਈ ਅਤੇ ਬੱਚੇ ਦੀ ਆਪਣੀ ਮਾਂ ਨੂੰ ਲੈ ਆਈ। 9 ਰਾਜੇ ਦੀ ਧੀ ਨੇ ਮਾਂ ਨੂੰ ਆਖਿਆ, “ਇਸ ਬੱਚੇ ਨੂੰ ਚੁੱਕ ਲੈ ਅਤੇ ਮੇਰੀ ਖਾਤਰ ਇਸਨੂੰ ਦੁਧ ਚੁਂਘਾ। ਮੈਂ ਇਸਦੀ ਦੇਖ-ਭਾਲ ਕਰਨ ਲਈ ਤੈਨੂੰ ਮਜ਼ਦੂਰੀ ਦੇਵਾਂਗੀ।”ਇਸ ਲਈ ਔਰਤ ਨੇ ਆਪਣਾ ਬੱਚਾ ਚੁੱਕ ਲਿਆ ਅਤੇ ਉਸਦੀ ਦੇਖ-ਭਾਲ ਕੀਤੀ। 10 ਬੱਚਾ ਵੱਡਾ ਹੋ ਗਿਆ, ਅਤੇ ਕੁਝ ਸਮੇਂ ਬਾਦ, ਔਰਤ ਨੇ ਬੱਚਾ ਰਾਜੇ ਦੀ ਧੀ ਨੂੰ ਦੇ ਦਿੱਤਾ। ਰਾਜੇ ਧੀ ਨੇ ਬੱਚੇ ਨੂੰ ਆਪਣੇ ਪੁੱਤਰ ਵਜੋਂ ਪ੍ਰਵਾਨ ਕਰ ਲਿਆ। ਉਸਨੇ ਉਸਦਾ ਨਾਮ ਮੂਸਾ ਰੱਖਿਆ, ਕਿਉਂਕਿ ਉਸਨੇ ਉਸਨੂੰ ਪਾਣੀ ਵਿੱਚੋਂ ਕਢਿਆ ਸੀ। 11 ਮੂਸਾ ਵੱਡਾ ਹੋਇਆ। ਇੱਕ ਦਿਨ ਉਹ ਆਪਣੇ ਇਬਰਾਨੀ ਲੋਕਾਂ ਕੋਲ ਗਿਆ ਅਤੇ ਵੇਖਿਆ ਕਿਵੇਂ ਉਨ੍ਹਾਂ ਨੂੰ ਸਖਤ ਕੰਮ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਸੀ। ਉਸੇ ਸਮੇਂ, ਉਸਨੇ ਇੱਕ ਮਿਸਰੀ ਆਦਮੀ ਨੂੰ ਇਬਰਾਨੀ ਬੰਦੇ ਨੂੰ ਕੁੱਟਦਿਆਂ ਵੇਖਿਆ। 12 ਮੂਸਾ ਨੇ ਆਲੇ-ਦੁਆਲੇ ਦੇਖਿਆ ਅਤੇ ਉਸਨੇ ਦੇਖਿਆ ਕਿ ਕੋਈ ਵੀ ਨਹੀਂ ਦੇਖ ਰਿਹਾ ਸੀ। ਫ਼ੇਰ ਮੂਸਾ ਨੇ ਮਿਸਰੀ ਨੂੰ ਮਾਰ ਦਿੱਤਾ ਅਤੇ ਉਸਨੂੰ ਰੇਤੇ ਵਿੱਚ ਦਫ਼ਨਾ ਦਿੱਤਾ। 13 ਅਗਲੇ ਦਿਨ ਮੂਸਾ ਨੇ ਦੋ ਇਬਰਾਨੀ ਬੰਦਿਆਂ ਨੂੰ ਦੇਖਿਆ ਜੋ ਆਪਸ ਵਿੱਚ ਲੜ ਰਹੇ ਸਨ। ਮੂਸਾ ਨੇ ਦੇਖਿਆ ਕਿ ਇੱਕ ਆਦਮੀ ਗਲਤ ਸੀ। ਮੂਸਾ ਨੇ ਉਸ ਆਦਮੀ ਨੂੰ ਆਖਿਆ, “ਤੂੰ ਆਪਣੇ ਗੁਆਂਢੀ ਨੂੰ ਕਿਉਂ ਦੁੱਖ ਦੇ ਰਿਹਾ ਹੈਂ?” 14 ਆਦਮੀ ਨੇ ਜਵਾਬ ਦਿੱਤਾ, “ਕੀ ਤੈਨੂੰ ਕਿਸੇ ਨੇ ਆਖਿਆ ਹੈ ਕਿ ਤੂੰ ਸਾਡਾ ਨਿਆਂਕਾਰ ਹੋਵੇਂ? ਨਹੀਂ। ਮੈਨੂੰ ਦੱਸ, ਕੀ ਤੂੰ ਮੈਨੂੰ ਉਸੇ ਤਰ੍ਹਾਂ ਮਾਰ ਦੇਵੇਂਗਾ ਜਿਵੇਂ ਕਲ ਤੂੰ ਮਿਸਰੀ ਨੂੰ ਮਾਰਿਆ ਸੀ?”ਤਾਂ ਮੂਸਾ ਡਰ ਗਿਆ। ਮੂਸਾ ਨੇ ਦਿਲ ਵਿੱਚ ਸੋਚਿਆ, “ਹੁਣ ਤਾਂ ਹਰ ਕੋਈ ਜਾਣਦਾ ਹੈ ਕਿ ਮੈਂ ਕੀ ਕੀਤਾ ਹੈ।” 15 ਜਦੋਂ ਫ਼ਿਰਊਨ ਨੇ ਮੂਸਾ ਦੀ ਇਸ ਹਰਕਤ ਬਾਰੇ ਸੁਣਿਆ, ਉਸਨੇ ਉਸਨੂੰ ਮਾਰ ਦੇਣ ਦਾ ਨਿਰਣਾ ਕਰ ਲਿਆ। ਪਰ ਮੂਸਾ ਫ਼ਿਰਊਨ ਤੋਂ ਦੂਰ ਨੱਸ ਗਿਆ ਅਤੇ ਮਿਦਯਾਨ ਦੀ ਧਰਤੀ ਤੇ ਠਹਿਰ ਗਿਆ। ਉਹ ਇੱਕ ਖੂਹ ਦੇ ਨੇੜੇ ਬੈਠ ਗਿਆ।ਮੂਸਾ ਮਿਦਯਾਨ ਵਿੱਚ ਇੱਕ ਖੂਹ ਤੇ ਜਾਕੇ ਰੁਕ ਗਿਆ। 16 ਮਿਦਯਾਨ ਵਿੱਚ ਇੱਕ ਜਾਜਕ ਸੀ ਜਿਸਦੀਆਂ ਸੱਤ ਧੀਆਂ ਸਨ। ਉਹ ਕੁੜੀਆਂ ਆਪਣੇ ਪਿਤਾ ਦੀਆਂ ਭੇਡਾਂ ਲਈ ਪਾਣੀ ਭਰਨ ਵਾਸਤੇ ਉਸ ਖੂਹ ਤੇ ਆਈਆਂ। ਉਹ ਚੁਬੱਚੇ ਵਿੱਚ ਪਾਣੀ ਭਰਨ ਦੀ ਕੋਸ਼ਿਸ਼ ਕਰ ਰਹੀਆਂ ਸਨ। 17 ਪਰ ਉਥੇ ਕੁਝ ਅਯਾਲੀ ਸਨ ਜਿਨ੍ਹਾਂ ਨੇ ਕੁੜੀਆਂ ਨੂੰ ਦੂਰ ਭਜਾ ਦਿੱਤਾ ਅਤੇ ਉਨ੍ਹਾਂ ਨੂੰ ਪਾਣੀ ਨਹੀਂ ਭਰਨ ਦਿੱਤਾ। ਇਸ ਲਈ ਮੂਸਾ ਨੇ ਕੁੜੀਆਂ ਦੀ ਸਹਾਇਤਾ ਕੀਤੀ ਅਤੇ ਉਨ੍ਹਾਂ ਦੇ ਪਸ਼ੂਆਂ ਨੂੰ ਪਾਣੀ ਦਿੱਤਾ। 18 ਤਾਂ ਉਹ ਆਪਣੇ ਪਿਤਾ, ਰਊਏਲ ਕੋਲ ਵਾਪਸ ਚਲੀਆਂ ਗਈਆਂ। ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਆਖਿਆ, “ਅੱਜ ਤੁਸੀਂ ਛੇਤੀ ਘਰ ਆ ਗਈਆਂ ਹੋ।” 19 ਕੁੜੀਆਂ ਨੇ ਜਵਾਬ ਦਿੱਤਾ, “ਹਾਂ ਜੀ, ਅਯਾਲੀਆਂ ਨੇ ਸਾਨੂੰ ਦੂਰ ਭਜਾਉਣ ਦੀ ਕੋਸ਼ਿਸ਼ ਕੀਤੀ। ਪਰ ਇੱਕ ਮਿਸਰੀ ਆਦਮੀ ਨੇ ਸਾਡੀ ਮਦਦ ਕੀਤੀ। ਉਸਨੇ ਸਾਡੇ ਲਈ ਪਾਣੀ ਲਿਆਂਦਾ ਅਤੇ ਸਾਡੇ ਪਸ਼ੂਆਂ ਨੂੰ ਵੀ ਪਿਲਾਇਆ।” 20 ਇਸ ਲਈ ਰਊਏਲ ਨੇ ਆਪਣੀਆਂ ਧੀਆਂ ਨੂੰ ਆਖਿਆ, “ਕਿਥੇ ਹੈ ਉਹ ਆਦਮੀ? ਤੁਸੀਂ ਉਸਨੂੰ ਛੱਡਕੇ ਕਿਉਂ ਆ ਗਈਆਂ? ਉਸਨੂੰ ਇਥੋਂ ਸੱਦੋ ਅਤੇ ਉਸਨੂੰ ਸਾਡੇ ਨਾਲ ਖਾਣਾ ਖੁਆਓ।” 21 ਮੂਸਾ ਉਸ ਆਦਮੀ ਕੋਲ ਠਹਿਰ ਕੇ ਖੁਸ਼ ਸੀ। ਰਊਏਲ ਨੇ ਮੂਸਾ ਨੇ ਆਪਣੀ ਧੀ ਸਿੱਪੋਰਾ ਦਾ ਵਿਆਹ ਕਰ ਦਿੱਤਾ। 22 ਸਿੱਪੋਰਾ ਗਰਭਵਤੀ ਹੋਈ ਅਤੇ ਇੱਕ ਪੁੱਤਰ ਨੂੰ ਜਨਮ ਦਿੱਤਾ। ਅਤੇ ਮੂਸਾ ਨੇ ਉਸਦਾ ਨਾਮ ਗੇਰਸ਼ੋਮ ਰੱਖਿਆ। ਮੂਸਾ ਨੇ ਆਪਣੇ ਪੁੱਤਰ ਨੂੰ ਇਹ ਨਾਮ ਇਸ ਲਈ ਦਿੱਤਾ ਕਿ ਉਹ ਇੱਕ ਪਰਾਈ ਧਰਤੀ ਉੱਤੇ ਅਜਨਬੀ ਸੀ। 23 ਬਹੁਤ ਸਮਾਂ ਬੀਤ ਗਿਆ ਅਤੇ ਮਿਸਰ ਦਾ ਰਾਜਾ ਮਰ ਗਿਆ। ਪਰ ਇਸਰਾਏਲ ਦੇ ਲੋਕਾਂ ਨੂੰ ਹਾਲੇ ਵੀ ਸਖਤ ਮਿਹਨਤ ਦਾ ਕੰਮ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਸੀ। ਉਨ੍ਹਾਂ ਨੇ ਸਹਾਇਤਾ ਲਈ ਪੁਕਾਰ ਕੀਤੀ ਅਤੇ ਪਰਮੇਸ਼ੁਰ ਨੇ ਉਨ੍ਹਾਂ ਦੀ ਪੁਕਾਰ ਸੁਣ ਲਈ। 24 ਪਰਮੇਸ਼ੁਰ ਨੇ ਉਨ੍ਹਾਂ ਦੀਆਂ ਕਰਾਹਾਂ ਸੁਣੀਆਂ ਅਤੇ ਉਸਨੇ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਕੀਤੇ ਆਪਣੇ ਇਕਰਾਰਨਾਮੇ ਨੂੰ ਚੇਤੇ ਕੀਤਾ। 25 ਪਰਮੇਸ਼ੁਰ ਨੇ ਇਸਰਾਏਲ ਦੇ ਲੋਕਾਂ ਦੀਆਂ ਮੁਸੀਬਤਾਂ ਦੇਖਿਆਂ, ਅਤੇ ਉਹ ਜਾਣਦਾ ਸੀ ਕਿ ਉਸਨੂੰ ਕੀ ਕਰਨਾ ਚਾਹੀਦਾ।

Exodus 3

1 ਮੂਸਾ ਦੇ ਸਹੁਰੇ ਦਾ ਨਾ ਯਿਥਰੋ ਸੀ। (ਯਿਥਰੋ ਮਿਦਯਾਨ ਦਾ ਜਾਜਕ ਸੀ।) ਮੂਸਾ ਯਿਥਰੋ ਦੀਆਂ ਭੇਡਾਂ ਦੀ ਰਖਵਾਲੀ ਕਰਦਾ ਸੀ। ਇੱਕ ਦਿਨ ਮੂਸਾ ਭੇਡਾਂ ਨੂੰ ਮਾਰੂਥਲ ਦੇ ਪੱਛਮ ਵਾਲੇ ਪਾਸੇ ਲੈ ਗਿਆ। ਮੂਸਾ ਹੋਰੇਬ (ਸਿਨਈ) ਨਾਂ ਦੇ ਪਰਬਤ ਉੱਪਰ ਗਿਆ, ਜਿਹੜਾ ਪਰਮੇਸ਼ੁਰ ਦਾ ਪਰਬਤ ਸੀ। 2 ਉਸ ਪਰਬਤ ਉੱਤੇ, ਮੂਸਾ ਨੇ ਯਹੋਵਾਹ ਦੇ ਦੂਤ ਨੂੰ ਬਲਦੀ ਹੋਈ ਝਾੜੀ ਵਿੱਚ ਦੇਖਿਆ। ਇਹ ਇਉਂ ਵਾਪਰਿਆ।ਮੂਸਾ ਨੇ ਇੱਕ ਝਾੜੀ ਦੇਖੀ ਜਿਹੜੀ ਭਸਮ ਹੋਣ ਤੋਂ ਬਿਨਾ ਬਲ ਰਹੀ ਸੀ। 3 ਇਸ ਲਈ ਮੂਸਾ ਨੇ ਝਾੜੀ ਦੇ ਨੇੜੇ ਜਾਣ ਤੇ ਇਹ ਦੇਖਣ ਦਾ ਨਿਰਣਾ ਕੀਤਾ ਕਿ ਕੋਈ ਝਾੜੀ ਭਸਮ ਹੋਣ ਤੋਂ ਬਿਨਾ ਬਲਦੀ ਕਿਵੇਂ ਰਹਿ ਸਕਦੀ ਹੈ। 4 ਯਹੋਵਾਹ ਨੇ ਦੇਖਿਆ ਕਿ ਮੂਸਾ ਝਾੜੀ ਵੱਲ ਦੇਖਣ ਲਈ ਆ ਰਿਹਾ ਸੀ। ਇਸ ਲਈ ਪਰਮੇਸ਼ੁਰ ਨੇ ਮੂਸਾ ਨੂੰ ਝਾੜੀ ਵਿੱਚੋਂ ਅਵਾਜ਼ ਦਿੱਤੀ। ਪਰਮੇਸ਼ੁਰ ਨੇ ਆਖਿਆ, “ਮੂਸਾ, ਮੂਸਾ।”ਅਤੇ ਮੂਸਾ ਨੇ ਆਖਿਆ, “ਹਾਂ ਯਹੋਵਾਹ।” 5 ਤਾਂ ਯਹੋਵਾਹ ਨੇ ਆਖਿਆ, “ਹੋਰ ਨੇੜੇ ਨਾ ਆਵੀਂ। ਆਪਣੀਆਂ ਜੁੱਤੀਆਂ ਲਾਹ ਲੈ। ਜਿਸ ਥਾਂ ਉੱਤੇ ਤੂੰ ਖਲੋਤਾ ਹੈਂ, ਉਹ ਮੇਰੇ ਇਸ ਥਾਂ ਤੇ ਹੋਣ ਕਾਰਣ ਪਵਿੱਤਰ ਹੈ। 6 ਮੈਂ ਤੇਰੇ ਪੁਰਖਿਆਂ ਦਾ ਪਰਮੇਸ਼ੁਰ ਹਾਂ। ਮੈਂ ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਤੇ ਯਾਕੂਬ ਦਾ ਪਰਮੇਸ਼ੁਰ ਹਾਂ।”ਮੂਸਾ ਨੇ ਆਪਣਾ ਚਿਹਰਾ ਕੱਜ ਲਿਆ ਕਿਉਂਕਿ ਉਹ ਪਰਮੇਸ਼ੁਰ ਵੱਲ ਦੇਖਣ ਤੋਂ ਡਰਦਾ ਸੀ। 7 ਤਾਂ ਯਹੋਵਾਹ ਨੇ ਆਖਿਆ, “ਮੈਂ ਆਪਣੇ ਲੋਕਾਂ ਦੀਆਂ ਉਹ ਮੁਸੀਬਤਾਂ ਦੇਖੀਆਂ ਹਨ ਜੋ ਉਨ੍ਹਾਂ ਨੇ ਮਿਸਰ ਵਿੱਚ ਝੱਲੀਆਂ ਹਨ। ਅਤੇ ਜਦੋਂ ਮਿਸਰੀਆਂ ਨੇ ਉਨ੍ਹਾਂ ਨੂੰ ਦੁੱਖ ਦਿੱਤੇ ਮੈਂ ਉਨ੍ਹਾਂ ਦੀ ਪੁਕਾਰ ਸੁਣ ਲਈ ਹੈ। ਮੈਨੂੰ ਉਨ੍ਹਾਂ ਦੇ ਦੁੱਖ ਦਾ ਪਤਾ ਹੈ। 8 ਹੁਣ ਮੈਂ ਹੇਠਾਂ ਜਾਵਾਂਗਾ ਅਤੇ ਆਪਣੇ ਲੋਕਾਂ ਨੂੰ ਮਿਸਰੀਆਂ ਤੋਂ ਬਚਾਵਾਂਗਾ। ਮੈਂ ਉਨ੍ਹਾਂ ਨੂੰ ਇਸ ਧਰਤੀ ਤੋਂ ਕੱਢਕੇ ਉਸ ਧਰਤੀ ਤੇ ਲੈ ਜਾਵਾਂਗਾ ਜੋ ਚੰਗੀ ਅਤੇ ਵਿਸ਼ਾਲ ਹੈ ਅਤੇ ਦੁਧ ਅਤੇ ਸ਼ਹਿਦ ਜਿਹੀਆਂ ਚੰਗੀਆਂ ਚੀਜ਼ਾਂ ਨਾਲ ਭਰਪੂਰ ਹੈ। ਭਿਂਨ-ਭਿਂਨ ਕੌਮਾਂ ਦੇ ਲੋਕ ਉਥੇ ਰਹਿੰਦੇ ਹਨ, ਉਹ ਹਨ; ਕਨਾਨੀ, ਹਿੱਤੀ, ਅਮੋਰੀ, ਫ਼ਰਿੱਜ਼ੀ, ਹਿੱਵੀ ਅਤੇ ਯਬੂਸੀ। 9 ਮੈਂ ਇਸਰਾਏਲ ਦੇ ਲੋਕਾਂ ਦੀ ਪੁਕਾਰ ਸੁਣ ਲਈ ਹੈ। ਮੈਂ ਦੇਖ ਲਿਆ ਹੈ ਕਿ ਮਿਸਰੀਆਂ ਨੇ ਕਿਵੇਂ ਉਨ੍ਹਾਂ ਦਾ ਜਿਉਣਾ ਹਰਾਮ ਕਰ ਦਿੱਤਾ ਹੈ। 10 ਇਸ ਲਈ ਹੁਣ ਮੈਂ ਤੈਨੂੰ ਫ਼ਿਰਊਨ ਵੱਲ ਭੇਜ ਰਿਹਾ ਹਾਂ। ਜਾਹ, ਮੇਰੇ ਬੰਦਿਆਂ, ਇਸਰਾਏਲ ਦੇ ਲੋਕਾਂ ਦੀ ਮਿਸਰ ਤੋਂ ਬਾਹਰ ਜਾਣ ਵਿੱਚ ਅਗਵਾਈ ਕਰ।” 11 ਪਰ ਮੂਸਾ ਨੇ ਪਰਮੇਸ਼ੁਰ ਨੂੰ ਆਖਿਆ, “ਮੈਂ ਕੋਈ ਵੱਡਾ ਆਦਮੀ ਨਹੀਂ ਹਾਂ। ਫ਼ਿਰਊਨ ਕੋਲ ਜਾਣ ਵਾਲਾ ਅਤੇ ਇਸਰਾਏਲ ਦੇ ਲੋਕਾਂ ਦੀ ਮਿਸਰ ਤੋਂ ਬਾਹਰ ਅਗਵਾਈ ਕਰਨ ਵਾਲਾ ਬੰਦਾ ਮੈਂ ਕਿਵੇਂ ਹੋ ਸਕਦਾ ਹਾਂ?” 12 ਪਰਮੇਸ਼ੁਰ ਨੇ ਆਖ਼ਿਆ, “ਤੂੰ ਅਜਿਹਾ ਕਰ ਸਕਦਾ ਹੈਂ ਕਿਉਂਕਿ ਮੈਂ ਤੇਰੇ ਅੰਗ-ਸੰਗ ਹੋਵਾਂਗਾ। ਇਹ ਸਬੂਤ ਹੋਵੇਗਾ ਕਿ ਮੈਂ ਤੈਨੂੰ ਭੇਜ ਰਿਹਾ ਹਾਂ; ਜਦੋਂ ਤੂੰ ਲੋਕਾਂ ਨੂੰ ਮਿਸਰ ਤੋਂ ਬਾਹਰ ਲਿਆਵੇਂਗਾ, ਤੂੰ ਆਕੇ ਇਸ ਪਰਬਤ ਤੇ ਮੇਰੀ ਉਪਾਸਨਾ ਕਰੇਂਗਾ। 13 ਤਾਂ ਮੂਸਾ ਨੇ ਪਰਮੇਸ਼ੁਰ ਨੂੰ ਆਖਿਆ, “ਪਰ ਜੇ ਮੈਂ ਇਸਰਾਏਲ ਦੇ ਲੋਕਾਂ ਕੋਲ ਜਾਵਾਂ ਤੇ ਉਨ੍ਹਾਂ ਨੂੰ ਆਖਾਂ, ‘ਤੁਹਾਡੇ ਪੁਰਖਿਆਂ ਦੇ ਪਰਮੇਸ਼ੁਰ ਨੇ ਮੈਨੂੰ ਭੇਜਿਆ ਹੈ।’ ਤਾਂ ਲੋਕ ਪੁੱਛਣਗੇ, ‘ਉਸਦਾ ਕੀ ਨਾਮ ਹੈ?’ ਮੈਂ ਉਨ੍ਹਾਂ ਨੂੰ ਕੀ ਦੱਸਾਂ?” 14 ਤਾਂ ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, “ਉਨ੍ਹਾਂ ਨੂੰ ਦਸੀ ‘ਮੈਂ ਹਾ ਜੋ ਮੈਂ ਹਾਂ’ ਜਦੋਂ ਤੂੰ ਇਸਰਾਏਲ ਦੇ ਲੋਕਾਂ ਕੋਲ ਜਾਵੇ ਤਾਂ ਉਨ੍ਹਾਂ ਨੂੰ ਆਖੀਂ ‘ਮੈਂ ਹਾਂ’ ਨੇ ਮੈਨੂੰ ਤੁਹਾਡੇ ਵੱਲ ਭੇਜਿਆ ਹੈ।” 15 ਤਾਂ ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, “ਤੈਨੂੰ ਲੋਕਾਂ ਨੂੰ ਇਹ ਆਖਣਾ ਚਾਹੀਦਾ ਹੈ; ‘ਯਹੋਵਾਹ ਤੁਹਾਡੇ ਪੁਰਖਿਆਂ ਦਾ ਪਰਮੇਸ਼ੁਰ ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਹੈ। ਮੇਰਾ ਨਾਮ ਹਮੇਸ਼ਾ ਯਾਹਵੇਹ ਹੋਵੇਗਾ। ਇਸੇ ਤਰ੍ਹਾਂ ਲੋਕ ਪੀੜੀਆਂ ਦਰ ਪੀੜੀਆਂ ਤੱਕ ਮੈਨੂੰ ਜਾਨਣਗੇ।’ ਲੋਕਾਂ ਨੂੰ ਦੱਸ, ‘ਯਹੋਵਾਹ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ।’ 16 “ਯਹੋਵਾਹ ਨੇ ਇਹ ਵੀ ਆਖਿਆ, “ਜਾਹ ਅਤੇ ਲੋਕਾਂ ਦੇ ਬਜ਼ੁਰਗਾਂ ਨੂੰ ਇੱਕ ਸਾਥ ਇਕਠਿਆਂ ਕਰ ਅਤੇ ਉਨ੍ਹਾਂ ਨੂੰ ਦੱਸ, ‘ਯਾਹਵੇਹ, ਤੁਹਾਡੇ ਪੁਰਖਿਆਂ ਦਾ ਪਰਮੇਸ਼ੁਰ, ਅਬਰਾਹਾਮ, ਇਸਹਾਕ ਅਤੇ ਯਾਕੂਬ ਦਾ ਪਰਮੇਸ਼ੁਰ ਮੈਨੂੰ ਪ੍ਰਗਟ ਹੋਇਆ ਅਤੇ ਉਸਨੇ ਆਖਿਆ; ਮੈਂ ਤੁਹਾਡੇ ਅਤੇ ਉਨ੍ਹਾਂ ਗੱਲਾਂ ਵੱਲ ਧਿਆਨ ਦਿੱਤਾ ਹੈ ਜੋ ਤੁਹਾਡੇ ਨਾਲ ਮਿਸਰ ਵਿੱਚ ਵਾਪਰ ਰਹੀਆਂ ਹਨ। 17 ਅਤੇ ਮੈਂ ਨਿਰਣਾ ਕੀਤਾ ਹੈ ਕਿ ਮੈਂ ਤੁਹਾਨੂੰ ਉਨ੍ਹਾਂ ਮੁਸੀਬਤਾਂ ਵਿੱਚੋਂ ਕੱਢ ਲਵਾਂ ਜਿਹੜੀਆਂ ਤੁਸੀਂ ਮਿਸਰ ਵਿੱਚ ਸਹਾਰ ਰਹੇ ਹੋ। ਮੈਂ ਤੁਹਾਨੂੰ ਉਸ ਧਰਤੀ ਤੇ ਲੈ ਜਾਵਾਂਗਾ ਜਿਹੜੀ ਹੁਣ ਬਹੁਤ ਸਾਰੇ ਲੋਕਾਂ; ਕਨਾਨੀਆਂ, ਹਿੱਤੀਆਂ, ਅਮੋਰੀਆਂ, ਫ਼ਰਿਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਦੀ ਹੈ। ਮੈਂ ਤੁਹਾਨੂੰ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਨਾਲ ਭਰੀ ਹੋਈ ਧਰਤੀ ਤੇ ਲੈ ਜਾਵਾਂਗਾ।’ 18 “ਬਜ਼ੁਰਗ ਤੇਰੀ ਗੱਲ ਸੁਣਨਗੇ। ਤੂੰ ਤੇ ਬਜ਼ੁਰਗ ਵੀ ਮਿਸਰ ਦੇ ਰਾਜੇ ਕੋਲ ਜਾਵੋਂਗੇ ਅਤੇ ਉਸਨੂੰ ਦੱਸੋਂਗੇ, ‘ਯਹੋਵਾਹ ਇਬਰਾਨੀ ਲੋਕਾਂ ਦਾ ਪਰਮੇਸ਼ੁਰ ਸਾਡੇ ਕੋਲ ਆਇਆ ਅਤੇ ਸਾਨੂੰ ਤਿੰਨ ਦਿਨ ਮਾਰੂਥਲ ਵਿੱਚ ਸਫ਼ਰ ਕਰਨ ਲਈ ਆਖਿਆ। ਓਥੇ ਸਾਨੂੰ ਯਾਹਵੇਹ, ਸਾਡੇ ਪਰਮੇਸ਼ੁਰ ਨੂੰ ਬਲੀਆਂ ਜ਼ਰੂਰ ਚੜਾਉਣੀਆਂ ਚਾਹੀਦੀਆਂ ਹਨ।’ 19 “ਪਰ ਮੈਂ ਜਾਣਦਾ ਹਾਂ ਕਿ ਮਿਸਰ ਦਾ ਰਾਜਾ ਤੁਹਾਨੂੰ ਜਾਣ ਨਹੀਂ ਦੇਵੇਗਾ। ਸਿਰਫ਼ ਕੋਈ ਮਹਾਨ ਸ਼ਕਤੀ ਹੀ ਉਸਨੂੰ ਮਜਬੂਰ ਕਰੇਗੀ ਤਾਂ ਕਿ ਉਹ ਤੁਹਾਨੂੰ ਜਾਣ ਦੇਵੇ। 20 ਇਸ ਲਈ ਮੈਂ ਆਪਣੀ ਮਹਾਨ ਸ਼ਕਤੀ ਮਿਸਰ ਦੇ ਖਿਲਾਫ਼ ਵਰਤਾਂਗਾ। ਮੈਂ ਉਸ ਧਰਤੀ ਉੱਤੇ ਹੈਰਾਨੀ ਭਰੀਆਂ ਗੱਲਾਂ ਕਰਾਂਗਾ। ਜਦੋਂ ਮੈਂ ਅਜਿਹਾ ਕਰਾਂਗਾ ਤਾਂ ਉਹ ਤੁਹਾਨੂੰ ਜਾਣ ਦੇਵੇਗਾ। 21 ਅਤੇ ਮੈਂ ਮਿਸਰੀ ਲੋਕਾਂ ਨੂੰ ਇਸਰਾਏਲ ਦੇ ਲੋਕਾਂ ਲਈ ਮਿਹਰਬਾਨ ਬਣਾ ਦਿਆਂਗਾ। ਜਦੋਂ ਤੁਹਾਡੇ ਲੋਕ ਮਿਸਰ ਤੋਂ ਜਾਣਗੇ ਮਿਸਰੀ ਲੋਕ ਉਨ੍ਹਾਂ ਨੂੰ ਬਹੁਤ ਸਾਰੀਆਂ ਸੁਗਾਤਾਂ ਦੇਣਗੇ। 22 “ਸਾਰੀਆਂ ਇਬਰਾਨੀ ਔਰਤਾਂ ਨੂੰ ਆਪਣੇ ਮਿਸਰੀ ਗੁਆਂਢੀਆਂ ਅਤੇ ਆਪਣੇ ਘਰਾਂ ਵਿੱਚ ਰਹਿੰਦੀਆਂ ਮਿਸਰੀ ਔਰਤਾਂ ਪਾਸੋਂ ਚਾਂਦੀ ਸੋਨਾ ਅਤੇ ਵਧੀਆ ਕੱਪੜੇ ਮੰਗਣੇ ਚਾਹੀਦੇ ਹਨ। ਜਦੋਂ ਤੁਸੀਂ ਮਿਸਰ ਛੱਡੋਂ, ਉਨ੍ਹਾਂ ਸੁਗਾਤਾਂ ਨੂੰ ਆਪਣੇ ਬੱਚਿਆਂ ਉੱਪਰ ਪਾ ਦਿਓ। ਇਸ ਤਰ੍ਹਾਂ ਤੁਸੀਂ ਮਿਸਰੀਆਂ ਦੀ ਦੌਲਤ ਆਪਣੇ ਨਾਲ ਲੈ ਜਾਵੋਂਗੇ।”

Exodus 4

1 ਤਾਂ ਮੂਸਾ ਨੇ ਪਰਮੇਸ਼ੁਰ ਨੂੰ ਆਖਿਆ, “ਪਰ ਜਦੋਂ ਮੈਂ ਇਸਰਾਏਲ ਦੇ ਲੋਕਾਂ ਨੂੰ ਦੱਸਾਂਗਾ ਕਿ ਤੂੰ ਮੈਨੂੰ ਭੇਜਿਆ ਹੈ ਤਾਂ ਉਹ ਮੇਰੇ ਉੱਤੇ ਵਿਸ਼ਵਾਸ ਨਹੀਂ ਕਰਨਗੇ। ਉਹ ਆਖਣਗੇ, ‘ਯਹੋਵਾਹ ਤੇਰੇ ਅੱਗੇ ਪ੍ਰਗਟ ਨਹੀਂ ਹੋਇਆ।’” 2 ਪਰ ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, “ਇਹ ਕੀ ਚੀਜ਼ ਹੈ ਜੋ ਤੇਰੇ ਹੱਥ ਵਿੱਚ ਹੈ?”ਮੂਸਾ ਨੇ ਜਵਾਬ ਦਿੱਤਾ, “ਇਹ ਮੇਰੀ ਤੁਰਨ ਵਾਲੀ ਸੋਟੀ ਹੈ।” 3 ਤਾਂ ਪਰਮੇਸ਼ੁਰ ਨੇ ਆਖਿਆ, “ਆਪਣੀ ਸੋਟੀ ਧਰਤੀ ਤੇ ਸੁੱਟ।”ਇਸ ਲਈ ਮੂਸਾ ਨੇ ਆਪਣੀ ਸੋਟੀ ਧਰਤੀ ਤੇ ਸੁੱਟ ਦਿੱਤੀ। ਅਤੇ ਸੋਟੀ ਸੱਪ ਬਣ ਗਈ। ਮੂਸਾ ਡਰ ਗਿਆ ਅਤੇ ਇਸਤੋਂ ਦੂਰ ਭਜਿਆ। 4 ਪਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਅੱਗੇ ਵਧਕੇ ਸੱਪ ਨੂੰ ਇਸਦੀ ਪੂੰਛ ਤੋਂ ਫ਼ੜ ਲੈ।”ਤਾਂ ਮੂਸਾ ਅੱਗੇ ਵਧਿਆ ਤੇ ਸੱਪ ਦੀ ਪੂੰਛ ਫ਼ੜ ਲਈ। ਜਦੋਂ ਮੂਸਾ ਨੇ ਅਜਿਹਾ ਕੀਤਾ, ਤਾਂ ਸੱਪ ਇੱਕ ਵਾਰੀ ਫ਼ੇਰ ਸੋਟੀ ਬਣ ਗਿਆ। 5 ਤਾਂ ਪਰਮੇਸ਼ੁਰ ਨੇ ਆਖਿਆ, “ਆਪਣੀ ਸੋਟੀ ਨੂੰ ਇਸੇ ਤਰ੍ਹਾਂ ਵਰਤੀਂ ਅਤੇ ਲੋਕ ਵਿਸ਼ਵਾਸ ਕਰ ਲੈਣਗੇ ਕਿ ਤੂੰ ਯਹੋਵਾਹ, ਆਪਣੇ ਪੁਰਖਿਆਂ ਦੇ ਪਰਮੇਸ਼ੁਰ, ਅਬਰਾਹਾਮ ਦੇ ਪਰਮੇਸ਼ੁਰ, ਇਸਹਾਕ ਦੇ ਪਰਮੇਸ਼ੁਰ ਅਤੇ ਯਾਕੂਬ ਦੇ ਪਰਮੇਸ਼ੁਰ ਨੂੰ ਦੇਖਿਆ ਹੈ।” 6 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਮੈਂ ਤੈਨੂੰ ਇੱਕ ਹੋਰ ਸਬੂਤ ਦੇਵਾਂਗਾ। ਆਪਣਾ ਹੱਥ ਆਪਣੇ ਚੋਲੇ ਅੰਦਰ ਪਾ।”ਤਾਂ ਮੂਸਾ ਨੇ ਆਪਣਾ ਹੱਥ ਆਪਣੇ ਚੋਲੇ ਅੰਦਰ ਪਾਇਆ। ਫ਼ੇਰ ਜਦੋਂ ਉਸਨੇ ਚੋਲੇ ਵਿੱਚੋਂ ਆਪਣਾ ਹੱਥ ਬਾਹਰ ਕਢਿਆ, ਇਸਨੂੰ ਬਿਮਾਰੀ ਲੱਗ ਗਈ ਸੀ ਅਤੇ ਇਹ ਬਰਫ਼ ਵਾਂਗ ਸਫ਼ੇਦ ਹੋ ਗਿਆ ਸੀ। 7 ਤਾਂ ਪਰਮੇਸ਼ੁਰ ਨੇ ਆਖਿਆ, “ਹੁਣ ਆਪਣਾ ਹੱਥ ਇੱਕ ਵਾਰੀ ਫ਼ੇਰ ਆਪਣੇ ਚੋਲੇ ਅੰਦਰ ਕਰ।” ਤਾਂ ਮੂਸਾ ਨੇ ਇੱਕ ਵਾਰੀ ਫ਼ੇਰ ਆਪਣਾ ਹੱਥ ਚੋਲੇ ਅੰਦਰ ਕਰ ਲਿਆ। ਫ਼ੇਰ ਮੂਸਾ ਨੇ ਆਪਣਾ ਹੱਥ ਬਾਹਰ ਕਢਿਆ, ਅਤੇ ਉਸਦਾ ਹੱਥ ਬਦਲ ਗਿਆ ਸੀ। ਹੁਣ ਉਸਦਾ ਹੱਥ ਪਹਿਲਾਂ ਵਾਂਗ ਹੀ ਇੱਕ ਵਾਰੀ ਫ਼ੇਰ ਠੀਕ ਹੋ ਗਿਆ ਸੀ। 8 ਤਾਂ ਪਰਮੇਸ਼ੁਰ ਨੇ ਆਖਿਆ, “ਜਦ ਤੂੰ ਆਪਣੀ ਸੋਟੀ ਦੀ ਵਰਤੋਂ ਕਰੇਂ ਪਰ ਲੋਕ ਤੇਰਾ ਵਿਸ਼ਵਾਸ ਨਾ ਕਰਨ ਤਾਂ ਤੂੰ ਇਹ ਨਿਸ਼ਾਨ ਉਨ੍ਹਾਂ ਨੂੰ ਦਿਖਾਵੀਂ, ਉਹ ਤੇਰੇ ਉੱਤੇ ਜ਼ਰੂਰ ਵਿਸ਼ਵਾਸ ਕਰ ਲੈਣਗੇ। 9 ਜੇ ਉਹ ਹਾਲੇ ਵੀ ਵਿਸ਼ਵਾਸ ਨਹੀਂ ਕਰਦੇ ਜਦ ਕਿ ਤੂੰ ਉਨ੍ਹਾਂ ਨੂੰ ਇਹ ਦੋਵੇਂ ਚੀਜ਼ਾਂ ਦਿਖਾ ਦਿੱਤੀਆਂ ਹੋਣ, ਤਾਂ ਨੀਲ ਨਦੀ ਵਿੱਚੋਂ ਕੁਝ ਪਾਣੀ ਲਵੀਂ। ਪਾਣੀ ਨੂੰ ਧਰਤੀ ਤੇ ਡੋਲ੍ਹ ਦੇਵੀਂ, ਅਤੇ ਜਿਵੇਂ ਹੀ ਇਹ ਧਰਤੀ ਨੂੰ ਛੂਹੇਗਾ ਇਹ ਖੂਨ ਬਣ ਜਾਵੇਗਾ।” 10 ਪਰ ਮੂਸਾ ਨੇ ਯਹੋਵਾਹ ਨੂੰ ਆਖਿਆ, “ਯਹੋਵਾਹ, ਮੈਂ ਤੈਨੂੰ ਸੱਚ ਦੱਸ ਰਿਹਾ ਹਾਂ, ਮੈਂ ਕੋਈ ਚੰਗਾ ਬੁਲਾਰਾ ਨਹੀਂ ਹਾਂ। ਮੈਂ ਕਦੇ ਵੀ ਠੀਕ ਤਰ੍ਹਾਂ ਬੋਲਣ ਦੇ ਕਾਬਿਲ ਨਹੀਂ ਰਿਹਾ ਹਾਂ। ਹੁਣ, ਤੇਰੇ ਨਾਲ ਗੱਲਾਂ ਕਰਨ ਤੋਂ ਮਗਰੋਂ ਵੀ, ਮੈਂ ਚੰਗਾ ਬੁਲਾਰਾ ਨਹੀਂ ਹਾਂ ਤੂੰ ਜਾਣਦਾ ਹੈਂ ਕਿ ਮੈਂ ਹੌਲੀ ਅਤੇ ਬੇਢਂਗਾ ਬੋਲਦਾ ਹਾਂ।” 11 ਤਾਂ ਯਹੋਵਾਹ ਨੇ ਉਸਨੂੰ ਆਖਿਆ, ‘ਆਦਮੀ ਦਾ ਮੂੰਹ ਕਿਸਨੇ ਬਣਾਇਆ ਹੈ? ਅਤੇ ਕੌਣ ਕਿਸੇ ਆਦਮੀ ਨੂੰ ਬੋਲਾ ਜਾਂ ਗੂਂਗਾ ਬਣਾ ਸਕਦਾ ਹੈ? ਕੌਣ ਕਿਸੇ ਆਦਮੀ ਨੂੰ ਅੰਨ੍ਹਾ ਬਣਾ ਸਕਦਾ ਹੈ? ਕੌਣ ਕਿਸੇ ਆਦਮੀ ਨੂੰ ਦੇਖਣ ਦੇ ਯੋਗ ਬਣਾ ਸਕਦਾ ਹੈ? ਮੈਂ ਹੀ ਹਾਂ ਉਹ ਜਿਹੜਾ ਇਹ ਸਾਰੀਆਂ ਗੱਲਾਂ ਕਰ ਸਕਦਾ ਹੈ - ਮੈਂ ਯਾਹਵੇਹ ਹਾਂ। 12 ਇਸ ਲਈ ਜਾਹ। ਜਦੋਂ ਤੂੰ ਬੋਲੇਂਗਾ, ਮੈਂ ਤੇਰੇ ਅੰਗ-ਸੰਗ ਹੋਵਾਂਗਾ। ਮੈਂ ਤੈਨੂੰ ਆਖਣ ਲਈ ਸ਼ਬਦ ਦੇਵਾਂਗਾ।” 13 ਪਰ ਮੂਸਾ ਨੇ ਆਖਿਆ, “ਮੇਰੇ ਯਹੋਵਾਹ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਮੈਨੂੰ ਨਹੀਂ, ਕਿਸੇ ਹੋਰ ਬੰਦੇ ਨੂੰ ਭੇਜੋ।” 14 ਤਾਂ ਯਹੋਵਾਹ ਮੂਸਾ ਉੱਪਰ ਬਹੁਤ ਕਰੋਧਵਾਨ ਹੋ ਗਿਆ ਅਤੇ ਆਖਿਆ, “ਠੀਕ ਹੈ। ਮੈਂ ਤੇਰੀ ਸਹਾਇਤਾ ਲਈ ਤੈਨੂੰ ਕੋਈ ਬੰਦਾ ਦੇਵਾਂਗਾ। ਮੈਂ ਲੇਵੀ ਦੇ ਪਰਿਵਾਰ ਵਿੱਚੋਂ, ਤੇਰੇ ਭਰਾ, ਹਾਰੂਨ ਦੀ ਵਰਤੋਂ ਕਰਾਂਗਾ ਉਹ ਚੰਗਾ ਬੁਲਾਰਾ ਹੈ ਹਾਰੂਨ ਪਹਿਲਾਂ ਹੀ ਤੈਨੂੰ ਮਿਲਣ ਲਈ ਆ ਰਿਹਾ ਹੈ ਉਹ ਤੈਨੂੰ ਮਿਲਕੇ ਪ੍ਰਸੰਨ ਹੋਵੇਗਾ। 15 ਉਹ ਤੇਰੇ ਨਾਲ ਫ਼ਿਰਊਨ ਕੋਲ ਜਾਵੇਗਾ ਮੈਂ ਤੈਨੂੰ ਦੱਸਾਂਗਾ ਕਿ ਤੂੰ ਕੀ ਬੋਲਣਾ ਹੈ। ਫ਼ੇਰ ਤੂੰ ਹਾਰੂਨ ਨੂੰ ਦਸੇਂਗਾ ਅਤੇ ਮੈਂ ਪ੍ਰਪੱਕ ਕਰਾਂਗਾ ਕਿ ਤੇਰਾ ਮੂੰਹ ਅਤੇ ਉਸਦਾ ਮੂੰਹ ਸਹੀ ਗੱਲਾਂ ਆਖਣ। 16 ਹਾਰੂਨ ਤੇਰੀ ਖਾਤਰ ਲੋਕਾਂ ਨਾਲ ਵੀ ਗੱਲ ਕਰੇਗਾ। ਤੂੰ ਉਸ ਲਈ ਪਰਮੇਸ਼ੁਰ ਵਾਂਗ ਹੋਵੇਂਗਾ, ਅਤੇ ਉਹ ਤੇਰਾ ਦਫ਼ਤਰੀ ਬੁਲਾਰਾ ਹੋਵੇਗਾ। 17 ਇਸ ਲਈ ਜਾਹ ਇਹ ਸੋਟੀ ਆਪਣੇ ਨਾਲ ਲੈ, ਜਿਸ ਨਾਲ ਤੂੰ ਲੋਕਾਂ ਨੂੰ ਵਿਖਾਉਣ ਲਈ ਕਿ ਮੈਂ ਤੇਰੇ ਨਾਲ ਹਾਂ, ਕਰਿਸ਼ਮੇ ਕਰ ਸਕਦਾ ਹੈਂ।” 18 ਤਾਂ ਮੂਸਾ ਆਪਣੇ ਸਹੁਰੇ ਯਿਥਰੋ ਵੱਲ ਵਾਪਸ ਚਲਾ ਗਿਆ। ਮੂਸਾ ਨੇ ਯਿਥਰੋ ਨੂੰ ਆਖਿਆ, “ਮਿਹਰਬਾਨੀ ਕਰਕੇ ਮੈਨੂੰ ਮਿਸਰ ਵਾਪਸ ਜਾਣ ਦਿਓ। ਮੈਂ ਦੇਖਣਾ ਚਾਹੁੰਦਾ ਹਾਂ ਕਿ ਕੀ ਮੇਰੇ ਲੋਕ ਹਾਲੇ ਵੀ ਜਿਉਂਦੇ ਹਨ।” ਯਿਥਰੋ ਨੇ ਮੂਸਾ ਨੂੰ ਆਖਿਆ, “ਜ਼ਰੂਰ। ਅਤੇ ਤੂੰ ਸ਼ਾਂਤੀ ਨਾਲ ਜਾ ਸਕਦਾ ਹੈਂ।” 19 ਤਾਂ ਜਦੋਂ ਮੂਸਾ ਹਾਲੇ ਮਿਦਯਾਨ ਵਿੱਚ ਹੀ ਸੀ, ਪਰਮੇਸ਼ੁਰ ਨੇ ਉਸਨੂੰ ਆਖਿਆ, “ਤੇਰੇ ਲਈ ਹੁਣ ਮਿਸਰ ਵਾਪਸ ਜਾਣਾ ਸੁਰਖਿਅਤ ਹੈ। ਜਿਹੜੇ ਆਦਮੀ ਤੈਨੂੰ ਮਾਰਨਾ ਚਾਹੁੰਦੇ ਸਨ, ਉਹ ਮਰ ਚੁੱਕੇ ਹਨ।” 20 ਇਸ ਲਈ ਮੂਸਾ ਨੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਗਧੇ ਉੱਤੇ ਬਿਠਾਇਆ ਅਤੇ ਮਿਸਰ ਪਰਤ ਆਇਆ। ਮੂਸਾ ਨੇ ਆਪਣੇ ਨਾਲ ਆਪਣੀ ਸੋਟੀ ਵੀ ਲੈ ਲਈ - ਪਰਮੇਸ਼ੁਰ ਦੀ ਸ਼ਕਤੀ ਵਾਲੀ, ਤੁਰਨ ਵਾਲੀ ਸੋਟੀ। 21 ਜਦੋਂ ਮੂਸਾ ਮਿਸਰ ਵੱਲ ਵਾਪਸ ਜਾ ਰਿਹਾ ਸੀ, ਪਰਮੇਸ਼ੁਰ ਨੇ ਉਸਦੇ ਨਾਲ ਗੱਲ ਕੀਤੀ। ਪਰਮੇਸ਼ੁਰ ਨੇ ਆਖਿਆ, “ਜਦੋਂ ਤੂੰ ਫ਼ਿਰਊਨ ਨਾਲ ਗੱਲ ਕਰੇਂ ਤਾਂ ਉਹ ਸਾਰੇ ਕਰਿਸ਼ਮੇ ਦਿਖਾਉਣੇ ਚੇਤੇ ਰਖੀਂ ਜਿਨ੍ਹਾਂ ਨੂੰ ਕਰਨ ਦੀ ਤਾਕਤ ਮੈਂ ਤੈਨੂੰ ਦਿੱਤੀ ਹੈ। ਪਰ ਮੈਂ ਫ਼ਿਰਊਨ ਨੂੰ ਬਹੁਤ ਜ਼ਿੱਦੀ ਬਣਾ ਦਿਆਂਗਾ। ਉਹ ਲੋਕਾਂ ਨੂੰ ਜਾਣ ਨਹੀਂ ਦੇਵੇਗਾ। 22 ਤਾਂ ਤੈਨੂੰ ਫ਼ਿਰਊਨ ਨੂੰ ਆਖਣਾ ਚਾਹੀਦਾ; 23 ਯਹੋਵਾਹ ਆਖਦਾ ਹੈ, ‘ਇਸਰਾਏਲ ਮੇਰਾ ਪਲੇਠਾ ਪੁੱਤਰ ਹੈ। ਅਤੇ ਮੈਂ ਤੈਨੂੰ ਆਖ ਰਿਹਾ ਹਾਂ ਕਿ ਮੇਰੇ ਪੁੱਤਰ ਨੂੰ ਜਾਣ ਦੇ ਅਤੇ ਮੇਰੀ ਉਪਾਸਨਾ ਕਰਨ ਦੇ। ਜੇ ਤੂੰ ਇਸਰਾਏਲ ਨੂੰ ਨਹੀਂ ਜਾਣ ਦੇਵੇਂਗਾ, ਤਾਂ ਮੈਂ ਤੇਰੇ ਪਲੇਠੇ ਪੁੱਤਰ ਨੂੰ ਮਾਰ ਦਿਆਂਗਾ।”‘ 24 ਮਿਸਰ ਦੇ ਰਸਤੇ ਉੱਤੇ ਮੂਸਾ ਇੱਕ ਥਾਂ ਰਾਤ ਬਿਤਾਉਣ ਲਈ ਠਹਿਰ ਗਿਆ। ਯਹੋਵਾਹ ਮੂਸਾ ਨੂੰ ਉਸ ਥਾਂ ਮਿਲਿਆ ਅਤੇ ਉਸਨੂੰ ਮਾਰਨ ਦੀ ਕੋਸ਼ਿਸ਼ ਕੀਤੀ। 25 ਪਰ ਸਿੱਪੋਰਾਹ ਨੇ ਇੱਕ ਫ਼ੌਲਾਦੀ ਛੁਰੀ ਲਈ ਅਤੇ ਆਪਣੇ ਪੁੱਤਰ ਦੀ ਸੁੰਨਤ ਕਰ ਦਿੱਤੀ। ਉਸਨੇ ਚਮੜੀ ਲਈ ਅਤੇ ਉਸਦੇ ਪੈਰੀਂ ਹੱਥ ਲਾਇਆ। ਫ਼ੇਰ ਉਸਨੇ ਮੂਸਾ ਨੂੰ ਆਖਿਆ, “ਤੂੰ ਮੇਰੇ ਲਈ ਖੂਨ ਦਾ ਲਾੜਾ ਹੈਂ।” 26 ਸਿੱਪੋਰਾਹ ਨੇ ਇਹ ਇਸ ਵਾਸਤੇ ਆਖਿਆ ਕਿਉਂਕਿ ਉਸਨੂੰ ਆਪਣੇ ਪੁੱਤਰ ਦੀ ਸੁੰਨਤ ਕਰਨੀ ਪਈ ਸੀ। ਇਸ ਲਈ ਪਰਮੇਸ਼ੁਰ ਨੇ ਮੂਸਾ ਨੂੰ ਬਖਸ਼ ਦਿੱਤਾ ਅਤੇ ਉਸਨੂੰ ਨਹੀਂ ਮਾਰਿਆ। 27 ਯਹੋਵਾਹ ਨੇ ਹਾਰੂਨ ਨਾਲ ਗੱਲ ਕੀਤੀ। ਯਹੋਵਾਹ ਨੇ ਉਸਨੂੰ ਆਖਿਆ ਸੀ, “ਮਾਰੂਥਲ ਵਿੱਚ ਜਾਹ ਤੇ ਮੂਸਾ ਨੂੰ ਮਿਲ।” ਇਸ ਲਈ ਹਾਰੂਨ ਚਲਾ ਗਿਆ ਅਤੇ ਮੂਸਾ ਨੂੰ ਪਰਮੇਸ਼ੁਰ ਦੇ ਪਰਬਤ ਉੱਤੇ ਜਾ ਮਿਲਿਆ। ਹਾਰੂਨ ਨੇ ਮੂਸਾ ਨੂੰ ਦੇਖਿਆ ਅਤੇ ਉਸਨੂੰ ਚੁੰਮਿਆ। 28 ਮੂਸਾ ਨੇ ਹਾਰੂਨ ਨੂੰ ਦੱਸਿਆ ਕਿ ਯਹੋਵਾਹ ਨੇ ਉਸਨੂੰ ਕਿਉਂ ਭੇਜਿਆ ਸੀ। ਅਤੇ ਮੂਸਾ ਨੇ ਹਾਰੂਨ ਨੂੰ ਉਨ੍ਹਾਂ ਸਾਰੇ ਕਰਿਸ਼ਮਿਆਂ ਅਤੇ ਹੋਰ ਗੱਲਾਂ ਬਾਰੇ ਵੀ ਦੱਸਿਆ ਜੋ ਉਸਨੇ ਇਹ ਸਾਬਤ ਕਰਨ ਲਈ ਕਰਨੀਆਂ ਸਨ ਕਿ ਪਰਮੇਸ਼ੁਰ ਨੇ ਉਸਨੂੰ ਭੇਜਿਆ ਸੀ। ਮੂਸਾ ਨੇ ਹਾਰੂਨ ਨੂੰ ਉਹ ਹਰ ਗੱਲ ਦੱਸ ਦਿੱਤੀ ਜਿਹੜੀ ਯਹੋਵਾਹ ਨੇ ਆਖੀ ਸੀ। 29 ਤਾਂ ਮੂਸਾ ਅਤੇ ਹਾਰੂਨ ਗਏ ਅਤੇ ਇਸਰਾਏਲ ਦੇ ਲੋਕਾਂ ਦੇ ਸਾਰੇ ਬਜ਼ੁਰਗਾਂ ਨੂੰ ਇਕਠਿਆਂ ਕੀਤਾ। 30 ਤਾਂ ਹਾਰੂਨ ਨੇ ਲੋਕਾਂ ਨਾਲ ਗੱਲ ਕੀਤੀ। ਉਸਨੇ ਉਨ੍ਹਾਂ ਨੂੰ ਉਹ ਸਾਰੀਆਂ ਗੱਲਾਂ ਦਸੀਆਂ ਜਿਹੜੀਆਂ ਯਹੋਵਾਹ ਨੇ ਮੂਸਾ ਨੂੰ ਆਖੀਆਂ ਸਨ। ਫ਼ੇਰ ਮੂਸਾ ਨੇ ਸਾਰੇ ਲੋਕਾਂ ਦੇ ਦੇਖਣ ਲਈ ਸਬੂਤ ਪੇਸ਼ ਕੀਤੇ। 31 ਲੋਕਾਂ ਨੇ ਵਿਸ਼ਵਾਸ ਕਰ ਲਿਆ ਕਿ ਪਰਮੇਸ਼ੁਰ ਨੇ ਹੀ ਮੂਸਾ ਨੂੰ ਭੇਜਿਆ ਸੀ। ਇਸਰਾਏਲ ਦੇ ਲੋਕ ਜਾਣਦੇ ਸਨ ਕਿ ਪਰਮੇਸ਼ੁਰ ਨੇ ਉਨ੍ਹਾਂ ਦੀਆਂ ਮੁਸੀਬਤਾਂ ਦੇਖ ਲਈਆਂ ਸਨ ਅਤੇ ਉਹ ਉਨ੍ਹਾਂ ਦੀ ਮਦਦ ਕਰਨ ਲਈ ਆ ਗਿਆ ਸੀ। ਇਸ ਲਈ ਉਨ੍ਹਾਂ ਨੇ ਮਥਾ ਟੇਕਿਆ ਅਤੇ ਪਰਮੇਸ਼ੁਰ ਦੀ ਉਪਾਸਨਾ ਕੀਤੀ।

Exodus 5

1 ਜਦੋਂ ਮੂਸਾ ਅਤੇ ਹਾਰੂਨ ਲੋਕਾਂ ਨਾਲ ਗੱਲ ਕਰ ਹਟੇ, ਉਹ ਫ਼ਿਰਊਨ ਵੱਲ ਚਲੇ ਗਏ। ਉਨ੍ਹਾਂ ਨੇ ਆਖਿਆ, “ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ, ‘ਮੇਰੇ ਲੋਕਾਂ ਨੂੰ ਮਾਰੂਥਲ ਵਿੱਚ ਜਾਣ ਦਿਓ ਤਾਂ ਜੋ ਉਹ ਮੇਰੇ ਸਨਮਾਨ ਵਿੱਚ ਦਾਵਤ ਕਰ ਸਕਣ।” 2 ਪਰ ਫ਼ਿਰਊਨ ਨੇ ਆਖਿਆ, “ਕੌਣ ਹੈ ਇਹ ਯਹੋਵਾਹ? ਮੈਂ ਉਸਦਾ ਹੁਕਮ ਕਿਉਂ ਮੰਨਾਂ? ਮੈਂ ਇਸਰਾਏਲ ਨੂੰ ਕਿਉਂ ਜਾਣ ਦੇਵਾਂ? ਮੈਂ ਤਾਂ ਇਹ ਜਾਣਦਾ ਵੀ ਨਹੀਂ ਕਿ ਉਹ ਕੌਣ ਹੈ ਜਿਸਨੂੰ ਤੁਸੀਂ ਯਹੋਵਾਹ ਕਹਿੰਦੇ ਹੋ, ਇਸ ਲਈ ਇਸਰਾਏਲੀਆਂ ਦੇ ਚਲੇ ਜਾਣ ਤੋਂ ਇਨਕਾਰ ਕਰਦਾ ਹਾਂ।” 3 ਤਾਂ ਹਾਰੂਨ ਤੇ ਮੂਸਾ ਨੇ ਆਖਿਆ, “ਇਬਰਾਨੀ ਲੋਕਾਂ ਦੇ ਪਰਮੇਸ਼ੁਰ ਨੇ ਸਾਡੇ ਨਾਲ ਗੱਲ ਕੀਤੀ ਹੈ। ਇਸ ਲਈ ਅਸੀਂ ਤੈਨੂੰ ਬੇਨਤੀ ਕਰਦੇ ਹਾਂ ਕਿ ਸਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਬਲੀਆਂ ਚੜਾਉਣ ਲਈ ਤਿੰਨਾਂ ਦਿਨਾਂ ਲਈ ਮਾਰੂਥਲ ਅੰਦਰ ਸਫ਼ਰ ਕਰਨ ਦੇ। ਜੇ ਅਸੀਂ ਅਜਿਹਾ ਨਹੀਂ ਕਰਾਂਗੇ, ਤਾਂ ਉਹ ਗੁੱਸੇ ਹੋ ਸਕਦਾ ਤੇ ਸਾਨੂੰ ਬਿਮਾਰੀ ਜਾਂ ਤਲਵਾਰ ਨਾਲ ਮਾਰ ਦੇਵੇਗਾ।” 4 ਪਰ ਫ਼ਿਰਊਨ ਨੇ ਉਨ੍ਹਾਂ ਨੂੰ ਆਖਿਆ, “ਮੂਸਾ ਤੇ ਹਾਰੂਨ, ਤੁਸੀਂ ਕਾਮਿਆਂ ਨੂੰ ਕੰਮ ਤੋਂ ਰੋਕ ਰਹੇ ਹੋ। ਉਨ੍ਹਾਂ ਨੂੰ ਆਪਣਾ ਕੰਮ ਕਰਨ ਦਿਓ। ਜਾਓ, ਆਪਣਾ ਕੰਮ ਕਰੋ। 5 ਇੱਥੇ ਬਹੁਤ ਸਾਰੇ ਕਾਮੇ ਹਨ, ਅਤੇ ਤੁਸੀਂ ਉਨ੍ਹਾਂ ਨੂੰ ਆਪਣਾ ਕੰਮ ਕਰਨ ਤੋਂ ਰੋਕ ਰਹੇ ਹੋ। 6 ਓਸੇ ਦਿਨ ਫ਼ਿਰਊਨ ਨੇ ਇਸਰਾਏਲ ਦੇ ਲੋਕਾਂ ਲਈ ਕੰਮ ਨੂੰ ਹੋਰ ਵਧੇਰੇ ਸਖਤ ਕਰਨ ਦਾ ਹੁਕਮ ਦੇ ਦਿੱਤਾ। ਫ਼ਿਰਊਨ ਨੇ ਦਾਸਾਂ ਦੇ ਸੁਆਮੀਆਂ ਅਤੇ ਇਬਰਾਨੀ ਆਗੂਆਂ ਨੂੰ ਆਖਿਆ, 7 “ਤੁਸੀਂ ਹਮੇਸ਼ਾ ਲੋਕਾਂ ਨੂੰ ਤੂੜੀ ਦਿੱਤੀ ਹੈ ਅਤੇ ਉਹ ਇਸਨੂੰ ਇੱਟਾਂ ਬਨਾਉਣ ਲਈ ਵਰਤਦੇ ਹਨ। ਪਰ ਹੁਣ, ਉਨ੍ਹਾਂ ਨੂੰ ਆਖੋ ਕਿ ਉਨ੍ਹਾਂ ਨੂੰ ਇੱਟਾਂ ਬਨਾਉਣ ਲਈ ਆਪਣੀ ਤੂੜੀ, ਖੁਦ ਜਾਕੇ ਲੱਭਣੀ ਪਵੇਗੀ। 8 ਪਰ ਤਾਂ ਵੀ ਉਨ੍ਹਾਂ ਨੂੰ ਪਹਿਲਾਂ ਜਿੰਨੀ ਗਿਣਤੀ ਦੀਆਂ ਇੱਟਾਂ ਬਨਾਉਣੀਆਂ ਪੈਣਗੀਆਂ। ਉਹ ਸੁਸਤ ਹੋ ਗਏ ਹਨ। ਇਹੀ ਕਾਰਣ ਹੈ ਕਿ ਉਹ ਮੇਰੇ ਕੋਲੋਂ ਜਾਣ ਦੀ ਇਜਾਜ਼ਤ ਮੰਗ ਰਹੇ ਹਨ। ਉਨ੍ਹਾਂ ਕੋਲ ਕਰਨ ਲਈ ਕਾਫ਼ੀ ਕੰਮ ਨਹੀਂ ਹੈ। ਇਸੇ ਲਈ ਉਹ ਮੈਨੂੰ ਆਖਦੇ ਹਨ ਕਿ ਮੈਂ ਉਨ੍ਹਾਂ ਨੂੰ ਆਪਣੇ ਪਰਮੇਸ਼ੁਰ ਅੱਗੇ ਬਲੀਆਂ ਚੜਾਉਣ ਦਿਆਂ। 9 ਇਸ ਲਈ ਇਨ੍ਹਾਂ ਲੋਕਾਂ ਕੋਲੋਂ ਹੋਰ ਵਧੇਰੇ ਸਖਤ ਕੰਮ ਕਰਾਓ। ਉਨ੍ਹਾਂ ਨੂੰ ਰੁਝਾਈ ਰਖੋ। ਫ਼ੇਰ ਉਨ੍ਹਾਂ ਕੋਲ ਮੂਸਾ ਦੀਆਂ ਝੂਠੀਆਂ ਗੱਲਾਂ ਸੁਣਨ ਦੀ ਵਿਹਲ ਨਹੀਂ ਹੋਵੇਗੀ।” 10 ਇਸ ਲਈ ਮਿਸਰੀ ਸੁਆਮੀ ਅਤੇ ਇਬਰਾਨੀ ਆਗੂ (ਫ਼ੋਰਮੈਨ) ਇਸਰਾਏਲ ਦੇ ਲੋਕਾਂ ਕੋਲ ਗਏ ਅਤੇ ਆਖਣ ਲੱਗੇ, “ਫ਼ਿਰਊਨ ਨੇ ਫ਼ੈਸਲਾ ਕੀਤਾ ਹੈ ਕਿ ਉਹ ਤੁਹਾਨੂੰ ਤੁਹਾਡੀਆਂ ਇੱਟਾਂ ਲਈ ਤੂੜੀ ਨਹੀਂ ਦੇਵੇਗਾ। 11 ਤੁਹਾਨੂੰ ਖੁਦ ਜਾਕੇ ਤੂੜੀ ਲਭਣੀ ਪਵੇਗੀ। ਪਰ ਤਾਂ ਵੀ ਤੁਹਾਨੂੰ ਪਹਿਲਾਂ ਜਿੰਨੀਆਂ ਹੀ ਇੱਟਾਂ ਬਨਾਉਣੀਆਂ ਪੈਣਗੀਆਂ।” 12 ਇਸ ਲਈ ਲੋਕ ਮਿਸਰ ਵਿੱਚ ਹਰ ਥਾਂ ਤੂੜੀ ਦੀ ਤਲਾਸ਼ ਵਿੱਚ ਗਏ। 13 ਦਾਸਾਂ ਦੇ ਸੁਆਮੀਆਂ ਨੇ ਲੋਕਾਂ ਨੂੰ ਹੋਰ ਵੀ ਵਧੇਰੇ ਸਖਤ ਕੰਮ ਕਰਨ ਲਈ ਮਜ਼ਬੂਰ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਪਹਿਲਾਂ ਜਿੰਨੀਆਂ ਇੱਟਾਂ ਬਨਾਉਣ ਲਈ ਮਜ਼ਬੂਰ ਕਰ ਦਿੱਤਾ। 14 ਮਿਸਰੀ ਸੁਆਮੀਆਂ ਨੇ ਇਬਰਾਨੀ ਆਗੂਆਂ ਨੂੰ ਚੁਣਿਆ ਹੋਇਆ ਸੀ ਅਤੇ ਉਨ੍ਹਾਂ ਨੂੰ ਲੋਕਾਂ ਦੇ ਕੰਮ ਲਈ ਜ਼ਿੰਮੇਵਾਰ ਬਣਾਇਆ ਹੋਇਆ ਸੀ। ਮਿਸਰੀ ਸੁਆਮੀਆਂ ਨੇ ਇਨ੍ਹਾਂ ਆਗੂਆਂ ਨੂੰ ਕੁੱਟਿਆ ਅਤੇ ਆਖਿਆ, “ਤੁਸੀਂ ਓਨੀਆਂ ਹੀ ਇੱਟਾਂ ਕਿਉਂ ਨਹੀਂ ਬਣਾ ਰਹੇ ਜਿੰਨੀਆਂ ਪਹਿਲਾਂ ਬਣਾਉਂਦੇ ਸੀ? ਜੇ ਤੁਸੀਂ ਪਹਿਲਾਂ ਅਜਿਹਾ ਕਰ ਸਕਦੇ ਸੀ ਤਾਂ ਤੁਸੀਂ ਹੁਣ ਵੀ ਕਰ ਸਕਦੇ ਹੋ।” 15 ਤਾਂ ਇਬਰਾਨੀ ਆਗੂ ਫ਼ਿਰਊਨ ਕੋਲ ਗਏ। ਉਨ੍ਹਾਂ ਨੇ ਸ਼ਿਕਾਇਤ ਕੀਤੀ ਅਤੇ ਆਖਿਆ, “ਅਸੀਂ ਤੁਹਾਡੇ ਨੌਕਰ ਹਾਂ। ਤੁਸੀਂ ਸਾਡੇ ਨਾਲ ਇਸ ਤਰ੍ਹਾਂ ਦਾ ਵਰਤਾਓ ਕਿਉਂ ਕਰ ਰਹੇ ਹੋ? 16 ਤੁਸੀਂ ਸਾਨੂੰ ਕੋਈ ਤੂੜੀ ਨਹੀਂ ਦਿੰਦੇ, ਪਰ ਸਾਨੂੰ ਆਖਦੇ ਹੋ ਕਿ ਅਸੀਂ ਪਹਿਲਾਂ ਜਿੰਨੀਆਂ ਹੀ ਇੱਟਾਂ ਬਣਾਈਏ। ਅਤੇ ਹੁਣ ਸਾਡੇ ਸੁਆਮੀ ਸਾਨੂੰ ਕੁੱਟ ਰਹੇ ਹਨ। ਤੁਹਾਡੇ ਲੋਕ ਅਜਿਹਾ ਕਰਨ ਵਿੱਚ ਗਲਤ ਹਨ।” 17 ਫ਼ਿਰਊਨ ਨੇ ਜਵਾਬ ਦਿੱਤਾ, “ਤੁਸੀਂ ਸੁਸਤ ਹੋ। ਤੁਸੀਂ ਕੰਮ ਨਹੀਂ ਕਰਨਾ ਚਾਹੁੰਦੇ। ਇਸੇ ਲਈ ਤੁਸੀਂ ਆਖਦੇ ਹੋ ਕਿ ਮੈਂ ਤੁਹਾਨੂੰ ਜਾਣ ਦੇਵਾਂ। ਅਤੇ ਇਹੀ ਕਾਰਣ ਹੈ ਕਿ ਤੁਸੀਂ ਇਥੋਂ ਜਾਣਾ ਚਾਹੁੰਦੇ ਹੋ ਅਤੇ ਯਹੋਵਾਹ ਅੱਗੇ ਬਲੀਆਂ ਚੜਾਉਣਾ ਚਾਹੁੰਦੇ ਹੋ। 18 ਹੁਣ ਕੰਮ ਤੇ ਵਾਪਸ ਜਾਓ। ਅਸੀਂ ਤੁਹਾਨੂੰ ਕੋਈ ਤੂੜੀ ਨਹੀਂ ਦਿਆਂਗੇ। ਅਤੇ ਤੁਹਾਨੂੰ ਪਹਿਲਾਂ ਜਿੰਨੀਆਂ ਹੀ ਇੱਟਾਂ ਬਨਾਉਣੀਆਂ ਪੈਣਗੀਆਂ।” 19 ਇਬਰਾਨੀ ਆਗੂਆਂ ਨੂੰ ਪਤਾ ਸੀ ਕਿ ਉਹ ਮੁਸੀਬਤ ਵਿੱਚ ਸਨ। ਆਗੂ ਜਾਣਦੇ ਸਨ ਕਿ ਉਹ ਪਹਿਲਾਂ ਜਿੰਨੀਆਂ ਇੱਟਾਂ ਨਹੀਂ ਬਣਾ ਸਕਦੇ ਸਨ। 20 ਜਦੋਂ ਉਹ ਫ਼ਿਰਊਨ ਨਾਲ ਮੁਲਾਕਾਤ ਕਰਕੇ ਜਾ ਰਹੇ ਸਨ, ਉਹ ਮੂਸਾ ਅਤੇ ਹਾਰੂਨ ਕੋਲੋਂ ਲੰਘੇ। ਮੂਸਾ ਅਤੇ ਹਾਰੂਨ ਉਨ੍ਹਾਂ ਨੂੰ ਉਡੀਕ ਰਹੇ ਸਨ। 21 ਇਸ ਲਈ ਉਨ੍ਹਾਂ ਨੇ ਮੂਸਾ ਤੇ ਹਾਰੂਨ ਨੂੰ ਆਖਿਆ, “ਜਦੋਂ ਤੁਸੀਂ ਫ਼ਿਰਊਨ ਨੂੰ ਆਖਿਆ ਸੀ ਕਿ ਸਾਨੂੰ ਜਾਣ ਦੇਵੇ ਤਾਂ ਤੁਸੀਂ ਅਸਲ ਵਿੱਚ ਗਲਤੀ ਕੀਤੀ ਸੀ। ਯਹੋਵਾਹ ਤੁਹਾਨੂੰ ਸਜ਼ਾ ਦੇਵੇ, ਕਿਉਂਕਿ ਤੁਸੀਂ ਫ਼ਿਰਊਨ ਅਤੇ ਉਸਦੇ ਹਾਕਮਾਂ ਨੂੰ ਸਾਨੂੰ ਨਫ਼ਰਤ ਕਰਨ ਲਾਇਆ। ਤੁਸੀਂ ਉਨ੍ਹਾਂ ਨੂੰ ਸਾਨੂੰ ਮਾਰਨ ਦਾ ਬਹਾਨਾ ਦੇ ਦਿੱਤਾ ਹੈ।” 22 ਤਾਂ ਮੂਸਾ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਅਤੇ ਆਖਿਆ, “ਹੇ ਸੁਆਮੀ, ਤੁਸੀਂ ਆਪਣੇ ਬੰਦਿਆਂ ਲਈ ਇਹ ਭਿਆਨਕ ਗੱਲ ਕਿਉਂ ਕੀਤੀ ਹੈ? ਤੁਸੀਂ ਮੈਨੂੰ ਇੱਥੇ ਕਿਉਂ ਭੇਜਿਆ ਹੈ? 23 ਮੈਂ ਫ਼ਿਰਊਨ ਕੋਲ ਗਿਆ ਅਤੇ ਉਹੀ ਗੱਲਾਂ ਆਖੀਆਂ ਜਿਹੜੀਆਂ ਤੁਸੀਂ ਆਖਣ ਲਈ ਕਹੀਆਂ ਸਨ। ਪਰ ਉਸੇ ਵੇਲੇ ਤੋਂ ਉਹ ਲੋਕਾਂ ਲਈ ਕਮੀਨਾ ਬਣ ਗਿਆ ਹੈ। ਅਤੇ ਤੁਸੀਂ ਉਨ੍ਹਾਂ ਦੀ ਸਹਾਇਤਾ ਲਈ ਕੁਝ ਵੀ ਨਹੀਂ ਕੀਤਾ।”

Exodus 6

1 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਹੁਣ ਤੂੰ ਦੇਖੇਂਗਾ ਕਿ ਮੈਂ ਫ਼ਿਰਊਨ ਨਾਲ ਕੀ ਕਰਦਾ ਹਾਂ। ਮੈਂ ਉਸਦੇ ਖਿਲਾਫ਼ ਆਪਣੀ ਮਹਾਨ ਸ਼ਕਤੀ ਵਰਤਾਂਗਾ, ਅਤੇ ਉਹ ਮੇਰੇ ਬੰਦਿਆਂ ਨੂੰ ਜਾਣ ਦੇਵੇਗਾ। ਉਹ ਉਨ੍ਹਾਂ ਦੇ ਜਾਣ ਲਈ ਇੰਨਾ ਤਿਆਰ ਹੋਵੇਗਾ ਕਿ ਉਹ ਉਨ੍ਹਾਂ ਨੂੰ ਜਾਣ ਲਈ ਮਜ਼ਬੂਰ ਕਰ ਦੇਵੇਗਾ।” 2 ਤਾਂ ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, “ਮੈਂ ਯਹੋਵਾਹ ਹਾਂ। 3 ਮੈਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨੂੰ ਪ੍ਰਗਟ ਹੋਇਆ। ਉਨ੍ਹਾਂ ਨੇ ਮੈਨੂੰ ਅਲ ਸ਼ੱਦਾਈ ਬੁਲਾਇਆ, ਪਰ ਮੈਂ ਆਪਣੇ ਨਾਮ, ਯਾਹਵੇਹ ਤੋਂ ਉਨ੍ਹਾਂ ਨੂੰ ਜਾਣੂ ਨਹੀਂ ਕਰਵਾਇਆ। 4 ਮੈਂ ਉਨ੍ਹਾਂ ਨਾਲ ਇੱਕ ਇਕਰਾਰਨਾਮਾ ਕੀਤਾ। ਮੈਂ ਉਨ੍ਹਾਂ ਨੂੰ ਕਨਾਨ ਦੀ ਧਰਤੀ ਦੇਣ ਦਾ ਇਕਰਾਰ ਕੀਤਾ। ਉਹ ਇਸ ਧਰਤੀ ਤੇ ਰਹਿੰਦੇ ਸਨ ਪਰ ਇਹ ਉਨ੍ਹਾਂ ਦੀ ਧਰਤੀ ਨਹੀਂ ਸੀ। 5 ਹੁਣ, ਮੈਂ ਇਸਰਾਏਲ ਦੇ ਲੋਕਾਂ ਦੀਆਂ ਚੀਕਾਂ ਸੁਣ ਲਈਆਂ ਹਨ ਕਿਉਂਕਿ ਮਿਸਰੀਆਂ ਨੇ ਉਨ੍ਹਾਂ ਨੂੰ ਗੁਲਾਮ ਬਣਾ ਲਿਆ ਹੈ ਅਤੇ ਮੈਨੂੰ ਹਾਲੇ ਆਪਣਾ ਇਕਰਾਰਨਾਮਾ ਚੇਤੇ ਹੈ। 6 ਇਸ ਲਈ ਇਸਰਾਏਲ ਦੇ ਲੋਕਾਂ ਨੂੰ ਦੱਸੋ ਕਿ ਮੈਂ ਉਨ੍ਹਾਂ ਨੂੰ ਆਖਦਾ ਹਾਂ, ਮੈਂ ਯਹੋਵਾਹ ਹਾਂ। ਮੈਂ ਤੁਹਾਨੂੰ ਉਨ੍ਹਾਂ ਕਸ਼ਟਾਂ ਤੋਂ ਬਚਾਵਾਂਗਾ ਜੋ ਮਿਸਰੀਆਂ ਨੇ ਤੁਹਾਡੇ ਉੱਪਰ ਪਾਏ ਹਨ। ਮੈਂ ਤੁਹਾਨੂੰ ਅਜ਼ਾਦ ਕਰਾਂਗਾ। ਤੁਸੀਂ ਹੁਣ ਮਿਸਰੀਆਂ ਦੇ ਗੁਲਾਮ ਨਹੀਂ ਰਹੋਂਗੇ। ਮੈਂ ਆਪਣੀ ਮਹਾਨ ਸ਼ਕਤੀ ਵਰਤਾਂਗਾ ਅਤੇ ਮਿਸਰੀਆਂ ਨੂੰ ਭਿਆਨਕ ਸਜ਼ਾ ਦੇਵਾਂਗਾ। ਫ਼ੇਰ ਮੈਂ ਤੁਹਾਨੂੰ ਬਚਾਵਾਂਗਾ। 7 ਤੁਸੀਂ ਮੇਰੇ ਲੋਕ ਹੋਵੋਂਗੇ ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ। ਫ਼ੇਰ ਤੁਸੀਂ ਜਾਣ ਜਾਵੋਂਗੇ ਕਿ ਮੈਂ ਤੁਹਾਡਾ ਯਹੋਵਾਹ ਪਰਮੇਸ਼ੁਰ ਹਾਂ, ਜਿਸਨੇ ਤੁਹਾਨੂੰ ਮਿਸਰ ਦੇ ਕਸ਼ਟਾਂ ਤੋਂ ਅਜ਼ਾਦ ਕਰਵਾਇਆ। 8 ਮੈਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਮਹਾਨ ਇਕਰਾਰ ਕੀਤਾ ਸੀ। ਮੈਂ ਉਨ੍ਹਾਂ ਨੂੰ ਇੱਕ ਖਾਸ ਧਰਤੀ ਦੇਣ ਦਾ ਇਕਰਾਰ ਕੀਤਾ ਸੀ। ਇਸ ਲਈ ਮੈਂ ਉਸ ਧਰਤੀ ਵੱਲ ਤੁਹਾਡੀ ਅਗਵਾਈ ਕਰਾਂਗਾ। ਮੈਂ ਤੁਹਾਨੂੰ ਉਹ ਧਰਤੀ ਦੇ ਦੇਵਾਂਗਾ। ਇਹ ਤੁਹਾਡੀ ਹੋਵੇਗੀ। ਮੈਂ ਯਹੋਵਾਹ ਹਾਂ।” 9 ਇਸ ਲਈ ਮੂਸਾ ਨੇ ਇਸਰਾਏਲ ਦੇ ਲੋਕਾਂ ਨੂੰ ਇਹ ਆਖਿਆ, ਪਰ ਉਨ੍ਹਾਂ ਕੋਲ ਮੂਸਾ ਦੇ ਇਕਰਾਰਾਂ ਨੂੰ ਸੁਣਨ ਦਾ ਸਬਰ ਨਹੀਂ ਸੀ ਕਿਉਂਕਿ ਉਨ੍ਹਾਂ ਨੇ ਬੜੀ ਮਿਹਨਤ ਨਾਲ ਕੰਮ ਕੀਤਾ ਸੀ। 10 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, 11 “ਜਾਹ, ਜਾਕੇ ਫ਼ਿਰਊਨ ਨੂੰ ਆਖ ਕਿ ਉਹ ਇਸਰਾਏਲ ਦੇ ਲੋਕਾਂ ਨੂੰ ਉਸਦੀ ਧਰਤੀ ਛੱਡ ਜਾਣ ਦੇਵੇ।” 12 ਪਰ ਮੂਸਾ ਨੇ ਜਵਾਬ ਦਿੱਤਾ, “ਇਸਰਾਏਲ ਦੇ ਲੋਕ ਮੇਰੀ ਗੱਲ ਸੁਣਨ ਤੋਂ ਇਨਕਾਰ ਕਰਦੇ ਹਨ। ਇਸ ਲਈ ਪੱਕੀ ਗੱਲ ਹੈ ਕਿ ਫ਼ਿਰਊਨ ਵੀ ਮੇਰੀ ਗੱਲ ਨਹੀਂ ਸੁਣੇਗਾ। ਮੇਰੇ ਕਥਨ ਵਿੱਚ ਰੁਕਾਵਟ ਹੁੰਦੀ ਹੈ ਅਤੇ ਇਹ ਅਸਪਸ਼ਟ ਹੁੰਦਾ ਹੈ।” 13 ਪਰ ਯਹੋਵਾਹ ਨੇ ਮੂਸਾ ਤੇ ਹਾਰੂਨ ਨਾਲ ਗੱਲ ਕੀਤੀ। ਪਰਮੇਸ਼ੁਰ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਜਾਕੇ ਇਸਰਾਏਲ ਦੇ ਲੋਕਾਂ ਨਾਲ ਗੱਲ ਕਰਨ। ਉਸਨੇ ਉਨ੍ਹਾਂ ਨੂੰ ਫ਼ਿਰਊਨ ਕੋਲ ਜਾਕੇ ਵੀ ਗੱਲ ਕਰਨ ਦਾ ਹੁਕਮ ਦਿੱਤਾ। ਪਰਮੇਸ਼ੁਰ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਉਹ ਇਸਰਾਏਲ ਦੇ ਲੋਕਾਂ ਦੀ, ਮਿਸਰ ਦੀ ਧਰਤੀ ਤੋਂ ਬਾਹਰ ਜਾਣ ਵਿੱਚ, ਅਗਵਾਈ ਕਰਨ। 14 ਇਸਰਾਏਲ ਦੇ ਪਰਿਵਾਰਾਂ ਦੇ ਆਗੂਆਂ ਦੇ ਨਾਮ ਇਹ ਹਨ; 15 ਸ਼ਿਮਓਨ ਦੇ ਪੁੱਤਰ ਸਨ, ਯਮੂਏਲ, ਯਾਮੀਨ, ਓਹਦ, ਯਾਕੀਨ, ਸੋਹਰ ਅਤੇ ਸ਼ਾਊਲ। (ਸ਼ਾਊਲ ਕਨਾਨੀ ਔਰਤ ਦਾ ਪੁੱਤਰ ਸੀ।) 16 ਲੇਵੀ 137 ਵਰ੍ਹੇ ਜੀਵਿਆ। ਲੇਵੀ ਦੇ ਪੁੱਤਰ ਸਨ, ਗੇਰਸ਼ੋਨ, ਕਹਾਥ ਅਤੇ ਮਰਾਰੀ। 17 ਗੇਰਸ਼ੋਨ ਦੇ ਦੋ ਪੁੱਤਰ ਸਨ, ਲਿਬਨੀ ਅਤੇ ਸ਼ਮਈ। 18 ਕਹਾਥ 133 ਵਰ੍ਹੇ ਜੀਵਿਆ। ਕਹਾਥ ਦੇ ਪੁੱਤਰ ਸਨ ਅਮਰਾਮ, ਯਿਸਹਾਰ, ਹਬਰੋਨ ਅਤੇ ਉਜ਼ੀਏਲ। 19 ਮਰਾਰੀ ਦੇ ਪੁੱਤਰ ਸਨ ਮਹਲੀ ਅਤੇ ਮੂਸ਼ੀ।ਇਹ ਸਾਰੇ ਪਰਿਵਾਰ ਇਸਰਾਏਲ ਦੇ ਪੁੱਤਰ ਲੇਵੀ ਤੋਂ ਸਨ। 20 ਅਮਰਾਮ 137 ਵਰ੍ਹੇ ਜੀਵਿਆ। ਅਮਰਾਮ ਨੇ ਆਪਣੇ ਪਿਤਾ ਦੀ ਭੈਣ ਯੋਕਬਦ ਨਾਲ ਵਿਆਹ ਕਰਾਇਆ। ਅਮਰਾਮ ਅਤੇ ਯੋਕਬਦ ਨੇ ਹਾਰੂਨ ਦੇ ਅਤੇ ਮੂਸਾ ਨੂੰ ਜਨਮ ਦਿੱਤਾ। 21 ਯਿਸਹਾਰ ਦੇ ਪੁੱਤਰ ਸਨ ਕੋਰਹ, ਨਫ਼ਗ ਅਤੇ ਜ਼ਿਕਰੀ। 22 ਉਜ਼ੀਏਲ ਦੇ ਪੁੱਤਰ ਸਨ ਮੀਸ਼ਾਏਲ, ਅਲਸਾਫ਼ਾਨ ਅਤੇ ਸਿਤਰੀ। 23 ਹਾਰੂਨ ਨੇ ਅਲੀਸਬਾ ਨਾਲ ਵਿਆਹ ਕਰਾਇਆ। (ਅਲੀਸ਼ਬਾ ਅਮੀਨਾਦਾਬ ਦੀ ਧੀ ਸੀ, ਅਤੇ ਨਹਸੋਨ ਦੀ ਭੈਣ ਸੀ।) ਹਾਰੂਨ ਅਤੇ ਅਲੀਸ਼ਬਾ ਨੇ ਨਾਦਾਬ ਅਬੀਹੂ, ਅਲਆਜ਼ਾਰ ਅਤੇ ਈਥਾਮਾਰ ਨੂੰ ਜਨਮ ਦਿੱਤਾ। 24 ਕੋਰਹ ਦੇ ਪੁੱਤਰ, ਕੋਰਾਹੀਆਂ ਦੇ ਪੁਰਖੇ ਸਨ; ਅਸੀਰ, ਅਲਕਾਨਾਹ ਅਤੇ ਅਬੀਅਸਾਫ਼। 25 ਹਾਰੂਨ ਦੇ ਪੁੱਤਰ ਅਲਆਜ਼ਾਰ ਨੇ ਫ਼ੂਟੀਏਲ ਦੀ ਧੀ ਨਾਲ ਵਿਆਹ ਕਰਾਇਆ। ਅਤੇ ਉਸਨੇ ਫ਼ੀਨਹਾਸ ਨੂੰ ਜਨਮ ਦਿੱਤਾ।ਇਹ ਸਾਰੇ ਲੋਕ ਇਸਰਾਏਲ ਦੇ ਪੁੱਤਰ, ਲੇਵੀ ਤੋਂ ਸਨ। 26 ਇਹ ਉਹੀ ਹਾਰੂਨ ਅਤੇ ਮੂਸਾ ਸਨ ਜਿਨ੍ਹਾਂ ਨਾਲ ਪਰਮੇਸ਼ੁਰ ਨੇ ਗੱਲ ਕਰਕੇ ਆਖਿਆ, “ਮੇਰੇ ਲੋਕਾਂ ਨੂੰ ਉਨ੍ਹਾਂ ਦੇ ਟੋਲਿਆਂ ਵਿੱਚ ਮਿਸਰ ਤੋਂ ਬਾਹਰ ਲੈ ਚੱਲੋ।” 27 ਹਾਰੂਨ ਅਤੇ ਮੂਸਾ ਹੀ ਉਹ ਆਦਮੀ ਸਨ ਜਿਨ੍ਹਾਂ ਨੇ ਮਿਸਰ ਦੇ ਰਾਜੇ ਫ਼ਿਰਊਨ ਨਾਲ ਗੱਲ ਕੀਤੀ। ਉਨ੍ਹਾਂ ਨੇ ਫ਼ਿਰਊਨ ਨੂੰ ਆਖਿਆ ਕਿ ਉਹ ਇਸਰਾਏਲ ਨੂੰ ਮਿਸਰ ਛੱਡ ਜਾਣ ਦੇਵੇ। 28 ਮਿਸਰ ਦੀ ਧਰਤੀ ਉੱਤੇ ਪਰਮੇਸ਼ੁਰ ਨੇ ਮੂਸਾ ਨਾਲ ਗੱਲ ਕੀਤੀ। 29 ਉਸਨੇ ਆਖਿਆ, “ਮੈਂ ਯਹੋਵਾਹ ਹਾਂ। ਮਿਸਰ ਦੇ ਰਾਜੇ ਨੂੰ ਉਹ ਹਰ ਗੱਲ ਆਖੀ ਜੋ ਮੈਂ ਤੈਨੂੰ ਆਖਦਾ ਹਾਂ।” 30 ਪਰ ਮੂਸਾ ਨੇ ਜਵਾਬ ਦਿੱਤਾ, “ਮੈਂ ਬਿਨ ਅੜਕਿਆਂ ਨਹੀਂ ਬੋਲ ਸਕਦਾ। ਫ਼ਿਰਊਨ ਮੇਰੀ ਗੱਲ ਨੂੰ ਨਹੀਂ ਸੁਣੇਗਾ।”

Exodus 7

1 ਯਹੋਵਾਹ ਨੇ ਮੂਸਾ ਨੂੰ ਆਖਿਆ, “ਮੈਂ ਤੈਨੂੰ ਫ਼ਿਰਊਨ ਲਈ ਪਰਮੇਸ਼ੁਰ ਦੇ ਰਾਜਦੂਤ ਵਰਗਾ ਬਣਾ ਦੇਵਾਂਗਾ। ਹਾਰੂਨ ਤੇਰਾ ਨਬੀ ਹੋਵੇਗਾ। 2 ਹਾਰੂਨ ਨੂੰ ਹਰ ਉਹ ਗੱਲ ਦਸੀ ਜਿਸਦਾ ਮੈਂ ਤੈਨੂੰ ਹੁਕਮ ਦੇਵਾਂ। ਫ਼ੇਰ ਉਹ ਰਾਜੇ ਨੂੰ ਉਹ ਗੱਲਾਂ ਆਖੇਗਾ ਜੋ ਮੈਂ ਆਖਾਂਗਾ। ਅਤੇ ਫ਼ਿਰਊਨ ਇਸਰਾਏਲ ਦੇ ਲੋਕਾਂ ਨੂੰ ਇਹ ਦੇਸ਼ ਛੱਡ ਦੇਣ ਦੀ ਇਜਾਜ਼ਤ ਦੇ ਦੇਵੇਗਾ। 3 ਪਰ ਮੈਂ ਫ਼ਿਰਊਨ ਨੂੰ ਜ਼ਿੱਦੀ ਬਣਾ ਦੇਵਾਂਗਾ ਜਿਹੜੀਆਂ ਗੱਲਾਂ ਤੂੰ ਆਖੇਂਗਾ ਉਹ ਉਨ੍ਹਾਂ ਨੂੰ ਨਹੀਂ ਮਂਨੇਗਾ। ਫ਼ੇਰ ਮੈਂ ਮਿਸਰ ਵਿੱਚ ਬਹੁਤ ਸਾਰੇ ਕਰਿਸ਼ਮੇ ਕਰਾਂਗਾ, ਇਹ ਸਾਬਤ ਕਰਨ ਲਈ ਕਿ ਮੈਂ ਕੌਣ ਹਾਂ। ਪਰ ਉਹ ਹਾਲੇ ਵੀ ਗੱਲ ਨਹੀਂ ਸੁਣੇਗਾ। 4 ਇਸ ਲਈ ਫ਼ੇਰ ਮੈਂ ਮਿਸਰ ਨੂੰ ਬਹੁਤ ਸਜ਼ਾ ਦੇਵਾਂਗਾ ਅਤੇ ਮੈਂ ਲੋਕਾਂ ਨੂੰ ਉਸ ਧਰਤੀ ਤੋਂ ਬਾਹਰ ਲੈ ਜਾਵਾਂਗਾ। 5 ਤਾਂ ਫ਼ੇਰ ਮਿਸਰ ਦੇ ਲੋਕਾਂ ਨੂੰ ਪਤਾ ਚੱਲੇਗਾ ਕਿ ਮੈਂ ਯਹੋਵਾਹ ਹਾਂ। ਮੈਂ ਉਨ੍ਹਾਂ ਦੇ ਖਿਲਾਫ਼ ਹੋਵਾਂਗਾ। ਅਤੇ ਉਹ ਜਾਣ ਲੈਣਗੇ ਕਿ ਮੈਂ ਯਹੋਵਾਹ ਹਾਂ। ਫ਼ੇਰ ਮੈਂ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਦੇਸ਼ ਵਿੱਚੋਂ ਬਾਹਰ ਲੈ ਜਾਵਾਂਗਾ।” 6 ਮੂਸਾ ਅਤੇ ਹਾਰੂਨ ਨੇ ਇਹ ਗੱਲਾਂ ਮੰਨ ਲਈਆਂ, ਜੋ ਯਹੋਵਾਹ ਨੇ ਉਨ੍ਹਾਂ ਨੂੰ ਆਖੀਆਂ ਸਨ। 7 ਮੂਸਾ ਉਸ ਵੇਲੇ 80 ਵਰ੍ਹਿਆਂ ਦਾ, ਅਤੇ ਹਾਰੂਨ 83 ਵਰ੍ਹਿਆਂ ਦਾ ਸੀ। 8 ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਆਖਿਆ, 9 “ਫ਼ਿਰਊਨ ਤੁਹਾਡੇ ਪਾਸੋਂ ਤੁਹਾਡੀ ਸ਼ਕਤੀ ਦਾ ਸਬੂਤ ਮਂਗੇਗਾ। ਉਹ ਤੁਹਾਡੇ ਕੋਲੋਂ ਕਰਿਸ਼ਮੇ ਕਰਨ ਦੀ ਮੰਗ ਕਰੇਗਾ। ਹਾਰੂਨ ਨੂੰ ਆਖੀਂ ਕਿ ਉਹ ਆਪਣੀ ਸੋਟੀ ਧਰਤੀ ਤੇ ਸੁੱਟੇ। ਜਦੋਂ ਫ਼ਿਰਊਨ ਦੇਖ ਰਿਹਾ ਹੋਵੇਗਾ, ਸੋਟੀ ਸੱਪ ਬਣ ਜਾਵੇਗੀ।” 10 ਇਸ ਲਈ ਮੂਸਾ ਤੇ ਹਾਰੂਨ ਫ਼ਿਰਊਨ ਕੋਲ ਗਏ ਅਤੇ ਯਹੋਵਾਹ ਦਾ ਹੁਕਮ ਮੰਨਿਆ। ਹਾਰੂਨ ਨੇ ਆਪਣੀ ਸੋਟੀ ਧਰਤੀ ਤੇ ਸੁੱਟੀ। ਜਦੋਂ ਫ਼ਿਰਊਨ ਅਤੇ ਉਸਦੇ ਅਧਿਕਾਰੀ ਦੇਖ ਰਹੇ ਸਨ, ਸੋਟੀ ਸੱਪ ਬਣ ਗਈ। 11 ਇਸ ਲਈ ਰਾਜੇ ਨੇ ਆਪਣੇ ਸਿਆਣਿਆਂ ਅਤੇ ਜਾਦੂਗਰਾਂ ਨੂੰ ਬੁਲਾਇਆ। ਇਨ੍ਹਾਂ ਬੰਦਿਆਂ ਨੇ ਵੀ ਆਪਣੀਆਂ ਚੁਸਤੀਆਂ ਵਰਤੀਆਂ ਅਤੇ ਹਾਰੂਨ ਵਰਗੀ ਗੱਲ ਕਰਨ ਵਿੱਚ ਕਾਮਯਾਬ ਹੋ ਗਏ। 12 ਉਨ੍ਹਾਂ ਨੇ ਆਪਣੀਆਂ ਸੋਟੀਆਂ ਧਰਤੀ ਤੇ ਸੁੱਟੀਆਂ ਅਤੇ ਉਨ੍ਹਾਂ ਦੀਆਂ ਸੋਟੀਆਂ ਸੱਪ ਬਣ ਗਈਆਂ। ਪਰ ਫ਼ੇਰ ਹਾਰੂਨ ਦੀ ਸੋਟੀ ਨੇ ਉਨ੍ਹਾਂ ਦੀਆਂ ਸੋਟੀਆਂ ਖਾ ਲਈਆਂ। 13 ਫ਼ਿਰਊਨ ਨੇ ਹਾਲੇ ਵੀ ਲੋਕਾਂ ਨੂੰ ਚਲੇ ਜਾਣ ਨਾ ਦਿੱਤਾ। ਇਹ ਓਵੇਂ ਹੀ ਵਾਪਰਿਆ ਜਿਵੇਂ ਯਹੋਵਾਹ ਨੇ ਆਖਿਆ ਸੀ ਕਿ ਵਾਪਰੇਗਾ। ਫ਼ਿਰਊਨ ਨੇ ਮੂਸਾ ਤੇ ਹਾਰੂਨ ਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ। 14 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਫ਼ਿਰਊਨ ਜ਼ਿੱਦੀ ਬਣ ਰਿਹਾ ਹੈ। ਫ਼ਿਰਊਨ ਲੋਕਾਂ ਨੂੰ ਜਾਣ ਨਹੀਂ ਦਿੰਦਾ। 15 ਸਵੇਰ ਵੇਲੇ, ਫ਼ਿਰਊਨ ਨਦੀ ਤੇ ਜਾਵੇਗਾ। ਉਸਦੇ ਕੋਲ ਨੀਲ ਨਦੀ ਦੇ ਕੰਢੇ ਜਾਵੀਂ। ਉਹ ਸੋਟੀ ਨਾਲ ਲਵੀਂ ਜਿਹੜੀ ਸੱਪ ਬਣ ਗਈ ਸੀ। 16 ਉਸਨੂੰ ਇਹ ਆਖੀਂ; ‘ਇਬਰਾਨੀ ਲੋਕਾਂ ਦੇ ਯਹੋਵਾਹ ਪਰਮੇਸ਼ੁਰ ਨੇ ਮੈਨੂੰ ਤੇਰੇ ਕੋਲ ਘਲਿਆ ਹੈ। ਯਹੋਵਾਹ ਨੇ ਮੈਨੂੰ ਆਖਿਆ ਸੀ ਕਿ ਤੈਨੂੰ ਆਖਾਂ ਕਿ ਉਸਦੇ ਲੋਕਾਂ ਨੂੰ ਮਾਰੂਥਲ ਵਿੱਚ ਜਾਕੇ ਉਸਦੀ ਉਪਾਸਨਾ ਕਰਨ ਦੇਵੇ। ਹੁਣ ਤੱਕ ਤੂੰ ਯਹੋਵਾਹ ਦੀ ਗੱਲ ਨਹੀਂ ਸੁਣੀਂ। 17 ਇਸ ਲਈ ਯਹੋਵਾਹ ਆਖਦਾ ਹੈ ਕਿ ਉਹ ਤੈਨੂੰ ਦਿਖਾਉਣ ਲਈ ਕੁਝ ਕਰੇਗਾ ਕਿ ਉਹ ਯਹੋਵਾਹ ਹੈ। ਮੈਂ ਨੀਲ ਨਦੀ ਉੱਤੇ ਆਪਣੇ ਹੱਥ ਵਾਲੀ ਇਹ ਸੋਟੀ ਮਾਰਾਂਗਾ, ਅਤੇ ਨਦੀ ਖੂਨ ਵਿੱਚ ਬਦਲ ਜਾਵੇਗੀ। 18 ਨਦੀ ਦੀਆਂ ਮਛੀਆਂ ਮਰ ਜਾਣਗੀਆਂ, ਅਤੇ ਨਦੀ ਸਢ਼ਾਂਦ ਮਾਰਨ ਲੱਗ ਪਵੇਗੀ। ਫ਼ੇਰ ਮਿਸਰੀ ਨਦੀ ਦਾ ਪਾਣੀ ਨਹੀਂ ਪੀ ਸਕਣਗੇ।’” 19 ਯਹੋਵਾਹ ਨੇ ਮੂਸਾ ਨੂੰ ਆਖਿਆ; “ਹਾਰੂਨ ਨੂੰ ਆਪਣੀ ਸੋਟੀ ਫ਼ੜਕੇ ਨਦੀਆਂ, ਨਹਿਰਾਂ, ਝੀਲਾਂ ਅਤੇ ਹਰ ਓਸ ਥਾਂ ਉੱਤੇ ਫ਼ੈਲਾਉਣ ਲਈ ਆਖ ਜਿਥੇ ਉਹ ਪਾਣੀ ਜਮ੍ਹਾਂ ਕਰਦੇ ਹਨ। ਜਦੋਂ ਉਹ ਅਜਿਹਾ ਕਰੇਗਾ, ਸਾਰਾ ਪਾਣੀ ਭਾਵੇਂ ਉਹ ਲੱਕੜ ਦੇ ਜਾਂ ਪੱਥਰ ਦੇ ਗਮਲਿਆਂ ਵਿੱਚ ਵੀ ਭਰਿਆ ਹੋਵੇ, ਖੂਨ ਵਿੱਚ ਬਦਲ ਜਾਵੇਗਾ।” 20 ਤਾਂ ਹਾਰੂਨ ਨੇ ਉਵੇਂ ਹੀ ਕੀਤਾ ਜਿਵੇਂ ਯਹੋਵਾਹ ਨੇ ਹੁਕਮ ਕੀਤਾ ਸੀ। ਹਾਰੂਨ ਨੇ ਸੋਟੀ ਚੁੱਕੀ ਤੇ ਨੀਲ ਨਦੀ ਪਾਣੀ ਉੱਤੇ ਮਾਰੀ। ਉਸਨੇ ਅਜਿਹਾ ਫ਼ਿਰਊਨ ਅਤੇ ਉਸਦੇ ਅਧਿਕਾਰੀਆਂ ਦੇ ਸਾਮ੍ਹਣੇ ਕੀਤਾ। ਇਸ ਤਰ੍ਹਾਂ ਨਦੀ ਦਾ ਸਾਰਾ ਪਾਣੀ ਖੂਨ ਵਿੱਚ ਬਦਲ ਗਿਆ। 21 ਨਦੀ ਦੀਆਂ ਮਛੀਆਂ ਮਰ ਗਈਆਂ, ਅਤੇ ਨਦੀ ਚੋਂ ਸੜਿਆਂਦ ਮਾਰਨ ਲੱਗ ਪਈ। ਇਸ ਲਈ ਮਿਸਰੀ ਨਦੀ ਦਾ ਪਾਣੀ ਨਹੀਂ ਪੀ ਸਕਦੇ ਸਨ। ਮਿਸਰ ਵਿੱਚ ਹਰ ਥਾਂ ਖੂਨ ਹੀ ਖੂਨ ਸੀ। 22 ਮਿਸਰੀ ਜਾਦੂਗਰਾਂ ਨੇ ਆਪਣੀਆਂ ਜਾਦੂਗਰੀਆਂ ਵਰਤੀਆਂ ਅਤੇ ਓਹੀ ਗੱਲ ਕੀਤੀ। ਇਸ ਲਈ ਫ਼ਿਰਊਨ ਨੇ ਮੂਸਾ ਤੇ ਹਾਰੂਨ ਦੀ ਗੱਲ ਨਹੀਂ ਸੁਣੀ, ਬਿਲਕੁਲ ਜਿਵੇਂ ਯਹੋਵਾਹ ਨੇ ਆਖਿਆ ਸੀ। 23 ਉਹ, ਜੋ ਮੂਸਾ ਤੇ ਹਾਰੂਨ ਨੇ ਕੀਤਾ ਸੀ ਤੋਂ ਪਰੇਸ਼ਾਨ ਨਾ ਹੋਇਆ ਅਤੇ ਆਪਣੀ ਪਿਠ ਮੋੜਕੇ ਆਪਣੇ ਘਰ ਅੰਦਰ ਚਲਾ ਗਿਆ। 24 ਮਿਸਰੀ ਨਦੀ ਦਾ ਪਾਣੀ ਨਹੀਂ ਪੀ ਸਕਦੇ ਸਨ। ਇਸ ਲਈ ਉਨ੍ਹਾਂ ਨੇ ਨਦੀ ਦੇ ਆਲੇ-ਦੁਆਲੇ ਪਾਣੀ ਪੀਣ ਲਈ ਖੂਹ ਪੁੱਟੇ। 25 ਯਹੋਵਾਹ ਨੇ ਨੀਲ ਨਦੀ ਨੂੰ ਬਦਲਿਆਂ ਸੱਤ ਦਿਨ ਬੀਤ ਗਏ।

Exodus 8

1 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਫ਼ਿਰਊਨ ਕੋਲ ਜਾਹ ਅਤੇ ਉਸਨੂੰ ਆਖ ਕਿ ਯਹੋਵਾਹ ਆਖਦਾ ਹੈ, ‘ਮੇਰੇ ਲੋਕਾਂ ਨੂੰ ਮੇਰੀ ਉਪਾਸਨਾ ਕਰਨ ਲਈ ਚਲੇ ਜਾਣ ਦੇ। 2 ਜੇ ਤੂੰ ਮੇਰੇ ਲੋਕਾਂ ਨੂੰ ਨਹੀਂ ਜਾਣ ਦੇਵੇਂਗਾ, ਤਾਂ ਮੈਂ ਸਾਰੇ ਮਿਸਰ ਨੂੰ ਡੱਡੂਆਂ ਨਾਲ ਭਰ ਦਿਆਂਗਾ। 3 ਉਹ ਨਦੀ ਵਿੱਚੋਂ ਆਉਣਗੇ ਅਤੇ ਤੁਹਾਡੇ ਘਰਾਂ ਵਿੱਚ ਦਾਖਲ ਹੋ ਜਾਣਗੇ। ਉਹ ਤੁਹਾਡੇ ਸੌਣ ਵਾਲੇ ਕਮਰਿਆਂ ਅਤੇ ਤੁਹਾਡੇ ਬਿਸਤਰਿਆਂ ਵਿੱਚ ਹੋਣਗੇ। ਡੱਡੂ ਤੇਰੇ ਅਧਿਕਾਰੀਆਂ ਦੇ ਘਰਾਂ ਵਿੱਚ, ਅਤੇ ਤੁਹਾਡੇ ਚੁਲ੍ਹਿਆਂ ਅਤੇ ਪਾਣੀ ਦੇ ਬਰਤਨਾਂ ਵਿੱਚ ਹੋਣਗੇ। 4 ਡੱਡੂ ਤੇਰੇ, ਤੇਰੇ ਲੋਕਾਂ ਅਤੇ ਤੇਰੇ ਅਧਿਕਾਰੀਆਂ ਦੇ ਹਰ ਪਾਸੇ ਹੋਣਗੇ।”‘ 5 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਹਾਰੂਨ ਨੂੰ ਆਖ ਕਿ ਉਹ ਆਪਣੀ ਸੋਟੀ ਫ਼ੜੇ ਅਤੇ ਨਹਿਰਾਂ, ਨਦੀਆਂ ਅਤੇ ਝੀਲਾਂ ਦੇ ਉੱਤੇ ਰਖੇ। ਤਾਂ ਡੱਡੂ ਨਿਕਲ ਆਉਣਗੇ ਅਤੇ ਮਿਸਰ ਦੀ ਧਰਤੀ ਤੇ ਫ਼ੈਲ ਜਾਣਗੇ।” 6 ਇਸ ਤਰ੍ਹਾਂ ਹਾਰੂਨ ਨੇ ਆਪਣਾ ਹੱਥ ਮਿਸਰ ਦੇ ਪਾਣੀਆਂ ਉੱਪਰ ਉਠਾਇਆ, ਅਤੇ ਡੱਡੂ ਪਾਣੀ ਵਿੱਚੋਂ ਨਿਕਲਣ ਲੱਗੇ ਅਤੇ ਉਨ੍ਹਾਂ ਨੇ ਮਿਸਰ ਦੀ ਧਰਤੀ ਨੂੰ ਭਰ ਦਿੱਤਾ। 7 ਮਿਸਰੀ ਜਾਦੂਗਰਾਂ ਨੇ ਆਪਣੀਆਂ ਜਾਦੂਗਰੀਆਂ ਵਰਤੀਆਂ ਅਤੇ ਉਨ੍ਹਾਂ ਨੇ ਵੀ ਹੋਰ ਵਧੇਰੇ ਡੱਡੂ ਬਾਹਰ ਕੱਢੇ ਅਤੇ ਮਿਸਰ ਦੀ ਧਰਤੀ ਤੇ ਫ਼ੈਲਾ ਦਿੱਤੇ। 8 ਫ਼ਿਰਊਨ ਨੇ ਮੂਸਾ ਤੇ ਹਾਰੂਨ ਨੂੰ ਸਦਿਆ ਅਤੇ ਆਖਿਆ, “ਯਹੋਵਾਹ ਨੂੰ ਆਖੋ ਕਿ ਮੇਰੇ ਅਤੇ ਮੇਰੇ ਲੋਕਾਂ ਤੋਂ ਡੱਡੂਆਂ ਨੂੰ ਹਟਾ ਦੇਵੇ। ਮੈਂ ਲੋਕਾਂ ਨੂੰ ਜਾਣ ਦੇਵਾਂਗਾ ਅਤੇ ਯਹੋਵਾਹ ਨੂੰ ਬਲੀਆਂ ਚੜਾਉਣ ਦੇਵਾਂਗਾ।” 9 ਮੂਸਾ ਨੇ ਫ਼ਿਰਊਨ ਨੂੰ ਆਖਿਆ, “ਮੈਨੂੰ ਇਹ ਦੱਸੋ ਕਿ ਤੁਸੀਂ ਡੱਡੂਆਂ ਨੂੰ ਕਦੋਂ ਦੂਰ ਕਰਨਾ ਚਾਹੁੰਦੇ ਹੋ। ਮੈਂ ਤੁਹਾਡੇ ਲਈ, ਤੁਹਾਡੇ ਲੋਕਾਂ ਲਈ ਅਤੇ ਤੁਹਾਡੇ ਅਧਿਕਾਰੀਆਂ ਲਈ ਪ੍ਰਾਰਥਨਾ ਕਰਾਂਗਾ। ਫ਼ੇਰ ਡੱਡੂ ਤੁਹਾਨੂੰ ਅਤੇ ਤੁਹਾਡੇ ਘਰਾਂ ਨੂੰ ਛੱਡ ਜਾਣਗੇ। ਡੱਡੂ ਸਿਰਫ਼ ਨਦੀ ਵਿੱਚ ਰਹਿਣਗੇ। ਤੁਸੀਂ ਕਦੋਂ ਚਾਹੁੰਦੇ ਹੋ ਕਿ ਡੱਡੂ ਇਥੋਂ ਚਲੇ ਜਾਣ?” 10 ਫ਼ਿਰਊਨ ਨੇ ਆਖਿਆ, “ਕਲ ਨੂੰ।”ਮੂਸਾ ਨੇ ਆਖਿਆ, “ਇਵੇਂ ਹੀ ਹੋਵੇਗਾ ਜਿਵੇਂ ਤੁਸੀਂ ਕਹਿੰਦੇ ਹੋ। ਇਸ ਤਰ੍ਹਾਂ ਤੁਸੀਂ ਜਾਣ ਜਾਵੋਂਗੇ ਕਿ ਯਹੋਵਾਹ ਸਾਡੇ ਪਰਮੇਸ਼ੁਰ ਵਰਗਾ ਕੋਈ ਹੋਰ ਦੇਵਤਾ ਨਹੀਂ ਹੈ। 11 ਡੱਡੂ ਤੁਹਾਨੂੰ, ਤੁਹਾਡੇ ਘਰਾਂ ਨੂੰ, ਤੁਹਾਡੇ ਅਧਿਕਾਰੀਆਂ ਅਤੇ ਤੁਹਾਡੇ ਲੋਕਾਂ ਨੂੰ ਛੱਡ ਜਾਣਗੇ। ਡੱਡੂ ਸਿਰਫ਼ ਨਦੀ ਵਿੱਚ ਰਹਿਣਗੇ।” 12 ਮੂਸਾ ਤੇ ਹਾਰੂਨ ਦੇ ਫ਼ਿਰਊਨ ਕੋਲੋਂ ਚਲੇ ਜਾਣ ਤੋਂ ਬਾਦ, ਮੂਸਾ ਨੇ ਯਹੋਵਾਹ ਅੱਗੇ ਉਨ੍ਹਾਂ ਡੱਡੂਆਂ ਬਾਰੇ ਪੁਕਾਰ ਕੀਤੀ ਜਿਹੜੇ ਉਸਨੇ ਫ਼ਿਰਊਨ ਖਿਲਾਫ਼ ਭੇਜੇ ਸਨ। 13 ਅਤੇ ਯਹੋਵਾਹ ਨੇ ਉਵੇਂ ਹੀ ਕੀਤਾ ਜਿਵੇਂ ਮੂਸਾ ਨੇ ਮੰਗ ਕੀਤੀ ਸੀ। ਘਰਾਂ ਵਿਚਲੇ, ਵਿਹੜਿਆਂ ਵਿਚਲੇ ਅਤੇ ਖੇਤਾਂ ਵਿਚਲੇ ਡੱਡੂ ਮਰ ਗਏ। 14 ਉਨ੍ਹਾਂ ਨੇ ਵੱਡੀ ਸਖਿਆ ਵਿੱਚ ਉਨ੍ਹਾਂ ਦੇ ਢੇਰ ਲਾ ਦਿੱਤੇ ਅਤੇ ਉਹ ਸੜਨ ਲੱਗੇ, ਇਸ ਲਈ ਸਾਰਾ ਦੇਸ਼ ਸੜਿਆਂਦ ਮਾਰਨ ਲੱਗ ਪਿਆ। 15 ਫ਼ਿਰਊਨ ਨੇ ਦੇਖਿਆ ਕਿ ਉਹ ਡੱਡੂਆਂ ਤੋਂ ਮੁਕਤ ਹੋ ਗਏ ਸਨ, ਅਤੇ ਉਹ ਫ਼ੇਰ ਜ਼ਿੱਦੀ ਬਣ ਗਿਆ। ਫ਼ਿਰਊਨ ਨੇ ਉਹ ਕੁਝ ਨਾ ਕੀਤਾ ਜਿਸਦੀ ਮੂਸਾ ਨੇ ਹਾਰੂਨ ਨੇ ਉਸਤੋਂ ਮੰਗ ਕੀਤੀ ਸੀ। ਇਹ ਉਸੇ ਤਰ੍ਹਾਂ ਵਾਪਰਿਆ ਜਿਵੇਂ ਯਹੋਵਾਹ ਨੇ ਆਖਿਆ ਸੀ। 16 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਹਾਰੂਨ ਤੂੰ ਆਪਣੀ ਸੋਟੀ ਚੁੱਕ ਤੇ ਧਰਤੀ ਦੀ ਧੂੜ ਉੱਤੇ ਮਾਰਨ ਲਈ ਆਖ, ਅਤੇ ਮਿਸਰ ਦੀ ਹਰ ਥਾਂ ਦੀ ਧੂੜ ਜੂਆਂ ਬਣ ਜਾਵੇਗੀ।” 17 ਉਨ੍ਹਾਂ ਨੇ ਇਹੀ ਕੀਤਾ। ਹਾਰੂਨ ਨੇ ਆਪਣੇ ਹੱਥ ਵਿੱਚ ਆਪਣੀ ਸੋਟੀ ਚੁੱਕੀ ਅਤੇ ਧਰਤੀ ਦੀ ਧੂੜ ਉੱਤੇ ਮਾਰੀ, ਅਤੇ ਮਿਸਰ ਦੀ ਹਰ ਥਾਂ ਦੀ ਧੂੜ ਜੂਆਂ ਬਣ ਗਈ ਅਤੇ ਜਾਨਵਰਾਂ ਅਤੇ ਲੋਕਾਂ ਨੂੰ ਚੁਂਬੜ ਗਈਆਂ। 18 ਜਾਦੂਗਰਾਂ ਨੇ ਆਪਣੇ ਕਰਤਬ ਵਰਤੇ ਅਤੇ ਉਹੋ ਕੁਝ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਧੂੜ ਵਿੱਚੋਂ ਜੂਆਂ ਨਾ ਬਣਾ ਸਕੇ। ਜੂਆਂ ਜਾਨਵਰਾਂ ਅਤੇ ਲੋਕਾਂ ਨੂੰ ਚੁਬੜੀਆਂ ਰਹੀਆਂ। 19 ਇਸ ਲਈ ਜਾਦੂਗਰਾਂ ਨੇ ਫ਼ਿਰਊਨ ਨੂੰ ਦੱਸਿਆ ਕਿ ਪਰਮੇਸ਼ੁਰ ਦੀ ਸ਼ਕਤੀ ਨੇ ਅਜਿਹਾ ਕੀਤਾ ਸੀ। ਪਰ ਫ਼ਿਰਊਨ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਉਹ ਉਵੇਂ ਹੀ ਵਾਪਰਿਆ ਜਿਵੇਂ ਯਹੋਵਾਹ ਨੇ ਆਖਿਆ ਸੀ। 20 ਯਹੋਵਾਹ ਨੇ ਮੂਸਾ ਨੂੰ ਆਖਿਆ, “ਸਵੇਰੇ ਉਠਕੇ ਫ਼ਿਰਊਨ ਕੋਲ ਜਾਵੀਂ। ਫ਼ਿਰਊਨ ਨਦੀ ਵੱਲ ਜਾਵੇਗਾ। ਉਸਨੂੰ ਆਖੀਂ ਕਿ ਯਹੋਵਾਹ ਆਖਦਾ ਹੈ, ‘ਮੇਰੇ ਲੋਕਾਂ ਨੂੰ ਜਾਣ ਦੇ ਅਤੇ ਮੇਰੀ ਉਪਾਸਨਾ ਕਰਨ ਦੇ। 21 ਜੇ ਤੂੰ ਮੇਰੇ ਲੋਕਾਂ ਨੂੰ ਨਹੀਂ ਜਾਣ ਦੇਵੇਂਗਾ, ਤਾਂ ਮਖੀਆਂ ਤੁਹਾਡੇ ਘਰਾਂ ਅੰਦਰ ਆ ਜਾਣਗੀਆਂ। ਮਖੀਆਂ ਤੁਹਾਡੇ ਅਤੇ ਤੁਹਾਡੇ ਅਧਿਕਾਰੀਆਂ ਉੱਪਰ ਹੋਣਗੀਆਂ। ਮਿਸਰ ਦੇ ਘਰ ਮਖੀਆਂ ਨਾਲ ਭਰ ਜਾਣਗੇ। ਮਖੀਆਂ ਸਾਰੇ ਪਾਸੇ ਹੋਣਗੀਆਂ, ਧਰਤੀ ਉੱਤੇ ਵੀ। 22 ਪਰ ਮੈਂ ਇਸਰਾਏਲ ਦੇ ਲੋਕਾਂ ਨਾਲ ਮਿਸਰੀ ਲੋਕਾਂ ਵਰਗਾ ਵਰਤਾਉ ਨਹੀਂ ਕਰਾਂਗਾ ਗੋਸ਼ਨ ਵਿੱਚ ਮਖੀਆਂ ਨਹੀਂ ਹੋਣਗੀਆਂ, ਜਿਥੇ ਮੇਰੇ ਲੋਕ ਰਹਿੰਦੇ ਹਨ। ਇਸ ਤਰ੍ਹਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਮੈਂ, ਯਹੋਵਾਹ, ਇਸ ਧਰਤੀ ਤੇ ਹਾਂ। 23 ਇਸ ਲਈ ਕਲ ਨੂੰ ਮੈਂ ਆਪਣੇ ਲੋਕਾਂ ਨਾਲ ਤੁਹਾਡੇ ਲੋਕਾਂ ਨਾਲੋਂ ਵਖਰਾ ਸਲੂਕ ਕਰਾਂਗਾ। ਇਹ ਮੇਰਾ ਸਬੂਤ ਹੋਵੇਗਾ। 24 ਇਸ ਤਰ੍ਹਾਂ ਯਹੋਵਾਹ ਨੇ ਉਹੀ ਕੀਤਾ ਜੋ ਉਸਨੇ ਆਖਿਆ ਸੀ। ਮਿਸਰ ਵਿੱਚ ਬਹੁਤ ਸਾਰੀਆਂ ਮੱਖੀਆਂ ਆ ਗਈਆਂ। ਮੱਖੀਆਂ ਫ਼ਿਰਊਨ ਦੇ ਘਰ ਵਿੱਚ ਸਨ, ਅਤੇ ਇਹ ਉਸਦੇ ਸਾਰੇ ਅਧਿਕਾਰੀਆਂ ਦੇ ਘਰਾਂ ਵਿੱਚ ਸਨ। ਮੱਖੀਆਂ ਮਿਸਰ ਵਿੱਚ ਹਰ ਪਾਸੇ ਸਨ। ਮੱਖੀਆਂ ਦੇਸ਼ ਨੂੰ ਤਬਾਹ ਕਰ ਰਹੀਆਂ ਸਨ। 25 ਇਸ ਲਈ ਫ਼ਿਰਊਨ ਨੇ ਮੂਸਾ ਤੇ ਹਾਰੂਨ ਨੂੰ ਸਦਿਆ। ਫ਼ਿਰਊਨ ਨੇ ਉਨ੍ਹਾਂ ਨੂੰ ਆਖਿਆ, “ਇਸ ਦੇਸ਼ ਵਿੱਚ ਆਪਣੇ ਪਰਮੇਸ਼ੁਰ ਲਈ ਬਲੀਆਂ ਚੜਾਵੋ।” 26 ਪਰ ਮੂਸਾ ਨੇ ਆਖਿਆ, “ਅਜਿਹਾ ਕਰਨਾ ਠੀਕ ਨਹੀਂ ਹੋਵੇਗਾ। ਮਿਸਰੀ ਸੋਚਦੇ ਹਨ ਕਿ ਯਹੋਵਾਹ ਸਾਡੇ ਪਰਮੇਸ਼ੁਰ ਲਈ ਜਾਨਵਰਾਂ ਨੂੰ ਮਾਰਕੇ ਬਲੀਆਂ ਚੜਾਉਣਾ ਭਿਆਨਕ ਗੱਲ ਹੈ। ਜੇ ਅਸੀਂ ਇੱਥੇ ਅਜਿਹਾ ਕਰਾਂਗੇ ਤਾਂ ਮਿਸਰੀ ਸਾਨੂੰ ਦੇਖਣਗੇ, ਅਤੇ ਉਹ ਸਾਡੇ ਉੱਤੇ ਪੱਥਰ ਸੁੱਟਣਗੇ ਅਤੇ ਸਾਨੂੰ ਮਾਰ ਦੇਣਗੇ। 27 ਸਾਨੂੰ ਤਿੰਨਾ ਦਿਨਾਂ ਲਈ ਮਾਰੂਥਲ ਅੰਦਰ ਜਾਣ ਦਿਉ ਅਤੇ ਯਹੋਵਾਹ ਸਾਡੇ ਪਰਮੇਸ਼ੁਰ ਲਈ ਬਲੀਆਂ ਚੜਾਉਣ ਦਿਉ। ਇਹੀ ਹੈ ਜੋ ਸਾਡੇ ਯਹੋਵਾਹ ਨੇ ਸਾਨੂੰ ਕਰਨ ਵਾਸਤੇ ਆਖਿਆ ਸੀ।” 28 ਇਸ ਲਈ ਫ਼ਿਰਊਨ ਨੇ ਆਖਿਆ, “ਮੈਂ ਤੁਹਾਨੂੰ ਜਾਣ ਦੇਵਾਂਗਾ ਅਤੇ ਮਾਰੂਥਲ ਵਿੱਚ ਜਾਕੇ ਆਪਣੇ ਯਹੋਵਾਹ ਪਰਮੇਸ਼ੁਰ ਨੂੰ ਬਲੀਆਂ ਚੜਾਉਣ ਦੇਵਾਂਗਾ। ਪਰ ਤੁਹਾਨੂੰ ਬਹੁਤੀ ਦੂਰ ਨਹੀਂ ਜਾਣਾ ਚਾਹੀਦਾ। ਹੁਣ, ਜਾਓ ਅਤੇ ਮੇਰੇ ਵਾਸਤੇ ਪ੍ਰਾਰਥਨਾ ਕਰੋ।” 29 ਮੂਸਾ ਨੇ ਆਖਿਆ, “ਦੇਖੋ, ਮੈਂ ਜਾਵਾਂਗਾ ਅਤੇ ਯਹੋਵਾਹ ਅੱਗੇ ਪ੍ਰਾਰਥਨਾ ਕਰਾਂਗਾ ਅਤੇ ਮਖੀਆਂ ਤੈਨੂੰ, ਤੇਰੇ ਲੋਕਾਂ ਨੂੰ ਅਤੇ ਤੇਰੇ ਅਧਿਕਾਰੀਆਂ ਨੂੰ ਕਲ ਨੂੰ ਛੱਡ ਦੇਣਗੀਆਂ। ਪਰ ਤੈਨੂੰ ਫ਼ਿਰ ਸਾਨੂੰ ਸਾਡੇ ਯਹੋਵਾਹ ਨੂੰ ਬਲੀਆਂ ਨਾ ਚੜਾਉਣ ਦੀ ਆਗਿਆ ਦੇਕੇ ਗੁਮਰਾਹ ਨਹੀਂ ਕਰਨ ਚਾਹੀਦਾ।” 30 ਇਸ ਤਰ੍ਹਾਂ ਮੂਸਾ ਫ਼ਿਰਊਨ ਕੋਲੋਂ ਚਲਿਆ ਗਿਆ ਅਤੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ। 31 ਅਤੇ ਯਹੋਵਾਹ ਨੇ ਓਹੀ ਕੀਤਾ ਜੋ ਮੂਸਾ ਨੇ ਮੰਗਿਆ ਸੀ। ਯਹੋਵਾਹ ਨੇ ਫ਼ਿਰਊਨ, ਉਸਦੇ ਅਧਿਕਾਰੀਆਂ ਅਤੇ ਉਸਦੀ ਪਰਜਾ ਤੋਂ ਮਖੀਆਂ ਨੂੰ ਦੂਰ ਕਰ ਦਿੱਤਾ। ਕੋਈ ਮੱਖੀ ਨਹੀਂ ਬਚੀ। 32 ਪਰ ਉਸਨੇ ਫ਼ੇਰ ਜ਼ਿਦ ਫ਼ੜ ਲਈ ਅਤੇ ਲੋਕਾਂ ਨੂੰ ਨਹੀਂ ਜਾਣ ਦਿੱਤਾ।

Exodus 9

1 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ ਕਿ ਉਹ ਫ਼ਿਰਊਨ ਕੋਲ ਜਾਵੇ ਤਾਂ ਆਖੇ; “ਇਬਰਾਨੀ ਲੋਕਾਂ ਦਾ ਪਰਮੇਸ਼ੁਰ, ਯਹੋਵਾਹ ਆਖਦਾ ਹੈ, ‘ਮੇਰੇ ਲੋਕਾਂ ਨੂੰ ਮੇਰੀ ਉਪਾਸਨਾ ਕਰਨ ਲਈ ਜਾਣ ਦੇ।’ 2 ਜੇ ਤੂੰ ਉਨ੍ਹਾਂ ਨੂੰ ਰੋਕੀ ਰੱਖੇਂਗਾ ਅਤੇ ਜਾਣ ਨਹੀਂ ਦੇਵੇਂਗਾ, 3 ਤਾਂ ਯਹੋਵਾਹ ਆਪਣੀ ਸ਼ਕਤੀ ਖੇਤਾਂ ਵਿਚਲੇ ਤੁਹਾਡੇ ਪਸ਼ੂਆਂ ਦੇ ਖਿਲਾਫ਼ ਵਰਤੇਗਾ। ਯਹੋਵਾਹ ਤੁਹਾਡੇ ਘੋੜਿਆਂ, ਖੋਤਿਆਂ, ਊਠਾਂ, ਪਸ਼ੂਆਂ ਅਤੇ ਭੇਡਾਂ ਵਿੱਚ ਭਿਆਨਕ ਬਿਮਾਰੀ ਫ਼ੈਲਾ ਦੇਵੇਗਾ। 4 ਯਹੋਵਾਹ ਇਸਰਾਏਲ ਦੇ ਜਾਨਵਰਾਂ ਨਾਲ ਮਿਸਰ ਦੇ ਜਾਨਵਰਾਂ ਨਾਲੋਂ ਵੱਖਰਾ ਸਲੂਕ ਕਰੇਗਾ। ਇਸਰਾਏਲ ਦੇ ਲੋਕਾਂ ਦਾ ਕੋਈ ਵੀ ਜਾਨਵਰ ਨਹੀਂ ਮਰੇਗਾ। 5 ਯਹੋਵਾਹ ਨੇ ਅਜਿਹਾ ਵਾਪਰਨ ਲਈ ਸਮਾਂ ਨਿਸ਼ਚਿੰਤ ਕਰ ਦਿੱਤਾ ਹੈ। ਕਲ ਨੂੰ ਇਸ ਦੇਸ਼ ਵਿੱਚ ਯਹੋਵਾਹ ਦੀ ਰਜ਼ਾ ਕਾਰਣ ਅਜਿਹਾ ਹੀ ਵਾਪਰੇਗਾ।”‘ 6 ਅਗਲੀ ਸਵੇਰ, ਮਿਸਰ ਦੇ ਸਾਰੇ ਪਾਲਤੂ ਪਸ਼ੂ ਮਰ ਗਏ। ਪਰ ਇਸਰਾਏਲ ਦੇ ਲੋਕਾਂ ਦਾ ਕੋਈ ਵੀ ਪਸ਼ੂ ਨਹੀਂ ਮਰਿਆ। 7 ਫ਼ਿਰਊਨ ਨੇ ਲੋਕਾਂ ਨੂੰ ਦੇਖਣ ਲਈ ਭੇਜਿਆ ਕਿ ਕੀ ਇਸਰਾਏਲੀਆਂ ਦਾ ਕੋਈ ਪਸ਼ੂ ਮਰਿਆ ਅਤੇ ਉਸਨੇ ਸੁਣਿਆ ਕਿ ਇਸਰਾਏਲੀਆਂ ਦਾ ਇੱਕ ਵੀ ਪਸ਼ੂ ਨਹੀਂ ਮਰਿਆ ਸੀ। ਪਰ ਫ਼ਿਰਊਨ ਜ਼ਿੱਦੀ ਹੀ ਰਿਹਾ। ਅਤੇ ਉਸਨੇ ਲੋਕਾਂ ਨੂੰ ਜਾਣ ਨਹੀਂ ਦਿੱਤਾ। 8 ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਆਖਿਆ, “ਕਿਸੇ ਚੁਲ੍ਹੇ ਵਿੱਚੋਂ ਰਾਖ ਲੈਕੇ ਆਪਣੇ ਹੱਥਾਂ ਵਿੱਚ ਭਰੋ। ਮੂਸਾ ਨੇ, ਫ਼ਿਰਊਨ ਦੇ ਸਾਮ੍ਹਣੇ ਉਹ ਰਾਖ ਹਵਾ ਵਿੱਚ ਸੁੱਟੀ। 9 ਇਹ ਅਜਿਹੀ ਰਾਖ ਬਣ ਜਾਵੇਗੀ ਜਿਹੜੀ ਮਿਸਰ ਦੀ ਸਾਰੀ ਧਰਤੀ ਤੇ ਫ਼ੈਲ ਜਾਵੇਗੀ। ਜਦੋਂ ਵੀ ਰਾਖ ਮਿਸਰ ਦੇ ਕਿਸੇ ਬੰਦੇ ਜਾਂ ਜਾਨਵਰ ਨੂੰ ਛੂਹੇਗੀ, ਚਮੜੀ ਉੱਤੇ ਫ਼ੋੜੇ ਨਿਕਲ ਆਉਣਗੇ।” 10 ਤਾਂ ਮੂਸਾ ਤੇ ਹਾਰੂਨ ਨੇ ਭਠੀ ਵਿੱਚੋਂ ਰਾਖ ਲਈ। ਫ਼ੇਰ ਉਹ ਜਾਕੇ ਫ਼ਿਰਊਨ ਦੇ ਸਾਮ੍ਹਣੇ ਖਲੋ ਗਏ। ਉਨ੍ਹਾਂ ਨੇ ਰਾਖ ਹਵਾ ਵਿੱਚ ਉਡਾ ਦਿੱਤੀ, ਅਤੇ ਲੋਕਾਂ ਅਤੇ ਪਸ਼ੂਆਂ ਉੱਤੇ ਫ਼ੋੜੇ ਨਿਕਲਣੇ ਸ਼ੁਰੂ ਹੋ ਗਏ। 11 ਜਾਦੂਗਰ ਮੂਸਾ ਨੂੰ ਅਜਿਹਾ ਕਰਨ ਤੋਂ ਨਹੀਂ ਰੋਕ ਸਕੇ, ਜਾਦੂਗਰਾਂ ਦੇ ਵੀ ਫ਼ੋੜੇ ਨਿਕਲ ਆਏ। ਇਹ ਮਿਸਰ ਵਿੱਚ ਹਰ ਥਾਂ ਵਾਪਰਿਆ। 12 ਪਰ ਯਹੋਵਾਹ ਨੇ ਫ਼ਿਰਊਨ ਨੂੰ ਜ਼ਿੱਦੀ ਬਣਾ ਦਿੱਤਾ। ਇਸ ਲਈ ਫ਼ਿਰਊਨ ਨੇ ਮੂਸਾ ਤੇ ਹਾਰੂਨ ਦੀ ਗੱਲ ਨਹੀਂ ਸੁਣੀ। ਅਜਿਹਾ ਉਵੇਂ ਹੀ ਵਾਪਰਿਆ ਜਿਵੇਂ ਯਹੋਵਾਹ ਨੇ ਆਖਿਆ ਸੀ। 13 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਸਵੇਰੇ ਉਠੀ ਅਤੇ ਫ਼ਿਰਊਨ ਵੱਲ ਜਾਵੀਂ। ਉਸਨੂੰ ਆਖੀਂ ਕਿ ਇਬਰਾਨੀ ਲੋਕਾਂ ਦਾ ਯਹੋਵਾਹ ਪਰਮੇਸ਼ੁਰ ਆਖਦਾ ਹੈ, ‘ਮੇਰੇ ਲੋਕਾਂ ਨੂੰ ਮੇਰੀ ਉਪਾਸਨਾ ਕਰਨ ਲਈ ਜਾਣ ਦੇ। 14 ਜੇ ਤੂੰ ਅਜਿਹਾ ਨਹੀਂ ਕਰੇਂਗਾ, ਤਾਂ ਮੈਂ ਆਪਣੀ ਸਾਰੀ ਸ਼ਕਤੀ ਤੇਰੇ, ਤੇਰੇ ਅਧਿਕਾਰੀਆਂ ਅਤੇ ਤੇਰੇ ਲੋਕਾਂ ਦੇ ਵਿਰੁੱਧ ਵਰਤਾਂਗਾ। ਫ਼ੇਰ ਤੁਹਾਨੂੰ ਪਤਾ ਚੱਲੇਗਾ ਕਿ ਦੁਨੀਆਂ ਵਿੱਚ ਮੇਰੇ ਵਰਗਾ ਕੋਈ ਦੇਵਤਾ ਨਹੀਂ ਹੈ। 15 ਮੈਂ ਆਪਣੀ ਸ਼ਕਤੀ ਵਰਤ ਸਕਦਾ ਸਾਂ ਅਤੇ ਅਜਿਹੀ ਬਿਮਾਰੀ ਫ਼ੈਲਾ ਸਕਦਾ ਸਾਂ ਜਿਹੜੀ ਤੈਨੂੰ ਤੇ ਤੇਰੇ ਲੋਕਾਂ ਦਾ ਧਰਤੀ ਉੱਤੋਂ ਨਾਮੋ ਨਿਸ਼ਾਨ ਮਿਟਾ ਦੇਵੇਗੀ। 16 ਪਰ ਮੈਂ ਤੈਨੂੰ ਇੱਥੇ ਕਿਸੇ ਕਾਰਣ ਰੱਖਿਆ ਹੈ। ਮੈਂ ਤੈਨੂੰ ਇੱਥੇ ਇਸ ਲਈ ਰੱਖਿਆ ਹੈ ਤਾਂ ਜੋ ਮੈਂ ਤੈਨੂੰ ਆਪਣੀ ਸ਼ਕਤੀ ਦਿਖਾ ਸਕਾਂ। ਫ਼ੇਰ ਸਾਰੀ ਦੁਨੀਆਂ ਦੇ ਲੋਕ ਮੇਰੇ ਬਾਰੇ ਜਾਣ ਲੈਣਗੇ। 17 ਤੂੰ ਫ਼ੇਰ ਵੀ ਮੇਰੇ ਲੋਕਾਂ ਦੇ ਵਿਰੁੱਧ ਹੈ। ਤੂੰ ਉਨ੍ਹਾਂ ਨੂੰ ਅਜ਼ਾਦ ਹੋਕੇ ਜਾਣ ਨਹੀਂ ਦੇ ਰਿਹਾ। 18 ਇਸ ਲਈ ਕਲ ਇਸੇ ਵੇਲੇ, ਮੈਂ ਭਿਆਨਕ ਗੜੇਮਾਰ ਕਰਾਂਗਾ। ਇਸ ਤਰ੍ਹਾਂ ਦੀ ਗੜੇਮਾਰ ਮਿਸਰ ਵਿੱਚ ਕਦੇ ਵੀ ਨਹੀਂ ਹੋਈ, ਉਦੋਂ ਤੋਂ ਲੈਕੇ ਵੀ ਨਹੀਂ ਜਦੋਂ ਦਾ ਮਿਸਰ ਇੱਕ ਕੌਮ ਬਣਿਆ ਹੈ। 19 ਹੁਣ ਤੈਨੂੰ ਚਾਹੀਦਾ ਹੈ ਕਿ ਤੂੰ ਆਪਣੇ ਜਾਨਵਰਾਂ ਨੂੰ ਕਿਸੇ ਸੁਰਖਿਅਤ ਥਾਂ ਤੇ ਰਖੇਂ। ਤੂੰ ਆਪਣੀ ਹਰ ਸ਼ੈਅ ਨੂੰ ਜਿਹੜੀ ਹੁਣ ਖੇਤਾਂ ਵਿੱਚ ਹੈ, ਕਿਸੇ ਸੁਰਖਿਅਤ ਥਾਂ ਰਖੀਂ। ਕਿਉਂਕਿ ਜਿਹੜਾ ਵੀ ਬੰਦਾ ਜਾਂ ਜਾਨਵਰ ਖੇਤਾਂ ਵਿੱਚ ਹੋਵੇਗਾ, ਮਾਰਿਆ ਜਾਵੇਗਾ। ਗੜੇ ਹਰ ਉਸ ਚੀਜ਼ ਉੱਤੇ ਵਰ੍ਹਣਗੇ ਜਿਹੜੀ ਤੁਹਾਡੇ ਘਰਾਂ ਵਿੱਚ ਜਮ੍ਹਾ ਨਹੀਂ ਕੀਤੀ ਗਈ।’” 20 ਫ਼ਿਰਊਨ ਦੇ ਕੁਝ ਅਧਿਕਾਰੀਆਂ ਨੇ ਯਹੋਵਾਹ ਦੇ ਸੰਦੇਸ਼ ਵੱਲ ਧਿਆਨ ਦਿੱਤਾ। ਉਨ੍ਹਾਂ ਆਦਮੀਆਂ ਨੇ ਕਾਹਲੀ ਨਾਲ ਆਪਣੇ ਸਾਰੇ ਜਾਨਵਰਾਂ ਅਤੇ ਗੁਲਾਮਾਂ ਨੂੰ ਘਰਾਂ ਅੰਦਰ ਲੈ ਆਂਦਾ। 21 ਪਰ ਬਾਕੀ ਲੋਕ ਜਿਨ੍ਹਾਂ ਨੇ ਯਹੋਵਾਹ ਦੇ ਸੰਦੇਸ਼ ਵੱਲ ਧਿਆਨ ਨਾ ਦਿੱਤਾ ਆਪਣੇ ਸਾਰੇ ਜਾਨਵਰ ਅਤੇ ਗੁਲਾਮਾਂ ਨੂੰ, ਖੇਤਾਂ ਵਿੱਚ ਛੱਡ ਗਏ। 22 ਯਹੋਵਾਹ ਨੇ ਮੂਸਾ ਨੂੰ ਆਖਿਆ, “ਆਪਣੀਆਂ ਬਾਹਾਂ ਹਵਾ ਵਿੱਚ ਉਠਾ ਅਤੇ ਮਿਸਰ ਵਿੱਚ ਹਰ ਥਾਂ ਗੜੇਮਾਰ ਹੋਣੀ ਸ਼ੁਰੂ ਹੋ ਜਾਵੇਗੀ। ਗੜੇ ਮਿਸਰ ਦੇ ਖੇਤਾਂ ਵਿੱਚ ਸਾਰੇ ਲੋਕਾਂ, ਜਾਨਵਰਾਂ ਅਤੇ ਪੌਦਿਆਂ ਉੱਤੇ ਵਰ੍ਹਣਗੇ।” 23 ਤਾਂ ਮੂਸਾ ਨੇ ਆਪਣੀ ਸੋਟੀ ਹਵਾ ਵਿੱਚ ਹਿਲਾਈ ਅਤੇ ਯਹੋਵਾਹ ਨੇ ਧਰਤੀ ਉੱਤੇ ਗਰਜ, ਚਮਕ ਅਤੇ ਗੜੇ ਵਰ੍ਹਾ ਦਿੱਤੇ। ਗੜੇ ਸਾਰੇ ਮਿਸਰ ਉੱਤੇ ਵਰ੍ਹੇ। 24 ਗੜੇ ਵਰ੍ਹ ਰਹੇ ਸਨ ਅਤੇ ਇਸੇ ਦੌਰਾਨ ਬਿਜਲੀ ਲਿਸ਼ਕ ਰਹੀ ਸੀ। ਜਦੋਂ ਦਾ ਮਿਸਰ ਇੱਕ ਕੌਮ ਬਣਿਆ ਸੀ, ਇਹ ਸਭ ਤੋਂ ਭਿਆਨਕ ਗੜੇਮਾਰ ਸੀ। 25 ਤੂਫ਼ਾਨ ਨੇ ਮਿਸਰ ਦੇ ਖੇਤਾਂ ਦੀ ਹਰ ਸ਼ੈਅ ਤਬਾਹ ਕਰ ਦਿੱਤੀ। ਗੜਿਆਂ ਨੇ ਲੋਕਾਂ, ਜਾਨਵਰਾਂ ਅਤੇ ਪੌਦਿਆਂ ਨੂੰ ਤਬਾਹ ਕਰ ਦਿੱਤਾ। ਗੜਿਆਂ ਨੇ ਖੇਤਾਂ ਦੇ ਸਾਰੇ ਰੱਖ ਵੀ ਝੰਬ ਦਿੱਤੇ। 26 ਸਿਰਫ਼ ਇੱਕ ਥਾਂ ਜਿਥੇ ਗੜੇਮਾਰ ਨਹੀਂ ਹੋਈ ਉਹ ਗੋਸ਼ਨ ਦੀ ਧਰਤੀ ਸੀ ਜਿਥੇ ਇਸਰਾਏਲ ਦੇ ਲੋਕ ਰਹਿੰਦੇ ਸਨ। 27 ਫ਼ਿਰਊਨ ਨੇ ਮੂਸਾ ਤੇ ਹਾਰੂਨ ਨੂੰ ਸਦਿਆ। ਫ਼ਿਰਊਨ ਨੇ ਉਨ੍ਹਾਂ ਨੂੰ ਆਖਿਆ, “ਇਸ ਵਾਰੀ ਮੈਂ ਪਾਪ ਕੀਤਾ ਹੈ। ਯਹੋਵਾਹ ਠੀਕ ਹੈ, ਅਤੇ ਮੈਂ ਤੇ ਮੇਰੇ ਲੋਕ ਗਲਤ ਹਨ। 28 ਪਰਮੇਸ਼ੁਰ ਵੱਲੋਂ ਗਰਜ ਅਤੇ ਗੜੇਮਾਰ ਬਹੁਤ ਜ਼ਿਆਦਾ ਹੋਈ ਹੈ। ਪਰਮੇਸ਼ੁਰ ਨੂੰ ਆਖੋ ਕਿ ਤੂਫ਼ਾਨ ਨੂੰ ਰੋਕੇ ਅਤੇ ਮੈਂ ਤੁਹਾਨੂੰ ਜਾਣ ਦੇਵਾਂਗਾ। ਤੁਹਾਨੂੰ ਇੱਥੇ ਰਹਿਣ ਦੀ ਕੋਈ ਲੋੜ ਨਹੀਂ।” 29 ਮੂਸਾ ਨੇ ਫ਼ਿਰਊਨ ਨੂੰ ਆਖਿਆ, “ਮੇਰੇ ਸ਼ਹਿਰ ਛੱਡਣ ਤੋਂ ਬਾਦ, ਮੈਂ ਯਹੋਵਾਹ ਅੱਗੇ ਆਪਣੀਆਂ ਬਾਹਾਂ ਪ੍ਰਾਰਥਨਾ ਵਿੱਚ ਉਠਾਵਾਂਗਾ। ਤੁਰੰਤ ਹੀ ਗਰਜਨਾ ਅਤੇ ਗੜੇ ਰੁਕ ਜਾਣਗੇ। ਫ਼ੇਰ ਤੈਨੂੰ ਪਤਾ ਲੱਗ ਜਾਵੇਗਾ ਕਿ ਧਰਤੀ ਯਹੋਵਾਹ ਦੀ ਹੈ। 30 ਪਰ ਮੈਂ ਜਾਣਦਾ ਹਾਂ ਕਿ ਤੂੰ ਅਤੇ ਤੇਰੇ ਅਧਿਕਾਰੀ ਅਜੇ ਤੱਕ ਅਸਲ ਵਿੱਚ ਯਹੋਵਾਹ ਤੋਂ ਡਰਦੇ ਤੇ ਉਸਦਾ ਆਦਰ ਨਹੀਂ ਕਰਦੇ।” 31 ਸਣ ਦੇ ਬੀਜ ਪੁੰਗਰ ਚੁੱਕੇ ਸਨ। ਅਤੇ ਜੌ ਪਹਿਲਾਂ ਹੀ ਪਲਰ ਰਹੇ ਸਨ। ਇਸ ਲਈ ਇਹ ਪੌਦੇ ਤਬਾਹ ਹੋ ਗਏ। 32 ਪਰ ਕਣਕ ਦੂਜਿਆਂ ਅਨਾਜਾਂ ਤੋਂ ਪਛੇਤੀ ਪਕਦੀ ਹੈ ਇਸ ਲਈ ਉਸ ਦੇ ਪੌਦੇ ਤਬਾਹ ਨਹੀਂ ਹੋਏ। 33 ਮੂਸਾ ਫ਼ਿਰਊਨ ਨੂੰ ਛੱਡਕੇ ਸ਼ਹਿਰ ਦੇ ਬਾਹਰ ਚਲਾ ਗਿਆ। ਉਸਨੇ ਯਹੋਵਾਹ ਅੱਗੇ ਪ੍ਰਾਰਥਨਾ ਵਿੱਚ ਹੱਥ ਚੁੱਕੇ। ਅਤੇ ਗਰਜ ਅਤੇ ਗੜੇਮਾਰ ਰੁਕ ਗਈ ਅਤੇ ਫ਼ੇਰ ਬਾਰਿਸ਼ ਵੀ ਹਟ ਗਈ। 34 ਜਦੋਂ ਫ਼ਿਰਊਨ ਨੇ ਦੇਖਿਆ ਕਿ ਮੀਂਹ, ਗੜੇਮਾਰ ਅਤੇ ਗਰਜ ਰੁਕ ਗਈ ਹੈ, ਉਸਨੇ ਫ਼ੇਰ ਗਲਤੀ ਕੀਤੀ। ਉਸਨੇ ਤੇ ਉਸਦੇ ਅਧਿਕਾਰੀਆਂ ਨੇ ਫ਼ੇਰ ਜ਼ਿਦ ਫ਼ੜ ਲਈ। 35 ਫ਼ਿਰਊਨ ਨੇ ਇਸਰਾਏਲ ਦੇ ਲੋਕਾਂ ਨੂੰ ਅਜ਼ਾਦੀ ਨਾਲ ਜਾਣ ਨਹੀਂ ਦਿੱਤਾ। ਇਹ ਉਵੇਂ ਹੀ ਵਾਪਰਿਆ ਜਿਵੇਂ ਯਹੋਵਾਹ ਨੇ ਮੂਸਾ ਦੇ ਰਾਹੀਂ ਆਖਿਆ ਸੀ।

Exodus 10

1 ਯਹੋਵਾਹ ਨੇ ਮੂਸਾ ਨੂੰ ਆਖਿਆ, “ਫ਼ਿਰਊਨ ਕੋਲ ਜਾਹ। ਮੈਂ ਉਸਨੂੰ ਅਤੇ ਉਸਦੇ ਅਧਿਕਾਰੀਆਂ ਨੂੰ ਜ਼ਿੱਦੀ ਬਣਾਇਆ ਹੈ। ਮੈਂ ਅਜਿਹਾ ਇਸ ਲਈ ਕੀਤਾ ਤਾਂ ਜੋ ਮੈਂ ਉਨ੍ਹਾਂ ਨੂੰ ਆਪਣੇ ਤਾਕਤਵਰ ਕਰਿਸ਼ਮੇ ਦਿਖਾ ਸਕਾਂ। 2 ਅਜਿਹਾ ਮੈਂ ਇਸ ਲਈ ਵੀ ਕੀਤਾ ਤਾਂ ਜੋ ਤੁਸੀਂ ਆਪਣੇ ਪੁੱਤਾਂ-ਪੋਤਿਆਂ ਨੂੰ ਉਨ੍ਹਾਂ ਕਰਿਸ਼ਮਿਆਂ ਅਤੇ ਕਾਰਨਾਮਿਆਂ ਬਾਰੇ ਦੱਸ ਸਕੋਂ ਜੋ ਮੈਂ ਮਿਸਰ ਵਿੱਚ ਕੀਤੇ ਹਨ। ਫ਼ੇਰ ਤੁਸੀਂ ਸਾਰੇ ਜਾਣ ਜਾਵੋਂਗੇ ਕਿ ਮੈਂ ਯਹੋਵਾਹ ਹਾਂ।” 3 ਇਸ ਲਈ ਮੂਸਾ ਤੇ ਹਾਰੂਨ ਫ਼ਿਰਊਨ ਵੱਲ ਗਏ। ਉਨ੍ਹਾਂ ਨੇ ਉਸਨੂੰ ਆਖਿਆ, “ਇਬਰਾਨੀ ਲੋਕਾਂ ਦਾ ਯਹੋਵਾਹ ਪਰਮੇਸ਼ੁਰ ਆਖਦਾ ਹੈ, ‘ਕਿੰਨਾ ਚਿਰ ਤੱਕ ਤੁਸੀਂ ਮੇਰਾ ਹੁਕਮ ਮੰਨਣ ਤੋਂ ਇਨਕਾਰ ਕਰੋਂਗੇ? ਮੇਰੇ ਲੋਕਾਂ ਨੂੰ ਮੇਰੀ ਉਪਾਸਨਾ ਕਰਨ ਲਈ ਜਾਣ ਦਿਉ। 4 ਜੇ ਤੁਸੀਂ ਮੇਰੇ ਲੋਕਾਂ ਨੂੰ ਨਹੀਂ ਜਾਣ ਦਿਉਂਗੇ ਤਾਂ ਮੈਂ ਕਲ ਨੂੰ ਤੁਹਾਡੇ ਦੇਸ਼ ਉੱਤੇ ਟਿੱਡੀ ਦਲ ਛੱਡਾਂਗਾ। 5 ਟਿੱਡੀਆਂ ਸਾਰੀ ਧਰਤੀ ਤੇ ਫ਼ੈਲ ਜਾਣਗੀਆਂ। ਟਿੱਡੀਆਂ ਇੰਨੀਆਂ ਹੋਣਗੀਆਂ ਕਿ ਤੁਹਾਨੂੰ ਜ਼ਮੀਨ ਨਜ਼ਰ ਨਹੀਂ ਆਵੇਗੀ। ਜੋ ਕੁਝ ਵੀ ਗੜੇਮਾਰ ਤੋਂ ਬਚ ਗਿਆ ਸੀ ਉਸਨੂੰ ਟਿੱਡੀਆਂ ਖਾ ਜਾਣਗੀਆਂ। ਟਿੱਡੀਆਂ ਖੇਤਾਂ ਵਿਚਲੇ ਹਰ ਰੁਖ ਦੇ ਪੱਤੇ ਖਾ ਜਾਣਗੀਆਂ। 6 ਟਿੱਡੀਆਂ ਤੁਹਾਡੇ ਘਰਾਂ, ਤੁਹਾਡੇ ਅਧਿਕਾਰੀਆਂ ਦੇ ਘਰਾਂ, ਅਤੇ ਮਿਸਰ ਦੇ ਸਾਰੇ ਘਰਾਂ ਵਿੱਚ ਹੋਣਗੀਆਂ। ਉਹ ਇੰਨੀਆਂ ਜ਼ਿਆਦਾ ਹੋਣਗੀਆਂ ਕਿ ਤੁਹਾਡੇ ਪਿਉ-ਦਾਦਿਆਂ ਨੇ ਕਦੇ ਵੀ ਟਿੱਡੀਆਂ ਦੀ ਇੰਨੀ ਵੱਡੀ ਤੌਣ ਨਹੀਂ ਵੇਖੀ ਹੋਵੇਗੀ ਜਦੋਂ ਤੋਂ ਕਿ ਮਿਸਰੀ ਇੱਥੇ ਵਸੇ ਹਨ।’” ਫ਼ੇਰ ਮੂਸਾ ਫ਼ਿਰਊਨ ਤੋਂ ਪਰ੍ਹਾਂ ਮੁੜਿਆ ਅਤੇ ਚਲਾ ਗਿਆ। 7 ਤਾਂ ਅਧਿਕਾਰੀਆਂ ਨੇ ਫ਼ਿਰਊਨ ਨੂੰ ਪੁਛਿਆ, “ਕਿੰਨਾ ਕੁ ਚਿਰ ਤੱਕ ਅਸੀਂ ਇਨ੍ਹਾਂ ਲੋਕਾਂ ਦੇ ਜਾਲ ਵਿੱਚ ਫ਼ਸੇ ਰਹਾਂਗੇ। ਇਨ੍ਹਾਂ ਆਦਮੀਆਂ ਨੂੰ ਜਾਕੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਪਾਸਨਾ ਕਰਨ ਦਿਓ। ਜੇ ਤੁਸੀਂ ਉਨ੍ਹਾਂ ਨੂੰ ਨਹੀਂ ਜਾਣ ਦਿਉਂਗੇ ਤਾਂ ਤੁਹਾਨੂੰ ਪਤਾ ਲੱਗਣ ਤੋਂ ਪਹਿਲਾਂ ਹੀ ਮਿਸਰ ਤਬਾਹ ਹੋ ਜਾਵੇਗਾ।” 8 ਇਸ ਲਈ ਫ਼ਿਰਊਨ ਨੇ ਆਪਣੇ ਅਧਿਕਾਰੀਆਂ ਨੂੰ ਮੂਸਾ ਤੇ ਹਾਰੂਨ ਨੂੰ ਆਪਣੇ ਕੋਲ ਵਾਪਸ ਲਿਆਉਣ ਲਈ ਆਖਿਆ। ਫ਼ਿਰਊਨ ਨੇ ਉਨ੍ਹਾਂ ਨੂੰ ਆਖਿਆ, “ਜਾਓ ਜਾਕੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਪਾਸਨਾ ਕਰੋ। ਪਰ ਮੈਨੂੰ ਇਹ ਦੱਸੋ ਕਿ ਕੌਣ-ਕੌਣ ਜਾ ਰਿਹਾ ਹੈ?” 9 ਮੂਸਾ ਨੇ ਜਵਾਬ ਦਿੱਤਾ, “ਸਾਡੇ ਸਾਰੇ ਲੋਕ, ਜੁਆਨ ਤੇ ਬੁਢੇ, ਜਾਣਗੇ। ਅਤੇ ਆਪਣੇ ਪੁੱਤਾਂ-ਧੀਆਂ ਅਤੇ ਆਪਣੀਆਂ ਭੇਡਾਂ ਤੇ ਪਸ਼ੂਆਂ ਨੂੰ ਨਾਲ ਲੈ ਜਾਣਗੇ। ਅਸੀਂ ਸਾਰੇ ਹੀ ਜਾਵਾਂਗੇ ਕਿਉਂਕਿ ਯਹੋਵਾਹ ਦੀ ਦਾਵਤ ਸਾਡੇ ਸਾਰਿਆਂ ਵਾਸਤੇ ਹੈ।” 10 ਫ਼ਿਰਊਨ ਨੇ ਉਨ੍ਹਾਂ ਨੂੰ ਆਖਿਆ, “ਯਹੋਵਾਹ ਨੂੰ ਸੱਚਮੁਚ ਤੁਹਾਡੇ ਅੰਗ-ਸੰਗ ਹੋਣਾ ਪਵੇਗਾ, ਇਸਤੋਂ ਪਹਿਲਾਂ ਕਿ ਮੈਂ ਤੁਹਾਨੂੰ ਅਤੇ ਤੁਹਾਡੇ ਬੱਚਿਆਂ ਨੂੰ ਮਿਸਰ ਛੱਡ ਜਾਣ ਦੀ ਇਜਾਜ਼ਤ ਦਿਆਂ। ਤੁਸੀਂ ਕਿਸੇ ਦੁਸ਼ਟ ਗੱਲ ਦੀ ਯੋਜਨਾ ਬਣਾ ਰਹੇ ਲੱਗਦੇ ਹੋ। 11 ਆਦਮੀ ਜਾਕੇ ਯਹੋਵਾਹ ਦੀ ਉਪਾਸਨਾ ਕਰ ਸਕਦੇ ਹਨ। ਇਹੀ ਸੀ ਜੋ ਤੁਸੀਂ ਸ਼ੁਰੂ ਵਿੱਚ ਮੰਗਿਆ ਸੀ। ਪਰ ਤੁਹਾਡੇ ਸਾਰੇ ਲੋਕ ਨਹੀਂ ਜਾ ਸਕਦੇ।” ਫ਼ੇਰ ਫ਼ਿਰਊਨ ਨੇ ਮੂਸਾ ਤੇ ਹਾਰੂਨ ਨੂੰ ਵਾਪਸ ਤੋਰ ਦਿੱਤਾ। 12 ਯਹੋਵਾਹ ਨੇ ਮੂਸਾ ਨੂੰ ਆਖਿਆ, “ਮਿਸਰ ਦੀ ਧਰਤੀ ਉੱਪਰ ਆਪਣਾ ਹੱਥ ਉਠਾ ਅਤੇ ਟਿੱਡੀ ਦਲ ਆ ਜਾਵੇਗਾ। ਟਿੱਡੀਆਂ ਮਿਸਰ ਦੀ ਧਰਤੀ ਉੱਤੇ ਫ਼ੈਲ ਜਾਣਗੀਆਂ। ਟਿੱਡੀਆਂ ਉਹ ਸਾਰੇ ਪੌਦੇ ਖਾ ਜਾਣਗੀਆਂ ਜਿਹੜੇ ਗੜਿਆਂ ਨੇ ਤਬਾਹ ਕੀਤੇ ਸਨ।” 13 ਇਸ ਲਈ ਮੂਸਾ ਨੇ ਆਪਣੀ ਸੋਟੀ ਮਿਸਰ ਦੀ ਧਰਤੀ ਉੱਪਰ ਉਠਾਈ ਅਤੇ ਯਹੋਵਾਹ ਨੇ ਪੂਰਬ ਵੱਲੋਂ ਤੇਜ਼ ਹਵਾ ਵਗਾਈ। ਹਵਾ ਸਾਰਾ ਦਿਨ ਤੇ ਸਾਰੀ ਰਾਤ ਵਗਦੀ ਰਹੀ। ਜਦੋਂ ਸਵੇਰ ਹੋਈ ਹਵਾ ਮਿਸਰ ਦੀ ਧਰਤੀ ਉੱਪਰ ਟਿੱਡੀਆਂ ਲੈ ਆਈ। 14 ਟਿੱਡੀਆਂ ਉੱਡਕੇ ਮਿਸਰ ਦੇ ਦੇਸ਼ ਵਿੱਚ ਆ ਗਈਆਂ ਅਤੇ ਧਰਤੀ ਤੇ ਬੈਠ ਗਈਆਂ। ਇੰਨੀਆਂ ਟਿੱਡੀਆਂ ਮਿਸਰ ਵਿੱਚ ਕਦੇ ਨਹੀਂ ਦੇਖੀਆਂ ਗਈਆਂ ਸਨ। ਅਤੇ ਇੰਨੀਆਂ ਟਿੱਡੀਆਂ ਫ਼ੇਰ ਕਦੇ ਵੀ ਨਹੀਂ ਹੋਣਗੀਆਂ। 15 ਟਿੱਡੀਆਂ ਨੇ ਸਾਰੀ ਜ਼ਮੀਨ ਢਕ ਦਿੱਤੀ ਅਤੇ ਸਾਰੇ ਦੇਸ਼ ਅੰਦਰ ਹਨੇਰਾ ਛਾ ਗਿਆ। ਟਿੱਡੀਆਂ ਨੇ ਧਰਤੀ ਦਾ ਹਰ ਪੌਦਾ ਅਤੇ ਰੁਖਾਂ ਦਾ ਹਰ ਉਹ ਫ਼ਲ ਖਾ ਲਿਆ ਜਿਹੜਾ ਗੜਿਆਂ ਨੇ ਤਬਾਹ ਨਹੀਂ ਕੀਤਾ ਸੀ। ਮਿਸਰ ਵਿੱਚ ਕਿਧਰੇ ਵੀ ਰੁਖਾਂ ਜਾਂ ਪੌਦਿਆਂ ਉੱਤੇ ਪੱਤੇ ਨਹੀਂ ਬਚੇ। 16 ਫ਼ਿਰਊਨ ਨੇ ਛੇਤੀ ਨਾਲ ਮੂਸਾ ਅਤੇ ਹਾਰੂਨ ਨੂੰ ਬੁਲਾਇਆ। ਫ਼ਿਰਊਨ ਨੇ ਆਖਿਆ, “ਮੈਂ ਯਹੋਵਾਹ ਤੁਹਾਡੇ ਪਰਮੇਸ਼ੁਰ ਅਤੇ ਤੁਹਾਡੇ ਖਿਲਾਫ਼ ਪਾਪ ਕੀਤਾ ਹੈ। 17 ਹੁਣ ਇਸ ਵਾਰੀ ਮੈਨੂੰ ਮੇਰੇ ਪਾਪਾਂ ਲਈ ਮਾਫ਼ੀ ਦਿਓ। ਯਹੋਵਾਹ ਨੂੰ ਆਖੋ ਕਿ ਇਸ ਮੌਤ (ਟਿੱਡੀ ਦਲ) ਨੂੰ ਮੇਰੇ ਕੋਲੋਂ ਦੂਰ ਕਰ ਦੇਵੇ।” 18 ਮੂਸਾ ਫ਼ਿਰਊਨ ਕੋਲੋਂ ਚਲਾ ਗਿਆ ਅਤੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ। 19 ਇਸ ਲਈ ਯਹੋਵਾਹ ਨੇ ਹਵਾ ਦਾ ਰੁਖ ਮੋੜ ਦਿੱਤਾ। ਯਹੋਵਾਹ ਨੇ ਪਛਮ ਵੱਲੋਂ ਬਹੁਤ ਤੇਜ਼ ਹਵਾ ਵਗਾਈ ਅਤੇ ਇਹ ਟਿੱਡੀਆਂ ਨੂੰ ਮਿਸਰ ਤੋਂ ਉਡਾਕੇ ਲਾਲ ਸਾਗਰ ਵਿੱਚ ਲੈ ਗਈ। ਮਿਸਰ ਵਿੱਚ ਇੱਕ ਵੀ ਟਿੱਡੀ ਨਹੀਂ ਬਚੀ। 20 ਪਰ ਯਹੋਵਾਹ ਨੇ ਫ਼ਿਰਊਨ ਨੂੰ ਫ਼ੇਰ ਜ਼ਿੱਦੀ ਬਣਾ ਦਿੱਤਾ। ਅਤੇ ਫ਼ਿਰਊਨ ਨੇ ਇਸਰਾਏਲ ਦੇ ਲੋਕਾਂ ਨੂੰ ਜਾਣ ਨਹੀਂ ਦਿੱਤਾ। 21 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਆਪਣਾ ਹੱਥ ਹਵਾ ਵਿੱਚ ਉਠਾ ਅਤੇ ਮਿਸਰ ਵਿੱਚ ਹਨੇਰਾ ਛਾ ਜਾਵੇਗਾ। ਇਹ ਇੰਨਾ ਘੁੱਪ ਹਨੇਰਾ ਹੋਵੇਗਾ ਕਿ ਤੁਸੀਂ ਇਸਨੂੰ ਮਹਿਸੂਸ ਕਰ ਸਕੋਂਗੇ।” 22 ਇਸ ਲਈ ਮੂਸਾ ਨੇ ਹਵਾ ਵਿੱਚ ਆਪਣਾ ਹੱਥ ਉਠਾਇਆ ਅਤੇ ਹਨੇਰੇ ਦੇ ਇੱਕ ਬੱਦਲ ਨੇ ਮਿਸਰ ਨੂੰ ਢਕ ਲਿਆ। ਹਨੇਰਾ ਮਿਸਰ ਵਿੱਚ ਤਿੰਨ ਦਿਨ ਰਿਹਾ। 23 ਕੋਈ ਵੀ ਬੰਦਾ ਇੱਕ ਦੂਜੇ ਨੂੰ ਨਹੀਂ ਦੇਖ ਸਕਦਾ ਸੀ। ਅਤੇ ਕੋਈ ਵੀ ਤਿੰਨ ਦਿਨਾਂ ਤੱਕ ਉਠਕੇ ਕਿਸੇ ਥਾਂ ਨਹੀਂ ਗਿਆ। ਪਰ ਜਿਨ੍ਹਾਂ ਥਾਵਾਂ ਉੱਤੇ ਇਸਰਾਏਲ ਦੇ ਲੋਕ ਰਹਿੰਦੇ ਸਨ ਓਥੇ ਰੌਸ਼ਨੀ ਸੀ। 24 ਫ਼ਿਰਊਨ ਨੇ ਮੂਸਾ ਨੂੰ ਫ਼ੇਰ ਬੁਲਾਇਆ। ਫ਼ਿਰਊਨ ਨੇ ਆਖਿਆ, “ਜਾਓ ਅਤੇ ਆਪਣੇ ਯਹੋਵਾਹ ਦੀ ਉਪਾਸਨਾ ਕਰੋ। ਤੁਸੀਂ ਆਪਣੇ ਬੱਚੇ ਆਪਣੇ ਨਾਲ ਲਿਜਾ ਸਕਦੇ ਹੋ। ਪਰ ਤੁਹਾਨੂੰ ਆਪਣੀਆਂ ਭੇਡਾਂ ਤੇ ਪਸ਼ੂ ਇੱਥੇ ਹੀ ਛੱਡਣੇ ਪੈਣਗੇ।” 25 ਮੂਸਾ ਨੇ ਆਖਿਆ, “ਨਾ ਸਿਰਫ਼ ਅਸੀਂ ਆਪਣੀਆਂ ਭੇਡਾਂ ਅਤੇ ਪਸ਼ੂ ਹੀ ਆਪਣੇ ਨਾਲ ਲੈ ਜਾਵਾਂਗੇ, ਸਗੋਂ ਜਦੋਂ ਅਸੀਂ ਜਾਵਾਂਗੇ, ਤੁਸੀਂ ਸਾਨੂੰ ਭੇਟਾ ਤੇ ਬਲੀਆਂ ਵੀ ਦੇਵੋਂਗੇ। 26 ਹਾਂ, ਅਸੀਂ ਆਪਣੇ ਯਹੋਵਾਹ ਦੀ ਉਪਾਸਨਾ ਲਈ ਆਪਣੇ ਪਸ਼ੂ ਆਪਣੇ ਨਾਲ ਲੈ ਜਾਵਾਂਗੇ। ਕੋਈ ਖੁਰ ਵੀ ਪਿਛੇ ਨਹੀਂ ਛੱਡਿਆ ਜਾਵੇਗਾ। ਹਾਲੇ ਤੱਕ ਸਾਨੂੰ ਪੱਕਾ ਪਤਾ ਨਹੀਂ ਕਿ ਯਹੋਵਾਹ ਦੀ ਉਪਾਸਨਾ ਲਈ ਸਾਨੂੰ ਕੀ ਕੁਝ ਚਾਹੀਦਾ ਹੋਵੇਗਾ। ਇਸਦਾ ਸਾਨੂੰ ਉਦੋਂ ਹੀ ਪਤਾ ਚੱਲੇਗਾ ਜਦੋਂ ਅਸੀਂ ਉਥੇ ਜਾਵਾਂਗੇ ਜਿਥੇ ਅਸੀਂ ਜਾ ਰਹੇ ਹਾਂ। ਇਸ ਲਈ ਸਾਨੂੰ ਇਹ ਸਾਰੀਆਂ ਚੀਜ਼ਾਂ ਆਪਣੇ ਲਈ ਲਿਜਾਣੀਆਂ ਪੈਣਗੀਆਂ।” 27 ਯਹੋਵਾਹ ਨੇ ਫ਼ਿਰਊਨ ਨੂੰ ਫ਼ੇਰ ਜ਼ਿੱਦੀ ਬਣਾ ਦਿੱਤਾ। ਇਸ ਲਈ ਫ਼ਿਰਊਨ ਨੇ ਉਨ੍ਹਾਂ ਨੂੰ ਜਾਣ ਨਹੀਂ ਦਿੱਤਾ। 28 ਤਾਂ ਫ਼ਿਰਊਨ ਨੇ ਮੂਸਾ ਨੂੰ ਆਖਿਆ, “ਇਥੋਂ ਚਲਿਆ ਜਾਹ। ਮੈਂ ਨਹੀਂ ਚਾਹੁੰਦਾ ਕਿ ਤੂੰ ਫ਼ੇਰ ਇੱਥੇ ਆਵੇਂ। ਅਗਲੀ ਵਾਰ ਜਦੋਂ ਤੂੰ ਮਿਲਣ ਆਵੇਂਗਾ, ਤੂੰ ਮਾਰਿਆ ਜਾਵੇਂਗਾ।” 29 ਤਾਂ ਮੂਸਾ ਨੇ ਫ਼ਿਰਊਨ ਨੂੰ ਆਖਿਆ, “ਤੂੰ ਇੱਕ ਗੱਲ ਬਾਰੇ ਬਿਲਕੁਲ ਠੀਕ ਹੈਂ। ਮੈਂ ਦੋਬਾਰਾ ਤੈਨੂੰ ਮਿਲਣ ਨਹੀਂ ਆਵਾਂਗਾ।”

Exodus 11

1 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਮੇਰੇ ਕੋਲ ਫ਼ਿਰਊਨ ਅਤੇ ਮਿਸਰ ਉੱਪਰ ਲਿਆਉਣ ਲਈ ਇੱਕ ਹੋਰ ਸੰਕਟ ਹੈ। ਇਸਤੋਂ ਬਾਦ ਉਹ ਤੁਹਾਨੂੰ ਮਿਸਰ ਤੋਂ ਬਾਹਰ ਭੇਜ ਦੇਵੇਗਾ। ਅਸਲ ਵਿੱਚ ਉਹ ਤੁਹਾਨੂੰ ਇਹ ਦੇਸ਼ ਛੱਡਣ ਲਈ ਮਜ਼ਬੂਰ ਕਰੇਗਾ। 2 ਤੁਹਾਨੂੰ ਚਾਹੀਦਾ ਹੈ ਕਿ ਇਸਰਾਏਲ ਦੇ ਲੋਕਾਂ ਨੂੰ ਇਹ ਸੰਦੇਸ਼ ਦੇਵੋ; ‘ਆਦਮੀਓ ਅਤੇ ਔਰਤੋਂ, ਤੁਹਾਨੂੰ ਚਾਹੀਦਾ ਹੈ ਕਿ ਆਪਣੇ ਗੁਆਂਢੀਆਂ ਪਾਸੋਂ ਸੋਨਾ ਚਾਂਦੀ ਦੀਆਂ ਬਣੀਆਂ ਚੀਜ਼ਾਂ ਮੰਗੋ। 3 ਯਹੋਵਾਹ ਮਿਸਰੀਆਂ ਨੂੰ ਤੁਹਾਡੇ ਵੱਲ ਮਿਹਰਬਾਨ ਬਣਾ ਦੇਵੇਗਾ। ਮਿਸਰੀ, ਫ਼ਿਰਊਨ ਦੇ ਅਧਿਕਾਰੀ ਵੀ ਮੂਸਾ ਨੂੰ ਮਹਾਨ ਆਦਮੀ ਸਮਝਦੇ ਹਨ।”‘ 4 ਮੂਸਾ ਨੇ ਲੋਕਾਂ ਨੂੰ ਆਖਿਆ, “ਯਹੋਵਾਹ ਆਖਦਾ ਹੈ, ‘ਅੱਜ ਅਧੀ ਰਾਤ ਨੂੰ, ਮੈਂ ਮਿਸਰ ਵਿੱਚੋਂ ਲੰਘਾਂਗਾ, 5 ਅਤੇ ਮਿਸਰ ਵਿੱਚ ਜਨਮਿਆ ਹਰ ਪਲੇਠਾ ਪੁੱਤ, ਮਿਸਰ ਦੇ ਹਾਕਮ, ਫ਼ਿਰਊਨ ਦੇ ਪਲੇਠੇ ਪੁੱਤਰ ਤੋਂ ਲੈਕੇ, ਅਨਾਜ਼ ਪੀਹਣ ਵਾਲੀ ਗੁਲਾਮ ਔਰਤ ਦੇ ਪਲੇਠੇ ਪੁੱਤਰ ਤੱਕ, ਮਰ ਜਾਣਗੇ। 6 ਮਿਸਰ ਵਿੱਚ ਪੈਣ ਵਾਲੇ ਵੈਣ ਇਨੇ ਭੈੜੇ ਹੋਣਗੇ ਕਿ ਪਹਿਲਾਂ ਕਦੇ ਨਹੀਂ ਪਏ ਹੋਣਗੇ। ਅਤੇ ਇਹ ਭਵਿੱਖ ਵਿੱਚ ਪੈਣ ਵਾਲੇ ਵੈਣਾਂ ਤੋਂ ਵੀ ਭੈੜੇ ਹੋਣਗੇ। 7 ਪਰ ਇਸਰਾਏਲ ਦੇ ਲੋਕਾਂ ਵਿੱਚੋਂ ਕਿਸੇ ਨੂੰ ਵੀ ਕੋਈ ਨੁਕਸਾਨ ਨਹੀਂ ਹੋਵੇਗਾ - ਉਨ੍ਹਾਂ ਉੱਤੇ ਕੋਈ ਕੁਤਾ ਵੀ ਨਹੀਂ ਭੌਕੇਗਾ। ਇਸਰਾਏਲ ਦੇ ਕਿਸੇ ਬੰਦੇ ਜਾਂ ਉਨ੍ਹਾਂ ਦੇ ਕਿਸੇ ਜਾਨਵਰ ਦਾ ਕੋਈ ਨੁਕਸਾਨ ਨਹੀਂ ਹੋਵੇਗਾ। ਇਸ ਤਰ੍ਹਾਂ ਤੁਸੀਂ ਜਾਣ ਜਾਵੋਂਗੇ ਕਿ ਮੈਂ ਇਸਰਾਏਲ ਨਾਲ ਮਿਸਰ ਨਾਲੋਂ ਵਖਰਾ ਵਰਤਾਉ ਕੀਤਾ ਹੈ। 8 ਤੇਰੇ ਇਹ ਸਾਰੇ ਗੁਲਾਮ (ਮਿਸਰੀ), ਥੱਲੇ ਝੁਕਕੇ ਮੇਰੀ ਉਪਾਸਨਾ ਕਰਨਗੇ। ਉਹ ਆਖਣਗੇ, “ਜਾ, ਅਤੇ ਆਪਣੇ ਸਾਰੇ ਲੋਕਾਂ ਨੂੰ ਆਪਣੇ ਨਾਲ ਲੈ ਜਾ।” ਇਸਤੋਂ ਮਗਰੋਂ ਮੈਂ ਬਾਹਰ ਜਾਵਾਂਗਾ। ਫ਼ੇਰ ਮੂਸਾ ਬਹੁਤ ਜ਼ਿਆਦਾ ਗੁੱਸੇ ਵਿੱਚ ਫ਼ਿਰਊਨ ਕੋਲੋਂ ਚਲਿਆ ਗਿਆ।’” 9 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਫ਼ਿਰਊਨ ਨੇ ਤੇਰੀ ਗੱਲ ਨਹੀਂ ਸੁਣੀ। ਤਾਂ ਜੋ ਮੈਂ ਆਪਣੀ ਮਹਾਨ ਸ਼ਕਤੀ ਮਿਸਰ ਵਿੱਚ ਦਰਸ਼ਾ ਸਕਾਂ।” 10 ਇਹੀ ਕਾਰਣ ਹੈ ਕਿ ਮੂਸਾ ਅਤੇ ਹਾਰੂਨ ਨੇ ਫ਼ਿਰਊਨ ਦੇ ਸਾਮ੍ਹਣੇ ਇਹ ਸਾਰੇ ਮਹਾਨ ਕਰਿਸ਼ਮੇ ਕੀਤੇ। ਅਤੇ ਇਹੀ ਕਾਰਣ ਹੈ ਕਿ ਯਹੋਵਾਹ ਨੇ ਫ਼ਿਰਊਨ ਨੂੰ ਇੰਨਾ ਜ਼ਿੱਦੀ ਬਣਾਇਆ ਕਿ ਉਹ ਇਸਰਾਏਲ ਦੇ ਲੋਕਾਂ ਨੂੰ ਆਪਣਾ ਦੇਸ਼ ਛੱਡਣ ਨਹੀਂ ਸੀ ਦਿੰਦਾ।

Exodus 12

1 ਜਦੋਂ ਹਾਲੇ ਮੂਸਾ ਤੇ ਹਾਰੂਨ ਮਿਸਰ ਵਿੱਚ ਹੀ ਸਨ, ਯਹੋਵਾਹ ਨੇ ਉਨ੍ਹਾਂ ਨਾਲ ਗੱਲ ਕੀਤੀ। ਯਹੋਵਾਹ ਨੇ ਆਖਿਆ, 2 “ਇਹ ਮਹੀਨਾ ਤੁਹਾਡੇ ਲਈ ਸਾਲ ਦਾ ਪਹਿਲਾ ਮਹੀਨਾ ਹੋਵੇਗਾ। 3 ਇਸਰਾਏਲ ਦੇ ਸਾਰੇ ਬਾਈਚਾਰੇ ਨੂੰ ਦੱਸ; ‘ਇਸ ਮਹੀਨੇ ਦੇ ਦਸਵੇਂ ਦਿਨ, ਹਰੇਕ ਵਿਅਕਤੀ ਨੂੰ ਆਪਣੇ ਪਰਿਵਾਰ ਲਈ ਇੱਕ ਲੇਲਾ ਲਿਆਉਣ ਪਵੇਗਾ, ਘਰ ਦੇ ਹਰ ਜਣੇ ਲਈ ਇੱਕ ਲੇਲਾ। 4 ਜੇ ਉਸਦੇ ਘਰ ਵਿੱਚ ਪੂਰਾ ਲੇਲਾ ਖਾ ਸਕਣ ਵਾਲੇ ਕਾਫ਼ੀ ਬੰਦੇ ਨਹੀਂ ਹਨ ਤਾਂ ਉਸਨੂੰ ਭੋਜਨ ਸਾਂਝਾ ਕਰਨ ਲਈ ਕੁਝ ਗੁਆਂਢੀਆਂ ਨੂੰ ਸੱਦਾ ਦੇਣਾ ਚਾਹੀਦਾ ਹੈ। ਹਰੇਕ ਦੇ ਖਾਣ ਲਈ ਲੇਲਾ ਕਾਫ਼ੀ ਹੋਣਾ ਚਾਹੀਦਾ ਹੈ। 5 ਲੇਲਾ ਇੱਕ ਸਾਲ ਦਾ ਹੋਣਾ ਚਾਹੀਦਾ ਹੈ ਇਸਨੂੰ ਪੂਰਾ ਸਿਹਤਮੰਦ ਹੋਣਾ ਚਾਹੀਦਾ ਹੈ। ਇਹ ਜਾਨਵਰ ਜੁਆਨ ਭੇਡੂ ਜਾਂ ਜੁਆਨ ਬਕਰਾ ਹੋ ਸਕਦਾ ਹੈ। 6 ਤੁਹਾਨੂੰ ਮਹੀਨੇ ਦੇ ਚੌਦਵੇਂ ਦਿਨ ਤੱਕ ਜਾਨਵਰ ਦੀ ਦੇਖ ਭਾਲ ਕਰਨੀ ਚਾਹੀਦੀ ਹੈ। ਉਸ ਦਿਨ, ਇਸਰਾਏਲ ਦੇ ਭਾਈਚਾਰੇ ਦੇ ਸਮੂਹ ਲੋਕਾਂ ਨੂੰ ਇਨ੍ਹਾਂ ਜਾਨਵਰਾਂ ਨੂੰ ਉਦੋਂ ਮਾਰਨਾ ਚਾਹੀਦਾ ਜਦੋਂ ਸੂਰਜ ਛੁਪ ਰਿਹਾ ਹੋਵੇ। 7 ਤੁਹਾਨੂੰ ਚਾਹੀਦਾ ਹੈ ਕਿ ਇਨ੍ਹਾਂ ਜਾਨਵਰਾਂ ਦਾ ਖੂਨ ਇਕੱਠਾ ਕਰੋ। ਇਸ ਖੂਨ ਨੂੰ ਉਨ੍ਹਾਂ ਘਰਾਂ ਦੀਆਂ ਚੁਗਾਠਾਂ ਦੇ ਉੱਪਰ ਅਤੇ ਪਾਸਿਆਂ ਉੱਤੇ ਮਲਣਾ ਚਾਹੀਦਾ ਹੈ, ਜਿਥੇ ਲੋਕ ਇਹ ਭੋਜਣ ਖਾਣ। 8 “ਇਸ ਰਾਤ ਨੂੰ ਤੁਹਾਨੂੰ ਚਾਹੀਦਾ ਹੈ ਕਿ ਲੇਲੇ ਨੂੰ ਭੁਨੋ ਅਤੇ ਸਾਰਾ ਮਾਸ ਖਾ ਲਵੋ। ਤੁਹਾਨੂੰ ਕੌੜੀਆਂ ਬੂਟੀਆਂ ਅਤੇ ਪਤੀਰੀ ਰੋਟੀ ਵੀ ਖਾਣੀ ਚਾਹੀਦੀ ਹੈ। 9 ਤੁਹਾਨੂੰ ਚਾਹੀਦਾ ਹੈ ਕਿ ਲੇਲੇ ਨੂੰ ਪਾਣੀ ਵਿੱਚ ਨਾ ਉਬਾਲੋ। ਪੂਰੇ ਲੇਲੇ ਨੂੰ ਅੱਗ ਉੱਤੇ ਭੁਂਨੋ। ਹਾਲੇ ਤੱਕ ਲੇਲੇ ਦੀ ਸਿਰੀ, ਲੱਤਾਂ ਅਤੇ ਅੰਦਰਲੇ ਹਿੱਸੇ ਪੂਰੇ ਹੋਣੇ ਚਾਹੀਦੇ ਹਨ। 10 ਤੁਹਾਨੂੰ ਉਹ ਸਾਰਾ ਮਾਸ ਉਸੇ ਰਾਤ ਖਾਣਾ ਚਾਹੀਦਾ ਹੈ। ਜੇ ਕੁਝ ਮਾਸ ਸਵੇਰ ਲਈ ਬਚ ਜਾਵੇ ਤਾਂ ਉਸਨੂੰ ਅੱਗ ਵਿੱਚ ਸਾੜ ਦੇਣਾ ਚਾਹੀਦਾ ਹੈ। 11 “ਜਦੋਂ ਤੁਸੀਂ ਭੋਜਨ ਕਰੋ, ਤਾਂ ਤੁਹਾਨੂੰ ਪੂਰੀ ਤਰ੍ਹਾਂ ਤਿਆਰ ਹੋਣਾ ਚਾਹੀਦਾ ਹੈ ਜਿਵੇਂ ਤੁਸੀਂ ਸਫ਼ਰ ਤੇ ਜਾ ਰਹੇ ਹੋਵੋਂ। ਤੁਹਾਡੇ ਪੈਰੀਂ ਜੁੱਤੀ ਹੋਣੀ ਚਾਹੀਦੀ ਹੈ ਅਤੇ ਹੱਥ ਵਿੱਚ ਸੋਟੀ ਹੋਣੀ ਚਾਹੀਦੀ ਹੈ। ਤੁਹਾਨੂੰ ਕਾਹਲੀ ਨਾਲ ਭੋਜਨ ਕਰਨਾ ਚਾਹੀਦਾ ਹੈ। ਕਿਉਂ ਕਿ ਇਹ ਯਹੋਵਾਹ ਦੇ ਪਸਾਹ ਦਾ ਭੋਜਨ ਹੈ - ਉਸ ਵੇਲੇ ਦਾ ਜਦੋਂ ਯਹੋਵਾਹ ਨੇ ਆਪਣੇ ਲੋਕਾਂ ਦੀ ਰੱਖਿਆ ਕੀਤੀ ਅਤੇ ਛੇਤੀ ਨਾਲ ਉਨ੍ਹਾਂ ਨੂੰ ਮਿਸਰ ਵਿੱਚੋਂ ਬਾਹਰ ਲੈ ਗਿਆ। 12 “ਅੱਜ ਰਾਤ ਨੂੰ ਮੈਂ ਮਿਸਰ ਵਿੱਚੋਂ ਲੰਘਾਂਗਾ ਅਤੇ ਮਿਸਰ ਦੇ ਹਰ ਆਦਮੀ ਅਤੇ ਪਸ਼ੂ ਦੀ ਪਲੇਠੀ ਸੰਤਾਨ ਨੂੰ ਮਾਰ ਦਿਆਂਗਾ। ਇਸ ਤਰ੍ਹਾਂ ਨਾਲ ਮੈਂ ਮਿਸਰ ਦੇ ਸਾਰੇ ਦੇਵਤਿਆਂ ਦਾ ਨਿਰਣਾ ਕਰਾਂਗਾ। ਮੈਂ ਦਰਸਾ ਦਿਆਂਗਾ ਕਿ ਮੈਂ ਯਹੋਵਾਹ ਹਾਂ। 13 ਪਰ ਤੁਹਾਡੇ ਘਰਾਂ ਉੱਤੇ ਖੂਨ, ਖਾਸ ਨਿਸ਼ਾਨ ਹੋਵੇਗਾ। ਜਦੋਂ ਮੈਂ ਖੂਨ ਨੂੰ ਦੇਖਾਂਗਾ ਤਾਂ ਮੈਂ ਤੁਹਾਡੇ ਘਰ ਨੂੰ ਲੰਘ ਜਾਵਾਂਗਾ। ਮੈਂ ਮਿਸਰ ਦੇ ਲੋਕਾਂ ਉਤੇ ਮੁਸੀਬਤਾਂ ਸੁੱਟਾਂਗਾ। ਪਰ ਉਨ੍ਹਾਂ ਵਿੱਚੋਂ ਕੋਈ ਵੀ ਭੈੜੀ ਬਿਮਾਰੀ ਤੁਹਾਨੂੰ ਨਹੀਂ ਲੱਗੇਗੀ। 14 “ਇਸ ਲਈ ਤੁਸੀਂ ਹਮੇਸ਼ਾ ਅੱਜ ਦੀ ਰਾਤ ਨੂੰ ਚੇਤੇ ਰਖੋਂਗੇ - ਇਹ ਤੁਹਾਡੇ ਲਈ ਛੁੱਟੀ ਦਾ ਖਾਸ ਦਿਨ ਹੋਵੇਗਾ। ਤੁਹਾਡੇ ਉੱਤਰਾਧਿਕਾਰੀ ਇਸ ਛੁੱਟੀ ਨਾਲ ਯਹੋਵਾਹ ਦਾ ਹਮੇਸ਼ਾ ਆਦਰ ਕਰਨਗੇ। 15 ਇਸ ਛੁੱਟੀ ਤੇ, ਤੁਸੀਂ ਸੱਤਾਂ ਦਿਨਾਂ ਲਈ ਪਤੀਰੀ ਰੋਟੀ ਖਾਵੋਂਗ਼ੇ। ਇਸ ਛੁੱਟੀ ਦੇ ਪਹਿਲੇ ਦਿਨ, ਤੁਸੀਂ ਆਪਣੇ ਘਰਾਂ ਵਿੱਚੋਂ ਸਾਰਾ ਖਮੀਰ ਬਾਹਰ ਕੱਢ ਦਿਉਂਗੇ। ਜੇ ਕੋਈ ਪਹਿਲੇ ਅਤੇ ਸੱਤਵੇਂ ਦਿਨ ਦੇ ਵਿਚਕਾਰ ਖਮੀਰ ਖਾਂਦਾ ਹੈ ਤਾਂ ਉਸਨੂੰ ਬਾਕੀ ਦੇ ਇਸਰਾਏਲ ਤੋਂ ਅਡ ਕਰ ਦਿੱਤਾ ਜਾਣਾ ਚਾਹੀਦਾ ਹੈ। 16 ਛੁੱਟੀਆਂ ਦੇ ਪਹਿਲੇ ਤੇ ਆਖਰੀ ਦਿਨ ਪਵਿੱਤਰ ਸਭਾਵਾਂ ਹੋਣਗੀਆਂ ਇਨ੍ਹਾਂ ਦਿਨਾਂ ਤੇ ਤੁਹਾਨੂੰ ਕੋਈ ਕੰਮ ਨਹੀਂ ਕਰਨਾ ਚਾਹੀਦਾ। ਸਿਰਫ਼ ਇੱਕੋ ਕੰਮ ਜਿਹੜਾ ਤੁਸੀਂ ਇਨ੍ਹਾਂ ਦਿਨਾਂ ਵਿੱਚ ਕਰ ਸਕਦੇ ਹੋ ਉਹ ਹੈ ਆਪਣੇ ਲਈ ਭੋਜਨ ਤਿਆਰ ਕਰਨਾ। 17 ਤੁਹਾਨੂੰ ਪਤੀਰੀ ਰੋਟੀ ਦੇ ਪਰਬ ਨੂੰ ਚੇਤੇ ਰਖਣਾ ਚਾਹੀਦਾ ਹੈ। ਕਿਉਂਕਿ ਇਸ ਦਿਨ ਮੈਂ ਤੁਹਾਡੇ ਸਮੂਹ ਲੋਕਾਂ ਨੂੰ ਟੋਲਿਆਂ ਵਿੱਚ ਮਿਸਰ ਤੋਂ ਬਾਹਰ ਲੈ ਗਿਆ ਸਾਂ। ਇਸ ਲਈ ਤੁਹਾਡੇ ਸਮੂਹ ਉੱਤਰਾਧਿਕਾਰੀਆਂ ਨੂੰ ਇਹ ਦਿਨ ਚੇਤੇ ਰਖਣਾ ਚਾਹੀਦਾ ਹੈ। ਇਹ ਉਹ ਨੇਮ ਹੈ ਜਿਹੜਾ ਸਦਾ ਰਹੇਗਾ। 18 ਇਸ ਲਈ, ਪਹਿਲੇ ਮਹੀਨੇ ਦੇ 14ਵੇਂ ਦਿਨ ਦੀ, ਸ਼ਾਮ ਨੂੰ ਤੁਸੀਂ ਪਤੀਰੀ ਰੋਟੀ ਖਾਣੀ ਸ਼ੁਰੂ ਕਰਕੇ ਉਸੇ ਮਹੀਨੇ ਦੇ 21ਵੇਂ ਦਿਨ ਦੀ ਸ਼ਾਮ ਤੱਕ ਖਾਵੋਂਗੇ। 19 ਸੱਤਾਂ ਦਿਨਾਂ ਤੱਕ ਤੁਹਾਡੇ ਘਰਾਂ ਵਿੱਚ ਕੋਈ ਖਮੀਰ ਨਹੀਂ ਹੋਣਾ ਚਾਹੀਦਾ। ਕੋਈ ਵੀ ਵਿਅਕਤੀ, ਇਸਰਾਏਲ ਦਾ ਨਾਗਰਿਕ ਜਾਂ ਵਿਦੇਸ਼ੀ ਜਨਮਿਆ ਵਾਸੀ, ਜਿਹੜਾ ਇਸ ਮੌਕੇ ਤੇ ਖਮੀਰ ਖਾਵੇ, ਉਸਨੂੰ ਬਾਕੀ ਦੇ ਇਸਰਾਏਲ ਤੋਂ ਅਡ ਕਰ ਦਿੱਤਾ ਜਾਵੇਗਾ। 20 ਇਸ ਮੌਕੇ ਤੇ ਤੁਸੀਂ ਖਮੀਰ ਨਹੀਂ ਖਾਵੋਂਗੇ। ਜਿਥੇ ਵੀ ਤੁਸੀਂ ਰਹਿੰਦੇ ਹੋਵੋਂ ਤੁਸੀਂ ਪਤੀਰੀ ਰੋਟੀ ਖਾਵੋਂਗੇ।” 21 ਇਸ ਲਈ ਮੂਸਾ ਨੇ ਸਾਰੇ ਬਜ਼ੁਰਗਾਂ ਨੂੰ ਇਕਠਿਆਂ ਕੀਤਾ। ਮੂਸਾ ਨੇ ਉਨ੍ਹਾਂ ਨੂੰ ਆਖਿਆ, “ਆਪਣੇ ਪਰਿਵਾਰਾਂ ਲਈ ਲੇਲੇ ਲਿਆਵੋ। ਪਸਾਹ ਲਈ ਲੇਲੇ ਜ਼ਿਬਾਹ ਕਰੋ। 22 ਜ਼ੂਫ਼ੇ ਦੀਆਂ ਟਾਹਣੀਆਂ ਲੈਕੇ ਉਨ੍ਹਾਂ ਨੂੰ ਖੂਨ ਨਾਲ ਭਰੇ ਹੋਏ ਪਿਆਲਿਆਂ ਵਿੱਚ ਡੋਬੋ। ਖੂਨ ਨੂੰ ਆਪਣੇ ਦਰਵਾਜ਼ਿਆਂ ਦੀਆਂ ਸਰਦਲਾਂ ਦੇ ਪਾਸੇ ਤੇ ਅਤੇ ਉੱਪਰ ਮਲੋ। ਸਵੇਰ ਤੀਕ ਕਿਸੇ ਨੂੰ ਵੀ ਉਸਦੇ ਘਰ ਦੇ ਦਰਵਾਜ਼ੇ ਤੋਂ ਬਾਹਰ ਨਹੀਂ ਜਾਣਾ ਚਾਹੀਦਾ। 23 ਉਸ ਵੇਲੇ ਜਦੋਂ ਯਹੋਵਾਹ ਮਿਸਰ ਵਿੱਚੋਂ ਪਲੇਠੀ ਸੰਤਾਨ ਨੂੰ ਮਾਰਨ ਲਈ ਲੰਘੇਗਾ, ਤਾਂ ਯਹੋਵਾਹ ਤੁਹਾਡੇ ਦਰਵਾਜ਼ਿਆਂ ਦੀਆਂ ਚੁਗਾਠਾਂ ਦੇ ਉੱਪਰ ਪਾਸੇ ਅਤੇ ਪਾਸਿਆਂ ਉੱਤੇ ਖੂਨ ਦੇਖ ਲਵੇਗਾ। ਫ਼ੇਰ ਯਹੋਵਾਹ ਉਸ ਘਰ ਨੂੰ ਬਚਾਵੇਗਾ। ਯਹੋਵਾਹ ਤਬਾਹ ਕਰਨ ਵਾਲੇ ਨੂੰ ਤੁਹਾਡੇ ਘਰਾਂ ਵਿੱਚ ਆਉਣ ਅਤੇ ਤੁਹਾਨੂੰ ਨੁਕਸਾਨ ਪਹੁੰਚਾਉਣ ਨਹੀਂ ਦੇਵੇਗਾ। 24 ਤੁਹਾਨੂੰ ਇਹ ਹੁਕਮ ਯਾਦ ਰਖਣਾ ਚਾਹੀਦਾ ਹੈ। ਇਹ ਕਾਨੂਨ ਤੁਹਾਡੇ ਲਈ ਅਤੇ ਤੁਹਾਡੇ ਉੱਤਰਾਧਿਕਾਰੀਆਂ ਲਈ ਹਮੇਸ਼ਾ ਵਾਸਤੇ ਹੈ। 25 ਤੁਹਾਨੂੰ ਇਸਨੂੰ ਉਦੋਂ ਵੀ ਚੇਤੇ ਰਖਣਾ ਚਾਹੀਦਾ ਹੈ ਜਦੋਂ ਤੁਸੀਂ ਉਸ ਧਰਤੀ ਤੇ ਜਾਵੋਂ ਜਿਹੜੀ ਯਹੋਵਾਹ ਤੁਹਾਨੂੰ ਦੇਣ ਜਾ ਰਿਹਾ ਹੈ। 26 ਜਦੋਂ ਤੁਹਾਡੇ ਬੱਚੇ ਤੁਹਾਨੂੰ ਪੁਛਣ, ‘ਅਸੀਂ ਇਹ ਰਸਮ ਕਿਉਂ ਕਰ ਰਹੇ ਹਾਂ?’ 27 ਤਾਂ ਤੁਸੀਂ ਆਖੋਂਗੇ, ‘ਇਹ ਪਸਾਹ ਯਹੋਵਾਹ ਦੇ ਆਦਰ ਲਈ ਹੈ। ਕਿਉਂਕਿ ਜਦੋਂ ਅਸੀਂ ਮਿਸਰ ਵਿੱਚ ਸਾਂ, ਯਹੋਵਾਹ ਇਸਰਾਏਲ ਦੇ ਘਰਾਂ ਨੂੰ ਲੰਘ ਰਿਹਾ ਸੀ। ਯਹੋਵਾਹ ਨੇ ਮਿਸਰੀਆਂ ਨੂੰ ਮਾਰ ਦਿੱਤਾ, ਪਰ ਉਸਨੇ ਸਾਡੇ ਘਰਾਂ ਦੇ ਲੋਕਾਂ ਨੂੰ ਬਚਾ ਲਿਆ।’”ਇਸ ਲਈ ਹੁਣ ਲੋਕ ਯਹੋਵਾਹ ਨੂੰ ਮਥਾ ਟੇਕਦੇ ਹਨ ਤੇ ਉਪਾਸਨਾ ਕਰਦੇ ਹਨ। 28 ਯਹੋਵਾਹ ਨੇ ਇਹ ਹੁਕਮ ਮੂਸਾ ਅਤੇ ਹਾਰੂਨ ਨੂੰ ਦਿੱਤਾ ਇਸ ਲਈ ਇਸਰਾਏਲ ਦੇ ਲੋਕਾਂ ਨੇ ਓਹੀ ਕੀਤਾ ਜਿਸਦਾ ਯਹੋਵਾਹ ਨੇ ਹੁਕਮ ਦਿੱਤਾ ਸੀ। 29 ਅੱਧੀ ਰਾਤ ਵੇਲੇ, ਯਹੋਵਾਹ ਨੇ ਮਿਸਰ ਵਿੱਚ ਸਾਰੇ ਪਲੇਠੇ ਪੁੱਤਰਾਂ ਨੂੰ ਮਾਰ ਦਿੱਤਾ, ਫ਼ਿਰਊਨ ਨੇ ਪਲੇਠੇ ਤੋਂ ਲੈਕੇ ਕੈਦਖਾਨੇ ਵਿੱਚ ਬੈਠੇ ਕੈਦੀ ਦੇ ਪਲੇਠੇ ਪੁੱਤਰ ਤੱਕ। ਸਾਰੇ ਪਲੇਠੇ ਜਾਨਵਰ ਵੀ ਮਰ ਗਏ। 30 ਉਸ ਰਾਤ ਮਿਸਰ ਦੇ ਹਰ ਘਰ ਵਿੱਚ ਕੋਈ ਨਾ ਕੋਈ ਮਰ ਗਿਆ। ਫ਼ਿਰਊਨ, ਉਸਦੇ ਅਧਿਕਾਰੀਆਂ ਅਤੇ ਮਿਸਰ ਦੇ ਸਾਰੇ ਲੋਕਾਂ ਨੇ ਉੱਚੀ-ਉੱਚੀ ਵਿਰਲਾਪ ਕਰਨਾ ਸ਼ੁਰੂ ਕਰ ਦਿੱਤਾ। 31 ਇਸ ਲਈ ਉਸ ਰਾਤ, ਫ਼ਿਰਊਨ ਨੇ ਮੂਸਾ ਅਤੇ ਹਾਰੂਨ ਨੂੰ ਸਦਿਆ। ਫ਼ਿਰਊਨ ਨੇ ਉਨ੍ਹਾਂ ਨੂੰ ਆਖਿਆ, “ਉਠੋ ਅਤੇ ਮੇਰੇ ਲੋਕਾਂ ਨੂੰ ਛੱਡ ਦਿਉ। ਤੁਸੀਂ ਅਤੇ ਤੁਹਾਡੇ ਲੋਕ ਜੋ ਕਹਿੰਦੇ ਹੋ ਕਰ ਸਕਦੇ ਹੋ। ਜਾਓ ਅਤੇ ਯਹੋਵਾਹ ਦੀ ਉਪਾਸਨਾ ਕਰੋ। 32 ਅਤੇ ਤੁਸੀਂ ਆਪਣੇ ਨਾਲ ਆਪਣੀਆਂ ਸਾਰੀਆਂ ਭੇਡਾਂ ਅਤੇ ਪਸ਼ੂ ਲੈ ਜਾ ਸਕਦੇ ਹੋ ਜਿਹਾ ਕਿ ਤੁਸੀਂ ਆਖਿਆ ਸੀ ਕਿ ਤੁਸੀਂ ਕਰੋਂਗੇ। ਜਾਓ। ਅਤੇ ਮੈਨੂੰ ਵੀ ਅਸੀਸ ਦਿਉ।” 33 ਮਿਸਰ ਦੇ ਲੋਕਾਂ ਨੇ ਵੀ ਉਨ੍ਹਾਂ ਨੂੰ ਛੇਤੀ ਚਲੇ ਜਾਣ ਲਈ ਆਖਿਆ। ਕਿਉਂਕਿ ਉਨ੍ਹਾਂ ਨੇ ਆਖਿਆ, “ਜੇ ਤੁਸੀਂ ਨਾ ਗਏ, ਅਸੀਂ ਸਾਰੇ ਮਾਰੇ ਜਾਵਾਂਗੇ।” 34 ਇਸਰਾਏਲ ਦੇ ਲੋਕਾਂ ਕੋਲ ਆਪਣੀ ਰੋਟੀ ਵਿੱਚ ਖਮੀਰ ਪਾਉਣ ਦਾ ਵੀ ਸਮਾਂ ਨਹੀਂ ਸੀ। ਉਨ੍ਹਾਂ ਨੇ ਆਟੇ ਦੀਆਂ ਤੌਣਾਂ ਕੱਪੜੇ ਵਿੱਚ ਬਂਨ੍ਹੀਆਂ ਅਤੇ ਉਨ੍ਹਾਂ ਨੂੰ ਮੋਢਿਆਂ ਉੱਤੇ ਚੁੱਕ ਲਿਆ। 35 ਫ਼ੇਰ ਇਸਰਾਏਲ ਦੇ ਲੋਕਾਂ ਨੇ ਓਹੀ ਕੀਤਾ ਜੋ ਮੂਸਾ ਨੇ ਉਨ੍ਹਾਂ ਨੂੰ ਕਰਨ ਲਈ ਆਖਿਆ ਸੀ। ਉਹ ਆਪਣੇ ਮਿਸਰੀ ਗੁਆਂਢੀਆਂ ਕੋਲ ਗਏ ਅਤੇ ਕੱਪੜੇ ਅਤੇ ਸੋਨੇ ਚਾਂਦੀ ਦੇ ਗਹਿਣੇ ਮੰਗੇ। 36 ਯਹੋਵਾਹ ਨੇ ਮਿਸਰੀਆਂ ਨੂੰ ਇਸਰਾਏਲੀਆਂ ਵੱਲ ਮਿਹਰਬਾਨ ਬਣਾ ਦਿੱਤਾ ਅਤੇ ਜੋ ਵੀ ਉਨ੍ਹਾਂ ਨੂੰ ਚਾਹੀਦਾ ਸੀ, ਦਿੱਤਾ। ਇੰਝ ਇਸਰਾਏਲ ਦੇ ਲੋਕਾਂ ਨੇ ਮਿਸਰੀਆਂ ਤੋਂ ਸਾਰੀਆਂ ਕੀਮਤੀ ਮਲਕੀਅਤਾਂ ਲੈ ਲਈਆਂ। 37 ਇਸਰਾਏਲ ਦੇ ਲੋਕਾਂ ਨੇ ਰਾਮਸੇਸ ਤੋਂ ਸੁਕੋਥ ਤੱਕ ਸਫ਼ਰ ਕੀਤਾ। ਬੱਚਿਆਂ ਤੋਂ ਬਿਨਾ ਉਥੇ ਤਕਰੀਬਨ 6,00,000 ਆਦਮੀ ਸਨ। 38 ਉਥੇ ਬਹੁਤ ਸਾਰੀਆਂ ਭੇਡਾਂ ਅਤੇ ਪਸ਼ੂ ਅਤੇ ਹੋਰ ਚੀਜ਼ਾਂ ਸਨ। ਉਨ੍ਹਾਂ ਦੇ ਨਾਲ ਸਫ਼ਰ ਕਰਨ ਵਾਲੇ ਵੱਖ-ਵੱਖ ਤਰ੍ਹਾਂ ਦੇ ਲੋਕ ਵੀ ਸਨ - ਇਹ ਲੋਕ ਇਸਰਾਏਲੀ ਨਹੀਂ ਸਨ ਪਰ ਇਨ੍ਹਾਂ ਨੇ ਇਸਰਾਏਲ ਦੇ ਲੋਕਾਂ ਨਾਲ ਹੀ ਮਿਸਰ ਛੱਡ ਦਿੱਤਾ ਸੀ। 39 ਨਾ ਤਾਂ ਲੋਕਾਂ ਕੋਲ ਆਪਣੇ ਆਟੇ ਵਿੱਚ ਖਮੀਰ ਪਾਉਣ ਦਾ ਸਮਾਂ ਸੀ ਨਾ ਹੀ ਆਪਣੇ ਸਫ਼ਰ ਲਈ ਰੋਟੀ ਪਕਾਉਣ ਦਾ ਕਿਉਂਕਿ ਉਹ ਮਿਸਰ ਵਿੱਚੋਂ ਕੱਢ ਦਿੱਤੇ ਗਏ ਸਨ। ਇਸ ਲਈ ਰਸਤੇ ਵਿੱਚ ਜਦੋਂ ਉਹ ਖਾਣ ਲਈ ਰੁਕੇ, ਉਨ੍ਹਾਂ ਨੇ ਬਿਨਾ ਖਮੀਰ ਤੋਂ ਆਪਣੀਆਂ ਰੋਟੀਆਂ ਸੇਕੀਆਂ। 40 ਇਸਰਾਏਲ ਦੇ ਲੋਕ ਮਿਸਰ ਵਿੱਚ 430 ਵਰ੍ਹਿਆਂ ਲਈ ਰਹੇ। 41 ਚਾਰ ਸੌ ਤੀਹਵੇਂ ਵਰ੍ਹੇ ਦੇ ਅਖੀਰਲੇ ਦਿਨ, ਯਹੋਵਾਹ ਦੀਆਂ ਸਾਰੀਂ ਫ਼ੌਜ਼ਾਂ ਨੇ ਮਿਸਰ ਛੱਡ ਦਿੱਤਾ। 42 ਇਸ ਲਈ ਇਹ ਬਹੁਤ ਖਾਸ ਰਾਤ ਹੈ ਜਦੋਂ ਲੋਕ ਯਹੋਵਾਹ ਦੀ ਕਰਨੀ ਨੂੰ ਚੇਤੇ ਕਰਦੇ ਹਨ। ਇਸਰਾਏਲ ਦੇ ਸਮੂਹ ਲੋਕ ਹਮੇਸ਼ਾ ਵਾਸਤੇ ਉਸ ਰਾਤ ਨੂੰ ਚੇਤੇ ਰਖਣਗੇ। 43 ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਆਖਿਆ, “ਪਸਾਹ ਲਈ ਇਹ ਨੇਮ ਹਨ; ਕਿਸੇ ਵੀ ਵਿਦੇਸ਼ੀ ਨੇ ਪਸਾਹ ਦਾ ਭੋਜਨ ਨਹੀਂ ਕਰਨਾ। 44 ਪਰ ਜੇ ਕੋਈ ਬੰਦਾ ਕੋਈ ਗੁਲਾਮ ਖਰੀਦਦਾ ਹੈ ਅਤੇ ਉਸਦੀ ਸੁੰਨਤ ਕਰਾਉਂਦਾ ਹੈ ਤਾਂ ਉਹ ਗੁਲਾਮ ਪਸਾਹ ਦਾ ਭੋਜਨ ਖਾ ਸਕਦਾ ਹੈ। 45 ਪਰ ਜੇ ਕੋਈ ਬੰਦਾ ਸਿਰਫ਼ ਤੁਹਾਡੇ ਦੇਸ਼ ਅੰਦਰ ਰਹਿੰਦਾ ਹੈ, ਜਾਂ ਜੇ ਕੋਈ ਬੰਦਾ ਸਿਰਫ਼ ਤੁਹਾਦੇ ਕੰਮ ਵਾਸਤੇ ਰੱਖਿਆ ਹੋਇਆ ਹੈ, ਤਾਂ ਉਹ ਬੰਦਾ ਪਸਾਹ ਦਾ ਭੋਜਨ ਨਾ ਖਾਵੇ। ਪਸਾਹ ਇਸਰਾਏਲ ਦੇ ਲੋਕਾਂ ਲਈ ਹੈ। 46 “ਹਰੇਕ ਪਰਿਵਾਰ ਇੱਕੋ ਘਰ ਵਿੱਚ ਭੋਜਨ ਖਾਵੇ। ਘਰ ਤੋਂ ਬਾਹਰ ਕੋਈ ਭੋਜਨ ਨਾ ਖਾਧਾ ਜਾਵੇ। ਲੇਲੇ ਦੀ ਕੋਈ ਵੀ ਹੱਡੀ ਨਾ ਤੋੜੋ। 47 ਇਸਰਾਏਲ ਦੇ ਸਮੂਹ ਭਾਈਚਾਰੇ ਨੂੰ ਇਹ ਰੀਤ ਜ਼ਰੂਰ ਕਰਨੀ ਚਾਹੀਦੀ ਹੈ। 48 ਜੇ ਤੁਹਾਡੇ ਦਰਮਿਆਨ ਕੋਈ ਗੈਰ-ਇਸਰਾਏਲੀ ਰਹਿੰਦਾ ਹੈ ਅਤੇ ਜੇ ਉਹ ਯਹੋਵਾਹ ਦੇ ਪਸਾਹ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਹੈ, ਤਾਂ ਉਸਦੀ ਸੁੰਨਤ ਅਵੱਸ਼ ਹੋਣੀ ਚਾਹੀਦੀ ਹੈ। ਫ਼ੇਰ ਉਹ ਇਸਰਾਏਲ ਦੇ ਕਿਸੇ ਵੀ ਹੋਰ ਸ਼ਹਿਰੀ ਵਰਗਾ ਹੋਵੇਗਾ, ਇਸ ਲਈ ਉਹ ਭੋਜਨ ਸਾਂਝਾ ਕਰ ਸਕਦਾ ਹੈ। ਪਰ ਜੇ ਕਿਸੇ ਬੰਦੇ ਦੀ ਸੁੰਨਤ ਨਹੀਂ ਹੋਈ ਤਾਂ ਉਹ ਪਸਾਹ ਦਾ ਭੋਜਨ ਨਹੀਂ ਖਾ ਸਕਦਾ। 49 ਇਹੀ ਬਿਵਸਥਾ ਹਰ ਕਿਸੇ ਲਈ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਕੋਈ ਬੰਦਾ ਸ਼ਹਿਰੀ ਹੈ ਜਾਂ ਤੁਹਾਡੇ ਦੇਸ਼ ਵਿੱਚ ਰਹਿਣ ਵਾਲਾ ਗੈਰ ਇਸਰਾਏਲੀ ਹੈ - ਬਿਵਸਥਾ ਸਾਰਿਆਂ ਲਈ ਇੱਕੋ ਜਿਹੀ ਹੈ।” 50 ਇਸ ਲਈ ਇਸਰਾਏਲ ਦੇ ਲੋਕਾਂ ਨੇ ਉਹ ਹੁਕਮ ਮਨੇ ਜਿਹੜੇ ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਦਿੱਤੇ ਸਨ। 51 ਇਸ ਲਈ ਉਸੇ ਦਿਨ, ਯਹੋਵਾਹ ਇਸਰਾਏਲ ਦੇ ਸਮੂਹ ਲੋਕਾਂ ਨੂੰ ਮਿਸਰ ਦੇ ਦੇਸ਼ ਤੋਂ ਬਾਹਰ ਲੈ ਗਿਆ। ਲੋਕ ਟੋਲਿਆਂ ਵਿੱਚ ਚਲੇ ਗਏ।

Exodus 13

1 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, 2 “ਤੂੰ ਮੈਨੂੰ ਇਸਰਾਏਲ ਦਾ ਹਰੇਕ ਉਹ ਨਰ ਦੇ ਜਿਹੜਾ ਆਪਣੀ ਮਾਂ ਦੀ ਪਹਿਲੀ ਸੰਤਾਨ ਹੈ। ਇਸਦਾ ਅਰਥ ਹੈ ਕਿ ਹਰ ਪਲੇਠਾ ਨਰ ਬੱਚਾ ਅਤੇ ਹਰ ਪਲੇਠਾ ਨਰ ਜਾਨਵਰ ਮੇਰਾ ਹੋਵੇਗਾ।” 3 ਮੂਸਾ ਨੇ ਲੋਕਾਂ ਨੂੰ ਆਖਿਆ, “ਇਸ ਦਿਨ ਨੂੰ ਚੇਤੇ ਰਖਿਓ। ਮਿਸਰ ਵਿੱਚ ਤੁਸੀਂ ਗੁਲਾਮ ਸੀ। ਪਰ ਇਸ ਦਿਨ ਯਹੋਵਾਹ ਨੇ ਆਪਣੀ ਮਹਾਨ ਸ਼ਕਤੀ ਵਰਤੀ ਤੇ ਤੁਹਾਨੂੰ ਅਜ਼ਾਦ ਕਰਾਇਆ। ਤੁਹਾਨੂੰ ਖਮੀਰ ਵਾਲੀ ਰੋਟੀ ਨਹੀਂ ਖਾਣੀ ਚਾਹੀਦੀ। 4 ਅੱਜ ਹਬੀਬ ਦੇ ਮਹੀਨੇ, ਤੁਸੀਂ ਮਿਸਰ ਛੱਡਕੇ ਜਾ ਰਹੇ ਹੋ। 5 ਜਦੋਂ ਯਹੋਵਾਹ ਤੁਹਾਨੂੰ ਕਨਾਨੀਆਂ, ਹਿੱਤੀਆਂ, ਅਮੋਰੀਆਂ, ਹਿੱਵੀਆਂ ਅਤੇ ਯਬੂਸੀਆਂ ਦੀ ਧਰਤੀ ਵਿੱਚ ਲੈਕੇ ਜਾਵੇ, ਜਿਸ ਧਰਤੀ ਦਾ ਯਹੋਵਾਹ ਨੇ ਤੁਹਾਨੂੰ ਦੇਣ ਦਾ ਇਕਰਾਰ ਤੁਹਾਡੇ ਪੁਰਖਿਆਂ ਨਾਲ ਕੀਤਾ ਸੀ। ਜਿਹੜੀ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਨਾਲ ਭਰੀ ਹੋਈ ਹੈ ਤੁਹਾਨੂੰ ਇਹ ਦਿਨ ਚੇਤੇ ਰਖਣਾ ਚਾਹੀਦਾ ਹੈ, ਹਰ ਵਰ੍ਹੇ ਦੇ ਪਹਿਲੇ ਮਹੀਨੇ ਦੇ ਇਸ ਦਿਨ ਤੁਹਾਨੂੰ ਉਪਾਸਨਾ ਦੀ ਇਹ ਵਿਸ਼ੇਸ਼ ਸੇਵਾ ਕਰਨੀ ਚਾਹੀਦੀ ਹੈ। 6 “ਸੱਤਾਂ ਦਿਨਾਂ ਤੱਕ ਤੁਹਾਨੂੰ ਪਤੀਰੀ ਰੋਟੀ ਖਾਣੀ ਚਾਹੀਦੀ ਹੈ। ਸੱਤਵੇਂ ਦਿਨ ਮਹਾਂ ਭੋਜ ਹੋਵੇਗਾ। ਇਹ ਭੋਜ ਯਹੋਵਾਹ ਲਈ ਆਦਰ ਦਰਸਾਵੇਗਾ। 7 ਇਸ ਲਈ ਤੁਹਾਨੂੰ ਸੱਤ ਦਿਨ ਖਮੀਰ ਵਾਲੀ ਰੋਟੀ ਨਹੀਂ ਖਾਣੀ ਚਾਹੀਦੀ। ਤੁਹਾਡੀ ਧਰਤੀ ਉੱਤੇ ਕਿਸੇ ਥਾਂ ਵੀ ਖਮੀਰ ਵਾਲੀ ਰੋਟੀ ਨਹੀਂ ਹੋਣੀ ਚਾਹੀਦੀ। 8 ਇਸ ਦਿਨ ਤੁਹਾਨੂੰ ਆਪਣੇ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ, ‘ਅਸੀਂ ਇਹ ਭੋਜਨ ਇਸ ਵਾਸਤੇ ਕਰ ਰਹੇ ਹਾਂ ਕਿ ਯਹੋਵਾਹ ਸਾਨੂੰ ਮਿਸਰ ਵਿੱਚੋਂ ਬਾਹਰ ਕੱਢ ਕੇ ਲਿਆਇਆ ਸੀ।’ 9 “ਇਹ ਤੁਹਾਡੇ ਹੱਥ ਉੱਤੇ ਬਨ੍ਹੇ ਨਿਸ਼ਾਨ ਵਾਂਗ ਅਤੇ ਤੁਹਾਡੀਆਂ ਅਖਾਂ ਸਾਮ੍ਹਣੇ ਯਾਦਗਾਰੀ ਵਾਂਗ ਹੋਵੇਗਾ ਤਾਕਿ ਯਹੋਵਾਹ ਦੀ ਬਿਵਸਥਾ ਤੁਹਾਡੇ ਬੁਲ੍ਹਾਂ ਉੱਤੇ ਹਮੇਸ਼ਾ ਰਹੇ। ਇਹ ਤੁਹਾਨੂੰ ਯਾਦ ਰੱਖਣ ਵਿੱਚ ਸਹਾਈ ਹੋਵੇਗੀ ਕਿ ਯਹੋਵਾਹ ਨੇ ਤੁਹਾਨੂੰ ਮਿਸਰ ਵਿੱਚੋਂ ਬਾਹਰ ਲਿਆਉਣ ਲਈ ਆਪਣੀ ਮਹਾਨ ਸ਼ਕਤੀ ਵਰਤੀ ਸੀ। 10 ਇਸ ਲਈ ਇਸ ਛੁੱਟੀ ਨੂੰ ਹਰ ਵਰ੍ਹੇ ਦੇ ਢੁਕਵੇਂ ਸਮੇਂ ਚੇਤੇ ਰਖੋ। 11 “ਯਹੋਵਾਹ ਤੁਹਾਨੂੰ ਉਸ ਧਰਤੀ ਤੇ ਲੈ ਜਾਵੇਗਾ ਜਿਸਦਾ ਉਸਨੇ ਤੁਹਾਡੇ ਨਾਲ ਇਕਰਾਰ ਕੀਤਾ ਸੀ। ਹੁਣ ਉਥੇ ਕਨਾਨੀ ਲੋਕ ਰਹਿੰਦੇ ਹਨ। ਪਰ ਪਰਮੇਸ਼ੁਰ ਨੇ ਤੁਹਾਡੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ ਕਿ ਉਹ ਤੁਹਾਨੂੰ ਇਹ ਧਰਤੀ ਦੇਵੇਗਾ, 12 ਤੁਹਾਨੂੰ ਚਾਹੀਦਾ ਹੈ ਕਿ ਆਪਣਾ ਹਰ ਪਲੇਠਾ ਮੁੰਡਾ ਉਸਨੂੰ ਅਰਪਨ ਕਰਨਾ ਚੇਤੇ ਰਖੋ। ਅਤੇ ਹਰ ਉਹ ਨਰ ਪਸ਼ੂ ਜਿਹੜਾ ਪਲੇਠਾ ਜੰਮਿਆ ਯਹੋਵਾਹ ਨੂੰ ਅਰਪਨ ਕੀਤਾ ਜਾਵੇਗਾ। 13 ਹਰੇਕ ਪਲੇਠੇ ਖੋਤੇ ਨੂੰ ਯਹੋਵਾਹ ਤੋਂ ਇਸ ਵਾਸਤੇ ਇਕ ਲੇਲੇ ਦੀ ਬਲੀ ਚੜਾਕੇ ਵਾਪਸ ਖਰੀਦਿਆ ਜਾ ਸਕਦਾ ਹੈ। ਜੇਕਰ ਤੁਸੀਂ ਯਹੋਵਾਹ ਕੋਲੋਂ ਖੋਤਾ ਖਰੀਦਣਾ ਨਹੀਂ ਚਾਹੁੰਦੇ ਹੋ, ਤੁਹਾਨੂੰ ਇਸਦੀ ਗਿੱਚੀ ਤੋੜ ਦੇਣੀ ਚਾਹੀਦੀ ਹੈ। ਪਰ ਹਰੇਕ ਪਲੇਠਾ ਪੁੱਤਰ ਯਹੋਵਾਹ ਤੋਂ ਵਾਪਸ ਖਰੀਦਿਆ ਜਾਣਾ ਚਾਹੀਦਾ ਹੈ। 14 “ਭਵਿਖ ਵਿੱਚ, ਤੁਹਾਡੇ ਬੱਚੇ ਤੁਹਾਨੂੰ ਪੁਛਣਗੇ ਕਿ ਤੁਸੀਂ ਅਜਿਹਾ ਕਿਉਂ ਕਰਦੇ ਹੋ। ਉਹ ਆਖਣਗੇ, ‘ਇਸ ਸਾਰੇ ਕੁਝ ਦਾ ਕੀ ਮਤਲਬ ਹੈ?’ ਅਤੇ ਤੁਸੀਂ ਜਵਾਬ ਦਿਉਂਗੇ, ‘ਯਹੋਵਾਹ ਨੇ ਸਾਨੂੰ ਮਿਸਰ ਤੋਂ ਬਚਾਉਣ ਲਈ ਆਪਣੀ ਮਹਾਨ ਸ਼ਕਤੀ ਦੀ ਵਰਤੋਂ ਕੀਤੀ। ਅਸੀਂ ਉਸ ਥਾਂ ਗੁਲਾਮ ਸਾਂ। ਪਰ ਯਹੋਵਾਹ ਨੇ ਸਾਨੂੰ ਬਾਹਰ ਕਢਿਆ ਅਤੇ ਇੱਥੇ ਲਿਆਇਆ। 15 ਮਿਸਰ ਵਿੱਚ, ਫ਼ਿਰਊਨ ਜ਼ਿੱਦੀ ਸੀ। ਉਹ ਸਾਨੂੰ ਜਾਣ ਨਹੀਂ ਸੀ ਦਿੰਦਾ। ਇਸ ਲਈ ਯਹੋਵਾਹ ਨੇ ਉਸ ਧਰਤੀ ਦੀ ਹਰ ਪਲੇਠੀ ਸੰਤਾਨ ਨੂੰ ਮਾਰ ਦਿੱਤਾ। (ਯਹੋਵਾਹ ਨੇ ਪਲੇਠੇ ਜਾਨਵਰਾਂ ਅਤੇ ਪਲੇਠੇ ਪੁੱਤਰਾਂ ਨੂੰ ਮਾਰ ਦਿੱਤਾ।) ਇਹੀ ਕਾਰਣ ਹੈ ਕਿ ਮੈਂ ਹਰੇਕ ਪਲੇਠਾ ਨਰ ਜਾਨਵਰ ਯਹੋਵਾਹ ਨੂੰ ਅਰਪਨ ਕਰਦਾ ਹਾਂ। ਅਤੇ ਇਹੀ ਕਾਰਣ ਹੈ ਕਿ ਮੈਂ ਆਪਣੇ ਹਰੇਕ ਪਲੇਠੇ ਪੁੱਤਰ ਨੂੰ ਯਹੋਵਾਹ ਤੋਂ ਵਾਪਸ ਖਰੀਦਦਾ ਹਾਂ।’ 16 ਇਹ ਤੁਹਾਡੇ ਹੱਥ ਉੱਤੇ ਬਂਨ੍ਹੇ ਹੋਏ ਧਾਗੇ ਵਾਂਗ ਹੈ। ਅਤੇ ਇਹ ਤੁਹਾਡੀਆਂ ਅਖਾਂ ਸਾਮ੍ਹਣੇ ਨਿਸ਼ਾਨ ਵਾਂਗ ਹੈ। ਇਹ ਤੁਹਾਨੂੰ ਇਹ ਚੇਤੇ ਰੱਖਣ ਵਿੱਚ ਮਦਦ ਕਰਦਾ ਹੈ ਕਿ ਯਹੋਵਾਹ ਸਾਨੂੰ ਆਪਣੀ ਮਹਾਨ ਸ਼ਕਤੀ ਨਾਲ ਮਿਸਰ ਤੋਂ ਬਾਹਰ ਲਿਆਇਆ।” 17 ਜਦੋਂ ਫ਼ਿਰਊਨ ਨੇ ਲੋਕਾਂ ਨੂੰ ਮਿਸਰ ਛੱਡ ਜਾਣ ਲਈ ਮਜ਼ਬੂਰ ਕਰ ਦਿੱਤਾ, ਯਹੋਵਾਹ ਨੇ ਲੋਕਾਂ ਦੀ ਅਗਵਾਈ ਫ਼ਿਲੀਸਤੀਆਂ ਦੀ ਧਰਤੀ ਵੱਲ ਜਾਂਦੀ ਸੜਕ ਵੱਲ ਨਹੀਂ ਕੀਤੀ ਜਦ ਕਿ ਨਵੀਂ ਧਰਤੀ ਨੂੰ ਇਹ ਸਭ ਤੋਂ ਛੋਟਾ ਰਾਹ ਸੀ। ਯਹੋਵਾਹ ਨੇ ਆਖਿਆ, “ਜੇ ਲੋਕ ਉਸ ਰਾਸਤੇ ਜਾਣਗੇ, ਉਨ੍ਹਾਂ ਨੂੰ ਲੜਨਾ ਪਵੇਗਾ। ਫ਼ੇਰ ਸ਼ਾਇਦ ਉਹ ਆਪਣੇ ਮਨ ਬਦਲ ਕੇ ਮਿਸਰ ਨੂੰ ਵਾਪਸ ਪਰਤ ਜਾਣ।” 18 ਇਸ ਲਈ ਯਹੋਵਾਹ ਨੇ ਉਨ੍ਹਾਂ ਦੀ ਅਗਵਾਈ ਹੋਰ ਰਸਤੇ ਤੋਂ ਦੀ ਮਾਰੂਥਲ ਵਿੱਚ ਦੀ ਲਾਲ ਸਾਗਰ ਵੱਲ ਦੀ ਕੀਤੀ। ਜਦੋਂ ਇਸਰਾਏਲ ਦੇ ਲੋਕਾਂ ਨੇ ਮਿਸਰ ਛੱਡਿਆ, ਉਹ ਜੰਗ ਲਈ ਤਿਆਰ-ਬਰ-ਤਿਆਰ ਸਨ। 19 ਮੂਸਾ ਨੇ ਯੂਸੁਫ਼ ਦੀਆਂ ਅਸਥੀਆਂ ਆਪਣੇ ਨਾਲ ਲਈਆਂ। (ਮਰਨ ਤੋਂ ਪਹਿਲਾਂ ਯੂਸੁਫ਼ ਨੇ ਇਸਰਾਏਲ ਦੇ ਪੁੱਤਰਾਂ ਕੋਲੋਂ ਉਸਦੇ ਲਈ ਅਜਿਹਾ ਕਰਨ ਦਾ ਇਕਰਾਰ ਲਿਆ ਸੀ। ਯੂਸੁਫ਼ ਨੇ ਆਖਿਆ, “ਜਦੋਂ ਪਰਮੇਸ਼ੁਰ ਤੁਹਾਡੀ ਰੱਖਿਆ ਕਰੇ, ਮੇਰੀ ਅਸਥੀਆਂ ਆਪਣੇ ਨਾਲ ਮਿਸਰ ਤੋਂ ਬਾਹਰ ਲੈ ਜਾਣੀਆਂ ਚੇਤੇ ਰਖਣਾ।”) 20 ਇਸਰਾਏਲ ਦੇ ਲੋਕਾਂ ਨੇ ਸੁਕੋਥ ਛੱਡ ਦਿੱਤਾ ਅਤੇ ਏਥਾਮ ਵਿਖੇ ਡੇਰਾ ਲਾਇਆ। ਏਥਾਮ ਮਾਰੂਥਲ ਦੇ ਨੇੜੇ ਸੀ। 21 ਯਹੋਵਾਹ ਨੇ ਰਸਤਾ ਦਿਖਾਇਆ। ਦਿਨ ਵੇਲੇ ਯਹੋਵਾਹ ਨੇ ਇੱਕ ਲੰਮੇ ਬੱਦਲ ਨੂੰ ਲੋਕਾਂ ਦੀ ਅਗਵਾਈ ਲਈ ਵਰਤਿਆ ਅਤੇ ਰਾਤ ਵੇਲੇ ਯਹੋਵਾਹ ਨੇ ਅੱਗ ਦੀ ਇੱਕ ਲੰਮੀ ਲਾਟ ਨੂੰ ਰਸਤਾ ਦਿਖਾਉਣ ਲਈ ਵਰਤਿਆ। ਇਹ ਅੱਗ ਉਨ੍ਹਾਂ ਨੂੰ ਰੌਸ਼ਨੀ ਦਿੰਦੀ ਸੀ ਤਾਂ ਜੋ ਉਹ ਰਾਤ ਵੇਲੇ ਵੀ ਸਫ਼ਰ ਕਰ ਸਕਣ। 22 ਲਮਾ ਬੱਦਲ ਦਿਨ ਵੇਲੇ ਹਮੇਸ਼ਾ ਉਨ੍ਹਾਂ ਦੇ ਨਾਲ ਰਹਿੰਦਾ ਸੀ ਅਤੇ ਅੱਗ ਦੀ ਲਾਟ ਰਾਤ ਵੇਲੇ ਹਮੇਸ਼ਾ ਉਨ੍ਹਾਂ ਦੇ ਨਾਲ ਹੁੰਦੀ ਸੀ।

Exodus 14

1 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, 2 “ਲੋਕਾਂ ਨੂੰ ਆਖ ਕਿ ਉਹ ਪੀ-ਹਹੀਰੋਥ ਨੂੰ ਵਾਪਸ ਜਾਣ।” ਉਨ੍ਹਾਂ ਨੂੰ ਆਖ ਕਿ ਉਹ ਮਿਗਦੋਲ ਅਤੇ ਲਾਲ ਸਾਗਰ ਦੇ ਵਿਚਕਾਰ ਬਆਲ-ਸਫ਼ੋਨ ਦੇ ਨੇੜੇ ਰਾਤ ਗੁਜ਼ਾਰਨ। 3 ਫ਼ਿਰਊਨ ਸੋਚੇਗਾ ਕਿ ਇਸਰਾਏਲ ਦੇ ਲੋਕ ਮਾਰੂਥਲ ਵਿੱਚ ਭਟਕ ਰਹੇ ਹਨ। ਅਤੇ ਉਹ ਸੋਚੇਗਾ ਕਿ ਲੋਕਾਂ ਕੋਲ ਜਾਣ ਦੀ ਕੋਈ ਥਾਂ ਨਹੀਂ। 4 ਮੈਂ ਫ਼ਿਰਊਨ ਨੂੰ ਜ਼ਿੱਦੀ ਬਣਾਵਾਂਗਾ ਅਤੇ ਉਹ ਤੁਹਾਡਾ ਪਿੱਛਾ ਕਰੇਗਾ। ਮੈਂ ਫ਼ਿਰਊਨ ਅਤੇ ਉਸਦੀ ਫ਼ੌਜ ਨੂੰ ਹਰਾ ਦੇਵਾਂਗਾ ਅਤੇ ਇਹ ਮੇਰੇ ਲਈ ਸਤਿਕਾਰ ਲਿਆਵੇਗਾ। ਫ਼ੇਰ ਮਿਸਰ ਦੇ ਲੋਕਾਂ ਨੂੰ ਪਤਾ ਚੱਲੇਗਾ ਕਿ ਮੈਂ ਯਹੋਵਾਹ ਹਾਂ।” ਇਸਰਾਏਲ ਦੇ ਲੋਕਾਂ ਨੇ ਪਰਮੇਸ਼ੁਰ ਦਾ ਆਦੇਸ਼ ਮੰਨਿਆ - ਉਨ੍ਹਾਂ ਨੇ ਉਹੀ ਕੀਤਾ ਜੋ ਉਸਨੇ ਆਖਿਆ ਸੀ। 5 ਫ਼ਿਰਊਨ ਨੂੰ ਸੂਹ ਮਿਲੀ ਕਿ ਇਸਰਾਏਲ ਦੇ ਲੋਕ ਬਚ ਨਿਕਲੇ ਹਨ। ਜਦੋਂ ਉਸਨੇ ਇਹ ਗੱਲ ਸੁਣੀ, ਉਸਨੇ ਅਤੇ ਉਸਦੇ ਅਧਿਕਾਰੀਆਂ ਨੇ ਆਪਣੇ ਪਹਿਲਾਂ ਕੀਤੇ ਨਿਰਣੇ ਬਾਰੇ ਮਨ ਬਦਲ ਲਿਆ। ਫ਼ਿਰਊਨ ਨੇ ਆਖਿਆ, “ਅਸੀਂ ਇਸਰਾਏਲ ਦੇ ਲੋਕਾਂ ਨੂੰ ਜਾਣ ਕਿਉਂ ਦਿੱਤਾ? ਅਸੀਂ ਉਨ੍ਹਾਂ ਨੂੰ ਭੱਜਣ ਕਿਉਂ ਦਿੱਤਾ? ਹੁਣ ਅਸੀਂ ਆਪਣੇ ਗੁਲਾਮ ਗੁਆ ਲਏ ਹਨ।” 6 ਇਸ ਲਈ ਫ਼ਿਰਊਨ ਨੇ ਆਪਣਾ ਰਥ ਤਿਆਰ ਕੀਤਾ ਅਤੇ ਆਪਣੇ ਨਾਲ ਆਪਣੇ ਬੰਦੇ ਲਏ। 7 ਫ਼ਿਰਊਨ ਨੇ ਆਪਣੇ 600 ਸਭ ਤੋਂ ਵਧੀਆ ਬੰਦੇ ਅਤੇ ਆਪਣੇ ਸਾਰੇ ਰਥ ਨਾਲ ਲਈ। ਹਰ ਰਥ ਵਿੱਚ ਇੱਕ ਅਧਿਕਾਰੀ ਸੀ। 8 ਯਹੋਵਾਹ ਨੇ ਮਿਸਰ ਦੇ ਰਾਜੇ, ਫ਼ਿਰਊਨ ਨੂੰ ਜ਼ਿੱਦੀ ਬਣਾ ਦਿੱਤਾ ਇਸ ਲਈ ਉਸਨੇ ਇਸਰਾਏਲ ਦੇ ਲੋਕਾਂ ਦਾ ਪਿੱਛਾ ਕੀਤਾ। 9 ਮਿਸਰੀ ਫ਼ੌਜ ਕੋਲ ਬਹੁਤ ਸਾਰੇ ਘੋੜਸਵਾਰ ਫ਼ੌਜੀ ਅਤੇ ਰਥ ਸਨ। ਉਨ੍ਹਾਂ ਨੇ ਇਸਰਾਏਲ ਦੇ ਲੋਕਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਜਾ ਘੇਰਿਆ, ਜਦੋਂ ਉਨ੍ਹਾਂ ਨੇ ਲਾਲ ਸਾਗਰ ਕੰਢੇ ਬਆਲ-ਸਫ਼ੋਨ ਦੇ ਪੂਰਬ ਵੱਲ ਪੀ-ਹਹੀਰੋਥ ਵਿਖੇ ਡੇਰਾ ਲਾਇਆ ਹੋਇਆ ਸੀ। 10 ਇਸਰਾਏਲ ਦੇ ਲੋਕਾਂ ਨੇ ਫ਼ਿਰਊਨ ਅਤੇ ਉਸਦੀ ਫ਼ੌਜ ਨੂੰ ਉਨ੍ਹਾਂ ਵੱਲ ਆਉਂਦਿਆਂ ਵੇਖਿਆ। ਲੋਕ ਬਹੁਤ ਘਬਰਾ ਗਏ। ਉਨ੍ਹਾਂ ਨੇ ਯਹੋਵਾਹ ਅੱਗੇ, ਸਹਾਇਤਾ ਲਈ, ਪੁਕਾਰ ਕੀਤੀ। 11 ਉਨ੍ਹਾਂ ਨੇ ਮੂਸਾ ਨੂੰ ਆਖਿਆ, “ਤੂੰ ਸਾਨੂੰ ਮਿਸਰ ਵਿੱਚੋਂ ਕਿਉਂ ਬਾਹਰ ਲਿਆਂਦਾ? ਤੂੰ ਸਾਨੂੰ ਇੱਥੇ ਮਾਰੂਥਲ ਵਿੱਚ ਮਾਰਨ ਲਈ ਕਿਉਂ ਲਿਆਂਦਾ ਹੈ? ਅਸੀਂ ਮਿਸਰ ਵਿੱਚ ਸ਼ਾਂਤੀ ਨਾਲ ਮਰ ਸਕਦੇ ਸਾਂ - ਮਿਸਰ ਵਿੱਚ ਬਹੁਤ ਕਬਰਾਂ ਸਨ। 12 ਅਸੀਂ ਤੈਨੂੰ ਆਖਿਆ ਸੀ ਕਿ ਇਹ ਗੱਲ ਵਾਪਰੇਗੀ। ਮਿਸਰ ਵਿੱਚ ਅਸੀਂ ਆਖਿਆ ਸੀ, ‘ਮਿਹਰਬਾਨੀ ਕਰਕੇ ਸਾਨੂੰ ਪਰੇਸ਼ਾਨ ਨਾ ਕਰ। ਸਾਨੂੰ ਇੱਥੇ ਰਹਿਣ ਦੇ ਅਤੇ ਮਿਸਰੀਆਂ ਦੀ ਗੁਲਾਮੀ ਕਰਨ ਦੇ।’ ਸਾਡੇ ਲਈ, ਇੱਥੇ ਆਕੇ ਮਾਰੂਥਲ ਵਿੱਚ ਮਰਨ ਨਾਲੋਂ ਓਥੇ ਗੁਲਾਮ ਬਣਕੇ ਰਹਿਣਾ ਵਧੇਰੇ ਚੰਗਾ ਹੁੰਦਾ।” 13 ਪਰ ਮੂਸਾ ਨੇ ਜਵਾਬ ਦਿੱਤਾ, “ਡਰੋ ਨਾ। ਜਿਥੇ ਤੁਸੀਂ ਹੋ ਦ੍ਰਿੜਤਾ ਨਾਲ ਖਲੋਵੋ ਅਤੇ ਯਹੋਵਾਹ ਨੂੰ ਤੁਹਾਡੀ ਰੱਖਿਆ ਕਰਦਿਆਂ ਦੇਖੋ। ਅੱਜ ਵੇਖ ਲਵੋ ਤੁਸੀਂ ਫ਼ੇਰ ਇਨ੍ਹਾਂ ਮਿਸਰੀਆਂ ਨੂੰ ਕਦੇ ਨਹੀਂ ਵੇਖੋਂਗੇ। 14 ਅਤੇ ਤੁਹਾਨੂੰ ਹੋਰ ਕੁਝ ਨਹੀਂ ਕਰਨਾ ਪਵੇਗਾ ਸਗੋਂ ਸ਼ਾਂਤ ਰਹੋ। ਯਹੋਵਾਹ ਤੁਹਾਡੇ ਲਈ ਯੁਧ ਕਰੇਗਾ।” 15 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਤੁਸੀਂ ਹਾਲੇ ਤੱਕ ਮੈਨੂੰ ਕਿਉਂ ਪੁਕਾਰ ਰਹੇ ਹੋ। ਇਸਰਾਏਲ ਦੇ ਲੋਕਾਂ ਨੂੰ ਤੁਰ ਪੈਣ ਲਈ ਆਖੋ। 16 ਆਪਣੇ ਹੱਥ ਵਿੱਚ ਸੋਟੀ ਲੈਕੇ ਉਸਨੂੰ ਲਾਲ ਸਾਗਰ ਉੱਪਰ ਉਠਾ, ਅਤੇ ਲਾਲ ਸਾਗਰ ਪਾਟ ਜਾਵੇਗਾ। ਫ਼ੇਰ ਲੋਕ ਖੁਸ਼ਕ ਧਰਤੀ ਰਾਹੀਂ ਰਾਹੀਂ ਪਾਰ ਲੰਘ ਸਕਣਗੇ। 17 ਮੈਂ ਮਿਸਰੀਆਂ ਨੂੰ ਇਸ ਲਈ ਜ਼ਿੱਦੀ ਬਣਾਇਆ ਹੈ ਤਾਂ ਜੋ ਉਹ ਤੁਹਾਡਾ ਪਿੱਛਾ ਕਰਨ। ਪਰ ਮੈਂ ਫ਼ਿਰਊਨ ਤੋਂ ਅਤੇ ਉਸਦੀ ਸਾਰੀ ਫ਼ੌਜ, ਉਸਦੇ ਘੋੜਿਆਂ ਅਤੇ ਉਸਦੇ ਰੱਥਾਂ ਤੋਂ ਪਰਤਾਪਮਈ ਹੋਵਾਂਗਾ। 18 ਫ਼ੇਰ ਮਿਸਰ ਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ। ਉਹ ਮੇਰਾ ਉਦੋਂ ਆਦਰ ਕਰਨਗੇ ਜਦੋਂ ਮੈਂ ਫ਼ਿਰਊਨ ਅਤੇ ਉਸਦੇ ਘੋੜਸਵਾਰ ਫ਼ੌਜੀਆਂ ਅਤੇ ਰਥਾਂ ਨੂੰ ਹਰਾ ਦਿਆਂਗਾ।” 19 ਤਾਂ ਯਹੋਵਾਹ ਦਾ ਦੂਤ ਲੋਕਾਂ ਦੇ ਪਿਛੇ ਆ ਗਿਆ। (ਯਹੋਵਾਹ ਦਾ ਦੂਤ ਆਮ ਤੌਰ ਤੇ ਲੋਕਾਂ ਦੀ ਅਗਵਾਈ ਲਈ ਉਨ੍ਹਾਂ ਦੇ ਅੱਗੇ ਹੁੰਦਾ ਸੀ।) ਇਸ ਅਲੀ ਲੰਮਾ ਬੱਦਲ ਲੋਕਾਂ ਦੇ ਸਾਮ੍ਹਣੇ ਵਾਲੇ ਪਾਸੇ ਤੋਂ ਹਟਕੇ ਲੋਕਾਂ ਦੇ ਪਿਛੇ ਚਲਾ ਗਿਆ। 20 ਇਸ ਤਰ੍ਹਾਂ ਬੱਦਲ ਮਿਸਰੀਆਂ ਅਤੇ ਇਸਰਾਏਲ ਦੇ ਲੋਕਾਂ ਦੇ ਵਿਚਕਾਰ ਖੜਾ ਹੋ ਗਿਆ। ਇਸਰਾਏਲ ਦੇ ਲੋਕਾਂ ਲਈ ਰੌਸ਼ਨੀ ਸੀ। ਪਰ ਮਿਸਰੀਆਂ ਲਈ ਹਨੇਰਾ ਸੀ। ਇਸ ਲਈ ਮਿਸਰੀ ਉਸ ਰਾਤ ਇਸਰਾਏਲ ਦੇ ਲੋਕਾਂ ਦੇ ਹੋਰ ਨੇੜੇ ਨਹੀਂ ਆਏ। 21 ਮੂਸਾ ਨੇ ਆਪਣਾ ਹੱਥ ਲਾਲ ਸਾਗਰ ਉੱਪਰ ਉਠਾਇਆ ਅਤੇ ਯਹੋਵਾਹ ਨੇ ਪੂਰਬ ਵੱਲੋਂ ਤੇਜ਼ ਹਵਾ ਵਗਾਈ। ਹਵਾ ਰਾਤ ਭਰ ਚਲਦੀ ਰਹੀ। ਸਮੁੰਦਰ ਪਾਟ ਗਿਆ ਅਤੇ ਹਵਾ ਨੇ ਧਰਤੀ ਸੁਕਾ ਦਿੱਤੀ। 22 ਇਸਰਾਏਲ ਦੇ ਲੋਕ ਸਮੁੰਦਰ ਵਿੱਚੋਂ ਸੁੱਕੀ ਥਾਂ ਤੋਂ ਲੰਘ ਗਏ। ਉਨ੍ਹਾਂ ਦੇ ਸੱਜੇ ਅਤੇ ਖੱਬੇ ਪਾਸੇ ਪਾਣੀ ਇੱਕ ਕੰਧ ਵਾਂਗ ਸੀ। 23 ਫ਼ੇਰ ਫ਼ਿਰਊਨ ਦੇ ਸਾਰੇ ਰਥਾਂ ਅਤੇ ਘੋੜਸਵਾਰ ਫ਼ੌਜੀਆਂ ਨੇ ਉਨ੍ਹਾਂ ਦਾ ਸਮੁੰਦਰ ਵਿੱਚ ਪਿੱਛਾ ਕੀਤਾ। 24 ਸੁਵਖਤੇ ਹੀ ਯਹੋਵਾਹ ਨੇ ਲੰਮੇ ਬੱਦਲ ਅਤੇ ਅੱਗ ਦੇ ਥਮ੍ਹ ਰਾਹੀਂ ਮਿਸਰੀ ਫ਼ੌਜ ਵੱਲ ਤਕਿਆ। ਫ਼ੇਰ ਯਹੋਵਾਹ ਨੇ ਮਿਸਰੀਆਂ ਦੇ ਤੰਬੂਆਂ ਵਿੱਚ ਮੁਸੀਬਤ ਪਾ ਦਿੱਤੀ ਅਤੇ ਉਨ੍ਹਾਂ ਨੂੰ ਸ਼ਸ਼ੋਪਚ ਵਿੱਚ ਪਾ ਦਿੱਤਾ। 25 ਫ਼ੇਰ ਉਸਨੇ ਰਥਾਂ ਦੇ ਪਹੀਆਂ ਨੂੰ ਕੱਟ ਦਿੱਤਾ ਅਤੇ ਰਥਾਂ ਤੇ ਕਾਬੂ ਰਖਣਾ ਮੁਸ਼ਕਿਲ ਕਰ ਦਿੱਤਾ। ਮਿਸਰੀ ਚੀਕੇ, “ਆਓ ਆਪਾਂ ਇਥੋਂ ਨਿਕਲ ਚੱਲੀਏ। ਇਸਰਾਏਲ ਦੇ ਲੋਕਾਂ ਲਈ ਯਹੋਵਾਹ ਸਾਡੇ ਖਿਲਾਫ਼ ਲੜ ਰਿਹਾ ਹੈ।” 26 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਆਪਣਾ ਹੱਥ ਸਮੁੰਦਰ ਉੱਪਰ ਉਠਾ। ਪਾਣੀ ਡਿੱਗ ਪਵੇਗਾ ਅਤੇ ਮਿਸਰੀ ਰਥਾਂ ਅਤੇ ਘੋੜਸਵਾਰ ਫ਼ੌਜੀਆਂ ਨੂੰ ਡੋਬ ਦੇਵੇਗਾ।” 27 ਇਸ ਲਈ ਪ੍ਰਭਾਤ ਵੇਲੇ, ਮੂਸਾ ਨੇ ਆਪਣਾ ਹੱਥ ਸਮੁੰਦਰ ਦੇ ਉੱਪਰ ਫ਼ੈਲਾਇਆ ਅਤੇ ਪਾਣੀ ਆਪਣੀ ਪਹਿਲਾਂ ਵਾਲੀ ਪਧਰ ਵੱਲ ਵਾਪਸ ਦੌੜਿਆ। ਮਿਸਰੀ ਆਪਣੀ ਪੂਰੀ ਵਾਹ ਲਾਕੇ ਪਾਣੀ ਵਿੱਚੋਂ ਭੱਜ ਰਹੇ ਸਨ, ਪਰ ਯਹੋਵਾਹ ਨੇ ਉਨ੍ਹਾਂ ਨੂੰ ਸਮੁੰਦਰ ਦੇ ਨਾਲ ਹੀ ਰੋੜ ਦਿੱਤਾ। 28 ਪਾਣੀ ਆਪਣੀ ਪਹਿਲਾਂ ਵਾਰੀ ਪਧਰ ਉੱਤੇ ਆ ਗਿਆ ਅਤੇ ਰਥਾਂ ਤੇ ਘੋੜਸਵਾਰ ਫ਼ੌਜੀਆਂ ਨੂੰ ਡੋਬ ਦਿੱਤਾ। ਫ਼ਿਰਊਨ ਦੀ ਫ਼ੌਜ ਇਸਰਾਏਲ ਦੇ ਲੋਕਾਂ ਦਾ ਪਿੱਛਾ ਕਰ ਰਹੀ ਸੀ ਪਰ ਉਹ ਫ਼ੌਜ ਤਬਾਹ ਹੋ ਗਈ। ਉਨ੍ਹਾਂ ਵਿੱਚੋਂ ਕੋਈ ਨਹੀਂ ਬਚਿਆ। 29 ਪਰ ਇਸਰਾਏਲ ਦੇ ਲੋਕ ਸਮੁੰਦਰ ਰਾਹੀਂ ਸੁੱਕੀ ਧਰਤੀ ਤੇ ਲੰਘ ਗਏ। ਪਾਣੀ ਸੱਜੇ ਪਾਸੇ ਅਤੇ ਖੱਬੇ ਪਾਸੇ ਕੰਧਾਂ ਵਾਂਗ ਖਲੋਤਾ ਰਿਹਾ। 30 ਇਸ ਲਈ ਉਸ ਦਿਨ, ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਮਿਸਰੀਆਂ ਤੋਂ ਬਚਾਇਆ। ਅਤੇ ਬਾਦ ਵਿੱਚ ਇਸਰਾਏਲ ਦੇ ਲੋਕਾਂ ਨੇ ਲਾਲ ਸਾਗਰ ਦੇ ਕੰਢੇ ਮਿਸਰੀ ਫ਼ੌਜੀਆਂ ਦੀਆਂ ਲਾਸ਼ਾਂ ਦੇਖੀਆਂ। 31 ਇਸਰਾਏਲ ਦੇ ਲੋਕਾਂ ਨੇ ਯਹੋਵਾਹ ਦੀ ਮਹਾਨ ਸ਼ਕਤੀ ਉਦੋਂ ਦੇਖੀ ਜਦੋਂ ਉਸਨੇ ਮਿਸਰੀਆਂ ਨੂੰ ਹਰਾਇਆ। ਇਸ ਲਈ ਲੋਕ ਯਹੋਵਾਹ ਤੋਂ ਡਰਦੇ ਅਤੇ ਉਸਦਾ ਆਦਰ ਕਰਦੇ ਸਨ। ਉਨ੍ਹਾਂ ਨੇ ਯਹੋਵਾਹ ਅਤੇ ਉਸਦੇ ਸੇਵਕ ਮੂਸਾ ਵਿੱਚ ਭਰੋਸਾ ਕਰਨਾ ਸ਼ੁਰੂ ਕਰ ਦਿੱਤਾ।

Exodus 15

1 ਤਾਂ ਮੂਸਾ ਅਤੇ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਲਈ ਇਹ ਗੀਤ ਗਾਉਣਾ ਸ਼ੁਰੂ ਕੀਤਾ:ਮੈਂ ਯਹੋਵਾਹ ਵਾਸਤੇ ਗਾਵਾਂਗਾ।ਉਸਨੇ ਮਹਾਨ ਕਾਰਨਾਮੇ ਕੀਤੇ ਹਨ।ਉਸਨੇ ਘੋੜੇ ਅਤੇ ਸਵਾਰਾਂ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ। 2 ਯਹੋਵਾਹ ਮੇਰੀ ਤਾਕਤਅਤੇ ਮੇਰੀ ਮੁਕਤੀ ਹੈ।ਮੈਂ ਉਸ ਲਈ ਉਸਤਤਿ ਦੇ ਗੀਤ ਗਾਉਂਦਾ ਹਾਂ।ਇਹ ਮੇਰਾ ਪਰਮੇਸ਼ੁਰ ਹੈ,ਅਤੇ ਮੈਂ ਉਸਦੀ ਉਸਤਤਿ ਕਰਦਾ ਹਾਂ।ਯਹੋਵਾਹ ਮੇਰੇ ਪੁਰਖਿਆਂ ਦਾ ਪਰਮੇਸ਼ੁਰ ਹੈ,ਅਤੇ ਮੈਂ ਉਸਦਾ ਆਦਰ ਕਰਦਾ ਹਾਂ। 3 ਯਹੋਵਾਹ ਇੱਕ ਮਹਾਨ ਯੋਧਾ ਹੈ।ਯਹੋਵਾਹ ਉਸਦਾ ਨਾਮ ਹੈ। 4 ਉਸਨੇ ਫ਼ਿਰਊਨ ਦੇ ਰਥਾਂਅਤੇ ਫ਼ੌਜੀਆਂ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ।ਫ਼ਿਰਊਨ ਦੇ ਸਭ ਤੋਂ ਚੰਗੇ ਫ਼ੌਜੀਲਾਲ ਸਾਗਰ ਵਿੱਚ ਡੁੱਬ ਗਏ। 5 ਡੂੰਘੇ ਪਾਣੀਆਂ ਨੇ ਉਨ੍ਹਾਂ ਨੂੰ ਕੱਜ ਲਿਆਅਤੇ ਉਹ ਪੱਥਰਾਂ ਵਾਂਗ ਹੇਠਾਂ ਡੁੱਬ ਗਏ। 6 “ਤੇਰਾ ਸੱਜਾ ਹੱਥ ਕਮਾਲ ਦੀ ਤਾਕਤ ਰਖਦਾ ਹੈ।ਯਹੋਵਾਹ, ਤੇਰੇ ਸੱਜੇ ਹੱਥ ਨੇ ਦੁਸ਼ਮਣ ਨੂੰ ਭੰਨ ਦਿੱਤਾ। 7 ਆਪਣੇ ਮਹਾਨ ਪਰਤਾਪ ਨਾਲ ਤੂੰ ਆਪਣੇ ਦੁਸ਼ਮਣਾਂਨੂੰ ਤਬਾਹ ਕਰ ਦਿੱਤਾ ਜਿਹੜੇ ਤੇਰੇ ਖਿਲਾਫ਼ ਖੜੇ ਹੋਏ ਸਨ।ਤੇਰੇ ਕਰੋਧ ਨੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ,ਜਿਵੇਂ ਅੱਗ ਕਖਾਂ ਨੂੰ ਸਾੜ ਦਿੰਦੀ ਹੈ। 8 ਜਿਹੜਾ ਸਾਹ ਤੂੰ ਆਪਣੀਆਂ ਨਾਸਾਂ ਵਿੱਚੋਂਛੱਡਿਆ ਉਸਨੇ ਪਾਣੀ ਨੂੰ ਉੱਚਾ ਚੁੱਕ ਦਿੱਤਾ।ਵਗਦਾ ਪਾਣੀ ਕੰਧ ਬਣ ਗਿਆ।ਸਮੁੰਦਰ ਆਪਣੀਆਂ ਗਹਿਰਾਈਆਂ ਤਾਈਂ ਠੋਸ ਬਣ ਗਿਆ। 9 “ਦੁਸ਼ਮਣ ਨੇ ਆਖਿਆ,‘ਮੈਂ ਉਨ੍ਹਾਂ ਦਾ ਪਿੱਛਾ ਕਰਾਂਗਾ ਤੇ ਉਨ੍ਹਾਂ ਨੂੰ ਫ਼ੜ ਲਵਾਂਗਾ।ਮੈਂ ਉਨ੍ਹਾਂ ਦੀ ਦੌਲਤ ਵੰਡ ਲਵਾਂਗਾ।ਮੈਂ ਇਹ ਸਭ ਕੁਝ ਆਪਣੀ ਤਲਵਾਰ ਨਾਲ ਖੋਹ ਲਵਾਂਗਾ।ਮੇਰੀ ਖੁਦ ਦੀ ਸ਼ਕਤੀ ਉਨ੍ਹਾਂ ਨੂੰ ਤਬਾਹ ਕਰੇਗੀ।’ 10 ਪਰ ਤੂੰ ਫ਼ੂਕ ਮਾਰੀਅਤੇ ਉਨ੍ਹਾਂ ਨੂੰ ਸਮੁੰਦਰ ਨਾਲ ਢਕ ਦਿੱਤਾ।ਉਹ ਸਿੱਕੇ ਵਾਂਗ ਡੂੰਘੇ ਸਮੁੰਦਰ ਵਿੱਚ ਡੁੱਬ ਗਏ। 11 “ਕੀ ਯਹੋਵਾਹ ਵਰਗੇ ਕੋਈ ਦੇਵਤੇ ਹਨ?ਨਹੀਂ। ਤੇਰੇ ਵਰਗੇ ਕੋਈ ਦੇਵਤੇ ਨਹੀਂ -ਤੂੰ ਅਦਭੁਤ ਪਵਿੱਤਰ ਹੈਂਤੂੰ ਅਦਭੁਤ ਤਾਕਤਵਰ ਹੈਂ।ਤੂੰ ਮਹਾਨ ਕਰਿਸ਼ਮੇ ਕਰਦਾ ਹੈਂ। 12 ਤੂੰ ਆਪਣਾ ਸੱਜਾ ਹੱਥ ਬਾਹਰ ਕਢਿਆ,ਇਸ ਲਈ ਧਰਤੀ ਉਨ੍ਹਾਂ ਨੂੰ ਨਿਗਲ ਗਈ। 13 ਪਰ ਆਪਣੀ ਕਿਰਪਾ ਨਾਲਤੂੰ ਲੋਕਾਂ ਦੀ ਅਗਵਾਈ ਕੀਤੀ ਜਿਨ੍ਹਾਂ ਨੂੰ ਤੂੰ ਬਚਾਇਆ।ਅਤੇ ਆਪਣੀ ਤਾਕਤ ਨਾਲਤੂੰ ਉਨ੍ਹਾਂ ਦੀ ਅਗਵਾਈ ਆਪਣੀ ਪਵਿੱਤਰ ਅਤੇ ਪ੍ਰਸੰਨ ਧਰਤੀ ਵੱਲ ਕੀਤੀ। 14 “ਦੂਸਰੀਆਂ ਕੌਮਾਂ ਇਸ ਕਹਾਣੀ ਨੂੰ ਸੁਣਨਗੀਆਂਅਤੇ ਉਹ ਡਰ ਜਾਣਗੀਆਂ।ਫ਼ਲਿਸਤੀ ਲੋਕ ਡਰ ਨਾਲ ਕੰਬਣਗੇ। 15 ਅਦੋਮ ਦੇ ਆਗੂ ਕੰਬਣਗੇ।ਮੋਆਬ ਦੇ ਆਗੂ ਡਰ ਨਾਲ ਕੰਬਣਗੇ।ਕਨਾਨ ਦੇ ਲੋਕਾਂ ਦਾ ਹੌਂਸਲਾ ਟੁਟ ਜਾਵੇਗਾ। 16 ਉਹ ਲੋਕ ਡਰ ਨਾਲ ਭਰ ਜਾਣਗੇ ਜਦੋਂਉਹ ਤੇਰੀ ਤਾਕਤ ਦੇਖਣਗੇ।ਉਹ ਯਹੋਵਾਹ ਦੇ ਲੋਕਾਂ,ਤੇਰੇ ਚੁਣੇ ਹੋਏ ਲੋਕਾਂ ਦੇ ਲੰਘ ਜਾਣ ਤੀਕ ਚੱਟਾਨ ਵਾਂਗ ਖਾਮੋਸ਼ ਰਹਿਣਗੇ। 17 ਯਹੋਵਾਹ, ਤੂੰ ਆਪਣੇ ਲੋਕਾਂ ਦੀ ਆਪਣੇ ਪਰਬਤ ਉੱਪਰ ਅਗਵਾਈ ਕਰੇਂਗਾ।ਤੂੰ ਉਨ੍ਹਾਂ ਨੂੰ ਉਸ ਥਾਂ ਤੇ ਰਹਿਣ ਦੇਵੇਂਗਾ। ਜਿਹੜੀ ਤੂੰ ਆਪਣੇ ਤਖਤ ਲਈ ਬਣਾਈ ਹੈ।ਸੁਆਮੀ, ਤੂੰ ਆਪਣਾ ਮੰਦਰ ਬਣਾਵੇਂਗਾ। 18 “ਯਹੋਵਾਹ ਸਦਾ-ਸਦਾ ਲਈ ਰਾਜ ਕਰੇਗਾ।” 19 ਹਾਂ, ਇਹ ਸੱਚਮੁਚ ਵਾਪਰਿਆ ਸੀ। ਫ਼ਿਰਊਨ ਦੇ ਘੋੜੇ ਅਤੇ ਸਵਾਰ ਅਤੇ ਰਥ ਸਮੁੰਦਰ ਵਿੱਚ ਚਲੇ ਗਏ। ਅਤੇ ਯਹੋਵਾਹ ਨੇ ਸਮੁੰਦਰ ਦਾ ਸਾਰਾ ਪਾਣੀ ਉਨ੍ਹਾਂ ਦੇ ਉੱਪਰ ਲੈ ਆਂਦਾ। ਪਰ ਇਸਰਾਏਲ ਦੇ ਲੋਕ ਸਮੁੰਦਰ ਵਿੱਚੋਂ ਸੁੱਕੀ ਧਰਤੀ ਤੋਂ ਲੰਘ ਗਏ। 20 ਤਾਂ ਹਾਰੂਨ ਦੀ ਭੈਣ, ਔਰਤ ਪੈਗੰਬਰ ਮਿਰਯਮ, ਨੇ ਤੰਬੂਰੀ ਚੁੱਕ ਲਈ। ਮਿਰਯਮ ਅਤੇ ਹੋਰ ਔਰਤਾਂ ਗਾਉਣ ਤੇ ਨੱਚਣ ਲੱਗੀਆਂ। 21 ਮਿਰਯਮ ਨੇ ਇਹ ਸ਼ਬਦ ਦੁਹਰਾਏ,“ਯਹੋਵਾਹ ਲਈ ਗਾਓ।ਉਸਨੇ ਮਹਾਨ ਕਾਰਨਾਮੇ ਕੀਤੇ ਹਨ।ਉਸਨੇ ਘੋੜੇ ਅਤੇ ਸਵਾਰਾਂ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ।” 22 ਮੂਸਾ ਇਸਰਾਏਲ ਦੇ ਲੋਕਾਂ ਨੂੰ ਲਾਲ ਸਾਗਰਾਂ ਤੋਂ ਪਰ੍ਹਾਂ ਸੂਰ ਦੇ ਮਾਰੂਥਲ ਅੰਦਰ ਲੈ ਗਿਆ। ਉਨ੍ਹਾਂ ਨੇ ਮਾਰੂਥਲ ਵਿੱਚ ਤਿੰਨ ਦਿਨ ਤੱਕ ਸਫ਼ਰ ਕੀਤਾ। ਲੋਕਾਂ ਨੂੰ ਕੋਈ ਪਾਣੀ ਨਹੀਂ ਮਿਲਿਆ। 23 ਤਿੰਨ ਦਿਨਾਂ ਮਗਰੋਆਂ ਲੋਕ ਮਾਰਾਹ ਆ ਗਏ। ਮਾਰਾਹ ਵਿੱਚ ਪਾਣੀ ਸੀ ਪਰ ਇਹ ਪੀਣ ਵਿੱਚ ਕੌੜਾ ਸੀ। (ਇਸੇ ਲਈ ਉਸ ਥਾਂ ਦਾ ਨਾਮ ਮਾਰਾਹ ਸੀ।) 24 ਲੋਕਾਂ ਨੇ ਮੂਸਾ ਅੱਗੇ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਲੋਕਾਂ ਨੇ ਆਖਿਆ, “ਹੁਣ ਅਸੀਂ ਕੀ ਪੀਵਾਂਗੇ?” 25 ਮੂਸਾ ਨੇ ਯਹੋਵਾਹ ਨੂੰ ਅਵਾਜ਼ ਦਿੱਤੀ। ਇਸ ਲਈ ਯਹੋਵਾਹ ਨੇ ਉਸਨੂੰ ਇੱਕ ਦਰਖਤ ਦਿਖਾਇਆ। ਮੂਸਾ ਨੇ ਦਰਖਤ ਨੂੰ ਪਾਣੀ ਵਿੱਚ ਸੁੱਟ ਦਿੱਤਾ। ਜਦੋਂ ਉਸਨੇ ਅਜਿਹਾ ਕੀਤਾ, ਪਾਣੀ ਪੀਣ ਦੇ ਯੋਗ ਹੋ ਗਿਆ। ਉਸ ਥਾਂ ਤੇ, ਯਹੋਵਾਹ ਨੇ ਲੋਕਾਂ ਦਾ ਨਿਰਣਾ ਕੀਤਾ ਅਤੇ ਉਨ੍ਹਾਂ ਨੂੰ ਇੱਕ ਕਾਨੂਨ ਦਿੱਤਾ।ਯਹੋਵਾਹ ਨੇ ਲੋਕਾਂ ਦਾ ਵਿਸ਼ਵਾਸ ਵੀ ਪਰਖਿਆ। 26 ਯਹੋਵਾਹ ਨੇ ਆਖਿਆ, “ਤੁਹਾਨੂੰ ਆਪਣੇ ਯਹੋਵਾਹ ਪਰਮੇਸ਼ੁਰ ਦਾ ਹੁਕਮ ਜ਼ਰੂਰ ਮੰਨਣਾ ਚਾਹੀਦਾ ਹੈ। ਤੁਹਾਨੂੰ ਉਹੀ ਗੱਲਾਂ ਕਰਨੀਆਂ ਚਾਹੀਦੀਆਂ ਹਨ ਜਿਨ੍ਹਾਂ ਨੂੰ ਉਹ ਸਹੀ ਕਹਿੰਦਾ ਹੈ, ਜੇ ਤੁਸੀਂ ਯਹੋਵਾਹ ਦੇ ਸਾਰੇ ਹੁਕਮ ਤੇ ਕਾਨੂਨ ਮੰਨੋਗੇ ਤਾਂ ਤੁਸੀਂ ਮਿਸਰੀਆਂ ਦੀ ਤਰ੍ਹਾਂ ਬਿਮਾਰ ਨਹੀਂ ਹੋਵੋਂਗੇ। ਮੈਂ, ਯਹੋਵਾਹ, ਤੁਹਾਨੂੰ ਅਜਿਹੀ ਕੋਈ ਬਿਮਾਰੀ ਨਹੀਂ ਦਿਆਂਗਾ ਜਿਹੜੀ ਮੈਂ ਮਿਸਰੀਆਂ ਨੂੰ ਦਿੱਤੀ ਸੀ। ਮੈਂ ਯਹੋਵਾਹ ਹਾਂ। ਮੈਂ ਹੀ ਹਾਂ ਜਿਹੜਾ ਤੁਹਾਨੂੰ ਰਾਜ਼ੀ ਕਰਦਾ ਹੈ।” 27 ਫ਼ੇਰ ਲੋਕ ਸਫ਼ਰ ਕਰਦੇ ਹੋਏ ਏਲਿਮ ਪਹੁੰਚੇ। ਏਲਿਮ ਵਿਖੇ ਪਾਣੀ ਦੇ 12 ਚਸ਼ਮੇ ਅਤੇ ਖਜੂਰਾਂ ਦੇ 70 ਰੁਖ ਸਨ। ਇਸ ਲਈ ਲੋਕਾਂ ਨੇ ਪਾਣੀ ਦੇ ਨੇੜੇ ਡੇਰਾ ਲਾ ਲਿਆ।

Exodus 16

1 ਫ਼ੇਰ ਲੋਕਾਂ ਨੇ ਏਲਿਮ ਛੱਡ ਦਿੱਤਾ ਅਤੇ ਸੀਨਈ ਮਾਰੂਥਲ ਵਿੱਚ ਆ ਗਏ, ਏਲਿਮ ਤੇ ਸੀਨਈ ਦੇ ਵਿਚਕਾਰ। ਉਥੇ ਉਹ ਮਿਸਰ ਛੱਡਣ ਤੋਂ ਬਾਦ ਦੂਸਰੇ ਮਹੀਨੇ ਦੀ ਪੰਦਰ੍ਹਾਂ ਤਾਰੀਕ ਨੂੰ ਪਹੁੰਚੇ। 2 ਤਾਂ ਇਸਰਾਏਲ ਦੇ ਲੋਕ ਫ਼ੇਰ ਸ਼ਿਕਾਇਤ ਕਰਨ ਲੱਗੇ। ਉਨ੍ਹਾਂ ਨੇ ਮਾਰੂਥਲ ਵਿੱਚ ਮੂਸਾ ਅਤੇ ਹਾਰੂਨ ਅੱਗੇ ਸ਼ਿਕਾਇਤ ਕੀਤੀ। 3 ਲੋਕਾਂ ਨੇ ਆਖਿਆ, “ਇਹ ਬਿਹਤਰ ਹੁੰਦਾ ਜੇ ਯਹੋਵਾਹ ਸਾਨੂੰ ਮਿਸਰ ਦੀ ਧਰਤੀ ਤੇ ਹੀ ਮਾਰ ਦਿੰਦਾ। ਘੱਟੋ-ਘੱਟ ਓਥੇ ਸਾਡੇ ਕੋਲ ਖਾਣ ਲਈ ਤਾਂ ਕਾਫ਼ੀ ਸੀ। ਸਾਡੇ ਕੋਲ ਖਾਣ ਲਈ ਤਾਂ ਕਾਫ਼ੀ ਸੀ। ਸਾਡੇ ਕੋਲ ਖਾਣ ਲਈ ਲੋੜੀਂਦਾ ਸਾਰਾ ਭੋਜਨ ਸੀ। ਪਰ ਹੁਣ ਤੁਸੀਂ ਸਾਨੂੰ ਇੱਥੇ ਮਾਰੂਥਲ ਵਿੱਚ ਲੈ ਆਂਦਾ ਹੈ। ਅਤੇ ਇੱਥੇ ਅਸੀਂ ਸਾਰੇ ਭੁਖ ਨਾਲ ਮਰ ਜਾਵਾਂਗੇ।” 4 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਮੈਂ ਅਕਾਸ਼ ਤੋਂ ਭੋਜਨ ਵਰ੍ਹਾਵਾਂਗਾ। ਇਹ ਭੋਜਨ ਤੁਹਾਡੇ ਖਾਣ ਲਈ ਹੋਵੇਗਾ। ਹਰ ਰੋਜ਼ ਲੋਕਾਂ ਨੂੰ ਬਾਹਰ ਜਾਣਾ ਚਾਹੀਦਾ ਹੈ ਅਤੇ ਉਸ ਦਿਨ ਲਈ ਲੋੜੀਂਦਾ ਭੋਜਨ ਇਕਠਾ ਕਰਨਾ ਚਾਹੀਦਾ ਹੈ। ਮੈਂ ਅਜਿਹਾ ਇਹ ਦੇਖਣ ਲਈ ਕਰਾਂਗਾ ਕਿ ਲੋਕ ਓਹੀ ਕਰਦੇ ਹਨ ਜੋ ਮੈਂ ਉਨ੍ਹਾਂ ਨੂੰ ਆਖਦਾ ਹਾਂ। 5 ਹਰ ਰੋਜ਼ ਲੋਕ ਸਿਰਫ਼ ਇੱਕ ਦਿਨ ਲਈ ਕਾਫ਼ੀ ਭੋਜਨ ਇਕਠਾ ਕਰਨਗੇ। ਪਰ ਸ਼ੁਕਰਵਾਰ ਨੂੰ, ਜਦੋਂ ਲੋਕ ਆਪਣਾ ਭੋਜਨ ਇਕਠਾ ਕਰਨਗੇ ਤਾਂ ਉਹ ਦੇਖਣਗੇ ਕਿ ਉਨ੍ਹਾਂ ਕੋਲ ਦੋ ਦਿਨਾਂ ਲਈ ਕਾਫ਼ੀ ਭੋਜਨ ਹੈ।” 6 ਇਸ ਲਈ ਮੂਸਾ ਤੇ ਹਾਰੂਨ ਨੇ ਇਸਰਾਏਲ ਦੇ ਲੋਕਾਂ ਨੂੰ ਆਖਿਆ, “ਅੱਜ ਤੁਸੀਂ ਯਹੋਵਾਹ ਦੀ ਸ਼ਕਤੀ ਦੇਖੋਂਗੇ, ਤੁਸੀਂ ਜਾਣ ਜਾਵੋਂਗੇ ਕਿ ਉਹੀ ਹੈ ਜੋ ਤੁਹਾਨੂੰ ਮਿਸਰ ਤੋਂ ਬਾਹਰ ਲਿਆਇਆ। 7 ਤੁਸੀਂ ਯਹੋਵਾਹ ਨੂੰ ਸ਼ਿਕਾਇਤ ਕੀਤੀ ਅਤੇ ਉਸਨੇ ਸੁਣ ਲਈ। ਇਸ ਲਈ ਕਲ ਸਵੇਰੇ ਤੁਸੀਂ ਯਹੋਵਾਹ ਦਾ ਪਰਤਾਪ ਦੇਖੋਂਗੇ। ਤੁਸੀਂ ਸਾਨੂੰ ਸ਼ਿਕਾਇਤਾਂ ਤੇ ਸ਼ਿਕਾਇਤਾਂ ਲਾਉਂਦੇ ਰਹੇ ਹੋ। ਸ਼ਾਇਦ ਹੁਣ ਤੁਸੀਂ ਕੁਝ ਅਰਾਮ ਕਰ ਸਕੋਂ।” 8 ਅਤੇ ਮੂਸਾ ਨੇ ਆਖਿਆ, “ਤੁਸੀਂ ਸ਼ਿਕਾਇਤਾਂ ਕਰ ਰਹੇ ਸੀ ਅਤੇ ਯਹੋਵਾਹ ਨੇ ਤੁਹਾਡੀਆਂ ਸ਼ਿਕਾਇਤਾਂ ਸੁਣ ਲਈਆਂ ਹਨ। ਇਸ ਲਈ ਅੱਜ ਰਾਤ ਯਹੋਵਾਹ ਤੁਹਾਨੂੰ ਗੋਸ਼ਤ ਦੇਵੇਗਾ। ਅਤੇ ਸਵੇਰੇ ਤੁਹਾਨੂੰ ਸਾਰੀ ਲੋੜੀਂਦੀ ਰੋਟੀ ਮਿਲੇਗੀ। ਤੁਸੀਂ ਹਾਰੂਨ ਨੂੰ ਅਤੇ ਮੈਨੂੰ ਸ਼ਿਕਾਇਤਾਂ ਕਰਦੇ ਰਹੇ ਹੋ। ਪਰ ਹੁਣ, ਅਸੀਂ ਕੁਝ ਅਰਾਮ ਕਰ ਸਕਾਂਗੇ। ਚੇਤੇ ਰਖੋ, ਤੁਸੀਂ ਹਾਰੂਨ ਅਤੇ ਮੇਰੇ ਖਿਲਾਫ਼ ਸ਼ਿਕਾਇਤ ਨਹੀਂ ਕਰ ਰਹੇ। ਤੁਸੀਂ ਯਹੋਵਾਹ ਦੇ ਵਿਰੁੱਧ ਸ਼ਿਕਾਇਤ ਕਰ ਰਹੇ ਹੋ।” 9 ਫ਼ੇਰ ਮੂਸਾ ਨੇ ਹਾਰੂਨ ਨੂੰ ਆਖਿਆ, “ਇਸਰਾਏਲ ਦੇ ਸਾਰੇ ਲੋਕਾਂ ਨਾਲ ਗੱਲ ਕਰੋ। ਉਨ੍ਹਾਂ ਨੂੰ ਆਖੋ, ‘ਇਕਠੇ ਹੋਕੇ ਯਹੋਵਾਹ ਦੇ ਸਾਮ੍ਹਣੇ ਆਓ, ਕਿਉਂਕਿ ਉਸਨੇ ਤੁਹਾਡੀਆਂ ਸ਼ਿਕਾਇਤਾਂ ਸੁਣ ਲਈਆਂ ਹਨ।’” 10 ਹਾਰੂਨ ਨੇ ਇਸਰਾਏਲ ਦੇ ਸਮੂਹ ਲੋਕਾਂ ਨਾਲ ਗੱਲ ਕੀਤੀ। ਉਹ ਸਾਰੇ ਇੱਕ ਥਾਂ ਇਕਠੇ ਹੋਏ ਸਨ। ਜਦੋਂ ਹਾਰੂਨ ਗੱਲ ਕਰ ਰਿਹਾ ਸੀ, ਸਾਰੇ ਲੋਕ ਮੁੜੇ ਅਤੇ ਮਾਰੂਥਲ ਵੱਲ ਦੇਖਣ ਲੱਗੇ। ਅਤੇ ਉਨ੍ਹਾਂ ਨੂੰ ਯਹੋਵਾਹ ਦਾ ਪਰਤਾਪ ਇੱਕ ਬੱਦਲ ਵਿੱਚ ਦਿਖਾਈ ਦਿੱਤਾ। 11 ਯਹੋਵਾਹ ਨੇ ਮੂਸਾ ਨੂੰ ਆਖਿਆ, 12 “ਮੈਂ ਇਸਰਾਏਲ ਦੇ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਲਈਆਂ ਹਨ। ਇਸ ਲਈ ਉਨ੍ਹਾਂ ਨੂੰ ਆਖੋ, “ਅੱਜ ਤੁਸੀਂ ਗੋਸ਼ਤ ਖਾਵੋਂਗੇ। ਅਤੇ ਸਵੇਰ ਨੂੰ ਤੁਸੀਂ ਸਾਰੀ ਲੋੜੀਂਦੀ ਰੋਟੀ ਖਾਵੋਂਗੇ। ਫ਼ੇਰ ਤੁਸੀਂ ਜਾਣ ਜਾਵੋਂਗੇ ਕਿ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ ਵਿੱਚ ਭਰੋਸਾ ਕਰ ਸਕਦੇ ਹੋ।’” 13 ਉਸ ਰਾਤ ਨੂੰ ਕੋਇਲਾਂ ਡੇਰੇ ਦੇ ਚਾਰ ਚੁਫ਼ੇਰੇ ਆਈਆਂ। ਲੋਕਾਂ ਨੇ ਗੋਸ਼ਤ ਲਈ ਇਹ ਪੰਛੀ ਫ਼ੜ ਲਈ। ਅਤੇ ਸਵੇਰੇ ਡੇਰੇ ਦੇ ਨੇੜੇ ਧਰਤੀ ਉੱਤੇ ਸਵੇਰ ਦੀ ਤ੍ਰੇਲ ਪਈ ਸੀ। 14 ਜਦੋਂ ਤ੍ਰੇਲ ਸੁੱਕ ਗਈ ਤਾਂ ਧਰਤੀ ਉੱਤੇ ਕੋਰੇ ਦੀਆਂ ਪਤਲੀਆਂ ਪਰਤਾਂ ਵਰਗੀ ਕੋਈ ਚੀਜ਼ ਪਈ ਸੀ। 15 ਇਸਰਾਏਲ ਦੇ ਲੋਕਾਂ ਨੇ ਇਸਨੂੰ ਦੇਖਿਆ ਅਤੇ ਇੱਕ ਦੂਜੇ ਨੂੰ ਪੁਛਣ ਲੱਗੇ, “ਇਹ ਕੀ ਹੈ?” ਉਹ ਇਹ ਸਵਾਲ ਪੁਛ ਰਹੇ ਸਨ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਇਹ ਕੀ ਸੀ। ਇਸ ਲਈ ਮੂਸਾ ਨੇ ਉਨ੍ਹਾਂ ਨੂੰ ਆਖਿਆ, “ਇਹੀ ਉਹ ਭੋਜਨ ਹੈ ਜੋ ਯਹੋਵਾਹ ਤੁਹਾਨੂੰ ਖਾਣ ਲਈ ਦੇ ਰਿਹਾ ਹੈ। 16 ਯਹੋਵਾਹ ਆਖਦਾ ਹੈ, ‘ਹਰੇਕ ਬੰਦੇ ਨੂੰ ਓਨਾ ਹੀ ਇਕਠਾ ਕਰਨਾ ਚਾਹੀਦਾ ਹੈ ਜਿੰਨਾ ਉਸਨੂੰ ਲੋੜੀਂਦਾ ਹੈ। ਤੁਹਾਡੇ ਵਿੱਚ ਹਰੇਕ ਨੂੰ ਤਕਰੀਬਨ ਦੋ ਓਮਰ ਪਰਿਵਾਰ ਦੇ ਹਰ ਬੰਦੇ ਲਈ ਇਕਠਾ ਕਰਨਾ ਚਾਹੀਦਾ ਹੈ।’” 17 ਇਸ ਲਈ ਇਸਰਾਏਲ ਦੇ ਲੋਕਾਂ ਨੇ ਅਜਿਹਾ ਹੀ ਕੀਤਾ। ਹਰੇਕ ਬੰਦੇ ਨੇ ਆਪਣਾ ਭੋਜਨ ਇਕਠਾ ਕੀਤਾ। ਕੁਝ ਬੰਦਿਆਂ ਨੇ ਹੋਰਨਾਂ ਨਾਲੋਂ ਵਧ ਇਕਠਾ ਕੀਤਾ। 18 ਲੋਕਾਂ ਨੇ ਘਰ ਦੇ ਹਰ ਜੀਅ ਨੂੰ ਭੋਜਨ ਦਿੱਤਾ। ਜਦੋਂ ਭੋਜਨ ਮਾਪਿਆ ਜਾਂਦਾ, ਹਰੇਕ ਬੰਦੇ ਲਈ ਕਾਫ਼ੀ ਹੁੰਦਾ, ਪਰ ਕਦੇ ਵੀ ਬਹੁਤਾ ਜ਼ਿਆਦਾ ਨਹੀਂ। ਹਰ ਬੰਦਾ ਸਿਰਫ਼ ਓਨਾ ਹੀ ਇਕਠਾ ਕਰਦਾ ਸੀ ਜਿੰਨਾ ਉਸਦੇ ਅਤੇ ਉਸਦੇ ਪਰਿਵਾਰ ਲਈ ਕਾਫ਼ੀ ਹੁੰਦਾ ਸੀ। 19 ਮੂਸਾ ਨੇ ਉਨ੍ਹਾਂ ਨੂੰ ਆਖਿਆ, “ਅਗਲੇ ਦਿਨ ਖਾਣ ਲਈ ਭੋਜਨ ਨਾ ਬਚਾਓ।” 20 ਪਰ ਕੁਝ ਲੋਕਾਂ ਨੇ ਮੂਸਾ ਦੀ ਗੱਲ ਨਹੀਂ ਮੰਨੀ। ਇਨ੍ਹਾਂ ਲੋਕਾਂ ਨੇ ਅਗਲੇ ਦਿਨ ਲਈ ਆਪਣਾ ਭੋਜਨ ਬਚਾਇਆ। ਪਰ ਭੋਜਨ ਵਿੱਚ ਕੀੜੇ ਪੈ ਗਏ ਅਤੇ ਇਹ ਸੜਨ ਲੱਗਾ। ਮੂਸਾ ਉਨ੍ਹਾਂ ਲੋਕਾਂ ਨਾਲ ਗੁੱਸੇ ਸੀ ਜਿਨ੍ਹਾਂ ਨੇ ਅਜਿਹਾ ਕੀਤਾ ਸੀ। 21 ਹਰ ਸਵੇਰ ਲੋਕ ਭੋਜਨ ਇਕਠਾ ਕਰਦੇ ਸਨ। ਹਰੇਕ ਬੰਦਾ ਓਨਾ ਹੀ ਜਮ੍ਹਾਂ ਕਰਦਾ ਜਿੰਨਾ ਉਹ ਖਾ ਸਕਦਾ ਸੀ। ਪਰ ਦੁਪਿਹਰ ਵੇਲੇ ਭੋਜਨ ਪਿਘਲ ਜਾਂਦਾ ਅਤੇ ਚਲਿਆ ਜਾਂਦਾ। 22 ਸ਼ੁਕਰਵਾਰ ਨੂੰ ਲੋਕਾਂ ਨੇ ਦੁੱਗਣਾ ਭੋਜਨ ਇਕਠਾ ਕੀਤਾ। ਉਨ੍ਹਾਂ ਨੇ ਹਰ ਬੰਦੇ ਲਈ ਦੋ ਓਮਰ ਜਮ੍ਹਾ ਕੀਤਾ। ਇਸ ਲਈ ਲੋਕਾਂ ਦੇ ਆਗੂ ਮੂਸਾ ਕੋਲ ਆਏ ਅਤੇ ਇਸ ਬਾਰੇ ਦੱਸਿਆ। 23 ਮੂਸਾ ਨੇ ਉਨ੍ਹਾਂ ਨੂੰ ਆਖਿਆ, “ਇਹੀ ਸੀ ਜਿਸਦੇ ਵਾਪਰਨ ਬਾਰੇ ਯਹੋਵਾਹ ਨੇ ਆਖਿਆ ਸੀ। ਇਹ ਇਸ ਲਈ ਵਾਪਰਿਆ ਕਿਉਂਕਿ ਕਲ ਯਹੋਵਾਹ ਦੇ ਆਦਰ ਵਿੱਚ ਅਰਾਮ ਦਾ ਖਾਸ ਦਿਨ, ਸਬਤ ਹੈ। ਤੁਸੀਂ ਓਨਾ ਭੋਜਨ ਪਕਾ ਸਕਦੇ ਹੋ ਜਿੰਨਾ ਤੁਹਾਨੂੰ ਅੱਜ ਲੋੜੀਂਦਾ ਹੈ। ਪਰ ਬਾਕੀ ਦਾ ਭੋਜਨ ਕਲ ਸਵੇਰ ਲਈ ਬਚਾ ਲਵੋ।” 24 ਇਸ ਲਈ ਲੋਕਾਂ ਨੇ ਬਾਕੀ ਦਾ ਭੋਜਨ ਅਗਲੇ ਦਿਨ ਲਈ ਬਚਾ ਲਿਆ। ਅਤੇ ਕੋਈ ਵੀ ਭੋਜਨ ਖਰਾਬ ਨਹੀਂ ਹੋਇਆ। ਇਸਦੇ ਕਿਸੇ ਵੀ ਹਿੱਸੇ ਵਿੱਚ ਕੀੜੇ ਦਾਖਲ ਨਹੀਂ ਹੋਏ। 25 ਸ਼ਨਿਚਰਵਾਰ ਨੂੰ, ਮੂਸਾ ਨੇ ਲੋਕਾਂ ਨੂੰ ਆਖਿਆ, “ਅੱਜ ਸਬਤ ਹੈ, ਯਹੋਵਾਹ ਦੇ ਆਦਰ ਵਿੱਚ ਅਰਾਮ ਦਾ ਖਾਸ ਦਿਨ ਹੈ। ਕਲ ਦਾ ਇੱਕਤ੍ਰ ਕੀਤਾ ਹੋਇਆ ਭੋਜਨ ਖਾਵੋ। ਅੱਜ ਤੁਹਾਨੂੰ ਖੇਤਾਂ ਵਿੱਚੋਂ ਕੁਝ ਨਹੀਂ ਮਿਲੇਗਾ। 26 ਤੁਹਾਨੂੰ ਛੇ ਦਿਨ ਭੋਜਨ ਇਕਠਾ ਕਰਨਾ ਚਾਹੀਦਾ ਹੈ। ਪਰ ਹਫ਼ਤੇ ਦਾ ਸੱਤਵਾਂ ਦਿਨ ਅਰਾਮ ਕਰਨ ਦਾ ਦਿਨ ਹੈ - ਇਸ ਲਈ ਏਸ ਦਿਨ ਕੋਈ ਵੀ ਖਾਸ ਭੋਜਨ ਧਰਤੀ ਤੇ ਨਹੀਂ ਹੋਵੇਗਾ।” 27 ਸ਼ਨਿਚਰਵਾਰ ਨੂੰ ਕੁਝ ਲੋਕ ਭੋਜਨ ਇਕਠਾ ਕਰਨ ਲਈ ਬਾਹਰ ਗਏ ਪਰ ਉਨ੍ਹਾਂ ਨੂੰ ਕੋਈ ਭੋਜਨ ਨਹੀਂ ਮਿਲਿਆ। 28 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਕਿੰਨਾ ਕੁ ਚਿਰ ਤੁਸੀਂ ਲੋਕ ਮੇਰੇ ਹੁਕਮ ਤੇ ਬਿਵਸਥਾਵਾਂ ਨੂੰ ਮੰਨਣ ਤੋਂ ਇਨਕਾਰ ਕਰਦੇ ਰਹੋਂਗੇ? 29 ਦੇਖੋ, ਯਹੋਵਾਹ ਨੇ ਸਬਤ ਨੂੰ ਤੁਹਾਡੇ ਲਈ ਅਰਾਮ ਕਰਨ ਦਾ ਦਿਨ ਬਣਾਇਆ ਹੈ। ਇਸ ਲਈ, ਸ਼ੁਕਰਵਾਰ ਨੂੰ ਯਹੋਵਾਹ ਤੁਹਾਨੂੰ ਦੋ ਦਿਨਾਂ ਲਈ ਕਾਫ਼ੀ ਭੋਜਨ ਦੇਵੇਗਾ। ਫ਼ੇਰ ਸਬਤ ਦੇ ਦਿਨ, ਤੁਹਾਡੇ ਵਿੱਚੋਂ ਹਰੇਕ ਨੂੰ ਬਹਿਕੇ ਅਰਾਮ ਕਰਨਾ ਚਾਹੀਦਾ ਹੈ। ਓਥੇ ਹੀ ਠਹਿਰੋ ਜਿਥੇ ਤੁਸੀਂ ਹੋ।” 30 ਇਸ ਲਈ ਲੋਕ ਸਬਤ ਦੇ ਦਿਨ ਅਰਾਮ ਕਰਦੇ ਸਨ। 31 ਲੋਕਾਂ ਨੇ ਖਾਸ ਭੋਜਨ ਨੂੰ “ਮੰਨ” ਆਖਣਾ ਸ਼ੁਰੂ ਕਰ ਦਿੱਤਾ। ਮੰਨ ਧਣੀਏ ਦੇ ਛੋਟੇ ਸਫ਼ੇਦ ਬੀਜਾਂ ਵਰਗਾ ਸੀ ਅਤੇ ਉਸਦਾ ਸੁਆਦ ਸ਼ਹਿਦ ਨਾਲ ਬਣੇ ਕੇਕ ਵਰਗਾ ਸੀ। 32 ਮੂਸਾ ਨੇ ਆਖਿਆ, “ਯਹੋਵਾਹ ਨੇ ਆਖਿਆ ਸੀ; ‘ਇਸ ਭੋਜਨ ਦੇ ਅਠ ਕੱਪ ਆਪਣੇ ਉੱਤਰਾਧਿਕਾਰੀਆਂ ਲਈ ਬਚਾ ਲਵੋ। ਫ਼ੇਰ ਉਹ ਇਸ ਭੋਜਨ ਨੂੰ ਦੇਖ ਸਕਣਗੇ ਜਿਹੜਾ ਮੈਂ ਤੁਹਾਨੂੰ ਉਦੋਂ ਮਾਰੂਥਲ ਵਿੱਚ ਦਿੱਤਾ ਜਦੋਂ ਮੈਂ ਤੁਹਾਨੂੰ ਮਿਸਰ ਤੋਂ ਬਾਹਰ ਲਿਆਇਆ ਸੀ।’” 33 ਇਸ ਲਈ ਮੂਸਾ ਨੇ ਹਾਰੂਨ ਨੂੰ ਆਖਿਆ, “ਇੱਕ ਜੱਗ ਲਵੋ ਅਤੇ ਇਸ ਵਿੱਚ ਅਠ ਕੱਪ ਮੰਨ ਦੇ ਭਰੋ। ਇਸ ਮੰਨ ਨੂੰ ਯਹੋਵਾਹ ਦੇ ਅੱਗੇ ਰੱਖਣ ਲਈ ਬਚਾਵੋ। ਇਸ ਨੂੰ ਸਾਡੇ ਉੱਤਰਾਧਿਕਾਰੀਆਂ ਲਈ ਬਚਾਵੋ।” 34 (ਹਾਰੂਨ ਨੇ ਬਾਦ ਵਿੱਚ ਓਵੇਂ ਹੀ ਕੀਤਾ ਜਿਸ ਬਾਰੇ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ। ਹਾਰੂਨ ਨੇ ਮੰਨ ਵਾਲਾ ਜੱਗ ਇਕਰਾਰਨਾਮੇ ਦੇ ਸਾਮ੍ਹਣੇ ਰੱਖਿਆ।) 35 ਇਸਰਾਏਲ ਦੇ ਲੋਕਾਂ ਨੇ 40 ਸਾਲਾਂ ਤੀਕ ਮੰਨ ਖਾਧਾ। ਜਦੋਂ ਤੱਕ ਉਹ ਰਹਿਣ ਯੋਗ ਧਰਤੀ ਤੇ ਨਹੀਂ ਪਹੁੰਚ ਗਏ, ਜੋ ਕਿ ਕਨਾਨ ਦੀ ਧਰਤੀ ਦੀ ਸੀਮਾ ਤੇ ਹੈ। 36 (ਜਿਸ ਪੈਮਾਨੇ ਦੀ ਵਰਤੋਂ ਉਨ੍ਹਾਂ ਨੇ ਮੰਨ ਲਈ ਕੀਤੀ ਉਹ ਇੱਕ ਓਮਰ ਸੀ। ਇੱਕ ਓਮਰ ਤਕਰੀਬਨ 8 ਕੱਪ ਦੇ ਬਰਾਬਰ ਸੀ।)

Exodus 17

1 ਇਸਰਾਏਲ ਦੇ ਸਾਰੇ ਲੋਕ ਸੀਨ ਮਾਰੂਥਲ ਤੋਂ ਇਕਠੇ ਸਫ਼ਰ ਤੇ ਚਲੇ। ਉਹ ਯਹੋਵਾਹ ਦੇ ਹੁਕਮ ਅਨੁਸਾਰ ਇੱਕ ਥਾਂ ਤੋਂ ਦੂਸਰੀ ਥਾਂ ਸਫ਼ਰ ਕਰਦੇ ਰਹੇ। ਲੋਕਾਂ ਨੇ ਰਫ਼ੀਦੀਮ ਤੱਕ ਸਫ਼ਰ ਕੀਤਾ ਅਤੇ ਓਥੇ ਡੇਰਾ ਲਾ ਲਿਆ। ਓਥੇ ਲੋਕਾਂ ਦੇ ਪੀਣ ਲਈ ਪਾਣੀ ਨਹੀਂ ਸੀ। 2 ਇਸ ਲਈ ਲੋਕ ਮੂਸਾ ਦੇ ਵਿਰੁੱਧ ਹੋ ਗਏ ਅਤੇ ਉਸ ਨਾਲ ਝਗੜਨ ਲੱਗੇ। ਲੋਕਾਂ ਨੇ ਆਖਿਆ, “ਸਾਨੂੰ ਪੀਣ ਲਈ ਪਾਣੀ ਦਿਉ।”ਮੂਸਾ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਮੇਰੇ ਵਿਰੁੱਧ ਕਿਉਂ ਹੋ ਗਏ ਹੋ? ਤੁਸੀਂ ਯਹੋਵਾਹ ਦੀ ਪਰਖ ਕਿਉਂ ਕਰ ਰਹੇ ਹੋ? ਕੀ ਤੁਸੀਂ ਇਹ ਸੋਚਦੇ ਹੋ ਕਿ ਯਹੋਵਾਹ ਸਾਡੇ ਨਾਲ ਨਹੀਂ ਹੈ?” 3 ਪਰ ਲੋਕ ਪਾਣੀ ਦੇ ਬਹੁਤ ਪਿਆਸੇ ਸਨ। ਇਸ ਲਈ ਉਨ੍ਹਾਂ ਨੇ ਮੂਸਾ ਨੂੰ ਸ਼ਿਕਾਇਤਾਂ ਕਰਨੀਆਂ ਜਾਰੀ ਰਖੀਆਂ। ਲੋਕਾਂ ਨੇ ਆਖਿਆ, “ਤੁਸੀਂ ਸਾਨੂੰ ਮਿਸਰ ਤੋਂ ਬਾਹਰ ਕਿਉਂ ਲਿਆਏ? ਕੀ ਤੁਸੀਂ ਸਾਨੂੰ ਇੱਥੇ ਇਸ ਲਈ ਲਿਆਏ ਸੀ ਕਿ ਅਸੀਂ ਅਤੇ ਸਾਡੇ ਬੱਚੇ ਅਤੇ ਸਾਡੇ ਪਸ਼ੂ ਸਾਰੇ ਹੀ ਪਾਣੀ ਤੋਂ ਬਿਨਾ ਮਰ ਜਾਣ?” 4 ਇਸ ਲਈ ਮੂਸਾ ਨੇ ਯਹੋਵਾਹ ਅੱਗੇ ਪੁਕਾਰ ਕੀਤੀ, “ਮੈਂ ਇਨ੍ਹਾਂ ਲੋਕਾਂ ਨਾਲ ਕੀ ਕਰ ਸਕਦਾ ਹਾਂ? ਇਹ ਮੈਨੂੰ ਪੱਥਰ ਮਾਰਨ ਲਈ ਤਿਆਰ ਹਨ।” 5 ਯਹੋਵਾਹ ਨੇ ਮੂਸਾ ਨੂੰ ਆਖਿਆ, “ਇਸਰਾਏਲ ਦੇ ਲੋਕਾਂ ਦੇ ਸਾਮ੍ਹਣੇ ਜਾ। ਆਪਣੇ ਨਾਲ ਲੋਕਾਂ ਦੇ ਕੁਝ ਬਜ਼ੁਰਗਾਂ ਨੂੰ ਲੈ ਜਾਵੀਂ। ਆਪਣੇ ਨਾਲ ਆਪਣੀ ਸੋਟੀ ਲੈ। ਇਹੀ ਸੋਟੀ ਹੈ ਜਿਹੜੀ ਤੂੰ ਨੀਲ ਨਦੀ ਉੱਤੇ ਮਾਰਨ ਲਈ ਵਰਤੀ ਸੀ। 6 ਮੈਂ ਤੇਰੇ ਸਾਮ੍ਹਣੇ ਹੋਰੇਬ ਚੱਟਾਨ ਉੱਤੇ ਖੜਾ ਹੋਵਾਂਗਾ। ਆਪਣੀ ਸੋਟੀ ਉਸ ਚੱਟਾਨ ਉੱਪਰ ਮਾਰੀ। ਅਤੇ ਇਸ ਵਿੱਚੋਂ ਪਾਣੀ ਨਿਕਲ ਆਵੇਗਾ। ਫ਼ੇਰ ਲੋਕ ਪਾਣੀ ਪੀ ਸਕਣਗੇ।”ਮੂਸਾ ਨੇ ਇਹੀ ਗੱਲਾਂ ਕੀਤੀਆਂ ਅਤੇ ਇਸਰਾਏਲ ਦੇ ਬਜ਼ੁਰਗਾਂ ਨੇ ਇਸਨੂੰ ਦੇਖਿਆ। 7 ਮੂਸਾ ਨੇ ਉਸ ਥਾਂ ਦਾ ਨਾਮ ਮਰੀਬਾਹ ਅਤੇ ਮਸ੍ਸਾਹ ਰੱਖਿਆ, ਕਿਉਂਕਿ ਇਹੀ ਥਾਂ ਸੀ ਜਿਥੇ ਇਸਰਾਏਲ ਦੇ ਲੋਕ ਉਸਦੇ ਵਿਰੁੱਧ ਹੋ ਗਏ ਸਨ ਅਤੇ ਯਹੋਵਾਹ ਦੀ ਪਰਖ ਕੀਤੀ ਸੀ। ਲੋਕ ਜਾਨਣਾ ਚਾਹੁੰਦੇ ਸਨ ਕਿ ਯਹੋਵਾਹ ਉਨ੍ਹਾਂ ਦੇ ਨਾਲ ਸੀ ਜਾਂ ਨਹੀਂ। 8 ਰਫ਼ੀਦੀਮ ਵਿਖੇ ਅਮਾਲੇਕੀ ਲੋਕ ਆਏ ਅਤੇ ਇਸਰਾਏਲ ਦੇ ਲੋਕਾਂ ਨਾਲ ਲੜੇ। 9 ਇਸ ਲਈ ਮੂਸਾ ਨੇ ਯਹੋਸ਼ੁਆ ਨੂੰ ਆਖਿਆ, “ਕੁਝ ਆਦਮੀ ਚੁਣੋ ਅਤੇ ਜਾਕੇ ਕਲ ਨੂੰ ਅਮਾਲੇਕੀਆਂ ਨਾਲ ਯੁਧ ਕਰੋ। ਮੈਂ ਪਹਾੜੀ ਦੀ ਚੋਟੀ ਉੱਤੇ ਖੜਾ ਹੋਵਾਂਗਾ ਅਤੇ ਤੁਹਾਨੂੰ ਦੇਖਾਂਗਾ। ਮੈਂ ਉਹ ਸੋਟੀ ਫ਼ੜੀ ਹੋਵੇਗੀ ਜੋ ਮੈਨੂੰ ਪਰਮਾਤਮਾ ਨੇ ਦਿੱਤੀ ਸੀ।” 10 ਯਹੋਸ਼ੁਆ ਨੇ ਮੂਸਾ ਦੀ ਗੱਲ ਮੰਨ ਲਈ ਅਤੇ ਅਗਲੇ ਦਿਨ ਅਮਾਲੇਕੀ ਲੋਕਾਂ ਨਾਲ ਲੜਨ ਲਈ ਗਿਆ। ਉਸ ਵੇਲੇ, ਮੂਸਾ, ਹਾਰੂਨ ਅਤੇ ਹੂਰ ਪਹਾੜੀ ਦੀ ਚੋਟੀ ਉੱਤੇ ਗਏ। 11 ਜਦੋਂ ਵੀ ਕਦੇ ਮੂਸਾ ਨੇ ਆਪਣੇ ਹੱਥ ਹਵਾ ਵਿੱਚ ਕਰਦਾ, ਤਾਂ ਇਸਰਾਏਲ ਦੇ ਲੋਕ ਜੰਗ ਜਿੱਤ ਜਾਂਦੇ। ਪਰ ਜਦੋਂ ਮੂਸਾ ਆਪਣੇ ਹੱਥ ਹੇਠਾਂ ਕਰਦਾ ਇਸਰਾਏਲ ਦੇ ਲੋਕ ਲੜਾਈ ਹਾਰ ਜਾਂਦੇ। 12 ਕੁਝ ਸਮੇਂ ਬਾਦ, ਮੂਸਾ ਦੇ ਹੱਥ ਥੱਕ ਗਏ। ਮੂਸਾ ਦੇ ਨਾਲ ਦੇ ਬੰਦੇ ਕੋਈ ਤਰਕੀਬ ਲੱਭਣਾ ਚਾਹੁੰਦੇ ਸਨ ਤਾਂ ਜੋ ਮੂਸਾ ਦੇ ਹੱਥ ਹਵਾ ਵਿੱਚ ਰਹਿਣ। ਇਸ ਲਈ ਉਨ੍ਹਾਂ ਨੇ ਮੂਸਾ ਦੇ ਬੈਠਣ ਲਈ ਇੱਕ ਵੱਡੀ ਚੱਟਾਨ ਉਸਦੇ ਹੇਠਾਂ ਰੱਖ ਦਿੱਤੀ। ਫ਼ੇਰ ਹਾਰੂਨ ਅਤੇ ਹੂਰ ਨੇ ਮੂਸਾ ਦੇ ਹੱਥ ਹਵਾ ਵਿੱਚ ਰਖੇ। ਹਾਰੂਨ ਮੂਸਾ ਦੇ ਇੱਕ ਪਾਸੇ ਸੀ ਅਤੇ ਹੂਰ ਦੂਸਰੇ ਪਾਸੇ ਸੀ। ਉਨ੍ਹਾਂ ਨੇ ਉਸਦੇ ਹੱਥ ਇਸੇ ਤਰ੍ਹਾਂ ਉੱਪਰ ਚੁੱਕੀ ਰਖੇ ਜਦੋਂ ਤੱਕ ਕਿ ਸੂਰਜ ਛੁਪ ਨਹੀਂ ਗਿਆ। 13 ਇਸ ਲਈ ਯਹੋਸ਼ੁਆ ਅਤੇ ਉਸਦੇ ਬੰਦਿਆਂ ਨੇ ਇਸ ਲੜਾਈ ਵਿੱਚ ਅਮਾਲੇਕੀਆਂ ਨੂੰ ਹਰਾਇਆ। 14 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ “ਇਸ ਲੜਾਈ ਬਾਰੇ ਲੋਕਾਂ ਦੇ ਯਾਦ ਰੱਖਣ ਲਈ ਇੱਕ ਪੁਸਤਕ ਵਿੱਚ ਲਿਖ ਕਿ ਇੱਥੇ ਕੀ ਵਾਪਰਿਆ ਸੀ ਅਤੇ ਯਹੋਸ਼ੁਆ ਨੂੰ ਕਹਿ ਕਿ ਮੈਂ ਅਮਾਲੇਕੀਆਂ ਨੂੰ ਇਸ ਦੁਨੀਆਂ ਤੋਂ ਪੂਰੀ ਤਰ੍ਹਾਂ ਤਬਾਹ ਕਰ ਦਿਆਂਗਾ।” 15 ਫ਼ੇਰ ਮੂਸਾ ਨੇ ਇੱਕ ਜਗਵੇਦੀ ਬਣਾਈ। ਮੂਸਾ ਨੇ ਜਗਵੇਦੀ ਦਾ ਨਾਮ ਰੱਖਿਆ, “ਯਹੋਵਾਹ ਮੇਰਾ ਝੰਡਾ ਹੈ।” 16 ਮੂਸਾ ਨੇ ਆਖਿਆ, “ਮੈਂ ਆਪਣੇ ਹੱਥ ਯਹੋਵਾਹ ਦੇ ਤਖਤ ਵੱਲ ਉਠਾਏ। ਇਸ ਲਈ ਯਹੋਵਾਹ ਅਮਾਲੇਕੀਆਂ ਦੇ ਵਿਰੁੱਧ ਲੜਿਆ, ਜਿਵੇਂ ਕਿ ਉਸਨੇ ਹਮੇਸ਼ਾ ਕੀਤਾ ਹੈ।”

Exodus 18

1 ਮੂਸਾ ਦਾ ਸਹੁਰਾ, ਯਿਥਰੋ, ਮਿਦਯਾਨ ਦਾ ਜਾਜਕ ਸੀ। ਉਸ ਨੇ ਉਸ ਸਭ ਕਾਸੇ ਬਾਰੇ ਸੁਣਿਆ ਜੋ ਯਹੋਵਾਹ ਨੇ ਮੂਸਾ ਅਤੇ ਇਸਰਾਏਲ ਦੇ ਲੋਕਾਂ ਲਈ ਕੀਤਾ ਸੀ ਅਤੇ ਕਿਵੇਂ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਦੀ ਮਿਸਰ ਤੋਂ ਬਾਹਰ ਵੱਲ ਅਗਵਾਈ ਕੀਤੀ। 2 ਇਸ ਲਈ ਯਿਥਰੋ ਮੂਸਾ ਕੋਲ ਗਿਆ ਜਦੋਂ ਕਿ ਮੂਸਾ ਨੇ ਪਰਮੇਸ਼ੁਰ ਦੇ ਪਰਬਤ ਨੇੜੇ ਡੇਰਾ ਲਾਇਆ ਹੋਇਆ ਸੀ। ਯਿਥਰੋ ਮੂਸਾ ਦੀ ਪਤਨੀ ਸਿੱਪੋਰਾਹ ਨੂੰ ਆਪਣੇ ਨਾਲ ਲਿਆਇਆ। (ਸਿੱਪੋਰਾਹ ਮੂਸਾ ਦੇ ਨਾਲ ਨਹੀਂ ਸੀ ਕਿਉਂਕਿ ਮੂਸਾ ਨੇ ਉਸਨੂੰ ਉਸਦੇ ਘਰ ਭੇਜ ਦਿੱਤਾ ਸੀ।) 3 ਯਿਥਰੋ ਆਪਣੇ ਨਾਲ ਮੂਸਾ ਦੇ ਦੋ ਪੁੱਤਰਾਂ ਨੂੰ ਵੀ ਲਿਆਇਆ। ਪਹਿਲੇ ਪੁੱਤਰ ਦਾ ਨਾਮ ਗੇਰਸ਼ੋਨ ਸੀ, ਕਿਉਂਕਿ ਜਦੋਂ ਉਹ ਜੰਮਿਆ ਸੀ, ਮੂਸਾ ਨੇ ਆਖਿਆ ਸੀ, “ਮੈਂ ਪ੍ਰਦੇਸ਼ ਵਿੱਚ ਇੱਕ ਅਜਨਬੀ ਹਾਂ।” 4 ਦੂਸਰੇ ਪੁੱਤਰ ਦਾ ਨਾਮ ਅਲੀਅਜ਼ਰ ਸੀ, ਕਿਉਂਕਿ ਜਦੋਂ ਉਹ ਜੰਮਿਆ ਸੀ ਤਾਂ ਮੂਸਾ ਨੇ ਆਖਿਆ ਸੀ, “ਮੇਰੇ ਪਿਤਾ ਦੇ ਪਰਮੇਸ਼ੁਰ ਨੇ ਮੇਰੀ ਸਹਾਇਤਾ ਕੀਤੀ ਅਤੇ ਮੈਨੂੰ ਮਿਸਰ ਦੇ ਰਾਜੇ ਤੋਂ ਬਚਾਇਆ।” 5 ਇਸ ਲਈ ਯਿਥਰੋ ਮੂਸਾ ਕੋਲ ਗਿਆ ਜਦੋਂ ਮੂਸਾ ਨੇ ਪਰਮੇਸ਼ੁਰ ਦੇ ਪਰਬਤ (ਸੀਨਈ ਪਰਬਤ) ਨੇੜੇ ਮਾਰੂਥਲ ਵਿੱਚ ਡੇਰਾ ਲਾਇਆ ਹੋਇਆ ਸੀ। ਮੂਸਾ ਦੀ ਪਤਨੀ ਅਤੇ ਉਸਦੇ ਦੋਵੇਂ ਪੁੱਤਰ ਯਿਥਰੋ ਦੇ ਨਾਲ ਸਨ। 6 ਯਿਥਰੋ ਨੇ ਮੂਸਾ ਨੂੰ ਸੁਨੇਹਾ ਭੇਜਿਆ। ਯਿਥਰੋ ਨੇ ਆਖਿਆ, “ਇਹ ਮੈਂ, ਤੇਰਾ ਸਹੁਰਾ ਯਿਥਰੋ ਹਾਂ। ਮੈਂ ਤੇਰੀ ਪਤਨੀ ਤੇ ਦੋਹਾਂ ਪੁੱਤਰਾਂ ਨੂੰ ਤੇਰੇ ਕੋਲ ਲਿਆ ਰਿਹਾ ਹਾਂ।” 7 ਇਸ ਲਈ ਮੂਸਾ ਆਪਣੇ ਸਹੁਰੇ ਨੂੰ ਮਿਲਣ ਲਈ ਬਾਹਰ ਆਇਆ। ਮੂਸਾ ਨੇ ਉਸਨੂੰ ਮੱਥਾ ਟੇਕਿਆ ਅਤੇ ਉਸਨੂੰ ਚੁੰਮਿਆ। ਦੋਹਾਂ ਨੇ ਇੱਕ ਦੂਸਰੇ ਦੀ ਖਬਰ ਸਾਰ ਪੁਛੀ। ਫ਼ੇਰ ਉਹ ਹੋਰ ਗੱਲਾਂ ਕਰਨ ਲਈ ਮੂਸਾ ਦੇ ਤੰਬੂ ਵਿੱਚ ਚਲੇ ਗਏ। 8 ਮੂਸਾ ਨੇ ਯਿਥਰੋ ਨੂੰ ਹਰ ਉਹ ਗੱਲ ਦਸੀ ਜਿਹੜੀ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਲਈ ਕੀਤੀ ਸੀ। ਮੂਸਾ ਨੇ ਉਹ ਗੱਲਾਂ ਦਸੀਆਂ ਜਿਹੜੀਆਂ ਯਹੋਵਾਹ ਨੇ ਫ਼ਿਰਊਨ ਤੇ ਮਿਸਰ ਦੇ ਲੋਕਾਂ ਨਾਲ ਕੀਤੀਆਂ ਸਨ। ਮੂਸਾ ਨੇ ਉਨ੍ਹਾਂ ਸਾਰੀਆਂ ਸਮਸਿਆਵਾਂ ਬਾਰੇ ਦੱਸਿਆ ਜਿਹੜੀਆਂ ਉਨ੍ਹਾਂ ਨੂੰ ਰਸਤੇ ਵਿੱਚ ਪੇਸ਼ ਆਈਆਂ। ਅਤੇ ਮੂਸਾ ਨੇ ਆਪਣੇ ਸਹੁਰੇ ਨੂੰ ਦੱਸਿਆ ਕਿ ਕਿਵੇਂ ਯਹੋਵਾਹ ਨੇ ਹਰ ਸਮੇਂ ਇਸਰਾਏਲ ਦੇ ਲੋਕਾਂ ਨੂੰ ਮੁਸੀਬਤ ਤੋਂ ਬਚਾਇਆ। 9 ਜਦੋਂ ਯਿਥਰੋ ਨੇ ਉਨ੍ਹਾਂ ਸਾਰੀਆਂ ਚੰਗੀਆਂ ਗੱਲਾਂ ਬਾਰੇ ਸੁਣਿਆ ਜੋ ਯਹੋਵਾਹ ਨੇ ਇਸਰਾਏਲ ਲਈ ਕੀਤੀਆਂ ਤਾਂ ਉਹ ਪ੍ਰਸੰਨ ਹੋਇਆ। ਉਹ ਖੁਸ਼ ਸੀ ਕਿ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਮਿਸਰੀਆਂ ਤੋਂ ਅਜ਼ਾਦ ਕਰਾਇਆ ਸੀ। 10 ਯਿਥਰੋ ਨੇ ਆਖਿਆ,“ਯਹੋਵਾਹ ਦੀ ਉਸਤਤਿ ਕਰੋ।ਉਸਨੇ ਤੁਹਾਨੂੰ ਮਿਸਰ ਦੀ ਤਾਕਤ ਤੋਂ ਅਜ਼ਾਦ ਕੀਤਾ।ਯਹੋਵਾਹ ਨੇ ਤੁਹਾਨੂੰ ਫ਼ਿਰਊਨ ਤੋਂ ਬਚਾਇਆ। 11 ਹੁਣ ਮੈਂ ਜਾਣਦਾ ਹਾਂ ਕਿ ਯਹੋਵਾਹ ਸਾਰੇ ਦੇਵਤਿਆਂ ਤੋਂ ਮਹਾਨ ਹੈ।ਉਹ ਸੋਚਦੇ ਸਨ ਕਿ ਉਨ੍ਹਾਂ ਦਾ ਅਧਿਕਾਰ ਸੀ ਪਰ ਦੇਖੋ ਪਰਮੇਸ਼ੁਰ ਨੇ ਕੀ ਕੀਤਾ।” 12 ਯਿਥਰੋ ਪਰਮੇਸ਼ੁਰ ਦੇ ਆਦਰ ਲਈ ਕੁਝ ਬਲੀਆਂ ਤੇ ਭੇਟਾ ਲੈਕੇ ਆਇਆ। ਫ਼ੇਰ ਹਾਰੂਨ ਅਤੇ ਇਸਰਾਏਲ ਦੇ ਸਾਰੇ ਬਜ਼ੁਰਗ ਯਹੋਵਾਹ ਦੇ ਸਾਮ੍ਹਣੇ ਮੂਸਾ ਦੇ ਸਹੁਰੇ ਯਿਥਰੋ ਕੋਲ ਰੋਟੀ ਖਾਣ ਲਈ ਇਕਠੇ ਹੋਕੇ ਆਏ। 13 ਅਗਲੇ ਦਿਨ, ਮੂਸਾ ਕੋਲ ਲੋਕਾਂ ਦਾ ਨਿਰਣਾ ਕਰਨ ਦਾ ਖਾਸ ਕੰਮ ਸੀ। ਓਥੇ ਬਹੁਤ ਸਾਰੇ ਲੋਕ ਸਨ, ਇਸ ਲਈ ਲੋਕਾਂ ਨੂੰ ਸਾਰਾ ਦਿਨ ਮੂਸਾ ਦੇ ਸਾਮ੍ਹਣੇ ਖੜਾ ਹੋਣਾ ਪਿਆ। 14 ਯਿਥਰੋ ਨੇ ਮੂਸਾ ਨੂੰ ਲੋਕਾਂ ਦਾ ਨਿਰਣਾ ਕਰਦਿਆਂ ਦੇਖਿਆ। ਉਸਨੇ ਪੁੱਛਿਆ, “ਤੂੰ ਇਹ ਕਿਉਂ ਕਰ ਰਿਹਾ ਹੈਂ? ਤੂੰ ਇਕੱਲਾ ਹੀ ਨਿਆਂਕਾਰ ਕਿਉਂ ਹੈਂ? ਅਤੇ ਸਾਰਾ ਦਿਨ ਲੋਕ ਤੇਰੇ ਕੋਲ ਕਿਉਂ ਆਉਂਦੇ ਹਨ?” 15 ਤਾਂ ਮੂਸਾ ਨੇ ਆਪਣੇ ਸਹੁਰੇ ਨੂੰ ਆਖਿਆ, “ਲੋਕ ਮੇਰੇ ਕੋਲ ਆਉਂਦੇ ਹਨ ਅਤੇ ਮੈਨੂੰ ਆਖਦੇ ਹਨ ਕਿ ਮੈਂ ਉਨ੍ਹਾਂ ਦੀਆਂ ਸਮਸਿਆਵਾਂ ਬਾਰੇ ਪਰਮੇਸ਼ੁਰ ਦਾ ਨਿਰਣਾ ਪੁਛਾਂ। 16 ਜੇ ਲੋਕਾਂ ਦਾ ਕੋਈ ਝਗੜਾ ਹੁੰਦਾ ਹੈ, ਉਹ ਮੇਰੇ ਕੋਲ ਆਉਂਦੇ ਹਨ। ਮੈਂ ਨਿਰਣਾ ਕਰਦਾ ਹਾਂ ਕਿ ਕਿਹੜਾ ਬੰਦਾ ਸਹੀ ਹੈ। ਇਸ ਤਰ੍ਹਾਂ ਮੈਂ ਲੋਕਾਂ ਨੂੰ ਪਰਮੇਸ਼ੁਰ ਦੀਆਂ ਬਿਧੀਆਂ ਅਤੇ ਬਿਵਸਥਾ ਦੀ ਸਿਖਿਆ ਦਿੰਦਾ ਹਾਂ।” 17 ਪਰ ਮੂਸਾ ਦੇ ਸਹੁਰੇ ਨੇ ਉਸਨੂੰ ਆਖਿਆ, “ਅਜਿਹਾ ਕਰਨ ਦਾ ਇਹ ਸਹੀ ਤਰੀਕਾ ਨਹੀਂ ਹੈ। 18 ਇਹ ਤੇਰੇ ਇਕੱਲੇ ਲਈ ਬਹੁਤ ਔਖਾ ਕੰਮ ਹੈ। ਤੂੰ ਇਹ ਕੰਮ ਇਕਲਿਆਂ ਖੁਦ ਨਹੀਂ ਕਰ ਸਕਦਾ। ਇਹ ਤੈਨੂੰ ਥਕਾ ਦਿੰਦਾ ਹੈ। ਅਤੇ ਇਹ ਲੋਕਾਂ ਨੂੰ ਵੀ ਥਕਾਉਂਦਾ ਹੈ। 19 ਹੁਣ, ਮੇਰੀ ਗੱਲ ਸੁਣ। ਮੈਂ ਤੈਨੂੰ ਇੱਕ ਸਲਾਹ ਦਿੰਦਾ ਹਾਂ। ਅਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪਰਮੇਸ਼ੁਰ ਤੇਰੇ ਅੰਗ-ਸੰਗ ਹੋਵੇ। ਤੈਨੂੰ ਲੋਕਾਂ ਦੀਆਂ ਸਮੱਸਿਆਵਾਂ ਸੁਣਨੀਆਂ ਜਾਰੀ ਰੱਖਣੀਆਂ ਚਾਹੀਦੀਆਂ ਹਨ। ਅਤੇ ਤੈਨੂੰ ਇਨ੍ਹਾਂ ਗੱਲਾਂ ਬਾਰੇ ਪਰਮੇਸ਼ੁਰ ਨਾਲ ਗੱਲ ਕਰਨੀ ਜਾਰੀ ਰਖਣੀ ਚਾਹੀਦੀ ਹੈ। 20 ਤੈਨੂੰ ਲੋਕਾਂ ਨੂੰ ਪਰਮੇਸ਼ੁਰ ਦੀਆਂ ਬਿਧੀਆਂ ਅਤੇ ਬਿਵਸਥਾ ਦੀ ਸਿਖਿਆ ਦੇਣੀ ਚਾਹੀਦੀ ਹੈ। ਉਨ੍ਹਾਂ ਨੂੰ ਚਿਤਾਵਨੀ ਦੇ ਕਿ ਉਹ ਬਿਧੀ ਨਾ ਤੋੜਨ। ਉਨ੍ਹਾਂ ਨੂੰ ਜਿਉਣ ਦਾ ਸਹੀ ਢੰਗ ਦੱਸ। ਉਨ੍ਹਾਂ ਨੂੰ ਦੱਸ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ। 21 ਪਰ ਤੈਨੂੰ ਕੁਝ ਚੰਗੇ ਲੋਕਾਂ ਨੂੰ ਨਿਆਂਕਾਰ ਤੇ ਆਗੂ ਵੀ ਚੁਣਨਾ ਚਾਹੀਦਾ ਹੈ।“ਉਨ੍ਹਾਂ ਨੇਕ ਆਦਮੀਆਂ ਨੂੰ ਚੁਣ ਜਿਨ੍ਹਾਂ ਉੱਤੇ ਤੂੰ ਭਰੋਸਾ ਕਰ ਸਕਦਾ ਹੈਂ - ਉਹ ਆਦਮੀ ਜਿਹੜੇ ਪਰਮੇਸ਼ੁਰ ਦੀ ਇੱਜ਼ਤ ਕਰਦੇ ਹਨ। ਉਨ੍ਹਾਂ ਲੋਕਾਂ ਨੂੰ ਚੁਣ ਜਿਹੜੇ ਪੈਸੇ ਖਾਤਰ ਆਪਣੇ ਫ਼ੈਸਲੇ ਨਾ ਬਦਲਣ। ਅਤੇ ਇਨ੍ਹਾਂ ਆਦਮੀਆਂ ਨੂੰ ਲੋਕਾਂ ਦੇ ਹਾਕਮ ਬਣਾ। ਇੱਕ ਹਜ਼ਾਰ ਆਦਮੀਆਂ, ਸੌ ਆਦਮੀਆਂ, ਪੰਜਾਹ ਆਦਮੀਆਂ ਅਤੇ ਦਸ ਆਦਮੀਆਂ ਉੱਪਰ ਵੀ ਹਾਕਮ ਹੋਣੇ ਚਾਹੀਦੇ ਹਨ। 22 ਇਨ੍ਹਾਂ ਹਾਕਮਾਂ ਨੂੰ ਲੋਕਾਂ ਦੇ ਨਿਰਣੇ ਕਰਨ ਦੇ। ਜੇ ਕੋਈ ਬਹੁਤ ਮਹੱਤਵਪੂਰਣ ਮਾਮਲਾ ਹੋਵੇ ਤਾਂ ਉਹ ਤੇਰੇ ਕੋਲ ਆ ਸਕਦੇ ਹਨ ਅਤੇ ਤੈਨੂੰ ਨਿਰਣਾ ਕਰਨ ਦੇਣ। ਪਰ ਦੂਸਰੇ ਮਾਮਲੇ ਉਹ ਖੁਦ ਨਿਪਟਾ ਸਕਦੇ ਹਨ। ਇਸ ਤਰ੍ਹਾਂ ਇਹ ਆਦਮੀ ਤੇਰੇ ਨਾਲ ਕੰਮ ਸਾਂਝਾ ਕਰ ਸਕਦੇ ਹਨ ਅਤੇ ਤੇਰੇ ਲਈ ਲੋਕਾਂ ਦੀ ਅਗਵਾਈ ਕਰਨੀ ਸੌਖੀ ਹੋਵੇਗੀ। 23 ਜੇ ਤੂੰ ਇਹ ਗੱਲਾਂ ਕਰੇਗਾ, ਤੂੰ ਆਪਣਾ ਕੰਮ ਕਰਨ ਦੇ ਲਾਇਕ ਹੋਵੇਂਗਾ ਜਿਵੇਂ ਯਹੋਵਾਹ ਨੇ ਤੈਨੂੰ ਕਰਨ ਦਾ ਹੁਕਮ ਦਿੱਤਾ ਸੀ। ਉਸੇ ਵੇਲੇ, ਇਹ ਲੋਕ ਆਪਣੀਆਂ ਸੁਲਝੀਆਂ ਹੋਈਆਂ ਸਮਸਿਆਵਾਂ ਨਾਲ ਘਰ ਜਾ ਸਕਦੇ ਹਨ।” 24 ਇਸ ਲਈ ਮੂਸਾ ਨੇ ਉਹੀ ਕੀਤਾ ਜੋ ਯਿਥਰੋ ਨੇ ਉਸਨੂੰ ਆਖਿਆ ਸੀ। 25 ਮੂਸਾ ਨੇ ਇਸਰਾਏਲ ਦੇ ਲੋਕਾਂ ਵਿੱਚੋਂ ਨੇਕ ਆਦਮੀ ਚੁਣੇ। ਮੂਸਾ ਨੇ ਇਨ੍ਹਾਂ ਲੋਕਾਂ ਨੂੰ ਆਗੂ ਬਣਾਇਆ। 1000 ਆਦਮੀਆਂ, 100 ਆਦਮੀਆਂ, 50 ਆਦਮੀਆਂ ਅਤੇ 10 ਆਦਮੀਆਂ ਉੱਪਰ ਹਾਕਮ ਸਨ। 26 ਇਹ ਹਾਕਮ ਲੋਕਾਂ ਲਈ ਨਿਆਂਕਾਰ ਸਨ। ਲੋਕ ਹਮੇਸ਼ਾ ਆਪਣੇ ਝਗੜੇ ਇਨ੍ਹਾਂ ਹਾਕਮਾ ਸਾਮ੍ਹਣੇ ਲਿਆ ਸਕਦੇ ਸਨ। ਅਤੇ ਮੂਸਾ ਨੇ ਸਿਰਫ਼ ਬਹੁਤ ਜ਼ਰੂਰ ਮਾਮਲਿਆਂ ਦਾ ਨਿਰਣਾ ਕਰਨਾ ਸੀ। 27 ਕੁਝ ਸਮੇਂ ਬਾਦ ਮੂਸਾ ਨੇ ਆਪਣੇ ਸਹੁਰੇ, ਯਿਥਰੋ ਨੂੰ ਅਲਵਿਦਾ ਆਖੀ। ਅਤੇ ਯਿਥਰੋ ਆਪਣੇ ਘਰ ਵਾਪਸ ਚਲਾ ਗਿਆ।

Exodus 19

1 ਇਸਰਾਏਲ ਦੇ ਲੋਕ ਮਿਸਰ ਤੋਂ ਆਪਣੀ ਯਾਤਰਾ ਦੇ ਤੀਸਰੇ ਮਹੀਨੇ ਸੀਨਈ ਮਾਰੂਥਲ ਵਿੱਚ ਪਹੁੰਚੇ। 2 ਉਨ੍ਹਾਂ ਨੇ ਰਫ਼ੀਦੀਮ ਤੋਂ ਸੀਨਈ ਮਾਰੂਥਲ ਦਾ ਸਫ਼ਰ ਕੀਤਾ ਸੀ। ਇਸਰਾਏਲ ਦੇ ਲੋਕਾਂ ਨੇ ਹੋਰੇਬ ਪਰਬਤ ਨੇੜੇ ਡੇਰਾ ਲਾਇਆ। 3 ਤਾਂ ਮੂਸਾ ਪਰਮੇਸ਼ੁਰ ਨੂੰ ਮਿਲਣ ਲਈ ਪਰਬਤ ਉੱਤੇ ਚੜ ਗਿਆ ਅਤੇ ਪਰਮੇਸ਼ੁਰ ਨੇ ਉਸ ਨਾਲ ਗੱਲ ਕੀਤੀ ਤੇ ਆਖਿਆ, “ਇਸਰਾਏਲ ਦੇ ਲੋਕਾਂ ਨੂੰ ਯਾਕੂਬ ਦੇ ਪਰਿਵਾਰ ਨੂੰ, ਇਹ ਗੱਲਾਂ ਆਖ; 4 ‘ਤੁਸੀਂ ਲੋਕਾਂ ਨੇ ਦੇਖਿਆ ਹੈ ਕਿ ਮੈਂ ਆਪਣੇ ਦੁਸ਼ਮਣਾਂ ਨਾਲ ਕੀ ਕਰ ਸਕਦਾ ਹਾਂ। ਤੁਸੀਂ ਦੇਖਿਆ ਕਿ ਮੈਂ ਮਿਸਰ ਦੇ ਲੋਕਾਂ ਨਾਲ ਕੀ ਕੀਤਾ। ਤੁਸੀਂ ਦੇਖਿਆ ਕਿ ਮੈਂ ਤੁਹਾਨੂੰ ਮਿਸਰ ਵਿੱਚ ਬਾਜ਼ ਦੀ ਤਰ੍ਹਾਂ ਚੁੱਕ ਕੇ ਇੱਥੇ ਆਪਣੇ ਕੋਲ ਲਿਆਇਆ। 5 ਇਸ ਲਈ ਹੁਣ ਮੈਂ ਤੁਹਾਨੂੰ ਆਪਣੇ ਹੁਕਮ ਮੰਨਣ ਲਈ ਆਖਦਾ ਹਾਂ। ਮੇਰੇ ਇਕਰਾਰਨਾਮੇ ਦੀ ਪਾਲਣ ਕਰੋ। ਜੇ ਤੁਸੀਂ ਅਜਿਹਾ ਕਰੋਂਗੇ, ਤਾਂ ਤੁਸੀਂ ਮੇਰੇ ਆਪਣੇ ਖਾਸ ਬੰਦੇ ਹੋਵੋਂਗੇ। ਸਾਰੀ ਦੁਨੀਆਂ ਮੇਰੀ ਹੈ ਪਰ ਮੈਂ ਤੁਹਾਨੂੰ ਆਪਣੇ ਖਾਸ ਬੰਦਿਆਂ ਵਜੋਂ ਚੁਣ ਰਿਹਾ ਹਾਂ। 6 ਤੁਸੀਂ ਇੱਕ ਖਾਸ ਕੌਮ ਹੋਵੋਂਗੇ - ਜਾਜਕਾਂ ਦੀ ਰਿਆਸਤ।’ ਮੂਸਾ, ਤੈਨੂੰ ਇਸਰਾਏਲ ਦੇ ਲੋਕਾਂ ਨੂੰ ਦੱਸ ਦੇਣਾ ਚਾਹੀਦਾ ਹੈ ਕਿ ਮੈਂ ਕੀ ਆਖਿਆ ਹੈ।” 7 ਤਾਂ ਮੂਸਾ ਪਰਬਤ ਤੋਂ ਹੇਠਾਂ ਉਤਰ ਆਇਆ ਅਤੇ ਲੋਕਾਂ ਦੇ ਬਜ਼ੁਰਗਾਂ ਨੂੰ ਇਕਠਿਆਂ ਕੀਤਾ। ਮੂਸਾ ਨੇ ਬਜ਼ੁਰਗਾਂ ਨੂੰ ਹਰ ਉਹ ਗੱਲ ਦਸੀ ਜਿਹੜੀ ਯਹੋਵਾਹ ਨੇ ਉਸਨੂੰ ਉਨ੍ਹਾਂ ਨੂੰ ਦੱਸਣ ਦਾ ਹੁਕਮ ਦਿੱਤਾ ਸੀ। 8 ਸਾਰੇ ਲੋਕ ਇੱਕੋ ਵੇਲੇ ਬੋਲੇ ਅਤੇ ਆਖਿਆ, “ਅਸੀਂ ਹਰ ਉਹ ਗੱਲ ਮੰਨਾਂਗੇ ਜੋ ਯਹੋਵਾਹ ਆਖਦਾ ਹੈ।”ਤਾਂ ਮੂਸਾ ਪਰਬਤ ਉੱਤੇ ਪਰਮੇਸ਼ੁਰ ਕੋਲ ਵਾਪਸ ਗਿਆ। ਮੂਸਾ ਨੇ ਪਰਮੇਸ਼ੁਰ ਨੂੰ ਦੱਸਿਆ ਕਿ ਲੋਕ ਉਸਦਾ ਹੁਕਮ ਮੰਨਣਗੇ। 9 ਅਤੇ ਯਹੋਵਾਹ ਨੇ ਮੂਸਾ ਨੂੰ ਆਖਿਆ, “ਮੈਂ ਸਂਘਣੇ ਬੱਦਲ ਵਿੱਚ ਤੇਰੇ ਕੋਲ ਆਵਾਂਗਾ। ਮੈਂ ਤੇਰੇ ਨਾਲ ਗੱਲ ਕਰਾਂਗਾ। ਸਾਰੇ ਲੋਕ ਮੈਨੂੰ ਤੇਰੇ ਨਾਲ ਗੱਲ ਕਰਿਦਆਂ ਸੁਣਨਗੇ। ਮੈਂ ਅਜਿਹਾ ਇਸ ਲਈ ਕਰਾਂਗਾ ਤਾਂ ਜੋ ਲੋਕ ਹਮੇਸ਼ਾ ਉਨ੍ਹਾਂ ਗੱਲਾਂ ਉੱਤੇ ਵਿਸ਼ਵਾਸ ਕਰਨ ਜੋ ਤੂੰ ਉਨ੍ਹਾਂ ਨੂੰ ਆਖੇਂ।”ਤਾਂ ਮੂਸਾ ਨੇ ਪਰਮੇਸ਼ੁਰ ਨੂੰ ਉਹ ਸਾਰੀਆਂ ਗੱਲਾਂ ਦਸੀਆਂ ਜਿਹੜੀਆਂ ਲੋਕਾਂ ਨੇ ਆਖੀਆਂ ਸਨ। 10 ਯਹੋਵਾਹ ਨੇ ਮੂਸਾ ਨੂੰ ਆਖਿਆ, “ਅੱਜ ਅਤੇ ਕਲ ਨੂੰ ਤੈਨੂੰ ਮੇਰੇ ਨਾਲ ਖਾਸ ਸਭਾ ਵਾਸਤੇ ਲੋਕਾਂ ਨੂੰ ਤਿਆਰ ਕਰਨਾ ਚਾਹੀਦਾ ਹੈ। ਲੋਕ ਆਪਣੇ ਕੱਪੜੇ ਧੋ ਲੈਣ। 11 ਅਤੇ ਤੀਸਰੇ ਦਿਨ ਮੇਰੇ ਲਈ ਤਿਆਰ ਰਹਿਣ। ਤੀਸਰੇ ਦਿਨ ਮੈਂ, ਯਹੋਵਾਹ ਸੀਨਈ ਪਰਬਤ ਉੱਤੇ ਆਵਾਂਗਾ। ਅਤੇ ਸਾਰੇ ਲੋਕ ਮੈਨੂੰ ਦੇਖਣਗੇ। 12 ਪਰਬਤ ਦੇ ਦੁਆਲੇ ਇੱਕ ਲਕੀਰ ਖਿੱਚ ਦੇਵੀਂ ਅਤੇ ਲੋਕਾਂ ਨੂੰ ਉਹ ਲਕੀਰ ਨਾ ਟੱਪਣ ਦੇਵੀਂ। ਕੋਈ ਵੀ ਬੰਦਾ ਜਿਹੜਾ ਪਰਬਤ ਨੂੰ ਛੂਹੇ, ਅਵੱਸ਼ ਹੀ ਮਾਰਿਆ ਜਾਵੇ। ਉਸਨੂੰ ਪੱਥਰਾਂ ਜਾਂ ਤੀਰਾਂ ਨਾਲ ਮਾਰ ਦਿੱਤਾ ਜਾਵੇ, ਕਿਸੇ ਵੀ ਹੱਥ ਨੂੰ ਉਸਨੂੰ ਨਹੀਂ ਛੂਹਣਾ ਚਾਹੀਦਾ। ਭਾਵੇਂ ਆਦਮੀ ਹੋਵੇ ਜਾਂ ਜਾਨਵਰ, ਉਸਨੂੰ ਜਿਉਂਦਾ ਨਹੀਂ ਰਹਿਣਾ ਚਾਹੀਦਾ। ਲੋਕਾਂ ਨੂੰ ਤੂਰ੍ਹੀ ਤੋਂ ਇੱਕ ਵੱਡੀ ਅਵਾਜ਼ ਦਾ ਇੰਤਜ਼ਾਰ ਕਰਨਾ ਚਾਹੀਦਾ। ਸਿਰਫ਼ ਉਦੋਂ ਹੀ, ਉਹ ਪਰਬਤ ਉੱਤੇ ਜਾ ਸਕਦੇ ਹਨ।” 13 14 ਫ਼ੇਰ ਮੂਸਾ ਪਰਬਤ ਤੋਂ ਹੇਠਾਂ ਉਤਰਿਆ ਅਤੇ ਲੋਕਾਂ ਕੋਲ ਗਿਆ। ਮੂਸਾ ਨੇ ਉਨ੍ਹਾਂ ਨੂੰ ਪਰਮੇਸ਼ੁਰ ਨਾਲ ਖਾਸ ਸਭਾ ਵਾਸਤੇ ਤਿਆਰ ਕੀਤਾ ਅਤੇ ਉਨ੍ਹਾਂ ਨੇ ਆਪਣੇ ਕੱਪੜੇ ਧੋ ਲe। 15 ਫ਼ੇਰ ਮੂਸਾ ਨੇ ਲੋਕਾਂ ਨੂੰ ਆਖਿਆ, “ਤਿੰਨਾਂ ਦਿਨਾਂ ਅੰਦਰ ਪਰਮੇਸ਼ੁਰ ਨੂੰ ਮਿਲਣ ਲਈ ਤਿਆਰ ਹੋ ਜਾਵੋ। ਉਸ ਸਮੇਂ ਤੱਕ ਆਦਮੀਆਂ ਨੂੰ ਔਰਤਾਂ ਨੂੰ ਨਹੀਂ ਛੂਹਣਾ ਚਾਹੀਦਾ।” 16 ਤੀਸਰੇ ਦਿਨ ਹੀ ਸਵੇਰ ਨੂੰ ਪਰਬਤ੍ਰ ਉੱਤੋਂ ਇੱਕ ਸੰਘਣਾ ਬੱਦਲ ਹੇਠਾਂ ਆਇਆ। ਓਥੇ ਗਰਜ ਅਤੇ ਚਮਕ ਹੋਈ ਅਤੇ ਭੇਡੂ ਦੇ ਸਿੰਗ ਦੀ ਤੂਰ੍ਹੀ ਦੀ ਬਹੁਤ ਉੱਚੀ ਅਵਾਜ਼ ਸੁਣਾਈ ਦਿੱਤੀ। ਡੇਰੇ ਦੇ ਸਾਰੇ ਲੋਕ ਡਰ ਗਏ। 17 ਤਾਂ ਮੂਸਾ ਲੋਕਾਂ ਨੂੰ ਡੇਰੇ ਤੋਂ ਬਾਹਰ ਪਰਬਤ ਦੇ ਨੇੜੇ ਪਰਮੇਸ਼ੁਰ ਨਾਲ ਮੁਲਾਕਾਤ ਲਈ ਲੈ ਆਇਆ। 18 ਸੀਨਈ ਪਰਬਤ ਧੂੰਏਂ ਨਾਲ ਭਰਿਆ ਹੋਇਆ ਸੀ। ਪਰਬਤ ਤੋਂ ਧੂੰਆਂ ਇਸ ਤਰ੍ਹਾਂ ਉਠ ਰਿਹਾ ਸੀ ਜਿਵੇਂ ਕਿਸੇ ਭਠੀ ਵਿੱਚੋਂ ਉਠਦਾ ਹੈ। ਅਜਿਹਾ ਇਸ ਲਈ ਹੋਇਆ ਕਿ ਯਹੋਵਾਹ ਪਰਬਤ ਉੱਤੇ ਅਗਨੀ ਵਿੱਚ ਆਇਆ। ਅਤੇ ਸਾਰਾ ਪਰਬਤ ਕੰਬਣ ਲੱਗਾ। 19 ਭੇਡੂ ਦੇ ਸਿੰਗ ਦੀ ਅਵਾਜ਼ ਹਰ ਵਾਰ ਉੱਚੀ ਤੋਂ ਉੱਚੀ ਹੁੰਦੀ ਗਈ। ਮੂਸਾ ਬੋਲਿਆ ਅਤੇ ਪਰਮੇਸ਼ੁਰ ਨੇ ਗਰਜਦੀ ਆਵਾਜ਼ ਵਿੱਚ ਉਸਨੂੰ ਜਵਾਬ ਦਿੱਤਾ। 20 ਇਸ ਤਰ੍ਹਾਂ ਯਹੋਵਾਹ ਸੀਨਈ ਪਰਬਤ ਵੱਲ ਹੇਠਾਂ ਆਇਆ। ਯਹੋਵਾਹ ਅਕਾਸ਼ ਤੋਂ ਪਰਬਤ ਦੀ ਚੋਟੀ ਉੱਤੇ ਆਇਆ। ਫ਼ੇਰ ਯਹੋਵਾਹ ਨੇ ਮੂਸਾ ਨੂੰ ਆਪਣੇ ਕੋਲ ਪਰਬਤ ਦੀ ਚੋਟੀ ਤੇ ਬੁਲਾਇਆ। ਇਸ ਲਈ ਮੂਸਾ ਪਰਬਤ ਤੇ ਚੜ ਗਿਆ। 21 ਯਹੋਵਾਹ ਨੇ ਮੂਸਾ ਨੂੰ ਆਖਿਆ, “ਹੇਠਾ ਜਾ ਅਤੇ ਲੋਕਾਂ ਨੂੰ ਚਿਤਾਵਨੀ ਦੇ ਕਿ ਮੇਰੇ ਨੇੜੇ ਨਾ ਆਉਣ ਤੇ ਮੇਰੇ ਵੱਲ ਨਾ ਦੇਖਣ। ਜੇ ਉਹ ਅਜਿਹਾ ਕਰਨਗੇ ਤਾਂ ਬਹੁਤ ਸਾਰੇ ਲੋਕ ਮਰ ਜਾਣਗੇ। 22 ਜਾਜਕਾਂ ਨੂੰ ਵੀ ਦੱਸ ਕਿ ਉਹ ਆਪਣੇ-ਆਪ ਨੂੰ ਇਸ ਖਾਸ ਮੁਲਾਕਾਤ ਲਈ ਤਿਆਰ ਕਰਨ। ਜੇ ਉਹ ਅਜਿਹਾ ਨਹੀਂ ਕਰਨਗੇ ਤਾਂ ਮੈਂ ਉਨ੍ਹਾਂ ਨੂੰ ਸਜ਼ਾ ਦਿਆਂਗਾ।” 23 ਮੂਸਾ ਨੇ ਯਹੋਵਾਹ ਨੂੰ ਆਖਿਆ, “ਪਰ ਲੋਕ ਪਰਬਤ ਉੱਤੇ ਨਹੀਂ ਆ ਸਕਦੇ ਤੂੰ ਮੈਨੂੰ ਖੁਦ ਆਖਿਆ ਸੀ ਕਿ ਇੱਕ ਲਕੀਰ ਖਿੱਚ ਦਿਆਂ ਅਤੇ ਲੋਕਾਂ ਨੂੰ ਲਕੀਰ ਟੱਪਕੇ ਪਵਿੱਤਰ ਧਰਤੀ ਤੇ ਨਾ ਆਉਣ ਦਿਆਂ।” 24 ਯਹੋਵਾਹ ਨੇ ਉਸਨੂੰ ਆਖਿਆ, “ਹੇਠਾਂ ਲੋਕਾਂ ਕੋਲ ਜਾ ਹਾਰੂਨ ਨੂੰ ਲੈ ਤੇ ਆਪਣੇ ਨਾਲ ਲੈਕੇ ਮੇਰੇ ਕੋਲ ਵਾਪਸ ਆ। ਪਰ ਜਾਜਕਾਂ ਜਾਂ ਲੋਕਾਂ ਨੂੰ ਮੇਰੇ ਨੇੜੇ ਨਾ ਆਉਣ ਦੇਵੀਂ। ਜੇ ਉਹ ਮੇਰੇ ਬਹੁਤਾ ਨੇੜੇ ਆਉਣਗੇ ਤਾਂ ਮੈਂ ਉਨ੍ਹਾਂ ਨੂੰ ਸਜ਼ਾ ਦਿਆਂਗਾ।” 25 ਇਸ ਲਈ ਮੂਸਾ ਹੇਠਾਂ ਲੋਕਾਂ ਕੋਲ ਗਿਆ ਅਤੇ ਉਨ੍ਹਾਂ ਨੂੰ ਇਹ ਗੱਲਾਂ ਦਸੀਆਂ।

Exodus 20

1 ਤਾਂ ਪਰਮੇਸ਼ੁਰ ਨੇ ਆਖਿਆ, 2 “ਮੈਂ ਯਹੋਵਾਹ ਹਾਂ ਤੁਹਾਡਾ ਪਰਮੇਸ਼ੁਰ। ਮੈਂ ਤੁਹਾਨੂੰ ਮਿਸਰ ਦੀ ਧਰਤੀ ਤੋਂ ਬਾਹਰ ਲਿਆਂਦਾ ਜਿਥੇ ਤੁਸੀਂ ਗੁਲਾਮ ਸੀ। ਇਸ ਲਈ ਤੁਹਾਨੂੰ ਇਹ ਹੁਕਮ ਮਂਨਣੇ ਚਾਹੀਦੇ ਹਨ; 3 “ਤੁਹਾਨੂੰ ਮੇਰੇ ਇਲਾਵਾ ਕਿਸੇ ਹੋਰ ਦੇਵਤੇ ਦੀ ਉਪਾਸਨਾ ਨਹੀਂ ਕਰਨੀ ਚਾਹੀਦੀ। 4 “ਤੁਹਾਨੂੰ ਕੋਈ ਬੁੱਤ ਨਹੀਂ ਬਨਾਉਣੇ ਚਾਹੀਦੇ। ਅਕਾਸ਼ ਵਿੱਚ ਜਾਂ ਧਰਤੀ ਉੱਤੇ ਜਾਂ ਪਾਣੀ ਅੰਦਰ ਕਿਸੇ ਚੀਜ਼ ਦੇ ਬੁੱਤ ਜਾਂ ਤਸਵੀਰਾਂ ਨਾ ਬਨਾਓ। 5 ਕਿਸੇ ਤਰ੍ਹਾਂ ਦੇ ਬੁੱਤਾਂ ਦੀ ਉਪਾਸਨਾ ਜਾਂ ਸੇਵਾ ਨਾ ਕਰੋ। ਕਿਉਂ? ਕਿਉਂਕਿ ਮੈਂ, ਯਹੋਵਾਹ, ਤੁਹਾਡਾ ਪਰਮੇਸ਼ੁਰ ਹਾਂ। ਮੈਂ ਆਪਣੇ ਲੋਕਾਂ ਨੂੰ ਹੋਰਨਾਂ ਦੇਵਤਿਆਂ ਦੀ ਉਪਾਸਨਾ ਕਰਦਿਆਂ ਦੇਖਕੇ ਨਫ਼ਰਤ ਕਰਦਾ ਹਾਂ। ਜਿਹੜੇ ਲੋਕ ਮੇਰੇ ਖਿਲਾਫ਼ ਪਾਪ ਕਰਦੇ ਹਨ ਉਹ ਮੇਰੇ ਦੁਸ਼ਮਣ ਬਣ ਜਾਂਦੇ ਹਨ। ਅਤੇ ਮੈਂ ਉਨ੍ਹਾਂ ਲੋਕਾਂ ਨੂੰ ਸਜ਼ਾ ਦਿਆਂਗਾ। ਅਤੇ ਮੈਂ ਉਨ੍ਹਾਂ ਦੇ ਪੁੱਤਾਂ ਪੋਤਿਆਂ ਅਤੇ ਪੜਪੋਤਿਆਂ ਨੂੰ ਵੀ ਸਜ਼ਾ ਦਿਆਂਗਾ। 6 ਪਰ ਮੈਂ ਉਨ੍ਹਾਂ ਲੋਕਾਂ ਉੱਤੇ ਬਹੁਤ ਮਿਹਰਬਾਨ ਹੋਵਾਂਗਾ ਜਿਹੜੇ ਮੈਨੂੰ ਪਿਆਰ ਕਰਦੇ ਹਨ ਅਤੇ ਮੇਰੇ ਹੁਕਮਾਂ ਨੂੰ ਮੰਨਦੇ ਹਨ। ਮੈਂ ਉਨ੍ਹਾਂ ਦੇ ਪਰਿਵਾਰਾਂ ਉੱਪਰ ਹਜ਼ਾਰਾਂ ਪੀੜੀਆਂ ਤੱਕ ਮਿਹਰਬਾਨ ਹੋਵਾਂਗਾ। 7 “ਤੁਹਾਨੂੰ ਯਹੋਵਾਹ ਆਪਣੇ ਪਰਮੇਸ਼ੁਰ ਦਾ ਨਾਮ ਗਲਤ ਢੰਗ ਨਾਲ ਨਹੀਂ ਵਰਤਣਾ ਚਾਹੀਦਾ। ਜੇ ਕੋਈ ਬੰਦਾ ਯਹੋਵਾਹ ਦਾ ਨਾਮ ਗਲਤ ਢੰਗ ਨਾਲ ਵਰਤਦਾ ਹੈ, ਤਾਂ ਉਹ ਬੰਦਾ ਦੋਸ਼ੀ ਹੈ। ਅਤੇ ਯਹੋਵਾਹ ਉਸਨੂੰ ਨਿਰਦੋਸ਼ ਨਹੀਂ ਬਣਾਵੇਗਾ। 8 “ਤੁਹਾਨੂੰ ਸਬਤ ਨੂੰ, ਇੱਕ ਖਾਸ ਦਿਨ ਵਜੋਂ ਰਖਣਾ ਚਾਹੀਦਾ ਹੈ। 9 ਆਪਣੀ ਨੌਕਰੀ ਤੇ ਹਫ਼ਤੇ ਵਿੱਚ ਛੇ ਦਿਨ ਕੰਮ ਕਰੋ। 10 ਪਰ ਸੱਤਵਾਂ ਦਿਨ ਯਹੋਵਾਹ ਤੁਹਾਡੇ ਪਰਮੇਸ਼ੁਰ ਦੇ ਆਦਰ ਵਿੱਚ ਅਰਾਮ ਦਾ ਦਿਨ ਹੈ। ਇਸ ਲਈ ਓਸ ਦਿਨ ਕਿਸੇ ਬੰਦੇ ਨੂੰ ਕੰਮ ਨਹੀਂ ਕਰਨਾ ਚਾਹੀਦਾ - ਨਾ ਤੁਹਾਨੂੰ, ਨਾ ਤੁਹਾਡੇ ਪੁੱਤਰਾਂ - ਧੀਆਂ, ਜਾਂ ਤੁਹਾਡੇ ਨੌਕਰ-ਨੌਕਰਾਣੀਆਂ ਨੂੰ। ਤੁਹਾਡੇ ਸ਼ਹਿਰਾਂ ਵਿੱਚ ਰਹਿੰਦੇ ਤੁਹਾਡੇ ਜਾਨਵਰਾਂ ਅਤੇ ਵਿਦੇਸ਼ੀਆਂ ਨੂੰ ਵੀ ਕੰਮ ਨਹੀਂ ਕਰਨਾ ਚਾਹੀਦਾ। 11 ਕਿਉਂਕਿ ਯਹੋਵਾਹ ਨੇ ਛੇ ਦਿਨ ਕੰਮ ਕੀਤਾ ਅਤੇ ਅਕਾਸ਼, ਧਰਤੀ ਅਤੇ ਸਮੁੰਦਰ ਅਤੇ ਉਨ੍ਹਾਂ ਵਿਚਲੀ ਹਰ ਸ਼ੈਅ ਬਣਾਈ। ਅਤੇ ਸੱਤਵੇਂ ਦਿਨ ਪਰਮੇਸ਼ੁਰ ਨੇ ਅਰਾਮ ਕੀਤਾ। ਇਸ ਤਰ੍ਹਾਂ ਯਹੋਵਾਹ ਨੇ ਸਬਤ - ਅਰਾਮ ਦੇ ਦਿਨ ਨੂੰ ਅਸੀਸ ਦਿੱਤੀ। ਯਹੋਵਾਹ ਨੇ ਉਸਨੂੰ ਬਹੁਤ ਖਾਸ ਦਿਨ ਬਣਾ ਦਿੱਤਾ। 12 “ਤੁਹਾਨੂੰ ਤੁਹਾਡੇ ਪਿਤਾ ਅਤੇ ਮਾਤਾ ਦੀ ਇੱਜ਼ਤ ਕਰਨੀ ਚਾਹੀਦੀ ਹੈ। ਤਾਂ ਜੋ ਤੁਸੀਂ ਉਸ ਧਰਤੀ ਤੇ ਭਰਪੂਰ ਜੀਵਨ ਜਿਉਂ ਸਕੋ ਜਿਹੜੀ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇ ਰਿਹਾ ਹੈ। 13 “ਤੁਹਾਨੂੰ ਕਿਸੇ ਦਾ ਕਤਲ ਨਹੀਂ ਕਰਨਾ ਚਾਹੀਦਾ। 14 “ਤੁਹਾਨੂੰ ਵਿਭਚਾਰ ਦਾ ਪਾਪ ਨਹੀਂ ਕਰਨਾ ਚਾਹੀਦਾ। 15 “ਤੁਹਾਨੂੰ ਕੋਈ ਚੀਜ਼ ਚੁਰਾਉਣੀ ਨਹੀਂ ਚਾਹੀਦੀ। 16 “ਤੁਹਾਨੂੰ ਅਦਾਲਤ ਵਿੱਚ ਕਿਸੇ ਦੂਸਰੇ ਵਿਅਕਤੀ ਬਾਰੇ ਝੂਠੀ ਗਵਾਹੀ ਨਹੀਂ ਦੇਣੀ ਚਾਹੀਦੀ। 17 “ਤੁਹਾਨੂੰ ਆਪਣੇ ਗੁਆਂਢੀ ਦੇ ਘਰ ਦੀ ਇਛਾ ਨਹੀਂ ਕਰਨੀ ਚਾਹੀਦੀ। ਤੁਹਾਨੂੰ ਤੁਹਾਡੇ ਗੁਆਂਢੀ ਦੀ ਪਤਨੀ, ਉਸਦੇ ਦਾਸ ਜਾਂ ਦਾਸੀਆਂ, ਉਸਦੇ ਬਲਦ ਜਾਂ ਖੋਤੇ ਜਾਂ ਤੁਹਾਡੇ ਗੁਆਂਢੀ ਨਾਲ ਸੰਬੰਧਿਤ ਕਿਸੇ ਵੀ ਚੀਜ਼ ਨੂੰ ਪਾਉਣ ਦੀ ਇਛਾ ਨਹੀਂ ਕਰਨੀ ਚਾਹੀਦੀ।” 18 ਇਸ ਸਮੇਂ ਦੌਰਾਨ, ਵਾਦੀ ਦੇ ਸਾਰੇ ਲੋਕਾਂ ਨੇ ਬੱਦਲਾਂ ਦੀ ਗਰਜ ਸੁਣੀ ਅਤੇ ਪਰਬਤ ਉੱਤੇ ਬਿਜਲੀ ਲਿਸ਼ਕਦੀ, ਅਤੇ ਪਰਬਤ ਚੋਂ ਧੂੰਆਂ ਉਠਦਾ ਦੇਖਿਆ। ਉਹ ਡਰ ਨਾਲ ਕੰਬ ਰਹੇ ਸਨ ਅਤੇ ਪਰਬਤ ਤੋਂ ਪਰ੍ਹਾਂ ਹਟ ਗਏ। 19 ਤਾਂ ਲੋਕਾਂ ਨੇ ਮੂਸਾ ਨੂੰ ਆਖਿਆ, “ਜੇ ਤੁਸੀਂ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਹੋ, ਤਾਂ ਅਸੀਂ ਸੁਣਾਂਗੇ। ਪਰ ਮਿਹਰਬਾਨੀ ਕਰਕੇ ਪਰਮੇਸ਼ੁਰ ਨੂੰ ਸਾਡੇ ਨਾਲ ਗੱਲ ਨਾ ਕਰਨ ਦਿਓ। ਜੇ ਅਜਿਹਾ ਹੋਇਆ ਤਾਂ ਅਸੀਂ ਮਾਰੇ ਜਾਵਾਂਗੇ।” 20 ਤਾਂ ਮੂਸਾ ਨੇ ਲੋਕਾਂ ਨੂੰ ਆਖਿਆ, “ਡਰੋ ਨਾ। ਯਹੋਵਾਹ ਤੁਹਾਨੂੰ ਪਰਖਣ ਲਈ ਆਇਆ ਹੈ ਅਤੇ ਉਹ ਚਾਹੁੰਦਾ ਹੈ ਕਿ ਤੁਸੀਂ ਉਸਦੀ ਇੱਜ਼ਤ ਕਰੋ ਤਾਂ ਜੋ ਤੁਸੀਂ ਪਾਪ ਨਾ ਕਰੋ।” 21 ਲੋਕ ਪਰਬਤ ਤੋਂ ਦੂਰ ਖਲੋਤੇ ਰਹੇ ਜਦੋਂ ਕਿ ਮੂਸਾ ਉਸ ਕਾਲੇ ਬੱਦਲ ਵੱਲ ਗਿਆ ਜਿੱਥੇ ਪਰਮੇਸ਼ੁਰ ਸੀ। 22 ਫ਼ੇਰ ਯਹੋਵਾਹ ਨੇ ਮੂਸਾ ਨੂੰ ਇਹ ਗੱਲਾਂ ਇਸਰਾਏਲ ਦੇ ਲੋਕਾਂ ਨੂੰ ਆਖਣ ਲਈ ਆਖਿਆ; “ਤੁਸੀਂ ਲੋਕਾਂ ਨੇ ਦੇਖਿਆ ਹੈ ਕਿ ਮੈਂ ਤੁਹਾਡੇ ਨਾਲ ਅਕਾਸ਼ ਤੋਂ ਗੱਲ ਕੀਤੀ। 23 ਇਸ ਲਈ ਤੁਹਾਨੂੰ ਮੇਰੇ ਨਾਲ ਮੁਕਾਬਲਾ ਕਰਨ ਲਈ ਸੋਨੇ ਜਾਂ ਚਾਂਦੀ ਦੇ ਬੁੱਤ ਨਹੀਂ ਬਨਾਉਣੇ ਚਾਹੀਦੇ। ਤੁਹਾਨੂੰ ਇਹ ਝੂਠੇ ਦੇਵਤੇ ਨਹੀਂ ਬਨਾਉਣੇ ਚਾਹੀਦੇ। 24 “ਮੇਰੇ ਲਈ ਖਾਸ ਜਗਵੇਦੀ ਬਣਾਓ। ਇਸ ਜਗਵੇਦੀ ਨੂੰ ਬਨਾਉਣ ਲਈ ਮਿੱਟੀ ਦੀ ਵਰਤੋਂ ਕਰੋ। ਇਸ ਜਗਵੇਦੀ ਉੱਤੇ ਹੋਮ ਦੀਆਂ ਭੇਟਾਂ ਅਤੇ ਸੁਖ ਸਾਂਦ ਦੀਆਂ ਭੇਟਾਂ ਮੇਰੇ ਲਈ ਬਲੀ ਵਜੋਂ ਭੇਂਟ ਕਰੋ। ਅਜਿਹਾ ਕਰਨ ਲਈ ਆਪਣੀਆਂ ਭੇਡਾਂ ਜਾਂ ਪਸ਼ੂਆਂ ਦੀ ਵਰਤੋਂ ਕਰੋ। ਅਜਿਹਾ ਹਰ ਉਸ ਥਾਂ ਕਰੋ ਜਿਥੇ ਮੈਂ ਤੁਹਾਨੂੰ ਮੈਨੂੰ ਚੇਤੇ ਕਰਨ ਲਈ ਆਖਦਾ ਹਾਂ। ਫ਼ੇਰ ਮੈਂ ਆਵਾਂਗਾ ਤੇ ਤੁਹਾਨੂੰ ਅਸੀਸ ਦਿਆਂਗਾ। 25 “ਜੇ ਤੁਸੀਂ ਜਗਵੇਦੀ ਬਨਾਉਣ ਲਈ ਪੱਥਰਾਂ ਦੀ ਵਰਤੋਂ ਕਰੋ, ਤਾਂ ਉਨ੍ਹਾਂ ਪੱਥਰਾਂ ਦੀ ਵਰਤੋਂ ਨਾ ਕਰੋ ਜਿਨ੍ਹਾਂ ਨੂੰ ਲੋਹੇ ਦੇ ਔਜ਼ਾਰਾਂ ਨਾਲ ਤਰਾਸ਼ਿਆ ਗਿਆ ਹੋਵੇ। ਜੇ ਤੁਸੀਂ ਅਜਿਹਾ ਕਰੋਂਗੇ ਤਾਂ ਇਹ ਜਗਵੇਦੀ ਨੂੰ ਮੈਂ ਅਪ੍ਰਵਾਨ ਬਣਾ ਦੇਵੇਗਾ। 26 ਅਤੇ ਤੁਹਾਨੂੰ ਜਗਵੇਦੀ ਤੱਕ ਜਾਣ ਲਈ ਪੌੜੀਆਂ ਨਹੀਂ ਬਨਾਉਣੀਆਂ ਚਾਹੀਦੀਆਂ। ਜੇ ਓਥੇ ਪੌੜੀਆਂ ਹੋਣਗੀਆਂ ਤਾਂ ਜਦੋਂ ਲੋਕ ਉੱਪਰ ਜਗਵੇਦੀ ਵੱਲ ਦੇਖਣਗੇ ਤਾਂ ਉਨ੍ਹਾਂ ਨੂੰ ਤੁਹਾਡੇ ਅੰਦਰਲੇ ਵਸਤਰ ਨਜ਼ਰ ਆਉਣਗੇ।”

Exodus 21

1 ਫ਼ੇਰ ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, “ਇਹ ਹੋਰ ਨੇਮ ਹਨ ਜਿਹੜੇ ਤੂੰ ਲੋਕਾਂ ਨੂੰ ਦੇਵੇਂਗਾ: 2 “ਜੇ ਤੁਸੀਂ ਕਿਸੇ ਯਹੂਦੀ ਗੁਲਾਮ ਨੂੰ ਖਰੀਦੋ, ਤਾਂ ਉਹ ਗੁਲਾਮ ਤੁਹਾਡੀ ਸੇਵਾ ਸਿਰਫ਼ 6 ਸਾਲ ਤੱਕ ਕਰੇਗਾ। 6 ਸਾਲਾਂ ਬਾਦ ਉਹ ਅਜ਼ਾਦ ਹੋ ਜਾਵੇਗਾ। ਉਸਨੂੰ ਕੁਝ ਵੀ ਅਦਾ ਨਹੀਂ ਕਰਨਾ ਪਵੇਗਾ। 3 ਜੇ ਕੋਈ ਬੰਦਾ ਤੁਹਾਡਾ ਗੁਲਾਮ ਬਣਨ ਸਮੇਂ ਵਿਆਹਿਆ ਹੋਇਆ ਨਹੀਂ, ਤਾਂ ਜਦੋਂ ਉਹ ਅਜ਼ਾਦ ਹੋਵੇਗਾ, ਉਹ ਆਪਣੀ ਪਤਨੀ ਤੋਂ ਬਿਨਾ ਜਾਵੇਗਾ। ਪਰ ਜੇ ਉਹ ਤੁਹਾਡਾ ਗੁਲਾਮ ਬਣਨ ਸਮੇਂ ਵਿਆਹਿਆ ਹੋਇਆ ਹੈ ਤਾਂ ਜਦੋਂ ਉਸਨੂੰ ਅਜ਼ਾਦ ਕੀਤਾ ਜਾਵੇਗਾ ਤਾਂ ਉਹ ਆਪਣੀ ਪਤਨੀ ਨੂੰ ਰੱਖ ਸਕਦਾ ਹੈ। 4 ਜੇ ਗੁਲਾਮ ਵਿਆਹਿਆ ਹੋਇਆ ਨਹੀਂ ਹੈ ਤਾਂ ਸੁਆਮੀ ਉਸਨੂੰ ਪਤਨੀ ਦੇ ਸਕਦਾ ਹੈ। ਜੇ ਉਹ ਪਤਨੀ ਪੁੱਤਰਾਂ ਜਾਂ ਧੀਆਂ ਨੂੰ ਜਨਮ ਦਿੰਦੀ ਹੈ ਤਾਂ ਉਹ ਤੇ ਉਸਦੇ ਬੱਚੇ ਸੁਆਮੀ ਦੇ ਹੋਣਗੇ। ਜਦੋਂ ਗੁਲਾਮ ਆਪਣੀ ਨੌਕਰੀ ਦੇ ਵਰ੍ਹੇ ਪੂਰੇ ਕਰ ਲਵੇ ਤਾਂ ਉਸਨੂੰ ਆਜ਼ਾਦ ਕਰ ਦਿੱਤਾ ਜਾਵੇਗਾ। 5 “ਪਰ ਸ਼ਾਇਦ ਗੁਲਾਮ ਇਹ ਨਿਰਣਾ ਕਰੇ ਕਿ ਉਹ ਆਪਣੇ ਸੁਆਮੀ ਕੋਲ ਰਹਿਣਾ ਚਾਹੁੰਦਾ ਹੈ। ਤਾਂ ਉਸਨੂੰ ਕਹਿਣਾ ਚਾਹੀਦਾ ਹੈ, ‘ਮੈਂ ਆਪਣੇ ਸੁਆਮੀ ਨੂੰ ਪਿਆਰ ਕਰਦਾ ਹਾਂ। ਮੈਂ ਆਪਣੀ ਪਤਨੀ ਤੇ ਬੱਚਿਆਂ ਨੂੰ ਪਿਆਰ ਕਰਦਾ ਹਾਂ। ਮੈਂ ਆਜ਼ਾਦ ਨਹੀਂ ਹੋਵਾਂਗਾ - ਮੈਂ ਰੁਕਾਂਗਾ।’ 6 ਜੇ ਅਜਿਹਾ ਵਾਪਰੇ, ਤਾਂ ਸੁਆਮੀ ਨੂੰ ਗੁਲਾਮ ਨੂੰ ਨਿਆਂਕਾਰਾਂ ਦੇ ਸਾਮ੍ਹਣੇ ਲਿਆਵੇਗਾ। ਉਹ ਉਸਨੂੰ ਕਿਸੇ ਦਰਵਾਜੇ ਜਾਂ ਕਿਸੇ ਚੁਗਾਠ ਦੇ ਕੋਲ ਲਿਆਵੇਗਾ ਅਤੇ ਕਿਸੇ ਤਿਖੇ ਔਜ਼ਾਰ ਨਾਲ ਉਸਦੇ ਕੰਨ ਵਿੱਚ ਇੱਕ ਸੁਰਾਖ ਕਰੇਗਾ। ਫ਼ੇਰ ਉਹ ਗੁਲਾਮ ਹਮੇਸ਼ਾ ਲਈ ਸੁਆਮੀ ਦੀ ਸੇਵਾ ਕਰੇਗਾ। 7 “ਜੇ ਕੋਈ ਆਦਮੀ ਆਪਣੀ ਧੀ ਨੂੰ ਇੱਕ ਗੁਲਾਮ ਵਜੋਂ ਵੇਚਣ ਦਾ ਨਿਸ਼ਚਾ ਕਰ ਲਵੇ, ਤਾਂ ਉਸਨੂੰ ਅਜ਼ਾਦ ਕਰਨ ਦੀਆਂ ਬਿਧੀਆਂ ਓਹੀ ਨਹੀਂ ਹਨ ਜੋ ਮਰਦ ਗੁਲਾਮਾਂ ਲਈ ਹਨ। 8 ਜੇ ਉਹ ਆਪਣੇ ਸੁਆਮੀ ਨੂੰ ਪ੍ਰਸੰਨ ਨਾ ਕਰੇ, ਉਹ ਉਸ ਔਰਤ ਨੂੰ ਵਾਪਸ ਉਸਦੇ ਪਿਤਾ ਕੋਲ ਵੇਚ ਸਕਦਾ ਹੈ। ਉਸ ਕੋਲ ਉਸ ਔਰਤ ਨੂੰ ਵਿਦੇਸ਼ੀਆਂ ਨੂੰ ਵੇਚਣ ਦਾ ਕੋਈ ਹੱਕ ਨਹੀਂ। 9 ਜੇ ਸੁਆਮੀ ਨੇ ਔਰਤ ਨੂੰ ਆਪਣੇ ਪੁੱਤਰ ਨਾਲ ਵਿਆਹ ਕਰ ਲੈਣ ਦਾ ਇਕਰਾਰ ਕੀਤਾ ਹੈ ਤਾਂ ਉਸਨੂੰ ਗੁਲਾਮ ਵਾਂਗ ਨਹੀਂ ਸਮਝਣਾ ਚਾਹੀਦਾ। ਉਸਨੂੰ ਇੱਕ ਧੀ ਵਾਂਗ ਸਮਝਣਾ ਚਾਹੀਦਾ ਹੈ। 10 “ਜੇ ਸੁਆਮੀ ਕਿਸੇ ਦੂਸਰੀ ਔਰਤ ਨਾਲ ਸ਼ਾਦੀ ਕਰਦਾ ਹੈ ਤਾਂ ਉਸਨੂੰ ਚਾਹੀਦਾ ਹੈ ਕਿ ਉਹ ਆਪਣੀ ਪਹਿਲੀ ਪਤਨੀ ਨੂੰ ਘੱਟ ਭੋਜਨ ਜਾਂ ਕੱਪੜੇ ਨਾ ਦੇਵੇ। ਅਤੇ ਉਸਨੂੰ ਚਾਹੀਦਾ ਹੈ ਉਸਨੂੰ ਉਹ ਸਾਰੀਆਂ ਚੀਜ਼ਾਂ ਦੇਣ ਜਾਰੀ ਰਖੇ ਜਿਸਦੀ ਉਹ ਸ਼ਾਦੀ ਕਾਰਣ ਅਧਿਕਾਰਨ ਹੈ। 11 ਆਦਮੀ ਨੂੰ ਉਸਦੇ ਲਈ ਇਹ ਤਿੰਨ ਗੱਲਾਂ ਜ਼ਰੂਰ ਕਰਨੀਆਂ ਚਾਹੀਦੀਆਂ ਹਨ। ਜੇ ਉਹ ਨਹੀਂ ਕਰਦਾ, ਤਾਂ ਉਹ ਔਰਤ ਅਜ਼ਾਦ ਹੈ ਅਤੇ ਇਸਦਾ ਉਸਨੂੰ ਕੋਈ ਮੁੱਲ ਨਹੀਂ ਤਾਰਨਾ ਪਵੇਗਾ। ਉਹ ਉਸ ਆਦਮੀ ਦੀ ਕੁਝ ਵੀ ਦੇਣਦਾਰ ਨਹੀਂ ਹੋਵੇਗੀ। 12 “ਜੇ ਕੋਈ ਬੰਦਾ ਕਿਸੇ ਦੂਸਰੇ ਬੰਦੇ ਨੂੰ ਇੰਨੀ ਜ਼ੋਰ ਨਾਲ ਸੱਟ ਮਾਰਦਾ ਹੈ ਕਿ ਉਹ ਮਰ ਜਾਵੇ, ਤਾਂ ਉਸ ਬੰਦੇ ਨੂੰ ਵੀ ਮਾਰ ਦੇਣ ਚਾਹੀਦਾ ਹੈ। 13 ਪਰ ਜੇ ਕੋਈ ਦੁਰਘਟਨਾ ਵਾਪਰਦੀ ਹੈ ਅਤੇ ਕੋਈ ਬੰਦਾ ਬਿਨਾ ਯੋਜਨਾ ਕਿਸੇ ਨੂੰ ਮਾਰ ਦਿੰਦਾ ਹੈ, ਤਾਂ ਪਰਮੇਸ਼ੁਰ ਨੇ ਇਸਨੂੰ ਵਾਪਰਨ ਦਿੱਤਾ। ਮੈਂ ਇੱਕ ਖਾਸ ਥਾਂ ਚੁਣਾਂਗਾ ਜਿਥੇ ਉਹ ਸੁਰਖਿਆ ਲਈ ਭੱਜ ਸਕਦਾ ਹੈ। 14 ਪਰ ਜੇ ਕਿਸੇ ਬੰਦੇ ਨੇ ਕਿਸੇ ਹੋਰ ਬੰਦੇ ਨੂੰ ਮਾਰਨ ਦੀ ਵਿਉਂਤ ਬਣਾਈ ਕਿਉਂ ਕਿ ਉਹ ਗੁੱਸੇ ਵਿੱਚ ਹੈ ਜਾਂ ਉਸਨੂੰ ਨਫਰਤ ਕਰਦਾ ਹੈ ਤਾਂ ਕਾਤਲ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਉਸਨੂੰ ਮੇਰੀ ਜਗਵੇਦੀ ਤੋਂ ਦੂਰ ਲੈ ਜਾਓ ਅਤੇ ਮਾਰ ਦਿਓ। 15 “ਕੋਈ ਵੀ ਬੰਦਾ ਜੋ ਆਪਣੇ ਪਿਤਾ ਜਾਂ ਮਾਤਾ ਨੂੰ ਕੁੱਟਦਾ ਹੈ ਉਸਨੂੰ ਮਾਰ ਦੇਣਾ ਚਾਹੀਦਾ ਹੈ। 16 “ਜੇ ਕੋਈ ਬੰਦਾ ਕਿਸੇ ਨੂੰ ਚੋਰੀ ਕਰਦਾ ਹੈ ਤਾਂ ਜੋ ਉਸਨੂੰ ਗੁਲਾਮ ਵਜੋਂ ਵੇਚ ਸਕੇ ਜਾਂ ਉਸਨੂੰ ਖੁਦ ਲਈ ਗੁਲਾਮ ਰੱਖ ਲੈਂਦਾ ਹੈ, ਤਾਂ ਉਸ ਬੰਦੇ ਨੂੰ ਮਾਰ ਦੇਣਾ ਚਾਹੀਦਾ ਹੈ। 17 “ਕੋਈ ਵੀ ਜੋ ਆਪਣੇ ਪਿਤਾ ਜਾਂ ਆਪਣੀ ਮਾਂ ਨੂੰ ਸਰਾਪ ਦਿੰਦਾ ਹੈ, ਮਾਰਿਆ ਜਾਣਾ ਚਾਹੀਦਾ ਹੈ। 18 “ਜੇ ਦੋ ਬੰਦੇ ਲੜ ਪੈਣ ਤੇ ਇੱਕ ਜਣਾ ਦੂਸਰੇ ਨੂੰ ਪੱਥਰ ਜਾਂ ਮੁੱਕਾ ਮਾਰ ਦੇਵੇ। (ਤੁਸੀਂ ਉਸ ਬੰਦੇ ਨੂੰ ਕੀ ਸਜ਼ਾ ਦਿਉਂਗੇ? ਜੇ ਉਹ ਬੰਦਾ ਜਿਸਦੇ ਸੱਟ ਵjI ਸੀ, ਮਰਿਆ ਨਹੀਂ, ਤਾਂ ਉਸ ਬੰਦੇ ਨੂੰ ਜਿਸਨੇ ਉਸਨੂੰ ਕੁਟਿਆ ਮਰਨਾ ਨਹੀਂ ਚਾਹੀਦਾ।) 19 ਜੇ ਬੰਦਾ ਫ਼ੱਟੜ ਹੋਇਆ ਅਤੇ ਉਸਨੂੰ ਕੁਝ ਦਿਨ ਮੰਜੇ ਤੇ ਪੈਣਾ ਪਵੇ ਤਾਂ ਜਿਸਨੇ ਉਸਨੂੰ ਫ਼ੱਟੜ ਕੀਤਾ ਉਹ ਉਸ ਨੂੰ ਆਸਰਾ ਦੇਵੇ। ਜਿਸਨੂੰ ਉਸਨੂੰ ਫ਼ੱਟੜ ਕੀਤਾ ਉਹ ਉਸਦੇ ਵਕਤ ਦੀ ਬਰਬਾਦੀ ਦਾ ਇਵਜ਼ਾਨਾ ਦੇਵੇ। ਉਸ ਬੰਦੇ ਨੂੰ ਉਸਨੂੰ ਉਦੋਂ ਤੱਕ ਆਸਰਾ ਦੇਣਾ ਚਾਹੀਦਾ ਹੈ ਜਦੋਂ ਤੱਕ ਕਿ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੋ ਜਾਂਦਾ। 20 “ਕਈ ਵਾਰੀ ਲੋਕ ਆਪਣੇ ਗੁਲਾਮਾਂ ਜਾਂ ਗੁਲਾਮ ਔਰਤਾਂ ਨੂੰ ਕੁੱਟਦੇ ਹਨ। ਜੇ ਕੁੱਟ ਤੋਂ ਬਾਦ ਗੁਲਾਮ ਮਰ ਜਾਵੇ ਤਾਂ ਕਾਤਲ ਨੂੰ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਹੈ। 21 ਪਰ ਜੇ ਗੁਲਾਮ ਮਰਦਾ ਨਹੀਂ ਅਤੇ ਕੁਝ ਦਿਨਾਂ ਬਾਦ ਠੀਕ ਹੋ ਜਾਂਦਾ ਹੈ ਤਾਂ ਉਸ ਬੰਦੇ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ। ਕਿਉਂਕਿ ਸੁਆਮੀ ਨੇ ਗੁਲਾਮ ਨੂੰ ਆਪਣੇ ਪੈਸੇ ਨਾਲ ਖਰੀਦਿਆ ਸੀ ਅਤੇ ਗੁਲਾਮ ਉਸੇ ਦਾ ਹੈ। 22 “ਜੇ ਦੋ ਬੰਦੇ ਲੜ ਰਹੇ ਹੋਣ ਅਤੇ ਉਹ ਕਿਸੇ ਗਰਭਵਤੀ ਔਰਤ ਨੂੰ ਜ਼ਖਮੀ ਕਰ ਦੇਣ। ਇਸ ਨਾਲ ਹੋ ਸਕਦਾ ਹੈ ਕਿ ਉਹ ਔਰਤ ਸਮੇਂ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਜਨਮ ਦੇਵੇ। ਜੇ ਔਰਤ ਬੁਰੀ ਤਰ੍ਹਾਂ ਜ਼ਖਮੀ ਨਾ ਹੋਈ ਹੋਵੇ ਤਾਂ ਜਿਸ ਬੰਦੇ ਨੇ ਉਸਨੂੰ ਜ਼ਖਮੀ ਕੀਤਾ ਉਸਨੂੰ ਜ਼ੁਰਮਾਨਾ ਭਰਨਾ ਚਾਹੀਦਾ ਹੈ। ਔਰਤ ਦਾ ਪਤੀ ਨਿਰਣਾ ਕਰੇਗਾ ਕਿ ਉਹ ਆਦਮੀ ਕਿੰਨਾ ਇਵਜ਼ਾਨਾ ਦੇਵੇ। ਨਿਆਂਕਾਰ ਉਸ ਬੰਦੇ ਨੂੰ ਇਹ ਨਿਰਣਾ ਕਰਨ ਵਿੱਚ ਸਹਾਇਤਾ ਦੇਣਗੇ ਕਿ ਜ਼ੁਰਮਾਨਾ ਕਿੰਨਾ ਹੋਣਾ ਚਾਹੀਦਾ ਹੈ। 23 ਪਰ ਜੇ ਔਰਤ ਬੁਰੀ ਤਰ੍ਹਾਂ ਜ਼ਖਮੀ ਹੋਈ ਹੋਵੇ ਤਾਂ, ਜਿਸਨੇ ਉਸਨੂੰ ਜ਼ਖਮੀ ਕੀਤਾ ਉਸਨੂੰ ਸਜ਼ਾ ਮਿਲਣੀ ਚਾਹੀਦੀ ਹੈ। ਜੇ ਕੋਈ ਬੰਦਾ ਮਰ ਜਾਂਦਾ ਹੈ ਤਾਂ ਜਿਸਨੇ ਮਾਰਿਆ ਉਸਨੂੰ ਮਾਰ ਦੇਣਾ ਚਾਹੀਦਾ ਹੈ। ਤੁਹਾਨੂੰ ਇੱਕ ਜਾਨ ਦੀ ਕੀਮਤ ਦੂਸਰੀ ਜਾਨ ਨਾਲ ਅਦਾ ਕਰਨੀ ਚਾਹੀਦੀ ਹੈ। 24 ਤੁਹਾਨੂੰ ਅਖ ਦੇ ਬਦਲੇ ਅਖ, ਦੰਦ ਦੇ ਬਦਲੇ ਦੰਦ, ਹੱਥ ਦੇ ਬਦਲੇ ਹੱਥ, ਪੈਰ ਦੇ ਬਦਲੇ ਪੈਰ, 25 ਸੇਕ ਦੇ ਬਦਲੇ ਸੇਕ, ਝਰੀਟ ਦੇ ਬਦਲੇ ਝਰੀਟ, ਅਤੇ ਜ਼ਖਮ ਦੇ ਬਦਲੇ ਜ਼ਖਮ ਅਦਾ ਕਰਨਾ ਚਾਹੀਦਾ ਹੈ। 26 “ਜੇ ਕੋਈ ਬੰਦਾ ਕਿਸੇ ਗੁਲਾਮ ਦੀ ਅੱਖ ਉੱਤੇ ਸੱਟ ਮਾਰਦਾ ਹੈ ਅਤੇ ਗੁਲਾਮ ਦੀ ਉਹ ਅਖ ਅੰਨ੍ਹੀ ਹੋ ਜਾਂਦੀ ਹੈ, ਤਾਂ ਗੁਲਾਮ ਨੂੰ ਅਜ਼ਾਦ ਕਰ ਦੇਣਾ ਚਾਹੀਦਾ ਹੈ। ਉਸਦੀ ਅਖ ਉਸਦੀ ਅਜ਼ਾਦੀ ਦਾ ਇਵਜ਼ਾਨਾ ਹੈ। ਇਹ ਦਾਸਾਂ ਅਤੇ ਦਾਸੀਆਂ ਦੋਹਾਂ ਬਾਰੇ ਇੱਕ ਸਮਾਨ ਹੈ। 27 ਜੇ ਸੁਆਮੀ ਆਪਣੇ ਗੁਲਾਮ ਦੇ ਮੂੰਹ ਤੇ ਸੱਟ ਮਾਰਦਾ ਹੈ ਅਤੇ ਗੁਲਾਮ ਦਾ ਦੰਦ ਟੁੱਟ ਜਾਂਦਾ ਹੈ, ਤਾਂ ਗੁਲਾਮ ਨੂੰ ਆਜ਼ਾਦ ਕਰ ਦੇਣਾ ਚਾਹੀਦਾ ਹੈ। ਗੁਲਾਮ ਦਾ ਦੰਦ ਗੁਲਾਮ ਦੀ ਆਜ਼ਾਦੀ ਦਾ ਇਵਜ਼ਾਨਾ ਹੈ। ਇਹ ਦਾਸਾਂ ਅਤੇ ਦਾਸੀਆਂ ਦੋਹਾਂ ਬਾਰੇ ਇੱਕ ਸਮਾਨ ਹੈ। 28 “ਜੇ ਕਿਸੇ ਬੰਦੇ ਦਾ ਬਲਦ ਕਸੇ ਆਦਮੀ ਜਾਂ ਔਰਤ ਨੂੰ ਮਾਰ ਦਿੰਦਾ, ਤੁਸੀਂ ਉਸ ਬਲਦ ਨੂੰ ਪੱਥਰਾਂ ਨਾਲ ਮਾਰ ਦਿਓ ਅਤੇ ਉਸ ਬਲਦ ਨੂੰ ਖਾਧਾ ਨਹੀਂ ਜਾਣਾ ਚਾਹੀਦਾ। ਪਰ ਬਲਦ ਦਾ ਮਾਲਕ ਦੋਸ਼ੀ ਨਹੀਂ ਹੋਵੇਗਾ। 29 ਪਰ ਜੇ ਬਲਦ ਨੇ ਪਹਿਲਾਂ ਵੀ ਲੋਕਾਂ ਨੂੰ ਜ਼ਖਮੀ ਕੀਤਾ ਹੋਵੇ ਅਤੇ ਮਾਲਕ ਨੂੰ ਚਿਤਾਵਨੀ ਮਿਲੀ ਹੋਵੇ ਤਾਂ ਮਾਲਕ ਦੋਸ਼ੀ ਹੋਵੇਗਾ। ਕਿਉਂਕਿ ਉਸਨੇ ਬਲਦ ਨੂੰ ਬੰਨ੍ਹ ਕੇ ਜਾਂ ਉਸਦੀ ਥਾਂ ਤੇ ਬੰਦ ਕਰਕੇ ਨਹੀਂ ਰੱਖਿਆ। ਇਸ ਲਈ ਜੇ ਬਲਦ ਕਿਸੇ ਨੂੰ ਮਾਰ ਦਿੰਦਾ, ਤੁਸੀਂ ਬਲਦ ਨੂੰ ਪੱਥਰਾਂ ਨਾਲ ਮਾਰ ਦਿਓ ਅਤੇ ਮਾਲਕ ਨੂੰ ਵੀ ਮਾਰ ਦਿਓ। 30 ਪਰ ਮਰੇ ਹੋਏ ਬੰਦੇ ਦਾ ਪਰਿਵਾਰ ਪੈਸਾ ਪ੍ਰਵਾਨ ਕਰ ਸਕਦਾ ਹੈ, ਜੇ ਉਹ ਪੈਸਾ ਲੈ ਲੈਣ ਤਾਂ ਉਹ ਬੰਦਾ ਜਿਸਦਾ ਬਲਦ ਸੀ, ਨਹੀਂ ਮਾਰਿਆ ਜਾਣਾ ਚਾਹੀਦਾ। ਪਰ ਉਸਨੂੰ ਓਨਾ ਪੈਸਾ ਜ਼ਰੂਰ ਦੇਣਾ ਚਾਹੀਦਾ ਹੈ ਜਿੰਨਾ ਨਿਆਂਕਾਰ ਆਖੇ। 31 “ਉਸੇ ਨੇਮ ਦੀ ਪਾਲਣਾ ਉਦੋਂ ਵੀ ਕਰਨੀ ਚਾਹੀਦੀ ਹੈ ਜਦੋਂ ਬਲਦ ਕਿਸੇ ਬੰਦੇ ਦੇ ਪੁੱਤਰ ਜਾਂ ਧੀ ਨੂੰ ਮਾਰ ਦੇਵੇ। 32 ਪਰ ਜੇ ਬਲਦ ਕਿਸੇ ਗੁਲਾਮ ਨੂੰ ਮਾਰ ਦੇਵੇ ਤਾਂ ਬਲਦ ਦੇ ਮਾਲਕ ਨੂੰ (ਗੁਲਾਮ ਦੇ) ਮਾਲਕ ਨੂੰ 30 ਚਾਂਦੀ ਦੇ ਸਿੱਕੇ ਦੇਣੇ ਚਾਹੀਦੇ ਹਨ। ਅਤੇ ਬਲਦ ਨੂੰ ਵੀ ਪੱਥਰਾਂ ਨਾਲ ਮਾਰ ਦੇਣਾ ਚਾਹੀਦਾ ਹੈ। ਇਹ ਨੇਮ ਦਾਸਾਂ ਅਤੇ ਦਾਸੀਆਂ ਦੋਹਾਂ ਲਈ ਇੱਕ ਜਿਹਾ ਹੋਵੇਗਾ। 33 “ਹੋ ਸਕਦਾ ਹੈ ਕਿ ਕੋਈ ਬੰਦਾ ਖੂਹ ਤੋਂ ਢੱਕਣ ਲਾਹ ਦੇਵੇ ਜਾਂ ਉਹ ਕੋਈ ਟੋਆ ਪੁੱਟੇ ਅਤੇ ਇਸਨੂੰ ਢਕੇ ਨਾ। ਜੇ ਕਿਸੇ ਹੋਰ ਬੰਦੇ ਦਾ ਜਾਨਵਰ ਆਉਂਦਾ ਹੈ ਅਤੇ ਟੋਏ ਵਿੱਚ ਡਿੱਗ ਪੈਂਦਾ ਹੈ, ਤਾਂ ਟੋਏ ਦਾ ਮਾਲਕ ਦੋਸ਼ੀ ਹੈ। 34 ਜਿਸ ਬੰਦੇ ਦਾ ਟੋਆ ਹੈ ਉਸਨੂੰ ਜਾਨਵਰ ਦੀ ਕੀਮਤ ਅਦਾ ਕਰਨੀ ਚਾਹੀਦੀ ਹੈ। ਪਰ ਜਦੋਂ ਉਹ ਜਾਨਵਰ ਦੀ ਕੀਮਤ ਦੇ ਦਿੰਦਾ ਹੈ ਤਾਂ ਉਹ ਜਾਨਵਰ ਦਾ ਸ਼ਰੀਰ ਰੱਖ ਸਕਦਾ ਹੈ। 35 “ਜੇ ਕਿਸੇ ਆਦਮੀ ਦਾ ਬਲਦ ਕਿਸੇ ਹੋਰ ਆਦਮੀ ਦੇ ਬਲਦ ਨੂੰ ਮਾਰ ਦੇਵੇ ਤਾਂ ਉਨ੍ਹਾਂ ਨੂੰ ਜਿਉਂਦਾ ਬਲਦ ਵੇਚ ਦੇਣਾ ਚਾਹੀਦਾ ਹੈ। ਦੋਹਾਂ ਆਦਮੀਆਂ ਨੂੰ ਬਲਦ ਵੇਚਕੇ ਮਿਲੇ ਪੈਸੇ ਦਾ ਅਧਾ-ਅਧਾ ਹਿੱਸਾ ਮਿਲਣਾ ਚਾਹੀਦਾ ਹੈ ਅਤੇ ਦੋਵੇਂ ਆਦਮੀ ਮਰੇ ਹੋਏ ਬਲਦ ਦਾ ਸ਼ਰੀਰ ਵੀ ਅਧਾ-ਅਧਾ ਹਿੱਸਾ ਲੈਣਗੇ। 36 ਪਰ ਜੇ ਉਸ ਆਦਮੀ ਦੇ ਬਲਦ ਨੇ ਪਹਿਲਾਂ ਵੀ ਹੋਰ ਜਾਨਵਰਾਂ ਨੂੰ ਜ਼ਖਮੀ ਕੀਤਾ ਹੋਵੇ ਤਾਂ ਮਾਲਕ ਆਪਣੇ ਬਲਦ ਲਾਈ ਜ਼ਿੰਮੇਵਾਰ ਹੈ। ਜੇ ਉਸਦਾ ਬਲਦ ਕਿਸੇ ਹੋਰ ਬਲਦ ਨੂੰ ਮਾਰ ਦਿੰਦਾ ਹੈ। ਤਾਂ ਉਹ ਦੋਸ਼ੀ ਹੈ ਕਿਉਂਕਿ ਉਸਨੇ ਬਲਦ ਖੁਲ੍ਹਾ ਛੱਡਿਆ। ਉਸ ਆਦਮੀ ਨੂੰ ਬਲਦ ਬਦਲੇ ਬਲਦ ਦੇਣਾ ਪਵੇਗਾ। ਉਸਨੂੰ ਆਪਣਾ ਬਲਦ ਮਰੇ ਹੋਏ ਬਲਦ ਬਦਲੇ ਦੇਣਾ ਪਵੇਗਾ।

Exodus 22

1 “ਉਸ ਆਦਮੀ ਨੂੰ ਤੁਸੀਂ ਕੀ ਸਜ਼ਾ ਦਿਉਂਗੇ ਜਿਹੜਾ ਕਿਸੇ ਬਲਦ ਜਾਂ ਭੇਡ ਨੂੰ ਚੁਰਾ ਲੈਂਦਾ ਹੈ? ਜੇ ਉਹ ਆਦਮੀ ਉਸ ਜਾਨਵਰ ਨੂੰ ਮਾਰ ਦਿੰਦਾ ਹੈ ਜਾਂ ਵੇਚ ਦਿੰਦਾ ਹੈ, ਤਾਂ ਉਹ ਇਸਨੂੰ ਵਾਪਸ ਨਹੀਂ ਕਰ ਸਕਦਾ। ਇਸ ਲਈ ਉਸਨੂੰ ਚੁਰਾਏ ਹੋਏ ਬਲਦ ਬਦਲੇ ਪੰਜ ਬਲਦ ਦੇਣੇ ਪੈਣਗੇ। ਜਾਂ ਉਸਨੂੰ ਚੋਰੀ ਕੀਤੀ ਇੱਕ ਭੇਡ ਬਦਲੇ ਚਾਰ ਭੇਡਾਂ ਦੇਣੀਆਂ ਪੈਣਗੀਆਂ। ਉਸਨੂੰ ਚੋਰੀ ਕਰਨ ਦਾ ਇਵਜ਼ਾਨਾ ਦੇਣਾ ਪਵੇਗਾ। 2 ਜੇ ਉਸ ਬੰਦੇ ਕੋਲ ਕੁਝ ਵੀ ਨਹੀਂ ਤਾਂ ਉਸਨੂੰ ਗੁਲਾਮ ਦੇ ਤੌਰ ਤੇ ਵੇਚ ਦਿੱਤਾ ਜਾਵੇਗਾ। ਪਰ ਜੇ ਉਸ ਆਦਮੀ ਕੋਲ ਉਹ ਜਾਨਵਰ ਹੈ ਅਤੇ ਤੁਸੀਂ ਉਸਨੂੰ ਲੱਭ ਲਿਆ ਤਾਂ ਉਸ ਆਦਮੀ ਨੂੰ ਮਾਲਕ ਨੂੰ ਹਰ ਇੱਕ ਚੁਰਾਏ ਹੋਏ ਜਾਨਵਰ ਬਦਲੇ ਦੋ ਜਾਨਵਰ ਦੇਣੇ ਪੈਣਗੇ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਜਾਨਵਰ ਬਲਦ ਸੀ ਜਾਂ ਖੋਤਾ ਜਾਂ ਭੇਡ।“ਜੇ ਕੋਈ ਚੋਰ ਰਾਤ ਵੇਲੇ ਕਿਸੇ ਘਰ ਵਿੱਚ ਸਂਨ੍ਹ ਲਾਉਂਦਾ ਮਾਰਿਆ ਜਾਵੇ, ਤਾਂ ਉਸਨੂੰ ਮਾਰਨ ਲਈ ਕੋਈ ਵੀ ਦੋਸ਼ੀ ਨਹੀਂ ਹੋਵੇਗਾ। ਪਰ ਜੇ ਅਜਿਹਾ ਦਿਨ ਵੇਲੇ ਵਾਪਰਦਾ ਹੈ, ਤਾਂ ਉਹ ਬੰਦਾ ਜਿਸਨੇ ਉਸਨੂੰ ਮਾਰਿਆ, ਕਤਲ ਦਾ ਦੋਸ਼ੀ ਹੋਵੇਗਾ। 3 4 5 “ਜੇ ਕੋਈ ਬੰਦਾ ਆਪਣੇ ਜਾਨਵਰਾਂ ਨੂੰ ਚਰਨ ਲਈ ਬਾਹਰ ਖੇਤ ਜਾਂ ਅੰਗੂਰਾਂ ਦੇ ਬਾਗ ਵਿੱਚ ਛੱਡਦਾ ਹੈ ਅਤੇ ਜੇਕਰ ਉਹ ਉਨ੍ਹਾਂ ਜਾਨਵਰਾਂ ਨੂੰ ਆਪਣੇ ਗੁਆਂਢੀ ਦੇ ਖੇਤ ਜਾਂ ਅੰਗੂਰ ਦੇ ਬਾਗ ਵਿੱਚ ਧੱਕੇ ਨਾਲ ਵੜਕੇ ਚਰਨ ਦਿੰਦਾ ਹੈ, ਤਾਂ ਉਸਨੂੰ ਨੁਕਸਾਨ ਦੀ ਅਦਾਇਗੀ ਵਜੋਂ ਆਪਣੀ ਸਭ ਤੋਂ ਚੰਗੀ ਖੇਤੀ ਦੇਣੀ ਪਵੇਗੀ। 6 “ਹੋ ਸਕਦਾ ਹੈ ਕੋਈ ਬੰਦਾ ਆਪਣੇ ਖੇਤ ਵਿੱਚ ਕੰਡਿਆਲੀਆਂ ਝਾੜੀਆਂ ਨੂੰ ਸਾੜਨ ਲਈ ਅੱਗ ਬਾਲੇ। ਪਰ ਜੇ ਇਹ ਅੱਗ ਫ਼ੈਲ ਜਾਂਦੀ ਹੈ ਅਤੇ ਉਸਦੇ ਗੁਆਂਢੀ ਦੀਆਂ ਫ਼ਸਲਾਂ ਜਾਂ ਉਸਦੇ ਖੇਤ ਦੇ ਅਨਾਜ਼ ਨੂੰ ਸਾੜ ਦਿੰਦੀ ਹੈ, ਤਾਂ ਜਿਸ ਬੰਦੇ ਨੇ ਅੱਗ ਲਾਈ ਸੀ, ਉਸਨੂੰ ਉਨ੍ਹਾਂ ਸਾੜੀਆਂ ਹੋਈਆਂ ਚੀਜ਼ਾਂ ਦਾ ਇਵਜ਼ਾਨਾ ਦੇਣਾ ਪਵੇਗਾ। 7 “ਹੋ ਸਕਦਾ ਹੈ ਕੋਈ ਬੰਦਾ ਆਪਣੇ ਲਈ ਗੁਆਂਢੀ ਦੇ ਘਰ ਵਿੱਚ ਕੁਝ ਚੀਜ਼ਾਂ ਜਾਂ ਪੈਸੇ ਰੱਖਣ ਲਈ ਆਖੇ। ਜੇ ਉਹ ਪੈਸੇ ਜਾਂ ਚੀਜ਼ਾਂ ਉਸ ਗੁਆਂਢੀ ਦੇ ਘਰੋਂ ਚੋਰੀ ਹੋ ਜਾਣ ਤਾਂ ਫ਼ੇਰ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਤੁਹਾਨੂੰ ਚੋਰ ਨੂੰ ਫ਼ੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇ ਤੁਸੀਂ ਚੋਰ ਨੂੰ ਫ਼ੜ ਲਵੋਂ ਤਾਂ ਉਸਨੂੰ ਉਨ੍ਹਾਂ ਚੀਜ਼ਾਂ ਦਾ ਦੁੱਗਣਾ ਅਦਾ ਕਰਨਾ ਚਾਹੀਦਾ ਹੈ। 8 ਪਰ ਜੇ ਤੁਸੀਂ ਚੋਰ ਨੂੰ ਨਾ ਫ਼ੜ ਸਕੋਂ, ਪਰਮੇਸ਼ੁਰ ਫ਼ੈਸਲਾ ਕਰੇਗਾ ਕਿ ਕੀ ਘਰ ਦਾ ਮਾਲਕ ਦੋਸ਼ੀ ਹੈ ਜਾਂ ਨਹੀਂ। ਘਰ ਦੇ ਮਾਲਕ ਨੂੰ ਨਿਆਂਕਾਰਾਂ ਦੇ ਸਾਮ੍ਹਣੇ ਜਾਣਾ ਚਾਹੀਦਾ ਹੈ, ਅਤੇ ਉਹ ਸਹੁੰ ਖਾਵੇ ਕਿ ਉਸਨੇ ਆਪਣੇ ਗੁਆਂਢੀ ਦੀਆਂ ਚੀਜ਼ਾਂ ਨਹੀਂ ਚੁਰਾਈਆਂ। 9 “ਜੇ ਦੋ ਵਿਅਕਤੀਆਂ ਵਿਚਕਾਰ ਕਿਸੇ ਬਲਦ ਜਾਂ ਖੋਤੇ ਜਾਂ ਭੇਡ ਜਾਂ ਕੱਪੜੇ ਜਾਂ ਕਿਸੇ ਗੁਆਚੀ ਹੋਈ ਚੀਜ਼ ਬਾਰੇ ਝਗੜਾ ਹੋ ਜਾਵੇ, ਜਿਥੇ ਇੱਕ ਵਿਅਕਤੀ ਆਖੇ, ‘ਇਹ ਮੇਰਾ ਹੈ’, ਅਤੇ ਦੂਸਰਾ ਆਖੇ, ‘ਨਹੀਂ, ਇਹ ਮੇਰਾ ਹੈ’, ਉਨ੍ਹਾਂ ਦੋਹਾਂ ਨੂੰ ਨਿਆਂਕਾਰਾਂ ਦੇ ਸਾਮ੍ਹਾਣੇ ਜਾਣਾ ਚਾਹੀਦਾ ਹੈ। ਜਿਸ ਵਿਅਕਤੀ ਨੂੰ ਨਿਆਂਕਾਰ ਦੋਸ਼ੀ ਘੋਸ਼ਿਤ ਕਰੇ, ਉਸਨੂੰ ਦੂਸਰੇ ਵਿਅਕਤੀ ਨੂੰ ਦੁੱਗਣਾ ਹਿੱਸਾ ਅਦਾ ਕਰਨਾ ਪਵੇਗਾ। 10 “ਹੋ ਸਕਦਾ ਹੈ ਕਿ ਕੋਈ ਬੰਦਾ ਆਪਣੇ ਗੁਆਂਢੀ ਨੂੰ ਕੁਝ ਸਮੇਂ ਲਈ ਕਿਸੇ ਜਾਨਵਰ ਦੀ ਦੇਖ-ਭਾਲ ਕਰਨ ਲਈ ਆਖੇ। ਇਹ ਖੋਤਾ ਜਾਂ ਬਲਦ ਜਾਂ ਭੇਡ ਵੀ ਹੋ ਸਕਦੀ ਹੈ। ਪਰ ਜੇ ਉਹ ਜਾਨਵਰ ਜ਼ਖਮੀ ਹੋ ਜਾਂਦਾ ਹੈ ਜਾਂ ਮਰ ਜਾਂਦਾ ਹੈ ਜਾਂ ਕੋਈ ਉਸ ਜਾਨਵਰ ਨੂੰ ਅਖ ਬਚਾਕੇ ਚੁਰਾ ਲੈਂਦਾ ਹੈ, ਤਾਂ ਫ਼ੇਰ ਤੁਹਾਨੂੰ ਕੀ ਕਰਨਾ ਚਾਹੀਦਾ ਹੈ? 11 ਉਸ ਗੁਆਂਢੀ ਨੂੰ ਇਹ ਸਮਝਾਉਣਾ ਚਾਹੀਦਾ ਹੈ ਕਿ ਉਸਨੇ ਜਾਨਵਰ ਨਹੀਂ ਚੁਰਾਇਆ। ਜੇ ਇਹ ਸਹੀ ਹੈ, ਤਾਂ ਉਹ ਗੁਆਂਢੀ ਯਹੋਵਾਹ ਅੱਗੇ ਇਕਰਾਰ ਕਰੇਗਾ ਕਿ ਉਸਨੇ ਇਸਨੂੰ ਨਹੀਂ ਚੁਰਾਇਆ। ਜਾਨਵਰ ਦੇ ਮਾਲਕ ਨੂੰ ਇਸ ਇਕਰਾਰ ਨੂੰ ਮੰਨ ਲੈਣਾ ਚਾਹੀਦਾ ਹੈ। ਗੁਆਂਢੀ ਨੂੰ ਜਾਨਵਰ ਲਈ ਮਾਲਕ ਨੂੰ ਪੈਸੇ ਦੇਣ ਦੀ ਲੋੜ ਨਹੀਂ। 12 ਪਰ ਜੇਕਰ ਜਾਨਵਰ ਉਦੋਂ ਚੋਰੀ ਹੁੰਦਾ ਹੈ ਜਦੋਂ ਉਹ ਗੁਆਂਢੀ ਦੀ ਨਿਗਰਾਨੀ ਵਿੱਚ ਸੀ, ਤਾਂ ਉਸਨੂੰ ਜਾਨਵਰ ਦੀ ਕੀਮਤ ਮਾਲਕ ਨੂੰ ਅਦਾ ਕਰਨੀ ਪਵੇਗੀ। 13 ਜੇ ਜੰਗਲੀ ਜਾਨਵਰਾਂ ਨੇ ਉਸ ਜਾਨਵਰ ਨੂੰ ਮਾਰ ਦਿੱਤਾ ਹੋਵੇ, ਤਾਂ ਗੁਆਂਢੀ ਨੂੰ ਜਾਨਵਰ ਦੀ ਲਾਸ਼ ਸਬੂਤ ਵਜੋਂ ਪੇਸ਼ ਕਰਨੀ ਪਵੇਗੀ। ਗੁਆਂਢੀ ਨੂੰ ਉਸ ਜਾਨਵਰ ਦੀ ਕੀਮਤ ਮਾਲਕ ਨੂੰ ਨਹੀਂ ਦੇਣੀ ਪਵੇਗੀ ਜਿਹੜਾ ਮਾਰਿਆ ਗਿਆ ਸੀ। 14 “ਜੇ ਕੋਈ ਆਦਮੀ ਆਪਣੇ ਗੁਆਂਢੀ ਤੋਂ ਕੋਈ ਜਾਨਵਰ ਲੈਂਦਾ ਅਤੇ ਜੇਕਰ ਉਹ ਜਾਨਵਰ ਜਦੋਂ ਮਾਲਕ ਉਥੇ ਨਹੀਂ ਸੀ ਜ਼ਖਮੀ ਹੋ ਜਾਂਦਾ ਹੈ, ਜਾਂ ਉਹ ਜਾਨਵਰ ਮਰ ਜਾਂਦਾ, ਤਾਂ ਗੁਆਂਢੀ ਨੂੰ ਇਸਦੀ ਕੀਮਤ ਮਾਲਕ ਨੂੰ ਅਦਾ ਕਰਨੀ ਚਾਹੀਦੀ ਹੈ। 15 ਪਰ ਜੇ ਮਾਲਕ ਜਾਨਵਰ ਦੇ ਨਾਲ ਸੀ, ਤਾਂ ਗੁਆਂਢੀ ਨੂੰ ਕੁਝ ਦੇਣ ਦੀ ਲੋੜ ਨਹੀਂ। ਜਾਂ, ਜੇ ਗੁਆਂਢੀ ਇਸ ਕੰਮ ਲਈ ਜਾਨਵਰ ਦੀ ਵਰਤੋਂ ਲਈ ਪੈਸੇ ਦੇ ਰਿਹਾ ਸੀ। ਤਾਂ ਉਸਨੂੰ ਕੁਝ ਨਹੀਂ ਦੇਣਾ ਪਵੇਗਾ ਜੇ ਜਾਨਵਰ ਮਰ ਜਾਂਦਾ ਹੈ ਜਾਂ ਜ਼ਖਮੀ ਹੋ ਜਾਂਦਾ ਹੈ। ਜਿਹੜਾ ਪੈਸਾ ਉਸਨੇ ਜਾਨਵਰ ਦੀ ਵਰਤੋਂ ਲਈ ਦਿੱਤਾ ਉਹ ਅਦਾਇਗੀ ਲਈ ਕਾਫ਼ੀ ਹੋਵੇਗਾ। 16 “ਜੇ ਕਿਸੇ ਬੰਦੇ ਦੇ ਕਿਸੇ ਕੁਆਰੀ ਮੁਟਿਆਰ ਨਾਲ ਜਿਨਸੀ ਸੰਬੰਧ ਹਨ, ਤਾਂ ਉਸਨੂੰ ਉਸ ਨਾਲ ਵਿਆਹ ਕਰਾਉਣਾ ਪਵੇਗਾ। ਅਤੇ ਉਸਨੂੰ ਉਸਦੇ ਪਿਤਾ ਨੂੰ ਪੂਰਾ ਦਾਜ ਦੇਣਾ ਪਵੇਗਾ। 17 ਜੇ ਪਿਤਾ ਉਸਨੂੰ ਆਪਣੀ ਧੀ ਨਾਲ ਵਿਆਹ ਕਰਨ ਤੋਂ ਇਨਕਾਰ ਕਰਦਾ ਹੈ, ਤਾਂ ਵੀ ਉਸ ਆਦਮੀ ਨੂੰ ਪੈਸਾ ਦੇਣਾ ਪਵੇਗਾ। ਉਸਨੂੰ ਉਸ ਲਈ ਪੂਰਾ ਪੂਰਾ ਪੈਸਾ ਦੇਣਾ ਪਵੇਗਾ। 18 “ਜੇਕਰ ਕੋਈ ਔਰਤ ਕਾਲਾ ਜਾਦੂ ਕਰਦੀ ਹੈ, ਤੁਹਾਨੂੰ ਉਸਨੂੰ ਜਿਉਂਦਿਆਂ ਨਹੀਂ ਰਹਿਣ ਦੇਣਾ ਚਾਹੀਦਾ। 19 “ਤੁਹਾਨੂੰ ਕਿਸੇ ਬੰਦੇ ਨੂੰ ਕਿਸੇ ਜਾਨਵਰ ਨਾਲ ਜਿਨਸੀ ਸੰਬੰਧ ਨਹੀਂ ਰੱਖਣ ਦੇਣੇ ਚਾਹੀਦੇ। ਜੇ ਅਜਿਹਾ ਹੁੰਦਾ ਹੈ ਤਾਂ ਉਸ ਬੰਦੇ ਨੂੰ ਮਾਰ ਦੇਣਾ ਚਾਹੀਦਾ ਹੈ। 20 “ਜੇ ਕੋਈ ਬੰਦਾ ਕਿਸੇ ਝੂਠੇ ਦੇਵਤੇ ਨੂੰ ਬਲੀ ਚੜਾਉਂਦਾ ਹੈ, ਤਾ ਉਸ ਬੰਦੇ ਨੂੰ ਤਬਾਹ ਕਰ ਦੇਣਾ ਚਾਹੀਦਾ ਹੈ। ਇੱਕ ਯਹੋਵਾਹ ਪਰਮੇਸ਼ੁਰ ਹੀ ਹੈ ਜਿਸਨੂੰ ਤੁਹਾਨੂੰ ਬਲੀਆਂ ਚੜਾਉਣੀਆਂ ਚਾਹੀਦੀਆਂ ਹਨ। 21 “ਚੇਤੇ ਰਖੋ, ਅਤੀਤ ਵਿੱਚ ਤੁਸੀਂ ਮਿਸਰ ਦੀ ਧਰਤੀ ਉੱਤੇ ਵਿਦੇਸ਼ੀ ਸੀ। ਇਸ ਲਈ ਤੁਹਾਨੂੰ ਚਾਹੀਦਾ ਹੈ ਕਿ ਕਿਸੇ ਅਜਿਹੇ ਬੰਦੇ ਨੂੰ ਧੋਖਾ ਨਾ ਦਿਓ ਜਾਂ ਨੁਕਸਾਨ ਨਾ ਪੁਚਾਓ ਜਿਹੜਾ ਤੁਹਾਡੇ ਦੇਸ਼ ਵਿੱਚ ਵਿਦੇਸ਼ੀ ਹੈ। 22 “ਤੁਹਾਨੂੰ ਕਦੇ ਵੀ ਉਨ੍ਹਾਂ ਔਰਤਾਂ ਨਾਲ ਮੰਦਾ ਨਹੀਂ ਕਰਨਾ ਚਾਹੀਦਾ ਜਿਨ੍ਹਾਂ ਨੇ ਪਤੀ ਮਰ ਚੁੱਕੇ ਹਨ ਜਾਂ ਉਨ੍ਹਾਂ ਬੱਚਿਆਂ ਨਾਲ ਮੰਦਾ ਨਹੀਂ ਕਰਨਾ ਚਾਹੀਦਾ ਜਿਹੜੇ ਯਤੀਮ ਹਨ। 23 ਜੇ ਤੁਸੀਂ ਉਨ੍ਹਾਂ ਵਿਧਵਾਵਾਂ ਜਾਂ ਯਤੀਮਾਂ ਨਾਲ ਮੰਦਾ ਕਰੋਂਗੇ, ਤਾਂ ਮੈਂ ਇਸਨੂੰ ਜਾਣ ਜਾਵਾਂਗਾ। ਮੈਂ ਉਨ੍ਹਾਂ ਦੀਆਂ ਤਕਲੀਫ਼ਾਂ ਸੁਣਾਂਗਾ। 24 ਅਤੇ ਮੈਂ ਬਹੁਤ ਕਰੋਧਵਾਨ ਹੋਵਾਂਗਾ। ਮੈਂ ਤੁਹਾਨੂੰ ਤਲਵਾਰ ਨਾਲ ਕਤਲ ਕਰ ਦਿਆਂਗਾ। ਫ਼ੇਰ ਤੁਹਾਡੀਆਂ ਪਤਨੀਆਂ ਵਿਧਵਾ ਹੋ ਜਾਣਗੀਆਂ। ਅਤੇ ਤੁਹਾਡੇ ਬੱਚੇ ਯਤੀਮ ਹੋ ਜਾਣਗੇ। 25 “ਜੇ ਮੇਰੇ ਬੰਦਿਆਂ ਵਿੱਚੋਂ ਕੋਈ ਗਰੀਬ ਹੈ, ਅਤੇ ਤੁਸੀਂ ਉਸਨੂੰ ਪੈਸਾ ਉਧਾਰ ਦਿੰਦੇ ਹੋ ਤਾਂ ਤੁਹਾਨੂੰ ਉਸ ਪੈਸੇ ਦਾ ਬਿਆਜ ਨਹੀਂ ਲੈਣਾ ਚਾਹੀਦਾ। ਅਤੇ ਤੁਹਾਨੂੰ ਚਾਹੀਦਾ ਹੈ ਕਿ ਉਸਨੂੰ ਛੇਤੀ ਪੈਸਾ ਵਾਪਸ ਕਰਨ ਲਈ ਮਜਬੂਰ ਨਾ ਕਰੋ। 26 ਹੋ ਸਕਦਾ ਹੈ ਕੋ ਕੋਈ ਬੰਦਾ ਤੁਹਾਨੂੰ ਇਸ ਇਕਰਾਰ ਵਜੋਂ ਆਪਣਾ ਕੋਟ ਦੇ ਦੇਵੇ ਕਿ ਉਹ ਤੁਹਾਡਾ ਦਿੱਤਾ ਪੈਸਾ ਵਾਪਸ ਮੋੜ ਦੇਵੇਗਾ। ਪਰ ਤੁਹਾਨੂੰ ਚਾਹੀਦਾ ਹੈ ਕਿ ਸੂਰਜ ਛੁਪਣ ਤੋਂ ਪਹਿਲਾਂ ਉਸਨੂੰ ਉਹ ਕੋਟ ਵਾਪਸ ਕਰ ਦਿਓ। 27 ਜੇ ਉਸ ਬੰਦੇ ਕੋਲ ਕੋਟ ਨਹੀਂ ਹੋਵੇਗਾ ਤਾਂ ਉਸ ਕੋਲ ਆਪਣਾ ਸ਼ਰੀਰ ਢਕਣ ਲਈ ਕੁਝ ਨਹੀਂ ਹੋਵੇਗਾ। ਉਸਨੂੰ ਸੁਤਿਆਂ ਹ੍ਹੋਇਆਂ ਸਰਦੀ ਲੱਗ ਜਾਵੇਗੀ। ਅਤੇ ਜੇ ਉਹ ਮੇਰੇ ਅੱਗੇ ਪੁਕਾਰ ਕਰੇਗਾ, ਤਾਂ ਮੈਂ ਉਸਦੀ ਪੁਕਾਰ ਸੁਣਾਂਗਾ। ਮੈਂ ਧਿਆਨ ਦੇਵਾਂਗਾ ਕਿਉਂਕਿ ਮੈਂ ਮਿਹਰਬਾਨ ਹਾਂ। 28 “ਤੁਹਾਨੂੰ ਆਪਣੇ ਲੋਕਾਂ ਦੇ ਆਗੂਆਂ ਜਾਂ ਆਪਣੇ ਨਿਆਂਕਾਰਾਂ ਨੂੰ ਕੁਝ ਗਲਤ ਨਹੀਂ ਆਖਣਾ ਚਾਹੀਦਾ। 29 “ਫ਼ਸਲ ਦੀ ਵਾਢੀ ਵੇਲੇ ਤੁਸੀਂ ਮੈਨੂੰ ਪਹਿਲਾ ਅਨਾਜ਼ ਤੇ ਆਪਣੇ ਫ਼ਲਾਂ ਦਾ ਪਹਿਲਾ ਰਸ ਜ਼ਰੂਰ ਭੇਂਟ ਕਰੋਂਗੇ। ਵਰ੍ਹੇ ਦੇ ਦੌਰਾਨ ਦੇਰੀ ਨਾ ਕਰੋ।“ਆਪਣੇ ਪਲੇਠੇ ਪੁੱਤਰ ਮੈਨੂੰ ਦਿਓ। 30 ਆਪਣੇ ਪਲੇਠੇ ਪਸ਼ੂ ਅਤੇ ਭੇਡਾਂ ਵੀ ਮੈਨੂੰ ਦਿਓ। ਪਲੇਠੀ ਸੰਤਾਨ ਨੂੰ ਸੱਤਾਂ ਦਿਨਾਂ ਤੱਕ ਆਪਣੀ ਮਾਂ ਕੋਲ ਰਹਿਣ ਦਿਓ। ਫ਼ੇਰ ਅਠਵੇਂ ਦਿਨ ਉਸਨੂੰ ਮੈਨੂੰ ਦੇ ਦੇਵੋ। 31 “ਤੁਸੀਂ ਮੇਰੇ ਖਾਸ ਲੋਕ ਹੋ, ਇਸ ਲਈ ਉਸ ਜਾਨਵਰ ਦਾ ਗੋਸ਼ਤ ਨਾ ਖਾਓ ਜੋ ਜੰਗਲੀ ਜਾਨਵਰ ਦੁਆਰਾ ਮਾਰਿਆ ਗਿਆ ਹੋਵੇ। ਤੁਹਾਨੂੰ ਇਸਨੂੰ ਕੁਤਿਆਂ ਅੱਗੇ ਸੁੱਟ ਦੇਣਾ ਚਾਹੀਦਾ ਹੈ।

Exodus 23

1 “ਹੋਰਨਾਂ ਲੋਕਾਂ ਦੇ ਵਿਰੁੱਧ ਝੂਠ ਨਾ ਬੋਲੋ। ਜੇ ਤੁਸੀਂ ਕਚਿਹਰੀ ਵਿੱਚ ਗਵਾਹ ਹੋ, ਤਾਂ ਕਿਸੇ ਬੁਰੇ ਆਦਮੀ ਦੀ ਝੂਠ ਬੋਲਕੇ ਸਹਾਇਤਾ ਨਾ ਕਰੋ। 2 “ਕੁਝ ਵੀ ਗਲਤ ਕਰਨ ਵਾਲੇ ਲੋਕਾਂ ਦੇ ਟੋਲਿਆਂ ਦਾ ਅਨੁਸਰਣ ਨਾ ਕਰੋ। ਜੇਕਰ ਤੁਸੀਂ ਅਦਾਲਤ ਵਿੱਚ ਗਵਾਹ ਹੋ, ਤਾਂ ਉਨ੍ਹਾਂ ਬੰਦਿਆਂ ਦੀ ਖਾਤਰ ਆਪਣੀ ਗਵਾਹੀ ਨਾ ਬਦਲੋ ਜੋ ਗਲਤ ਹਨ। ਉਹੀ ਕਰੋ ਜੋ ਸਹੀ ਅਤੇ ਬੇਲਾਗ ਹੈ। 3 “ਜੇ ਕਿਸੇ ਗਰੀਬ ਆਦਮੀ ਦਾ ਨਿਰਣਾ ਕੀਤਾ ਜਾਂਦਾ ਹੈ, ਤਾਂ ਕਈ ਵਾਰੀ ਲੋਕ ਉਸਦਾ ਪੱਖ ਲੈਂਦੇ ਹਨ ਕਿਉਂਕਿ ਉਨ੍ਹਾਂ ਨੂੰ ਉਸ ਉੱਪਰ ਤਰਸ ਆਉਂਦਾ ਹੈ। ਤੁਹਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਉਸਦਾ ਪਖ ਤਾਂ ਹੀ ਲਵੋ ਜੇ ਉਹ ਸਹੀ ਹੈ। 4 “ਜੇ ਤੁਹਾਨੂੰ ਕੋਈ ਗੁਆਚਿਆ ਹੋਇਆ ਬਲਦ ਜਾਂ ਖੋਤਾ ਨਜ਼ਰ ਆਵੇ ਤਾਂ ਤੁਹਾਨੂੰ ਇਸਦੇ ਮਾਲਕ ਨੂੰ ਵਪਸ ਕਰ ਦੇਣਾ ਚਾਹੀਦਾ ਹੈ। ਤੁਹਾਨੂੰ ਅਜਿਹਾ ਹੀ ਕਰਨਾ ਚਾਹੀਦਾ ਹੈ ਭਾਵੇਂ ਮਾਲਕ ਤੁਹਾਡਾ ਦੁਸ਼ਮਣ ਹੀ ਕਿਉਂ ਨਾ ਹੋਵੇ। 5 “ਜੇ ਤਸੀਂ ਦੇਖਦੇ ਹੋ ਕਿ ਕੋਈ ਜਾਨਵਰ ਇਸ ਲਈ ਨਹੀਂ ਚੱਲ ਸਕਦਾ ਕਿਉਂਕਿ ਉਸ ਉੱਪਰ ਬਹੁਤ ਭਾਰ ਲਦਿਆ ਹੋਇਆ ਹੈ, ਤਾਂ ਤੁਹਾਨੂੰ ਰੁਕ ਕੇ ਉਸ ਜਾਨਵਰ ਦੀ ਸਹਾਇਤਾ ਜ਼ਰੂਰ ਕਰਨੀ ਚਾਹੀਦੀ ਹੈ ਭਾਵੇਂ ਇਹ ਤੁਹਾਡੇ ਕਿਸੇ ਦੁਸ਼ਮਣ ਦਾ ਹੀ ਹੋਵੇ। 6 “ਤੁਹਾਨੂੰ ਚਾਹੀਦਾ ਹੈ ਕਿ ਲੋਕਾਂ ਨੂੰ ਕਿਸੇ ਗਰੀਬ ਆਦਮੀ ਨਾਲ ਪੱਖਪਾਤ ਨਾ ਕਰਨ ਦਿਓ। ਉਸਦਾ ਨਿਰਣਾ ਕਿਸੇ ਵੀ ਦੂਸਰੇ ਬੰਦੇ ਵਾਂਗ ਹੋਣਾ ਚਾਹੀਦਾ ਹੈ। 7 “ਕਿਸੇ ਬੰਦੇ ਉੱਤੇ ਝੂਠੇ ਦੋਸ਼ ਨਾ ਲਾਓ ਅਤੇ ਕਿਸੇ ਵੀ ਬੇਕਸੂਰ ਜਾਂ ਇਮਾਨਦਾਰ ਬੰਦੇ ਨੂੰ ਮੌਤ ਦੀ ਸਜ਼ਾ ਨਾ ਦੇਵੋ ਕਿਉਂ ਜੁ ਮੈਂ ਕਦੇ ਵੀ ਬਦ ਵਿਅਕਤੀ ਨੂੰ ਬੇਕਸੂਰ ਨਹੀਂ ਸਮਝਾਂਗਾ। 8 “ਜੇ ਕੋਈ ਆਦਮੀ ਤੁਹਾਨੂੰ ਪੈਸੇ ਦੇਕੇ ਆਪਣੇ ਲਈ ਹਾਮੀ ਭਰਾਉਣ ਦੀ ਕੋਸ਼ਿਸ਼ ਕਰਦਾ ਹੈ, ਜਦੋਂ ਕਿ ਉਹ ਗਲਤ ਹੈ, ਤਾਂ ਉਸਦੇ ਪੈਸੇ ਨੂੰ ਪ੍ਰਵਾਨ ਨਾ ਕਰੋ। ਇਸ ਤਰ੍ਹਾਂ ਦੀ ਰਿਸ਼ਵਤ ਮੁਨਸਫ਼ਾਂ ਨੂੰ ਅੰਨ੍ਹਿਆਂ ਕਰ ਦਿੰਦੀ ਹੈ ਤੇ ਉਹ ਸੱਚ ਨੂੰ ਨਹੀਂ ਦੇਖ ਸਕਦੇ। ਅਤੇ ਇਸ ਤਰ੍ਹਾਂ ਦੀ ਰਿਸ਼ਵਤ ਨੇਕ ਬੰਦਿਆਂ ਤੋਂ ਵੀ ਝੂਠ ਬੁਲਵਾ ਸਕਦੀ ਹੈ। 9 “ਤੁਹਾਨੂੰ ਚਾਹੀਦਾ ਹੈ ਕਿ ਕਿਸੇ ਵਿਦੇਸ਼ੀ ਨਾਲ ਕਦੇ ਵੀ ਗਲਤ ਵਿਹਾਰ ਨਾ ਕਰੋ। ਚੇਤੇ ਰਖੋ ਕਿ ਇੱਕ ਸਮੇਂ ਤੁਸੀਂ ਵੀ ਵਿਦੇਸ਼ੀ ਸੀ ਜਦੋਂ ਤੁਸੀਂ ਮਿਸਰ ਦੀ ਧਰਤੀ ਉੱਤੇ ਰਹਿੰਦੇ ਸੀ। 10 “ਛੇ ਵਰ੍ਹਿਆਂ ਤੱਕ ਜ਼ਮੀਨ ਵਾਹੋ, ਬੀਜ ਬੀਜੋ ਅਤੇ ਆਪਣੀਆਂ ਫ਼ਸਲਾਂ ਵਢੋ। 11 ਸੱਤਵਾਂ ਵਰ੍ਹਾ ਧਰਤੀ ਦੇ ਆਰਾਮ ਦਾ ਖਾਸ ਸਮਾਂ ਹੋਣਾ ਚਾਹੀਦਾ ਹੈ, ਆਪਣੇ ਖੇਤਾਂ ਵਿੱਚ ਕੁਝ ਨਾ ਬੀਜੋ। ਜੇ ਓਥੇ ਕੋਈ ਫ਼ਸਲਾਂ ਉੱਗਦੀਆਂ ਹਨ, ਤਾਂ ਇਹ ਗਰੀਬ ਲੋਕਾਂ ਨੂੰ ਲੈ ਲੈਣ ਦਿਓ ਅਤੇ ਜੋ ਉਹ ਛੱਡਣ ਜੰਗਲੀ ਜਾਨਵਰਾਂ ਨੂੰ ਖਾ ਲੈਣ ਦਿਓ। ਅਜਿਹਾ ਹੀ ਤੁਹਾਨੂੰ ਆਪਣੇ ਅੰਗੂਰਾਂ ਦੇ ਬਾਗਾਂ ਨਾਲ ਅਤੇ ਜੈਤੂਨ ਦੇ ਰੁਖਾਂ ਨਾਲ ਵੀ ਕਰਨਾ ਚਾਹੀਦਾ ਹੈ। 12 “ਛੇ ਦਿਨ ਕੰਮ ਕਰੋ। ਫ਼ੇਰ ਸੱਤਵੇ ਦਿਨ ਛੁੱਟੀ ਕਰੋ। ਇਸ ਨਾਲ ਤੁਹਾਡੇ ਗੁਲਾਮਾਂ ਅਤੇ ਹੋਰਨਾਂ ਕਾਮਿਆਂ ਨੂੰ ਅਰਾਮ ਕਰਨ ਅਤੇ ਸੁਸਤਾਉਣ ਦਾ ਸਮਾਂ ਮਿਲ ਜਾਵੇਗਾ। ਅਤੇ ਤੁਹਾਡੇ ਬਲਦਾਂ ਅਤੇ ਖੋਤਿਆਂ ਨੂੰ ਵੀ ਅਰਾਮ ਕਰਨ ਦਾ ਸਮਾਂ ਮਿਲੇਗਾ। 13 “ਇਨ੍ਹਾਂ ਸਾਰੇ ਕਨੂਨਾਂ ਦੀ ਪਾਲਣਾ ਕਰਨੀ ਯਾਦ ਰਖੋ। ਤੁਹਾਨੂੰ ਹੋਰਨਾਂ ਦੇਵਤਿਆਂ ਦੇ ਨਾਮ ਵੀ ਨਹੀਂ ਲੈਣੇ ਚਾਹੀਦੇ। ਤੁਹਾਨੂੰ ਉਨ੍ਹਾਂ ਨੂੰ ਆਪਣੇ ਬੁਲ੍ਹਾਂ ਤੇ ਵੀ ਨਹੀਂ ਸੁਣਨ ਦੇਣਾ ਚਾਹੀਦਾ। 14 “ਹਰ ਸਾਲ ਤੁਹਾਡੇ ਲਈ ਤਿੰਨ ਖਾਸ ਛੁੱਟੀਆਂ ਹੋਣਗੀਆਂ। ਇਨ੍ਹਾਂ ਛੁੱਟੀਆਂ ਵੇਲੇ ਤੁਸੀਂ ਮੇਰੇ ਖਾਸ ਸਥਾਨ ਉੱਤੇ ਮੇਰੀ ਉਪਾਸਨਾ ਕਰਨ ਲਈ ਆਵੋਂਗੇ। 15 ਪਹਿਲੀ ਛੁੱਟੀ ‘ਪਤੀਰੀ ਰੋਟੀ ਦਾ ਪਰਬ’ ਹੋਵੇਗੀ। ਇਹ ਉਸੇ ਤਰ੍ਹਾਂ ਹੈ ਜਿਵੇਂ ਮੈਂ ਹੁਕਮ ਦਿੱਤਾ ਸੀ। ਇਸ ਵੇਲੇ ਤੁਸੀਂ ਪਤੀਰੀ ਰੋਟੀ ਖਾਵੋਂਗੇ। ਇਹ ਸੱਤ ਦਿਨਾਂ ਤੱਕ ਜਾਰੀ ਰਹੇਗੀ। ਇਹ ਤੁਸੀਂ ਅਬੀਬ ਦੇ ਮਹੀਨੇ ਦੌਰਾਨ ਕਰੋਂਗੇ, ਕਿਉਂਕਿ ਇਹੀ ਉਹ ਸਮਾਂ ਸੀ ਜਦੋਂ ਤੁਸੀਂ ਮਿਸਰ ਤੋਂ ਬਾਹਰ ਆਏ। ਉਸ ਸਮੇਂ ਹਰ ਬੰਦਾ ਮੇਰੇ ਲਈ ਬਲੀ ਲੈਕੇ ਆਵੇਗਾ। 16 ““ਦੂਸਰੀ ਛੁੱਟੀ ‘ਪਹਿਲੇ ਫ਼ਲਾਂ ਦੇ ਪਰਬ’ ਦੀ ਹੋਵੇਗੀ ਇਹ ਛੁੱਟੀ ਗਰਮੀਆਂ ਦੇ ਸ਼ੁਰੂ ਵਿੱਚ ਹੋਵੇਗੀ ਜਦੋਂ ਤੁਸੀਂ ਉਨ੍ਹਾਂ ਫ਼ਸਲਾਂ ਦੀ ਵਾਢੀ ਸ਼ੁਰੂ ਕਰਦੇ ਹੋ, ਜੋ ਤੁਸੀਂ ਆਪਣੇ ਖੇਤਾਂ ਵਿੱਚ ਬੀਜੀਆਂ ਸਨ।“ਤੀਸਰੀ ਛੁੱਟੀ ‘ਵਾਢੀ ਦੇ ਪਰਬ’ ਦੀ ਹੋਵੇਗੀ ਇਹ ਪਤਝੜ ਦੇ ਮੌਸਮ ਵਿੱਚ ਹੋਵੇਗੀ ਜਦੋਂ ਤੁਸੀਂ ਆਪਣੇ ਖੇਤਾਂ ਦੀਆਂ ਸਾਰਿਆਂ ਫ਼ਸਲਾਂ ਇਕਠੀਆਂ ਕਰਦੇ ਹੋ। 17 “ਇਸ ਲਈ ਹਰ ਸਾਲ ਤਿੰਨ ਵਾਰੀ ਸਾਰੇ ਆਦਮੀ ਖਾਸ ਸਥਾਨ ਉੱਤੇ ਤੁਹਾਡੇ ਯਹੋਵਾਹ ਪਰਮੇਸ਼ੁਰ ਦੇ ਸਨਮੁਖ ਹੋਣ ਲਈ ਆਉਣਗੇ। 18 “ਜਦੋਂ ਤੁਸੀਂ ਕਿਸੇ ਜਾਨਵਰ ਨੂੰ ਮਾਰਕੇ ਇਸਦੇ ਖੂਨ ਨੂੰ ਬਲੀ ਵਜੋਂ ਚੜਾਉਂਦੇ ਹੋ, ਤੁਹਾਨੂੰ ਖਮੀਰ ਵਾਲੀ ਰੋਟੀ ਭੇਟ ਨਹੀਂ ਕਰਨੀ ਚਾਹੀਦੀ। ਇਸ ਬਲੀ ਦੇ ਗੋਸ਼ਤ ਦਾ ਕੋਈ ਵੀ ਹਿੱਸਾ ਅਗਲੇ ਦਿਨ ਲਈ ਨਾ ਬਚਾਓ। 19 “ਜਦੋਂ ਤੁਸੀਂ ਵਾਢੀ ਵੇਲੇ ਆਪਣੀਆਂ ਫ਼ਸਲਾਂ ਇਕੱਤਰ ਕਰੋ, ਤੁਹਾਨੂੰ ਵਾਢੀ ਕੀਤੀ ਹੋਈ ਹਰ ਚੀਜ਼ ਦਾ ਪਹਿਲਾ ਫ਼ਲ ਤੁਹਾਡੇ ਯਹੋਵਾਹ ਪਰਮੇਸ਼ੁਰ ਦੇ ਘਰ ਲੈਕੇ ਆਉਣਾ ਚਾਹੀਦਾ ਹੈ।“ਤੁਹਾਨੂੰ ਕਿਸੇ ਬਕਰੋਟੇ ਨੂੰ ਉਸਦੀ ਮਾਂ ਦੇ ਦੁਧ ਵਿੱਚ ਨਹੀਂ ਉਬਾਲਣਾ ਚਾਹੀਦਾ।” 20 ਪਰਮੇਸ਼ੁਰ ਨੇ ਆਖਿਆ, “ਮੈਂ ਤੁਹਾਡੇ ਅੱਗੇ ਇੱਕ ਦੂਤ ਭੇਜ ਰਿਹਾ ਹਾਂ। ਇਹ ਦੂਤ ਤੁਹਾਨੂੰ ਉਸ ਸਥਾਨ ਤੇ ਲੈ ਜਾਵੇਗਾ ਜਿਸਨੂੰ ਮੈਂ ਤੁਹਾਡੇ ਲਈ ਤਿਆਰ ਕੀਤਾ ਹੈ। ਦੂਤ ਤੁਹਾਡੀ ਰੱਖਿਆ ਕਰੇਗਾ। 21 ਦੂਤ ਦਾ ਹੁਕਮ ਮੰਨਣਾ ਅਤੇ ਉਸਦੇ ਪਿਛੇ ਚੱਲਣਾ। ਉਸਦੇ ਖਿਲਾਫ਼ ਬਗਾਵਤ ਨਹੀਂ ਕਰਨੀ। ਦੂਤ ਉਨ੍ਹਾਂ ਮੰਦੀਆਂ ਗੱਲਾਂ ਨੂੰ ਮਾਫ਼ ਨਹੀਂ ਕਰੇਗਾ ਜਿਹੜੀਆਂ ਤੁਸੀਂ ਸਦੇ ਖਿਲਾਫ਼ ਕਰੋਂਗੇ। ਉਸਦੇ ਅੰਦਰ ਮੇਰੀ ਸ਼ਕਤੀ ਹੈ। 22 ਤੁਹਾਨੂੰ ਉਸਦੀ ਹਰ ਗੱਲ ਮੰਨਣੀ ਚਾਹੀਦੀ ਹੈ। ਤੁਹਾਨੂੰ ਹਰ ਉਹ ਗੱਲ ਕਰਨੀ ਚਾਹੀਦੀ ਹੈ ਜੋ ਮੈਂ ਤੁਹਾਨੂੰ ਆਖਦਾ ਹਾਂ। ਜੇ ਤੁਸੀਂ ਅਜਿਹਾ ਕਰੋਂਗੇ ਤਾਂ ਮੈਂ ਤੁਹਾਡੇ ਅੰਗ ਸੰਗ ਹੋਵਾਂਗਾ। ਮੈਂ ਤੁਹਾਡੇ ਸਾਰੇ ਦੁਸ਼ਮਣਾਂ ਦੇ ਵਿਰੁੱਧ ਹੋਵਾਂਗਾ। ਅਤੇ ਮੈਂ ਹਰ ਉਸ ਬੰਦੇ ਦਾ ਦੁਸ਼ਮਣ ਹੇਵਾਂਗਾ ਜਿਹੜਾ ਤੁਹਾਡੇ ਵਿਰੁੱਧ ਹੋਵੇਗਾ।” 23 ਪਰਮੇਸ਼ੁਰ ਨੇ ਆਖਿਆ, “ਮੇਰਾ ਦੂਤ ਧਰਤੀ ਉੱਤੇ ਤੁਹਾਡੀ ਅਗਵਾਈ ਕਰੇਗਾ। ਉਹ ਤੁਹਾਡੀ ਬਹੁਤ ਸਾਰੇ ਵਖਰੇ ਲੋਕਾਂ ਦੇ ਖਿਲਾਫ਼ ਅਗਵਾਈ ਕਰੇਗਾ - ਅਮੋਰੀਆਂ, ਹਿੱਤੀਆਂ, ਫ਼ਰਿਜ਼ੀਆਂ, ਕਨਾਨੀਆਂ, ਹਿੱਵੀਆਂ ਅਤੇ ਯਬੂਸੀਆਂ ਦੇ। ਪਰ ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਹਰਾ ਦਿਆਂਗਾ। 24 “ਉਨ੍ਹਾਂ ਲੋਕਾਂ ਦੇਵਤਿਆਂ ਦੀ ਉਪਾਸਨਾ ਨਹੀਂ ਕਰਨੀ। ਕਦੇ ਵੀ ਉਨ੍ਹਾਂ ਦੇਵਤਿਆਂ ਅੱਗੇ ਸਿਰ ਨਹੀਂ ਝੁਕਾਉਣਾ। ਤੁਹਾਨੂੰ ਕਦੇ ਵੀ ਉਨ੍ਹਾਂ ਲੋਕਾਂ ਵਾਂਗ ਨਹੀਂ ਰਹਿਣਾ ਚਾਹੀਦਾ। ਤੁਹਾਨੂੰ ਉਨ੍ਹਾਂ ਦੇ ਬੁੱਤ ਤੋੜ ਦੇਣੇ ਚਾਹੀਦੇ ਹਨ। ਅਤੇ ਤੁਹਾਨੂੰ ਉਹ ਪੱਥਰ ਤੋੜ ਦੇਣੇ ਚਾਹੀਦੇ ਹਨ ਜੋ ਉਨ੍ਹਾਂ ਦੇ ਦੇਵਤਿਆਂ ਨੂੰ ਚੇਤੇ ਕਰਾਉਣ ਵਿੱਚ ਸਹਾਇਤਾ ਕਰਦੇ ਹਨ। 25 ਤੁਹਾਨੂੰ ਯਹੋਵਾਹ ਆਪਣੇ ਪਰਮੇਸ਼ੁਰ ਦੀ ਸੇਵਾ ਕਰਨੀ ਚਾਹੀਦੀ ਹੈ। ਜੇ ਤੁਸੀਂ ਅਜਿਹਾ ਕਰੋਂਗੇ, ਤਾਂ ਮੈਂ ਤੁਹਾਨੂੰ ਚੋਖੀ ਰੋਟੀ ਅਤੇ ਪਾਣੀ ਦਾ ਵਰਦਾਨ ਦਿਆਂਗਾ, ਮੈਂ ਤੁਹਾਡੀਆਂ ਸਾਰੀਆਂ ਬਿਮਾਰੀਆਂ ਦੂਰ ਕਰ ਦਿਆਂਗਾ। 26 ਤੁਹਾਡੀਆਂ ਸਾਰੀਆਂ ਔਰਤਾਂ ਬੱਚੇ ਜੰਮਣ ਦੇ ਯੋਗ ਹੋਣਗੀਆਂ। ਉਨ੍ਹਾਂ ਦਾ ਕੋਈ ਬੱਚਾ ਜਨਮ ਸਮੇਂ ਨਹੀਂ ਮਰੇਗਾ। ਅਤੇ ਮੈਂ ਤੁਹਾਨੂੰ ਲੰਮੀ ਉਮਰ ਦਾ ਵਰ ਦਿਆਂਗਾ। 27 “ਜਦੋਂ ਤੁਸੀਂ ਆਪਣੇ ਦੁਸ਼ਮਣਾਂ ਨਾਲ ਯੁਧ ਕਰੋਂਗੇ, ਤਾਂ ਮੈਂ ਆਪਣੀ ਮਹਾਨ ਸ਼ਕਤੀ ਤੁਹਾਡੇ ਅੱਗੇ ਭੇਜਾਂਗਾ। ਮੈਂ ਤੁਹਾਡੇ ਸਾਰੇ ਦੁਸ਼ਮਣਾਂ ਨੂੰ ਹਰਾਉਣ ਵਿੱਚ ਤੁਹਾਡੀ ਮਦਦ ਕਰਾਂਗਾ। ਜਿਹੜੇ ਲੋਕ ਤੁਹਾਡੇ ਵਿਰੁੱਧ ਹਨ ਉਹ ਯੁਧ ਵਿੱਚ ਘਬਰਾ ਜਾਣਗੇ ਅਤੇ ਭੱਜ ਜਾਣਗੇ। 28 ਮੈਂ ਤੁਹਾਡੇ ਅੱਗੇ-ਅੱਗੇ ਹਾਰਨੈਟ ਨੂੰ ਭੇਜਾਂਗਾ। ਉਹ ਤੁਹਾਡੇ ਦੁਸ਼ਮਣਾਂ ਨੂੰ ਭਜਾ ਦੇਵਾਂਗਾ। ਹਿੱਵੀ ਲੋਕ, ਕਨਾਨੀ ਲੋਕ ਅਤੇ ਹਿੱਤੀ ਲੋਕ ਤੁਹਾਡਾ ਦੇਸ਼ ਛੱਡ ਜਾਣਗੇ। 29 ਪਰ ਮੈਂ ਸਾਰੇ ਲੋਕਾਂ ਨੂੰ ਛੇਤੀ ਹੀ, ਇੱਕ ਸਾਲ ਦੇ ਅੰਦਰ-ਅੰਦਰ ਤੁਹਾਡਾ ਦੇਸ਼ ਛੱਡ ਜਾਣ ਲਈ ਮਜ਼ਬੂਰ ਨਹੀਂ ਕਰਾਂਗਾ। ਜੇ ਮੈਂ ਸਾਰੇ ਲੋਕਾਂ ਨੂੰ ਬਹੁਤੀ ਛੇਤੀ ਇਸ ਧਰਤੀ ਵਿੱਚੋਂ ਕੱਢ ਦਿਆਂਗਾ, ਇਹ ਖਾਲੀ ਹੋ ਜਾਵੇਗੀ ਅਤੇ ਸਾਰੇ ਜੰਗਲੀ ਜਾਨਵਰ ਵਧ ਜਾਣਗੇ ਅਤੇ ਧਰਤੀ ਉੱਤੇ ਕਬਜ਼ਾ ਕਰ ਲੈਣਗੇ। ਉਹ ਤੁਹਾਡੇ ਲਈ ਬਹੁਤ ਵੱਡੀ ਮੁਸੀਬਤ ਬਣ ਜਾਣਗੇ। 30 ਇਸ ਲਈ ਮੈਂ ਇਨ੍ਹਾਂ ਲੋਕਾਂ ਨੂੰ ਥੋੜਾ-ਥੋੜਾ ਕਰਕੇ ਤੁਹਾਡੇ ਦੇਸ਼ ਵਿੱਚੋਂ ਕੱਢਾਂਗਾ ਜਦੋਂ ਤੱਕ ਕਿ ਤੁਹਾਡੀ ਗਿਣਤੀ ਵਧ ਜਾਵੇਗੀ ਅਤੇ ਤੁਸੀਂ ਜ਼ਮੀਨ ਉੱਤੇ ਕਾਬੂ ਪਾ ਲਵੋਂਗੇ। 31 “ਮੈਂ ਤੁਹਾਨੂੰ ਲਾਲ ਸਾਗਰ ਤੋਂ ਲੈਕੇ ਫ਼ਰਾਤ ਨਦੀ ਤੱਕ ਦੀ ਸਾਰੀ ਧਰਤੀ ਦੇ ਦਿਆਂਗਾ। ਪਛਮੀ ਸਰਹੱਦ ਫ਼ਲਿਸਤੀ ਸਾਗਰ (ਮੈਡੀਟ੍ਰੇਨੀਅਨ ਸਾਗਰ) ਹੋਵੇਗੀ, ਅਤੇ ਪੂਰਬੀ ਸਰਹੱਦ ਅਰਬ ਦਾ ਮਾਰੂਥਲ ਹੋਵੇਗੀ। ਮੈਂ ਤੁਹਾਨੂੰ ਓਥੇ ਰਹਿੰਦੇ ਲੋਕਾਂ ਨੂੰ ਹਰਾਉਣ ਵਿੱਚ ਮਦਦ ਦੇਵਾਂਗਾ। ਅਤੇ ਤੁਸੀਂ ਉਨ੍ਹਾਂ ਸਾਰੇ ਲੋਕਾਂ ਨੂੰ ਉਥੋਂ ਕੱਢ ਦਿਉਂਗੇ। 32 “ਤੁਹਾਨੂੰ ਉਨ੍ਹਾਂ ਲੋਕਾਂ ਨਾਲ ਜਾਂ ਉਨ੍ਹਾਂ ਦੇ ਦੇਵਤਿਆਂ ਨਾਲ ਕੋਈ ਇਕਰਾਰਨਾਮੇ ਨਹੀਂ ਕਰਨੇ ਚਾਹੀਦੇ। 33 ਉਨ੍ਹਾਂ ਨੂੰ ਆਪਣੇ ਦੇਸ਼ ਵਿੱਚ ਠਹਿਰਣ ਨਾ ਦੇਣਾ। ਜੇ ਤੁਸੀਂ ਉਨ੍ਹਾਂ ਨੂੰ ਰਹਿਣ ਦਿਉਂਗੇ ਤਾਂ ਉਹ ਤੁਹਾਡੇ ਲਈ ਇੱਕ ਫ਼ਂਧੇ ਵਾਂਗ ਹੋਣਗੇ - ਉਹ ਤੁਹਾਡੇ ਕੋਲੋਂ ਮੇਰੇ ਵਿਰੁੱਧ ਪਾਪ ਕਰਾਉਣਗੇ। ਅਤੇ ਤੁਸੀਂ ਉਨ੍ਹਾਂ ਦੇ ਦੇਵਤਿਆਂ ਦੀ ਉਪਾਸਨਾ ਕਰਨ ਲੱਗ ਪਵੋਂਗੇ।”

Exodus 24

1 ਪਰਮੇਸ਼ੁਰ ਨੇ ਮੁਸਾ ਨੂੰ ਆਖਿਆ, “ਤੁਸੀਂ, ਹਾਰੂਨ, ਨਾਦਾਬ, ਅਬੀਹੂ ਅਤੇ ਇਸਰਾਏਲ ਦੇ ਸੱਤਰ ਬਜ਼ੁਰਗ ਪਰਬਤ ਕੋਲ ਆਕੇ ਦੂਰ ਤੋਂ ਮੇਰੀ ਉਪਾਸਨਾ ਕਰੋ। 2 ਤਾਂ ਮੂਸਾ ਖੁਦ ਯਹੋਵਾਹ ਦੇ ਨੇੜੇ ਆਵੇਗਾ, ਬਾਕੀ ਦੇ ਹੋਰ ਬੰਦਿਆਂ ਨੂੰ ਨੇੜੇ ਨਹੀਂ ਆਉਣਾ ਚਾਹੀਦਾ। ਲੋਕਾਂ ਨੂੰ ਤਾਂ ਉਸਦੇ ਨਾਲ ਪਰਬਤ ਉੱਤੇ ਵੀ ਨਹੀਂ ਆਉਣਾ ਚਾਹੀਦਾ।” 3 ਮੂਸਾ ਨੇ ਲੋਕਾਂ ਨੂੰ ਯਹੋਵਾਹ ਦੀਆਂ ਸਾਰੀਆਂ ਬਿਧੀਆਂ ਤੇ ਹੁਕਮ ਦੱਸੇ। ਤਾਂ ਸਾਰੇ ਲੋਕਾਂ ਨੇ ਆਖਿਆ, “ਅਸੀਂ ਉਨ੍ਹਾਂ ਸਾਰੇ ਹੁਕਮਾਂ ਨੂੰ ਮੰਨਾਂਗੇ ਜਿਹੜੇ ਯਹੋਵਾਹ ਨੇ ਸੁਣਾਏ ਹਨ।” 4 ਤਾਂ ਮੂਸਾ ਨੇ ਯਹੋਵਾਹ ਦੇ ਸਾਰੇ ਹੁਕਮ ਇੱਕ ਪੱਤਰੀ ਉੱਪਰ ਲਿਖ ਲਏ। ਅਗਲੀ ਸਵੇਰ ਨੂੰ, ਮੂਸਾ ਉਠਿਆ ਪਰਬਤ ਦੀ ਤਰਾਈ ਨੇੜੇ ਇੱਕ ਜਗਵੇਦੀ ਉਸਾਰੀ ਅਤੇ ਉਸਨੇ ਇਸਦੇ ਆਲੇ-ਦੁਆਲੇ ਬਾਰ੍ਹਾਂ ਪੱਥਰ ਧਰ ਦਿੱਤੇ ਇਸਰਾਏਲ ਦੇ ਬਾਰ੍ਹਾਂ ਪਰਿਵਾਰ-ਸਮੂਹਾਂ ਵਿੱਚ ਹਰੇਕ ਲਈ ਇੱਕ ਪੱਥਰ। 5 ਫ਼ੇਰ ਮੂਸਾ ਨੇ ਇਸਰਾਏਲ ਦੇ ਜਵਾਨ ਆਦਮੀਆਂ ਨੂੰ ਬਲੀਆਂ ਚੜਾਉਣ ਲਈ ਭੇਜਿਆ। ਇਨ੍ਹਾਂ ਆਦਮੀਆਂ ਨੇ ਯਹੋਵਾਹ ਨੂੰ ਹੋਮ ਦੀਆਂ ਭੇਟਾਂ ਅਤੇ ਸੁਖ ਸਾਂਦ ਦੀਆਂ ਭੇਟਾਂ ਵਜੋਂ ਬਲਦਾਂ ਦੀ ਬਲੀ ਦਿੱਤੀ। 6 ਮੂਸਾ ਨੇ ਇਨ੍ਹਾਂ ਜਾਨਵਰਾਂ ਦਾ ਖੂਨ ਇਕੱਠਾ ਕਰ ਲਿਆ। ਮੂਸਾ ਨੇ ਅੱਧਾ ਖੂਨ ਪਿਆਲਿਆਂ ਵਿੱਚ ਪਾ ਦਿੱਤਾ ਅਤੇ ਬਾਕੀ ਦਾ ਅਧਾ ਖੂਨ ਜਗਵੇਦੀ ਉੱਤੇ ਡੋਲ੍ਹ ਦਿੱਤਾ। 7 ਮੂਸਾ ਨੇ ਉਹ ਪੱਤਰੀ ਲਈ ਜਿਸ ਉੱਤੇ ਖਾਸ ਇਕਰਾਰਨਾਮਾ ਲਿਖਿਆ ਹੋਇਆ ਸੀ ਅਤੇ ਸਾਰੇ ਲੋਕਾਂ ਨੂੰ ਪੜਕੇ ਸੁਣਾਈ। ਫ਼ੇਰ ਉਨ੍ਹਾਂ ਨੇ ਆਖਿਆ, “ਉਹ ਸਾਰੇ ਕਾਨੂੰਨ ਜੋ ਯਹੋਵਾਹ ਨੇ ਸਾਨੂੰ ਦਿੱਤੇ ਹਨ, ਉਨ੍ਹਾਂ ਨੂੰ ਕਰਨ ਲਈ ਅਤੇ ਮੰਨਣ ਲਈ ਅਸੀਂ ਤਿਆਰ ਹਾਂ।” 8 ਤਾਂ ਮੂਸਾ ਨੇ ਬਲੀਆਂ ਤੋਂ ਭਰੇ ਖੂਨ ਦੇ ਪਿਆਲੇ ਲਈ ਅਤੇ ਇਸਨੂੰ ਲੋਕਾਂ ਉੱਤੇ ਛਿੜਕ ਕੇ ਆਖਿਆ, “ਇਹ ਖੂਨ ਦਰਸਾਉਂਦਾ ਹੈ ਕਿ ਤੁਹਾਡੇ ਇਨ੍ਹਾਂ ਸਾਰੇ ਕਾਨੂੰਨਾਂ ਦੇ ਅਧਾਰ ਤੇ ਯਹੋਵਾਹ ਨੇ ਤੁਹਾਡੇ ਨਾਲ ਇੱਕ ਖਾਸ ਇਕਰਾਰਨਾਮਾ ਕੀਤਾ ਹੈ।” 9 ਤਾਂ ਮੂਸਾ, ਹਾਰੂਨ, ਨਾਦਾਬ, ਅਬੀਹੂ ਅਤੇ ਇਸਰਾਏਲ ਦੇ 70 ਬਜ਼ੁਰਗ ਪਰਬਤ ਉੱਤੇ ਗਏ। 10 ਪਰਬਤ ਉੱਤੇ ਇਨ੍ਹਾਂ ਲੋਕਾਂ ਨੇ ਇਸਰਾਏਲ ਦੇ ਪਰਮੇਸ਼ੁਰ ਦਾ ਦੀਦਾਰ ਕੀਤਾ। ਪਰਮੇਸ਼ੁਰ ਕਿਸੇ ਅਜਿਹੀ ਚੀਜ਼ ਉੱਤੇ ਖਲੋਤਾ ਸੀ ਜਿਹੜੀ ਅਕਾਸ਼ ਵਾਂਗ ਸਾਫ਼ ਨੀਲਮ ਵਰਗੀ ਜਾਪਦੀ ਸੀ। 11 ਇਸਰਾਏਲ ਦੇ ਸਾਰੇ ਆਗੂਆਂ ਨੇ ਪਰਮੇਸ਼ੁਰ ਨੂੰ ਦੇਖਿਆ, ਪਰ ਪਰਮੇਸ਼ੁਰ ਨੇ ਉਨ੍ਹਾਂ ਨੂੰ ਤਬਾਹ ਨਹੀਂ ਕੀਤਾ। ਉਨ੍ਹਾਂ ਸਾਰਿਆਂ ਨੇ ਰਲ-ਮਿਲਕੇ ਖਾਧਾ ਕੀਤਾ। 12 ਯਹੋਵਾਹ ਨੇ ਮੂਸਾ ਨੂੰ ਆਖਿਆ, “ਮੇਰੇ ਕੋਲ ਪਰਬਤ ਉੱਤੇ ਆ। ਮੈਂ ਤੈਨੂੰ ਦੋ ਪੱਥਰ ਦੀਆਂ ਤਖਤੀਆਂ ਦੇਵਾਂਗਾ ਜਿਨ੍ਹਾਂ ਉੱਤੇ ਮੈਂ ਆਪਣੀ ਬਿਵਸਥਾ ਅਤੇ ਕਾਨੂੰਨ ਲਿਖੇ ਹਨ ਤਾਂ ਜੋ ਤੂੰ ਲੋਕਾਂ ਨੂੰ ਸਿਖਾ ਸਕੇਂ।” 13 ਤਾਂ ਮੂਸਾ ਅਤੇ ਉਸਦਾ ਸਹਾਇਕ ਯਹੋਸ਼ੂਆ ਪਰਮੇਸ਼ੁਰ ਦੇ ਪਰਬਤ ਉੱਪਰ ਗਏ। 14 ਮੂਸਾ ਨੇ ਬਜ਼ੁਰਗਾਂ ਨੂੰ ਆਖਿਆ, “ਇੱਥੇ ਸਾਡਾ ਇੰਤਜ਼ਾਰ ਕਰੋ ਅਸੀਂ ਤੁਹਾਡੇ ਕੋਲ ਵਾਪਸ ਆਵਾਂਗੇ। ਜਦੋਂ ਮੈਂ ਚਲਾ ਗਿਆ ਤਾਂ ਹਾਰੂਨ ਅਤੇ ਹੋਰ ਤੁਹਾਡੇ ਉੱਪਰ ਹਕੂਮਤ ਕਰਨਗੇ। ਜੇ ਕਿਸੇ ਨੂੰ ਕੋਈ ਸਮਸਿਆ ਹੋਵੇ ਤਾਂ ਇਨ੍ਹਾਂ ਬੰਦਿਆਂ ਕੋਲ ਚਲਿਆ ਜਾਵੇ।” 15 ਤਾਂ ਮੂਸਾ ਪਹਾੜ ਉੱਪਰ ਗਿਆ। ਅਤੇ ਬੱਦਲ ਨੇ ਪਰਬਤ ਨੂੰ ਕੱਜ ਲਿਆ। 16 ਯਹੋਵਾਹ ਦਾ ਪਰਤਾਪ ਹੇਠਾਂ ਸੀਨਈ ਪਰਬਤ ਉੱਤੇ ਆਇਆ। ਬੱਦਲ ਨੇ ਛੇ ਦਿਨਾਂ ਤੱਕ ਪਰਬਤ ਨੂੰ ਕੱਜੀ ਰੱਖਿਆ। ਸੱਤਵੇਂ ਦਿਨ ਯਹੋਵਾਹ ਨੇ ਬੱਦਲ ਵਿੱਚੋਂ ਮੂਸਾ ਨਾਲ ਗੱਲ ਕੀਤੀ। 17 ਇਸਰਾਏਲ ਦੇ ਲੋਕ ਯਹੋਵਾਹ ਪਰਤਾਪ ਦੇਖ ਸਕਦੇ ਸਨ। ਇਹ ਪਰਬਤ ਦੀ ਚੋਟੀ ਉੱਤੇ ਬਲਦੀ ਹੋਈ ਅੱਗ ਵਾਂਗ ਸੀ। 18 ਤਾਂ ਮੂਸਾ ਪਰਬਤ ਉੱਤੇ ਹੋਰ ਉਤਾਂਹ ਬੱਦਲ ਵਿੱਚ ਗਿਆ। ਮੂਸਾ ਪਰਬਤ ਉੱਤੇ 40 ਦਿਨ 40 ਰਾਤਾਂ ਰਿਹਾ।

Exodus 25

1 ਯਹੋਵਾਹ ਨੇ ਮੂਸਾ ਨੂੰ ਆਖਿਆ, 2 “ਇਸਰਾਏਲ ਦੇ ਲੋਕਾਂ ਨੂੰ ਆਖ ਕਿ ਮੇਰੇ ਲਈ ਸੁਗਾਤਾਂ ਲਿਆਉਣ। ਹਰ ਬੰਦਾ ਆਪਣੇ ਦਿਲ ਵਿੱਚ ਇਹ ਫ਼ੈਸਲਾ ਕਰੇ ਕਿ ਉਹ ਮੈਨੂੰ ਕੀ ਦੇਣਾ ਚਾਹੁੰਦਾ ਹੈ। ਇਨ੍ਹਾਂ ਸੁਗਾਤਾਂ ਨੂੰ ਮੇਰੇ ਲਈ ਪਰਵਾਨ ਕਰ। 3 ਜਿਹੜੀਆਂ ਚੀਜ਼ਾਂ ਤੈਨੂੰ ਲੋਕਾਂ ਤੋਂ ਪਰਵਾਨ ਕਰਨੀਆਂ ਚਾਹੀਦੀਆਂ ਹਨ ਉਨ੍ਹਾਂ ਦੀ ਸੂਚੀ ਇਹ ਹੈ; ਸੋਨਾ, ਚਾਂਦੀ ਅਤੇ ਤਾਂਬਾ; 4 ਨੀਲਾ ਜਾਮਨੀ ਅਤੇ ਲਾਲ ਧਾਗਾ ਅਤੇ ਮਹੀਨ ਲਿਨਨ, ਬੱਕਰੀ ਦੇ ਵਾਲ, 5 ਲਾਲ ਰੰਗ ਵਿੱਚ ਰੰਗੀਆਂ ਭੇਡੂ ਦੀਆਂ ਖੱਲਾਂ, ਅਤੇ ਵਧੀਆ ਚਮੜਾ, ਸ਼ਿਟੀਮ ਦੀ ਲੱਕੜ, 6 ਦੀਵਿਆਂ ਲਈ ਤੇਲ, ਮਸਹ ਕਰਨ ਵਾਲੇ ਤੇਲ ਲਈ ਮਸਾਲੇ ਅਤੇ ਸੁਗੰਧਤ ਧੂਫ਼ ਦੇ ਮਸਾਲੇ। 7 ਇਸ ਤੋਂ ਇਲਾਵਾ ਸੁਲੇਮਾਨੀ ਪੱਥਰ ਅਤੇ ਏਫ਼ੋਦ ਉੱਤੇ ਅਤੇ ਸੀਨੇ-ਬੰਦ ਉੱਤੇ ਪਾਉਣ ਲਈ ਹੋਰ ਹੀਰੇ ਵੀ।” 8 ਪਰਮੇਸ਼ੁਰ ਨੇ ਇਹ ਵੀ ਆਖਿਆ, “ਲੋਕ ਮੇਰੇ ਲਈ ਪਵਿੱਤਰ ਸਥਾਨ ਬਨਾਉਣਗੇ, ਫ਼ੇਰ ਮੈਂ ਉਨ੍ਹਾਂ ਦਰਮਿਆਨ ਰਹਿ ਸਕਾਂਗਾ। 9 ਮੈਂ ਤੁਹਾਨੂੰ ਦਰਸਾਵਾਂਗਾ ਕਿ ਪਵਿੱਤਰ ਤੰਬੂ ਅਤੇ ਇਸ ਵਿਚਲੀ ਹਰ ਸ਼ੈ ਕਿਵੇਂ ਦਿਖਣੀ ਚਾਹੀਦੀ ਹੈ। ਹਰ ਚੀਜ਼ ਨੂੰ ਬਿਲਕੁਲ ਉਸੇ ਤਰ੍ਹਾਂ ਬਨਾਉਣਾ ਜਿਵੇਂ ਮੈਂ ਤੁਹਾਨੂੰ ਦਰਸਾਉਂਦਾ ਹਾਂ। 10 “ਸ਼ਿਟੀਮ ਦੀ ਲੱਕੜ ਲੈਕੇ ਇੱਕ ਖਾਸ ਸੰਦੂਕ ਬਣਾਉ ਇਸ ਪਵਿੱਤਰ ਸੰਦੂਕ ਦੀ ਲੰਬਾਈ ਢਾਈ ਹੱਥ, ਚੌੜਾਈ ਡੇਢ ਹੱਥ ਅਤੇ ਉਚਾਈ ਡੇਢ ਹੱਥ ਹੋਵੇ। 11 ਸ਼ੁਧ ਸੋਨਾ ਸੰਦੂਕ ਦੇ ਅੰਦਰ ਅਤੇ ਬਾਹਰ ਲਗਿਆ ਹੋਵੇ। ਸੰਦੂਕ ਦੇ ਕੋਨਿਆਂ ਉੱਤੇ ਸੋਨੇ ਦੀ ਪੱਤਰੀ ਲਗਾਓ। 12 ਸੰਦੂਕ ਚੁੱਕਣ ਲਈ ਚਾਰ ਸੁਨਿਹਰੀ ਕੜੇ ਬਣਾਉ ਇਨ੍ਹਾਂ ਸੁਨਿਹਰੀ ਕੜਿਆਂ ਨੂੰ ਚਾਰਾਂ ਪਉੜਾਂ ਵਿੱਚ ਪਾਉ। ਹਰ ਪਾਸੇ ਦੋ-ਦੋ। 13 ਫ਼ੇਰ ਸੰਦੂਕ ਚੁੱਕਣ ਲਈ ਚੋਬਾਂ ਬਣਾਉ ਇਹ ਚੋਬਾਂ ਸ਼ਿਟੀਮ ਦੀ ਲੱਕੜ ਦੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਇਨ੍ਹਾਂ ਉੱਪਰ ਸੋਨਾ ਮਢ਼ਿਆ ਹੋਣਾ ਚਾਹੀਦਾ ਹੈ। 14 ਇਨ੍ਹਾਂ ਚੋਬਾਂ ਨੂੰ ਸੰਦੂਕ ਦੇ ਕਿਨਾਰਿਆਂ ਤੇ ਲੱਗੇ ਕੜਿਆਂ ਵਿੱਚ ਪਾਉ। ਇਨ੍ਹਾਂ ਚੋਬਾਂ ਨੂੰ ਸੰਦੂਕ ਚੁੱਕਣ ਲਈ ਵਰਤੋਂ। 15 ਇਹ ਚੋਬਾਂ ਹਰ ਵੇਲੇ ਸੰਦੂਕ ਦੇ ਕੜਿਆਂ ਵਿੱਚ ਰਹਿਣੀਆਂ ਚਾਹੀਦੀਆਂ ਹਨ। ਇਨ੍ਹਾਂ ਚੋਬਾਂ ਨੂੰ ਬਾਹਰ ਨਾ ਕੱਢੋ।” 16 ਪਰਮੇਸ਼ੁਰ ਨੇ ਆਖਿਆ, “ਮੈਂ ਤੁਹਾਨੂੰ ਇਕਰਾਰਨਾਮਾ ਦੇਵਾਂਗਾ। ਇਕਰਾਰਨਾਮੇ ਨੂੰ ਇਸ ਸੰਦੂਕ ਵਿੱਚ ਰਖਣਾ। 17 ਫ਼ੇਰ ਇੱਕ ਢੱਕਣ ਬਨਾਉਣ ਇਸਨੂੰ ਸ਼ੁਧ ਸੋਨੇ ਨਾਲ ਬਨਾਉਣਾ ਇਹ ਢਾਈ ਹੱਥ ਲੰਬਾ ਅਤੇ ਡੇਢ ਹੱਥ ਚੌੜਾ ਹੋਣਾ ਚਾਹੀਦਾ ਹੈ। 18 ਫ਼ੇਰ ਕੁੱਟੇ ਹੋਏ ਸੋਨੇ ਦੀ ਪੱਤਰੀਆਂ ਤੋਂ ਦੋ ਕਰੂਬੀ ਦੂਤ ਬਣਾਓ ਅਤੇ ਉਨ੍ਹਾਂ ਨੂੰ ਢੱਕਣ ਦੇ ਹਰ ਪਾਸੇ ਉੱਤੇ ਲਾਓ। 19 ਇੱਕ ਦੂਤ ਨੂੰ ਢੱਕਣ ਦੇ ਇੱਕ ਸਿਰੇ ਉੱਤੇ ਲਗਾਉ ਅਤੇ ਦੂਸਰੇ ਦੂਤ ਨੂੰ ਦੂਸਰੇ ਉੱਤੇ। ਇਨ੍ਹਾਂ ਦੋਹਾਂ ਦੂਤਾਂ ਨੂੰ ਢੱਕਣ ਨਾਲ ਇੱਕਮਿਕ ਕਰ ਦਿਉ। 20 ਇਨ੍ਹਾਂ ਦੂਤਾਂ ਦੇ ਖੰਭ ਅਕਾਸ਼ ਵੱਲ ਫ਼ੈਲੇ ਹੋਣੇ ਚਾਹੀਦੇ ਹਨ। ਦੂਤਾਂ ਨੇ ਸੰਦੂਕ ਨੂੰ ਆਪਣੀਆਂ ਖੰਭਾਂ ਨਾਲ ਕਜਿਆ ਹੋਣਾ ਚਾਹੀਦਾ ਹੈ। ਦੂਤਾਂ ਦਾ ਚਿਹਰਾ ਇੱਕ ਦੂਸਰੇ ਦੇ ਸਾਮ੍ਹਣੇ ਹੋਣਾ ਚਾਹੀਦਾ ਹੈ, ਢੱਕਣ ਵੱਲ ਦੇਖਦਿਆਂ ਹੋਇਆਂ। 21 “ਮੈਂ ਤੁਹਾਨੂੰ ਇਕਰਾਰਨਾਮਾ ਦਿਆਂਗਾ। ਉਸ ਇਕਰਾਰਨਾਮੇ ਨੂੰ ਸੰਦੂਕ ਵਿੱਚ ਰੱਖ ਦਿਉ, ਅਤੇ ਸੰਦੂਕ ਉੱਪਰ ਢੱਕਣ ਰੱਖ ਦੇਣਾ। 22 ਜਦੋਂ ਮੈਂ ਤੈਨੂੰ ਮਿਲਾਂਗਾ, ਮੈਂ ਢੱਕਣ ਉੱਤੇ ਕਰੂਬੀ ਫ਼ਰਿਸ਼ਤਿਆਂ ਦੇ ਵਿਚਕਾਰੋਂ ਬੋਲਾਂਗਾ ਜਿਹੜੇ ਇਕਰਾਰਨਾਮੇ ਦੇ ਸੰਦੂਕ ਉੱਪਰ ਹਨ। ਉਸ ਥਾਂ ਤੋਂ ਮੈਂ ਇਸਰਾਏਲ ਦੇ ਲੋਕਾਂ ਨੂੰ ਆਪਣੇ ਸਾਰੇ ਹੁਕਮ ਸੁਣਾਵਾਂਗਾ। 23 “ਸ਼ਿਟੀਮ ਦੀ ਲੱਕੜ ਦਾ ਇੱਕ ਮੇਜ ਬਣਾਉ। ਮੇਜ ਦੋ ਹੱਥ ਲੰਮਾ, ਇੱਕ ਹੱਥ ਚੌੜਾ ਅਤੇ ਡੇਢ ਹੱਥ ਉੱਚਾ ਹੋਣਾ ਚਾਹੀਦਾ ਹੈ। 24 ਮੇਜ ਉੱਤੇ ਸ਼ੁਧ ਸੋਨਾ ਮਢ਼ ਦਿਉ ਅਤੇ ਇਸਦੇ ਆਲੇ-ਦੁਆਲੇ ਸੋਨੇ ਦੀ ਕਿਨਾਰੀ ਬਣਾ ਦਿਉ। 25 ਫ਼ੇਰ ਮੇਜ ਦੇ ਦੁਆਲੇ ਇੱਕ ਹੱਥ ਚੌੜਾ ਫ਼ਰੇਮ ਬਣਾਉ ਅਤੇ ਫ਼ਰੇਮ ਤੇ ਸੋਨੇ ਦੀਆਂ ਕੰਨੀਆਂ ਪਾਉ। 26 ਫ਼ੇਰ ਸੋਨੇ ਦੇ ਚਾਰ ਕੜੇ ਬਣਾਇਉ ਅਤੇ ਉਨ੍ਹਾਂ ਨੂੰ ਮੇਜ ਦੇ ਚੌਹਾਂ ਕੋਨਿਆਂ ਉੱਤੇ ਪੌੜਾਂ ਵਿੱਚ ਪਾ ਦੇਣਾ। 27 ਕੜਿਆਂ ਨੂੰ ਮੇਜ ਦੇ ਉਤਲੇ ਸਿਰੇ ਦੇ ਆਲੇ-ਦੁਆਲੇ ਫ਼ਰੇਮ ਦੇ ਨੇੜੇ ਪਾ ਦੇਣਾ। ਇਹ ਕੜੇ ਉਨ੍ਹਾਂ ਚੋਬਾਂ ਨੂੰ ਫ਼ੜੀ ਰਖਣਗੇ ਜਿਨ੍ਹਾਂ ਨੂੰ ਮੇਜ ਚੁੱਕਣ ਲਈ ਵਰਤਿਆ ਜਾਵੇਗਾ। 28 ਚੋਬਾਂ ਬਨਾਉਣ ਲਈ ਸ਼ਿੱਟੀਮ ਦੀ ਲੱਕੜ ਵਰਤੋਂ ਅਤੇ ਉਨ੍ਹਾਂ ਉੱਪਰ ਸੋਨਾ ਮੜੋ। ਇਹ ਚੋਬਾਂ ਮੇਜ ਨੂੰ ਚੁੱਕਣ ਲਈ ਹਨ। 29 ਸ਼ੁਧ ਸੋਨੇ ਦੀਆਂ ਪਲੇਟਾਂ, ਚਮਚੇ, ਘੜੇ ਅਤੇ ਪਿਆਲੇ ਬਣਾਉ। ਘੜੇ ਅਤੇ ਪਿਆਲੇ ਪੀਣ ਦੀਆਂ ਭੇਟਾਂ ਨੂੰ ਛਿੜਕਣ ਲਈ ਹੋਣਗੇ। 30 ਖਾਸ ਰੋਟੀ ਨੂੰ ਮੇਰੇ ਸਾਮ੍ਹਣੇ ਮੇਜ ਉੱਪਰ ਰਖੋ। ਇਹ ਹਮੇਸ਼ਾ ਮੇਰੇ ਸਾਮ੍ਹਣੇ ਹੋਣੀ ਚਾਹੀਦੀ ਹੈ। 31 “ਫ਼ੇਰ ਤੁਹਾਨੂੰ ਇੱਕ ਸ਼ਮਾਦਾਨ ਬਨਾਉਣਾ ਚਾਹੀਦਾ ਹੈ। ਸ਼ੁਧ ਸੋਨੇ ਦੀ ਵਰਤੋਂ ਕਰੋ ਅਤੇ ਇਸਦੀ ਪੱਤਰੀ ਬਣਾਕੇ ਸਟੈਂਡ ਦੇ ਬੇਸ ਅਤੇ ਡੰਡੇ ਉੱਪਰ ਲਗਾਉ। ਸ਼ੁਧ ਸੋਨੇ ਦੇ ਫ਼ੁੱਲ ਪੱਤੀਆਂ ਅਤੇ ਕਲੀਆਂ ਬਣਾਉ। ਇਨ੍ਹਾਂ ਨੂੰ ਇਕਠਿਆਂ ਕਰਕੇ ਜੋੜ ਦਿਉ। 32 “ਸ਼ਮਾਦਾਨ ਦੀਆਂ ਛੇ ਟਹਿਣੀਆਂ ਹੋਣੀਆਂ ਚਾਹੀਦੀਆਂ ਹਨ - ਤਿੰਨ ਟਹਿਣੀਆਂ ਇੱਕ ਪਾਸੇ ਅਤੇ ਤਿੰਨ ਦੂਜੇ ਪਾਸੇ। 33 ਹਰ ਟਹਿਣੀ ਉੱਪਰ ਤਿੰਨ ਫੁੱਟ ਹੋਣੇ ਚਾਹੀਦੇ ਹਨ। ਇਨ੍ਹਾਂ ਨੂੰ ਬਦਾਮ ਦੇ ਫ਼ੁੱਲਾਂ ਵਰਗੇ ਕਲੀਆਂ ਅਤੇ ਪੱਤੀਆਂ ਵਾਲੇ ਬਣਾਉ। 34 ਸ਼ਮਾਦਾਨ ਲਈ ਚਾਰ ਹੋਰ ਫ਼ੁੱਲ ਬਣਾਉ। ਇਹ ਫ਼ੁੱਲ ਕਲੀਆਂ ਤੇ ਪੱਤੀਆਂ ਵਾਲੇ ਬਦਾਮ ਦੇ ਫ਼ੁੱਲਾਂ ਵਰਗੇ ਬਣਾਏ ਜਾਣ। 35 ਸ਼ਮਾਦਾਨ ਉੱਪਰ ਛੇ ਟਹਿਣੀਆਂ ਹੋਣਗੀਆਂ - ਤਿੰਨ ਟਹਿਣੀਆਂ ਡੰਡੀ ਦੇ ਹਰੇਕ ਪਾਸਿਓਂ ਨਿਕਲਦੀਆਂ ਹੋਈਆਂ। ਉਨ੍ਹਾਂ ਤਿੰਨ ਥਾਵਾਂ ਦੇ ਹੇਠਾਂ, ਜਿਥੇ ਟਹਿਣੀਆਂ ਡੰਡੀ ਨਾਲ ਮਿਲਦੀਆਂ ਹਨ, ਕਲੀਆਂ ਅਤੇ ਪੱਤੀਆਂ ਨਾਲ ਫ਼ੁੱਲ ਬਣਾਉ। 36 ਸਾਰਾ ਸ਼ਮਾਦਾਨ, ਕਲਈਆਂ ਅਤੇ ਪਤਿਆਂ ਸਮੇਤ, ਕੁੱਟੇ ਹੋਏ ਸ਼ੁਧ ਸੋਨੇ ਤੋਂ ਇੱਕ ਪੀਸ ਦਾ ਬਣਿਆ ਹੋਣਾ ਚਾਹੀਦਾ ਹੈ। 37 ਫ਼ੇਰ ਸ਼ਮਾਦਾਨ ਕੋਲ ਰੱਖਣ ਲਈ ਸੱਤ ਦੀਵੇ ਬਣਾਉ। ਇਹ ਦੀਵੇ ਸ਼ਮਾਦਾਨ ਦੇ ਅਗਲੇ ਹਿੱਸੇ ਨੂੰ ਰੌਸ਼ਨ ਕਰਨਗੇ। 38 ਬੱਤੀਆਂ ਬੁਝਾਉਣ ਵਾਲੇ ਟ੍ਰਿਮਰ ਅਤੇ ਟ੍ਰੇਆਂ ਲਈ ਸ਼ੁਧ ਸੋਨਾ ਵਰਤੋਂ। 39 ਸ਼ਮਾਦਾਨ ਅਤੇ ਉਸਦੇ ਨਾਲ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਲਈ 75 ਪੌਂਡ ਸ਼ੁਧ ਸੋਨਾ ਵਰਤੋਂ। 40 ਹਰ ਚੀਜ਼ ਨੂੰ ਉਵੇਂ ਬਨਾਉਣ ਲਈ ਬਹੁਤ ਸਾਵਧਾਨੀ ਵਰਤੋਂ ਜਿਵੇਂ ਮੈਂ ਤੁਹਾਨੂੰ ਪਰਬਤ ਉੱਪਰ ਦਰਸਾਇਆ ਹੈ।”

Exodus 26

1 “ਪਵਿੱਤਰ ਤੰਬੂ ਦਸ ਪਰਦਿਆਂ ਤੋਂ ਬਣਿਆ ਹੋਣਾ ਚਾਹੀਦਾ ਹੈ। ਇਹ ਪਰਦੇ ਗੁੰਦੇ ਹੋਏ ਮਹੀਨ ਲਿਨਨ ਅਤੇ ਨੀਲੇ, ਜਾਮਨੀ ਅਤੇ ਲਾਲ ਧਾਗਿਆਂ ਤੋਂ ਬਣੇ ਹੋਣੇ ਚਾਹੀਦੇ ਹਨ ਅਤੇ ਕਿਸੇ ਮਾਹਰ ਕਾਰੀਗਰ ਦੁਆਰਾ ਇਨ੍ਹਾਂ ਉੱਤੇ ਖੰਭਾਂ ਵਾਲੇ ਕਰੂਬੀ ਫ਼ਰਿਸ਼ਤਿਆਂ ਦੀਆਂ ਸ਼ਕਲਾਂ ਸਿਉਂਤੀਆਂ ਹੋਣੀਆਂ ਚਾਹੀਦੀਆਂ ਹਨ। 2 ਹਰੇਕ ਪਰਦੇ ਨੂੰ ਇੱਕੋ ਨਾਪ ਦੇ ਬਣਾਉ। ਹਰੇਕ ਪਰਦਾ 28 ਹੱਥ ਲੰਬਾ ਅਤੇ ਚਾਰ ਹੱਥ ਚੌੜਾ ਹੋਣਾ ਚਾਹੀਦਾ ਹੈ। 3 ਪਰਦਿਆਂ ਨੂੰ ਦੋ ਸਮੂਹਾਂ ਵਿੱਚ ਜੋੜੋ। ਪੰਜ ਪਰਦੇ ਜੋੜਕੇ ਇੱਕ ਸਮੂਹ ਬਣਾਉ ਅਤੇ ਪੰਜ ਪਰਦੇ ਜੋੜਕੇ ਦੂਸਰਾ ਸਮੂਹ ਬਣਾਉ। 4 ਇੱਕ ਸਮੂਹ ਦੇ ਆਖਰੀ ਪਰਦੇ ਦੇ ਕਿਨਾਰੇ ਉੱਤੇ ਨੀਲੇ ਕੱਪੜੇ ਦੀ ਝਾਲਰ ਬਣਾਉ। ਦੂਸਰੇ ਸਮੂਹ ਦੇ ਆਖਰੀ ਪਰਦੇ ਉੱਤੇ ਵੀ ਇਵੇਂ ਹੀ ਕਰੋ। 5 ਪਹਿਲੇ ਸਮੂਹ ਦੇ ਆਖਰੀ ਪਰਦੇ ਉੱਤੇ 50 ਬੀੜੇ ਹੋਣੇ ਚਾਹੀਦੇ ਹਨ। ਅਤੇ ਦੂਸਰੇ ਸਮੂਹ ਦੇ ਆਖਰੀ ਪਰਦੇ ਉੱਤੇ ਵੀ 50 ਬੀੜੇ ਹੋਣੇ ਚਾਹੀਦੇ ਹਨ। 6 ਫ਼ੇਰ ਦੋਹਾਂ ਪਰਦਿਆਂ ਨੂੰ ਜੋੜਨ ਲਈ ਸੋਨੇ ਦੀਆਂ 50 ਕੁੰਡੀਆਂ ਬਣਾਉ। ਇਹ ਪਵਿੱਤਰ ਤੰਬੂ ਨੂੰ ਜੋੜਕੇ ਇੱਕ ਕਰ ਦੇਣਗੀਆਂ। 7 “ਬੱਕਰੀ ਦੇ ਵਾਲਾਂ ਤੋਂ ਪਵਿੱਤਰ ਤੰਬੂ ਵਾਸਤੇ ਇੱਕ ਕੱਜਣ ਬਨਾਉਣ ਲਈ, ਪਰਦਿਆਂ ਦੀ ਇੱਕ ਹੋਰ ਜੋੜੀ ਬਣਾਉ। 8 ਇਹ ਸਾਰੇ ਪਰਦੇ ਇੱਕੋ ਨਾਪ ਦੇ ਹੋਣੇ ਚਾਹੀਦੇ ਹਨ। ਇਹ 30 ਹੱਥ ਲੰਬੇ ਅਤੇ 4 ਹੱਥ ਚੌੜੇ ਹੋਣੇ ਚਾਹੀਦੇ ਹਨ। 9 ਪੰਜ ਪਰਦਿਆਂ ਨੂੰ ਜੋੜਕੇ ਇੱਕ ਸਮੂਹ ਬਣਾਉ। ਛੇਵੇਂ ਪਰਦੇ ਨੂੰ ਤੰਬੂ ਦੇ ਸਾਮ੍ਹਣੇ ਵਾਲੇ ਪਾਸੇ ਅਧਾ ਮੋੜ ਦਿਉ। 10 ਇੱਕ ਸਮੂਹ ਦੇ ਆਖਰੀ ਪਰਦੇ ਦੇ ਕਿਨਾਰੇ ਉੱਤੇ 50 ਬੀੜੇ ਬਣਾਉ ਦੂਸਰੇ ਸਮੂਹ ਦੇ ਆਖਰੀ ਪਰਦੇ ਉੱਤੇ ਵੀ ਇਸੇ ਤਰ੍ਹਾਂ ਕਰੋ। 11 ਫ਼ੇਰ ਪਰਦਿਆਂ ਨੂੰ ਜੋੜਨ ਲਈ ਪਿੱਤਲ ਦੀਆਂ 50 ਕੁੰਡੀਆਂ ਬਣਾਉ। ਇਹ ਤੰਬੂ ਨੂੰ ਜੋੜਕੇ ਇੱਕ ਕਰ ਦੇਣਗੀਆਂ। 12 ਇਸ ਤੰਬੂ ਦੇ ਆਖਰੀ ਪਰਦੇ ਦਾ ਅਧਾ ਹਿੱਸਾ ਪਵਿੱਤਰ ਤੰਬੂ ਦੇ ਪਿਛਲੇ ਕਿਨਾਰੇ ਦੇ ਹੇਠਾਂ ਕਰਕੇ ਲਟਕੇਗਾ। 13 ਦੋਹਾਂ ਪਾਸਿਆਂ ਦੇ ਇਸ ਤੰਬੂ ਦੇ ਪਰਦੇ ਪਵਿੱਤਰ ਤੰਬੂ ਦੇ ਹੇਠਲੇ ਕਿਨਾਰਿਆਂ ਉੱਤੇ ਇੱਕ ਹੱਥ ਹੇਠਾਂ ਲਟਕਣਗੇ। ਇਸ ਤਰ੍ਹਾਂ ਇਹ ਤੰਬੂ ਪਵਿੱਤਰ ਤੰਬੂ ਨੂੰ ਪੂਰੀ ਤਰ੍ਹਾਂ ਕੱਜ ਲਵੇਗਾ। 14 ਬਾਹਰਲੇ ਤੰਬੂ ਉੱਪਰ ਪਾਉਣ ਲਈ ਦੇ ਪਰਦੇ ਬਣਾਉ। ਇੱਕ ਪਰਦਾ ਲਾਲ ਰੰਗ ਦੇ ਭੇਡੂ ਦੇ ਚਮੜੇ ਦਾ ਬਣਿਆ ਹੋਣਾ ਚਾਹੀਦਾ ਹੈ। ਦੂਸਰਾ ਪਰਦਾ ਮਹੀਨ ਚਮੜੇ ਦਾ ਹੋਣਾ ਚਾਹੀਦਾ ਹੈ। 15 “ਪਵਿੱਤਰ ਤੰਬੂ ਨੂੰ ਆਸਰਾ ਦੇਣ ਲਈ ਸ਼ਿਟੀਮ ਦੀ ਲੱਕੜ ਦੀਆਂ ਤਖਤੀਆਂ ਬਣਾਉ। 16 ਇਹ ਤਖਤੀਆਂ 10 ਕਿਊਬਿਟ ਉੱਚੀਆਂ ਅਤੇ ਡੇਢ ਕਿਊਬਿਟ ਚੌੜੀਆਂ ਹੋਣੀਆਂ ਚਾਹੀਦੀਆਂ ਹਨ। 17 ਹਰੇਕ ਫ਼ੱਟੀ ਨੂੰ ਜੋੜਨ ਲਈ, ਹਰ ਫ਼ੱਟੀ ਤੇ ਦੋ ਚੀਥੀਆਂ ਹੋਣੀਆਂ ਚਾਹੀਦੀਆਂ ਜੋ ਹੇਠਾਂ ਚੂਲਾਂ ਵਿੱਚ ਫ਼ਿਟ ਬੈਠ ਜਾਣ। ਪਵਿੱਤਰ ਤੰਬੂ ਦੀਆਂ ਸਾਰੀਆਂ ਫ਼ੱਟੀਆਂ ਇਸੇ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਹਨ। 18 ਪਵਿੱਤਰ ਤੰਬੂ ਦੇ ਦਖਣੀ ਪਾਸੇ ਲਈ 20 ਤਖਤੀਆਂ ਬਣਾਉ। 19 ਫ਼ੱਟੀਆਂ ਲਈ ਚਾਂਦੀ ਦੀਆਂ 40 ਚੀਥੀਆਂ ਬਣਾਉ। ਹਰੇਕ ਫ਼ੱਟੀ ਦੇ ਹੇਠਾਂ ਰੱਖਣ ਲਈ ਦੋ ਚਾਂਦੀ ਦੀਆਂ ਚੀਥੀਆਂ ਹੋਣੀਆਂ ਚਹੀਦੀਆਂ ਹਨ - ਹਰੇਕ ਪਾਸੇ ਦੀ ਫ਼ੱਟੀ ਲਈ ਇੱਕ ਚੀਥੀ। 20 ਪਵਿੱਤਰ ਤੰਬੂ ਦੇ ਦੂਸਰੇ ਪਾਸੇ (ਉੱਤਰੀ ਪਾਸੇ) ਲਈ 20 ਫ਼ੱਟੀਆਂ ਬਣਾਉ। 21 ਅਤੇ ਇਨ੍ਹਾਂ ਫ਼ੱਟੀਆਂ ਲਈ ਚਾਂਦੀ ਦੀਆਂ 40 ਚੀਥੀਆਂ ਬਣਾਉ - ਹਰੇਕ ਫ਼ੱਟੀ ਹੇਠਾਂ ਦੋ ਚੀਥਿਆਂ। 22 ਪਵਿੱਤਰ ਤੰਬੂ ਦੇ ਪਿਛਲੇ ਪਾਸੇ (ਪਛਮੀ ਪਾਸੇ) ਲਈ ਛੇ ਹੋਰ ਫ਼ੱਟੀਆਂ ਬਣਾਉ। 23 ਪਵਿੱਤਰ ਤੰਬੂ ਦੇ ਪਿਛਲੇ ਪਾਸੇ ਦੋ ਕੋਨਿਆਂ ਲਈ ਦੋ ਫ਼ੱਟੀਆਂ ਬਣਾਉ। 24 ਫ਼ੱਟੀਆਂ ਦੇ ਕੋਨੇ ਹੇਠੋ ਇੱਕ ਦੂਜੇ ਨਾਲ ਜੁੜੇ ਹੋਣੇ ਚਾਹੀਦੇ ਹਨ। ਇੱਕ ਕੜਾ ਇਨ੍ਹਾਂ ਫ਼ੱਟੀਆਂ ਨੂੰ ਉੱਪਰੋਂ ਬੰਨ੍ਹੀ ਰੱਖੇਗਾ। ਦੋਹਾਂ ਕੋਨਿਆਂ ਲਈ ਇਸੇ ਤਰ੍ਹਾਂ ਕਰੋ। 25 ਤੰਬੂ ਦੇ ਪੱਛਮੀ ਸਿਰ ਲਈ ਕੁੱਲ ਅੱਠ ਫ਼ੱਟੀਆਂ ਹੋਣਗੀਆਂ ਅਤੇ ਚਾਂਦੀ ਦੀਆਂ 16 ਚੀਥੀਆਂ ਹੋਣਗੀਆਂ - ਹਰੇਕ ਫ਼ੱਟੀ ਹੇਠਾਂ ਦੋ ਚੀਥੀਆਂ। 26 “ਪਵਿੱਤਰ ਤੰਬੂ ਦੇ ਪਾਸਿਆਂ ਲਈ ਸ਼ਿਟੀਮ ਦੀ ਲੱਕੜੀ ਦੀਆਂ ਟੇਕਾਂ ਬਣਾਉ। ਪਵਿੱਤਰ ਤੰਬੂ ਦੇ ਪਹਿਲੇ ਪਾਸੇ ਲਈ ਪੰਜ ਟੇਕਾਂ ਹੋਣੀਆਂ ਚਾਹੀਦੀਆਂ ਹਨ। 27 ਪਵਿੱਤਰ ਤੰਬੂ ਦੇ ਦੂਸਰੇ ਪਾਸੇ ਦੀਆਂ ਫ਼ੱਟੀਆਂ ਲਈ ਪੰਜ ਟੇਕਾਂ ਹੋਣੀਆਂ ਚਾਹੀਦੀਆਂ ਹਨ। ਪਵਿੱਤਰ ਤੰਬੂ ਦੇ ਪਿਛਲੇ ਪਾਸੇ (ਪੱਛਮ ਵਾਲੇ ਪਾਸੇ) ਦੀਆਂ ਫ਼ੱਟੀਆਂ ਲਈ ਪੰਜ ਟੇਕਾਂ ਹੋਣੀਆਂ ਚਾਹੀਦੀਆਂ ਹਨ। 28 ਵਿਚਕਾਰਲੀ ਟੇਕ ਫ਼ੱਟੀਆਂ ਵਿੱਚੋਂ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਗੁਜਰਨੀ ਚਾਹੀਦੀ ਹੈ। 29 “ਤਖਤਿਆਂ ਉੱਪਰ ਸੋਨਾ ਮਢ਼ੋ ਅਤੇ ਛੜਾਂ ਨੂੰ ਫ਼ੜੀ ਰੱਖਣ ਲਈ ਫ਼ੱਟੀਆਂ ਵਾਸਤੇ ਸੋਨੇ ਦੇ ਕੜੇ ਬਣਾਉ। ਛੜਾਂ ਨੂੰ ਵੀ ਸੋਨੇ ਨਾਲ ਮਢ਼ੋ। 30 ਪਵਿੱਤਰ ਤੰਬੂ ਨੂੰ ਉਸੇ ਤਰ੍ਹਾਂ ਬਣਾਉ ਜਿਵੇਂ ਮੈਂ ਤੁਹਾਨੂੰ ਪਰਬਤ ਉੱਤੇ ਦਰਸ਼ਾਇਆ ਸੀ। 31 “ਗੁੰਦੇ ਹੋਏ ਮਹੀਨ ਲਿਨਨ ਅਤੇ ਨੀਲੇ, ਜਾਮਨੀ ਅਤੇ ਲਾਲ ਧਾਗੇ ਨਾਲ ਇੱਕ ਪਰਦਾ ਬਣਾਉ। ਕਿਸੇ ਮਾਹਰ ਕਾਰੀਗਰ ਦੁਆਰਾ ਇਸ ਉੱਤੇ ਖੰਭਾਂ ਵਾਲੇ ਕਰੂਬੀ ਫ਼ਰਿਸ਼ਤਿਆਂ ਦੀਆਂ ਸ਼ਕਲਾਂ ਸਿਉਂਤੀਆਂ ਹੋਣੀਆਂ ਚਾਹੀਦੀਆਂ ਹਨ। 32 ਸ਼ਿਟੀਮ ਦੀ ਲੱਕੜ ਦੀਆਂ ਚਾਰ ਥੰਮੀਆਂ ਬਣਾਉ ਅਤੇ ਇਨ੍ਹਾਂ ਥੰਮੀਆਂ ਨੂੰ ਸੋਨੇ ਨਾਲ ਮੜੋ। ਚਾਰਾਂ ਥੰਮੀਆਂ ਉੱਤੇ ਸੋਨੇ ਦੀਆਂ ਹੁੱਕਾਂ ਲਗਾਉ। ਸੁਨਿਹਰੀ ਹੁੱਕਾਂ ਉੱਤੇ ਪਰਦੇ ਲਟਕਾਉ। 33 ਪਰਦੇ ਨੂੰ ਸੋਨੇ ਦੀਆਂ ਕੁੰਡੀਆਂ ਹੇਠਾਂ ਲਮਕਾਉ। ਫ਼ੇਰ ਇਕਰਾਰਨਾਮੇ ਵਾਲੇ ਸੰਦੂਕ ਨੂੰ ਪਰਦੇ ਦੇ ਪਿਛੇ ਰੱਖ ਦੇਣਾ। ਇਹ ਪਰਦਾ ਪਵਿੱਤਰ ਸਥਾਨ ਨੂੰ ਸਭ ਤੋਂ ਪਵਿੱਤਰ ਸਥਾਨ ਤੋਂ ਵੱਖ ਕਰੇਗਾ। 34 ਅੱਤ ਪਵਿੱਤਰ ਸਥਾਨ ਤੇ ਰਖੇ ਇਕਰਾਰਨਾਮੇ ਵਾਲੇ ਸੰਦੂਕ ਉੱਤੇ ਕੱਜਣ ਰੱਖ ਦਿਉ। 35 “ਪਵਿੱਤਰ ਸਥਾਨ ਉੱਤੇ ਪਰਦੇ ਦੇ ਦੂਸਰੇ ਪਾਸੇ ਉਹ ਖਾਸ ਮੇਜ ਰਖੋ ਜਿਹੜਾ ਤੁਸੀਂ ਬਣਾਇਆ ਸੀ। ਮੇਜ ਪਵਿੱਤਰ ਤੰਬੂ ਦੇ ਉੱਤਰ ਵਾਲੇ ਪਾਸੇ ਹੋਣਾ ਚਾਹੀਦਾ ਹੈ। ਫ਼ੇਰ ਦਖਣ ਵਾਲੇ ਪਾਸੇ ਸ਼ਮਾਦਾਨ ਰਖੋ। ਇਹ ਮੇਜ ਦੇ ਸਾਮ੍ਹਣੇ ਹੋਵੇਗਾ। 36 “ਫ਼ੇਰ ਪਵਿੱਤਰ ਤੰਬੂ ਦੇ ਦਰਵਾਜ਼ੇ ਲਈ ਪਰਦਾ ਬਣਾਉ। ਇਸ ਪਰਦੇ ਨੂੰ ਬਨਾਉਣ ਲਈ ਨੀਲੇ, ਬੈਂਗਣੀ ਅਤੇ ਲਾਲ ਧਾਗੇ ਅਤੇ ਗੁੰਦੇ ਹੋਏ ਮਹੀਨ ਲਿਨਨ ਦੀ ਵਰਤੋਂ ਕਰੋ। 37 ਇਸ ਪਰਦੇ ਲਈ ਸੋਨੇ ਦੀਆਂ ਕੁੰਡੀਆਂ ਬਣਾਉ। ਅਤੇ ਸੋਨੇ ਨਾਲ ਮੜੀ ਹੋਈ ਸ਼ਿਟੀਮ ਦੀ ਲੱਕੜੀ ਦੀਆਂ ਪੰਜ ਬੱਲੀਆਂ ਬਣਾਉ। ਅਤੇ ਇਨ੍ਹਾਂ ਪੰਜ ਬੱਲੀਆਂ ਲਈ ਪਿੱਤਲ ਦੀਆਂ ਪੰਜ ਚੀਥੀਆਂ ਬਣਾਉ।”

Exodus 27

1 “ਸ਼ਿੱਟੀਮ ਦੀ ਲੱਕੜ ਦੀ ਵਰਤੋਂ ਕਰਕੇ ਇੱਕ ਜਗਵੇਦੀ ਬਣਾਉ। ਜਗਵੇਦੀ ਚੌਰਸ ਹੋਣੀ ਚਾਹੀਦੀ ਹੈ। ਇਹ ਪੰਜ ਕਿਊਬਿਟ ਲੰਮੀ, ਪੰਜ ਕਿਊਬਿਟ ਚੌੜੀ ਅਤੇ ਤਿੰਨ ਕਿਊਬਿਟ ਉੱਚੀ ਹੋਣੀ ਚਾਹੀਦੀ ਹੈ। 2 ਜਗਵੇਦੀ ਦੇ ਚੌਹਾਂ ਕੋਨਿਆਂ ਚੋਂ ਹਰੇਕ ਉੱਤੇ ਇੱਕ ਸਿੰਗ ਬਣਾਈ। ਇਸਦੇ ਸਿੰਗ ਉਸੇ ਪਦਾਰਥ ਦੇ ਬਣੇ ਹੋਣੇ ਚਾਹੀਦੇ ਹਨ ਜਿਸਤੋਂ ਜਗਵੇਦੀ ਬਣੀ ਹੈ। ਫ਼ੇਰ ਜਗਵੇਦੀ ਉੱਤੇ ਪਿੱਤਲ ਚੜਾਵੀਂ। 3 “ਜਗਵੇਦੀ ਉੱਤੇ ਵਰਤੇ ਜਾਣ ਵਾਲੇ ਸਾਰੇ ਸੰਦ ਅਤੇ ਪਲੇਟਾਂ ਪਿੱਤਲ ਦੀਆਂ ਬਣਾਈ। ਪਤੀਲੇ, ਕੜਛੇ, ਕੌਲੇ, ਚਿਮਟੇ ਅਤੇ ਤਸਲੇ ਬਣਾਈ। ਇਨ੍ਹਾਂ ਦੀ ਵਰਤੋਂ ਜਗਵੇਦੀ ਉੱਤੋਂ ਰਾਖ ਸਾਫ਼ ਕਰਨ ਲਈ ਕੀਤੀ ਜਾਵੇਗੀ। 4 ਜਗਵੇਦੀ ਲਈ ਜਾਲ ਦੀ ਸ਼ਕਲ ਦੀ ਇੱਕ ਕਾਂਸੀ ਦੀ ਜਾਲੀ ਬਣਾਵੀਂ। ਅਤੇ ਜਾਲੀ ਦੇ ਚੌਹਾਂ ਕੋਨਿਆਂ ਲਈ ਇੱਕ-ਇੱਕ ਕਾਂਸੀ ਦਾ ਕੜਾ ਬਣਾਵੀਂ। 5 ਜਾਲੀ ਨੂੰ ਜਗਵੇਦੀ ਦੇ ਹੇਠਾਂ ਕਰਕੇ ਥੜੇ ਉੱਤੇ ਟਿਕਾ ਦੇਵੀਂ। ਜਾਲੀ ਜਗਵੇਦੀ ਦੇ ਹੇਠਾਂ ਤੋਂ ਉੱਪਰ ਵੱਲ ਅਧ ਤੱਕ ਜਾਵੇਗੀ। 6 “ਜਗਵੇਦੀ ਲਈ ਸ਼ਿੱਟੀਮ ਦੀ ਲੱਕੜੀ ਦੀਆਂ ਚੋਬਾਂ ਬਣਾਈ ਅਤੇ ਉਨ੍ਹਾਂ ਉੱਤੇ ਪਿੱਤਲ ਮਢ਼ ਦੇਵੀਂ। 7 ਜਗਵੇਦੀ ਦੇ ਦੋਹਾਂ ਪਾਸਿਆਂ ਉੱਤੇ ਲੱਗੇ ਕੜਿਆਂ ਵਿੱਚੋਂ ਚੋਬਾਂ ਨੂੰ ਗੁਜਾਰ ਦੇਵੀਂ। ਇਨ੍ਹਾਂ ਚੋਬਾਂ ਦੀ ਵਰਤੋਂ ਜਗਵੇਦੀ ਨੂੰ ਚੁੱਕਣ ਲਈ ਹੋਵੇਗੀ। 8 ਜਗਵੇਦੀ ਨੂੰ ਇੱਕ ਅਜਿਹੇ ਖਾਲੀ ਬਕਸੇ ਵਾਂਗ ਬਣਾਈ ਜਿਸਦੇ ਆਸੇ-ਪਾਸੇ ਫ਼ੱਟੀਆਂ ਲੱਗੀਆਂ ਹੋਣ। ਜਗਵੇਦੀ ਨੂੰ ਬਿਲਕੁਲ ਉਵੇਂ ਹੀ ਬਣਾਵੀਂ ਜਿਵੇਂ ਮੈਂ ਪਰਬਤ ਉੱਤੇ ਤੈਨੂੰ ਦਰਸਾਇਆ ਸੀ। 9 “ਪਵਿੱਤਰ ਤੰਬੂ ਲਈ ਇੱਕ ਵਿਹੜਾ ਬਣਾਈ। ਦਖਣ ਵਾਲੇ ਪਾਸੇ ਸੌ ਹੱਥ ਲੰਮੇ ਪਰਦਿਆਂ ਦੀ ਕੰਧ ਹੋਣੀ ਚਾਹੀਦੀ ਹੈ। ਇਹ ਪਰਦੇ ਮਹੀਨ ਲਿਨਨ ਦੇ ਬਣੇ ਹੋਣੇ ਚਾਹੀਦੇ ਹਨ। 10 ਵੀਹ ਚੋਬਾਂ ਅਤੇ ਉਨ੍ਹਾਂ ਚੋਬਾਂ ਦੇ ਹੇਠਾਂ ਪਿੱਤਲ ਦੀਆਂ ਵੀਹ ਚੀਥੀਆਂ ਵਰਤੀਂ। ਚੋਬਾਂ ਅਤੇ ਪਰਦਿਆਂ ਦੀਆਂ ਲੱਕੜਾਂ ਲਈ ਕੁੰਡਿਆਂ ਚਾਂਦੀ ਦੀਆਂ ਬਣੀਆਂ ਹੋਣੀਆਂ ਚਾਹੀਦੀਆਂ ਹਨ। 11 ਉਤਰ ਵਾਲੇ ਪਾਸੇ ਵੀ ਸੌ ਹੱਥ ਲੰਮੇ ਪਰਦਿਆਂ ਦੀ ਕੰਧ ਹੋਣੀ ਚਾਹੀਦੀ ਹੈ। ਇਸ ਦੀਆਂ ਵੀ ਵੀਹ ਚੋਬਾਂ ਅਤੇ ਵੀਹ ਪਿੱਤਲ ਦੀਆਂ ਚੀਥੀਆਂ ਹੋਣੀਆਂ ਚਾਹੀਦੀਆਂ ਹਨ। ਚੋਬਾਂ ਅਤੇ ਪਰਦਿਆਂ ਦੀ ਲੱਕੜ ਦੀਆਂ ਕੁਡੀਆਂ ਚਾਂਦੀ ਦੀਆਂ ਬਣੀਆਂ ਹੋਣੀਆਂ ਚਾਹੀਦੀਆਂ ਹਨ। 12 “ਵਿਹੜੇ ਦੇ ਪਛਮ ਵਾਲੇ ਪਾਸੇ 50 ਕਿਊਬਿਟ ਲੰਮੇ ਪਰਦਿਆਂ ਦੀ ਕੰਧ ਹੋਣੀ ਚਾਹੀਦੀ ਹੈ। ਇੱਥੇ 10 ਚੋਬਾਂ ਅਤੇ 10 ਚੀਥੀਆਂ ਹੋਣੀਆਂ ਚਾਹੀਦੀਆਂ ਹਨ। 13 ਵਿਹੜੇ ਦਾ ਪੂਰਬ ਵਾਲਾ ਪਾਸਾ ਵੀ 50 ਹੱਥ ਲੰਬਾ ਹੋਣਾ ਚਾਹੀਦਾ ਹੈ। 14 ਇਹ ਪੂਰਬ ਵਾਲਾ ਪਾਸਾ ਵਿਹੜੇ ਦਾ ਲਾਂਘਾ ਹੈ। ਲਾਂਘੇ ਦੇ ਇੱਕ ਪਾਸੇ 15 ਹੱਥ ਲੰਬੇ ਪਰਦੇ ਹੋਣੇ ਚਾਹੀਦੇ ਹਨ। ਇਸ ਪਾਸੇ ਉੱਤੇ ਤਿੰਨ ਚੋਬਾਂ ਅਤੇ ਤਿੰਨ ਚੀਥੀਆਂ ਹੋਣੀਆਂ ਚਾਹੀਦੀਆਂ ਹਨ। 15 ਦੂਸਰੇ ਪਾਸੇ ਵੀ 15 ਹੱਥ ਲੰਮੇ ਪਰਦੇ ਹੋਣੇ ਚਾਹੀਦੇ ਹਨ। ਇਸ ਪਾਸੇ ਉੱਤੇ ਵੀ ਤਿੰਨ ਚੋਬਾਂ ਅਤੇ ਤਿੰਨ ਚੀਥੀਆਂ ਹੋਣੀਆਂ ਚਾਹੀਦੀਆਂ ਹਨ। 16 “ਵਿਹੜੇ ਦੇ ਲਾਂਘੇ ਨੂੰ ਢਕਣ ਲਈ 20 ਹੱਥ ਲੰਮਾ ਪਰਦਾ ਬਣਾਈਂ। ਇਹ ਪਰਦਾ ਮਹੀਨ ਕੱਪੜੇ ਅਤੇ ਨੀਲੇ ਬੈਂਗਣੀ ਅਤੇ ਲਾਲ ਧਾਗੇ ਦਾ ਬਣਿਆ ਹੋਣਾ ਚਾਹੀਦਾ ਹੈ। ਉਸ ਪਰਦੇ ਉੱਤੇ ਕਸੀਦਾਕਾਰੀ ਕਰੀਂ। ਉਸ ਪਰਦੇ ਲਈ ਚਾਰ ਚੋਬਾਂ ਅਤੇ ਚਾਰ ਚੀਥੀਆਂ ਹੋਣੀਆਂ ਚਾਹੀਦੀਆਂ ਹਨ। 17 ਵਿਹੜੇ ਦੇ ਆਲੇ-ਦੁਆਲੇ ਦੀਆਂ ਸਾਰੀਆਂ ਚੋਬਾਂ ਪਰਦੇ ਦੀਆਂ ਲੱਕੜਾਂ ਚਾਂਦੀ ਨਾਲ ਜੁੜੀਆਂ ਹੋਣੀਆਂ ਚਾਹੀਦੀਆਂ ਹਨ। ਚੋਬਾਂ ਦੀਆਂ ਕੁੰਡੀਆਂ ਚਾਂਦੀ ਦੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਚੋਬਾਂ ਦੀਆਂ ਚੀਥੀਆਂ ਪਿੱਤਲ ਦੀਆਂ ਹੋਣੀਆਂ ਚਾਹੀਦੀਆਂ ਹਨ। 18 ਗੁੰਦੇ ਹੋਏ ਮਹੀਨ ਲਿਨਨ ਦੇ ਪੰਜ ਕਿਊਬਿਟ ਉੱਚੇ ਪਰਦਿਆਂ ਦੇ ਨਾਲ ਵਿਹੜਾ 100 ਕਿਊਬਿਟ ਲੰਮਾ ਅਤੇ 50 ਕਿਊਬਿਟ ਚੌੜਾ ਹੋਣਾ ਚਾਹੀਦਾ ਹੈ। ਚੋਬਾਂ ਦੇ ਹੇਠਾਂ ਚੀਥੀਆਂ ਪਿੱਤਲ ਦੀਆਂ ਬਣੀਆਂ ਹੋਣੀਆਂ ਚਾਹੀਦੀਆਂ ਹਨ। 19 ਪਵਿੱਤਰ ਤੰਬੂ ਵਿੱਚ ਵਰਤੇ ਜਾਣ ਵਾਲੇ ਸਾਰੇ ਔਜ਼ਾਰ ਕਿੱਲੀਆਂ ਅਤੇ ਹੋਰ ਸਾਜ਼-ਸਮਾਨ ਪਿੱਤਲ ਦਾ ਹੋਣਾ ਚਾਹੀਦਾ ਹੈ। (ਵਿਹੜੇ ਦੇ ਆਲੇ-ਦੁਆਲੇ ਦੇ ਪਰਦਿਆਂ ਲਈ ਸਾਰੀਆਂ ਕਿੱਲੀਆਂ ਪਿੱਤਲ ਦੀਆਂ ਹੋਣੀਆਂ ਚਾਹੀਦੀਆਂ ਹਨ। 20 “ਇਸਰਾਏਲ ਦੇ ਲੋਕਾਂ ਨੂੰ ਆਦੇਸ਼ ਦਿਉ ਕਿ ਉਹ ਰੌਸ਼ਨੀ ਲਈ ਦੀਵੇ ਨੂੰ ਹਮੇਸ਼ਾ ਬਲਦਾ ਰੱਖਣ ਲਈ ਸਭ ਤੋਂ ਵਧੀਆ ਜੈਤੂਨ ਦਾ ਤੇਲ ਲੈਕੇ ਆਉਣ। 21 ਹਾਰੂਨ ਅਤੇ ਉਸਦੇ ਪੁੱਤਰਾਂ ਦੇ ਜ਼ਿਂਮੇ ਦੀਵੇ ਦੀ ਦੇਖ-ਭਾਲ ਕਰਨ ਦਾ ਕੰਮ ਹੋਵੇਗਾ। ਉਹ ਮੰਡਲੀ ਵਾਲੇ ਤੰਬੂ ਦੇ ਪਹਿਲੇ ਕਮਰੇ ਵਿੱਚ ਜਾਣਗੇ। ਇਹ ਉਸ ਕਮਰੇ ਦੇ ਬਾਹਰ ਵਾਲਾ ਕਮਰਾ ਹੈ ਜਿਸਦੇ ਅੰਦਰ ਪਰਦੇ ਪਿਛੇ ਇਕਰਾਰਨਾਮਾ ਹੈ। (ਉਹ ਪਰਦਾ ਜਿਹੜਾ ਦੋਹਾਂ ਕਮਰਿਆਂ ਨੂੰ ਵੱਖ ਕਰਦਾ ਹੈ।) ਇਸ ਥਾਂ ਉੱਤੇ ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ ਕਿ ਯਹੋਵਾਹ ਦੇ ਸਨਮੁਖ ਦੀਵਾ ਸ਼ਾਮ ਤੋਂ ਸਵੇਰ ਤੱਕ ਲਗਾਤਾਰ ਬਲਦਾ ਰਹੇ। ਇਸਰਾਏਲ ਦੇ ਲੋਕਾਂ ਅਤੇ ਉਨ੍ਹਾਂ ਦੇ ਉਤਰਾਧਿਕਾਰੀਆਂ ਨੂੰ ਇਸ ਨੇਮ ਦੀ ਪਾਲਣਾ ਹਮੇਸ਼ਾ ਲਈ ਕਰਨੀ ਚਾਹੀਦੀ ਹੈ।”

Exodus 28

1 ਯਹੋਵਾਹ ਨੇ ਮੂਸਾ ਨੂੰ ਆਖਿਆ, “ਆਪਣੇ ਭਰਾ ਹਾਰੂਨ ਅਤੇ ਉਸਦੇ ਪੁੱਤਰਾਂ ਨਾਦਾਬ, ਅਬੀਹੂ, ਅਲਆਜਾਰ ਅਤੇ ਈਥਾਮਾਰ ਨੂੰ ਆਖ ਕਿ ਉਹ ਇਸਰਾਏਲ ਦੇ ਲੋਕਾਂ ਤੋਂ ਤੇਰੇ ਕੋਲ ਆਉਣ। ਇਹ ਆਦਮੀ ਮੇਰੇ ਲਈ ਜਾਜਕਾਂ ਵਜੋਂ ਸੇਵਾ ਕਰਨਗੇ। 2 “ਆਪਣੇ ਭਰਾ ਹਾਰੂਨ ਲਈ ਖਾਸ ਕੱਪੜੇ ਬਣਾ ਜੋ ਉਸਨੂੰ ਸਤਿਕਾਰਯੋਗ ਅਤੇ ਗੌਰਵਮਈ ਬਨਾਉਣ। 3 ਤੁਹਾਡੇ ਦਰਮਿਆਨ ਮੈਂ ਮਾਹਰ ਲੋਕਾਂ ਨੂੰ ਸਿਆਣਪ ਦਿੱਤੀ ਹੈ। ਇਨ੍ਹਾਂ ਲੋਕਾਂ ਨੂੰ ਹਾਰੂਨ ਨੂੰ ਪਵਿੱਤਰ ਬਨਾਉਣ ਲਈ ਉਸ ਲਈ ਵਸਤਰ ਤਿਆਰ ਕਰਨ ਲਈ ਆਖ ਅਤੇ ਫ਼ੇਰ ਉਹ ਜਾਜਕ ਵਜੋਂ ਮੇਰੀ ਸੇਵਾ ਕਰ ਸਕਦਾ ਹੈ। 4 ਉਹ ਕੱਪੜੇ ਇਹ ਹਨ ਜੋ ਉਨ੍ਹਾਂ ਆਦਮੀਆਂ ਨੂੰ ਤਿਆਰ ਕਰਨੇ ਚਾਹੀਦੇ ਹਨ; ਸੀਨੇ ਬੰਦ, ਇੱਕ ਏਫ਼ੋਦ, ਇੱਕ ਚੋਲਾ, ਉਣਿਆ ਹੋਇਆ ਚਿੱਟਾ ਚੋਲਾ, ਇੱਕ ਅਮਾਮਾ ਅਤੇ ਇੱਕ ਪੇਟੀ। ਇਨ੍ਹਾਂ ਲੋਕਾਂ ਨੂੰ ਤੇਰੇ ਭਰਾ ਹਾਰੂਨ ਅਤੇ ਉਸਦੇ ਪੁੱਤਰਾਂ ਲਈ ਇਹ ਖਾਸ ਵਸਤਰ ਤਿਆਰ ਕਰਨੇ ਚਾਹੀਦੇ ਹਨ। ਫ਼ੇਰ ਹਾਰੂਨ ਅਤੇ ਉਸਦੇ ਪੁੱਤਰ ਜਾਜਕਾਂ ਵਜੋਂ ਮੇਰੀ ਸੇਵਾ ਕਰ ਸਕਦੇ ਹਨ। 5 ਇਨ੍ਹਾਂ ਆਦਮੀਆਂ ਨੂੰ ਆਖਣਾ ਕਿ ਸੁਨਿਹਰੀ ਧਾਗਿਆਂ, ਮਹੀਨ ਕੱਪੜੇ ਅਤੇ ਨੀਲੇ ਬੈਂਗਣੀ ਤੇ ਲਾਲ ਸੂਤ ਦੀ ਵਰਤੋਂ ਕਰਨ। 6 “ਏਫ਼ੋਦ ਤਿਆਰ ਕਰਨ ਲਈ ਸੁਨਿਹਰੀ ਧਾਗਿਆਂ, ਮਹੀਨ ਕੱਪੜੇ ਅਤੇ ਨੀਲੇ ਬੈਂਗਣੀ ਅਤੇ ਲਾਲ ਸੂਤ ਦੀ ਵਰਤੋਂ ਕਰਨੀ। ਇਹ ਕਿਸੇ ਬਹੁਤ ਹੀ ਕੁਸ਼ਲ ਕਾਰੀਗਰ ਦਾ ਕੰਮ ਹੋਣਾ ਚਾਹੀਦਾ ਹੈ। 7 ਏਫ਼ੋਦ ਦੇ ਹਰੇਕ ਮੋਢੇ ਉੱਤੇ ਇੱਕ-ਇੱਕ ਕਤਰ ਹੋਵੇ। ਮੋਢਿਆਂ ਦੀਆਂ ਇਨ੍ਹਾਂ ਕਤਰਾਂ ਨੂੰ ਜੋੜਕੇ ਏਫ਼ੋਦ ਦੇ ਦੋ ਕਿਨਾਰੇ ਬਣਾਏ ਜਾਣੇ ਚਾਹੀਦੇ ਹਨ। 8 “ਕਾਰੀਗਰ ਏਫ਼ੋਦ ਲਈ ਪੇਟੀ ਨੂੰ ਬੜੇ ਧਿਆਨ ਨਾਲ ਬੁਨਣਗੇ। ਇਹ ਪੇਟੀ ਵੀ ਉਸੇ ਤਰ੍ਹਾਂ ਦੀ ਬਣੀ ਹੋਣੀ ਚਾਹੀਦੀ ਹੈ - ਸੁਨਿਹਰੀ ਧਾਗਿਆਂ, ਮਹੀਨ ਕੱਪੜੇ ਅਤੇ ਨੀਲੇ ਬੈਂਗਣੀ ਅਤੇ ਲਾਲ ਸੂਤ ਦੀ। 9 “ਦੋ ਸੁਲੇਮਾਨੀ ਪੱਥਰ ਲਵੋ। ਇਨ੍ਹਾ ਹੀਰਿਆਂ ਉੱਤੇ ਇਸਰਾਏਲ ਦੇ ਬਾਰ੍ਹਾਂ ਪੁੱਤਰਾਂ ਦੇ ਨਾਮ ਲਿਖੋ। 10 ਛੇ ਨਾਮ ਇੱਕ ਹੀਰੇ ਉੱਤੇ ਅਤੇ ਛੇ ਨਾਮ ਦੂਸਰੇ ਹੀਰੇ ਉੱਤੇ ਲਿਖਣੇ। ਇਹ ਨਾਮ ਵੱਡੇ ਪੁੱਤਰ ਤੋਂ ਛੋਟੇ ਪੁੱਤਰਾਂ ਤੱਕ ਕਰਮਵਾਰ ਲਿਖੇ ਹੋਣ। 11 “ਇਨ੍ਹਾਂ ਹੀਰਿਆਂ ਉੱਤੇ ਇਸਰਾਏਲ ਦੇ ਪੁੱਤਰ ਦੇ ਨਾਮ ਲਿਖੋ। ਇਸਨੂੰ ਉਸੇ ਤਰ੍ਹਾਂ ਕਰੋ ਜਿਵੇਂ ਕੋਈ ਕਾਮਾ ਮੁਹਰ ਬਨਾਉਣ ਲਈ ਕਰਦਾ ਹੈ ਅਤੇ ਇਨ੍ਹਾਂ ਹੀਰਿਆਂ ਨੂੰ ਸੁਨਿਹਰੀ ਫ਼ਰੇਮ ਵਿੱਚ ਜੜ ਦਿਉ। 12 ਫ਼ੇਰ ਇਨ੍ਹਾਂ ਦੋਹਾਂ ਹੀਰਿਆਂ ਨੂੰ ਏਫ਼ੋਦ ਦੇ ਦੋਹਾਂ ਮੋਢਿਆਂ ਦੀਆਂ ਕਤਰਾਂ ਉੱਤੇ ਲਾਉ। ਹਾਰੂਨ ਇਸ ਖਾਸ ਕੋਟ ਨੂੰ ਉਸ ਵੇਲੇ ਪਹਿਨੇਗਾ ਜਦੋਂ ਉਹ ਯਹੋਵਾਹ ਦੇ ਸਨਮੁਖ ਖਲੋਵੇਗਾ ਅਤੇ ਇਸਰਾਏਲ ਦੇ ਪੁੱਤਰਾਂ ਦੇ ਨਾਮਾਂ ਵਾਲੇ ਹੀਰੇ ਏਫ਼ੋਦ ਉੱਤੇ ਹੋਣਗੇ। ਇਹ ਹੀਰੇ ਪਰਮੇਸ਼ੁਰ ਅੱਗੇ, ਇਸਰਾਏਲ ਦੇ ਲੋਕਾਂ ਦੀ ਯਾਦਗਾਰੀ ਵਜੋਂ ਹੋਣਗੇ। 13 ਹੀਰਿਆਂ ਨੂੰ ਏਫ਼ੋਦ ਉੱਤੇ ਲਗਾਉਣ ਲਈ ਸ਼ੁਧ ਸੋਨਾ ਵਰਤੋਂ। 14 ਡੋਰੀਆਂ ਵਾਂਗ ਗੁੰਦੀਆਂ ਹੋਈਆਂ ਦੋ ਸੋਨੇ ਦੀਆਂ ਜੰਜੀਰੀਆਂ ਬਣਾਉ ਅਤੇ ਉਨ੍ਹਾਂ ਨੂੰ ਸੁਨਿਹਰੀ ਖਾਨਿਆਂ ਨਾਲ ਜੋੜ ਦਿਉ। 15 “ਪਰਧਾਨ ਜਾਜਕ ਲਈ ਨਿਆਉਂ ਦਾ ਇੱਕ ਸੀਨੇ-ਬੰਦ ਬਣਾਉ। ਮਾਹਰ ਕਾਰੀਗਰਾਂ ਨੂੰ ਇਹ ਸੀਨੇ-ਬੰਦ ਉਸੇ ਤਰ੍ਹਾਂ ਬਨਾਉਣਾ ਚਾਹੀਦਾ ਹੈ ਜਿਵੇਂ ਉਨ੍ਹਾਂ ਨੇ ਏਫ਼ੋਦ ਬਣਾਇਆ ਸੀ। ਉਨ੍ਹਾ ਨੂੰ ਸੋਨੇ ਦੇ ਧਾਗੇ, ਮਹੀਨ ਲਿਨਨ ਅਤੇ ਨੀਲੇ, ਬੈਂਗਣੀ ਅਤੇ ਲਾਲ ਸੂਤ ਦੀ ਵਰਤੋਂ ਕਰਨੀ ਚਾਹੀਦੀ ਹੈ। 16 ਸੀਨੇ-ਬੰਦ ਨੂੰ ਦੂਹਰਾ ਕਰਕੇ ਚੌਕੋਰ ਜੇਬ ਬਣਾ ਲੈਣਾ ਚਾਹੀਦਾ ਹੈ। ਇਹ ਇੱਕ ਗਿਠ ਲੰਮੀ ਅਤੇ ਇੱਕ ਗਿਠ ਚੌੜੀ ਹੋਣੀ ਚਾਹੀਦੀ ਹੈ। 17 ਸੀਨੇ-ਬੰਦ ਉੱਤੇ ਸੁੰਦਰ ਹੀਰਿਆਂ ਦੀਆਂ ਚਾਰ ਕਤਾਰਾਂ ਰਖੀਂ। ਹੀਰਿਆਂ ਦੀ ਪਹਿਲੀ ਕਤਾਰ ਵਿੱਚ ਲਾਲ ਅਕੀਕ, ਸੁਨਿਹਰਾ ਜਬਰਜ਼ਦ ਮੋਤੀ ਅਤੇ ਪੰਨਾ ਹੋਣ। 18 ਦੂਸਰੀ ਕਤਾਰ ਵਿੱਚ ਲਾਲ ਅਕੀਕ, ਨੀਲਮ ਅਤੇ ਦੁਧੀਯਾ ਬਿਲੌਰ ਹੋਣ। 19 ਤੀਸਰੀ ਕਤਾਰ ਵਿੱਚ ਜ਼ਰਕਨ, ਹਰੀ ਅਕੀਕ ਅਤੇ ਕਟਹਿਲਾ ਹੋਣ। 20 ਚੌਥੀ ਕਤਾਰ ਵਿੱਚ ਬੈਰੁਜ਼, ਸੁਲੇਮਾਨੀ ਤੇ ਯਬੁਸ਼ ਹੋਣ। ਇਨ੍ਹਾਂ ਸਾਰੇ ਹੀਰਿਆਂ ਨੂੰ ਸੋਨੇ ਵਿੱਚ ਮੜੀ। 21 ਸੀਨੇ-ਬੰਦ ਉੱਤੇ ਬਾਰ੍ਹਾਂ ਮੋਤੀ ਹੋਣਗੇ - ਇਸਰਾਏਲ ਦੇ ਹਰੇਕ ਪੁੱਤਰ ਲਈ ਇੱਕ ਮੋਤੀ। ਹਰੇਕ ਮੋਤੀ ਉੱਤੇ ਇਸਰਾਏਲ ਦੇ ਪੁੱਤਰਾਂ ਵਿੱਚੋਂ ਇੱਕ ਨਾਮ ਇੰਝ ਲਿਖੀਂ ਜਿਵੇਂ ਕੋਈ ਕਾਰੀਗਰ ਮੁਹਰ ਬਣਾਉਂਦਾ ਹੈ। 22 “ਸੀਨੇ-ਬੰਦ ਲਈ ਰਸੀ ਵਾਂਗ ਗੁੰਦੀਆਂ ਹੋਈਆਂ ਸ਼ੁਧ ਸੋਨੇ ਦੀਆਂ ਜੰਜੀਰੀਆਂ ਬਣਾਈ। 23 ਦੋ ਸੁਨਿਹਰੀ ਕੁੰਡਲ ਬਣਾਈ ਅਤੇ ਇਨ੍ਹਾਂ ਨੂੰ ਸੀਨੇ-ਬੰਦ ਦੇ ਦੋਹਾਂ ਕਿਨਾਰਿਆਂ ਉੱਤੇ ਪਾ ਦੇਵੀਂ। 24 ਸੋਨੇ ਦੀਆਂ ਦੋਹਾਂ ਜੰਜੀਰੀਆਂ ਨੂੰ ਸੀਨੇ-ਬੰਦ ਦੇ ਸਿਰਿਆਂ ਤੇ ਬਂਨ੍ਹੇ ਕੁੰਡਲਾਂ ਵਿੱਚ ਪਰੋ ਦੇਵੀ। 25 ਸੋਨੇ ਦੀਆਂ ਜੰਜੀਰੀਆਂ ਦੇ ਦੋਹਾਂ ਸਿਰਿਆਂ ਨੂੰ ਏਫ਼ੋਦ ਦੇ ਮੋਢਿਆਂ ਉੱਤੇ, ਇਸਦੇ ਸਾਮ੍ਹਣੇ ਵਾਲੇ ਪਾਸੇ ਦੋਹਾਂ ਖਾਨਿਆਂ ਨਾਲ ਕਸ ਦੇਵੀਂ। 26 ਸੋਨੇ ਦੇ ਦੋ ਹੋਰ ਕੁੰਡਲ ਬਣਾਈ ਅਤੇ ਉਨ੍ਹਾਂ ਨੂੰ ਸੀਨੇ-ਬੰਦ ਦੇ ਦੂਸਰੇ ਦੋਹਾਂ ਕਿਨਾਰਿਆਂ ਨਾਲ ਬੰਨ੍ਹ ਦੇਵੀਂ। ਇਹ ਏਫ਼ੋਦ ਦੇ ਨਾਲ ਲਗਦੇ ਸੀਨੇ-ਬੰਦ ਦੇ ਅੰਦਰਲੇ ਪਾਸੇ ਹੋਣਗੇ। 27 ਸੋਨੇ ਦੇ ਦੋ ਹੋਰ ਕੁੰਡਲ ਬਣਾਈ ਅਤੇ ਉਨ੍ਹਾਂ ਨੂੰ ਏਫ਼ੋਦ ਦੇ ਸਾਮ੍ਹਣੇ ਮੋਢੇ ਦਿਆਂ ਕਤਰਾਂ ਦੇ ਹੇਠਲੇ ਪਾਸੇ ਰਖੀਂ। ਏਫ਼ੋਦ ਦੀ ਪੇਟੀ ਦੇ ਉੱਪਰ ਵੀ ਸੋਨੇ ਦੇ ਕੁੰਡਲ ਰਖੀਂ। 28 ਸੀਨੇ-ਬੰਦ ਕੁੰਡਲਾਂ ਨੂੰ ਏਫ਼ੋਦ ਦੇ ਕੁੰਡਲਾਂ ਨਾਲ ਬੰਨ੍ਹਣ ਲਈ ਨੀਲੀਆਂ ਡੋਰਾ ਦੀ ਵਰਤੋਂ ਇੰਝ ਕਰੀਂ ਕਿ ਸੀਨੇ-ਬੰਦ ਪੇਟੀ ਦੇ ਨੇੜੇ ਹੋਵੇਗਾ ਅਤੇ ਏਫ਼ੋਦ ਦੇ ਨਾਲ ਲਗਿਆ। 29 “ਜਦੋਂ ਹਾਰੂਨ ਪਵਿੱਤਰ ਥਾਂ ਅੰਦਰ ਦਾਖਲ ਹੋਵੇਗਾ, ਉਸਨੂੰ ਸੀਨੇ-ਬੰਦ ਪਹਿਨਣਾ ਚਾਹੀਦਾ ਹੈ। ਇਸ ਤਰ੍ਹਾਂ ਉਹ ਇਸਰਾਏਲ ਦੇ ਬਾਰ੍ਹਾਂ ਪੁੱਤਰਾਂ ਦੇ ਨਾਮ ਆਪਣੇ ਦਿਲ ਦੇ ਉੱਪਰ ਕਰਕੇ ਪਹਿਨੇਗਾ ਅਤੇ ਯਹੋਵਾਹ ਉਨ੍ਹਾਂ ਨੂੰ ਹਮੇਸ਼ਾ ਚੇਤੇ ਰਖੇਗਾ। 30 ਊਰੀਮ ਅਤੇ ਥੁੰਮੀਮ ਨੂੰ ਸੀਨੇ-ਬੰਦ ਦੇ ਅੰਦਰ ਰਖੀਂ। ਇਹ ਹਾਰੂਨ ਦੇ ਦਿਲ ਦੇ ਉੱਪਰ ਹੋਣਗੇ ਜਦੋਂ ਉਹ ਯਹੋਵਾਹ ਦੇ ਸਾਮ੍ਹਣੇ ਜਾਵੇਗਾ। ਇਸ ਲਈ ਜਦੋਂ ਹਾਰੂਨ ਯਹੋਵਾਹ ਦੇ ਸਾਮ੍ਹਣੇ ਹਮੇਸ਼ਾ ਆਪਣੇ ਨਾਲ ਇਸਰਾਏਲ ਦੇ ਲੋਕਾਂ ਬਾਰੇ ਨਿਰਣਾ ਕਰਨ ਦਾ ਰਸਤਾ ਆਪਣੇ ਨਾਲ ਚੁੱਕੇਗਾ। 31 “ਏਫ਼ੋਦ ਲਈ ਇੱਕ ਨੀਲਾ ਚੋਲਾ ਬਣਾਉ। 32 ਇਸਦੇ ਕੇਂਦਰ ਵਿੱਚ ਸਿਰ ਵਾਸਤੇ ਇੱਕ ਸੁਰਾਖ ਬਣਾਉ, ਅਤੇ ਇਸ ਸੁਰਾਖ ਦੇ ਆਲੇ-ਦੁਆਲੇ ਇੱਕ ਕੱਪੜਾ ਸਿਉਂਕੇ ਲਗਾਉ। ਇਹ ਕੱਪੜਾ ਇੱਕ ਕਾਲਰ ਵਾਂਗ ਹੋਵੇਗਾ ਜਿਹੜਾ ਸੁਰਾਖ ਨੂੰ ਪਾਟਣ ਤੋਂ ਰੋਕੇਗਾ। 33 ਕੱਪੜੇ ਦੇ ਅਨਾਰ ਬਨਾਉਣ ਲਈ ਨੀਲੇ ਬੈਂਗਣੀ ਅਤੇ ਲਾਲ ਸੂਤ ਦੀ ਵਰਤੋਂ ਕਰੋ। ਇਨ੍ਹਾਂ ਅਨਾਰਾਂ ਨੂੰ ਚੋਲੇ ਦੇ ਹੇਠਲੇ ਸਿਰੇ ਉੱਤੇ ਲਟਕਾਉ। ਅਤੇ ਅਨਾਰਾਂ ਦੇ ਵਿਚਕਾਰ ਸੋਨੇ ਦੇ ਘੁੰਗਰੂ ਲਟਕਾਉ। 34 ਇਸ ਤਰ੍ਹਾਂ ਚੋਲੇ ਦੇ ਹੇਠਲੇ ਸਿਰੇ ਉੱਤੇ ਘੁੰਗਰੂ ਅਤੇ ਅਨਾਰ ਹੋਣੇ ਚਾਹੀਦੇ ਹਨ। ਹਰੇਕ ਅਨਾਰ ਦੇ ਵਿਚਕਾਰ ਇੱਕ ਘੁੰਗਰੂ ਹੋਣਾ ਚਾਹੀਦਾ ਹੈ। 35 ਹਾਰੂਨ ਇਸ ਚੋਲੇ ਨੂੰ ਉਦੋਂ ਪਹਿਨੇਗਾ ਜਦੋਂ ਉਹ ਜਾਜਕ ਵਜੋਂ ਸੇਵਾ ਕਰੇਗਾ। ਜਿਵੇਂ ਹੀ ਹਾਰੂਨ ਯਹੋਵਾਹ ਦੇ ਸਨਮੁੱਖ ਖੜਾ ਹੋਣ ਲਈ ਪਵਿੱਤਰ ਸਥਾਨ ਉੱਤੇ ਜਾਵੇਗਾ ਇਹ ਘੁੰਗਰੂ ਵੱਜਣਗੇ। ਅਤੇ ਜਦੋਂ ਉਹ ਪਵਿੱਤਰ ਸਥਾਨ ਤੋਂ ਬਾਹਰ ਆਵੇਗਾ ਤਾਂ ਘੁੰਗਰੂ ਵੱਜਣਗੇ। ਇਸ ਤਰ੍ਹਾਂ ਕਰਨ ਨਾਲ ਹਾਰੂਨ ਮਰੇਗਾ ਨਹੀਂ। 36 “ਨਮੂਨਿਆਂ ਨਾਲ ਉਕਰੀ ਹੋਈ ਸੁਨਿਹਰੀ ਫ਼ੱਟੀ ਬਣਾਓ ਅਤੇ ਇਸ ਉੱਤੇ ਇਹ ਸ਼ਬਦ ਇੰਝ ਲਿਖੋ ਜਿਵੇਂ ਲੋਕ ਮੁਹਰ ਬਣਾਉਂਦੇ ਹਨ। 37 ਸੁਨਿਹਰੀ ਫ਼ੱਟੀ ਨੂੰ ਅਮਾਮੇ ਦੇ ਸਾਮ੍ਹਣੇ ਵਾਲੇ ਪਾਸੇ ਇੱਕ ਨੀਲੇ ਰਿਬਨ ਨਾਲ ਬੰਨ੍ਹੋ। 38 ਹਾਰੂਨ ਇਸਨੂੰ ਆਪਣੇ ਸਿਰ ਉੱਤੇ ਬੰਨ੍ਹੇਗਾ। ਇਸ ਤਰ੍ਹਾਂ ਨਾਲ ਉਹ ਅਜਿਹੇ ਪਾਪ ਨੂੰ ਵੀ ਦੂਰ ਕਰ ਦੇਵੇਗਾ ਜਿਹੜਾ ਇਸਰਾਏਲ ਦੇ ਲੋਕਾਂ ਦੀਆਂ ਸੁਗਾਤਾਂ ਨਾਲ ਸੰਬੰਧਿਤ ਹੋਵੇਗਾ। ਇਹ ਸੁਗਾਤਾਂ ਉਹ ਹਨ ਜੋ ਲੋਕ ਯਹੋਵਾਹ ਨੂੰ ਦਿੰਦੇ ਹਨ। ਹਾਰੂਨ ਇਸਨੂੰ ਹਮੇਸ਼ਾ ਆਪਣੇ ਸਿਰ ਉੱਤੇ ਪਹਿਨੇਗਾ ਤਾਂ ਜੋ ਯਹੋਵਾਹ ਲੋਕਾਂ ਦੀਆਂ ਸੁਗਾਤਾਂ ਨੂੰ ਪਰਵਾਨ ਕਰ ਲਵੇ। 39 “ਉਣਿਆ ਹੋਇਆ ਚਿੱਟਾ ਚੋਲਾ ਬਨਾਉਣ ਲਈ ਮਹੀਨ ਕੱਪੜੇ ਦੀ ਵਰਤੋਂ ਕਰੋ ਅਤੇ ਅਮਾਮਾ ਬਨਾਉਣ ਲਈ ਵੀ ਮਹੀਨ ਕੱਪੜਾ ਵਰਤੋਂ। ਪੇਟੀ ਉੱਤੇ ਨਮੂਨੇ ਕੱਢੇ ਹੋਣੇ ਚਾਹੀਦੇ ਹਨ। 40 ਹਾਰੂਨ ਦੇ ਪੁੱਤਰਾਂ ਲਈ ਵੀ ਕੋਟ, ਪੇਟੀਆਂ ਅਤੇ ਅਮਾਮੇ ਬਣਾਉ। ਪਹਿਨਣ ਵਾਲੇ ਕੱਪੜੇ ਉਨ੍ਹਾਂ ਨੂੰ ਸਤਿਕਾਰ ਦੇਣਗੇ ਅਤੇ ਗੌਰਵਮਈ ਬਨਾਉਣਗੇ। 41 ਆਪਣੇ ਭਰਾ ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਬਸਤਰ ਪਹਿਨਾਓ। ਫ਼ੇਰ ਉਨ੍ਹਾਂ ਨੂੰ ਜਾਜਕ ਬਨਾਉਣ ਲਈ ਉਨ੍ਹਾਂ ਉੱਪਰ ਖਾਸ ਤੇਲ ਦਾ ਛਿੜਕਾਉ ਕਰੋ। ਇਹ ਉਨ੍ਹਾਂ ਨੂੰ ਪਵਿੱਤਰ ਬਣਾ ਦੇਵੇਗਾ। ਅਤੇ ਉਹ ਜਾਜਕਾਂ ਵਜੋਂ ਮੇਰੀ ਸੇਵਾ ਕਰਨਗੇ। 42 “ਜਾਜਕਾਂ ਦੇ ਅੰਦਰਲੇ ਵਸਤਰਾਂ ਲਈ ਲਿਨਨ ਦੀ ਵਰਤੋਂ ਕਰੋ। ਇਹ ਅੰਦਰਲੇ ਵਸਤਰ ਉਨ੍ਹਾਂ ਨੂੰ ਲੱਕ ਤੋਂ ਲੈਕੇ ਪੱਟਾਂ ਤੱਕ ਕੱਜਣਗੇ। 43 ਹਾਰੂਨ ਤੇ ਉਸਦੇ ਪੁੱਤਰਾਂ ਨੂੰ ਹਰ ਉਸ ਸਮੇਂ ਇਹ ਵਸਤਰ ਪਹਿਣਣੇ ਚਾਹੀਦੇ ਹਨ ਜਦੋਂ ਉਹ ਮੰਡਲੀ ਵਾਲੇ ਤੰਬੂ ਵਿੱਚ ਦਾਖਲ ਹੋਣ। ਜਦੋਂ ਵੀ ਉਹ ਪਵਿੱਤਰ ਸਥਾਨ ਉੱਤੇ ਜਗਵੇਦੀ ਦੇ ਨੇੜੇ ਜਾਜਕਾਂ ਵਜੋਂ ਸੇਵਾ ਕਰਨ ਲਈ ਆਉਣ ਉਨ੍ਹਾਂ ਨੂੰ ਇਹ ਵਸਤਰ ਜ਼ਰੂਰ ਪਹਿਨਣੇ ਚਾਹੀਦੇ ਹਨ। ਜੇ ਉਹ ਇਹ ਵਸਤਰ ਨਹੀਂ ਪਹਿਨਣਗੇ ਤਾਂ ਉਹ ਗੁਨਾਹ ਦੇ ਦੋਸ਼ੀ ਹੋਣਗੇ ਅਤੇ ਉਨ੍ਹਾਂ ਨੂੰ ਮਰਨਾ ਪਵੇਗਾ। ਇਹ ਸਾਰਾ ਕੁਝ ਅਜਿਹੀ ਬਿਧੀ ਹੋਣੀ ਚਾਹੀਦੀ ਹੈ ਜੋ ਹਾਰੂਨ ਅਤੇ ਉਸਦੇ ਬਾਦ ਉਸਦੇ ਸਾਰੇ ਪਰਿਵਾਰ ਲਈ ਹਮੇਸ਼ਾ ਜਾਰੀ ਰਹੇ।”

Exodus 29

1 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਹੁਣ ਮੈਂ ਤੈਨੂੰ ਦੱਸਾਂਗਾ ਕਿ ਹਾਰੂਨ ਅਤੇ ਉਸਦੇ ਪੁੱਤਰ ਜਾਜਕਾਂ ਵਜੋਂ ਖਾਸ ਢੰਗ ਨਾਲ ਮੇਰੀ ਸੇਵਾ ਕਰਦੇ ਹਨ, ਦਰਸਾਉਣ ਲਈ ਤੈਨੂੰ ਕੀ ਕਰਨਾ ਚਾਹੀਦਾ ਹੈ। ਇੱਕ ਜਵਾਨ ਵਹਿੜਕਾ ਅਤੇ ਦੋ ਜਵਾਨ ਭੇਡੂ ਲਵੀਂ ਜਿਨ੍ਹਾਂ ਵਿੱਚ ਕੋਈ ਨੁਕਸ ਨਾ ਹੋਵੇ। 2 ਫ਼ੇਰ ਖਮੀਰ ਤੋਂ ਬਿਨਾ ਰੋਟੀ ਬਨਾਉਣ ਲਈ ਮੈਦਾ ਲਵੋ। ਅਤੇ ਇਨ੍ਹਾਂ ਈਜ਼ਾਂ ਦੀ ਵਰਤੋਂ ਜੈਤੂਨ ਦੇ ਤੇਲ ਵਿੱਚ ਗੁਂਨ੍ਹਕੇ ਰੋਟੀਆਂ ਬਨਾਉਣ ਲਈ ਕਰੋ। ਅਤੇ ਜੈਤੂਨ ਦੇ ਤੇਲ ਨਾਲ ਚੋਪੜੀਆਂ ਹੋਈਆਂ ਛੋਟੀਆਂ, ਪਤਲੀਆਂ ਰੋਟੀਆਂ ਬਣਾਉ। 3 ਇਹ ਰੋਟੀਆਂ ਇੱਕ ਟੋਕਰੀ ਵਿੱਚ ਪਾਕੇ ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਦੇ ਦੇਵੋ। ਉਸੇ ਵੇਲੇ, ਵਹਿੜਕਾ ਅਤੇ ਦੋ ਭੇਡੂ ਉਨ੍ਹਾਂ ਨੂੰ ਦੇ ਦੇਵੋ। 4 “ਫ਼ੇਰ ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਮੰਡਲੀ ਵਾਲੇ ਤੰਬੂ ਦੇ ਦਰਵਾਜ਼ੇ ਉੱਤੇ ਲਿਆਉ। ਉਨ੍ਹਾਂ ਨੂੰ ਪਾਣੀ ਨਾਲ ਇਸ਼ਨਾਨ ਕਰਾਉ। 5 ਹਾਰੂਨ ਨੂੰ ਖਾਸ ਵਸਤਰ ਪਹਿਨਾਉ। ਉਸਨੂੰ ਉਣਿਆ ਹੋਇਆ ਚਿੱਟਾ ਚੋਲਾ ਅਤੇ ਏਫ਼ੋਦ ਨਾਲ ਪਹਿਨਣ ਵਾਲਾ ਨੀਲਾ ਚੋਲਾ ਪਹਿਨਾਉ। ਉਸਨੂੰ ਏਫ਼ੋਦ ਅਤੇ ਸੀਨੇ-ਬੰਦ ਪਹਿਨਾਉ। ਫ਼ੇਰ ਉਸ ਉੱਤੇ ਖੂਬਸੂਰਤ ਪੇਟੀ ਬੰਨ੍ਹ ਦਿਉ। 6 ਉਸਦੇ ਸਿਰ ਉੱਤੇ ਅਮਾਮਾ ਰਖੋ। ਅਤੇ ਅਮਾਮੇ ਦੇ ਦੁਆਲੇ ਖਾਸ ਤਾਜ ਰਖੋ। 7 ਮਸਹ ਕਰਨ ਦਾ ਤੇਲ ਲੈਕੇ ਹਾਰੂਨ ਦੇ ਸਿਰ ਤੇ ਚੋਅ। ਇਹ ਦਰਸਾਵੇਗਾ ਕਿ ਹਾਰੂਨ ਨੂੰ ਇਸ ਕਾਰਜ ਲਈ ਚੁਣਿਆ ਗਿਆ ਹੈ। 8 “ਫ਼ੇਰ ਹਾਰੂਨ ਦੇ ਪੁੱਤਰਾਂ ਨੂੰ ਉਸ ਥਾਂ ਤੇ ਲਿਆਉਣਾ। ਉਨ੍ਹਾਂ ਨੂੰ ਉਣੇ ਹੋਏ ਚਿੱਟੇ ਚੋਲੇ ਪੁਆਉਣੇ। 9 ਫ਼ੇਰ ਉਨ੍ਹਾਂ ਦੀਆਂ ਕਮਰਾਂ ਦੁਆਲੇ ਪੇਟੀਆਂ ਬੰਨ੍ਹਣੀਆਂ। ਉਨ੍ਹਾਂ ਨੂੰ ਪਹਿਨਣ ਲਈ ਖਾਸ ਟੋਪੀਆਂ ਦੇਣੀਆਂ। ਉਸ ਸਮੇਂ ਉਹ ਜਾਜਕ ਬਨਣਾ ਸ਼ੁਰੂ ਹੋ ਜਾਣਗੇ। ਉਹ ਉਸ ਖਾਸ ਨੇਮ ਦੇ ਅਧੀਨ ਜਾਜਕ ਹੋਣਗੇ ਜਿਹੜਾ ਹਮੇਸ਼ਾ ਰਹੇਗਾ। ਇਹੀ ਉਹ ਤਰੀਕਾ ਹੈ ਜਿਸ ਨਾਲ ਤੂੰ ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਜਾਜਕ ਥਾਪੇਂਗਾ। 10 “ਫ਼ੇਰ ਮੰਡਲੀ ਵਾਲੇ ਤੰਬੂ ਦੇ ਸਾਮ੍ਹਣੇ ਉਸ ਥਾਂ ਤੇ ਵਹਿੜਕਾ ਲੈਕੇ ਆਉਣਾ। ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਚਾਹੀਦਾ ਹੈ ਕਿ ਉਹ ਵਹਿੜਕੇ ਦੇ ਸਿਰ ਉੱਤੇ ਆਪਣੇ ਹੱਥ ਰੱਖਣ। 11 ਫ਼ੇਰ ਮੰਡਲੀ ਵਾਲੇ ਤੰਬੂ ਸਾਮ੍ਹਣੇ ਉਸੇ ਥਾਂ ਤੇ ਯਹੋਵਾਹ ਅੱਗੇ ਉਸ ਵਹਿੜਕੇ ਨੂੰ ਜ਼ਿਬਾਹ ਕਰਨਾ। 12 ਫ਼ੇਰ ਵਹਿੜਕੇ ਦਾ ਥੋੜਾ ਜਿਹਾ ਖੂਨ ਲੈਣਾ ਅਤੇ ਜਗਵੇਦੀ ਵੱਲ ਜਾਣਾ। ਆਪਣੀ ਉਂਗਲੀ ਨਾਲ ਥੋੜਾ ਜਿਹਾ ਖੂਨ ਜਗਵੇਦੀ ਦੇ ਸਿੰਗਾਂ ਉੱਤੇ ਲਾਉਣਾ। ਬਚਿਆ ਹੋਇਆ ਸਾਰਾ ਖੂਨ ਜਗਵੇਦੀ ਦੇ ਹੇਠਲੇ ਪਾਸੇ ਡੋਲ੍ਹ ਦੇਣਾ। 13 ਫ਼ੇਰ ਵਹਿੜਕੇ ਦੇ ਜਿਸਮ ਦੀ ਸਾਰੀ ਚਰਬੀ ਲੈਣੀ, ਜਿਗਰ ਦਾ ਚਰਬੀ ਵਾਲਾ ਭਾਗ, ਦੋਵੇਂ ਗੁਰਦੇ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੀ ਚਰਬੀ। ਇਸ ਚਰਬੀ ਨੂੰ ਜਗਵੇਦੀ ਉੱਤੇ ਬਾਲਣਾ। 14 ਫ਼ੇਰ ਵਹਿੜਕੇ ਦਾ ਮਾਸ, ਇਸਦੀ ਚਮੜੀ, ਅਤੇ ਇਸਦੇ ਹੋਰ ਸਾਰੇ ਅੰਗ ਲੈਕੇ ਉਨ੍ਹਾਂ ਨੂੰ ਆਪਣੇ ਡੇਰੇ ਤੋਂ ਬਾਹਰ ਸਾੜ ਦੇਣਾ। ਇਹ ਜਾਜਕਾਂ ਦੇ ਪਾਪਾਂ ਨੂੰ ਦੂਰ ਕਰਨ ਲਈ ਪਾਪ ਦੀ ਭੇਟ ਹੈ। 15 “ਫ਼ੇਰ ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਭੇਡੂਆਂ ਵਿੱਚੋਂ ਇੱਕ ਭੇਡੂ ਦੇ ਸਿਰ ਤੇ ਹੱਥ ਰੱਖਣ ਲਈ ਆਖਣਾ। 16 ਉਸ ਭੇਡੂ ਨੂੰ ਜ਼ਿਬਾਹ ਕਰ ਦੇਣਾ ਅਤੇ ਉਸਦਾ ਖੂਨ ਬਚਾ ਲੈਣਾ ਇਸ ਖੂਨ ਨੂੰ ਜਗਵੇਦੀ ਦੇ ਚਾਰੀ ਪਾਸੀਂ ਨਾਲ-ਨਾਲ ਛਿੜਕ ਦੇਣਾ। 17 ਫ਼ੇਰ ਭੇਡੂ ਦੇ ਕਈ ਟੁਕੜੇ ਕਰ ਦੇਣੇ। ਭੇਡੂ ਦੇ ਅੰਦਰਲੇ ਅੰਗਾਂ ਅਤੇ ਲੱਤਾਂ ਨੂੰ ਧੋ ਲੈਣਾ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਭੇਡੂ ਦੇ ਸਿਰ ਅਤੇ ਹੋਰ ਹਿਸਿਆਂ ਦੇ ਨਾਲ ਰੱਖ ਦੇਣਾ। 18 ਫ਼ੇਰ ਹਰ ਚੀਜ਼ ਨੂੰ ਜਗਵੇਦੀ ਉੱਤੇ ਸਾੜ ਦੇਣਾ। ਇਹ ਹੋਮ ਦੀ ਭੇਟ ਹੈ, ਅੱਗ ਦੁਆਰਾ ਚੜਾਈ ਗਈ ਭੇਟ, ਯਹੋਵਾਹ ਦੇ ਅੱਗੇ ਪ੍ਰਸੰਨ ਕਰਨ ਵਾਲੀ ਸੁਗੰਧ। 19 “ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਦੂਸਰੇ ਭੇਡੂ ਦੇ ਸਿਰ ਤੇ ਹੱਥ ਰੱਖਣ ਲਈ ਆਖਣਾ। 20 ਉਸ ਭੇਡੂ ਨੂੰ ਮਾਰਕੇ ਉਸਦਾ ਕੁਝ ਖੂਨ ਇਕਠਾ ਕਰ ਲੈਣਾ। ਇਹ ਖੂਨ ਹਾਰੂਨ ਅਤੇ ਉਸਦੇ ਪੁੱਤਰਾਂ ਦੇ ਸੱਜੇ ਕੰਨਾਂ ਦੇ ਹੇਠਲੇ ਹਿੱਸੇ ਉੱਤੇ ਮਲ ਦੇਣਾ। ਕੁਝ ਖੂਨ ਉਨ੍ਹਾਂ ਦੇ ਸੱਜੇ ਹੱਥਾਂ ਦੇ ਅੰਗੂਠਿਆਂ ਉੱਤੇ ਅਤੇ ਕੁਝ ਖੂਨ ਉਨ੍ਹਾਂ ਦੇ ਸੱਜੇ ਪੈਰਾਂ ਦੇ ਅੰਗੂਠਿਆਂ ਉੱਤੇ ਮਲ ਦੇਣਾ, ਫ਼ੇਰ ਖੂਨ ਨੂੰ ਜਗਵੇਦੀ ਦੇ ਚਾਰੇ ਪਾਸੇ ਛਿੜਕ ਦੇਣਾ। 21 ਫ਼ੇਰ ਜਗਵੇਦੀ ਤੋਂ ਕੁਝ ਖੂਨ ਲੈਣਾ, ਇਸਨੂੰ ਖਾਸ ਤੇਲ ਵਿੱਚ ਮਿਲਾਕੇ ਹਾਰੂਨ ਅਤੇ ਉਸਦੇ ਵਸਤਰਾਂ ਉੱਤੇ ਛਿੜਕ ਦੇਣਾ ਅਤੇ ਉਸਦੇ ਪੁੱਤਰਾਂ ਅਤੇ ਉਨ੍ਹਾਂ ਦੇ ਵਸਤਰਾਂ ਉੱਤੇ ਛਿੜਕ ਦੇਣਾ। ਇਹ ਦਰਸਾਵੇਗਾ ਕਿ ਹਾਰੂਨ ਅਤੇ ਉਸਦੇ ਪੁੱਤਰ ਮੇਰੀ ਖਾਸ ਤਰ੍ਹਾਂ ਨਾਲ ਸੇਵਾ ਕਰਦੇ ਹਨ ਅਤੇ ਉਨ੍ਹਾਂ ਦੇ ਵਸਤਰ ਸਿਰਫ਼ ਇਸ ਖਾਸ ਸੇਵਾ ਲਈ ਹੀ ਇਸਤੇਮਾਲ ਹੁੰਦੇ ਹਨ। 22 “ਫ਼ੇਰ ਭੇਡੂ ਦੀ ਚਰਬੀ ਲੈਣਾ। (ਇਹ ਉਹੀ ਭੇਡੂ ਹੈ ਜਿਸਦੀ ਵਰਤੋਂ ਹਾਰੂਨ ਨੂੰ ਪਰਧਾਨ ਜਾਜਕ ਬਨਾਉਣ ਦੀ ਰਸਮ ਕਰਨ ਲਈ ਕੀਤੀ ਜਾਵੇਗੀ।) ਪੂਛ ਦੇ ਆਲੇ-ਦੁਆਲੇ ਦੀ ਚਰਬੀ ਲੈਣਾ ਅਤੇ ਉਹ ਚਰਬੀ ਜਿਹੜੀ ਉਸਦੇ ਅੰਦਰਲੇ ਅੰਗਾਂ ਨੂੰ ਢਕਦੀ ਹੈ। ਫ਼ੇਰ ਉਹ ਚਰਬੀ ਲੈਣਾ ਜਿਹੜੀ ਜਿਗਰ ਨੂੰ ਢਕਦੀ ਹੈ ਦੋਹਾਂ ਗੁਰਦਿਆਂ ਨੂੰ ਅਤੇ ਉਨ੍ਹਾਂ ਉੱਤੇ ਲਗੀ ਚਰਬੀ ਨੂੰ ਅਤੇ ਲੱਤਾਂ ਨੂੰ ਲੈਣਾ। 23 ਫ਼ੇਰ ਰੋਟੀ ਵਾਲੀ ਉਹ ਟੋਕਰੀ ਲੈਣਾ ਜਿਹੜੀ ਤੁਸੀਂ ਖਮੀਰ ਤੋਂ ਬਿਨਾ ਬਣਾਕੇ ਯਹੋਵਾਹ ਦੇ ਅੱਗੇ ਰਖੀ ਸੀ। ਟੋਕਰੀ ਵਿੱਚੋਂ ਇਹ ਚੀਜ਼ਾਂ ਬਾਹਰ ਕੱਢ ਲੈਣੀਆਂ; ਇੱਕ ਡਬਲ ਰੋਟੀ, ਤੇਲ ਨਾਲ ਬਣੀ ਹੋਈ ਇੱਕ ਰੋਟੀ, ਅਤੇ ਇੱਕ ਪਤਲਾ ਕੇਕ। 24 ਇਹ ਚੀਜ਼ਾਂ ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਦੇ ਦੇਣੀਆਂ। ਉਨ੍ਹਾਂ ਨੂੰ ਆਖਣਾ ਕਿ ਇਨ੍ਹਾਂ ਚੀਜ਼ਾਂ ਨੂੰ ਆਪਣੇ ਹੱਥਾਂ ਵਿੱਚ ਲੈਕੇ ਯਹੋਵਾਹ ਦੇ ਸਨਮੁਖ ਖਲੋਣ। ਇਹ ਯਹੋਵਾਹ ਲਈ ਹਿਲਾਉਣ ਦੀ ਭੇਟਾ ਹੋਵੇਗੀ। 25 ਫ਼ੇਰ ਇਹ ਚੀਜ਼ਾਂ ਹਾਰੂਨ ਅਤੇ ਉਸਦੇ ਪੁੱਤਰਾਂ ਪਾਸੋਂ ਲੈ ਲੈਣੀਆਂ ਅਤੇ ਉਨ੍ਹਾਂ ਨੂੰ ਭੇਡੂ ਦੇ ਸਮੇਤ ਜਗਵੇਦੀ ਉੱਤੇ ਰੱਖ ਦੇਣਾ। ਇਹ ਹੋਮ ਦੀ ਭੇਟਾ ਹੈ, ਅੱਗ ਦੁਆਰਾ ਚੜਾਈ ਗਈ ਭੇਟ, ਯਹੋਵਾਹ ਦੇ ਅੱਗੇ ਉਹ ਪ੍ਰਸੰਨ ਕਰਨ ਵਾਲੀ ਸੁਗੰਧੀ। 26 “ਫ਼ੇਰ ਭੇਡੂ ਦਾ ਸੀਨਾ ਲੈਣਾ। (ਇਹ ਉਹੀ ਭੇਡੂ ਹੈ ਜਿਸਦੀ ਵਰਤੋਂ ਹਾਰੂਨ ਨੂੰ ਪਰਧਾਨ ਜਾਜਕ ਬਨਾਉਣ ਦੀ ਰਸਮ ਵਿੱਚ ਕੀਤੀ ਜਾਵੇਗੀ।) ਯਹੋਵਾਹ ਦੇ ਸਾਮ੍ਹਣੇ ਭੇਡੂ ਦੇ ਸੀਨੇ ਨੂੰ ਖਾਸ ਬੇਟਾ ਵਜੋਂ ਹੱਥਾਂ ਵਿੱਚ ਫ਼ੜੋ। ਫ਼ੇਰ ਇਸਨੂੰ ਵਾਪਸ ਲੈਕੇ ਆਪਣੇ ਹਿੱਸੇ ਵਜੋਂ ਰੱਖ ਲਵੋ। 27 ਉਸ ਭੇਡੂ ਦਾ ਸੀਨਾ ਅਤੇ ਲੱਤ ਲਵੋ ਜਿਸਦੀ ਵਰਤੋਂ ਹਾਰੂਨ ਨੂੰ ਪਰਧਾਨ ਜਾਜਕ ਬਨਾਉਣ ਲਈ ਅਤੇ ਉਨ੍ਹਾਂ ਹਿਸਿਆਂ ਨੂੰ ਪਵਿੱਤਰ ਬਨਾਉਣ ਲਈ ਕੀਤੀ ਗਈ ਸੀ। ਫ਼ੇਰ ਇਹ ਖਾਸ ਹਿੱਸੇ ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਦੇ ਦਿਉ। 28 ਇਸਰਾਏਲ ਦੇ ਲੋਕ ਹਾਰੂਨ ਤੇ ਉਸਦੇ ਪੁੱਤਰਾਂ ਨੂੰ ਹਿੱਸੇ ਹਮੇਸ਼ਾ ਦੇਣਗੇ। ਜਦੋਂ ਇਸਰਾਏਲ ਦੇ ਲੋਕ ਯਹੋਵਾਹ ਨੂੰ ਚੜਾਵਾ ਚੜਾਉਣਗੇ ਇਹ ਹਿੱਸੇ ਹਮੇਸ਼ਾ ਜਾਜਕਾਂ ਦੇ ਹੋਣਗੇ। ਜਦੋਂ ਉਹ ਇਨ੍ਹਾਂ ਹਿਸਿਆਂ ਨੂੰ ਜਾਜਕਾਂ ਨੂੰ ਦੇਣਗੇ, ਇਹ ਇਨ੍ਹਾਂ ਨੂੰ ਯਹੋਵਾਹ ਨੂੰ ਭੇਂਟ ਕਰਨ ਵਾਲੀ ਗੱਲ ਹੀ ਹੋਵੇਗੀ। 29 “ਉਨ੍ਹਾਂ ਖਾਸ ਕੱਪੜਿਆਂ ਨੂੰ ਬਚਾਕੇ ਰਖੋ ਜਿਹੜੇ ਹਾਰੂਨ ਲਈ ਬਣਾਏ ਗਏ ਸਨ। ਉਹ ਕੱਪੜੇ ਉਸਤੋਂ ਬਾਦ ਜਿਉਣ ਵਾਲੇ ਉਸਦੇ ਸਾਰੇ ਲੋਕਾਂ ਦੇ ਹੋਣਗੇ। ਜਦੋਂ ਉਨ੍ਹਾਂ ਨੂੰ ਜਾਜਕ ਚੁਣਿਆ ਜਾਵੇਗਾ ਤਾਂ ਉਹ ਇਹ ਕੱਪੜੇ ਪਹਿਨਣਗੇ। 30 ਹਾਰੂਨ ਦਾ ਪੁੱਤਰ ਉਸਤੋਂ ਮਗਰੋਂ ਅਗਲਾ ਪਰਧਾਨ ਜਾਜਕ ਬਣੇਗਾ। ਉਹ ਪੁੱਤਰ ਜਦੋਂ ਪਵਿੱਤਰ ਸਥਾਨ ਉੱਤੇ ਮੰਡਲੀ ਵਾਲੇ ਤੰਬੂ ਵਿੱਚ ਸੇਵਾ ਕਰਨ ਲਈ ਆਵੇਗਾ ਤਾਂ ਸੱਤ ਦਿਨ ਇਹ ਵਸਤਰ ਪਹਿਨੇਗਾ। 31 “ਉਸ ਭੇਡੂ ਦਾ ਮਾਸ ਪਵਿੱਤਰ ਸਥਾਨ ਤੇ ਰਿੰਨ੍ਹੋ ਜਿਸਨੂੰ ਹਰੂਨ ਦੇ ਪਰਧਾਨ ਜਾਜਕ ਬਨਾਉਣ ਲਈ ਵਰਤਿਆ ਗਿਆ ਸੀ। 32 ਫ਼ੇਰ ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਉਹ ਮਾਸ ਮੰਡਲੀ ਵਾਲੇ ਤੰਬੂ ਦੇ ਸਾਮ੍ਹਣੇ ਦਰਵਾਜ਼ੇ ਤੇ ਖਾਣਾ ਚਾਹੀਦਾ ਹੈ। ਅਤੇ ਉਨ੍ਹਾਂ ਨੂੰ ਉਹ ਰੋਟੀ ਵੀ ਖਾਣੀ ਚਾਹੀਦੀ ਹੈ ਜਿਹੜੀ ਟੋਕਰੀ ਵਿੱਚ ਹੈ। 33 ਇਨ੍ਹਾਂ ਚੜਾਵਿਆਂ ਦੀ ਵਰਤੋਂ ਉਦੋਂ ਉਨ੍ਹਾਂ ਦਾ ਪਰਾਸਚਿਤ ਕਰਨ ਲਈ ਕੀਤੀ ਗਈ ਸੀ ਜਦੋਂ ਉਨ੍ਹਾਂ ਨੂੰ ਜਾਜਕ ਬਣਾਇਆ ਗਿਆ ਸੀ। ਹੁਣ ਉਨ੍ਹਾਂ ਨੂੰ ਉਹ ਭੇਟਾਂ ਖਾਣੀਆਂ ਚਾਹੀਦੀਆਂ ਹਨ। ਕਿਸੇ ਵੀ ਅਜਨਬੀ ਨੂੰ ਇਹ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ, ਕਿਉਂਕਿ ਉਹ ਪਵਿੱਤਰ ਹਨ। 34 ਜੇ ਉਸ ਭੇਡੂ ਦੇ ਮਾਸ ਵਿੱਚੋਂ ਜਾਂ ਰੋਟੀ ਦਾ ਕੋਈ ਟੁਕੜਾ ਸਵੇਰ ਲਈ ਬਚ ਜਾਵੇ ਤਾਂ ਉਸਨੂੰ ਸਾੜ ਦੇਣਾ ਚਾਹੀਦਾ ਹੈ। ਤੁਹਾਨੂੰ ਉਹ ਮਾਸ ਜਾਂ ਰੋਟੀ ਨਹੀਂ ਖਾਣੀ ਚਾਹੀਦੀ ਕਿਉਂਕਿ ਇਸਨੂੰ ਸਿਰਫ਼ ਖਾਸ ਢੰਗ ਨਾਲ ਖਾਸ ਸਮੇਂ ਹੀ ਖਾਣਾ ਚਾਹੀਦਾ ਸੀ। 35 “ਤੁਹਾਨੂੰ ਇਹ ਸਾਰੀਆਂ ਗੱਲਾਂ ਹਾਰੂਨ ਅਤੇ ਉਸਦੇ ਪੁੱਤਰਾਂ ਲਈ ਕਰਨੀਆਂ ਚਾਹੀਦੀਆਂ ਹਨ। ਤੁਹਾਨੂੰ ਚਾਹੀਦਾ ਹੈ ਕਿ ਇਨ੍ਹਾਂ ਨੂੰ ਬਿਲਕੁਲ ਉਵੇਂ ਹੀ ਕਰੋ ਜਿਵੇਂ ਮੈਂ ਤੁਹਾਨੂੰ ਆਖਿਆ ਸੀ। ਉਨ੍ਹਾਂ ਨੂੰ ਜਾਜਕ ਥਾਪਣ ਦੀ ਰਸਮ ਪੂਰੇ ਸੱਤ ਦਿਨ ਜਾਰੀ ਰਖਣੀ ਚਾਹੀਦੀ ਹੈ। 36 ਤੁਹਾਨੂੰ ਸੱਤਾਂ ਦਿਨਾਂ ਤੱਕ ਪਾਪ ਦੀ ਭੇਟ ਵਜੋਂ ਹਰ ਰੋਜ਼ ਇੱਕ ਵਹਿੜਕਾ ਮਾਰਨਾ ਚਾਹੀਦਾ ਹੈ। ਇਹ ਭੇਟ ਪਰਾਸਚਿਤ ਲਈ ਹੋਵੇਗੀ। ਤੁਸੀਂ ਇਨ੍ਹਾਂ ਬਲੀਆਂ ਨੂੰ ਜਗਵੇਦੀ ਨੂੰ ਪਵਿੱਤਰ ਬਨਾਉਣ ਲਈ ਵਰਤੋਂਗੇ। ਅਤੇ ਇਸਨੂੰ ਪਵਿੱਤਰ ਬਨਾਉਣ ਲਈ ਇਸ ਉੱਤੇ ਜੈਤੂਨ ਦਾ ਤੇਲ ਛਿੜਕੋਂਗੇ। 37 ਤੁਸੀਂ ਜਗਵੇਦੀ ਲਈ ਸੱਤਾਂ ਦਿਨਾਂ ਲਈ ਪਰਾਸਚਿਤ ਕਰੋਂਗੇ ਅਤੇ ਇਸਨੂੰ ਪਵਿੱਤਰ ਬਣਾਵੋਂਗੇ। ਉਸ ਸਮੇਂ, ਜਗਵੇਦੀ ਅੱਤ ਪਵਿੱਤਰ ਹੋ ਜਾਵੇਗੀ ਅਤੇ ਕੋਈ ਵੀ ਚੀਜ਼ ਜਿਹੜੀ ਜਗਵੇਦੀ ਨੂੰ ਛੂਹੇਗੀ, ਪਵਿੱਤਰ ਬਣ ਜਾਵੇਗੀ। 38 “ਹਰ ਰੋਜ਼ ਤੁਹਾਨੂੰ ਜਗਵੇਡੀ ਉੱਤੇ ਇੱਕ ਭੇਟ ਚੜਾਉਣੀ ਚਾਹੀਦੀ ਹੈ। ਤੁਹਾਨੂੰ ਇੱਕ ਸਾਲ ਦੇ ਦੋ ਲੇਲੇ ਮਾਰਨੇ ਚਾਹੀਦੇ ਹਨ। 39 ਇੱਕ ਲੇਲੇ ਨੂੰ ਸਵੇਰੇ ਅਤੇ ਦੂਸਰੇ ਨੂੰ ਸ਼ਾਮ ਵੇਲੇ ਬਲੀ ਚੜਾਉ। 40 ਜਦੋਂ ਤੁਸੀਂ ਪਹਿਲੇ ਲੇਲੇ ਨੂੰ ਚੜਾਵੋ, ਇਸਦੇ ਨਾਲ ਪੁਰਾਣੇ ਤੇਲ ਦੇ ਇੱਕ ਹਿਨ ਦੇ ਇੱਕ ਚੁਥਾਈ ਹਿੱਸੇ ਨਾਲ ਮਿਲੇ ਮੈਦੇ ਦੇ 8 ਕੱਪ ਅਤੇ ਮੈਅ ਦੇ ਇੱਕ ਹਿਨ ਦਾ ਇੱਕ ਕੁਆਟਰ ਮੈਅ ਦੀ ਭੇਟਾ ਵਜੋਂ ਚੜਾਵੋ। ਜਦੋਂ ਤੁਸੀਂ ਸ਼ਾਮ ਵੇਲੇ ਦੂਜੇ ਲੇਲੇ ਨੂੰ ਮਾਰੋਂ, ਪੁਰਾਣੇ ਤੇਲ ਦੇ ਇੱਕ ਹਿਨ ਦੇ ਇੱਕ ਚੁਥਾਈ ਹਿੱਸੇ ਨਾਲ ਮਿਲੇ ਮੈਦੇ ਦੇ 8 ਕੱਪ ਅਤੇ ਮੈਅ ਦੇ ਇੱਕ ਹਿਨ ਦਾ ਇੱਕ ਕੁਆਟਰ ਚੜਾਵੋ। ਇਹ ਉਵੇਂ ਹੀ ਹੈ ਜਿਵੇਂ ਤੁਸੀਂ ਸਵੇਰੇ ਕੀਤਾ ਸੀ। ਇਹ ਯਹੋਵਾਹ ਨੂੰ ਭੋਜਨ ਦੀ ਭੇਟ ਹੋਵੇਗੀ ਅਤੇ ਜਦੋਂ ਤੁਸੀਂ ਇਹ ਭੇਟ ਸਾੜੋਂਗੇ, ਇਹ ਯਹੋਵਾਹ ਅੱਗੇ ਪ੍ਰਸੰਨ ਕਰਨ ਵਾਲੀ ਸੁਗੰਧ ਹੋਵੇਗੀ। 41 42 “ਤੁਹਾਨੂੰ ਇਹ ਚੀਜ਼ਾਂ ਹਰ ਰੋਜ਼ ਯਹੋਵਾਹ ਨੂੰ ਪੂਰੀ ਹੋਮ ਦੀ ਭੇਟ ਵਜੋਂ ਚੜਾਉਣੀਆਂ ਚਾਹੀਦੀਆਂ ਹਨ। ਇਸਨੂੰ ਯਹੋਵਾਹ ਦੇ ਸਾਮ੍ਹਣੇ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਤੇ ਕਰੋ। ਹਰ ਸਮੇਂ ਅਜਿਹਾ ਕਰਦੇ ਰਹੋ। ਜਦੋਂ ਤੁਸੀਂ ਭੇਟ ਚੜਾਵੋਂਗੇ, ਮੈਂ, ਯਹੋਵਾਹ, ਤੁਹਾਨੂੰ ਉਥੇ ਮਿਲਾਂਗਾ ਅਤੇ ਤੁਹਾਡੇ ਨਾਲ ਗੱਲ ਕਰਾਂਗਾ। 43 ਮੈਂ ਤੁਹਾਨੂੰ ਉਸ ਥਾਂ ਇਸਰਾਏਲ ਦੇ ਲੋਕਾਂ ਨਾਲ ਮਿਲਾਂਗਾ। ਅਤੇ ਮੇਰਾ ਪਰਤਾਪ ਉਸ ਥਾਂ ਨੂੰ ਪਵਿੱਤਰ ਬਣਾ ਦੇਵੇਗਾ। 44 “ਇਸ ਤਰ੍ਹਾਂ ਮੈਂ ਮੰਡਲੀ ਵਾਲੇ ਤੰਬੂ ਨੂੰ ਪਵਿੱਤਰ ਬਣਾ ਦਿਆਂਗਾ। ਅਤੇ ਮੈਂ ਜਗਵੇਦੀ ਨੂੰ ਪਵਿੱਤਰ ਬਣਾ ਦਿਆਂਗਾ। ਅਤੇ ਮੈਂ ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਪਵਿੱਤਰ ਬਾਣਾ ਦਿਆਂਗਾ। ਤਾਂ ਜੋ ਉਹ ਜਾਜਕਾਂ ਵਜੋਂ ਮੇਰੀ ਸੇਵਾ ਕਰ ਸਕਣ। 45 ਮੈਂ ਇਸਰਾਏਲ ਦੇ ਲੋਕਾਂ ਨਾਲ ਰਹਾਂਗਾ। ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ। 46 ਲੋਕ ਜਾਣ ਲੈਣਗੇ ਕਿ ਮੈਂ ਯਹੋਵਾਹ ਹਾਂ, ਉਨ੍ਹਾਂ ਦਾ ਪਰਮੇਸ਼ੁਰ ਉਹ ਜਾਣ ਲੈਣਗੇ ਕਿ ਮੈਂ ਹੀ ਉਹ ਹਾਂ ਜਿਹੜਾ ਉਨ੍ਹਾਂ ਨੂੰ ਮਿਸਰ ਵਿੱਚੋਂ ਬਾਹਰ ਲਿਆਇਆ ਸੀ ਤਾਂ ਜੋ ਮੈਂ ਉਨ੍ਹਾਂ ਦੇ ਨਾਲ ਰਹਿ ਸਕਾਂ। ਮੈਂ ਯਹੋਵਾਹ ਹਾਂ, ਉਨ੍ਹਾਂ ਦਾ ਪਰਮੇਸ਼ੁਰ।”

Exodus 30

1 ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, “ਸ਼ਿੱਟੀਮ ਦੀ ਲੱਕੜ ਦੀ ਇੱਕ ਜਗਵੇਦੀ ਬਣਾਉ। ਤੁਸੀਂ ਇਸ ਜਗਵੇਦੀ ਨੂੰ ਧੂਫ਼ ਧੁਖਾਉਣ ਲਈ ਵਰਤੋਂਗੇ। 2 ਤੁਹਾਨੂੰ ਜਗਵੇਦੀ ਚੌਕੋਰ ਬਨਾਉਣੀ ਚਾਹੀਦੀ ਹੈ - ਇੱਕ ਹੱਥ ਲੰਮੀ ਤੇ ਇੱਕ ਹੱਥ ਚੌੜੀ। ਇਹ ਦੋ ਹੱਥ ਉੱਚੀ ਹੋਣੀ ਚਾਹੀਦੀ ਹੈ ਇਸਦੇ ਚੌਹਾਂ ਕੋਨਿਆਂ ਉੱਤੇ ਸਿੰਗ ਹੋਣੇ ਚਾਹੀਦੇ ਹਨ। ਇਨ੍ਹਾਂ ਸਿੰਗਾ ਨੂੰ ਜਗਵੇਦੀ ਨਾਲ ਇੱਕ ਮਿੱਕ ਕਰਕੇ ਬਨਾਉਣਾ ਚਾਹੀਦਾ ਹੈ। 3 ਜਗਵੇਦੀ ਦੇ ਉੱਪਰ ਪਾਸੇ ਅਤੇ ਇਸਦੇ ਸਾਰੇ ਪਾਸਿਆਂ ਉੱਪਰ ਸ਼ੁਧ ਸੋਨਾ ਚੜਾਉ। ਅਤੇ ਜਗਵੇਦੀ ਦੇ ਆਲੇ-ਦੁਆਲੇ ਸੋਨੇ ਦੀ ਕਿਨਾਰੀ ਬਣਾਉ। 4 ਇਸ ਸੁਨਿਹਰੀ ਕਿਨਾਰੀ ਦੇ ਹੇਠਾਂ ਸੋਨੇ ਦੇ ਦੋ ਕੜੇ ਅਤੇ ਜਗਵੇਦੀ ਦੇ ਹਰ ਪਾਸੇ ਸੋਨੇ ਦੇ ਦੋ ਕੜੇ ਹੋਣੇ ਚਾਹੀਦੇ ਹਨ। ਇਨ੍ਹਾਂ ਕੜਿਆਂ ਦੀ ਵਰਤੋਂ ਜਗਵੇਦੀ ਨੂੰ ਚੋਬਾਂ ਨਾਲ ਚੁੱਕਣ ਲਈ ਕੀਤੀ ਜਾਵੇਗੀ। 5 ਚੋਬਾਂ ਵੀ ਸ਼ਿੱਟੀਮ ਦੀ ਲੱਕੜ ਦੀਆਂ ਬਣਾਉ। ਚੋਬਾਂ ਉੱਪਰ ਸੋਨਾ ਚੜਾਉ। 6 ਜਗਵੇਦੀ ਨੂੰ ਖਾਸ ਪਰਦੇ ਦੇ ਸਾਮ੍ਹਣੇ ਰਖੋ। ਇਸ ਪਰਦੇ ਦੇ ਪਿਛੇ ਇਕਰਾਰਨਾਮੇ ਵਾਲਾ ਸੰਦੂਕ ਹੈ। ਜਗਵੇਦੀ ਉਸ ਪਰਦੇ ਦੇ ਸਾਮ੍ਹਣੇ ਹੋਵੇਗੀ ਜਿਹੜਾ ਇਕਰਾਰਨਾਮੇ ਦੇ ਉੱਪਰ ਹੈ। ਇਹੀ ਉਹ ਥਾਂ ਹੈ ਜਿਥੇ ਮੈਂ ਤੁਹਾਨੂੰ ਮਿਲਾਂਗਾ। 7 “ਹਾਰੂਨ ਨੂੰ ਚਾਹੀਦਾ ਹੈ ਕਿ ਹਰ ਸਵੇਰ ਜਗਵੇਦੀ ਉੱਤੇ ਸੁਗੰਧੀ ਧੂਫ਼ ਧੁਖਾਵੇ। ਅਜਿਹਾ ਉਹ ਉਸ ਵੇਲੇ ਕਰੇਗਾ ਜਦੋਂ ਉਹ ਦੀਵਿਆਂ ਦੀ ਦੇਖ ਭਾਲ ਕਰਨ ਲਈ ਆਵੇਗਾ। 8 ਸ਼ਾਮ ਵੇਲੇ ਇੱਕ ਵਾਰ ਫ਼ੇਰ, ਉਸਨੂੰ ਧੂਫ਼ ਧੁਖਾਉਣੀ ਚਾਹੀਦੀ ਹੈ। ਇਹ ਉਹ ਸਮਾਂ ਹੈ ਜਦੋਂ ਉਹ ਸ਼ਾਮ ਵੇਲੇ ਦੀਵਿਆਂ ਦੀ ਜਾਂਚ ਕਰੇਗਾ। ਇਸ ਤਰ੍ਹਾਂ, ਉਹ ਧੂਫ਼ ਯਹੋਵਾਹ ਦੇ ਸਾਮ੍ਹਣੇ ਤੁਹਾਡੀ ਸਾਰੀ ਪੀੜੀ ਤੀਕ ਧੁਖਦੀ ਰਹੇਗੀ। 9 ਇਸ ਜਗਵੇਦੀ ਨੂੰ ਕਿਸੇ ਹੋਰ ਤਰ੍ਹਾਂ ਦੀ ਧੂਫ਼ ਜਾਂ ਹੋਮ ਦੀ ਭੇਟ ਲਈ ਨਾ ਵਰਤਣਾ। ਇਸ ਜਗਵੇਦੀ ਦੀ ਵਰਤੋਂ ਕਿਸੇ ਤਰ੍ਹਾਂ ਦੇ ਅਨਾਜ਼ ਦੀ ਭੇਟਾ ਜਾਂ ਪੀਣ ਦੀ ਭੇਟਾ ਲਈ ਨਹੀਂ ਕਰਨੀ। 10 “ਸਾਲ ਵਿੱਚ ਇੱਕ ਵਾਰੀ, ਹਾਰੂਨ ਨੂੰ ਯਹੋਵਾਹ ਅੱਗੇ ਖਾਸ ਬਲੀ ਚੜਾਉਣੀ ਚਾਹੀਦੀ ਹੈ। ਉਸਨੂੰ ਕਫ਼ਾਰੇ ਦੇ ਦਿਨ ਦੀ ਪਾਪ ਦੀ ਭੇਟ ਦਾ ਲਹੂ ਜਗਵੇਦੀ ਦੇ ਸਿੰਗਾਂ ਉੱਤੇ ਪਾਉਣਾ ਚਾਹੀਦਾ। ਇਸ ਤਰ੍ਹਾਂ ਸਾਲ ‘ਚ ਇੱਕ ਵਾਰੀ ਹਾਰੂਨ ਤੁਹਾਡੀਆਂ ਉੱਤੇ ਸਾਰੀਆਂ ਪੀੜੀਆਂ ਲਈ ਜਗਵੇਦੀ ਲਈ ਪਰਾਸਚਿਤ ਕਰੇਗਾ ਕਿਉਂਕਿ ਇਹ ਜਗਵੇਦੀ ਯਹੋਵਾਹ ਲਈ ਅੱਤ ਪਵਿੱਤਰ ਹੈ।” 11 ਯਹੋਆਹ ਨੇ ਮੂਸਾ ਨੂੰ ਆਖਿਆ, 12 “ਇਸਰਾਏਲ ਦੇ ਲੋਕਾਂ ਦੀ ਗਿਣਤੀ ਕਰ ਤਾਂ ਜੋ ਤੈਨੂੰ ਪਤਾ ਲੱਗੇ ਕਿ ਇੱਥੇ ਕਿੰਨੇ ਲੋਕ ਹਨ। ਹਰ ਵਰੀ ਜਦੋਂ ਇਹ ਕੀਤਾ ਜਾਵੇ, ਹਰ ਬੰਦੇ ਨੂੰ ਆਪਣੇ ਲਈ ਯਹੋਵਾਹ ਨੂੰ ਕੁਝ ਅਦਾਇਗੀ ਕਰਨੀ ਚਾਹੀਦੀ ਹੈ। ਜੇ ਹਰ ਬੰਦਾ ਅਜਿਹਾ ਕਰੇਗਾ ਤਾਂ ਲੋਕਾਂ ਉੱਤੇ ਕੋਈ ਵੀ ਭਿਆਨਕ ਤਬਾਹੀ ਨਹੀਂ ਆਵੇਗੀ। 13 ਹਰ ਉਸ ਬੰਦੇ ਨੂੰ, ਜਿਸਦੀ ਗਿਣਤੀ ਕੀਤੀ ਜਾਂਦੀ ਹੈ, ਡੇਢ ਸ਼ੈਕਲ ਅਦਾ ਕਰਨਾ ਚਾਹੀਦਾ ਹੈ। (ਅਰਥਾਤ ਡੇਢ ਸ਼ੈਕਲ ਸਰਕਾਰੀ ਮਾਪ ਅਨੁਸਾਰ। ਇੱਕ ਸ਼ੈਕਲ 20ਗਿਰਾਫ਼ ਦਾ ਹੈ।) ਇਹ ਅਧਾ ਸ਼ੈਕਲ ਯਹੋਵਾਹ ਲਈ ਭੇਟ ਹੈ। 14 ਹਰ ਬੰਦਾ ਜਿਹੜਾ ਘੱਟੋ-ਘੱਟ 20 ਵਰ੍ਹਿਆਂ ਦਾ ਹੈ, ਉਸਨੂੰ ਗਿਣਿਆ ਜਾਵੇਗਾ। ਅਤੇ ਹਰ ਉਸ ਨੂੰ, ਜਿਸਦੀ ਗਿਣਤੀ ਕੀਤੀ ਜਾਂਦੀ ਹੈ, ਯਹੋਵਾਹ ਨੂੰ ਇਹ ਭੇਟ ਦੇਣੀ ਚਾਹੀਦੀ ਹੈ। 15 ਅਮੀਰ ਆਦਮੀਆਂ ਨੂੰ ਅਧੇ ਸ਼ੈਕਲ ਤੋਂ ਵਧ ਨਹੀਂ ਦੇਣਾ ਚਾਹੀਦਾ ਅਤੇ ਗਰੀਬ ਲੋਕਾਂ ਨੂੰ ਅਧੇ ਸ਼ੈਕਲ ਤੋਂ ਘੱਟ ਨਹੀਂ ਦੇਣਾ ਚਾਹੀਦਾ। ਸਾਰੇ ਲੋਕ ਯਹੋਵਾਹ ਨੂੰ ਇੱਕੋ ਜਿਹੀ ਭੇਟ ਦੇਣਗੇ। ਇਹ ਭੇਟ ਤੁਹਾਡੀਆਂ ਰੂਹਾਂ ਲਈ ਪਰਾਸਚਿਤ ਹੋਵੇਗੀ। 16 ਇਹ ਪੈਸਾ ਇਸਰਾਏਲ ਦੇ ਲੋਕਾਂ ਪਾਸੋਂ ਇਕਠਾ ਕਰੋ ਅਤੇ ਇਸਨੂੰ ਮੰਡਲੀ ਵਾਲੇ ਤੰਬੂ ਵਿੱਚ ਸੇਵਾ ਲਈ ਵਰਤੋਂ। ਇਹ ਭੇਟ ਯਹੋਵਾਹ ਦਾ ਆਪਣੇ ਲੋਕਾਂ ਨੂੰ ਯਾਦ ਰੱਖਣ ਦਾ ਇੱਕ ਢੰਗ ਅਤੇ ਤੁਹਾਡੀਆਂ ਰੂਹਾਂ ਲਈ ਪਰਾਸਚਿਤ ਹੋਵੇਗੀ।” 17 ਯਹੋਵਾਹ ਨੇ ਮੂਸਾ ਨੂੰ ਆਖਿਆ, 18 “ਪਿੱਤਲ ਦਾ ਇੱਕ ਤਸਲਾ ਬਨਾਉਣ ਅਤੇ ਇਸਨੂੰ ਪਿੱਤਲ ਦੀ ਚੌਕੀ ਉੱਤੇ ਰਖੋ। ਤੁਸੀਂ ਇਸਨੂੰ ਧੋਣ ਲਈ ਇਸਤੇਮਾਲ ਕਰੋਂਗੇ। ਇਸ ਤਸਲੇ ਨੂੰ ਜਗਵੇਦੀ ਅਤੇ ਮੰਡਲੀ ਵਾਲੇ ਤੰਬੂ ਦੇ ਵਿਚਕਾਰ ਰਖੋ। ਇਸ ਤਸਲੇ ਨੂੰ ਪਾਣੀ ਨਾਲ ਭਰ ਦਿਉ। 19 ਹਾਰੂਨ ਅਤੇ ਉਸਦੇ ਪੁੱਤਰ ਇਸ ਤਸਲੇ ਦੇ ਪਾਣੀ ਨਾਲ ਆਪਣੇ ਹੱਥ ਪੈਰ ਧੋਣਗੇ। 20 ਹਰ ਵਾਰੀ ਜਦੋਂ ਉਹ ਮੰਡਲੀ ਵਾਲੇ ਤੰਬੂ ਵਿੱਚ ਦਾਖਲ ਹੋਣ ਜਾਂ ਜਗਵੇਦੀ ਦੇ ਨਜ਼ਦੀਕ ਆਉਣ ਉਨ੍ਹਾਂ ਨੂੰ ਪਾਣੀ ਨਾਲ ਹੱਥ ਪੈਰ ਧੋਣੇ ਚਾਹੀਦੇ ਹਨ। ਇਸ ਤਰ੍ਹਾਂ ਉਹ ਮਰਨਗੇ ਨਹੀਂ। 21 ਅਤੇ ਉਹ ਆਪਣੇ ਹੱਥ ਅਤੇ ਆਪਣੇ ਪੈਰ ਜ਼ਰੂਰ ਧੋਣ ਤਾਂ ਜੋ ਉਹ ਮਰਨ ਨਾ। ਇਹ ਇੱਕ ਅਜਿਹਾ ਨੇਮ ਹੋਵੇਗਾ ਜਿਹੜਾ ਹਾਰੂਨ ਅਤੇ ਉਸਦੇ ਲੋਕਾਂ ਲਈ ਹਮੇਸ਼ਾ ਜਾਰੀ ਰਹੇਗ਼ਾ। ਇਹ ਬਿਧੀ ਹਾਰੂਨ ਦੇ ਉਨ੍ਹਾਂ ਸਮੂਹ ਲੋਕਾਂ ਲਈ ਜਾਰੀ ਰਹੇਗੀ ਜਿਹੜੇ ਭਵਿਖ ਵਿੱਚ ਜਿਉਣਗੇ।” 22 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, 23 “ਵਧੀਆ ਤੋਂ ਵਧੀਆ ਮਸਾਲੇ ਤਲਾਸ਼ ਕਰੋ, 12 ਪੌਂਡ ਪਤਲਾ ਮੁਰ ਲਵੀਂ, ਉਸਤੋਂ (ਅਰਥਾਤ 6 ਪੌਂਡ) ਅੱਧੀ ਸੁਗੰਧਤ ਦਾਰਚੀਨੀ, ਅਤੇ 6 ਪੌਂਡ ਸੁਗੰਧ ਵਾਲਾ ਕੁਸ਼ਾ, 24 ਅਤੇ 12 ਪੌਂਡ ਕੇਸ਼ੀਆ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਸਰਕਾਰੀ ਨਾਪ ਤੋਂਲ ਦੇ ਅਨੁਸਾਰ ਲਵੀਂ। ਇੱਕ ਗੈਲਣ ਜੈਤੂਨ ਦਾ ਤੇਲ ਵੀ ਲਵੀਂ। 25 “ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਲਾਕੇ ਅਤਰ ਬਨਾਉਣ ਵਾਲੇ ਮਾਹਰ ਦੀ ਕੁਸ਼ਲਤਾ ਅਨੁਸਾਰ ਖਾਸ ਕਿਸਮ ਦਾ ਸੁਗੰਧਤ ਮਸਹ ਵਾਲਾ ਤੇਲ ਬਣਾ ਲਵੀਂ। 26 ਇਸ ਤੇਲ ਨੂੰ ਮੰਡਲੀ ਵਾਲੇ ਤੰਬੂ ਅਤੇ ਇਕਰਾਰਨਾਮੇ ਵਾਲੇ ਸੰਦੂਕ ਉੱਪਰ ਮਸਹ ਕਰ ਦੇਵੀਂ। ਇਸਤੋਂ ਪਤਾ ਚੱਲੇਗਾ ਕਿ ਇਨ੍ਹਾਂ ਚੀਜ਼ਾਂ ਦਾ ਖਾਸ ਮਨੋਰਥ ਹੈ। 27 ਮੇਜ ਉੱਤੇ ਅਤੇ ਮੇਜ ਉੱਤੇ ਪਈਆਂ ਸਾਰੀਆਂ ਪਲੇਟਾਂ ਉੱਤੇ ਵੀ ਅਤੇ ਦੀਵੇ ਉੱਤੇ ਅਤੇ ਇਸਦੇ ਉੱਪਰ ਸਾਰੇ ਰਖੇ ਸਮਾਨ ਉੱਤੇ ਅਤੇ ਧੂਫ਼ ਦੀ ਜਗਵੇਦੀ ਉੱਤੇ ਵੀ ਤੇਲ ਮਸਹ ਕਰਨਾ। 28 ਇਹ ਤੇਲ ਪਰਮੇਸ਼ੁਰ ਲਈ ਹੋਮ ਦੀਆਂ ਭੇਟਾਂ ਵਾਲੀ ਜਗਵੇਦੀ ਉੱਪਰ ਅਤੇ ਉਸ ਜਗਵੇਦੀ ਦੀ ਹਰ ਸ਼ੈਅ ਉੱਪਰ ਅਤੇ ਤਸਲੇ ਅਤੇ ਤਸਲੇ ਹੇਠਲੀ ਚੌਂਕੀ ਉੱਪਰ ਵੀ ਮਸਹ ਕਰਨਾ। 29 ਤੁਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਪਵਿੱਤਰ ਬਣਾ ਦਿਉਂਗੇ। ਇਹ ਯਹੋਵਾਹ ਲਈ ਬਹੁਤ ਖਾਸ ਹੋਣਗੀਆਂ। ਕੋਈ ਵੀ ਚੀਜ਼ ਜੋ ਇਨ੍ਹਾਂ ਚੀਜ਼ਾਂ ਨੂੰ ਛੂਹੇਗੀ ਪਵਿੱਤਰ ਹੋ ਜਾਵੇਗੀ। 30 “ਹਾਰੂਨ ਅਤੇ ਉਸਦੇ ਪੁੱਤਰਾਂ ਉੱਪਰ ਇਹ ਤੇਲ ਮਸਹ ਕਰੀਂ। ਇਹ ਦਰਸਾਵੇਗਾ ਕਿ ਉਹ ਖਾਸ ਤਰ੍ਹਾਂ ਨਾਲ ਮੇਰੀ ਸੇਵਾ ਕਰਦੇ ਹਨ ਅਤੇ ਉਹ ਜਾਜਕਾਂ ਵਜੋਂ ਮੇਰੀ ਸੇਵਾ ਕਰ ਸਕਦੇ ਹਨ। 31 ਇਸਰਾਏਲ ਦੇ ਲੋਕਾਂ ਨੂੰ ਆਖਣਾ ਕਿ ਮਸਹ ਵਾਲਾ ਤੇਲ ਪਵਿਤਰ ਹੈ - ਇਸਨੂੰ ਹਮੇਸ਼ਾ ਸਿਰਫ਼ ਮੇਰੇ ਲਈ ਹੀ ਇਸਤੇਮਾਲ ਕੀਤਾ ਜਾਵੇ। 32 ਕਿਸੇ ਨੂੰ ਵੀ ਇਸ ਤੇਲ ਨੂੰ ਆਮ ਸੁਗੰਧ ਦੇ ਤੌਰ ਤੇ ਨਹੀਂ ਵਰਤਣਾ ਚਾਹੀਦਾ। ਇਸ ਖਾਸ ਤੇਲ ਵਾਂਗ ਕਿਸੇ ਵੀ ਸੁਗੰਧੀ ਨੂੰ ਨਹੀਂ ਬਨਾਉਣ। ਇਹ ਤੇਲ ਪਵਿੱਤਰ ਹੈ, ਅਤੇ ਇਹ ਤੁਹਾਡੇ ਲਈ ਬਹੁਤ ਖਾਸ ਹੋਣਾ ਚਾਹੀਦਾ ਹੈ। 33 ਜੇ ਕੋਈ ਇਸ ਪਵਿੱਤਰ ਤੇਲ ਵਾਂਗ ਕੋਈ ਸੁਗੰਧੀ ਬਣਾਉਂਦਾ ਹੈ, ਅਤੇ ਜੇ ਉਹ ਇਸਨੂੰ ਕਿਸੇ ਵਿਦੇਸ਼ੀ ਨੂੰ ਦਿੰਦਾ ਹੈ, ਤਾਂ ਉਸ ਬੰਦੇ ਨੂੰ ਆਪਣੇ ਲੋਕਾਂ ਤੋਂ ਛੇਕ ਦਿੱਤਾ ਜਾਵੇ।” 34 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਇਹ ਸੁਗੰਧਤ ਮਸਾਲੇ (ਸਮਗਰੀ) ਲਿਆਵੋ, ਮੁਰ ਵਾਲਾ ਮਸਾਲਾ ਅਤੇ ਲੌਨ ਅਤੇ ਖਾਲਸ ਲੋਬਾਨ। ਧਿਆਨ ਰਖਣਾ ਕਿ ਤੁਹਾਡੇ ਕੋਲ ਇਹ ਮਸਾਲੇ ਇੱਕੋ ਜਿੰਨੀ ਮਿਕਦਾਰ ਦੇ ਹੋਣ। 35 ਸੁਗੰਧਤ ਧੂਫ਼ ਬਨਾਉਣ ਲਈ ਇਨ੍ਹਾਂ ਨੂੰ ਮਿਲਾਉ। ਇਹ ਕੰਮ ਉਸੇ ਤਰ੍ਹਾਂ ਕਰੋ ਜਿਵੇਂ ਸੁਗੰਧੀ ਬਨਾਉਣ ਵਾਲਾ ਕਰਦਾ ਹੈ। ਇਸ ਧੂਫ਼ ਵਿੱਚ ਲੂਣ ਵੀ ਰਲਾਉ। ਇਹ ਇਸਨੂੰ ਸ਼ੁਧ ਅਤੇ ਖਾਸ ਬਣਾ ਦੇਵੇਗਾ। 36 ਇਸ ਵਿੱਚੋਂ ਕੁਝ ਧੂਫ਼ ਨੂੰ ਪੀਸੋ, ਜਦੋਂ ਤੱਕ ਕਿ ਇਕ ਬਰੀਕ ਪਾਉਡਰ ਨਾ ਬਣ ਜਾਵੇ। ਇਸ ਪਾਉਡਰ ਨੂੰ ਮੰਡਲੀ ਵਾਲੇ ਤੰਬੂ ਵਿੱਚ ਇਕਰਾਰਨਾਮੇ ਦੇ ਸਾਮ੍ਹਣੇ ਰੱਖ ਦਿਉ, ਜਿਥੇ ਮੈਂ ਤੁਹਾਨੂੰ ਮਿਲਦਾ ਹਾਂ। ਤੁਹਾਨੂੰ ਇਹ ਧੂਫ਼ ਪਾਉਡਰ ਸਿਰਫ਼ ਇਸਦੇ ਖਾਸ ਮਨੋਰਥ ਲਈ ਹੀ ਵਰਤਣਾ ਚਾਹੀਦਾ ਹੈ। ਇਹ ਅੱਤ ਪਵਿੱਤਰ ਹੋਵੇਗਾ। 37 ਤੁਹਾਨੂੰ ਇਹ ਧੂਫ਼ ਯਹੋਵਾਹ ਲਈ ਇਸ ਖਾਸ ਢੰਗ ਨਾਲ ਹੀ ਵਰਤਣੀ ਚਾਹੀਦੀ ਹੈ। ਤੁਸੀਂ ਇਸ ਧੂਫ਼ ਨੂੰ ਖਾਸ ਢੰਗ ਨਾਲ ਬਣਾਓਂਗੇ। ਕਿਸੇ ਹੋਰ ਧੂਫ਼ ਨੂੰ ਇਸ ਢੰਗ ਨਾਲ ਨਹੀਂ ਬਨਾਉਣਾ। 38 ਹੋ ਸਕਦਾ ਹੈ ਕਿ ਕੋਈ ਬੰਦਾ ਇਸ ਧੂਫ਼ ਨੂੰ ਆਪਣੇ ਲਈ ਬਨਾਉਣਾ ਚਾਹੇ ਤਾਂ ਜੋ ਉਹ ਇਸਦੀ ਸੁਗੰਧ ਮਾਣ ਸਕੇ। ਪਰ ਜੇ ਉਹ ਅਜਿਹਾ ਕਰਦਾ ਹੈ ਤਾਂ ਉਸਨੂੰ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।”

Exodus 31

1 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, 2 “ਮੈਂ ਯਹੂਦਾਹ ਦੇ ਪਰਿਵਾਰ-ਸਮੂਹ ਵਿੱਚੋਂ ਇੱਕ ਆਦਮੀ ਨੂੰ ਆਪਣੇ ਲਈ ਕੁਝ ਖਾਸ ਕੰਮ ਕਰਨ ਲਈ ਚੁਣਿਆ ਹੈ। ਉਸਦਾ ਨਾਮ ਬਸਲਏਲ ਹੈ ਜੋ ਊਰੀ ਦਾ ਪੁੱਤਰ ਹੈ ਅਤੇ ਊਰੀ ਹੂਰ ਦਾ ਪੁੱਤਰ ਸੀ। 3 ਮੈਂ ਬਸਲਏਲ ਵਿੱਚ ਪਰਮੇਸ਼ੁਰ ਦਾ ਆਤਮਾ ਭਰ ਦਿੱਤਾ ਹੈ - ਮੈਂ ਉਸਨੂੰ ਹਰ ਤਰ੍ਹਾਂ ਦੀਆਂ ਗੱਲਾਂ ਕਰਨ ਦਾ ਗਿਆਨ ਅਤੇ ਯੋਗਤਾ ਦਿੱਤੀ ਹੈ। 4 ਬਸਲਏਲ ਬਹੁਤ ਚੰਗਾ ਕਾਰੀਗਰ ਹੈ। ਅਤੇ ਉਹ ਸੋਨੇ, ਚਾਂਦੀ ਅਤੇ ਪਿੱਤਲ ਦੀਆਂ ਚੀਜ਼ਾਂ ਬਣਾ ਸਕਦਾ ਹੈ। 5 ਬਸਲਏਲ ਖੂਬਸੂਰਤ ਪੱਥਰਾਂ ਦਾ ਅਤੇ ਲੱਕੜ ਦਾ ਕੰਮ ਕਰ ਸਕਦਾ ਹੈ। ਉਹ ਹਰ ਤਰ੍ਹਾਂ ਦਾ ਕੰਮ ਕਰ ਸਕਦਾ ਹੈ। 6 ਮੈਂ ਆਹਾਲੀਆਬ ਨੂੰ ਵੀ ਉਸਦੇ ਨਾਲ ਕੰਮ ਕਰਨ ਵਾਸਤੇ ਚੁਣਿਆ ਹੈ। ਆਹਾਲੀਆਬ ਦਾਨ ਦੇ ਪਰਿਵਾਰ-ਸਮੂਹ ਵਿੱਚੋਂ ਅਹੀਸਾਮਾਕ ਦਾ ਪੁੱਤਰ ਹੈ। ਅਤੇ ਮੈਂ ਹੋਰ ਸਾਰੇ ਕਾਰੀਗਰਾਂ ਨੂੰ ਵੀ ਹੁਨਰ ਦਿੱਤੇ ਹਨ। ਇਸ ਲਈ ਉਹ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਬਣਾ ਸਕਦੇ ਹਨ ਜਿਨ੍ਹਾਂ ਦਾ ਮੈਂ ਤੈਨੂੰ ਹੁਕਮ ਦਿੱਤਾ ਹੈ; 7 ਮੰਡਲੀ ਵਾਲਾ ਤੰਬੂ, 8 ਮੇਜ ਅਤੇ ਉਸ ਉਤਲੀ ਹਰ ਚੀਜ਼, 9 ਹੋਮ ਦੀਆਂ ਭੇਟਾ ਵਾਲੀ ਜਗਵੇਦੀ ਅਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਜਗਵੇਦੀ ਉੱਤੇ ਇਸਤੇਮਾਲ ਹੁੰਦੀਆਂ ਹਨ। 10 ਹਾਰੂਨ ਜਾਜਕ ਲਈ ਖਾਸ ਵਸਤਰ, 11 ਸੁਗੰਧਤ ਮਸਹ ਵਾਲਾ ਤੇਲ,ਕਾਰੀਗਰਾਂ ਨੂੰ ਇਹ ਸਾਰੀਆਂ ਚੀਜ਼ਾਂ ਉਵੇਂ ਹੀ ਬਨਾਉਣੀਆਂ ਚਾਹੀਦੀਆਂ ਹਨ ਜਿਵੇਂ ਮੈਂ ਤੁਹਾਨੂੰ ਹੁਕਮ ਦਿੱਤਾ ਹੈ। 12 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, 13 “ਇਸਰਾਏਲ ਦੇ ਲੋਕਾਂ ਨੂੰ ਇਹ ਆਖੀਂ; ‘ਤੁਹਾਨੂੰ ਮੇਰੇ ਆਰਾਮ ਦੇ ਖਾਸ ਦਿਨਾਂ ਦੀਆਂ ਬਿਧੀਆਂ ਦੀ ਜ਼ਰੂਰ ਪਾਲਣਾ ਕਰਨੀ ਚਾਹੀਦੀ ਹੈ। ਤੁਹਾਨੂੰ ਇਹ ਗੱਲ ਇਸ ਲਈ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਇਹ ਤੁਹਾਡੇ ਅਤੇ ਮੇਰੇ ਵਿਚਕਾਰ ਸਾਰੀਆਂ ਪੀੜੀਆਂ ਲਈ ਇੱਕ ਸੰਕੇਤ ਹੋਣਗੇ। ਇਹ ਤੁਹਾਨੂੰ ਦਰਸਾਉਣਗੇ ਕਿ ਮੈਂ, ਯਹੋਵਾਹ ਨੇ, ਤੁਹਾਨੂੰ ਆਪਣੇ ਖਾਸ ਬੰਦੇ ਬਣਾਇਆ ਹੈ। 14 “‘ਸਬਤ ਨੂੰ ਇੱਕ ਖਾਸ ਦਿਹਾੜਾ ਬਣਾਉ। ਜੇ ਕੋਈ ਬੰਦਾ ਸਬਤ ਨੂੰ ਕਿਸੇ ਵੀ ਹੋਰ ਦਿਨ ਵਾਂਗ ਲੈਂਦਾ ਹੈ, ਤਾਂ ਉਸ ਬੰਦੇ ਨੂੰ ਮਾਰ ਦੇਣਾ ਚਾਹੀਦਾ ਹੈ। ਜਿਹੜਾ ਵੀ ਬੰਦਾ ਸਬਤ ਦੇ ਦਿਨ ਕੰਮ ਕਰਦਾ ਹੈ ਉਸਨੂੰ ਆਪਣੇ ਲੋਕਾਂ ਵਿੱਚੋਂ ਛੇਕ ਦੇਣਾ ਚਾਹੀਦਾ ਹੈ। 15 ਹਫ਼ਤੇ ਵਿੱਚ ਕੰਮ ਕਰਨ ਲਈ ਛੇ ਦਿਨ ਹੋਰ ਹਨ। ਪਰ ਸੱਤਵਾਂ ਦਿਨ ਅਰਾਮ ਦਾ ਖਾਸ ਦਿਨ ਹੈ। ਉਹ ਖਾਸ ਦਿਨ ਯਹੋਵਾਹ ਦਾ ਆਦਰ ਕਰਨ ਲਈ ਹੈ। ਜਿਹੜਾ ਵੀ ਬੰਦਾ ਸਬਤ ਦੇ ਦਿਨ ਕੰਮ ਕਰਦਾ ਹੈ ਉਸਨੂੰ ਮਾਰ ਦੇਣਾ ਚਾਹੀਦਾ ਹੈ। 16 ਇਸਰਾਏਲ ਦੇ ਲੋਕਾਂ ਨੂੰ ਸਬੂਤ ਨੂੰ ਅਵੱਸ਼ ਚੇਤੇ ਰਖਣਾ ਚਾਹੀਦਾ ਹੈ ਅਤੇ ਇਸਨੂੰ ਖਾਸ ਦਿਹਾੜਾ ਬਨਾਉਣਾ ਚਾਹੀਦਾ ਹੈ। ਉਨ੍ਹਾਂ ਨੂੰ ਅਜਿਹਾ ਹਮੇਸ਼ਾ ਲਈ ਕਰਦੇ ਰਹਿਣਾ ਚਾਹੀਦਾ ਹੈ। ਇਹ ਉਨ੍ਹਾਂ ਦੇ ਅਤੇ ਮੇਰੇ ਵਿਚਕਾਰ ਇਕਰਾਰਨਮਾ ਹੈ ਜਿਹੜਾ ਹਮੇਸ਼ਾ ਜਾਰੀ ਰਹੇਗਾ। 17 ਸਬਤ ਮੇਰੇ ਅਤੇ ਇਸਰਾਏਲ ਦੇ ਲੋਕਾਂ ਵਿਚਕਾਰ ਸਦਾ ਲਈ ਇੱਕ ਸੰਕੇਤ ਰਹੇਗਾ। ਯਹੋਵਾਹ ਨੇ ਛੇ ਦਿਨ ਤੱਕ ਕੰਮ ਕੀਤਾ ਅਤੇ ਅਕਾਸ਼ ਤੇ ਧਰਤੀ ਨੂੰ ਸਾਜਿਆ। ਅਤੇ ਸੱਤਵੇਂ ਦਿਨ ਉਸਨੇ ਛੁੱਟੀ ਕੀਤੀ ਅਤੇ ਅਰਾਮ ਕੀਤਾ।’” 18 ਇਸ ਤਰ੍ਹਾਂ ਯਹੋਵਾਹ ਨੇ ਸੀਨਈ ਪਰਬਤ ਉੱਤੇ ਮੂਸਾ ਨਾਲ ਗੱਲ ਖਤਮ ਕੀਤੀ। ਫ਼ੇਰ ਯਹੋਵਹ ਨੇ ਉਸਨੂੰ ਪੱਥਰ ਦੀਆਂ ਦੋ ਤਖਤੀਆਂ ਦਿੱਤੀਆਂ ਜਿਨ੍ਹਾਂ ਉੱਤੇ ਇਕਰਾਰਨਾਮਾ ਸੀ। ਪਰਮੇਸ਼ੁਰ ਨੇ ਪੱਥਰ ਉੱਤੇ ਲਿਖਣ ਲਈ ਆਪਣੀ ਉਂਗਲੀ ਦੀ ਵਰਤੋਂ ਕੀਤੀ।

Exodus 32

1 ਲੋਕਾਂ ਨੇ ਦੇਖਿਆ ਕਿ ਬਹੁਤ ਸਮਾਂ ਬੀਤ ਗਿਆ ਸੀ ਅਤੇ ਮੂਸਾ ਪਰਬਤ ਤੋਂ ਹੇਠਾਂ ਨਹੀਂ ਆਇਆ ਸੀ। ਇਸ ਲਈ ਲੋਕ ਹਾਰੂਨ ਦੇ ਦੁਆਲੇ ਇਕਠੇ ਹੋ ਗਏ। ਉਨ੍ਹਾਂ ਨੇ ਉਸਨੂੰ ਆਖਿਆ, “ਦੇਖ, ਮੂਸਾ ਨੇ ਸਾਨੂੰ ਮਿਸਰ ਦੀ ਧਰਤੀ ਤੋਂ ਬਾਹਰ ਲਿਆਂਦਾ। ਪਰ ਅਸੀਂ ਇਹ ਨਹੀਂ ਜਾਣਦੇ ਕਿ ਉਸ ਨਾਲ ਕੀ ਵਾਪਰਿਆ ਹੈ। ਇਸ ਲਈ ਸਾਡੇ ਲਈ ਕੁਝ ਦੇਵਤੇ ਬਣਾ ਜਿਹੜੇ ਸਾਡੇ ਅੱਗੇ ਤੁਰਨ ਅਤੇ ਸਾਡੀ ਅਗਵਾਈ ਕਰਨ।” 2 ਹਾਰੂਨ ਨੇ ਲੋਕਾਂ ਨੂੰ ਆਖਿਆ, “ਮੈਨੂੰ ਸੋਨੇ ਦੀਆਂ ਉਹ ਵਾਲੀਆਂ ਲਿਆਕੇ ਦੇਵੋ ਜਿਹੜੀਆਂ ਤੁਹਾਡੀਆਂ ਪਤਨੀਆਂ, ਪੁੱਤਰਾਂ ਅਤੇ ਧੀਆਂ ਦੀਆਂ ਹੋਣ।” 3 ਇਸ ਲਈ ਸਾਰੇ ਲੋਕਾਂ ਨੇ ਆਪਣੀਆਂ ਸੋਨੇ ਦੀਆਂ ਵਾਲੀਆਂ ਇਕੱਠੀਆਂ ਕੀਤੀਆਂ ਅਤੇ ਉਨ੍ਹਾਂ ਨੂੰ ਹਾਰੂਨ ਕੋਲ ਲੈ ਆਏ। 4 ਹਾਰੂਨ ਨੇ ਲੋਕਾਂ ਪਾਸੋਂ ਸੋਨਾ ਲੈ ਲਿਆ। ਫ਼ੇਰ ਉਸਨੇ ਇਸਨੂੰ ਵਰਤਕੇ ਇੱਕ ਵੱਛੇ ਦੀ ਮੂਰਤੀ ਬਣਾਈ। ਹਾਰੂਨ ਨੇ ਛੈਣੀ ਲੈਕੇ ਇਸ ਮੂਰਤੀ ਨੂੰ ਘੜਿਆ, ਅਤੇ ਫ਼ੇਰ ਉਸਨੇ ਇਸ ਉੱਤੇ ਸੋਨਾ ਚੜਾਇਆ।”ਤਾਂ ਲੋਕਾਂ ਨੇ ਆਖਿਆ, “ਇਸਰਾਏਲ ਦੇ ਲੋਕੋ, ਇਹ ਹਨ ਤੁਹਾਡੇ ਦੇਵਤੇ। ਇਹੀ ਉਹ ਦੇਵਤੇ ਹਨ ਜਿਹੜੇ ਤੁਹਾਨੂੰ ਮਿਸਰ ਦੀ ਧਰਤੀ ਤੋਂ ਬਾਹਰ ਲੈਕੇ ਆਏ।” 5 ਹਾਰੂਨ ਨੇ ਇਹ ਸਾਰੀਆਂ ਚੀਜ਼ਾਂ ਦੇਖੀਆਂ। ਇਸ ਲਈ ਉਸਨੇ ਵੱਛੇ ਦੇ ਸਾਮ੍ਹਣੇ ਜਗਵੇਦੀ ਬਣਾਈ। ਫ਼ੇਰ ਹਾਰੂਨ ਨੇ ਇਹ ਐਲਾਨ ਕੀਤਾ। ਉਸਨੇ ਆਖਿਆ, “ਕੱਲ੍ਹ੍ਹ ਨੂੰ ਯਹੋਵਾਹ ਦੇ ਆਦਰ ਵਿੱਚ ਖਾਸ ਦਾਅਵਤ ਹੋਵੇਗੀ।” 6 ਅਗਲੀ ਸਵੇਰ ਲੋਕ ਬਹੁਤ ਸੁਵਖਤੇ ਉਠ ਬੈਠੇ। ਉਨ੍ਹਾਂ ਨੇ ਜਾਨਵਰ ਜ਼ਿਬਾਹ ਕੀਤੇ ਅਤੇ ਉਨ੍ਹਾਂ ਨੂੰ ਹੋਮ ਦੀਆਂ ਭੇਟਾਂ ਅਤੇ ਸੁਖ-ਸਾਂਦ ਦੀਆਂ ਭੇਟਾਂ ਵਜੋਂ ਭੇਟ ਕੀਤਾ। ਲੋਕ ਖਾਣ ਪੀਣ ਲਈ ਬੈਠ ਗਏ। ਫ਼ੇਰ ਉਹ ਉਠ ਖਲੋਏ ਅਤੇ ਜੰਗਲੀ ਦਾਅਵਤ ਕੀਤੀ। 7 ਉਸ ਵੇਲੇ, ਯਹੋਵਾਹ ਨੇ ਮੂਸਾ ਨੂੰ ਆਖਿਆ, “ਇਸ ਪਰਬਤ ਤੋਂ ਹੇਠਾਂ ਜਾ। ਤੇਰੇ ਲੋਕਾਂ ਨੇ, ਜਿਨ੍ਹਾਂ ਨੂੰ ਤੂੰ ਮਿਸਰ ਦੀ ਧਰਤੀ ਤੋਂ ਲੈਕੇ ਆਇਆ ਸੀ, ਇੱਕ ਭਿਆਨਕ ਪਾਪ ਕੀਤਾ ਹੈ। 8 ਉਹ ਬਹੁਤ ਛੇਤੀ ਉਹ ਗੱਲਾਂ ਕਰਨ ਤੋਂ ਪਿਛੇ ਹਟ ਗਏ ਹਨ ਜਿਨ੍ਹਾਂ ਦਾ ਮੈਂ ਉਨ੍ਹਾਂ ਨੂੰ ਹੁਕਮ ਦਿੱਤਾ ਸੀ। ਉਨ੍ਹਾਂ ਨੇ ਆਪਣੇ ਲਈ ਪਿਘਲੇ ਹੋਏ ਸੋਨੇ ਦਾ ਵੱਛਾ ਬਣਾਇਆ। ਉਸ ਵਛੇ ਦੀ ਉਪਾਸਨਾ ਕਰ ਰਹੇ ਹਨ ਅਤੇ ਉਸਨੂੰ ਬਲੀਆਂ ਚੜਾ ਰਹੇ ਹਨ। ਲੋਕਾਂ ਨੇ ਆਖਿਆ ਹੈ, “ਇਸਰਾਏਲ, ਇਹੀ ਉਹ ਦੇਵਤੇ ਹਨ ਜਿਹੜੇ ਤੁਹਾਨੂੰ ਮਿਸਰ ਤੋਂ ਬਾਹਰ ਲਿਆਏ।’” 9 ਯਹੋਵਾਹ ਨੇ ਮੂਸਾ ਨੂੰ ਆਖਿਆ, “ਮੈਂ ਇਨ੍ਹਾਂ ਲੋਕਾਂ ਨੂੰ ਦੇਖਿਆ ਹੈ। ਮੈਂ ਜਾਣਦਾ ਹਾਂ ਕਿ ਇਹ ਬਹੁਤ ਜ਼ਿੱਦੀ ਲੋਕ ਹਨ। ਇਹ ਹਮੇਸ਼ਾ ਮੇਰੇ ਖਿਲਾਫ਼ ਹੁੰਦੇ ਰਹਿਣਗੇ। 10 ਇਸ ਲਈ ਹੁਣ ਮੈਨੂੰ ਇਨ੍ਹਾਂ ਨੂੰ ਕਰੋਧ ਵਿੱਚ ਤਬਾਹ ਕਰ ਲੈਣ ਦੇ। ਫ਼ੇਰ ਮੈਂ ਤੇਰੇ ਵਿੱਚੋਂ ਇੱਕ ਮਹਾਨ ਕੌਮ ਬਣਾਵਾਂਗਾ।” 11 ਪਰ ਮੂਸਾ ਨੇ ਯਹੋਵਾਹ, ਆਪਣੇ ਪਰਮੇਸ਼ੁਰ ਨੂੰ ਬੇਨਤੀ ਕੀਤੀ, “ਯਹੋਵਾਹ ਆਪਣੇ ਗੁੱਸੇ ਨਾਲ ਆਪਣੇ ਲੋਕਾਂ ਨੂੰ ਤਬਾਹ ਨਾ ਕਰੋ। ਤੁਸੀਂ ਇਨ੍ਹਾਂ ਲੋਕਾਂ ਨੂੰ ਮਿਸਰ ਵਿੱਚੋਂ ਆਪਣੀ ਮਹਾਨ ਸ਼ਕਤੀ ਅਤੇ ਤਾਕਤ ਨਾਲ ਬਾਹਰ ਲਿਆਏ। 12 ਪਰ ਜੇ ਤੁਸੀਂ ਆਪਣੇ ਲੋਕਾਂ ਨੂੰ ਤਬਾਹ ਕਰ ਦਿੰਦੇ ਹੋ। ਤਾਂ ਮਿਸਰੀ ਲੋਕ ਆਖ ਸਕਦੇ ਹਨ, ‘ਯਹੋਵਾਹ ਨੇ ਆਪਣੇ ਲੋਕਾਂ ਨਾਮ ਮੰਦੀਆਂ ਗੱਲਾਂ ਕਰਨ ਦੀ ਵਿਉਂਤ ਬਣਾਈ। ਇਸੇ ਲਈ ਉਹ ਆਪਣੇ ਲੋਕਾਂ ਨੂੰ ਮਿਸਰ ਵਿੱਚੋਂ ਬਾਹਰ ਲੈ ਗਿਆ। ਉਹ ਉਨ੍ਹਾਂ ਨੂੰ ਪਹਾੜਾਂ ਵਿੱਚ ਲਿਜਾਕੇ ਮਾਰਨਾ ਚਾਹੁੰਦਾ ਸੀ। ਉਹ ਉਨ੍ਹਾਂ ਨੂੰ ਧਰਤੀ ਤੋਂ ਹੂੰਝ ਦੇਣ ਚਾਹੁੰਦਾ ਸੀ।’ ਇਸ ਲਈ ਆਪਣੇ ਲੋਕਾਂ ਉੱਪਰ ਕਰੋਧਵਾਨ ਨਾ ਹੋਵੋ। ਕਿਰਪਾ ਕਰਕੇ ਆਪਣਾ ਵਿਚਾਰ ਬਦਲ ਦਿਉ। ਆਪਣੇ ਲੋਕਾਂ ਨੂੰ ਤਬਾਹ ਨਾ ਕਰੋ। 13 ਅਬਰਾਹਾਮ, ਇਸਹਾਕ ਅਤੇ ਇਸਰਾਏਲ ਨੂੰ ਚੇਤੇ ਕਰੋ। ਉਨ੍ਹਾਂ ਲੋਕਾਂ ਨੇ ਤੁਹਾਡੀ ਸੇਵਾ ਕੀਤੀ ਸੀ। ਅਤੇ ਤੁਸੀਂ ਆਪਣਾ ਨਾਮ ਲੈਕੇ ਉਨ੍ਹਾਂ ਨਾਲ ਇਕਰਾਰ ਕੀਤਾ ਸੀ। ਤੁਸੀਂ ਆਖਿਆ ਸੀ; ‘ਮੈਂ ਤੁਹਾਡੇ ਲੋਕਾਂ ਨੂੰ ਇੰਨਾ ਵਧਾ ਦਿਆਂਗਾ ਜਿੰਨੇ ਅਕਾਸ਼ ਵਿੱਚ ਤਾਰੇ ਹਨ। ਮੈਂ ਤੁਹਾਡੇ ਲੋਕਾਂ ਨੂੰ ਇਹ ਸਾਰੀ ਧਰਤੀ ਦੇ ਦਿਆਂਗਾ, ਜਿਵੇਂ ਕਿ ਮੈਂ ਇਕਰਾਰ ਕੀਤਾ ਸੀ। ਇਹ ਧਰਤੀ ਸਦਾ ਲਈ ਉਨ੍ਹਾਂ ਦੀ ਹੋਵੇਗੀ।’” 14 ਫ਼ੇਰ ਯਹੋਵਾਹ ਨੇ ਆਪਣਾ ਮਨ ਬਦਲ ਲਿਆ ਅਤੇ ਆਪਣੇ ਲੋਕਾਂ ਨੂੰ ਕਸ਼ਟ ਨਾ ਦੇਣ ਦਾ ਫ਼ੈਸਲਾ ਕਰ ਲਿਆ। 15 ਫ਼ੇਰ ਮੂਸਾ ਪਰਬਤ ਤੋਂ ਹੇਠਾਂ ਚਲਾ ਗਿਆ। ਮੂਸਾ ਕੋਲ ਪੱਥਰ ਦੀਆਂ ਦੋ ਤਖਤੀਆਂ ਸਨ ਜਿਨ੍ਹਾਂ ਉੱਤੇ ਇਕਰਾਰਨਾਮਾ ਲਿਖਿਆ ਹੋਇਆ ਸੀ। ਉਹ ਹੁਕਮ ਉਨ੍ਹਾਂ ਪੱਥਰਾਂ ਦੇ ਦੋਹੀ ਪਾਸੀਂ, ਸਿਧੇ ਅਤੇ ਪੁਠੇ ਪਾਸੇ, ਲਿਖੇ ਹੋਏ ਸਨ। 16 ਪਰਮੇਸ਼ੁਰ ਨੇ ਖੁਦ ਉਹ ਤਖਤੀਆਂ ਬਣਾਈਆਂ ਸਨ ਅਤੇ ਉਸਨੇ ਖੁਦ, ਉਹ ਹੁਕਮ ਉਨ੍ਹਾਂ ਤਖਤੀਆਂ ਉੱਪਰ ਲਿਖੇ ਸਨ। 17 ਪਰਬਤ ਤੋਂ ਹੇਠਾਂ ਉਤਰਦੇ ਸਮੇਂ ਮੂਸਾ ਨੇ ਡੇਰੇ ਵਿੱਚ ਦਾਅਵਤ ਦਾ ਸ਼ੋਰ ਸੁਣਿਆ। ਯਹੋਸ਼ੁਆ ਨੇ ਮੂਸਾ ਨੂੰ ਆਖਿਆ, “ਹੇਠਾਂ ਡੇਰੇ ਵਿੱਚੋਂ ਲੜਾਈ ਦੀਆਂ ਅਵਾਜ਼ਾਂ ਆ ਰਹੀਆਂ ਲੱਗਦੀਆਂ ਹਨ।” 18 ਮੂਸਾ ਨੇ ਜਵਾਬ ਦਿੱਤਾ, “ਇਹ ਕਿਸੇ ਫ਼ੌਜ ਦੇ ਜਿੱਤ ਦੇ ਨਾਹਰਿਆਂ ਦਾ ਸ਼ੋਰ ਨਹੀਂ। ਪਰ ਇਹ ਕਿਸੇ ਫ਼ੌਜ ਦੇ ਹਾਰ ਜਾਣ ਦੀਆਂ ਚੀਕਾਂ ਦਾ ਸ਼ੋਰ ਨਹੀਂ। ਜਿਹੜਾ ਸ਼ੋਰ ਮੈਂ ਸੁਣ ਰਿਹਾ ਹਾਂ ਉਹ ਸੰਗੀਤ ਦਾ ਸ਼ੋਰ ਹੈ।” 19 ਮੂਸਾ ਡੇਰੇ ਕੋਲ ਆਇਆ। ਉਸਨੇ ਸੋਨੇ ਦਾ ਵਛਾ ਦੇਖਿਆ, ਅਤੇ ਉਸਨੇ ਲੋਕਾਂ ਨੂੰ ਨੱਚਦਿਆਂ ਦੇਖਿਆ। ਮੂਸਾ ਬਹੁਤ ਕਰੋਧ ਵਿੱਚ ਆ ਗਿਆ, ਅਤੇ ਉਸਨੇ ਪੱਥਰ ਦੀਆਂ ਤਖਤੀਆਂ ਜ਼ਮੀਨ ਉੱਤੇ ਸੁੱਟ ਦਿੱਤੀਆ। ਤਖਤੀਆਂ ਪਰਬਤ ਦੇ ਹੇਠਾਂ ਟੋਟੇ-ਟੋਟੇ ਹੋ ਗਈਆਂ। 20 ਫ਼ੇਰ ਮੂਸਾ ਨੇ ਉਹ ਵਛਾ ਤਬਾਹ ਕਰ ਦਿੱਤਾ ਜੋ ਲੋਕਾਂ ਨੇ ਬਣਾਇਆ ਸੀ। ਉਸਨੇ ਇਸਨੂੰ ਅੱਗ ਵਿੱਚ ਪਿਘਲਾ ਦਿੱਤਾ। ਫ਼ੇਰ ਉਸਨੇ ਸੋਨੇ ਨੂੰ ਪੀਹ ਕੇ ਧੂੜ ਬਣਾ ਦਿੱਤਾ। ਅਤੇ ਉਸਨੇ ਇਸ ਧੂੜ ਨੂੰ ਪਾਣੀ ਵਿੱਚ ਸੁੱਟ ਦਿੱਤਾ। ਉਸਨੇ ਇਸਰਾਏਲ ਦੇ ਲੋਕਾਂ ਨੂੰ ਇਹ ਪਾਣੀ ਪੀਣ ਜਾਣ ਲਈ ਮਜ਼ਬੂਰ ਕੀਤਾ। 21 ਮੂਸਾ ਨੇ ਹਾਰੂਨ ਨੂੰ ਆਖਿਆ, “ਇਨ੍ਹਾਂ ਲੋਕਾਂ ਨੇ ਤੇਰੇ ਨਾਲ ਕੀਤਾ ਹੈ? ਤੂੰ ਇਨ੍ਹਾ ਦੀ ਅਜਿਹਾ ਮੰਦਾ ਪਾਪ ਕਰਨ ਵਿੱਚ ਅਗਵਾਈ ਕਿਉਂ ਕੀਤੀ?” 22 ਹਾਰੂਨ ਨੇ ਜਵਾਬ ਦਿੱਤਾ, “ਨਾਰਾਜ਼ ਨਾ ਹੋਵੋ ਹਜ਼ੂਰ। ਤੁਸੀਂ ਜਾਣਦੇ ਹੋ ਇਹ ਲੋਕ ਹਮੇਸ਼ਾ ਗਲਤ ਗੱਲਾਂ ਕਰਨ ਲਈ ਤਿਆਰ ਰਹਿੰਦੇ ਹਨ। 23 ਲੋਕਾਂ ਨੇ ਮੈਨੂੰ ਆਖਿਆ ਸੀ, ‘ਮੂਸਾ ਸਾਨੂੰ ਮਿਸਰ ਵਿੱਚੋਂ ਬਾਹਰ ਲਿਆਇਆ। ਪਰ ਸਾਨੂੰ ਨਹੀਂ ਪਤਾ ਕਿ ਉਸ ਨਾਲ ਕੀ ਵਾਪਰਿਆ ਹੈ। ਇਸ ਲਈ ਸਾਡੀ ਅਗਵਾਈ ਲਈ ਕੋਈ ਦੇਵਤੇ ਬਣਾਕੇ ਦਿਉ।’ 24 ਇਸ ਲਈ ਮੈਂ ਲੋਕਾਂ ਨੂੰ ਆਖਿਆ, ‘ਜੇ ਤੁਹਾਡੇ ਪਾਸ ਸੋਨੇ ਦੀਆਂ ਵਾਲੀਆਂ ਹਨ, ਤਾਂ ਮੈਨੂੰ ਦਿਉ।’ ਲੋਕਾਂ ਨੇ ਮੈਨੂੰ ਆਪਣਾ ਸੋਨਾ ਦੇ ਦਿੱਤਾ। ਮੈਂ ਸੋਨੇ ਨੂੰ ਅੱਗ ਵਿੱਚ ਸੁੱਟ ਦਿੱਤਾ ਅਤੇ ਅੱਗ ਵਿੱਚੋਂ ਇੱਕ ਵਛਾ ਬਾਹਰ ਨਿਕਲ ਆਇਆ।” 25 ਮੂਸਾ ਨੇ ਦੇਖਿਆ ਕਿ ਹਾਰੂਨ ਨੇ ਲੋਕਾਂ ਨੂੰ ਬੇਕਾਬੂ ਹੋਣ ਦਿੱਤਾ। ਲੋਕੀ ਜੰਗਲੀ ਵਿਹਾਰ ਕਰ ਰਹੇ ਸਨ ਅਤੇ ਉਨ੍ਹਾਂ ਦੇ ਦੁਸ਼ਮਣ ਦੇਖ ਸਕਦੇ ਸਨ ਕਿ ਉਹ ਮੂਰਖਾਂ ਵਰਗਾ ਵਿਹਾਰ ਕਰ ਰਹੇ ਸਨ। 26 ਇਸ ਲਈ ਮੂਸਾ ਡੇਰੇ ਦੇ ਮੁੱਖ ਦਰਵਾਜ਼ੇ ਉੱਤੇ ਖੜਾ ਹੋ ਗਿਆ। ਮੂਸਾ ਨੇ ਆਖਿਆ, “ਜਿਹੜਾ ਵੀ ਬੰਦਾ ਯਹੋਆਹ ਦੇ ਪਿਛੇ ਲੱਗਣਾ ਚਾਹੁੰਦਾ ਹੈ ਉਹ ਮੇਰੇ ਕੋਲ ਆ ਜਾਵੇ।” ਅਤੇ ਲੇਵੀ ਦੇ ਪਰਿਵਾਰ ਦੇ ਸਾਰੇ ਲੋਕ ਮੂਸਾ ਵੱਲ ਦੌੜੇ। 27 ਫ਼ੇਰ ਮੂਸਾ ਨੇ ਉਨ੍ਹਾਂ ਨੂੰ ਆਖਿਆ, “ਮੈਂ ਤੁਹਾਨੂੰ ਦੱਸਾਂਗਾ ਕਿ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਕੀ ਆਖਦਾ ਹੈ; ‘ਹਰੇਕ ਆਦਮੀ ਨੂੰ ਆਪਣੀ ਤਲਵਾਰ ਫ਼ੜ ਲੈਣੀ ਚਾਹੀਦੀ ਹੈ ਅਤੇ ਡੇਰੇ ਦੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਜਾਣਾ ਚਾਹੀਦਾ ਹੈ। ਤੁਹਾਨੂੰ ਇਨ੍ਹਾਂ ਲੋਕਾਂ ਨੂੰ ਜ਼ਰੂਰ ਸਜ਼ਾ ਦੇਣੀ ਚਾਹੀਦੀ ਹੈ, ਭਾਵੇਂ ਹਰ ਬੰਦੇ ਨੂੰ ਆਪਣਾ ਭਰਾ ਆਪਣੇ ਦੋਸਤਾਂ ਅਤੇ ਗੁਆਂਢੀਆਂ ਨੂੰ ਕਤਲ ਕਰਨਾ ਪਵੇ।’” 28 ਲੇਵੀ ਦੇ ਪਰਿਵਾਰ ਦੇ ਆਦਮੀਆਂ ਨੇ ਮੂਸਾ ਦੀ ਗੱਲ ਮੰਨ ਲਈ। ਉਸ ਦਿਨ ਇਸਰਾਏਲ ਦੇ ਤਕਰੀਬਨ 3000 ਲੋਕ ਮਾਰੇ ਗਏ। 29 ਫ਼ੇਰ ਮੂਸਾ ਨੇ ਆਖਿਆ, “ਅੱਜ ਆਪਣੇ ਆਪ ਨੂੰ ਯਹੋਵਾਹ ਦੀ ਸੇਵਾ ਲਈ ਤਿਆਰ ਕਰੋ, ਭਾਵੇਂ ਇਸਦਾ ਭਾਵ ਤੁਹਾਡੇ ਖੁਦ ਦੇ ਭਰਾ ਜਾਂ ਤੁਹਾਡੇ ਪੁੱਤਰ ਦੇ ਖਿਲਾਫ਼ ਲੜਨਾ ਹੀ ਕਿਉਂ ਨਾ ਹੋਵੇ ਤਾਂ ਜੋ ਯਹੋਵਾਹ ਅੱਜ ਤੁਹਾਨੂੰ ਅਸੀਸ ਦੇ ਸਕੇ।” 30 ਅਗਲੀ ਸਵੇਰ, ਉਸਨੇ ਲੋਕਾਂ ਨੂੰ ਆਖਿਆ, ‘ਤੁਸੀਂ ਇਹ ਭਿਆਨਕ ਪਾਪ ਕੀਤਾ ਹੈ। ਪਰ ਹੁਣ ਮੈਂ ਯਹੋਵਾਹ ਕੋਲ ਉੱਪਰ ਜਾਵਾਂਗਾ, ਮੇਰੇ ਲਈ ਤੁਹਾਡੇ ਪਾਪਾਂ ਖਾਤਰ ਪਰਾਸਚਿਤ ਕਰਨਾ ਸੰਭਵ ਹੋ ਸਕਦਾ ਹੈ।” 31 ਇਸ ਲਈ ਮੂਸਾ ਯਹੋਵਾਹ ਕੋਲ ਵਾਪਸ ਚਲਾ ਗਿਆ ਅਤੇ ਆਖਿਆ, “ਕਿਰਪਾ ਕਰਕੇ ਸੁਣੋ। ਇਨ੍ਹਾਂ ਲੋਕਾਂ ਨੇ ਬਹੁਤ ਵੱਡਾ ਪਾਪ ਕੀਤਾ ਸੀ ਅਤੇ ਸੋਨੇ ਦਾ ਦੇਵਤਾ ਬਣਾਇਆ। 32 ਹੁਣ, ਉਨ੍ਹਾਂ ਨੂੰ ਇਸ ਪਾਪ ਦੀ ਮਾਫ਼ੀ ਦੇ ਦਿਉ। ਜੇ ਤੁਸੀਂ ਮਾਫ਼ ਨਹੀਂ ਕਰੋਂਗੇ, ਤਾਂ ਮੇਰਾ ਨਾਮ ਉਸ ਪੁਸਤਕ ਵਿੱਚੋਂ ਮਿਟਾ ਦਿਉ ਜਿਹੜੀ ਤੁਸੀਂ ਲਿਖੀ ਹੈ।” 33 ਪਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਸਿਰਫ਼ ਉਹੀ ਲੋਕ ਜਿਨ੍ਹਾਂ ਨੂੰ ਮੈਂ ਆਪਣੀ ਪੁਸਤਕ ਵਿੱਚੋਂ ਮਿਟਾ ਦਿੰਦਾ ਹਾਂ ਉਹ ਅਜਿਹੇ ਹਨ ਜਿਹੜੇ ਮੇਰੇ ਖਿਲਾਫ਼ ਪਾਪ ਕਰਦੇ ਹਨ। 34 ਇਸ ਲਈ ਹੁਣ, ਹੇਠਾਂ ਜਾ ਅਤੇ ਲੋਕਾਂ ਦੀ ਉਧਰ ਅਗਵਾਈ ਕਰ ਜਿਧਰ ਮੈਂ ਤੈਨੂੰ ਆਖਦਾ ਹਾਂ। ਮੇਰਾ ਦੂਤ ਤੇਰੇ ਅੱਗੇ-ਅੱਗੇ ਜਾਵੇਗਾ ਅਤੇ ਤੇਰੀ ਅਗਵਾਈ ਕਰੇਗਾ ਜਦੋਂ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਣ ਦਾ ਸਮਾਂ ਆਵੇਗਾ। ਜਿਨ੍ਹਾਂ ਨੇ ਪਾਪ ਕੀਤਾ ਸੀ, ਤਾਂ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇਗੀ।” 35 ਇਸ ਤਰ੍ਹਾਂ ਯਹੋਵਾਹ ਨੇ ਲੋਕਾਂ ਵੱਲ ਇੱਕ ਭਿਆਨਕ ਬਿਮਾਰੀ ਭੇਜੀ। ਉਸਨੇ ਅਜਿਹਾ ਇਸ ਵਾਸਤੇ ਕੀਤਾ ਕਿਉਂਕਿ ਉਨ੍ਹਾਂ ਨੇ ਹਾਰੂਨ ਨੂੰ ਸੋਨੇ ਦਾ ਵਛਾ ਬਨਾਉਣ ਲਈ ਆਖਿਆ ਸੀ।

Exodus 33

1 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਤੈਨੂੰ ਅਤੇ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੂੰ ਤੂੰ ਮਿਸਰ ਤੋਂ ਬਾਹਰ ਲਿਆਂਦਾ ਸੀ, ਇਹ ਥਾਂ ਛੱਡਣੀ ਪਵੇਗ਼ੀ। ਉਸ ਧਰਤੀ ਤੇ ਜਾਉ। ਜਿਹੜੀ ਮੈਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨੂੰ ਦੇਣ ਦਾ ਇਕਰਾਰ ਕੀਤਾ ਸੀ। ਮੈਂ ਉਨ੍ਹਾਂ ਨਾਲ ਇਕਰਾਰ ਕੀਤਾ ਸੀ ਕਿ ਮੈਂ ਉਹ ਧਰਤੀ ਉਨ੍ਹਾਂ ਦੇ ਉੱਤਰਾਧਿਕਾਰੀਆਂ ਨੂੰ ਦੇ ਦਿਆਂਗਾ। 2 ਇਸ ਲਈ ਮੈਂ ਤੁਹਾਡੇ ਅੱਗੇ ਇੱਕ ਦੂਤ ਭੇਜਾਂਗਾ ਅਤੇ ਮੈਂ ਕਨਾਨੀਆਂ, ਅਮੋਰੀਆਂ, ਹਿੱਤੀਆਂ, ਫ਼ਰਿਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਨੂੰ ਹਰਾ ਦਿਆਂਗਾ। ਮੈਂ ਇਨ੍ਹਾਂ ਲੋਕਾਂ ਨੂੰ ਤੁਹਾਡੀ ਧਰਤੀ ਛੱਡਣ ਲਈ ਮਜ਼ਬੂਰ ਕਰ ਦਿਆਂਗਾ। 3 ਇਸ ਲਈ ਬਹੁਤ ਸਾਰੀਆਂ ਬਰਕਤਾਂ ਨਾਲ ਭਰੀ ਹੋਈ ਧਰਤੀ ਵੱਲ ਚਲੇ ਜਾਉ। ਮੈਂ ਤੁਹਾਡੇ ਨਾਲ ਜਾਵਾਂਗਾ। ਤੁਸੀਂ ਲੋਕ ਬਹੁਤ ਜ਼ਿੱਦੀ ਹੋ ਅਤੇ ਤੁਸੀਂ ਮੈਨੂੰ ਬਹੁਤ ਕਰੋਧਵਾਨ ਕਰ ਦਿੰਦੇ ਹੋ। ਜੇ ਮੈਂ ਤੁਹਾਡੇ ਨਾਲ ਜਾਵਾਂਗਾ ਤਾਂ ਹੋ ਸਕਦਾ ਹੈ ਕਿ ਮੈਂ ਤੁਹਾਨੂੰ ਰਸਤੇ ਵਿੱਚ ਤਬਾਹ ਕਰ ਦਿਆਂ।” 4 ਲੋਕਾਂ ਨੇ ਇਹ ਬੁਰੀ ਖਬਰ ਸੁਣੀ ਅਤੇ ਉਹ ਬਹੁਤ ਉਦਾਸ ਹੋ ਗਏ। ਅਤੇ ਲੋਕਾਂ ਨੇ ਗਹਿਣੇ ਪਾਉਣੇ ਛੱਡ ਦਿੱਤੇ। 5 ਕਿਉਂ? ਕਿਉਂਕਿ ਯਹੋਵਾਹ ਨੇ ਮੂਸਾ ਨੂੰ ਆਖਿਆ, “ਇਸਰਾਏਲ ਦੇ ਲੋਕਾਂ ਨੂੰ ਆਖੋ, ‘ਤੁਸੀਂ ਜ਼ਿੱਦੀ ਲੋਕ ਹੋ। ਜੇ ਮੈਂ ਤੁਹਾਡੇ ਨਾਲ-ਨਾਲ ਸਿਰਫ਼ ਥੋੜੇ ਜਿਹੇ ਰਸਤੇ ਤੇ ਹੀ ਤੁਰਿਆ ਤਾਂ ਹੋ ਸਕਦਾ ਹੈ ਕਿ ਮੈਂ ਤੁਹਾਨੂੰ ਤਬਾਹ ਕਰ ਦਿਆਂ। ਇਸ ਲਈ ਓਨਾ ਚਿਰ ਲਈ ਗਹਿਣੇ ਉਤਾਰ ਦਿਉ ਜਿੰਨਾ ਚਿਰ ਮੈਂ ਇਹ ਨਿਰਣਾ ਕਰਦਾ ਹਾਂ ਕਿ ਤੁਹਾਡੇ ਨਾਲ ਕੀ ਸਲੂਕ ਕਰਾਂ।’ 6 ਇਸ ਲਈ ਇਸਰਾਏਲ ਦੇ ਲੋਕਾਂ ਨੇ ਹੇਰੋਬ ਪਰਬਤ ਉੱਤੇ ਆਪਣੇ ਗਹਿਣੇ ਪਾਉਣੇ ਛੱਡ ਦਿੱਤੇ। 7 ਮੂਸਾ ਡੇਰੇ ਤੋਂ ਥੋੜਾ ਜਿਹਾ ਬਾਹਰ ਇਸ ਤੰਬੂ ਕੋਲ ਜਾਂਦਾ ਹੁੰਦਾ ਸੀ। ਉਹ ਇਸਨੂੰ “ਮੰਡਲੀ ਵਾਲਾ ਤੰਬੂ” ਬੁਲਾਉਂਦਾ ਸੀ। ਜਿਹੜਾ ਵੀ ਬੰਦਾ ਯਹੋਵਾਹ ਤੋਂ ਕੁਝ ਪੁਛਣਾ ਚਾਹੁੰਦਾ ਸੀ ਉਹ ਡੇਰੇ ਤੋਂ ਬਾਹਰ ਇਸ ਮੰਡਲੀ ਵਾਲੇ ਤੰਬੂ ਕੋਲ ਜਾਂਦਾ ਸੀ। 8 ਕਿਸੇ ਵੀ ਵੇਲੇ ਜਦੋਂ ਮੂਸਾ ਬਾਹਰ ਆਕੇ ਤੰਬੂ ਵਿੱਚ ਜਾਂਦਾ ਸੀ, ਸਾਰੇ ਲੋਕ ਉਸਨੂੰ ਦੇਖਦੇ ਸਨ। ਲੋਕ ਆਪਣੇ ਤੰਬੂਆਂ ਦੇ ਦਰਵਾਜ਼ੇ ਉੱਤੇ ਖਲੋਤੇ ਰਹਿੰਦੇ ਸਨ ਅਤੇ ਮੂਸਾ ਨੂੰ ਉਦੋਂ ਤੱਕ ਦੇਖਦੇ ਰਹਿੰਦੇ ਸਨ ਜਦੋਂ ਤੱਕ ਕਿ ਉਹ ਮੰਡਲੀ ਵਾਲੇ ਤੰਬੂ ਵਿੱਚ ਦਾਖਲ ਨਹੀਂ ਹੋ ਜਾਂਦਾ ਸੀ। 9 ਜਦੋਂ ਵੀ ਮੂਸਾ ਇਸ ਤੰਬੂ ਵਿੱਚ ਜਾਂਦਾ ਸੀ, ਇੱਕ ਲੰਮਾ ਬੱਦਲ ਹੇਠਾ ਆਉਂਦਾ ਸੀ ਅਤੇ ਤੰਬੂ ਦੇ ਦਰਵਾਜ਼ੇ ਉੱਤੇ ਰੁਕ ਜਾਂਦਾ ਸੀ। ਅਤੇ ਯਹੋਵਾਹ ਮੂਸਾ ਨਾਲ ਗੱਲ ਕਰਦਾ ਹੁੰਦਾ ਸੀ। 10 ਇਸ ਲਈ ਜਦੋਂ ਵੀ ਲੋਕ ਤੰਬੂ ਦੇ ਦਰਵਾਜ਼ੇ ਉੱਤੇ ਬੱਦਲ ਨੂੰ ਦੇਖਦੇ ਸਨ, ਉਹ ਆਪਣੇ-ਆਪਣੇ ਤੰਬੂਆਂ ਦੇ ਦਰਵਾਜ਼ਿਆਂ ਤੇ ਜਾਂਦੇ ਸਨ ਅਤੇ ਪਰਮੇਸ਼ੁਰ ਦੀ ਉਪਾਸਨਾ ਲਈ ਮਥਾ ਟੇਕਦੇ ਸਨ। 11 ਇਸ ਤਰ੍ਹਾਂ ਨਾਲ ਯਹੋਵਾਹ ਮੂਸਾ ਨਾਲ ਆਮ੍ਹੋ-ਸਾਮ੍ਹਣੇ ਗੱਲ ਕਰਦਾ ਸੀ। ਯਹੋਵਾਹ ਮੂਸਾ ਨਾਲ ਉਸੇ ਤਰ੍ਹਾਂ ਗੱਲ ਕਰਦਾ ਸੀ ਜਿਵੇਂ ਕੋਈ ਆਦਮੀ ਆਪਣੇ ਕਿਸੇ ਮਿੱਤਰ ਨਾਲ ਗੱਲ ਕਰਦਾ ਹੈ। ਯਹੋਵਾਹ ਨਾਲ ਗੱਲਾਂ ਕਰਨ ਤੋਂ ਮਗਰੋਂ ਮੂਸਾ ਡੇਰੇ ਅੰਦਰ ਵਾਪਸ ਆ ਜਾਂਦਾ ਸੀ। ਪਰ ਉਸਦਾ ਸਹਾਇਕ ਹਮੇਸ਼ਾ ਤੰਬੂ ਵਿੱਚ ਠਹਿਰਦਾ ਸੀ। ਇਹ ਸਹਾਇਕ ਸੀ ਨੂਨ ਦਾ ਪੁੱਤਰ ਯਹੋਸ਼ੂਆ। 12 ਮੂਸਾ ਨੇ ਯਹੋਵਾਹ ਨੂੰ ਆਖਿਆ, “ਤੁਸੀਂ ਮੈਨੂੰ ਆਖਿਆ ਸੀ ਕਿ ਮੈਂ ਇਨ੍ਹਾਂ ਲੋਕਾਂ ਦੀ ਅਗਵਾਈ ਕਰਾਂ। ਪਰ ਤੁਸੀਂ ਇਹ ਨਹੀਂ ਸੀ ਦੱਸਿਆ ਕਿ ਤੁਸੀਂ ਮੇਰੇ ਨਾਲ ਕਿਸਨੂੰ ਭੇਜੋਂਗੇ। ਤੁਸੀਂ ਮੈਨੂੰ ਆਖਿਆ ਸੀ, ‘ਮੈਂ ਤੈਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ ਤੇ ਮੈਂ ਤੇਰੇ ਉੱਤੇ ਪ੍ਰਸੰਨ ਹਾਂ।’ 13 ਜੇ ਮੈਂ ਸੱਚ ਮੁੱਚ ਤੁਹਾਨੂੰ ਪ੍ਰਸੰਨ ਕੀਤਾ ਹੈ, ਤਾਂ ਮੈਨੂੰ ਆਪਣੇ ਰਾਹਾਂ ਦੀ ਸਿੱਖਿਆ ਦੇਵੋ। ਮੈਂ ਤੁਹਾਨੂੰ ਜਾਨਣਾ ਚਾਹੁੰਦਾ ਹਾਂ। ਫ਼ੇਰ ਮੈਂ ਤੁਹਾਨੂੰ ਪ੍ਰਸੰਨ ਕਰਦਾ ਰਹਿ ਸਕਦਾ ਹਾਂ। ਚੇਤੇ ਰਖੋ ਕਿ ਇਹ ਸਾਰੇ ਲੋਕ ਤੁਹਾਡੇ ਲੋਕ ਹਨ।” 14 ਯਹੋਵਾਹ ਨੇ ਜਵਾਬ ਦਿੱਤਾ, “ਮੈਂ ਖੁਦ ਤੇਰੇ ਨਾਲ ਜਾਵਾਂਗਾ। ਮੈਂ ਤੇਰੀ ਅਗਵਾਈ ਕਰਾਂਗਾ।” 15 ਫ਼ੇਰ ਮੂਸਾ ਨੇ ਯਹੋਵਾਹ ਨੂੰ ਆਖਿਆ, “ਜੇ ਤੁਸੀਂ ਸਾਡੇ ਨਾਲ ਨਹੀਂ ਜਾਵੋਂਗੇ ਤਾਂ ਸਾਨੂੰ ਇਸ ਥਾਂ ਤੋਂ ਦੂਰ ਨਾ ਭੇਜੋ। 16 ਅਤੇ ਹਾਂ, ਸਾਨੂੰ ਇਸ ਗੱਲ ਦਾ ਕਿਵੇਂ ਪਤਾ ਚੱਲੇਗਾ ਕਿ ਤੁਸੀਂ ਮੇਰੇ ਨਾਲ ਅਤੇ ਇਨ੍ਹਾਂ ਲੋਕਾਂ ਨਾਲ ਪ੍ਰਸੰਨ ਹੋ? ਜੇ ਤੁਸੀਂ ਸਾਡੇ ਨਾਲ ਨਹੀਂ ਜਾਵੋਂਗੇ, ਤਾਂ ਸਾਨੂੰ ਪੱਕਾ ਪਤਾ ਚੱਲ ਜਾਵੇਗਾ। ਜੇ ਤੁਸੀਂ ਸਾਡੇ ਨਾਲ ਨਹੀਂ ਜਾਵੋਂਗੇ, ਤਾਂ ਮੈਂ ਅਤੇ ਇਹ ਲੋਕ ਧਰਤੀ ਦੇ ਹੋਰਨਾਂ ਲੋਕਾਂ ਨਾਲੋਂ ਵਖਰੇ ਨਹੀਂ ਹੋਵਾਂਗੇ।” 17 ਤਾਂ ਯਹੋਵਾਹ ਨੇ ਮੂਸਾ ਨੂੰ ਅਖਿਆ, “ਮੈਂ ਉਹੀ ਕਰਾਂਗਾ ਜੋ ਤੂੰ ਆਖਦਾ ਹੈ। ਮੈਂ ਅਜਿਹਾ ਇਸ ਲਈ ਕਰਾਂਗਾ ਕਿਉਂਕਿ ਮੈਂ ਤੇਰੇ ਉੱਤੇ ਪ੍ਰਸੰਨ ਹਾਂ ਅਤੇ ਮੈਂ ਤੈਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ।” 18 ਤਾਂ ਮੂਸਾ ਨੇ ਆਖਿਆ, “ਹੁਣ ਕਿਰਪਾ ਕਰਕੇ ਮੈਨੂੰ ਆਪਣਾ ਪਰਤਾਪ ਦਰਸਾਉ।” 19 ਤਾਂ ਯਹੋਵਾਹ ਨੇ ਜਵਾਬ ਦਿੱਤਾ, “ਮੈਂ ਆਪਣੀ ਮੁਕੰਮਲ ਨੇਕੀ ਨੂੰ ਤੇਰੇ ਅੱਗੇ ਭੇਜਕੇ ਆਪਣਾ ਨਾਮ “ਯਹੋਵਾਹ” ਘੋਸ਼ਿਤ ਕਰਾਂਗਾ। ਕਿਉਂਕਿ ਮੈਂ ਆਪਣੀ ਮਿਹਰ ਅਤੇ ਆਪਣਾ ਪਿਆਰ ਕਿਸੇ ਵੀ ਬੰਦੇ, ਜਿਸਨੂੰ ਮੈਂ ਚੁਣਦਾਂ ਦਰਸਾ ਸਕਦਾ ਹਾਂ। 20 ਪਰ ਤੂੰ ਮੇਰਾ ਚਿਹਰਾ ਨਹੀਂ ਦੇਖ ਸਕੇਂਗਾ। ਕੋਈ ਵੀ ਬੰਦਾ ਮੈਨੂੰ ਦੇਖਕੇ ਜਿਉਂਦਾ ਨਹੀਂ ਰਹਿ ਸਕਦਾ। 21 “ਮੇਰੇ ਨਜ਼ਦੀਕ ਇੱਕ ਥਾਂ ਤੇ ਇੱਕ ਪੱਥਰ ਹੈ। ਤੂੰ ਉਸ ਪੱਥਰ ਤੇ ਖਲੋ ਸਕਦਾ ਹੈਂ। 22 ਮੇਰਾ ਪਰਤਾਪ ਉਸ ਸਥਾਨ ਤੋਂ ਗੁਜ਼ਰੇਗਾ। ਮੈਂ ਤੈਨੂੰ ਉਸ ਪੱਥਰ ਦੀ ਇੱਕ ਵੱਡੀ ਤ੍ਰੇੜ ਵਿੱਚ ਰੱਖ ਦਿਆਂਗਾ, ਅਤੇ ਜਦੋਂ ਮੈਂ ਗੁਜ਼ਰਾਂਗਾ ਤਾਂ ਮੈਂ ਤੈਨੂੰ ਆਪਣੇ ਹੱਥ ਨਾਲ ਢਕ ਲਵਾਂਗਾ। 23 ਫ਼ੇਰ ਮੈਂ ਆਪਣਾ ਹੱਥ ਚੁੱਕ ਲਵਾਂਗਾ, ਅਤੇ ਤੂੰ ਮੇਰੀ ਪਿਠ ਦੇਖ ਸਕੇਂਗਾ। ਪਰ ਤੂੰ ਮੇਰਾ ਚਿਹਰਾ ਨਹੀਂ ਦੇਖੇਂਗਾ।”

Exodus 34

1 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਪੱਥਰ ਦੀਆਂ ਉਨ੍ਹਾਂ ਪਹਿਲੀਆਂ ਤਖਤੀਆਂ ਵਰਗੀਆਂ ਦੋ ਹੋਰ ਤਖਤੀਆਂ ਬਣਾ ਦਿੱਤੀਆਂ ਜਿਹੜੀਆਂ ਟੁੱਟ ਗਈਆਂ ਸਨ। ਮੈਂ ਇਨ੍ਹਾਂ ਤਖਤੀਆਂ ਉੱਤੇ ਉਹੀ ਸ਼ਬਦ ਲਿਖਾਂਗਾ ਜਿਹੜੇ ਪਹਿਲੀਆਂ ਦੋਹਾਂ ਤਖਤੀਆਂ ਉੱਤੇ ਲਿਖੇ ਹੋਏ ਸਨ। 2 ਕਲ ਸਵੇਰੇ ਤਿਆਰ ਹੋ ਜਾਵੀਂ ਅਤੇ ਸੀਨਈ ਪਰਬਤ ਉੱਤੇ ਆ ਜਾਵੀਂ। ਉਥੇ ਪਰਬਤ ਦੀ ਚੋਟੀ ਉੱਤੇ ਮੇਰੇ ਸਨਮੁਖ ਖੜਾ ਹੋ ਜਾਵੀਂ। 3 ਕਿਸੇ ਵੀ ਬੰਦੇ ਨੂੰ ਤੇਰੇ ਨਾਲ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ। ਕੋਈ ਵੀ ਬੰਦਾ ਪਰਬਤ ਦੀ ਕਿਸੇ ਵੀ ਥਾ ਉੱਤੇ ਦੇਖਿਆ ਨਹੀਂ ਜਾਣਾ ਚਾਹੀਦਾ। ਤੁਹਾਡੇ ਜਾਨਵਰਾਂ ਦੇ ਵੱਗਾਂ ਜਾਂ ਭੇਡਾਂ ਦੇ ਇੱਜੜਾਂ ਨੂੰ ਵੀ ਪਰਬਤ ਦੇ ਹੇਠ ਘਾਹ ਚਰਨ ਦੀ ਇਜਾਜ਼ਤ ਨਹੀਂ ਹੋਵੇਗੀ।” 4 ਇਸ ਲਈ ਮੂਸਾ ਨੇ ਪਹਿਲਾਂ ਵਰਗੀਆਂ ਦੋ ਪੱਥਰ ਦੀਆਂ ਤਖਤੀਆਂ ਹੋਰ ਬਣਾਈਆਂ। ਫ਼ੇਰ ਅਗਲੀ ਸਵੇਰ ਸੁਵਖਤੇ ਹੀ ਉਹ ਸੀਨਈ ਪਰਬਤ ਉੱਤੇ ਚੜ ਗਿਆ। ਮੂਸਾ ਨੇ ਹਰ ਗੱਲ ਉਵੇਂ ਹੀ ਕੀਤੀ ਜਿਸਦਾ ਯਹੋਵਾਹ ਨੇ ਉਸਨੂੰ ਹੁਕਮ ਦਿੱਤਾ ਸੀ ਮੂਸਾ ਆਪਣੇ ਨਾਲ ਪੱਥਰ ਦੀਆਂ ਦੋ ਤਖਤੀਆਂ ਲੈ ਗਿਆ। 5 ਜਦੋਂ ਮੂਸਾ ਪਰਬਤ ਉੱਤੇ ਸੀ, ਯਹੋਵਾਹ ਉਸ ਕੋਲ ਇੱਕ ਬੱਦਲ ਵਿੱਚ ਹੇਠਾਂ ਆਇਆ। ਯਹੋਵਾਹ ਓਥੇ ਮੂਸਾ ਦੇ ਨਾਲ ਖਲੋ ਗਿਆ, ਅਤੇ ਉਸ (ਯਹੋਵਾਹ) ਦਾ ਨਾਮ ਪੁਕਾਰਿਆ। 6 ਯਹੋਵਾਹ ਮੂਸਾ ਦੇ ਅਗਿਓ ਲੰਘਿਆ ਅਤੇ ਆਖਿਆ, “ਯਾਹਵੇਹ, ਯਹੋਵਾਹ, ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ। ਯਹੋਵਾਹ ਨੂੰ ਛੇਤੀ ਗੁੱਸਾ ਨਹੀਂ ਆਉਂਦਾ। ਯਹੋਵਾਹ ਮਹਾਨ ਪਿਆਰ ਨਾਲ ਭਰਪੂਰ ਹੈ। ਯਹੋਵਾਹ ਉੱਤੇ ਭਰੋਸਾ ਕੀਤਾ ਜਾ ਸਕਦਾ ਹੈ। 7 ਯਹੋਵਾਹ ਹਜ਼ਾਰਾਂ ਪੀੜੀਆਂ ਨੂੰ ਆਪਣੀ ਮਿਹਰ ਦਰਸਾਉਂਦਾ ਹੈ। ਯਹੋਵਾਹ ਲੋਕਾਂ ਦੀਆਂ ਕੀਤੀਆਂ ਗਲਤੀਆਂ ਨੂੰ ਮਾਫ਼ ਕਰ ਦਿੰਦਾ ਹੈ। ਪਰ ਯਹੋਵਾਹ ਦੋਸ਼ੀਆਂ ਨੂੰ ਸਜ਼ਾ ਦੇਣਾ ਨਹੀਂ ਭੁੱਲਦਾ। ਯਹੋਵਾਹ ਸਿਰਫ਼ ਦੋਸ਼ੀ ਲੋਕਾਂ ਨੂੰ ਹੀ ਸਜ਼ਾ ਨਹੀਂ ਦੇਵੇਗਾ, ਸਗੋਂ ਉਨ੍ਹਾਂ ਦੇ ਪੁੱਤ, ਪੋਤੇ ਅਤੇ ਪੜਪੋਤੇ ਵੀ ਉਨ੍ਹਾਂ ਦੇ ਕੀਤੇ ਮੰਦੇ ਕੰਮਾਂ ਲਈ, ਦੁੱਖ ਭੋਗਣਗੇ।” 8 ਤਾਂ ਮੂਸਾ ਨੇ ਛੇਤੀ ਨਾਲ ਧਰਤੀ ਵੱਲ ਝੁਕ ਕੇ ਮਥਾ ਟੇਕਿਆ ਅਤੇ ਯਹੋਵਾਹ ਦੀ ਉਪਾਸਨਾ ਕੀਤੀ। ਮੂਸਾ ਨੇ ਆਖਿਆ, 9 “ਯਹੋਵਾਹ, ਜੇ ਤੁਸੀਂ ਮੇਰੇ ਉੱਤੇ ਪ੍ਰਸੰਨ ਹੋ, ਤਾਂ ਕਿਰਪਾ ਕਰਕੇ ਸਾਡੇ ਨਾਲ ਚੱਲੋ। ਮੈਂ ਜਾਣਦਾ ਹਾਂ ਕਿ ਇਹ ਜ਼ਿੱਦੀ ਲੋਕ ਹਨ। ਪਰ ਸਾਡੇ ਕੀਤੇ ਹੋਏ ਮੰਦੇ ਕੰਮਾਂ ਲਈ ਸਾਨੂੰ ਮਾਫ਼ ਕਰ ਦਿਉ। ਸਾਨੂੰ ਆਪਣੇ ਬੰਦਿਆਂ ਵਾਂਗ ਪ੍ਰਵਾਨ ਕਰ ਲਵੋ।” 10 ਤਾਂ ਯਹੋਵਾਹ ਨੇ ਆਖਿਆ, “ਮੈਂ ਇਹ ਇਕਰਾਰਨਾਮਾ ਤੇਰੇ ਸਾਰੇ ਲੋਕਾਂ ਨਾਲ ਕਰ ਰਿਹਾ ਹਾਂ। ਮੈਂ ਅਜਿਹੀਆਂ ਹੈਰਾਨੀ ਭਰੀਆਂ ਗੱਲਾਂ ਕਰਾਂਗਾ ਜਿਹੜੀਆਂ ਧਰਤੀ ਦੀ ਕਿਸੇ ਹੋਰ ਕੌਮ ਲਈ ਕਦੇ ਵੀ ਨਹੀਂ ਕੀਤੀਆਂ ਗਈਆਂ। ਤੇਰੇ ਨਾਲ ਦੇ ਲੋਕ ਦੇਖਣਗੇ ਕਿ ਮੈਂ, ਯਹੋਵਾਹ, ਬਹੁਤ ਮਹਾਨ ਹਾਂ। ਲੋਕ ਉਨ੍ਹਾਂ ਹੈਰਾਨੀ ਭਰੇ ਕਾਰਨਾਮਿਆਂ ਨੂੰ ਦੇਖਣਗੇ ਜਿਹੜੇ ਮੈਂ ਤੁਹਾਦੇ ਲਈ ਕਰਾਂਗਾ। 11 ਉਨ੍ਹਾਂ ਗੱਲਾਂ ਨੂੰ ਮੰਨੋ ਜਿਨ੍ਹਾਂ ਦਾ ਅੱਜ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ, ਅਤੇ ਮੈਂ ਤੁਹਾਡੇ ਦੁਸ਼ਮਣਾਂ ਨੂੰ ਤੁਹਾਡੀ ਧਰਤੀ ਤੋਂ ਚਲੇ ਜਾਣ ਲਈ ਮਜ਼ਬੂਰ ਕਰ ਦਿਆਂਗਾ। ਮੈਂ ਅਮੋਰੀਆਂ, ਕਨਾਨੀਆਂ, ਹਿੱਤੀਆਂ, ਫ਼ਰਿਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਨੂੰ ਬਾਹਰ ਧੱਕ ਦਿਆਂਗਾ। 12 ਹੋਸ਼ਿਆਰ ਰਹਿਣਾ। ਉਨ੍ਹਾਂ ਨਾਲ ਕੋਈ ਇਕਰਾਰਨਾਮਾ ਨਾ ਕਰਨਾ ਜਿਹੜੇ ਉਸ ਧਰਤੀ ਉੱਤੇ ਰਹਿ ਰਹੇ ਹਨ, ਜਿਥੇ ਤੁਸੀਂ ਜਾ ਰਹੇ ਹੋ। ਜੇ ਤੁਸੀਂ ਅਜਿਹਾ ਕਰੋਂਗੇ, ਉਹ ਉਨ੍ਹਾਂ ਦੇ ਦੇਵਤਿਆਂ ਦੀ ਉਪਾਸਨਾ ਕਰਨ ਲਈ ਤੁਹਾਨੂੰ ਫ਼ਸਾਉਣ ਦੇ ਯੋਗ ਹੋਣਗੇ। 13 ਇਸ ਲਈ ਉਨ੍ਹਾਂ ਦੀਆਂ ਜਗਵੇਦੀਆਂ ਨੂੰ ਤਬਾਹ ਕਰ ਦਿਉ। ਉਨ੍ਹਾਂ ਪੱਥਰਾਂ ਨੂੰ ਤੋੜ ਦਿਉ ਜਿਨ੍ਹਾਂ ਦੀ ਉਹ ਉਪਾਸਨਾ ਕਰਦੇ ਹਨ। ਉਨ੍ਹਾਂ ਦੇ ਬੁੱਤਾਂ ਨੂੰ ਚੀਰ ਕੇ ਹੇਠਾਂ ਸੁੱਟ ਦਿਉ। 14 ਕਿਸੇ ਵੀ ਹੋਰ ਦੇਵਤੇ ਦੀ ਉਪਾਸਨਾ ਨਾ ਕਰੋ। ਮੈਂ ਯਾਹਵੇਹ ਕਾਨਾਹ ਹਾਂ - ਈਰਖਾਲੂ ਯਹੋਵਾਹ। ਇਹ ਮੇਰਾ ਨਾਮ ਹੈ। ਮੈਂ ਏਲ ਕਾਨਾਹ ਹਾਂ - ਈਰਖਾਲੂ ਪਰਮੇਸ਼ੁਰ। 15 “ਹੋਸ਼ਿਆਰ ਰਹਿਣਾ ਕਿ ਜਿਹੜੇ ਲੋਕ ਉਸ ਧਰਤੀ ਉੱਤੇ ਰਹਿੰਦੇ ਹਨ ਉਨ੍ਹਾਂ ਨਾਲ ਕੋਈ ਇਕਰਾਰਨਾਮੇ ਨਹੀਂ ਕਰਨਾ। ਜੇ ਤੁਸੀਂ ਅਜਿਹਾ ਕਰੋਂਗੇ ਤਾਂ ਹੋ ਸਕਦਾ ਹੈ ਕਿ ਤੁਸੀਂ ਉਨ੍ਹਾਂ ਨਾਲ ਉਨ੍ਹਾਂ ਦੇ ਦੇਵਤਿਆਂ ਦੀ ਉਪਾਸਨਾ ਵਿੱਚ ਵੀ ਸ਼ਾਮਿਲ ਹੋ ਜਾਵੋਂ। ਉਹ ਲੋਕ ਤੁਹਾਨੂੰ ਆਪਣੇ ਵਿੱਚ ਸ਼ਾਮਿਲ ਹੋਣ ਦੀ ਦਾਵਤ ਵੀ ਦੇਣਗੇ ਅਤੇ ਤੁਸੀਂ ਉਨ੍ਹਾਂ ਦੀਆਂ ਬਲੀਆਂ ਦਾ ਭੋਜਨ ਕਰੋਂਗੇ। 16 ਹੋ ਸਕਦਾ ਹੈ ਕਿ ਤੁਸੀਂ ਆਪਣੇ ਪੁੱਤਰਾਂ ਲਈ ਉਨ੍ਹਾਂ ਦੀਆਂ ਧੀਆਂ ਨੂੰ ਪਤਨੀਆਂ ਵਜੋਂ ਚੁਣ ਲਵੋਂ। ਉਹ ਧੀਆਂ ਝੂਠੇ ਦੇਵਤਿਆਂ ਦੀ ਸੇਵਾ ਕਰਦੀਆਂ ਹਨ। ਉਹ ਤੁਹਾਡੇ ਪੁੱਤਰਾਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰ ਸਕਦੀਆਂ ਹਨ। 17 “ਕੋਈ ਬੁੱਤ ਨਾ ਬਣਾਉ। 18 “ਪਤੀਰੀ ਰੋਟੀ ਦੇ ਪਰਬ ਦਾ ਜਸ਼ਨ ਮਨਾਉ। ਸੱਤ ਦਿਨ ਤੱਕ ਉਹੀ ਪਤੀਰੀ ਰੋਟੀ ਖਾਓ, ਜਿਹਾ ਕਿ ਮੈਂ ਤੁਹਾਨੂੰ ਪਹਿਲਾਂ ਹੁਕਮ ਦਿੱਤਾ ਸੀ। ਅਜਿਹਾ ਉਸ ਮਹੀਨੇ ਦੌਰਾਨ ਕਰੋ ਜਿਸਦੀ ਮੈਂ ਚੋਣ ਕੀਤੀ ਹੈ, ਅਬੀਬ ਦਾ ਮਹੀਨਾ। ਕਿਉਂਕਿ ਇਹੀ ਉਹ ਮਹੀਨਾ ਹੈ ਜਦੋਂ ਤੁਸੀਂ ਮਿਸਰ ਵਿੱਚੋਂ ਬਾਹਰ ਆਏ ਸੀ। 19 “ਕਿਸੇ ਵੀ ਔਰਤ ਦਾ ਪਲੇਠਾ ਨਰ ਬੱਚਾ ਮੇਰਾ ਹੈ। ਉਹ ਪਲੇਠੇ ਨਰ ਜਾਨਵਰ ਵੀ ਜਿਨ੍ਹਾਂ ਨੂੰ ਤੁਹਾਡੇ ਪਸ਼ੂ ਜਾਂ ਭੇਡਾਂ ਜਨਮ ਦਿੰਦੀਆਂ ਹਨ ਮੇਰੇ ਹਨ। 20 ਜੇ ਤੁਸੀਂ ਕਿਸੇ ਪਲੇਠੇ ਜੰਮੇ ਖੋਤੇ ਨੂੰ ਆਪਣੇ ਕੋਲ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਇਸਨੂੰ ਲੇਲਾ ਦੇਕੇ ਖਰੀਦ ਸਕਦੇ ਹੋ। ਪਰ ਜੇ ਤੁਸੀਂ ਇਸ ਖੋਤੇ ਨੂੰ ਲੇਲੇ ਨਾਲ ਨਹੀਂ ਖਰੀਦਦੇ, ਤਾਂ ਤੁਹਾਨੂੰ ਉਸ ਖੋਤੇ ਦੀ ਗਰਦਨ ਤੋੜ ਦੇਣੀ ਚਾਹੀਦੀ ਹੈ। ਤੁਹਾਨੂੰ ਚਾਹੀਦਾ ਹੈ ਕਿ ਆਪਣੇ ਸਾਰੇ ਪਲੇਠੇ ਪੁੱਤਰ ਮੇਰੇ ਪਾਸੋਂ ਵਪਸ ਖਰੀਦੋਂ। ਕੋਈ ਵੀ ਬੰਦਾ ਬਿਨਾ ਸੁਗਾਤ ਦੇ ਮੇਰੇ ਕੋਲ ਨਹੀਂ ਆਉਣਾ ਚਾਹੀਦਾ। 21 “ਤੁਸੀਂ ਛੇ ਦਿਨ ਤੱਕ ਕੰਮ ਕਰੋਂਗੇ। ਪਰ ਸੱਤਵੇਂ ਦਿਨ ਤੁਹਾਨੂੰ ਅਰਾਮ ਕਰਨਾ ਚਾਹੀਦਾ ਹੈ। ਤੁਹਾਨੂੰ ਫ਼ਸਲਾਂ ਬੀਜਣ ਅਤੇ ਵਢਣ ਦੇ ਸਮੇਂ ਦੌਰਾਨ ਵੀ ਅਰਾਮ ਕਰਨਾ ਚਾਹੀਦਾ ਹੈ। 22 “ਅਠਵਾਰੇ ਦੇ ਪਰਬ ਨੂੰ ਮਨਾਉ। ਇਸ ਤਿਉਹਾਰ ਲਈ ਕਣਕ ਦੀ ਫ਼ਸਲ ਦੇ ਪਹਿਲੇ ਦਾਣੇ ਵਰਤੋਂ। ਅਤੇ ਪਤਝੜ ਵਿੱਚ ਵਾਢੀ ਦਾ ਪਰਬ ਮਨਾਓ। 23 “ਤੁਹਾਡੇ ਸਾਰੇ ਆਦਮੀ ਸਾਲ ਵਿੱਚ ਤਿੰਨ ਵਾਰੀ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ, ਅਤੇ ਸੁਆਮੀ ਕੋਲ ਜ਼ਰੂਰ ਜਾਣ। 24 “ਜਦੋਂ ਤੁਸੀਂ ਆਪਣੀ ਧਰਤੀ ਤੇ ਜਾਵੋਂਗੇ, ਮੈਂ ਤੁਹਾਡੇ ਦੁਸ਼ਮਣਾਂ ਨੂੰ ਉਸ ਧਰਤੀ ਤੋਂ ਬਾਹਰ ਧੱਕ ਦਿਆਂਗਾ ਮੈਂ ਤੁਹਾਡੀਆਂ ਸਰਹੱਦਾਂ ਨੂੰ ਫ਼ੈਲਾ ਦਿਆਂਗਾ - ਤੁਹਾਨੂੰ ਹੋਰ ਧਰਤੀ ਮਿਲੇਗੀ। ਤੁਸੀਂ ਸਾਲ ਵਿੱਚ ਤਿੰਨ ਵਾਰੀ ਯਹੋਵਾਹ ਆਪਣੇ ਪਰਮੇਸ਼ੁਰ ਕੋਲ ਜਾਵੋਂਗੇ। ਉਸ ਸਮੇਂ ਕੋਈ ਵੀ ਬੰਦਾ ਤੁਹਾਡੇ ਕੋਲੋਂ ਤੁਹਾਡੀ ਧਰਤੀ ਖੋਹਣ ਦੀ ਕੋਸ਼ਿਸ਼ ਨਹੀਂ ਕਰੇਗਾ। 25 “ਜਦੋਂ ਵੀ ਤੁਸੀਂ ਮੈਨੂੰ ਬਲੀ ਦਾ ਖੂਨ ਚੜਾਵੋਂ ਤਾਂ ਉਸ ਵੇਲੇ ਕਦੇ ਵੀ ਖਮੀਰ ਨਾ ਚੜਾਓ।“ਪਸਾਹ ਦੇ ਭੋਜਨ ਦਾ ਬਚਿਆ ਹੋਇਆ ਮਾਸ ਅਗਲੀ ਸਵੇਰ ਲਈ ਨਹੀਂ ਰਖਣਾ। 26 “ਆਪਣੀ ਵਾਢੀ ਦੀਆਂ ਪਹਿਲੀਆਂ ਫ਼ਸਲਾਂ ਯਹੋਵਾਹ ਨੂੰ ਦੇਵੋ। ਉਹ ਚੀਜ਼ਾ ਯਹੋਵਾਹ ਆਪਣੇ ਪਰਮੇਸ਼ੁਰ ਦੇ ਘਰ ਲੈਕੇ ਆਉ।“ਕਦੇ ਵੀ ਕਿਸੇ ਬੱਕਰੀ ਦੇ ਬੱਚੇ ਨੂੰ ਉਸਦੇ ਮਾਂ ਦੇ ਦੁਧ ਵਿੱਚ ਨਾ ਪਕਾਉ।” 27 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਉਹ ਸਾਰੀਆਂ ਗੱਲਾਂ ਲਿਖ ਲੈ ਜੋ ਮੈਂ ਤੈਨੂੰ ਆਖੀਆਂ ਹਨ। ਉਹ ਗੱਲਾਂ ਉਹ ਇਕਰਾਰਨਾਮਾ ਹੈ ਜਿਹੜਾ ਮੈਂ ਤੁਹਾਡੇ ਅਤੇ ਇਸਰਾਏਲ ਦੇ ਲੋਕਾਂ ਨਾਲ ਕੀਤਾ ਹੈ।” 28 ਮੂਸਾ ਉਥੇ ਯਹੋਵਾਹ ਦੇ ਨਾਲ 40 ਦਿਨ ਅਤੇ 40 ਰਾਤਾਂ ਠਹਿਰਿਆ। ਮੂਸਾ ਨੇ ਨਾ ਕੋਈ ਭੋਜਨ ਖਾਧਾ ਨਾ ਕੋਈ ਪਾਣੀ ਪੀਤਾ। ਅਤੇ ਮੂਸਾ ਨੇ ਪੱਥਰ ਦੀਆਂ ਦੋ ਤਖਤੀਆਂ ਉੱਤੇ ਇਕਰਾਰਨਾਮੇ ਦੇ ਸ਼ਬਦ (ਦਸ ਹੁਕਮ) ਲਿਖੇ। 29 ਫ਼ੇਰ ਮੂਸਾ ਸੀਨਈ ਪਰਬਤ ਤੋਂ ਹੇਠਾਂ ਉਤਰ ਆਇਆ। ਉਸਦੇ ਕੋਲ ਪੱਥਰ ਦੀਆਂ ਦੋ ਤਖਤੀਆਂ ਸਨ ਜਿਨ੍ਹਾਂ ਉੱਤੇ ਇਕਰਾਰਨਾਮਾ ਲਿਖਿਆ ਹੋਇਆ ਸੀ। ਮੂਸਾ ਦਾ ਚਿਹਰਾ ਚਮਕ ਰਿਹਾ ਸੀ ਕਿਉਂਕਿ ਉਸਨੇ ਯਹੋਵਾਹ ਨਾਲ ਗੱਲਾਂ ਕੀਤੀਆਂ ਸਨ। ਪਰ ਮੂਸਾ ਨੂੰ ਇਸ ਗੱਲ ਦਾ ਪਤਾ ਨਹੀਂ ਸੀ। 30 ਹਾਰੂਨ ਨੇ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੇ ਮੂਸਾ ਦਾ ਚਿਹਰਾ ਦੇਖਿਆ ਜਿਹੜਾ ਤੇਜ ਨਾਲ ਚਮਕ ਰਿਹਾ ਸੀ। ਇਸ ਲਈ ਉਹ ਉਸਦੇ ਕੋਲ ਜਾਣ ਤੋਂ ਡਰਦੇ ਸਨ। 31 ਪਰ ਮੂਸਾ ਨੇ ਉਨ੍ਹਾਂ ਨੂੰ ਬੁਲਾਇਆ। ਇਸ ਲਈ ਹਾਰੂਨ ਅਤੇ ਲੋਕਾਂ ਦੇ ਸਾਰੇ ਆਗੂ ਮੂਸਾ ਕੋਲ ਗਏ। ਮੂਸਾ ਨੇ ਉਨ੍ਹਾਂ ਨਾਲ ਗੱਲ ਕੀਤੀ। 32 ਇਸਤੋਂ ਮਗਰੋਂ ਇਸਰਾਏਲ ਦੇ ਸਾਰੇ ਲੋਕ ਮੂਸਾ ਦੇ ਨੇੜੇ ਆ ਗਏ। ਅਤੇ ਮੂਸਾ ਨੇ ਉਨ੍ਹਾਂ ਨੂੰ ਉਹ ਹੁਕਮ ਦਿੱਤੇ ਜਿਹੜੇ ਯਹੋਵਾਹ ਨੇ ਉਸਨੂੰ ਸੀਨਈ ਪਰਬਤ ਉੱਤੇ ਦਿੱਤੇ ਸਨ। 33 ਜਦੋਂ ਮੂਸਾ ਲੋਕਾਂ ਨਾਲ ਗੱਲ ਕਰ ਹਟਿਆ ਉਸਨੇ ਆਪਣੇ ਚਿਹਰੇ ਉੱਤੇ ਪਰਦਾ ਪਾ ਲਿਆ। 34 ਜਿਸ ਵੇਲੇ ਵੀ ਮੂਸਾ ਯਹੋਵਾਹ ਨਾਲ ਗੱਲ ਕਰਨ ਲਈ ਉਸਦੇ ਸਾਮ੍ਹਣੇ ਗਿਆ, ਮੂਸਾ ਨੇ ਉਹ ਪਰਦਾ ਲਾਹ ਦਿੱਤਾ। ਫ਼ੇਰ ਮੁਸਾ ਬਾਹਰ ਆਉਂਦਾ ਅਤੇ ਇਸਰਾਏਲ ਦੇ ਲੋਕਾਂ ਨੂੰ ਉਹ ਗੱਲਾਂ ਦੱਸਦਾ ਜਿਨ੍ਹਾਂ ਦਾ ਯਹੋਵਾਹ ਹੁਕਮ ਦਿੰਦਾ ਸੀ। 35 ਲੋਕ ਦੇਖਦੇ ਸਨ ਕਿ ਮੂਸਾ ਦਾ ਚਿਹਰਾ ਤੇਜ ਨਾਲ ਚਮਕਦਾ ਸੀ, ਇਸ ਲਈ ਮੂਸਾ ਆਪਣਾ ਚਿਹਰਾ ਫ਼ੇਰ ਢਕ ਲੈਂਦਾ ਸੀ। ਮੂਸਾ ਉਦੋਂ ਤੱਕ ਆਪਣਾ ਚਿਹਰਾ ਢਕੀ ਰਖਦਾ ਜਦੋਂ ਤੱਕ ਕਿ ਉਹ ਇੱਕ ਵਾਰੀ ਫ਼ੇਰ ਯਹੋਵਾਹ ਨਾਲ ਗੱਲ ਕਰਨ ਲਈ ਅੰਦਰ ਨਹੀਂ ਸੀ ਜਾਂਦਾ।

Exodus 35

1 ਮੂਸਾ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਇਕਠਿਆ ਕੀਤਾ। ਮੂਸਾ ਨੇ ਉਨ੍ਹਾਂ ਨੂੰ ਆਖਿਆ, “ਮੈਂ ਤੁਹਾਨੂੰ ਉਹ ਗੱਲਾਂ ਦੱਸਾਂਗਾ ਜਿਨ੍ਹਾਂ ਬਾਰੇ ਯਹੋਵਾਹ ਨੇ ਤੁਹਾਨੂੰ ਕਰਨ ਲਈ ਹੁਕਮ ਦਿੱਤਾ ਹੈ: 2 “ਕਂਮ ਕਰਨ ਲਈ ਛੇ ਦਿਨ ਹਨ। ਪਰ ਸੱਤਵੇ ਦਿਨ ਤੁਹਾਡੇ ਲਈ ਬਹੁਤ ਅਰਾਮ ਕਰਨ ਦਾ ਖਾਸ ਦਿਨ ਹੋਵੇਗਾ। ਤੁਸੀਂ ਉਸ ਦਿਨ ਅਰਾਮ ਕਰਕੇ ਯਹੋਵਾਹ ਨੂੰ ਆਦਰ ਦਿਉਂਗੇ। ਜਿਹੜਾ ਵੀ ਬੰਦਾ ਸੱਤਵੇਂ ਦਿਨ ਕੰਮ ਕਰਦਾ ਹੈ ਉਹ ਮਾਰਿਆ ਜਾਣਾ ਚਾਹੀਦਾ ਹੈ। 3 ਸਬਤ ਦੇ ਦਿਨ ਤੁਹਾਨੂੰ ਕਿਸੇ ਵੀ ਉਸ ਥਾਂ ਅੱਗ ਨਹੀਂ ਬਾਲਣੀ ਚਾਹੀਦੀ ਜਿਥੇ ਤੁਸੀਂ ਰਹਿੰਦੇ ਹੋ।” 4 ਮੂਸਾ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਆਖਿਆ, “ਇਹੀ ਹੈ ਜਿਸਦਾ ਯਹੋਵਾਹ ਨੇ ਹੁਕਮ ਦਿੱਤਾ; 5 ਯਹੋਵਾਹ ਲਈ ਖਾਸ ਸੁਗਾਤਾਂ ਇਕਠੀਆਂ ਕਰੋ। ਤੁਹਾਡੇ ਵਿੱਚੋਂ ਹਰ ਇੱਕ ਨੂੰ ਇਹ ਨਿਰਣਾ ਕਰਨਾ ਚਾਹੀਦਾ ਹੈ ਕਿ ਤੁਸੀਂ ਕੀ ਦੇਵੋਂਗੇ। ਅਤੇ ਫ਼ੇਰ ਤੁਹਾਨੂੰ ਉਹ ਸੁਗਾਤ ਯਹੋਵਾਹ ਲਈ ਲੈਕੇ ਆਉਣੀ ਚਾਹੀਦੀ ਹੈ। ਸੋਨਾ, ਚਾਂਦੀ ਅਤੇ ਪਿੱਤਲ, 6 ਨੀਲਾ, ਬੈਂਗਣੀ ਅਤੇ ਲਾਲ ਸੂਤ ਅਤੇ ਮਹੀਨ ਲਿਨਨ, ਬੱਕਰੀ ਦੀ ਜੱਤ। 7 ਭੇਡੂ ਦੀਆਂ ਲਾਲ ਰੰਗ ਵਿੱਚ ਰੰਗੀਆਂ ਖੱਲਾਂ ਅਤੇ ਕੀਮਤੀ ਚਮੜਾ, ਸ਼ਿੱਟੀਮ ਦੀ ਲੱਕੜ; 8 ਦੀਵਿਆਂ ਲਈ ਤੇਲ, ਮਸਹ ਦੇ ਤੇਲ ਲਈ ਸਮਗਰੀ ਅਤੇ ਸੁਗੰਧਤ ਧੂਫ਼ ਦੀ ਸਮਗਰੀ ਲੈਕੇ ਆਉ। 9 ਅਤੇ ਏਫ਼ੋਦ ਉੱਤੇ ਅਤੇ ਸੀਨੇ-ਬੰਦ ਉੱਤੇ ਲਾਉਣ ਲਈ ਸੁਲੇਮਾਨੀ ਪੱਥਰ ਅਤੇ ਹੋਰ ਬੇਸ਼ਕੀਮਤੀ ਪੱਥਰ ਲੈਕੇ ਆਉ। 10 “ਤੁਹਾਡੇ ਵਿੱਚੋਂ ਜਿਹੜੇ ਕਾਰੀਗਰ ਹੋਣ ਉਨ੍ਹਾਂ ਨੂੰ ਉਹ ਸਾਰੀਆਂ ਚੀਜ਼ਾਂ ਬਨਾਉਣੀਆਂ ਚਾਹੀਦੀਆਂ ਹਨ ਜਿਨ੍ਹਾਂ ਦਾ ਯਹੋਵਾਹ ਨੇ ਹੁਕਮ ਦਿੱਤਾ ਹੈ; 11 ਪਵਿੱਤਰ ਤੰਬੂ, ਇਸਦਾ ਬਾਹਰਲਾ ਤੰਬੂ, ਅਤੇ ਇਸਦੇ ਪਰਦੇ, ਕੁੰਡੀਆਂ, ਫ਼ੱਟੀਆਂ, ਚੋਬਾਂ ਅਤੇ ਚੀਥਾਂ, 12 ਪਵਿੱਤਰ ਸੰਦੂਕ, ਇਸ ਦੀਆਂ ਚੋਬਾਂ, ਕੱਜਣ ਅਤੇ ਉਹ ਪਰਦਾ ਜਿਹੜਾ ਉਸ ਥਾਂ ਨੂੰ ਢਕਦਾ ਹੈ ਜਿਥੇ ਸੰਦੂਕ ਹੁੰਦਾ ਹੈ, 13 ਮੇਜ, ਇਸ ਦੀਆਂ ਚੋਬਾਂ, ਮੇਜ ਉਤਲੀਆਂ ਸਾਰੀਆਂ ਚੀਜ਼ਾਂ ਅਤੇ ਮੇਜ ਉੱਪਰਲੀ ਖਾਸ ਰੋਟੀ, 14 ਰੌਸ਼ਨੀ ਲਈ ਵਰਤਿਆ ਜਾਣ ਵਾਲਾ ਸ਼ਮਾਦਾਨ ਅਤੇ ਸ਼ਮਾਦਾਨ ਦੇ ਨਾਲ ਵਰਤੀਆਂ ਜਾਣ ਵਾਲੀਆਂ ਚੀਜ਼ਾਂ, ਦੀਵੇ ਅਤੇ ਰੌਸ਼ਨੀ ਲਈ ਤੇਲ, 15 ਧੂਫ਼ ਧੁਖਾਉਣ ਵਾਲੀ ਜਗਵੇਦੀ, ਅਤੇ ਇਸ ਦੀਆਂ ਚੋਬਾਂ, ਮਸਹ ਵਾਲਾ ਤੇਲ, ਸੁਗੰਧਤ ਧੂਫ਼, ਉਹ ਪਰਦਾ ਜਿਹੜਾ ਪਵਿੱਤਰ ਤੰਬੂ ਦੇ ਪ੍ਰਵੇਸ਼ ਦੁਆਰ ਨੂੰ ਕੱਜਦਾ ਹੈ, 16 ਹੋਮ ਦੀਆਂ ਭੇਟਾ ਲਈ ਜਗਵੇਦੀ ਅਤੇ ਇਸਦੀ ਪਿੱਤਲ ਦੀ ਅੰਗੀਠੀ, ਚੋਬਾਂ ਅਤੇ ਜਗਵੇਦੀ ਉੱਤੇ ਇਸਤੇਮਾਲ ਹੋਣ ਵਾਲੀਆਂ ਸਾਰੀਆਂ ਚੀਜ਼ਾਂ, ਪਿੱਤਲ ਦਾ ਤਸਲਾ ਅਤੇ ਇਸਦੀ ਚੌਂਕੀ। 17 ਵਰਾਂਡੇ ਦੇ ਆਲੇ-ਦੁਆਲੇ ਦੇ ਪਰਦੇ ਉਨ੍ਹਾਂ ਦੀਆਂ ਚੋਬਾਂ ਅਤੇ ਚੀਥਾਂ ਅਤੇ ਉਹ ਪਰਦੇ ਜਿਹੜੇ ਵਰਾਂਡੇ ਦੇ ਪ੍ਰਵੇਸ਼ ਦੁਆਰ ਨੂੰ ਕੱਜਦੇ ਹਨ, 18 ਉਹ ਕਿੱਲੀਆਂ ਜਿਹੜੀਆਂ ਤੰਬੂ ਅਤੇ ਵਿਹੜੇ ਦੇ ਆਲੇ-ਦੁਆਲੇ ਦੇ ਪਰਿਦਆਂ ਦੀ ਕੰਧ ਨੂੰ ਰੋਕਦੀਆਂ ਹਨ ਅਤੇ ਕਿੱਲੀਆਂ ਨੂੰ ਬੰਨ੍ਹਣ ਵਾਲੀਆਂ ਰਸੀਆਂ, 19 ਅਤੇ ਪਵਿੱਤਰ ਸਥਾਨ ਉੱਤੇ ਪਹਿਨਣ ਵਾਲੇ ਜਾਜਕ ਦੇ ਖਾਸ ਉਣੇ ਹੋਏ ਵਸਤਰ। ਇਹ ਜਾਜਕ ਹਾਰੂਨ ਅਤੇ ਉਸਦੇ ਪੁੱਤਰਾਂ ਦੇ ਪਹਿਨਣ ਵਾਲੇ ਖਾਸ ਵਸਤਰ ਹਨ। ਜਦੋਂ ਉਹ ਜਾਜਕ ਵਜੋਂ ਸੇਵਾ ਕਰਨਗੇ ਤਾਂ ਇਹ ਵਸਤਰ ਪਹਿਨਣਗੇ।” 20 ਫ਼ੇਰ ਇਸਰਾਏਲ ਦੇ ਸਾਰੇ ਲੋਕ ਮੂਸਾ ਕੋਲੋਂ ਚਲੇ ਗਏ। 21 ਉਹ ਸਾਰੇ ਲੋਕ ਜਿਹੜੇ ਦੇਣਾ ਚਾਹੁੰਦੇ ਸਨ, ਆਏ ਅਤੇ ਯਹੋਵਾਹ ਲਈ ਭੇਟਾਂ ਲਿਆਏ। ਇਨ੍ਹਾਂ ਸੁਗਾਤਾਂ ਦੀ ਵਰਤੋਂ ਮੰਡਲੀ ਵਾਲੇ ਤੰਬੂ, ਤੰਬੂ ਵਿਚਲੀਆਂ ਸਾਰੀਆਂ ਚੀਜ਼ਾਂ ਅਤੇ ਖਾਸ ਵਸਤਰਾਂ ਲਈ ਕੀਤੀ। 22 ਉਹ ਸਾਰੇ ਆਦਮੀ ਤੇ ਔਰਤਾਂ ਜਿਹੜੇ ਦੇਣਾ ਚਾਹੁੰਦੇ ਸਨ, ਹਰ ਕਿਸਮ ਦੇ ਸੋਨੇ ਦੇ ਗਹਿਣੇ ਲੈਕੇ ਆਏ। ਉਹ ਸੂਈਆਂ, ਕੰਨਾਂ ਦੀਆਂ ਵਾਲੀਆਂ, ਅੰਗੂਠੀਆਂ ਅਤੇ ਹੋਰ ਗਹਿਣੇ ਲੈਕੇ ਆਏ। ਉਨ੍ਹਾਂ ਨੇ ਆਪਣੇ ਸਾਰੇ ਗਹਿਣੇ ਯਹੋਵਾਹ ਨੂੰ ਭੇਂਟ ਕਰ ਦਿੱਤੇ। ਇਹ ਯਹੋਵਾਹ ਲਈ ਖਾਸ ਭੇਟਾ ਸਨ। 23 ਪਰ ਉਹ ਬੰਦਾ ਜਿਸਦੇ ਕੋਲ ਮਹੀਨ ਲਿਨਨ ਅਤੇ ਨੀਲਾ, ਬੈਂਗਣੀ ਅਤੇ ਲਾਲ ਸੂਤ ਸੀ ਉਹ ਇਸਨੂੰ ਯਹੋਵਾਹ ਲਈ ਲੈ ਆਇਆ। ਜਿਸ ਕਿਸੇ ਦੇ ਕੋਲ ਬਕਿਆਨ ਦੇ ਵਾਲ ਸਨਜਾਂ ਭੇਡੂਆਂ ਦੀਆਂ, ਲਾਲ ਰੰਗ ਵਿੱਚ ਰੰਗੀਆਂ ਹੋਈਆਂ ਖੱਲਾਂ ਸਨਜਾਂ ਕੀਮਤੀ ਚਮੜਾ ਸੀ ਉਹ ਇਸਨੂੰ ਯਹੋਵਾਹ ਲਈ ਲੈ ਆਇਆ। 24 ਹਰ ਬੰਦਾ ਜਿਹੜਾ ਚਾਂਦੀ ਜਾਂ ਪਿੱਤਲ ਦੇਣਾ ਚਾਹੁੰਦਾ ਸੀ, ਉਹ ਇਸਨੂੰ ਯਹੋਆਹ ਲਈ ਭੇਂਟ ਵਜੋਂ ਲੈਕੇ ਆਇਆ। ਹਰ ਉਹ ਬੰਦਾ ਜਿਸਦੇ ਕੋਲ ਸ਼ਿੱਟੀਮ ਦੀ ਲੱਕੜੀ ਸੀ, ਆਇਆ ਅਤੇ ਇਹ ਯਹੋਵਾਹ ਲਈ ਅਰਪਨ ਕਰ ਦਿੱਤੀ। 25 ਹਰ ਸੁਘੜ-ਸਿਆਣੀ ਨੇ ਨੀਲਾ, ਬੈਂਗਣੀ ਅਤੇ ਲਾਲ ਸੂਤ ਅਤੇ ਮਹੀਨ ਲਿਨਨ ਦਾ ਧਾਗਾ ਬਣਇਆ। 26 ਅਤੇ ਉਹ ਸਾਰੀਆਂ ਔਰਤਾਂ ਜੋ ਸੁੱਘੜ ਸਨ ਅਤੇ ਸਹਾਇਤਾ ਕਰਨੀ ਚਾਹੁੰਦੀਆਂ ਸਨ ਉਨ੍ਹਾਂ ਨੇ ਬੱਕਰੀ ਦੀ ਪਸ਼ਮ ਤੋਂ ਕੱਪੜਾ ਬਣਾਇਆ। 27 ਆਗੂ ਸੁਲੇਮਾਨੀ ਪੱਥਰ ਅਤੇ ਹੋਰ ਬੇਸ਼ਕੀਮਤੀ ਪੱਥਰ ਲਿਆਏ ਜੋ ਏਫ਼ੋਦ ਉੱਤੇ ਅਤੇ ਸਿਨੇ-ਬੰਦ ਉੱਤੇ ਪਾਏ ਜਾਣ ਵਾਲੇ ਸਨ। 28 ਆਗੂ ਮਸਾਲੇ ਅਤੇ ਜੈਤੂਨ ਦਾ ਤੇਲ ਵੀ ਲੈ ਆਏ। ਇਨ੍ਹਾਂ ਚੀਜ਼ਾਂ ਦੀ ਵਰਤੋਂ ਸੁਗੰਧਤ ਧੂਫ਼, ਮਸਹ ਵਾਲੇ ਤੇਲ ਲਈ ਅਤੇ ਦੀਵਿਆਂ ਦੇ ਤੇਲ ਲਈ ਕੀਤੀ ਗਈ ਸੀ। 29 ਇਸਰਾਏਲ ਦੇ ਇਹ ਸਾਰੇ ਲੋਕ ਜਿਹੜੇ ਸਹਾਇਤਾ ਕਰਨੀ ਚਾਹੁੰਦੇ ਸਨ, ਯਹੋਵਾਹ ਲਈ ਸੁਗਾਤਾਂ ਲੈਕੇ ਆਏ। ਲੋਕਾਂ ਨੇ ਇਹ ਸੁਗਾਤਾਂ ਮੁਫ਼ਤ ਦਿੱਤੀਆਂ ਕਿਉਂਕਿ ਉਹ ਇਹੀ ਚਾਹੁੰਦੇ ਸਨ। ਇਨ੍ਹਾਂ ਸੁਗਾਤਾਂ ਦੀ ਵਰਤੋਂ ਉਨ੍ਹਾਂ ਸਾਰੀਆਂ ਚੀਜ਼ਾਂ ਬਨਾਉਣ ਲਈ ਕੀਤੀ ਗਈ ਜਿਸ ਬਾਰੇ ਯਹੋਵਾਹ ਨੇ ਮੂਸਾ ਅਤੇ ਲੋਕਾਂ ਨੂੰ ਬਨਾਉਣ ਲਈ ਆਖਿਆ ਸੀ। 30 ਫ਼ੇਰ ਮੂਸਾ ਨੇ ਇਸਰਾਏਲ ਦੇ ਲੋਕਾਂ ਨੂੰ ਆਖਿਆ, “ਦੇਖੋ, ਯਹੋਵਾਹ ਨੇ ਯਹੂਦਾਹ ਦੇ ਪਰਿਵਾਰ-ਸਮੂਹ ਵਿੱਚੋਂ ਊਰੀ ਦੇ ਪੁੱਤਰ ਬਸਲੇਲ ਨੂੰ ਚੁਣਿਆ ਹੈ। (ਊਰੀ ਹੂਰ ਦਾ ਪੁੱਤਰ ਸੀ।) 31 ਯਹੋਵਾਹ ਨੇ ਬਸਲਏਲ ਦੇ ਅੰਦਰ ਪਰਮੇਸ਼ੁਰ ਦਾ ਆਤਮਾ ਭਰ ਦਿੱਤਾ। ਉਸਨੇ ਬਸਲਏਲ ਨੂੰ ਸਭ ਤਰ੍ਹਾਂ ਦੀਆਂ ਗੱਲਾਂ ਕਰਨ ਲਈ ਖਾਸ ਯੋਗਤਾ ਅਤੇ ਗਿਆਨ ਦਿੱਤਾ ਹੈ। 32 ਉਹ ਸੋਨੇ ਚਾਂਦੀ ਅਤੇ ਪਿੱਤਲ ਦੀਆਂ ਚੀਜ਼ਾਂ ਤਰਾਸ਼ ਸਕਦਾ ਹੈ ਤੇ ਬਣਾ ਸਕਦਾ ਹੈ। 33 ਉਹ ਕੀਮਤੀ-ਪੱਥਰ ਅਤੇ ਹੀਰੇ ਤਰਾਸ਼ ਸਕਦਾ ਹੈ ਅਤੇ ਉਨ੍ਹਾਂ ਨੂੰ ਜੜ ਸਕਦਾ ਹੈ। ਬਸਲਏਲ ਲੱਕੜ ਦਾ ਕੰਮ ਕਰ ਸਕਦਾ ਹੈ ਅਤੇ ਹਰ ਤਰ੍ਹਾਂ ਦੀਆਂ ਚੀਜ਼ਾਂ ਬਣਾ ਸਕਦਾ ਹੈ। 34 ਯਹੋਵਾਹ ਨੇ ਬਸਲਏਲ ਅਤੇ ਆਹਾਲੀਆਬ ਨੂੰ ਹੋਰਨਾਂ ਲੋਕਾਂ ਨੂੰ ਸਿਖਿਆ ਦੇਣ ਦੀ ਯੋਗਤਾ ਦਿੱਤੀ ਹੈ। (ਆਹਾਲੀਆਬ ਦਾਨ ਦੇ ਪਰਿਵਾਰ-ਸਮੂਹ ਵਿੱਚੋਂ ਅਹੀਸਾਮਾਕ ਦਾ ਪੁੱਤਰ ਸੀ।) 35 ਯਹੋਵਾਹ ਨੇ ਇਨ੍ਹਾਂ ਦੋਹਾਂ ਬੰਦਿਆਂ ਨੂੰ ਹਰ ਤਰ੍ਹਾਂ ਦਾ ਕੰਮ ਕਰਨ ਦੀ ਖਾਸ ਯੋਗਤਾ ਦਿੱਤੀ ਹੈ। ਉਹ ਤਰਖਾਣਾਂ ਅਤੇ ਠਠੇਰਿਆਂ ਦਾ ਕੰਮ ਕਰਨ ਦੇ ਯੋਗ ਹਨ। ਉਹ ਕੱਪੜਾ ਬੁਣ ਸਕਦੇ ਹਨ ਅਤੇ ਇਸ ਉੱਪਰ ਨੀਲੇ ਬੈਂਗਣੀ ਅਤੇ ਲਾਲ ਸੂਤ ਦੇ ਨਮੂਨੇ ਬਣਾ ਸਕਦੇ ਹਨ ਅਤੇ ਮਹੀਨ ਲਿਨਨ ਬੁਣ ਸਕਦੇ ਹਨ। ਅਤੇ ਉਹ ਉੱਨ ਦੀਆਂ ਚੀਜ਼ਾਂ ਬੁਣ ਸਕਦੇ ਹਨ।

Exodus 36

1 “ਇਸ ਲਈ ਬਸਲਏਲ, ਆਹਾਲੀਆਬ ਅਤੇ ਹੋਰ ਸਾਰੇ ਕਾਰੀਗਰ ਆਦਮੀਆਂ ਨੂੰ ਉਹ ਕੰਮ ਜ਼ਰੂਰ ਕਰਨਾ ਚਾਹੀਦਾ ਹੈ ਜਿਸਦਾ ਯਹੋਵਾਹ ਨੇ ਹੁਕਮ ਦਿੱਤਾ ਹੈ। ਯਹੋਵਾਹ ਨੇ ਇਨ੍ਹਾਂ ਆਦਮੀਆਂ ਨੂੰ ਇਹ ਪਵਿੱਤਰ ਸਥਾਨ ਬਨਾਉਣ ਲਈ ਸਾਰਾ ਯੋਗਤਾ ਵਾਲਾ ਕੰਮ ਕਰਨ ਦੀ ਸੂਝ ਅਤੇ ਸਮਝ ਦਿੱਤੀ ਹੈ।” 2 ਫ਼ੇਰ ਮੂਸਾ ਨੇ ਬਸਲਏਲ ਅਤੇ ਆਹਾਲੀਆਬ ਅਤੇ ਹੋਰ ਸਾਰੇ ਯੋਗ ਲੋਕਾਂ ਨੂੰ ਬੁਲਾਇਆ ਜਿਨ੍ਹਾਂ ਨੂੰ ਯਹੋਵਾਹ ਨੇ ਖਾਸ ਯੋਗਤਾਵਾਂ ਦਿੱਤੀਆਂ ਸਨ। ਅਤੇ ਇਹ ਲੋਕ ਇਸ ਲਈ ਆਏ ਕਿਉਂਕਿ ਇਹ ਕੰਮ ਰਾਹੀਂ ਸਹਾਇਤਾ ਕਰਨਾ ਚਾਹੁੰਦੇ ਸਨ। 3 ਮੂਸਾ ਨੇ ਇਨ੍ਹਾਂ ਲੋਕਾਂ ਨੂੰ ਉਹ ਸਾਰੀਆਂ ਚੀਜ਼ਾਂ ਦੇ ਦਿੱਤੀਆਂ ਜੋ ਇਸਰਾਏਲ ਦੇ ਲੋਕ ਸੁਗਾਤਾਂ ਵਜੋਂ ਲਿਆਏ ਸਨ। ਅਤੇ ਉਨ੍ਹਾਂ ਨੇ ਇਨ੍ਹਾਂ ਚੀਜ਼ਾਂ ਨੂੰ ਪਰਮੇਸ਼ੁਰ ਦੇ ਪਵਿੱਤਰ ਸਥਾਨ ਦੀ ਉਸਾਰੀ ਲਈ ਵਰਤਿਆ। ਲੋਕ ਹਰ ਸਵੇਰ ਸੁਗਾਤਾਂ ਲਿਆਉਂਦੇ ਰਹੇ। 4 ਆਖਿਰਕਾਰ ਸਾਰੇ ਕਾਰੀਗਰਾਂ ਨੇ ਉਸ ਪਵਿੱਤਰ ਸਥਾਨ ਉੱਤੇ ਆਪਣਾ ਕੰਮ ਕਰਨਾ ਛੱਡ ਦਿੱਤਾ, ਅਤੇ ਉਹ ਮੂਸਾ ਨਾਲ ਗੱਲ ਕਰਨ ਲਈ ਗਏ। ਉਨ੍ਹਾਂ ਨੇ ਆਖਿਆ, 5 “ਲੋਕਾਂ ਨੇ ਬਹੁਤ ਜ਼ਿਆਦਾ ਲਿਆਂਦਾ ਹੈ। ਸਾਡੇ ਕੋਲ ਇਸ ਤੰਬੂ ਦਾ ਕੰਮ ਖਤਮ ਕਰਨ ਲਈ ਲੋੜ ਤੋਂ ਵਧ ਹੈ।” 6 ਫ਼ੇਰ ਮੂਸਾ ਨੇ ਸਾਰੇ ਡੇਰੇ ਅੰਦਰ ਇਹ ਸੰਦੇਸ਼ ਭੇਜਿਆ; “ਕਿਸੇ ਵੀ ਆਦਮੀ ਜਾਂ ਔਰਤ ਨੂੰ ਪਵਿੱਤਰ ਸਥਾਨ ਲਈ ਸੁਗਾਤ ਵਜੋਂ ਹੋਰ ਕੋਈ ਚੀਜ਼ ਨਹੀਂ ਲਿਆਉਣੀ ਚਾਹੀਦੀ।” ਇਸ ਲਈ ਲੋਕਾਂ ਨੂੰ ਹੋਰ ਸੁਗਾਤਾਂ ਦੇਣ ਤੋਂ ਜ਼ਬਰਦਸਤੀ ਰੋਕਿਆ ਗਿਆ। 7 ਲੋਕਾਂ ਨੇ ਪਰਮੇਸ਼ੁਰ ਦੇ ਪਵਿੱਤਰ ਸਥਾਨ ਦੀ ਉਸਾਰੀ ਲਈ ਲੋੜ ਤੋਂ ਵਧ ਲੈ ਆਂਦਾ ਸੀ। 8 ਫ਼ੇਰ ਕਾਰੀਗਰਾਂ ਨੇ ਪਵਿੱਤਰ ਤੰਬੂ ਬਨਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਮਹੀਨ ਲਿਨਨ ਅਤੇ ਨੀਲਾ ਬੈਂਗਣੀ ਤੇ ਲਾਲ ਸੂਤ ਦੇ ਦਸ ਪਰਦੇ ਬਣਾਏ। ਅਤੇ ਉਨ੍ਹਾਂ ਨੇ ਖੰਭਾਂ ਵਾਲੇ ਕਰੂਬੀ ਫ਼ਰਿਸ਼ਤਿਆਂ ਦਿਆਂ ਤਸਵੀਰਾਂ ਉਨ੍ਹਾਂ ਉੱਤੇ ਸਿਉਂਤੀਆਂ। 9 ਹਰੇਕ ਪਰਦਾ ਇੱਕੋ ਜਿਹੇ ਅਕਾਰ ਦਾ ਸੀ - 28 ਹੱਥ ਲੰਮਾ ਅਤੇ 4 ਹੱਥ ਚੌੜਾ। 10 ਕਾਰੀਗਰਾਂ ਨੇ ਪਰਦਿਆਂ ਨੂੰ ਸਿਉਂਕੇ ਪਰਦਿਆਂ ਦੇ ਦੋ ਸਮੂਹ ਬਣਾ ਲਈ। ਉਨ੍ਹਾਂ ਨੇ ਪੰਜ ਪਰਦੇ ਇਕਠੇ ਸਿਉਂਕੇ ਇੱਕ ਸਮੂਹ ਬਣਾਇਆ ਅਤੇ ਪੰਜ ਪਰਦੇ ਸਿਉਂਕੇ ਦੂਸਰਾ ਸਮੂਹ। 11 ਫ਼ੇਰ ਉਨ੍ਹਾਂ ਨੇ ਇੱਕ ਸਮੂਹ ਦੇ ਆਖਰੀ ਪਰਦੇ ਦੇ ਕਿਨਾਰੇ ਉੱਤੇ ਨੀਲੇ ਕੱਪੜੇ ਦੀਆਂ ਝਾਲਰਾਂ ਬਣਾਈਆਂ। ਅਤੇ ਉਨ੍ਹਾਂ ਨੇ ਦੂਸਰੇ ਸਮੂਹ ਦੇ ਆਖਰੀ ਪਰਦੇ ਉੱਤੇ ਵੀ ਇਹੋ ਕੀਤਾ। 12 ਇੱਕ ਸਮੂਹ ਦੇ ਆਖਰੀ ਪਰਦੇ ਉੱਤੇ 50 ਹੁੱਕਾਂ ਸਨ ਅਤੇ 50 ਹੁੱਕਾਂ ਦੂਸਰੇ ਸਮੂਹ ਦੇ ਆਖਰੀ ਪਰਦੇ ਉੱਤੇ ਸਨ। ਇਹ ਹੁੱਕਾਂ ਇੱਕ ਦੂਸਰੇ ਦੇ ਆਮ੍ਹੋ-ਸਾਮ੍ਹਣੇ ਸਨ। 13 ਫ਼ੇਰ ਉਨ੍ਹਾਂ ਨੇ ਦੋਹਾਂ ਪਰਦਿਆਂ ਨੂੰ ਇੱਕ ਦੂਸਰੇ ਨਾਲ ਜੋੜਨ ਲਈ 50 ਸੋਨੇ ਦੇ ਕੁੰਡਲ ਬਣਾਏ। ਇਸ ਤਰ੍ਹਾਂ ਪਵਿੱਤਰ ਤੰਬੂ ਨੂੰ ਜੋੜਕੇ ਇੱਕ ਕਰ ਦਿੱਤਾ ਗਿਆ। 14 ਫ਼ੇਰ ਕਾਰੀਗਰਾਂ ਨੇ ਪਵਿੱਤਰ ਤੰਬੂ ਨੂੰ ਢਕਣ ਲਈ ਇੱਕ ਹੋਰ ਤੰਬੂ ਬਣਾਇਆ। ਉਨ੍ਹਾਂ ਨੇ ਬੱਕਰੀ ਦੇ ਬਾਲਾਂ ਦੇ ਗਿਆਰਾਂ ਪਰਦੇ ਬਣਾਏ। 15 ਸਾਰੇ ਪਰਦੇ ਇੱਕੋ ਅਕਾਰ ਦੇ ਸਨ - 30 ਕਿਊਬਿਟ ਲੰਮੇ ਅਤੇ 4 ਕਿਊਬਿਟ ਚੌੜੇ। 16 ਕਾਰੀਗਰਾਂ ਨੇ ਪੰਜ ਪਰਦੇ ਜੋੜਕੇ ਉਨ੍ਹਾਂ ਦਾ ਇੱਕ ਮਸੂਹ ਬਣਾਇਆ ਅਤੇ ਛੇ ਪਰਦੇ ਜੋੜਕੇ ਦੂਸਰਾ ਸਮੂਹ ਬਣਾਇਆ। 17 ਉਨ੍ਹਾਂ ਨੇ ਇੱਕ ਸਮੂਹ ਦੇ ਆਖਰੀ ਪਰਦੇ ਦੇ ਕਿਨਾਰੇ ਤੇ 50 ਹੁੱਕਾਂ ਬਣਾਈਆਂ ਅਤੇ ਉਨ੍ਹਾਂ ਨੇ ਦੂਸਰੇ ਸਮੂਹ ਦੇ ਆਖਰੀ ਪਰਦੇ ਦੇ ਕਿਨਾਰੇ ਤੇ ਵੀ ਇਵੇਂ ਹੀ ਕੀਤਾ। 18 ਕਾਰੀਗਰਾਂ ਨੇ ਪਰਦਿਆਂ ਦੇ ਦੋਹਾਂ ਸਮੂਹਾਂ ਨੂੰ ਜੋੜਕੇ ਇੱਕ ਕਰਨ ਲਈ ਪਿੱਤਲ ਦੇ 50 ਕੁੰਡਲ ਬਣਾਏ। 19 ਫ਼ੇਰ ਉਨ੍ਹਾਂ ਨੇ ਪਵਿੱਤਰ ਤੰਬੂ ਲਈ ਦੋ ਹੋਰ ਕੱਜਣ ਬਣਾਏ। ਇੱਕ ਕੱਜਣ ਭੇਡੂ ਦੀਆਂ ਲਾਲ ਰੰਗ ਦੀਆਂ ਖੱਲਾਂ ਦਾ ਬਣਾਇਆ ਗਿਆ ਸੀ। ਦੂਸਰਾ ਕੱਜਣ ਕੀਮਤੀ ਚਮੜੇ ਦਾ ਬਣਾਇਆ ਗਿਆ ਸੀ। 20 ਫ਼ੇਰ ਕਾਰੀਗਰਾਂ ਨੇ ਪਵਿੱਤਰ ਤੰਬੂ ਨੂੰ ਟੇਕ ਦੇਣ ਲਈ ਸ਼ਿੱਟੀਮ ਦੀ ਲੱਕੜ ਤੋਂ ਤਖਤੀਆਂ ਬਣਾਈਆਂ। 21 ਹਰੇਕ ਤਖਤੀ 10 ਕਿਊਬਿਟ ਲੰਬੀ ਅਤੇ ਡੇਢ ਕਿਊਬਿਟ ਚੌੜੀ ਸੀ। 22 ਹਰੇਕ ਤਖਤੀ ਦੇ ਅਖੀਰ ਤੇ ਦੋ ਥਮ੍ਹ ਸਨ। ਪਵਿੱਤਰ ਤੰਬੂ ਲਈ ਹਰੇਕ ਤਖਤੀ ਇੱਕੋ ਜਿਹੀ ਬਣਾਈ ਗਈ ਸੀ। 23 ਉਨ੍ਹਾਂ ਨੇ ਪਵਿੱਤਰ ਤੰਬੂ ਦੇ ਦਖਣੀ ਪਾਸੇ ਲਈ 20 ਤਖਤੀਆਂ ਬਣਾਈਆਂ। 24 ਫ਼ੇਰ ਉਨ੍ਹਾਂ ਨੇ ਤਖਤੀਆਂ ਲਈ ਚਾਂਦੀ ਦੀਆਂ 40 ਚੀਥੀਆਂ ਬਣਾਈਆਂ। ਹਰੇਕ ਤਖਤੀ ਲਈ ਦੋ ਚੀਥੀਆਂ ਸਨ - ਹਰੇਕ ਪਾਸੇ ਦੀ ਚੋਬ ਲਈ ਇੱਕ-ਇੱਕ ਚੀਥੀ। 25 ਉਨ੍ਹਾਂ ਨੇ ਪਵਿੱਤਰ ਤੰਬੂ ਦੇ ਦੂਸਰੇ ਪਾਸੇ (ਉੱਤਰੀ ਪਾਸੇ) ਲਈ ਵੀ 20 ਤਖਤੀਆਂ ਬਣਾਈਆਂ। 26 ਉਨ੍ਹਾਂ ਨੇ ਤਖਤੀਆਂ ਲਈ ਚਾਂਦੀ ਦੀਆਂ 40 ਚੀਥੀਆਂ ਬਣਾਈਆਂ - ਹਰੇਕ ਤਖਤੀ ਲਈ ਦੋ ਚੀਥੀਆਂ। 27 ਉਨ੍ਹਾਂ ਨੇ ਪਵਿੱਤਰ ਤੰਬੂ ਦੇ ਪਿਛਲੇ ਪਾਸੇ (ਪਛਮੀ ਪਾਸੇ) ਲਈ ਛੇ ਹੋਰ ਤਖਤੀਆਂ ਬਣਾਈਆਂ। 28 ਉਨ੍ਹਾਂ ਨੇ ਪਵਿੱਤਰ ਤੰਬੂ ਦੇ ਕੋਨਿਆਂ ਲਈ ਵੀ ਦੋ ਤਖਤੀਆਂ ਬਣਾਈਆਂ। 29 ਇਹ ਤਖਤੀਆਂ ਹੇਠਾਂ ਤੋਂ ਇੱਕ ਦੂਸਰੇ ਨਾਲ ਜੋੜਿਆਂ ਗਈਆਂ ਸਨ। ਅਤੇ ਉੱਪਰੋਂ, ਇੱਕ ਕੜਾ ਕੋਨਿਆਂ ਵਾਲੀਆਂ ਤਖਤੀਆਂ ਨੂੰ ਇਕ ਸਾਥ ਫ਼ੜਦਾ ਸੀ। ਉਨ੍ਹਾਂ ਨੇ ਅਜਿਹਾ ਦੋਹਾਂ ਕੋਨਿਆਂ ਲਈ ਕੀਤਾ। 30 ਪਵਿੱਤਰ ਤੰਬੂ ਦੇ ਪਛਮੀ ਪਾਸੇ ਲਈ ਕੁੱਲ ਅਠ ਤਖਤੀਆਂ ਸਨ ਅਤੇ ਚਾਂਦੀ ਦੀਆਂ 16 ਚੀਥੀਆਂ ਸਨ - ਹਰੇਕ ਫ਼ਰੇਮ ਲਈ ਦੋ ਚੀਥੀਆਂ। 31 ਫ਼ੇਰ ਕਾਰੀਗਰਾਂ ਨੇ ਤਖਤੀਆਂ ਲਈ ਬਰੇਸ਼ਾਂ ਬਨਾਉਣ ਵਾਸਤੇ ਸ਼ਿੱਟੀਮ ਦੀ ਲੱਕੜ ਦੀ ਵਰਤੋਂ ਕੀਤੀ - ਪਵਿੱਤਰ ਤੰਬੂ ਦੇ ਇੱਕ ਪਾਸੇ ਲਈ ਪੰਜ ਬਰੇਸ਼ਾ, 32 ਪੰਜ ਬਰੇਸਾ ਦੂਸਰੇ ਪਾਸੇ ਲਈ, ਅਤੇ ਪਵਿੱਤਰ ਤੰਬੂ ਦੇ ਪਿਛਲੇ ਪਾਸੇ (ਅਰਥਾਤ ਪਛਮੀ ਪਾਸੇ) ਲਈ ਪੰਜ ਬਰੇਸਾਂ। 33 ਉਨ੍ਹਾਂ ਨੇ ਇੱਕ ਵਿਚਕਾਰਲੀ ਬਰੇਸ ਬਣਾਈ ਜੋ ਤਖਤੀਆਂ ਵਿੱਚੋਂ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਗੁਜਰਦੀ ਸੀ। 34 ਉਨ੍ਹਾਂ ਨੇ ਇਨ੍ਹਾਂ ਤਖਤੀਆਂ ਉੱਤੇ ਸੋਨਾ ਮਢ਼ਿਆ। ਫ਼ੇਰ ਉਨ੍ਹਾਂ ਨੇ ਇਨ੍ਹਾਂ ਬਰੇਸਾਂ ਨੂੰ ਫ਼ੜਣ ਲਈ ਸੋਨੇ ਦੇ ਕੜੇ ਬਣਾਏ। ਅਤੇ ਬਰੇਸਾ ਨੂੰ ਸੋਨੇ ਨਾਲ ਢਕ ਦਿੱਤਾ। 35 ਉਨ੍ਹਾਂ ਨੇ ਅੱਤ ਪਵਿੱਤਰ ਸਥਾਨ ਦੇ ਪ੍ਰਵੇਸ਼ ਦੁਆਰ ਲਈ ਖਾਸ ਪਰਦਾ ਬਨਾਉਣ ਵਾਸਤੇ ਮਹੀਨ ਲਿਨਨ ਅਤੇ ਨੀਲੇ ਬੈਂਗਣੀ ਤੇ ਲਾਲ ਸੂਤ ਦੀ ਵਰਤੋਂ ਕਿਤੀ। ਅਤੇ ਉਨ੍ਹਾਂ ਨੇ ਪਰਦੇ ਉੱਤੇ ਕਰੂਬੀ ਫ਼ਰਿਸ਼ਤਿਆਂ ਦੀਆਂ ਤਸਵੀਰਾਂ ਸਿਉਂਤੀਆਂ। 36 ਉਨ੍ਹਾਂ ਨੇ ਸ਼ਿੱਟੀਮ ਦੀ ਲੱਕੜ ਦੀਆਂ ਚਾਰ ਚੋਬਾਂ ਬਣਾਈਆਂ ਅਤੇ ਉਨ੍ਹਾਂ ਨੇ ਚੋਬਾਂ ਉੱਤੇ ਸੋਨਾ ਚੜਾਇਆ। ਅਤੇ ਫ਼ੇਰ ਉਨ੍ਹਾਂ ਨੇ ਚੋਬਾਂ ਲਈ ਸੋਨੇ ਦੀਆਂ ਕੁੰਡੀਆਂ ਬਣਾਈਆਂ। ਅਤੇ ਉਨ੍ਹਾਂ ਨੇ ਚੋਬਾਂ ਲਈ ਚਾਂਦੀ ਦੀਆਂ ਚਾਰ ਚੀਥੀਆਂ ਬਣਾਈਆਂ। 37 ਫ਼ੇਰ ਉਨ੍ਹਾਂ ਨੇ ਨੀਲੇ, ਬੈਂਗਣੀ ਅਤੇ ਲਾਲ ਸੂਤ ਅਤੇ ਮਹੀਨ ਲਿਨਨ ਤੋਂ ਤੰਬੂ ਦੇ ਪ੍ਰਵੇਸ਼ ਦੁਆਰ ਦਾ ਕੱਜਣ ਬਣਾਇਆ। 38 ਫ਼ੇਰ ਉਨ੍ਹਾਂ ਨੇ ਪ੍ਰਵੇਸ਼ ਦੇ ਇਸ ਉੱਪਰ ਪਰਦੇ ਲਈ ਪੰਜ ਚੋਬਾਂ ਅਤੇ ਕੁੰਡੀਆਂ ਬਣਾਈਆਂ। ਉਨ੍ਹਾਂ ਨੇ ਚੋਬਾਂ ਦੇ ਉੱਪਰਲੇ ਸਿਰਿਆਂ ਨੂੰ ਅਤੇ ਪਰਦਿਆਂ ਦੀਆਂ ਡੰਡੀਆਂ ਨੂੰ ਸੋਨੇ ਨਾਲ ਮੜ ਦਿੱਤਾ। ਅਤੇ ਉਨ੍ਹਾਂ ਨੇ ਚੋਬਾਂ ਲਈ ਪਿੱਤਲ ਦੀਆਂ ਪੰਜ ਚੋਬਾਂ ਬਣਾਈਆਂ।

Exodus 37

1 ਬਸਲਏਲ ਨੇ ਪਵਿੱਤਰ ਸੰਦੂਕ ਸ਼ਿੱਟੀਮ ਦੀ ਲੱਕੜ ਤੋਂ ਬਣਾਇਆ। ਸੰਦੂਕ ਢਾਈ ਹੱਥ ਲੰਮਾ, ਡੇਢ ਹੱਥ ਚੌੜਾ ਅਤੇ ਡੇਢ ਹੱਥ ਉੱਚਾ ਸੀ। 2 ਉਸਨੇ ਸੰਦੂਕ ਦੇ ਅੰਦਰ ਤੇ ਬਾਹਰ ਨੂੰ ਸ਼ੁਧ ਸੋਨੇ ਨਾਲ ਢਕ ਦਿੱਤਾ। ਫ਼ੇਰ ਉਸਨੇ ਸੰਦੂਕ ਦੇ ਆਲੇ-ਦੁਆਲੇ ਸੋਨੇ ਦੀ ਕਿਨਾਰੀ ਬਣਾਈ। 3 ਉਸਨੇ ਸੋਨੇ ਦੇ ਚਾਰ ਕੜੇ ਬਣਾਏ ਅਤੇ ਉਨ੍ਹਾਂ ਚਾਰਾਂ ਕੋਨਿਆਂ ਉੱਤੇ ਲਾ ਦਿੱਤਾ। ਇਹ ਕੜੇ ਸੰਦੂਕ ਨੂੰ ਚੁੱਕਣ ਲਈ ਵਰਤੇ ਜਾਂਦੇ ਸਨ। ਹਰੇਕ ਪਾਸੇ ਦੋ ਕੜੇ ਸਨ। 4 ਫ਼ੇਰ ਉਸਨੇ ਸੰਦੂਕ ਨੂੰ ਚੁੱਕਣ ਲਈ ਚੋਬਾਂ ਬਣਾਈਆਂ। ਉਸਨੇ ਸ਼ਿੱਟੀਮ ਦੀ ਲੱਕੜ ਵਰਤੀ ਅਤੇ ਉਨ੍ਹਾਂ ਨੂੰ ਸ਼ੁਧ ਸੋਨੇ ਨਾਲ ਢਕ ਦਿੱਤਾ। 5 ਉਸਨੇ ਸੰਦੂਕ ਦੇ ਹਰੇਕ ਪਾਸੇ ਦੇ ਕੜਿਆਂ ਵਿੱਚੋਂ ਚੋਬਾਂ ਗੁਜ਼ਾਰ ਦਿੱਤੀਆਂ। 6 ਫ਼ੇਰ ਉਸਨੇ ਸ਼ੁਧ ਸੋਨੇ ਦਾ ਢੱਕਣ ਬਣਾਇਆ। ਇਹ ਢਾਈ ਹੱਥ ਲੰਮਾ ਅਤੇ ਡੇਢ ਹੱਥ ਚੌੜਾ ਸੀ। 7 ਫ਼ੇਰ ਬਸਲਏਲ ਨੇ ਸੋਨੇ ਨੂੰ ਚਂਡਕੇ ਦੋ ਕਰੂਬੀ ਫ਼ਰਿਸ਼ਤੇ ਬਣਾਏ ਅਤੇ ਢੱਕਣ ਦੇ ਹਰੇਕ ਪਾਸੇ ਉੱਤੇ ਉਨ੍ਹਾਂ ਨੂੰ ਚਿਪਕਾ ਦਿੱਤਾ। 8 ਉਸਨੇ ਢੱਕਣ ਦੇ ਇੱਕ ਸਿਰੇ ਉੱਤੇ ਇੱਕ ਕਰੂਬੀ ਫ਼ਰਿਸ਼ਤਾ ਚਿਪਕਾਇਆ ਅਤੇ ਦੂਸਰੇ ਨੂੰ ਦੂਸਰੇ ਸਿਰੇ ਉੱਤੇ। 9 ਦੂਤਾਂ ਦੇ ਖੰਭ ਅਕਾਸ਼ ਵੱਲ ਫ਼ੈਲੇ ਹੋਏ ਸਨ। ਦੂਤਾਂ ਨੇ ਆਪਣੇ ਖੰਭਾਂ ਨਾਲ ਸੰਦੂਕ ਨੂੰ ਢਕਿਆ ਹੋਇਆ ਸੀ। ਦੂਤਾਂ ਦਾ ਮੂੰਹ ਢੱਕਣ ਵੱਲ ਦੇਖਦੇ ਹੋਏ ਇੱਕ ਦੂਸਰੇ ਵੱਲ ਸੀ। 10 ਫ਼ੇਰ ਉਸਨੇ ਸ਼ਿੱਟੀਮ ਦੀ ਲੱਕੜ ਦਾ ਖਾਸ ਮੇਜ ਬਣਾਇਆ। ਮੇਜ ਦੋ ਹੱਥ ਲੰਮਾ, ਇੱਕ ਹੱਥ ਚੌੜਾ ਅਤੇ ਡੇਢ ਹੱਥ ਉੱਚਾ ਸੀ। 11 ਉਸਨੇ ਮੇਜ ਨੂੰ ਸ਼ੁਧ ਸੋਨੇ ਨਾਲ ਢਕਿਆ। ਉਸਨੇ ਮੇਜ ਦੇ ਆਲੇ-ਦੁਆਲੇ ਸੋਨੇ ਦੀ ਕਿਨਾਰੀ ਬਣਾਈ। 12 ਫ਼ੇਰ ਉਸਨੇ ਮੇਜ ਦੇ ਆਲੇ-ਦੁਆਲੇ ਇੱਕ ਕਿਊਬਿਟ ਚੌੜਾ ਇੱਕ ਫ਼ਰੇਮ ਬਣਾਇਆ। ਉਸਨੇ ਫ਼ਰੇਮ ਦੇ ਦੁਆਲੇ ਸੋਨੇ ਦੀ ਕਿਨਾਰੀ ਬਣਾਈ। 13 ਫ਼ੇਰ ਉਸਨੇ ਸੋਨੇ ਦੇ ਚਾਰੇ ਕੜੇ ਬਣਾਏ ਅਤੇ ਉਨ੍ਹਾਂ ਚਾਰਾਂ ਲੱਤਾਂ ਵਾਲੀ ਥਾਂ ਤੇ ਚਾਰਾਂ ਕੋਨਿਆਂ ਉੱਤੇ ਰੱਖ ਦਿੱਤਾ। 14 ਉਸਨੇ ਕੜਿਆਂ ਨੂੰ ਮੇਜ ਦੇ ਟਾਪ ਦੇ ਚਾਰੇ ਪਾਸੇ ਤਖਤੀ ਦੇ ਨੇੜੇ ਕਰਕੇ ਰੱਖ ਦਿੱਤਾ। ਇਨ੍ਹਾਂ ਕੜਿਆਂ ਵਿੱਚ ਚੋਬਾਂ ਫ਼ਸਾਈਆਂ ਜਾਣੀਆਂ ਸਨ ਜਿਨ੍ਹਾਂ ਨੂੰ ਮੇਜ ਚੁੱਕਣ ਲਈ ਵਰਤਿਆ ਜਾਂਦਾ ਸੀ। 15 ਫ਼ੇਰ ਉਸਨੇ ਮੇਜ ਨੂੰ ਚੁੱਕਣ ਲਈ ਸ਼ਿੱਟੀਮ ਦੀ ਲੱਕੜ ਦੀਆਂ ਚੋਬਾਂ ਬਣਾਈਆਂ ਅਤੇ ਉਨ੍ਹਾਂ ਨੂੰ ਸ਼ੁਧ ਸੋਨੇ ਨਾਲ ਮੜ ਦਿੱਤਾ। 16 ਫ਼ੇਰ ਉਸਨੇ ਉਹ ਸਾਰੀਆਂ ਚੀਜ਼ਾਂ ਬਣਾਈਆਂ ਜਿਹੜੀਆਂ ਮੇਜ ਉੱਤੇ ਇਸਤੇਮਾਲ ਹੁੰਦੀਆਂ ਸਨ। ਉਸਨੇ ਸ਼ੁਧ ਸੋਨੇ ਦੀਆਂ ਪਲੇਟਾਂ, ਚਮਚੇ, ਪਿਆਲੇ ਅਤੇ ਸੁਰਾਹੀਆਂ ਬਣਾਈਆਂ। ਪਿਆਲਿਆਂ ਅਤੇ ਸੁਰਾਹੀਆਂ ਦੀ ਵਰਤੋਂ ਪੀਣ ਦੀਆਂ ਭੇਟਾਂ ਲਈ ਕੀਤੀ ਜਾਂਦੀ ਹੈ। 17 ਫ਼ੇਰ ਉਸਨੇ ਸੋਨੇ ਦਾ ਸ਼ਮਾਦਾਨ ਬਣਾਇਆ। ਉਸਨੇ ਸ਼ੁਧ ਸੋਨੇ ਨੂੰ ਕੁਟਕੇ ਇੱਕ ਚੀਥੀ, ਇੱਕ ਡੰਡੀ ਅਤੇ ਟਹਿਣੀਆਂ ਬਣਾਈਆਂ। ਫ਼ੇਰ ਉਸਨੇ ਫ਼ੁੱਲ ਕਲੀਆਂ ਅਤੇ ਪੱਤੀਆਂ ਬਣਾਈਆਂ। ਉਸਨੇ ਇਹ ਸਭ ਕੁਝ ਸੋਨੇ ਦੇ ਉਸ ਟੁਕੜੇ ਤੋਂ ਬਣਾਇਆ। 18 ਸ਼ਮਾਦਾਨ ਦੀਆਂ ਛੇ ਸ਼ਾਖਾਵਾਂ ਸਨ - ਤਿੰਨ ਸ਼ਾਖਾਵਾਂ ਇੱਕ ਪਾਸੇ ਅਤੇ ਤਿੰਨ ਸ਼ਾਖਾਵਾਂ ਦੂਸਰੇ ਪਾਸੇ। 19 ਹਰੇਕ ਸ਼ਾਖ ਉੱਤੇ ਤਿੰਨ ਫ਼ੁੱਲ ਸਨ। ਇਨ੍ਹਾਂ ਫ਼ੁੱਲਾਂ ਨੂੰ ਬਦਾਮਾਂ ਦੇ ਫ਼ੁੱਲਾਂ ਵਾਂਗ, ਕਲੀਆਂ ਅਤੇ ਪੱਤੀਆਂ ਸਮੇਤ, ਬਣਾਇਆ ਗਿਆ ਸੀ। 20 ਸ਼ਮਾਦਾਨ ਦੀ ਡੰਡੀ ਉੱਤੇ ਚਾਰ ਹੋਰ ਫ਼ੁੱਲ ਸਨ। ਇਨ੍ਹਾਂ ਨੂੰ ਵੀ ਕਲੀਆਂ ਅਤੇ ਪੱਤੀਆਂ ਸਮੇਤ ਬਦਾਮਾਂ ਦੇ ਫ਼ੁੱਲਾਂ ਵਾਂਗ ਬਣਾਇਆ ਗਿਆ ਸੀ। 21 ਉਥੇ ਛੇ ਸ਼ਾਖਾਵਾਂ ਸਨ - ਹਰੇਕ ਪਾਸਿਓ ਆਉਂਦੀਆਂ ਹੋਈਆਂ ਤਿੰਨ ਸ਼ਾਖਾਵਾਂ। ਓਥੇ ਇਨ੍ਹਾਂ ਤਿੰਨਾਂ ਥਾਵਾਂ ਵਿੱਚ ਹਰੇਕ ਦੇ ਹੇਠਾਂ ਇੱਕ ਬਦਾਮ ਦੀ ਪੱਤੀ ਸੀ। ਜਿਥੇ ਟਹਿਣੀਆਂ ਡੰਡੀ ਨਾਲ ਮਿਲਦੀਆਂ ਸਨ। 22 ਸਾਰਾ ਸ਼ਮਾਦਾਨ ਫ਼ੁੱਲਾਂ ਤੇ ਟਹਿਣੀਆਂ ਸਮੇਤ, ਸ਼ੁਧ ਸੋਨੇ ਦਾ ਬਣਿਆ ਹੋਇਆ ਸੀ। ਇਹ ਸਾਰਾ ਕੁਝ ਕੁੱਟੇ ਹੋਏ ਸੋਨੇ ਦੇ ਇੱਕ ਟੁਕੜੇ ਤੋਂ ਬਣਾਇਆ ਗਿਆ ਸੀ। 23 ਉਸਨੇ ਇਸ ਸ਼ਮਾਦਾਨ ਲਈ ਸੱਤ ਦੀਵੇ ਬਣਾਏ। ਫ਼ੇਰ ਉਸਨੇ ਬੱਤੀ ਸੀਖਣ ਵਾਲੇ ਟ੍ਰਿਮਰ ਅਤੇ ਟ੍ਰੇਆਂ ਵੀ ਸ਼ੁਧ ਸੋਨੇ ਦੀਆਂ ਬਣਾਈਆਂ। 24 ਉਸਨੇ ਸ਼ਮਾਦਾਨ ਅਤੇ ਇਸਦੇ ਨਾਲ ਵਰਤੀਆਂ ਜਾਣ ਵਾਲੀਆਂ ਸਾਰੀਆਂ ਚੀਜ਼ਾਂ 75 ਪੌਂਡ ਦੀਆਂ ਬਣਾਈਆਂ। 25 ਉਸਨੇ ਧੂਫ਼ ਧੁਖਾਉਣ ਲਈ ਜਗਵੇਦੀ ਬਣਾਈ। ਉਸਨੇ ਇਹ ਸ਼ਿੱਟੀਮ ਦੀ ਲੱਕੜ ਤੋਂ ਬਣਾਈ। ਜਗਵੇਦੀ ਚੌਰਸ ਸੀ। ਇਹ ਇੱਕ ਹੱਥ ਲੰਮੀ ਇੱਕ ਹੱਥ ਚੌੜੀ ਤੇ ਦੋ ਹੱਥ ਉੱਚੀ ਸੀ। ਜਗਵੇਦੀ ਉੱਤੇ ਚਾਰ ਸਿੰਗ ਸਨ। ਹਰੇਕ ਕੋਨੇ ਉੱਤੇ ਇੱਕ ਸਿੰਗ ਸੀ। ਇਨ੍ਹਾਂ ਸਿੰਗਾਂ ਨੂੰ ਇੱਕ ਦੂਜੇ ਨਾਲ ਅਤੇ ਜਗਵੇਦੀ ਨਾਲ ਜੋੜਕੇ ਇੱਕ ਮਿਕ ਕਰ ਦਿੱਤਾ ਗਿਆ ਸੀ। 26 ਉਸਨੇ ਉੱਪਰਲਾ ਹਿੱਸਾ ਅਤੇ ਸਿੰਗਾਂ ਦੇ ਸਾਰੇ ਪਾਸੇ ਸ਼ੁਧ ਸੋਨੇ ਨਾਲ ਢਕ ਦਿੱਤੇ। ਫ਼ੇਰ ਉਸਨੇ ਜਗਵੇਦੀ ਦੇ ਆਲੇ-ਦੁਆਲੇ ਦੀ ਕਿਨਾਰੀ ਬਣਾਈ। 27 ਉਸਨੇ ਜਗਵੇਦੀ ਲਈ ਸੋਨੇ ਦੇ ਦੋ ਕੜੇ ਬਣਾਏ। ਉਸਨੇ ਜਗਵੇਦੀ ਦੇ ਹਰੇਕ ਪਾਸੇ ਕਿਨਾਰੀ ਦੇ ਹੇਠਾਂ ਕੜੇ ਪਾ ਦਿੱਤੇ। ਇਹ ਸੋਨੇ ਦੇ ਕੜੇ ਜਗਵੇਦੀ ਨੂੰ ਚੁੱਕਣ ਵਾਲੀਆਂ ਚੋਬਾਂ ਨੂੰ ਫ਼ੜੀ ਰਖਦੇ ਸਨ। 28 ਉਸਨੇ ਸ਼ਿੱਟੀਮ ਦੀ ਲੱਕੜ ਦੀਆਂ ਚੋਬਾਂ ਬਣਾਈਆਂ ਅਤੇ ਉਨ੍ਹਾਂ ਨੂੰ ਸੋਨੇ ਨਾਲ ਮੜ ਦਿੱਤਾ। 29 ਫ਼ੇਰ ਉਸਨੇ ਮਸਹ ਵਾਲਾ ਪਵਿੱਤਰ ਤੇਲ ਬਣਾਇਆ। ਉਸਨੇ ਸ਼ੁਧ ਸੁਗੰਧਤ ਧੂਫ਼ ਵੀ ਬਣਾਈ। ਇਹ ਚੀਜ਼ਾਂ ਉਸੇ ਤਰ੍ਹਾਂ ਬਣਾਈਆਂ ਗਈਆਂ ਸਨ ਜਿਵੇਂ ਕੋਈ ਅਤਰ ਬਨਾਉਣ ਵਾਲਾ ਉਨ੍ਹਾਂ ਨੂੰ ਬਣਾਉਂਦਾ ਹੈ।

Exodus 38

1 ਬਸਲਏਲ ਨੇ ਜਗਵੇਦੀ ਬਨਾਉਣ ਲਈ ਸ਼ਿੱਟੀਮ ਦੀ ਲੱਕੜ ਵਰਤੀ। ਇਹ ਜਗਵੇਦੀ ਹੋਮ ਦੀਆਂ ਭੇਟਾਂ ਲਈ ਇਸਤੇਮਾਲ ਹੁੰਦੀ ਸੀ। ਇਹ ਜਗਵੇਦੀ ਚੌਰਸ ਸੀ। ਇਹ ਪੰਜ ਹੱਥ ਲੰਮੀ, ਪੰਜ ਹੱਥ ਚੌੜੀ ਅਤੇ ਤਿੰਨ ਹੱਥ ਉੱਚੀ ਸੀ। 2 ਉਸਨੇ ਜਗਵੇਦੀ ਦੇ ਚਾਰਾਂ ਕੋਨਿਆਂ ਲਈ ਇੱਕ-ਇੱਕ ਸਿੰਗ ਬਣਾਇਆ। ਹਰੇਕ ਸਿੰਗ ਨੂੰ ਇਸਦੇ ਕੋਨੇ ਨਾਲ ਜੋੜਕੇ, ਉਸਨੇ ਸਾਰੇ ਕਾਸੇ ਨੂੰ ਇੱਕ ਟੁਕੜਾ ਬਣਾ ਦਿੱਤਾ ਅਤੇ ਜਗਵੇਦੀ ਨੂੰ ਕਾਂਸੇ ਨਾਲ ਢਕ ਦਿੱਤਾ। 3 ਫ਼ੇਰ ਉਸਨੇ ਜਗਵੇਦੀ ਉੱਤੇ ਇਸਤੇਮਾਲ ਹੋਣ ਵਾਲੇ ਸਾਰੇ ਸੰਦ ਪਿੱਤਲ ਦੇ ਬਣਾ ਦਿੱਤੇ। ਉਸਨੇ ਤਸਲੇ, ਕੜਛੇ, ਬਾਟੇ, ਤ੍ਰਿਸੂਲੀਆਂ ਅਤੇ ਅੰਗੀਠੀਆਂ ਬਣਾਈਆਂ। 4 ਫ਼ੇਰ ਉਸਨੇ ਜਗਵੇਦੀ ਲਈ ਪਿੱਤਲ ਦੀ ਇੱਕ ਝੰਜਰੀ ਬਣਾਈ। ਇਹ ਝੰਜਰੀ ਜਾਲ ਵਰਗੀ ਸੀ। ਝੰਜਰੀ ਜਗਵੇਦੀ ਦੇ ਕਿਂਗਰੇ ਹੇਠਾਂ ਪਾਈ ਗਈ ਸੀ। ਇਹ ਹੇਠੋਂ ਲੈਕੇ ਜਗਵੇਦੀ ਦੇ ਕਿਂਗਰੇ ਦੇ ਅਧ ਤੀਕ ਜੋੜੀ ਗਈ ਸੀ। 5 ਫ਼ੇਰ ਉਸਨੇ ਪਿੱਤਲ ਦੇ ਕੜੇ ਬਣਾਏ। ਇਨ੍ਹਾਂ ਕੜਿਆਂ ਦੀ ਵਰਤੋਂ ਜਗਵੇਦੀ ਨੂੰ ਚੁੱਕਣ ਲਈ ਚੋਬਾਂ ਫ਼ੜਨ ਵਾਸਤੇ ਕੀਤੀ ਜਾਂਦੀ ਸੀ। ਉਸਨੇ ਅੰਗੀਠੀ ਦੇ ਚਾਰਾਂ ਕੋਨਿਆਂ ਉੱਤੇ ਕੜੇ ਪਾ ਦਿੱਤੇ। 6 ਫ਼ੇਰ ਉਸਨੇ ਚੋਬਾਂ ਬਨਾਉਣ ਲਈ ਸ਼ਿੱਟੀਮ ਦੀ ਲੱਕੜ ਵਰਤੀ ਅਤੇ ਇਨ੍ਹਾਂ ਨੂੰ ਕਾਂਸੇ ਨਾਲ ਮਢ਼ ਦਿੱਤਾ। 7 ਉਸਨੇ ਜਗਵੇਦੀ ਦੇ ਆਸੇ-ਪਾਸੇ ਦੇ ਕੜਿਆਂ ਵਿੱਚ ਚੋਬਾਂ ਫ਼ਸਾ ਦਿੱਤੀਆਂ। ਇਨ੍ਹਾਂ ਚੋਬਾਂ ਦੀ ਵਰਤੋਂ ਜਗਵੇਦੀ ਨੂੰ ਚੁੱਕਣ ਲਈ ਕੀਤੀ ਜਾਂਦੀ ਸੀ। ਉਸਨੇ ਜਗਵੇਦੀ ਦੇ ਆਸੇ-ਪਾਸੇ ਬਨਾਉਣ ਲਈ ਫ਼ਟਿਆਂ ਦੀ ਵਰਤੋਂ ਕੀਤੀ। ਇਹ ਅੰਦਰੋਂ ਖਾਲੀ ਸੰਦੂਕ ਵਾਂਗ ਸਖਣੀ ਸੀ। 8 ਉਸਨੇ ਚੌਂਕੀ ਸਮੇਤ ਪਿੱਤਲ ਦਾ ਤਸਲਾ ਬਣਾਇਆ ਉਸਨੇ ਔਰਤਾਂ ਵੱਲੋਂ ਦਿੱਤੇ ਹੋਏ ਪਿੱਤਲ ਦੇ ਸ਼ੀਸ਼ਿਆਂ ਦੀ ਵਰਤੋਂ ਕੀਤੀ। ਇਹ ਉਹੀ ਔਰਤਾਂ ਸਨ ਜਿਹੜੀਆਂ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਉੱਤੇ ਸੇਵਾ ਕਰਦੀਆਂ ਸਨ। 9 ਫ਼ੇਰ ਉਸਨੇ ਪਰਦਿਆਂ ਦੀ ਕੰਧ ਦੇ ਆਲੇ-ਦੁਆਲੇ ਉਸਾਰ ਕੇ ਵਿਹੜਾ ਬਣਾਇਆ। ਦਖਣ ਵਾਲੇ ਪਾਸੇ ਉਸਨੇ 100 ਹੱਥ ਲੰਮੇ ਪਰਦਿਆਂ ਦੀ ਕੰਧ ਬਣਾਈ। ਪਰਦੇ ਮਹੀਨ ਲਿਨਨ ਦੇ ਬਣੇ ਸਨ। 10 ਦਖਣ ਵਾਲੇ ਪਾਸੇ ਦੇ ਪਰਦੇ 20 ਚੋਬਾਂ ਦੇ ਸਹਾਰੇ ਟਿਕੇ ਹੋਏ ਸਨ। ਇਹ ਚੋਬਾਂ ਪਿੱਤਲ ਦੀਆਂ 20 ਚੀਥਿਆਂ ਉੱਤੇ ਰੱਖੀਆਂ ਹੋਈਆਂ ਸਨ। ਚੋਬਾਂ ਅਤੇ ਪਰਦੇ ਦੀਆਂ ਛੜਾਂ ਚਾਂਦੀ ਦੀਆਂ ਬਣੀਆਂ ਹੋਈਆਂ ਸਨ। 11 ਵਿਹੜੇ ਦੇ ਉੱਤਰੀ ਪਾਸੇ 100 ਕਿਊਬਿਟ ਲੰਮੇ ਪਰਦਿਆਂ ਦੀ ਕੰਧ ਸੀ। ਉਥੇ 20 ਪਿੱਤਲ ਦੀਆਂ ਚੀਥਿਆਂ ਨਾਲ 20 ਚੋਬਾਂ ਸਨ। ਚੋਬਾਂ ਲਈ ਕੁੰਡਿਆਂ ਅਤੇ ਪਰਦੇ ਦੀਆਂ ਛੜਾਂ ਚਾਂਦੀ ਦੀਆਂ ਬਣੀਆਂ ਹੋਈਆਂ ਸਨ। 12 ਵਿਹੜੇ ਦੇ ਪੱਛਮ ਵਾਲੇ ਪਾਸੇ ਪਰਦਿਆਂ ਦੀ ਕੰਧ 50 ਹੱਥ ਲੰਮੀ ਸੀ। ਇੱਥੇ ਦਸ ਚੋਬਾਂ ਅਤੇ ਦਸ ਚੀਥੀਆਂ ਸਨ। ਚੋਬਾਂ ਅਤੇ ਪਰਦਿਆਂ ਦੀਆਂ ਡੰਡੀਆਂ ਦੀਆਂ ਕੁੰਡੀਆਂ ਚਾਂਦੀ ਦੀਆਂ ਬਣੀਆਂ ਹੋਈਆਂ ਸਨ। 13 ਵਿਹੜੇ ਦਾ ਪੂਰਬੀ ਪਾਸਾ 50 ਹੱਥ ਚੌੜਾ ਸੀ। ਵਿਹੜੇ ਦਾ ਪ੍ਰਵੇਸ਼ ਦੁਆਰ ਇਸੇ ਪਾਸੇ ਸੀ। 14 ਪ੍ਰਵੇਸ਼ ਦੁਆਰ ਦੇ ਇੱਕ ਪਾਸੇ ਪਰਦਿਆਂ ਦੀ ਕੰਧ 15 ਹੱਥ ਲੰਮੀ ਸੀ। ਇੱਥੇ ਇਸ ਪਾਸੇ ਤਿੰਨ ਚੋਬਾਂ ਅਤੇ ਤਿੰਨ ਚੀਥੀਆਂ ਸਨ। 15 ਪ੍ਰਵੇਸ਼ ਦੁਆਰ ਦੇ ਦੂਸਰੇ ਪਾਸੇ ਵੀ ਪਰਦਿਆਂ ਦੀ ਕੰਧ ਪੰਦਰ੍ਹਾਂ ਹੱਥ ਲੰਮੀ ਸੀ। ਇੱਥੇ ਉਸ ਪਾਸੇ ਤਿੰਨ ਚੋਬਾਂ ਤੇ ਤਿੰਨ ਚੀਥੀਆਂ ਸਨ। 16 ਵਿਹੜੇ ਦੇ ਆਲੇ-ਦੁਆਲੇ ਦੇ ਸਾਰੇ ਪਰਦੇ ਮਹੀਨ ਲਿਨਨ ਦੇ ਬਣੇ ਹੋਏ ਸਨ। 17 ਚੋਬਾਂ ਦੀਆਂ ਚੀਥੀਆਂ ਪਿੱਤਲ ਦੀਆਂ ਬਣੀਆਂ ਹੋਈਆਂ ਸਨ। ਕੁੰਡੀਆਂ ਅਤੇ ਪਰਦਿਆਂ ਦੀਆਂ ਡੰਡੀਆਂ ਚਾਂਦੀ ਦੀਆਂ ਬਣੀਆਂ ਹੋਈਆਂ ਸਨ। ਚੋਬਾਂ ਦੀਆਂ ਸਿਖਰਾਂ ਵੀ ਚਾਂਦੀ ਨਾਲ ਮੜੀਆਂ ਹੋਈਆਂ ਸਨ। ਵਿਹੜੇ ਦੀਆਂ ਸਾਰੀਆਂ ਚੋਬਾਂ ਦੀਆਂ ਪਰਦਿਆਂ ਦੀਆਂ ਡੰਡੀਆਂ ਚਾਂਦੀ ਦੀਆਂ ਸਨ। 18 ਵਿਹੜੇ ਦੇ ਪ੍ਰਵੇਸ਼ ਦੁਆਰ ਦਾ ਪਰਦਾ ਮਹੀਨ ਲਿਨਨ ਅਤੇ ਨੀਲੇ ਬੈਂਗਣੀ ਤੇ ਲਾਲ ਸੂਤ ਦਾ ਬਣਿਆ ਹੋਇਆ ਸੀ। ਉਸ ਪਰਦੇ ਵਿੱਚ ਨਮੂਨੇ ਬਣੇ ਹੋਏ ਸਨ। ਪਰਦਾ 20 ਹੱਥ ਲੰਮਾ ਅਤੇ 5 ਹੱਥ ਉੱਚਾ ਸੀ। ਇਹ ਉਨੀ ਹੀ ਉਚਾਈ ਦਾ ਸੀ ਜਿੰਨੇ ਵਿਹੜੇ ਦੇ ਆਲੇ-ਦੁਆਲੇ ਦੇ ਪਰਦੇ ਸਨ। 19 ਪਰਦਾ ਚਾਰ ਚੋਬਾਂ ਅਤੇ ਪਿੱਤਲ ਦੀਆਂ ਚਾਰ ਚੀਥੀਆਂ ਉੱਤੇ ਟਿਕਿਆ ਹੋਇਆ ਸੀ। ਚੋਬਾਂ ਦੀਆਂ ਕੁੰਡੀਆਂ ਚਾਂਦੀ ਦੀਆਂ ਬਣੀਆਂ ਹੋਈਆਂ ਸਨ। ਚੋਬਾਂ ਦੀਆਂ ਸਿਖਰਾਂ ਚਾਂਦੀ ਨਾਲ ਮੜੀਆਂ ਹੋਈਆਂ ਸਨ ਅਤੇ ਪਰਦਿਆਂ ਦੀਆਂ ਡੰਡੀਆਂ ਵੀ ਚਾਂਦੀ ਦੀਆਂ ਬਣੀਆਂ ਹੋਈਆਂ ਸਨ। 20 ਪਵਿੱਤਰ ਤੰਬੂ ਅਤੇ ਵਿਹੜੇ ਦੇ ਆਲੇ-ਦੁਆਲੇ ਦੀਆਂ ਕਿੱਲੀਆਂ ਪਿੱਤਲ ਦੀਆਂ ਬਣੀਆਂ ਹੋਈਆਂ ਸਨ। 21 ਮੂਸਾ ਨੇ ਲੇਵੀ ਲੋਕਾਂ ਨੂੰ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਲਿਖ ਲੈਣ ਦਾ ਹੁਕਮ ਦਿੱਤਾ ਜਿਹੜੀਆਂ ਪਵਿੱਤਰ ਤੰਬੂ ਨੂੰ ਅਰਥਾਤ ਇਕਰਾਰਨਾਮੇ ਵਾਲੇ ਤੰਬੂ ਨੂੰ ਬਨਾਉਣ ਲਈ ਵਰਤੀਆਂ ਗਈਆਂ ਸਨ, ਹਾਰੂਨ ਦਾ ਪੁੱਤਰ ਈਥਾਮਾਰ ਸੂਚੀ ਰੱਖਣ ਦਾ ਇੰਚਾਰਜ ਸੀ। 22 ਯਹੂਦਾਹ ਦੇ ਪਰਿਵਾਰ-ਸਮੂਹ ਤੇ ਹੂਰ ਦੇ ਪੁੱਤਰ ਊਰੀ ਦੇ ਪੁੱਤਰ ਬਸਲਏਲ ਨੇ ਉਹ ਹਰ ਚੀਜ਼ ਬਣਾਈ ਜਿਸਦਾ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ। 23 ਦਾਨ ਦੇ ਪਰਿਵਾਰ-ਸਮੂਹ ਤੋਂ ਅਹੀਸਾਮਾਕ ਦੇ ਪੁੱਤਰ ਆਹਾਲੀਆਬ ਨੇ ਵੀ ਉਸਦੀ ਸਹਾਇਤਾ ਕੀਤੀ। ਆਹਾਲੀਆਬ ਕੁਸ਼ਲ ਦਾਪਾ ਅਤੇ ਸ਼ਿਲਪਕਾਰ ਸੀ ਉਹ ਮਹੀਨ ਲਿਨਨ ਅਤੇ ਨੀਲਾ ਬੈਂਗਣੀ ਤੇ ਲਾਲ ਸੂਤ ਬੁਨਣ ਦਾ ਮਾਹਰ ਸੀ। 24 ਦੋ ਟੱਨ ਤੋਂ ਵਧ ਸੋਨਾ ਇਸ ਪਵਿੱਤਰ ਸਥਾਨ ਲਈ ਯਹੋਵਾਹ ਨੂੰ ਭੇਟ ਕੀਤਾ ਗਿਆ ਇਸਨੂੰ ਸਰਕਾਰੀ ਨਾਪ ਅਨੁਸਾਰ ਤੋਂਲਿਆ ਗਿਆ। 25 ਜਿਨ੍ਹਾਂ ਕੁੱਲ ਆਦਮੀਆਂ ਦੀ ਗਿਣਤੀ ਕੀਤੀ ਗਈ ਸੀ ਉਨ੍ਹਾਂ ਨੇ ਪੌਣੇਚਾਰ ਟੱਨ ਤੋਂ ਵਧ ਚਾਂਦੀ ਦਿੱਤੀ। (ਇਸਨੂੰ ਸਰਕਾਰੀ ਨਾਪ ਅਨੁਸਾਰ ਤੋਂਲਿਆ ਗਿਆ ਸੀ।) 26 ਵੀਹ ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਸਾਰੇ ਆਦਮੀਆਂ ਦੀ ਗਿਣਤੀ ਕੀਤੀ ਗਈ ਸੀ ਉਥੇ 6,03,550 ਆਦਮੀ ਸਨ। ਅਤੇ ਹਰੇਕ ਆਦਮੀ ਨੂੰ ਚਾਂਦੀ ਦਾ ਇੱਕ ਕਰ ਵਜੋਂ ਅਦਾ ਕਰਨਾ ਪਿਆ ਸੀ। (ਸਰਕਾਰੀ ਨਾਪ ਅਨੁਸਾਰ ਇੱਕ ਬਕਾ ਅੱਧੇ ਸ਼ੈਕਲ ਦਾ ਹੈ।) 27 ਉਨ੍ਹਾਂ ਨੇ ਉਸ ਚਾਂਦੀ ਦਾ ਪੌਣੇਚਾਰ ਟੱਨ ਯਹੋਵਾਹ ਦੇ ਪਵਿੱਤਰ ਸਥਾਨ ਲਈ ਅਤੇ ਪਰਦੇ ਲਈ 100 ਚੀਥੀਆਂ ਬਨਾਉਣ ਲਈ ਵਰਤਿਆ ਸੀ। ਉਨ੍ਹਾਂ ਨੇ ਹਰੇਕ ਚੀਥੀ ਲਈ 75 ਪੌਂਡ ਚਾਂਦੀ ਇਸਤੇਮਾਲ ਕੀਤੀ ਸੀ। 28 ਦੂਸਰੀ 50 ਪੌਂਡ ਚਾਂਦੀ ਕੁੰਡੀਆਂ, ਪਰਦਿਆਂ ਦੀਆਂ ਡੰਡੀਆਂ ਅਤੇ ਚੋਬਾਂ ਲਈ ਚਾਂਦੀ ਦੇ ਕੱਜਣ ਵਜੋਂ ਵਰਤੀ ਗਈ ਸੀ। 29 ਢਾਈ ਟੱਨ ਤੋਂ ਵਧ ਪਿੱਤਲ ਯਹੋਵਾਹ ਨੂੰ ਚੜਾਇਆ ਗਿਆ ਸੀ। 30 ਪਿੱਤਲ ਦੀ ਵਰਤੋਂ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਦੀਆਂ ਚੀਥੀਆਂ ਬਨਾਉਣ ਲਈ ਕੀਤੀ ਗਈ ਸੀ। ਉਨ੍ਹਾਂ ਨੇ ਜਗਵੇਦੀ ਬਨਾਉਣ ਲਈ ਅਤੇ ਪਿੱਤਲ ਦੀ ਅੰਗੀਠੀ ਬਨਾਉਣ ਲਈ ਇਸਦੀ ਵਰਤੋਂ ਕੀਤੀ ਸੀ। ਅਤੇ ਪਿੱਤਲ ਦੀ ਵਰਤੋਂ ਜਗਵੇਦੀ ਦੇ ਸਾਰੇ ਸੰਦਾਂ ਅਤੇ ਪਲੇਟਾਂ ਬਨਾਉਣ ਲਈ ਕੀਤੀ ਗਈ ਸੀ। 31 ਇਸਦੀ ਵਰਤੋਂ ਵਿਹੜੇ ਦੇ ਆਲੇ-ਦੁਆਲੇ ਦੇ ਪਰਦਿਆਂ ਅਤੇ ਪ੍ਰਵੇਸ਼ ਦੁਆਰ ਦੇ ਪਰਦਿਆਂ ਦੀਆਂ ਚੀਥੀਆਂ ਬਨਾਉਣ ਲਈ ਵੀ ਕੀਤੀ ਗਈ ਸੀ। ਅਤੇ ਪਿੱਤਲ ਦੀ ਵਰਤੋਂ ਪਵਿੱਤਰ ਤੰਬੂ ਲਈ ਅਤੇ ਵਿਹੜੇ ਦੇ ਆਲੇ-ਦੁਆਲੇ ਦੇ ਪਰਦਿਆਂ ਲਈ ਕਿੱਲੀਆਂ ਬਨਾਉਣ ਵਾਸਤੇ ਕੀਤੀ ਗਈ ਸੀ।

Exodus 39

1 ਕਾਰੀਗਰਾਂ ਨੇ ਜਾਜਕਾਂ ਦੇ ਉਸ ਵੇਲੇ ਪਹਿਨਣ ਵਾਲੇ ਖਾਸ ਵਸਤਰਾਂ ਲਈ, ਨੀਲੇ ਬੈਂਗਣੀ ਅਤੇ ਲਾਲ ਸੂਤ ਦੀ ਵਰਤੋਂ ਕੀਤੀ, ਜਦੋਂ ਉਹ ਯਹੋਵਾਹ ਦੇ ਪਵਿੱਤਰ ਸਥਾਨ ਉੱਤੇ ਸੇਵਾ ਕਰਦੇ ਸਨ। ਉਨ੍ਹਾਂ ਨੇ ਹਾਰੂਨ ਦੇ ਪਹਿਨਣ ਲਈ ਵੀ ਖਾਸ ਵਸਤਰ ਤਿਆਰ ਕੀਤੇ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ। 2 ਫ਼ੇਰ ਉਨ੍ਹਾਂ ਨੇ ਸੋਨੇ ਨੂੰ ਡੰਡੀਆਂ ਵਿੱਚ ਕੱਟਕੇ ਲੰਬਾ ਧਾਗਾ ਬਣਾਇਆ, ਮਹੀਨ ਲਿਨਨ ਅਤੇ ਨੀਲੇ ਬੈਂਗਣੀ ਤੇ ਲਾਲ ਸੂਤ ਦਾ ਏਫ਼ੋਦ ਬਣਾਇਆ। 3 (ਉਨ੍ਹਾਂ ਨੇ ਸੋਨੇ ਨੂੰ ਪਤਲੀਆਂ ਪੱਤਰੀਆਂ ਵਿੱਚ ਕੁਟਿਆ ਅਤੇ ਉਨ੍ਹਾਂ ਨੂੰ ਲੰਮੇ ਧਾਗਿਆਂ ਵਿੱਚ ਕੱਟ ਲਿਆ। ਫ਼ੇਰ ਉਨ੍ਹਾਂ ਨੇ ਸੋਨੇ ਨੂੰ ਨੀਲੇ, ਬੈਂਗਣੀ ਅਤੇ ਲਾਲ ਸੂਤ ਅਤੇ ਮਹੀਨ ਲਿਨਨ ਵਿੱਚ ਕੱਤ ਦਿੱਤਾ। ਇਹ ਬਹੁਤ ਹੀ ਮਾਹਰ ਕਾਰੀਗਰਾਂ ਦਾ ਕੰਮ ਸੀ।) 4 ਉਨ੍ਹਾਂ ਨੇ ਏਫ਼ੋਦ ਦੇ ਮੋਢਿਆਂ ਵਾਲੇ ਟੁਕੜੇ ਬਣਾਏ। ਉਨ੍ਹਾਂ ਨੇ ਇਨ੍ਹਾਂ ਮੋਢੇ ਦੇ ਟੁਕੜਿਆਂ ਨੂੰ ਏਫ਼ੋਦ ਦੇ ਦੋ ਕੋਨਿਆਂ ਨਾਲ ਬੰਨ੍ਹ ਦਿੱਤਾ। 5 ਉਨ੍ਹਾਂ ਨੇ ਪੇਟੀ ਬੁਣੀ ਅਤੇ ਇਸਨੂੰ ਏਫ਼ੋਦ ਉੱਤੇ ਕਸ ਦਿੱਤਾ। ਇਹ ਓਸੇ ਤਰ੍ਹਾਂ ਬਣਾਈ ਗਈ ਸੀ ਜਿਵੇਂ ਏਫ਼ੋਦ ਬਣਾਇਆ ਗਿਆ ਸੀ - ਉਨ੍ਹਾਂ ਨੇ ਸੋਨੇ ਦੀ ਤਾਰ, ਮਹੀਨ ਲਿਨਨ ਅਤੇ ਨੀਲੇ, ਬੈਂਗਣੀ ਅਤੇ ਲਾਲ ਸੂਤ ਦੀ ਵਰਤੋਂ ਕੀਤੀ, ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ। 6 ਕਾਰੀਗਰਾਂ ਨੇ ਏਫ਼ੋਦ ਲਈ ਸੁਲੇਮਾਨੀ ਪੱਥਰਾਂ ਨੂੰ ਸੋਨੇ ਵਿੱਚ ਜੜਿਆ। ਉਨ੍ਹਾਂ ਨੇ ਇਨ੍ਹਾਂ ਪੱਥਰਾਂ ਉੱਤੇ ਇਸਰਾਏਲ ਦੇ ਪੁੱਤਰਾਂ ਦੇ ਨਾਮ ਲਿਖ ਦਿੱਤੇ। 7 ਫ਼ੇਰ ਉਨ੍ਹਾਂ ਨੇ ਇਹ ਸੁਲੇਮਾਨੀ ਪੱਥਰ ਏਫ਼ੋਦ ਦੇ ਮੋਢਿਆਂ ਦੇ ਟੁਕੜਿਆਂ ਉੱਪਰ ਜੜ ਦਿੱਤੇ। ਇਹ ਸੁਲੇਮਾਨੀ ਪੱਥਰ ਪਰਮੇਸ਼ੁਰ ਨੂੰ ਇਸਰਾਏਲ ਦੇ ਲੋਕਾਂ ਦਾ ਚੇਤਾ ਕਰਾਉਣ ਵਿੱਚ ਸਹਾਇਤਾ ਕਰਨ ਲਈ ਸਨ। ਇਸਨੂੰ ਉਵੇਂ ਕੀਤਾ ਗਿਆ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ। 8 ਫ਼ੇਰ ਉਨ੍ਹਾਂ ਨੇ ਸੀਨੇ-ਬੰਦ ਬਣਾਇਆ। ਇਹ ਏਫ਼ੋਦ ਵਾਂਗ ਹੀ ਮਾਹਰ ਕਾਰੀਗਰਾਂ ਦਾ ਕੰਮ ਸੀ। ਇਸਨੂੰ ਸੋਨੇ ਦੇ ਧਾਗਿਆਂ, ਮਹੀਨ ਲਿਨਨ ਅਤੇ ਨੀਲੇ, ਬੈਂਗਣੀ ਅਤੇ ਲਾਲ ਸੂਤ ਤੋਂ ਬਣਾਇਆ ਗਿਆ ਸੀ। 9 ਸੀਨੇ-ਬੰਦ ਨੂੰ ਦੂਹਰਾ ਕਰਕੇ ਚੌਰਸ ਜੇਬ ਬਣਾ ਦਿੱਤਾ ਗਿਆ ਸੀ। ਇਹ ਇੱਕ ਗਿਠ ਲੰਮਾ ਅਤੇ ਇੱਕ ਗਿਠ ਚੌੜਾ ਸੀ। 10 ਫ਼ੇਰ ਕਾਰੀਗਰਾਂ ਨੇ ਸੀਨੇ-ਬੰਦ ਉੱਤੇ ਸੁੰਦਰ ਹੀਰਿਆਂ ਦੀਆਂ ਚਾਰ ਪਾਲਾਂ ਜੜੀਆਂ। ਪਹਿਲੀ ਪਾਲ ਵਿੱਚ ਲਾਲ ਅਕੀਕ ਸੁਨਹਿਲਾ ਅਤੇ ਜਬਰਜ਼ਦ ਸਨ। 11 ਦੂਸਰੀ ਪਾਲ ਵਿੱਚ ਪੰਨਾ, ਨੀਲਮ ਅਤੇ ਬਿਲੌਰ ਸਨ। 12 ਤੀਸਰੀ ਪਾਲ ਵਿੱਚ ਜਰਕਨ, ਹਰੀ ਅਕੀਕ, ਕਟਹਿਲਾ ਸਨ। 13 ਚੌਥੀ ਪਾਲ ਵਿੱਚ ਪੰਨਾ, ਸੁਲੇਮਾਨੀ ਅਤੇ ਯਸ਼ੁਬ ਸਨ। ਇਹ ਸਾਰੇ ਪੱਥਰ ਸੋਨੇ ਵਿੱਚ ਜੜੇ ਹੋਏ ਸਨ। 14 ਉਥੇ ਸੀਨੇ-ਬੰਦ ਉੱਤੇ ਬਾਰ੍ਹਾਂ ਪੱਥਰ ਸਨ ਇੱਕ-ਇੱਕ ਪੱਥਰ ਇਸਰਾਏਲ (ਯਾਕੂਬ) ਦੇ ਹਰੇਕ ਪੁੱਤਰ ਲਈ। ਹਰੇਕ ਪੱਥਰ ਉੱਤੇ ਇਸਰਾਏਲ ਦੇ ਪੁੱਤਰਾਂ ਵਿੱਚੋਂ ਇੱਕ ਦਾ ਨਾਮ ਮੁਹਰ ਵਾਂਗ ਉਕਰਿਆ ਹੋਇਆ ਸੀ। 15 ਕਾਰੀਗਰਾਂ ਨੇ ਸੀਨੇ-ਬੰਦ ਲਈ ਸ਼ੁਧ ਸੋਨੇ ਦੀਆਂ ਦੋ ਜ਼ੰਜ਼ੀਰੀਆਂ ਬਣਾਈਆਂ। ਇਹ ਜ਼ੰਜ਼ੀਰੀਆਂ ਰਸੀ ਵਾਂਗ ਵਟੀਆਂ ਹੋਈਆਂ ਸਨ। 16 ਕਾਰੀਗਰਾਂ ਨੇ ਸੋਨੇ ਦੀਆਂ ਦੋ ਮੁੰਦਰੀਆਂ ਬਣਾਈਆਂ ਅਤੇ ਇਨ੍ਹਾਂ ਨੂੰ ਸੀਨੇ-ਬੰਦ ਦੇ ਦੋਹਾਂ ਕੋਨਿਆਂ ਉੱਤੇ ਬੰਨ੍ਹ ਦਿੱਤਾ ਅਤੇ ਉਨ੍ਹਾਂ ਨੇ ਮੋਢਿਆਂ ਦੇ ਟੁਕੜਿਆਂ ਉੱਤੇ ਲਾਉਣ ਲਈ ਸੋਨੇ ਦੀਆਂ ਦੋ ਸੈਟਿਂਗਸ ਬਣਾਈਆਂ। 17 ਉਨ੍ਹਾਂ ਨੇ ਸੋਨੇ ਦੀਆਂ ਜ਼ੰਜ਼ੀਰੀਆਂ ਸੀਨੇ-ਬੰਦ ਦੇ ਕੋਨਿਆਂ ਉਤਲੀਆਂ ਮੁੰਦਰੀਆਂ ਨਾਲ ਬੰਨ੍ਹ ਦਿੱਤੀਆਂ। 18 ਉਨ੍ਹਾਂ ਨੇ ਸੋਨੇ ਦੀਆਂ ਜ਼ੰਜ਼ੀਰੀਆਂ ਦੇ ਦੂਸਰੇ ਸਿਰਿਆਂ ਨੂੰ ਮੋਢਿਆਂ ਦੇ ਟੁਕੜਿਆਂ ਉੱਤੇ ਲੱਗੀਆਂ ਹੋਈਆਂ ਸੈਟਿੰਗਜ਼ ਨਾਲ ਬੰਨ੍ਹ ਦਿੱਤਾ। ਉਨ੍ਹਾਂ ਨੇ ਇਨ੍ਹਾਂ ਨੂੰ ਏਫ਼ੋਦ ਦੇ ਸਾਮ੍ਹਣੇ ਵਾਲੇ ਪਾਸੇ ਬੰਨ੍ਹ ਦਿੱਤਾ। 19 ਫ਼ੇਰ ਉਨ੍ਹਾਂ ਨੇ ਸੋਨੇ ਦੀਆਂ ਦੋ ਹੋਰ ਮੁੰਦਰੀਆਂ ਬਣਾਈਆਂ ਅਤੇ ਉਨ੍ਹਾਂ ਨੂੰ ਸੀਨੇ-ਬੰਦ ਦੇ ਦੂਸਰੇ ਦੋ ਕੋਨਿਆਂ ਨਾਲ ਬੰਨ੍ਹ ਦਿੱਤਾ ਇਹ ਏਫ਼ੋਦ ਦੇ ਨਾਲ ਲੱਗਦੀ ਸੀਨੇ-ਬੰਦ ਦੇ ਅੰਦਰਲੇ ਕੋਨੇ ਉੱਤੇ ਸੀ। 20 ਉਨ੍ਹਾਂ ਨੇ ਸੋਨੇ ਦੀਆਂ ਦੋ ਮੁੰਦਰੀਆਂ ਏਫ਼ੋਦ ਦੇ ਸਾਮ੍ਹਣੇ ਮੋਢਿਆਂ ਵਾਲੇ ਟੁਕੜਿਆਂ ਦੇ ਹੇਠਲੇ ਸਿਰੇ ਉੱਤੇ ਵੀ ਲਗਾ ਦਿੱਤੀਆਂ। ਇਹ ਮੁੰਦਰੀਆਂ ਪੇਟੀ ਦੇ ਰਤਾ ਕੁ ਉੱਪਰ ਕਸਣ ਵਾਲੇ ਹਿੱਸੇ ਦੇ ਨੇੜੇ ਸਨ। 21 ਫ਼ੇਰ ਉਨ੍ਹਾਂ ਨੇ ਨੀਲਾ ਰਿਬਨ ਲਿਆ ਅਤੇ ਸੀਨੇ-ਬੰਦ ਦੀਆਂ ਮੁੰਦਰੀਆਂ ਨੂੰ ਏਫ਼ੋਦ ਦੀਆਂ ਮੁੰਦਰੀਆਂ ਨਾਲ ਬੰਨ੍ਹ ਦਿੱਤਾ। ਇਸ ਤਰ੍ਹਾਂ, ਸੀਨੇ-ਬੰਦ ਪੇਟੀ ਦੇ ਨਜ਼ਦੀਕ ਟਿਕਿਆ ਹੋਇਆ ਸੀ ਅਤੇ ਏਫ਼ੋਦ ਨਾਲ ਕਸਿਆ ਹੋਇਆ ਸੀ। ਉਨ੍ਹਾਂ ਨੇ ਸਭ ਕੁਝ ਓਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ। 22 ਫ਼ੇਰ ਉਨ੍ਹਾਂ ਨੇ ਏਫ਼ੋਦ ਲਈ ਚੋਲਾ ਬਣਾਇਆ। ਇਹ ਉਨ੍ਹਾਂ ਨੇ ਨੀਲੇ ਕੱਪੜੇ ਦਾ ਬਣਾਇਆ। ਇਸਨੂੰ ਕੁਸ਼ਲ ਕਾਰੀਗਰ ਨੇ ਬੁਣਿਆ ਸੀ। 23 ਉਨ੍ਹਾਂ ਨੇ ਚੋਲੇ ਦੇ ਕੇਂਦਰ ਵਿੱਚ ਇੱਕ ਸੁਰਾਖ ਕੀਤਾ ਅਤੇ ਇਸ ਸੁਰਾਖ ਦੇ ਕੰਢੇ ਦੇ ਆਲੇ-ਦੁਆਲੇ ਕੱਪੜੇ ਦਾ ਟੁਕੜਾ ਸਿਉਂ ਦਿੱਤਾ। ਇਹ ਕੱਪੜਾ ਸੁਰਾਖ ਨੂੰ ਪਾਟਣ ਤੋਂ ਰੋਕਦਾ ਸੀ। 24 ਫ਼ੇਰ ਉਨ੍ਹਾਂ ਨੇ ਮਹੀਨ ਲਿਨਨ ਅਤੇ ਨੀਲਾ, ਬੈਂਗਣੀ ਅਤੇ ਲਾਲ ਸੂਤ ਲੈਕੇ ਕੱਪੜੇ ਦੇ ਅਨਾਰ ਬਣਾਏ। ਉਨ੍ਹਾਂ ਨੇ ਇਹ ਅਨਾਰ ਚੋਲੇ ਦੇ ਹੇਠਲੇ ਕਿਨਾਰੇ ਦੇ ਆਲੇ-ਦੁਆਲੇ ਟੰਗ ਦਿੱਤੇ। 25 ਫ਼ੇਰ ਉਨ੍ਹਾਂ ਨੇ ਸ਼ੁਧ ਸੋਨੇ ਦੀਆਂ ਘੰਟੀਆਂ ਬਣਾਈਆਂ। ਉਨ੍ਹਾਂ ਨੇ ਇਹ ਘੰਟੀਆਂ ਚੋਲੇ ਦੇ ਹੇਠਲੇ ਕਿਨਾਰੇ ਉੱਤੇ ਅਨਾਰਾਂ ਦੇ ਵਿਚਕਾਰ ਬੰਨ੍ਹ ਦਿੱਤੀਆਂ। 26 ਚੋਲੇ ਦੇ ਹੇਠਲੇ ਕਿਨਾਰੇ ਦੇ ਆਲੇ-ਦੁਆਲੇ ਘੰਟੀਆਂ ਅਤੇ ਅਨਾਰ ਸਨ। ਹਰੇਕ ਦੋ ਅਨਾਰਾਂ ਦੇ ਵਿਚਕਾਰ ਇੱਕ ਘੰਟੀ ਸੀ। ਇਹ ਚੋਲਾ ਜਾਜਕ ਵੱਲੋਂ ਉਦੋਂ ਪਹਿਨਿਆ ਜਾਣਾ ਸੀ ਜਦੋਂ ਉਸਨੇ ਯਹੋਵਾਹ ਦੀ ਸੇਵਾ ਕਰਨੀ ਸੀ, ਬਿਲਕੁਲ ਉਵੇਂ ਹੀ, ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ। 27 ਕੁਸ਼ਲ ਕਾਰੀਗਰਾਂ ਨੇ ਹਾਰੂਨ ਅਤੇ ਉਸਦੇ ਪੁੱਤਰਾਂ ਲਈ ਦੋ ਕਮੀਜ਼ਾਂ ਬੁਣੀਆਂ। ਇਹ ਕਮੀਜ਼ਾਂ ਮਹੀਨ ਲਿਨਨ ਦੀਆਂ ਬਣੀਆਂ ਹੋਈਆਂ ਸਨ। 28 ਅਤੇ ਕਾਰੀਗਰਾਂ ਨੇ ਮਹੀਨ ਲਿਨਨ ਦੀ ਇੱਕ ਪਗੜੀ (ਅਮਾਮਾ) ਬਣਾਈ। ਉਨ੍ਹਾਂ ਨੇ ਮਹੀਨ ਲਿਨਨ ਲੈਕੇ ਸਿਰ ਦੇ ਪਟਕੇ ਅਤੇ ਅੰਦਰਲੇ ਵਸਤਰ ਵੀ ਬਣਾਏ। 29 ਫ਼ੇਰ ਉਨ੍ਹਾਂ ਨੇ ਮਹੀਨ ਲਿਨਨ ਅਤੇ ਨੀਲੇ ਬੈਂਗਣੀ ਅਤੇ ਲਾਲ ਸੂਤ ਦੀ ਪੇਟੀ ਬਣਾਈ। ਕੱਪੜੇ ਵਿੱਚ ਨਮੂਨੇ ਕੱਢੇ ਹੋਏ ਸਨ। ਇਹ ਚੀਜ਼ਾਂ ਉਵੇਂ ਹੀ ਬਣਾਈਆਂ ਗਈਆਂ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਕੀਤਾ ਸੀ। 30 ਫ਼ੇਰ ਉਨ੍ਹਾਂ ਨੇ ਪਵਿੱਤਰ ਤਾਜ ਲਈ ਸੋਨੇ ਦੀ ਪੱਤੀ ਬਣਾਈ। ਉਨ੍ਹਾਂ ਨੇ ਇਹ ਸ਼ੁਧ ਸੋਨੇ ਦੀ ਬਣਾਈ। ਉਨ੍ਹਾਂ ਨੇ ਸੋਨੇ ਉੱਤੇ ਸ਼ਬਦ ਲਿਖੇ। ਉਨ੍ਹਾਂ ਨੇ ਇਹ ਸ਼ਬਦ ਲਿਖੇ: । 31 ਉਨ੍ਹਾਂ ਨੇ ਸੋਨੇ ਦੀ ਪੱਤੀ ਇੱਕ ਨੀਲੇ ਰਿਬਨ ਨਾਲ ਬੰਨ੍ਹ ਦਿੱਤੀ। ਫ਼ੇਰ ਉਨ੍ਹਾਂ ਨੇ ਨੀਲਾ ਰਿਬਨ ਪਗੜੀ ਦੇ ਆਲੇ-ਦੁਆਲੇ ਬੰਨ੍ਹ ਦਿੱਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਕੀਤਾ ਸੀ। 32 ਇਸ ਤਰ੍ਹਾਂ ਪਵਿੱਤਰ ਤੰਬੂ ਅਰਥਾਤ ਮੰਡਲੀ ਵਾਲੇ ਤੰਬੂ ਦਾ ਸਾਰਾ ਕੰਮ ਮੁੱਕ ਗਿਆ। ਇਸਰਾਏਲ ਦੇ ਲੋਕਾਂ ਨੇ ਹਰ ਕੰਮ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ। 33 ਫ਼ੇਰ ਉਨ੍ਹਾਂ ਨੇ ਪਵਿੱਤਰ ਤੰਬੂ ਮੂਸਾ ਨੂੰ ਦਿਖਾਇਆ। ਉਨ੍ਹਾਂ ਨੇ ਉਸਨੂੰ ਤੰਬੂ ਅਤੇ ਉਸ ਵਿਚਲੀਆਂ ਸਾਰੀਆਂ ਚੀਜ਼ਾਂ; ਕੜੇ, ਤਖਤੀਆਂ, ਬਰੇਸਾਂ, ਚੋਬਾਂ ਅਤੇ ਚੀਥੀਆਂ ਦਿਖਾਇਆਂ। 34 ਉਨ੍ਹਾਂ ਨੇ ਉਸਨੂੰ ਤੰਬੂ ਦਾ ਕੱਜਣ ਦਿਖਾਇਆ ਜਿਹੜਾ ਲਾਲ ਰੰਗ ਵਿੱਚ ਰੰਗੀਆਂ ਭੇਡੂ ਦੀਆਂ ਖੱਲਾਂ ਨਾਲ ਬਣਇਆ ਗਿਆ ਸੀ। ਅਤੇ ਉਨ੍ਹਾਂ ਨੇ ਉਸਨੂੰ ਉਹ ਕੱਜਣ ਦਿਖਾਇਆ ਜਿਹੜਾ ਸੁੰਦਰ ਚਮੜੇ ਦਾ ਬਣਿਆ ਸੀ। ਅਤੇ ਉਨ੍ਹਾਂ ਨੇ ਉਸਨੂੰ ਉਹ ਪਰਦਾ ਦਿਖਾਇਆ ਜਿਹੜਾ ਅੱਤ ਪਵਿੱਤਰ ਸਥਾਨ ਦੇ ਪ੍ਰਵੇਸ਼ ਦੁਆਰ ਨੂੰ ਕੱਜਦਾ ਸੀ। 35 ਉਨ੍ਹਾਂ ਨੇ ਇਕਰਾਰਨਾਮੇ ਵਾਲਾ ਸੰਦੂਕ, ਉਹ ਚੋਬਾਂ ਜੋ ਸੰਦੂਕ ਨੂੰ ਚੁੱਕਣ ਲਈ ਵਰਤੀਆਂ ਜਾਂਦੀਆਂ ਸਨ ਅਤੇ ਸੰਦੂਕ ਦਾ ਢੱਕਣ ਦਿਖਾਇਆ। 36 ਉਨ੍ਹਾਂ ਨੇ ਉਸਨੂੰ ਮੇਜ ਅਤੇ ਉਸ ਉੱਪਰਲੀ ਹਰ ਚੀਜ਼ ਅਤੇ ਖਾਸ ਰੋਟੀ ਦਿਖਾਈ। 37 ਉਨ੍ਹਾਂ ਨੇ ਉਸਨੂੰ ਸ਼ੁਧ ਸੋਨੇ ਦਾ ਸ਼ਮਾਦਾਨ ਅਤੇ ਇਸ ਉੱਪਰ ਦੀਵੇ ਦਿਖਾਏ। ਅਤੇ ਉਨ੍ਹਾਂ ਨੇ ਉਸਨੂੰ ਤੇਲ ਅਤੇ ਉਹ ਸਾਰੀਆਂ ਚੀਜ਼ਾਂ ਦਿਖਾਈਆਂ ਜਿਹੜੀਆਂ ਦੀਵਿਆਂ ਦੇ ਨਾਲ ਵਰਤੀਆਂ ਜਾਂਦੀਆਂ ਸਨ। 38 ਉਨ੍ਹਾਂ ਨੇ ਮੂਸਾ ਨੂੰ ਸੁਨਿਹਰੀ ਜਗਵੇਦੀ, ਮਸਹ ਵਾਲਾ ਤੇਲ, ਸੁਗੰਧਤ ਧੂਫ਼ ਅਤੇ ਉਹ ਪਰਦਾ ਦਿਖਾਇਆ ਜਿਹੜਾ ਤੰਬੂ ਦੇ ਪ੍ਰਵੇਸ਼ ਦੁਆਰ ਨੂੰ ਕੱਜਦਾ ਸੀ। 39 ਉਨ੍ਹਾਂ ਨੇ ਉਸਨੂੰ ਪਿੱਤਲ ਦੀ ਜਗਵੇਦੀ ਅਤੇ ਪਿੱਤਲ ਦੀ ਝੰਜਰੀ, ਜਗਵੇਦੀ ਚੁੱਕਣ ਵਾਲੀਆਂ ਚੋਬਾਂ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਜਗਵੇਦੀ ਉੱਤੇ ਇਸਤੇਮਾਲ ਹੁੰਦੀਆਂ ਸਨ ਅਤੇ ਤਸਲਾ ਅਤੇ ਉਸਦੇ ਹੇਠਾਂ ਵਾਲੀ ਚੌਂਕੀ ਦਿਖਾਈ। 40 ਉਨ੍ਹਾਂ ਨੇ ਮੂਸਾ ਨੂੰ ਵਿਹੜੇ ਦੇ ਆਲੇ-ਦੁਆਲੇ ਦੀ ਪਰਦਿਆਂ ਦੀ ਕੰਧ, ਚੋਬਾਂ ਅਤੇ ਚੀਥੀਆਂ ਸਮੇਤ, ਦਿਖਾਈ। ਉਨ੍ਹਾਂ ਨੇ ਉਸਨੂੰ ਉਹ ਪਰਦਾ ਦਿਖਾਇਆ ਜਿਹੜਾ ਵਿਹੜੇ ਦੇ ਪ੍ਰਵੇਸ਼ ਦੁਆਰ ਨੂੰ ਕੱਜਦਾ ਸੀ। ਉਨ੍ਹਾਂ ਨੇ ਉਸਨੂੰ ਰਸੀਆਂ ਅਤੇ ਤੰਬੂ ਦੀਆਂ ਕਿੱਲੀਆਂ ਦਿਖਾਈਆਂ। ਉਨ੍ਹਾਂ ਨੇ ਉਸਨੂੰ ਪਵਿੱਤਰ ਤੰਬੂ ਅਰਥਾਤ ਮੰਡਲੀ ਵਾਲੇ ਤੰਬੂ ਵਿਚਲੀਆਂ ਸਾਰੀਆਂ ਚੀਜ਼ਾਂ ਦਿਖਾਈਆਂ। 41 ਫ਼ੇਰ ਉਨ੍ਹਾਂ ਨੇ ਮੂਸਾ ਨੂੰ ਉਹ ਵਸਤਰ ਦਿਖਾਏ ਜਿਹੜੇ ਪਵਿੱਤਰ ਖੇਤਰ ਵਿੱਚ ਸੇਵਾ ਕਰਨ ਵਾਲੇ ਜਾਜਕਾਂ ਲਈ ਬਣਾਏ ਗਏ ਸਨ, ਉਨ੍ਹਾਂ ਨੇ ਉਸਨੂੰ ਜਾਜਕ ਹਾਰੂਨ ਅਤੇ ਉਸਦੇ ਪੁੱਤਰਾਂ ਲਈ ਬਣਾਏ ਗਏ ਖਾਸ ਵਸਤਰ ਦਿਖਾਏ। ਇਹ ਵਸਤਰ ਉਹ ਸਨ ਜਿਹੜੇ ਉਨ੍ਹਾਂ ਨੂੰ ਜਾਜਕਾਂ ਵਜੋਂ ਸੇਵਾ ਕਰਨ ਵੇਲੇ ਪਹਿਨਣੇ ਸਨ। 42 ਇਸਰਾਏਲ ਦੇ ਲੋਕਾਂ ਨੇ ਇਹ ਸਾਰਾ ਕੰਮ ਬਿਲਕੁਲ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ। 43 ਮੂਸਾ ਨੇ ਇਸ ਸਾਰੇ ਕੰਮ ਨੂੰ ਧਿਆਨ ਨਾਲ ਦੇਖਿਆ। ਮੂਸਾ ਨੇ ਦੇਖਿਆ ਕਿ ਸਾਰਾ ਕੰਮ ਬਿਲਕੁਲ ਉਸੇ ਤਰ੍ਹਾਂ ਕੀਤਾ ਗਿਆ ਸੀ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ। ਇਸ ਲਈ ਮੂਸਾ ਨੇ ਉਨ੍ਹਾਂ ਨੂੰ ਅਸੀਸ ਦਿੱਤੀ।

Exodus 40

1 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, 2 “ਪਹਿਲੇ ਮਹੀਨੇ ਦੇ ਪਹਿਲੇ ਦਿਨ ਪਵਿੱਤਰ ਤੰਬੂ, ਅਰਥਾਤ ਮੰਡਲੀ ਵਾਲੇ ਤੰਬੂ ਨੂੰ ਸਥਾਪਿਤ ਕਰੀਂ। 3 ਇਕਰਾਰਨਾਮੇ ਵਾਲੇ ਸੰਦੂਕ ਨੂੰ ਪਵਿੱਤਰ ਤੰਬੂ ਵਿੱਚ ਰੱਖ ਦੇਵੀਂ। ਸੰਦੂਕ ਨੂੰ ਪਰਦੇ ਨਾਲ ਢਕ ਦੇਵੀ। 4 ਫ਼ੇਰ ਮੇਜ ਲਿਆਵੀਂ। ਉਹ ਸਾਰੀਆਂ ਚੀਜ਼ਾਂ ਮੇਜ ਉੱਪਰ ਰੱਖ ਦੇਵੀਂ ਜਿਹੜੀਆਂ ਉਥੇ ਹੋਣੀਆਂ ਚਾਹੀਦੀਆਂ ਹਨ। ਫ਼ੇਰ ਸ਼ਮਾਦਾਨ ਨੂੰ ਤੰਬੂ ਵਿੱਚ ਰੱਖੀਂ। ਸ਼ਮਾਦਾਨ ਨੂੰ ਸਹੀ ਥਾਵਾਂ ਉੱਤੇ ਦੀਵੇ ਰੱਖੀਂ। 5 ਤੰਬੂ ਵਿੱਚ ਧੂਫ਼ ਧੁਖਾਉਣ ਲਈ ਇਕਰਾਰਨਾਮੇ ਵਲੇ ਸੰਦੂਕ ਦੇ ਸਾਮ੍ਹਣੇ ਸੁਨਿਹਰੀ ਜਗਵੇਦੀ ਰੱਖੀਂ। ਫ਼ੇਰ ਪਵਿੱਤਰ ਤੰਬੂ ਦੇ ਪ੍ਰਵੇਸ਼ ਦੁਆਰ ਤੇ ਪਰਦਾ ਟੰਗੀ। 6 “ਪਵਿੱਤਰ ਤੰਬੂ ਅਰਥਾਤ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਦੇ ਸਾਮ੍ਹਣੇ ਹੋਮ ਦੀਆਂ ਭੇਟਾਂ ਦੀ ਜਗਵੇਦੀ ਸਥਾਪਿਤ ਕਰੀਂ। 7 ਤਸਲੇ ਨੂੰ ਮੰਡਲੀ ਵਾਲੇ ਤੰਬੂ ਅਤੇ ਜਗਵੇਦੀ ਦੇ ਵਿਚਕਾਰ ਰਖੀਂ। ਤਸਲੇ ਵਿੱਚ ਪਾਣੀ ਰਖੀਂ। 8 ਵਿਹੜੇ ਦੇ ਆਲੇ-ਦੁਆਲੇ ਪਰਦਿਆਂ ਦੀ ਕੰਧ ਉਸਾਰੀ। ਫ਼ੇਰ ਵਿਹੜੇ ਦੇ ਪ੍ਰਵੇਸ਼ ਦੁਆਰ ਉੱਤੇ ਪਰਦਾ ਲਾਵੀਂ। 9 “ਮਸਹ ਵਾਲਾ ਤੇਲ ਲੈਕੇ ਇਸਨੂੰ ਪਵਿੱਤਰ ਤੰਬੂ ਦੀ ਹਰ ਸੈਅ ਉੱਪਰ ਛਿੜਕ ਦੇਵੀਂ। ਜਦੋਂ ਤੂੰ ਇਨ੍ਹਾਂ ਚੀਜ਼ਾਂ ਉੱਪਰ ਤੇਲ ਛਿੜਕੇਂਗਾ ਤਾਂ ਤੂੰ ਇਨ੍ਹਾਂ ਨੂੰ ਪਵਿੱਤਰ ਬਣਾ ਦੇਵੇਂਗਾ। 10 ਹੋਮ ਦੀਆਂ ਭੇਟਾਂ ਵਾਲੀ ਜਗਵੇਦੀ ਉੱਤੇ ਤੇਲ ਛਿੜਕੀਂ। ਜਗਵੇਦੀ ਦੀ ਹਰ ਚੀਜ਼ ਉੱਤੇ ਤੇਲ ਛਿੜਕੀਂ। ਤੂੰ ਜਗਵੇਦੀ ਨੂੰ ਪਵਿੱਤਰ ਬਣਾ ਦੇਵੇਂਗਾ। ਇਹ ਬਹੁਤ ਪਵਿੱਤਰ ਹੋਵੇਗੀ। 11 ਫ਼ੇਰ ਤੂੰ ਤਸਲੇ ਨੂੰ ਅਤੇ ਇਸਦੀ ਚੌਂਕੀ ਉੱਤੇ ਤੇਲ ਛਿੜਕੀਂ। ਇਨ੍ਹਾਂ ਚੀਜ਼ਾਂ ਨੂੰ ਪਵਿੱਤਰ ਬਨਾਉਣ ਲਈ ਅਜਿਹਾ ਕਰੀਂ। 12 “ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਕੋਲ ਲੈ ਆਵੀਂ। ਉਨ੍ਹਾਂ ਦਾ ਪਾਣੀ ਨਾਲ ਇਸਨਾਨ ਕਰਾਵੀਂ। 13 ਫ਼ੇਰ ਹਾਰੂਨ ਨੂੰ ਖਾਸ ਵਸਤਰ ਪਹਿਨਾਵੀਂ। ਉਸ ਉੱਪਰ ਤੇਲ ਛਿੜਕੀਂ ਤੇ ਉਸਨੂੰ ਪਵਿੱਤਰ ਬਣਾ ਦੇਵੀਂ। ਫ਼ੇਰ ਉਹ ਜਾਜਕ ਵਜੋਂ ਮੇਰੀ ਸੇਵਾ ਕਰ ਸਕਦਾ ਹੈ। 14 ਫ਼ੇਰ ਉਸਦੇ ਪੁੱਤਰਾਂ ਨੂੰ ਵਸਤਰ ਪਹਿਨਾਵੀਂ। 15 ਉਸਦੇ ਪੁੱਤਰਾਂ ਉੱਤੇ ਵੀ ਓਸੇ ਤਰ੍ਹਾਂ ਤੇਲ ਛਿੜਕੀਂ ਜਿਵੇਂ ਤੂੰ ਉਨ੍ਹਾਂ ਦੇ ਪਿਤਾ ਉੱਤੇ ਛਿੜਕਿਆ ਸੀ। ਫ਼ੇਰ ਉਹ ਵੀ ਜਾਜਕਾਂ ਵਜੋਂ ਮੇਰੀ ਸੇਵਾ ਕਰ ਸਕਣਗੇ। ਜਦੋਂ ਤੂੰ ਉਨ੍ਹਾਂ ਨੂੰ ਮਸਹ ਕਰੇਂਗਾ ਤਾਂ ਉਹ ਜਾਜਕ ਬਣ ਜਾਣਗੇ। ਉਹ ਪਰਿਵਾਰ ਸਾਰੇ ਸਮਿਆਂ ਲਈ ਜਾਜਕਾਂ ਦਾ ਬਣਿਆ ਰਹੇਗਾ।” 16 ਮੂਸਾ ਨੇ ਯਹੋਵਾਹ ਦਾ ਹੁਕਮ ਮੰਨਿਆ। ਉਸਨੇ ਹਰ ਉਹ ਗੱਲ ਕੀਤੀ ਜਿਸਦਾ ਯਹੋਵਾਹ ਨੇ ਉਸਨੂੰ ਹੁਕਮ ਦਿੱਤਾ ਸੀ। 17 ਇਸ ਲਈ ਠੀਕ ਸਮੇਂ ਪਵਿੱਤਰ ਤੰਬੂ ਸਥਾਪਿਤ ਕੀਤਾ ਗਿਆ। ਇਹ ਉਸ ਸਮੇਂ ਤੋਂ ਜਦੋਂ ਉਨ੍ਹਾਂ ਨੇ ਮਿਸਰ ਛੱਡਿਆ ਸੀ ਦੂਸਰੇ ਵਰ੍ਹੇ ਦੌਰਾਨ ਪਹਿਲੇ ਮਹੀਨੇ ਦਾ ਪਹਿਲਾ ਦਿਨ ਸੀ। 18 ਮੂਸਾ ਨੇ ਪਵਿੱਤਰ ਤੰਬੂ ਨੂੰ ਉਸੇ ਤਰ੍ਹਾਂ ਸਥਾਪਿਤ ਕੀਤਾ ਜਿਵੇਂ ਯਹੋਆਹ ਨੇ ਆਖਿਆ ਸੀ। ਸਭ ਤੋਂ ਪਹਿਲਾਂ, ਉਸਨੇ ਚੀਥੀਆਂ ਰੱਖੀਆਂ ਅਤੇ ਫ਼ੇਰ ਚੀਥੀਆਂ ਉੱਤੇ ਫ਼ੱਟੀਆਂ ਰੱਖੀਆਂ। ਫ਼ੇਰ ਉਸਨੇ ਬਰੇਸਾਂ ਲਾਕੇ ਚੋਬਾਂ ਲਾਈਆਂ। 19 ਇਸਤੋਂ ਮਗਰੋਂ ਪਵਿੱਤਰ ਤੰਬੂ ਉੱਤੇ ਬਾਹਰਲਾ ਤੰਬੂ ਲਾਇਆ। ਫ਼ੇਰ ਉਸਨੇ ਬਾਹਰਲੇ ਤੰਬੂ ਉੱਤੇ ਕੱਜਣ ਪਾਇਆ। ਉਸਨੇ ਇਹ ਚੀਜ਼ਾਂ ਉਸੇ ਤਰ੍ਹਾਂ ਕੀਤੀਆਂ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ। 20 ਮੂਸਾ ਨੇ ਇਕਰਾਰਨਮਾ ਲਿਆ ਅਤੇ ਇਸਨੂੰ ਪਵਿੱਤਰ ਸੰਦੂਕ ਵਿੱਚ ਰੱਖ ਦਿੱਤਾ। ਮੂਸਾ ਨੇ ਸੰਦੂਕ ਉੱਤੇ ਚੋਬਾਂ ਰੱਖੀਆਂ। ਫ਼ੇਰ ਉਸਨੇ ਸੰਦੂਕ ਉੱਪਰ ਕੱਜਣ ਪਾ ਦਿੱਤਾ। 21 ਫ਼ੇਰ ਮੂਸਾ ਨੇ ਪਵਿੱਤਰ ਸੰਦੂਕ ਨੂੰ ਪਵਿੱਤਰ ਤੰਬੂ ਦੇ ਅੰਦਰ ਰੱਖ ਦਿੱਤਾ। ਉਸਨੇ ਇਸਦੀ ਰੱਖਿਆ ਲਈ ਠੀਕ ਥਾਂ ਉੱਤੇ ਪਰਦਾ ਟੰਗ ਦਿੱਤਾ। ਇਸ ਤਰ੍ਹਾਂ ਉਸਨੇ ਇਕਰਾਰਨਾਮੇ ਦੇ ਸੰਦੂਕ ਨੂੰ ਪਰਦੇ ਦੇ ਪਿਛੇ ਸੁਰਖਿਅਤ ਕਰ ਦਿੱਤਾ, ਜਿਵੇਂ ਕਿ ਯਹੋਵਾਹ ਨੇ ਉਸਨੂੰ ਹੁਕਮ ਦਿੱਤਾ ਸੀ। 22 ਫ਼ੇਰ ਮੂਸਾ ਨੇ ਮੰਡਲੀ ਵਾਲੇ ਤੰਬੂ ਵਿੱਚ ਮੇਜ ਨੂੰ ਸਥਾਪਿਤ ਕੀਤਾ। ਉਸਨੇ ਇਸਨੂੰ ਪਵਿੱਤਰ ਤੰਬੂ ਦੇ ਉੱਤਰ ਵਾਲੇ ਪਾਸੇ ਪਵਿੱਤਰ ਸਥਾਨ ਦੇ ਅੰਦਰ ਪਰਦੇ ਦੇ ਸਾਮ੍ਹਣੇ ਰੱਖਿਆ। 23 ਫ਼ੇਰ ਉਸਨੇ ਯਹੋਵਾਹ ਦੇ ਸਾਮ੍ਹਣੇ ਮੇਜ ਉੱਪਰ ਰੋਟੀ ਰੱਖ ਦਿੱਤੀ ਉਸਨੇ ਅਜਿਹਾ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਉਸਨੂੰ ਹੁਕਮ ਕੀਤਾ ਸੀ। 24 ਫ਼ੇਰ ਮੂਸਾ ਨੇ ਸ਼ਮਾਦਾਨ ਨੂੰ ਮੰਡਲੀ ਵਾਲੇ ਤੰਬੂ ਦੇ ਦਖਣ ਵਾਲੇ ਪਾਸੇ, ਮੇਜ ਦੇ ਵਿਪਰੀਤ ਸਥਾਪਿਤ ਕੀਤਾ। 25 ਫ਼ੇਰ ਮੁਸਾ ਨੇ ਯਹੋਵਾਹ ਦੇ ਸਾਮ੍ਹਣੇ ਸ਼ਮਾਦਾਨ ਉੱਤੇ ਦੀਵੇ ਰੱਖ ਦਿੱਤੇ। ਉਸਨੇ ਅਜਿਹਾ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਉਸਨੂੰ ਹੁਕਮ ਕੀਤਾ ਸੀ। 26 ਫ਼ੇਰ ਮੂਸਾ ਨੇ ਮੰਡਲੀ ਵਾਲੇ ਤੰਬੂ ਵਿੱਚ ਸੁਨਿਹਰੀ ਜਗਵੇਦੀ ਸਥਾਪਿਤ ਕੀਤੀ। ਉਸਨੇ ਜਗਵੇਦੀ ਨੂੰ ਪਰਦੇ ਦੇ ਸਾਮ੍ਹਣੇ ਰੱਖ ਦਿੱਤਾ। 27 ਫ਼ੇਰ ਉਸਨੇ ਜਗਵੇਦੀ ਉੱਤੇ ਸੁਗੰਧਤ ਧੂਫ਼ ਧੁਖਾਈ। ਉਸਨੇ ਅਜਿਹਾ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਉਸਨੂੰ ਹੁਕਮ ਦਿੱਤਾ ਸੀ। 28 ਫ਼ੇਰ ਮੂਸਾ ਨੇ ਪਵਿੱਤਰ ਤੰਬੂ ਦੇ ਪ੍ਰਵੇਸ਼ ਦੁਆਰ ਉੱਤੇ ਪਰਦਾ ਟੰਗ ਦਿੱਤਾ। 29 ਮੂਸਾ ਨੇ ਪਵਿੱਤਰ ਤੰਬੂ ਅਰਥਾਤ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਉੱਤੇ ਹੋਮ ਦੀਆਂ ਭੇਟਾਂ ਲਈ ਜਗਵੇਦੀ ਸਥਾਪਿਤ ਕਰ ਦਿੱਤੀ। ਫ਼ੇਰ ਮੂਸਾ ਨੇ ਉਸ ਜਗਵੇਦੀ ਉੱਤੇ ਹੋਮ ਦੀ ਭੇਟ ਅਰਪਨ ਕੀਤੀ। ਉਸਨੇ ਯਹੋਵਾਹ ਨੂੰ ਅਨਾਜ਼ ਦੀ ਭੇਟ ਵੀ ਚੜਾਈ। ਉਸਨੇ ਇਹ ਗੱਲਾਂ ਉਸੇ ਤਰ੍ਹਾਂ ਕੀਤੀਆਂ ਜਿਸ ਤਰ੍ਹਾਂ ਯਹੋਵਾਹ ਨੇ ਉਸਨੂੰ ਹੁਕਮ ਕੀਤਾ ਸੀ। 30 ਫ਼ੇਰ ਮੂਸਾ ਨੇ ਮੰਡਲੀ ਵਾਲੇ ਤੰਬੂ ਅਤੇ ਜਗਵੇਦੀ ਦੇ ਵਿਚਕਾਰ ਤਸਲਾ ਰੱਖ ਦਿੱਤਾ। ਮੂਸਾ ਨੇ ਤਸਲੇ ਵਿੱਚ ਹੱਥ-ਪੈਰ ਧੋਣ ਲਈ ਪਾਣੀ ਰੱਖ ਦਿੱਤਾ। 31 ਮੂਸਾ, ਹਾਰੂਨ ਅਤੇ ਹਾਰੂਨ ਦੇ ਪੁੱਤਰਾਂ ਨੇ ਇਸ ਤਸਲੇ ਨੂੰ ਆਪਣੇ ਹੱਥ ਪੈਰ ਧੋਣ ਲਈ ਵਰਤਿਆ। 32 ਹਰ ਵਾਰੀ ਜਦੋਂ ਉਹ ਮੰਡਲੀ ਵਾਲੇ ਤੰਬੂ ਵਿੱਚ ਦਾਖਲ ਹੁੰਦੇ ਸਨ, ਉਹ ਆਪਣੇ ਹੱਥ ਪੈਰ ਧੋਂਦੇ ਸਨ। ਹਰ ਵਾਰੀ ਜਦੋਂ ਉਹ ਜਗਵੇਦੀ ਦੇ ਨੇੜੇ ਜਾਂਦੇ ਸਨ ਤਾਂ ਵੀ ਉਹ ਹੱਥ ਪੈਰ ਧੋਂਦੇ ਸਨ। ਉਨ੍ਹਾਂ ਨੇ ਇਹ ਗੱਲਾਂ ਉਸੇ ਤਰ੍ਹਾਂ ਕੀਤੀਆਂ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ। 33 ਫ਼ੇਰ ਮੂਸਾ ਨੇ ਪਵਿੱਤਰ ਤੰਬੂ ਦੇ ਵਿਹੜੇ ਦੇ ਆਲੇ-ਦੁਆਲੇ ਪਰਦੇ ਸਥਾਪਿਤ ਕਰ ਦਿੱਤੇ। ਮੂਸਾ ਨੇ ਜਗਵੇਦੀ ਦਾ ਵਿਹੜਾ ਵੀ ਸਥਾਪਿਤ ਕੀਤਾ। ਫ਼ੇਰ ਉਸਨੇ ਵਿਹੜੇ ਦੇ ਪ੍ਰਵੇਸ਼ ਦੁਆਰ ਉੱਤੇ ਪਰਦਾ ਟੰਗ ਦਿੱਤਾ। ਇਸ ਤਰ੍ਹਾਂ ਮੂਸਾ ਨੇ ਇਹ ਸਾਰਾ ਕੰਮ ਮੁਕਾ ਲਿਆ ਜਿਹੜਾ ਯਹੋਵਾਹ ਨੇ ਉਸਨੂੰ ਕਰਨ ਲਈ ਦਿੱਤਾ ਸੀ। 34 ਫ਼ੇਰ ਮੰਡਲੀ ਵਾਲੇ ਤੰਬੂ ਉੱਪਰ ਬੱਦਲ ਛਾ ਗਿਆ। ਅਤੇ ਯਹੋਵਾਹ ਦੇ ਪਰਤਾਪ ਨੇ ਪਵਿੱਤਰ ਤੰਬੂ ਨੂੰ ਭਰ ਦਿੱਤਾ। 35 ਮੂਸਾ ਮੰਡਲੀ ਵਾਲੇ ਤੰਬੂ ਵਿੱਚ ਨਹੀਂ ਜਾ ਸਕਦਾ ਸੀ ਕਿਉਂਕਿ ਇਸ ਉੱਤੇ ਬੱਦਲ ਠਹਿਰ ਗਿਆ ਸੀ ਅਤੇ ਯਹੋਵਾਹ ਦੇ ਪਰਤਾਪ ਨੇ ਪਵਿੱਤਰ ਤੰਬੂ ਨੂੰ ਭਰ ਦਿੱਤਾ ਸੀ। 36 ਇਹ ਉਹੀ ਬੱਦਲ ਸੀ ਜਿਹੜਾ ਲੋਕਾਂ ਨੂੰ ਇਹ ਦਰਸਾਉਂਦਾ ਸੀ ਕਿ ਉਨ੍ਹਾਂ ਨੇ ਕਦੋਂ ਕੂਚ ਕਰਨਾ ਹੈ। ਜਦੋਂ ਬੱਦਲ ਪਵਿੱਤਰ ਤੰਬੂ ਤੋਂ ਉੱਪਰ ਉਠਦਾ, ਇਸਰਾਏਲ ਦੇ ਲੋਕ ਸਫ਼ਰ ਸ਼ੁਰੂ ਕਰ ਦਿੰਦੇ। 37 ਪਰ ਜਦੋਂ ਬੱਦਲ ਪਵਿੱਤਰ ਤੰਬੂ ਉੱਪਰ ਠਹਿਰਿਆ ਹੁੰਦਾ, ਲੋਕ ਜਾਣ ਦੀ ਕੋਸ਼ਿਸ਼ ਨਾ ਕਰਦੇ। ਉਹ ਓਨੀ ਦੇਰ ਉਸੇ ਥਾਂ ਟਿਕੇ ਰਹਿੰਦੇ ਜਦੋਂ ਤੱਕ ਕਿ ਬੱਦਲ ਉੱਪਰ ਨਹੀਂ ਉਠ ਜਾਂਦਾ ਸੀ। 38 ਇਸ ਤਰ੍ਹਾ ਯਹੋਵਾਹ ਦਾ ਬੱਦਲ ਦਿਨ ਵੇਲੇ ਪਵਿੱਤਰ ਤੰਬੂ ਦੇ ਉੱਪਰ ਟਿਕਿਆ ਹੋਇਆ ਸੀ। ਅਤੇ ਰਾਤ ਵੇਲੇ ਬੱਦਲ ਵਿੱਚ ਅੱਗ ਹੁੰਦੀ ਸੀ। ਇਸ ਲਈ ਇਸਰਾਏਲ ਦੇ ਸਾਰੇ ਲੋਕ ਸਫ਼ਰ ਕਰਦੇ ਸਮੇਂ ਬੱਦਲ ਨੂੰ ਦੇਖ ਸਕਦੇ ਸਨ।

Leviticus 1

1 ਯਹੋਵਾਹ ਪਰਮੇਸ਼ੁਰ ਨੇ ਮੂਸਾ ਨੂੰ ਬੁਲਾਇਆ ਅਤੇ ਮੰਡਲੀ ਵਾਲੇ ਤੰਬੂ ਵਿੱਚੋਂ ਉਸ ਨਾਲ ਗੱਲ ਕੀਤੀ। ਯਹੋਵਾਹ ਨੇ ਆਖਿਆ, 2 “ਇਸਰਾਏਲ ਦੇ ਲੋਕਾਂ ਨੂੰ ਆਖ; ਜਦੋਂ ਤੁਸੀਂ ਯਹੋਵਾਹ ਲਈ ਕੋਈ ਭੇਟ ਲੈਕੇ ਆਵੋਂ, ਇਹ ਭੇਟ ਤੁਹਾਡੇ ਪਾਲਤੂ ਪਸ਼ੂਆਂ ਵਿੱਚੋਂ ਇੱਕ ਹੋਣੀ ਚਾਹੀਦੀ ਹੈ - ਇਹ ਗਾਂ ਵੀ ਹੋ ਸਕਦੀ ਹੈ, ਭੇਡ ਵੀ ਤੇ ਬੱਕਰੀ ਵੀ। 3 “ਜਦੋਂ ਕੋਈ ਬੰਦਾ ਆਪਣੀਆਂ ਗਾਵਾਂ ਵਿੱਚੋਂ ਕਿਸੇ ਇੱਕ ਨੂੰ ਹੋਮ ਦੀ ਭੇਟ ਵਜੋਂ ਪੇਸ਼ ਕਰਦਾ ਹੈ, ਉਹ ਪਸ਼ੂ ਬੇਨੁਕਸ ਨਰ ਹੋਣਾ ਚਾਹੀਦਾ ਹੈ। ਉਸ ਬੰਦੇ ਨੂੰ ਉਸ ਜਾਨਵਰ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਤੇ ਲਿਆਉਣਾ ਚਾਹੀਦਾ ਹੈ। ਤਾਂ ਜੋ ਯਹੋਵਾਹ ਉਸ ਭੇਟ ਨੂੰ ਪ੍ਰਵਾਨ ਕਰੇਗਾ। 4 ਉਸਨੂੰ ਆਪਣੇ ਹੱਥ ਉਸ ਜਾਨਵਰ ਉੱਪਰ ਰੱਖਣੇ ਚਾਹੀਦੇ ਹਨ। ਯਹੋਵਾਹ ਉਸ ਹੋਮ ਦੀ ਭੇਟ ਨੂੰ ਉਸ ਵਿਅਕਤੀ ਦੇ ਪਰਾਸਚਿਤ ਵਜੋਂ ਕਬੂਲ ਕਰੇਗਾ। 5 “ਉਸ ਬੰਦੇ ਨੂੰ ਬਲਦ ਨੂੰ ਯਹੋਵਾਹ ਦੇ ਸਾਮ੍ਹਣੇ ਮਾਰਨਾ ਚਾਹੀਦਾ। ਫ਼ੇਰ ਹਾਰੂਨ ਦੇ ਪੁੱਤਰਾਂ, ਜਾਜਕਾ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਦੇ ਨੇੜੇ ਜਗਵੇਦੀ ਉੱਤੇ ਖੂਨ ਲੈਕੇ ਆਉਣਾ ਚਾਹੀਦਾ ਹੈ, ਅਤੇ ਇਸਨੂੰ ਸਾਰੀ ਜਗਵੇਦੀ ਉੱਤੇ ਡੋਲ੍ਹਣਾ ਚਾਹੀਦਾ ਹੈ। 6 ਜਾਜਕ ਨੂੰ ਜਾਨਵਰ ਦੀ ਖੱਲ ਲਾਹ ਲੈਣੀ ਚਾਹੀਦੀ ਹੈ ਅਤੇ ਜਾਨਵਰ ਨੂੰ ਟੁਕੜਿਆਂ ਵਿੱਚ ਕੱਟ ਦੇਣਾ ਚਾਹੀਦਾ ਹੈ। 7 ਹਾਰੂਨ ਦੇ ਪੁੱਤਰਾਂ, ਜਾਜਕਾਂ ਨੂੰ ਚਾਹੀਦਾ ਹੈ ਕਿ ਉਹ ਜਗਵੇਦੀ ਉੱਤੇ ਅੱਗ ਬਾਲਣ ਅਤੇ ਫ਼ੇਰ ਅੱਗ ਉੱਤੇ ਲੱਕੜਾਂ ਚਿਣਨ। 8 ਹਾਰੂਨ ਦੇ ਪੁੱਤਰਾਂ, ਜਾਜਕਾਂ ਨੂੰ ਚਾਹੀਦਾ ਹੈ ਕਿ ਉਹ ਜਗਵੇਦੀ ਉੱਪਰ ਬਲਦੀ ਹੋਈ ਲੱਕੜੀ ਉੱਤੇ ਟੁਕੜੇ (ਸਿਰੀ ਅਤੇ ਚਰਬੀ) ਰੱਖ ਦੇਣ। 9 ਜਾਜਕਾਂ ਨੂੰ ਚਾਹੀਦਾ ਹੈ ਕਿ ਜਾਨਵਰ ਦੀਆਂ ਲੱਤਾਂ ਅਤੇ ਉਸਦੇ ਅੰਦਰਲੇ ਹਿਸਿਆਂ ਨੂੰ ਪਾਣੀ ਨਾਲ ਧੋ ਲਵੇ। ਫ਼ੇਰ ਜਾਜਕ ਨੂੰ ਜਾਨਵਰ ਦੇ ਸਾਰੇ ਅੰਗ ਭੇਟ ਕਰ ਦੇਣੇ ਚਾਹੀਦੇ ਹਨ ਉਸਨੂੰ ਚਾਹੀਦਾ ਹੈ ਕਿ ਜਾਨਵਰ ਦੇ ਸਾਰੇ ਹਿਸਿਆਂ ਨੂੰ ਜਗਵੇਦੀ ਉੱਤੇ ਸਾੜ ਦੇਵੇ। ਇਹ ਹੋਮ ਦੀ ਭੇਟਾ ਹੈ, ਅੱਗ ਨਾਲ ਦਿੱਤੀ ਹੋਈ ਆਹੂਤੀ। ਇਸਦੀ ਸੁਗੰਧ ਯਹੋਵਾਹ ਨੂੰ ਪ੍ਰਸੰਨ ਕਰਦੀ ਹੈ। 10 “ਜਦੋਂ ਕੋਈ ਬੰਦਾ ਭੇਡ ਜਾਂ ਬੱਕਰੀ ਨੂੰ ਹੋਮ ਦੀ ਭੇਟ ਵਜੋਂ ਚੜਾਉਂਦਾ ਹੈ, ਤਾਂ ਉਹ ਜਾਨਵਰ ਬੇਨੁਕਸ ਨਰ ਹੋਣਾ ਚਾਹੀਦਾ ਹੈ। 11 ਉਸਨੂੰ ਜਗਵੇਦੀ ਦੇ ਉੱਤਰ ਵਾਲੇ ਪਾਸੇ ਯਹੋਵਾਹ ਦੇ ਸਾਮ੍ਹਣੇ ਉਸ ਜਾਨਵਰ ਨੂੰ ਮਾਰਨਾ ਚਾਹੀਦਾ ਹੈ। ਫ਼ੇਰ ਹਾਰੂਨ ਦੇ ਪੁੱਤਰਾਂ, ਜਾਜਕਾਂ ਨੂੰ ਖੂਨ, ਸਾਰੀ ਜਗਵੇਦੀ ਉੱਤੇ ਡੋਲ੍ਹਣਾ ਚਾਹੀਦਾ ਹੈ। 12 ਫ਼ੇਰ ਜਾਜਕਾਂ ਨੂੰ ਜਾਨਵਰ ਦੇ ਟੁਕੜੇ ਕਰ ਦੇਣੇ ਚਾਹੀਦੇ ਹਨ। ਜਾਜਕਾਂ ਨੂੰ ਚਾਹੀਦਾ ਹੈ ਕਿ ਉਹ ਟੁਕੜਿਆਂ (ਸਿਰੀ ਅਤੇ ਚਰਬੀ) ਨੂੰ ਜਗਵੇਦੀ ਉੱਤੇ ਬਲਦੀ ਹੋਈ ਲੱਕੜ ਉੱਤੇ ਰੱਖ ਦੇਵੇ। 13 ਜਾਜਕਾਂ ਨੂੰ ਜਾਨਵਰ ਦੀਆਂ ਲੱਤਾਂ ਅਤੇ ਉਸਦੇ ਅੰਦਰੂਨੀ ਹਿਸਿਆਂ ਨੂੰ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ। ਫ਼ੇਰ ਜਾਜਕ ਨੂੰ ਜਾਨਵਰ ਦੇ ਸਾਰੇ ਅੰਗ ਭੇਟ ਕਰ ਦੇਣੇ ਚਾਹੀਦੇ ਹਨ। ਉਸਨੂੰ ਜਗਵੇਦੀ ਉੱਤੇ ਜਾਨਵਰ ਨੂੰ ਸਾੜ ਦੇਣਾ ਚਾਹੀਦਾ ਹੈ। ਇਹ ਹੋਮ ਦੀ ਭੇਟਾ ਹੈ, ਅੱਗ ਨਾਲ ਦਿੱਤੀ ਹੋਈ ਬਲੀ ਇਸਦੀ ਸੁਗੰਧ ਯਹੋਵਾਹ ਨੂੰ ਪ੍ਰਸੰਨ ਕਰਦੀ ਹੈ। 14 “ਜਦੋਂ ਕੋਈ ਵਿਅਕਤੀ ਯਹੋਵਾਹ ਨੂੰ ਹੋਮ ਦੀ ਭੇਟ ਵਜੋਂ ਇੱਕ ਪੰਛੀ ਨੂੰ ਚੜਾਉਂਦਾ ਹੈ, ਤਾਂ ਉਹ ਪੰਛੀ ਇੱਕ ਘੁੱਗੀ ਜਾਂ ਛੋਟਾ ਕਬੂਤਰ ਹੋਣਾ ਚਾਹੀਦਾ ਹੈ। 15 ਜਾਜਕ ਨੂੰ ਭੇਟ ਜਗਵੇਦੀ ਦੇ ਕੋਲ ਲਿਆਉਣੀ ਚਾਹੀਦੀ ਹੈ। ਉਸਨੂੰ ਪੰਛੀ ਦਾ ਸਿਰ ਉਖਾੜ ਦੇਣਾ ਚਾਹੀਦਾ ਅਤੇ ਇਸਨੂੰ ਜਗਵੇਦੀ ਉੱਤੇ ਸਾੜ ਦੇਣਾ ਚਾਹੀਦਾ ਹੈ। ਪੰਛੀ ਦੇ ਖੂਨ ਨੂੰ ਜਗਵੇਦੀ ਦੇ ਇੱਕ ਪਾਸੇ ਉੱਤੇ ਡੋਲ੍ਹ ਦੇਣਾ ਚਾਹੀਦਾ ਹੈ। 16 ਉਸਨੂੰ ਪੰਛੀ ਦੇ ਗਲ ਦੀ ਥੈਲੀ ਅਤੇ ਖੰਭਾਂ ਨੂੰ ਕੱਢ ਦੇਣਾ ਚਾਹੀਦਾ ਹੈ ਅਤੇ ਇਨ੍ਹਾਂ ਨੂੰ ਜਗਵੇਦੀ ਦੇ ਪੂਰਬ ਵਾਲੇ ਪਾਸੇ ਸੁੱਟ ਦੇਣਾ ਚਾਹੀਦਾ, ਜਿਥੇ ਉਹ ਜਗਵੇਦੀ ਤੋਂ ਰਾਖ ਪਾਉਂਦੇ ਹਨ। 17 ਫ਼ੇਰ ਉਸਨੂੰ ਪੰਛੀ ਨੂੰ ਇਸ ਦੇ ਪਰਾਂ ਤੋਂ ਫ਼ੜਕੇ ਪਾੜ ਦੇਣ ਚਾਹੀਦਾ ਹੈ, ਪਰ ਉਸਨੂੰ ਪੰਛੀ ਨੂੰ ਦੋ ਹਿਸਿਆਂ ਵਿੱਚ ਨਹੀਂ ਵੰਡਣਾ ਚਾਹੀਦਾ। ਉਸਨੂੰ ਪੰਛੀ ਨੂੰ ਜਗਵੇਦੀ ਉੱਤੇ ਬਲਦੀ ਹੋਈ ਲੱਕੜ ਤੇ ਸਾੜ ਦੇਣਾ ਚਾਹੀਦਾ। ਇਹ ਹੋਮ ਦੀ ਭੇਟ ਹੈ। ਅੱਗ ਦੁਆਰਾ ਚੜਾਇਆ ਗਿਆ ਚੜਾਵਾ ਅਤੇ ਇਸਦੀ ਸੁਗੰਧ ਯਹੋਵਾਹ ਨੂੰ ਪ੍ਰਸੰਨ ਕਰਦੀ ਹੈ।

Leviticus 2

1 “ਜਦੋਂ ਕੋਈ ਬੰਦਾ ਯਹੋਵਾਹ ਪਰਮੇਸ਼ੁਰ ਨੂੰ ਅਨਾਜ਼ ਦੀ ਭੇਟ ਦਿੰਦਾ ਹੈ, ਉਸਦੀ ਭੇਟ ਮੈਦੇ ਦੀ ਹੋਣੀ ਚਾਹੀਦੀ ਹੈ। ਉਸਨੂੰ ਮੈਦੇ ਉੱਤੇ ਤੇਲ ਚੋਣਾ ਚਾਹੀਦਾ ਹੈ ਅਤੇ ਇਸ ਉੱਤੇ ਲੋਬਾਨ ਵੀ ਪਾਉਣਾ ਚਾਹੀਦਾ ਹੈ। 2 ਫ਼ੇਰ ਉਸਨੂੰ ਇਹ ਹਾਰੂਨ ਦੇ ਪੁੱਤਰਾਂ, ਜਾਜਕਾਂ ਕੋਲ ਲੈਕੇ ਆਉਣਾ ਚਾਹੀਦਾ ਹੈ। ਉਸਨੂੰ, ਤੇਲ ਵਿੱਚ ਮਿਲੇ ਹੋਏ ਮੈਦੇ ਦੀ ਇੱਕ ਮੁਠ ਲੈਣੀ ਚਾਹੀਦੀ ਹੈ ਅਤੇ ਇਸ ਵਿੱਚ ਲੋਬਾਨ ਹੋਣਾ ਚਾਹੀਦਾ ਹੈ ਅਤੇ ਇਹ ਯਾਦਗਾਰੀ ਭੇਟ ਜਗਵੇਦੀ ਉੱਤੇ ਸਾੜ ਦੇਣੀ ਚਾਹੀਦੀ ਹੈ। ਇਹ ਅੱਗ ਦੁਆਰਾ ਦਿੱਤੀ ਹੋਈ ਭੇਟ ਹੈ, ਅਤੇ ਇਸਦੀ ਸੁਗੰਧ ਯਹੋਵਾਹ ਨੂੰ ਪ੍ਰਸੰਨ ਕਰਦੀ ਹੈ। 3 ਬਚੀ ਹੋਈ ਅਨਾਜ਼ ਦੀ ਭੇਟ ਹਾਰੂਨ ਅਤੇ ਉਸਦੇ ਪੁੱਤਰਾਂ ਦੀ ਹੋਵੇਗੀ। ਯਹੋਵਾਹ ਅੱਗੇ ਚੜਾਈ ਗਈ ਇਹ ਅੱਗ ਦੀ ਭੇਂਟ ਬਹੁਤ ਪਵਿੱਤਰ ਹੈ। 4 “ਜਦੋਂ ਕੋਈ ਬੰਦਾ ਅਜਿਹੀ ਭੇਟ ਚੜਾਉਂਦਾ ਜਿਸਨੂੰ ਚੁਲ੍ਹੇ ਵਿੱਚ ਪਕਾਇਆ ਗਿਆ ਹੋਵੇ, ਇਹ ਮੈਦੇ ਨਾਲ ਤੇਲ ਵਿੱਚ ਬਣੀ ਹੋਈ ਪਤੀਰੀ ਰੋਟੀ ਜਾਂ ਤੇਲ ਨਾਲ ਚੋਪੜੀਆਂ ਹੋਈਆਂ ਬੇਖਮੀਰੀਆਂ ਮਠੀਆਂ ਹੋਣਿਆਂ ਚਾਹੀਦੀਆਂ ਹਨ। 5 ਜੇ ਤੁਸੀਂ ਤਵੇ ਉੱਤੇ ਭੁਂਨੇ ਹੋਏ ਅਨਾਜ਼ ਦੀ ਭੇਟ ਨੂੰ ਲੈਕੇ ਆਉਂਦੇ ਹੋ ਤਾਂ ਇਹ ਤੇਲ ਵਿੱਚ ਮਿਲੇ ਹੋਏ ਬੇਖਮੀਰੇ ਮੈਦੇ ਦੀ ਹੋਣੀ ਚਾਹੀਦੀ ਹੈ। 6 ਤੁਹਾਨੂੰ ਚਾਹੀਦਾ ਹੈ ਕਿ ਇਸਦੇ ਟੁਕੜੇ ਕਰ ਲਵੋ ਅਤੇ ਇਨ੍ਹਾਂ ਉੱਪਰ ਤੇਲ ਪਾਉ। ਇਹ ਅਨਾਜ਼ ਦੀ ਭੇਟ ਹੈ। 7 ਜੇ ਤੁਸੀਂ ਕੜਾਹੀ ਵਿੱਚ ਪੱਕੇ ਹੋਏ ਅਨਾਜ਼ ਦੀ ਭੇਟ ਲੈਕੇ ਆਉਂਦੇ ਹੋ ਤਾਂ ਇਹ ਤੇਲ ਵਿੱਚ ਗੁੰਨ੍ਹੇ ਮੈਦੇ ਦਾ ਹੋਣਾ ਚਾਹੀਦਾ ਹੈ। 8 “ਤੁਹਾਨੂੰ ਯਹੋਵਾਹ ਅੱਗੇ ਇਨ੍ਹਾਂ ਚੀਜ਼ਾਂ ਤੋਂ ਬਣੀ ਹੋਈ ਅਨਾਜ਼ ਦੀ ਭੇਟ ਲੈਕੇ ਆਉਣੀ ਚਾਹੀਦੀ ਹੈ। ਤੁਹਾਨੂੰ ਉਹ ਚੀਜ਼ਾਂ ਜਾਜਕ ਕੋਲ ਲੈਕੇ ਆਉਣੀਆਂ ਚਾਹੀਦੀਆਂ ਹਨ, ਅਤੇ ਉਹ ਉਨ੍ਹਾਂ ਨੂੰ ਜਗਵੇਦੀ ਕੋਲ ਲਿਆਵੇਗਾ। 9 ਫ਼ੇਰ ਜਾਜਕ ਅਨਾਜ਼ ਦੀ ਭੇਟ ਦਾ ਇੱਕ ਹਿੱਸਾ ਲਵੇਗਾ ਅਤੇ ਇਸ ਯਾਦਗਾਰੀ ਹਿੱਸੇ ਨੂੰ ਜਗਵੇਦੀ ਉੱਤੇ ਸਾੜੇਗਾ। ਇਹ ਅੱਗ ਦੁਆਰਾ ਚੜਾਈ ਗਈ ਭੇਟ ਹੈ ਅਤੇ ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰਦੀ ਹੈ। 10 ਬਾਕੀ ਬਚੇ ਅਨਾਜ਼ ਦੀ ਭੇਟ ਹਾਰੂਨ ਅਤੇ ਉਸਦੇ ਪੁੱਤਰਾਂ ਦੀ ਹੈ। ਯਹੋਵਾਹ ਨੂੰ ਅੱਗ ਦੁਆਰਾ ਚੜਾਈ ਗਈ ਭੇਟ ਦਾ ਇਹ ਹਿੱਸਾ ਅੱਤ ਪਵਿੱਤਰ ਹੈ। 11 “ਤੁਹਾਨੂੰ ਕੋਈ ਵੀ ਅਜਿਹੀ ਅਨਾਜ਼ ਦੀ ਭੇਟ ਯਹੋਵਾਹ ਨੂੰ ਨਹੀਂ ਚੜਾਉਣੀ ਚਾਹੀਦੀ ਜਿਸ ਵਿੱਚ ਖਮੀਰ ਹੋਵੇ ਅਤੇ ਤੁਹਾਨੂੰ ਸ਼ਹਿਦ ਜਾਂ ਖਮੀਰ ਨੂੰ ਯਹੋਵਾਹ ਨੂੰ ਅੱਗ ਦੁਆਰਾ ਦਿੱਤੇ ਗਏ ਚੜਾਵੇ ਵਜੋਂ ਨਹੀਂ ਸਾੜਨਾ ਚਾਹੀਦਾ। 12 ਤੁਸੀਂ ਸ਼ਹਿਦ ਅਤੇ ਖਮੀਰ ਨੂੰ ਯਹੋਵਾਹ ਲਈ ਪਹਿਲੀ ਵਾਢੀ ਦੀ ਭੇਟ ਵਜੋਂ ਲਿਆ ਸਕਦੇ ਹੋ ਪਰ ਕਦੇ ਯਹੋਵਾਹ ਨੂੰ ਪ੍ਰਸੰਨ ਕਰਨ ਵਾਲੀ ਸੁਗੰਧੀ ਵਜੋਂ ਕਦੇ ਵੀ ਖਮੀਰ ਅਤੇ ਸ਼ਹਿਦ ਨੂੰ ਜਗਵੇਦੀ ਉੱਤੇ ਨਾ ਸਾੜੋ। 13 ਜਿਹੜੀ ਵੀ ਅਨਾਜ਼ ਦੀ ਭੇਟ ਤੁਸੀਂ ਲੈਕੇ ਆਵੋਂ ਉਸ ਉੱਤੇ ਨਮਕ ਵੀ ਜ਼ਰੂਰ ਰੱਖੋ। ਤੁਹਾਨੂੰ ਆਪਣੇ ਅਨਾਜ਼ ਦੀ ਭੇਟ ਵਿੱਚੋਂ ਕਦੇ ਵੀ ਪਰਮੇਸ਼ੁਰ ਦੇ ਇਕਰਾਰਨਾਮੇ ਦਾ ਨਮਕ ਖਾਰਜ ਨਹੀਂ ਕਰਨਾ ਚਾਹੀਦਾ। ਤੁਹਾਨੂੰ ਆਪਣੇ ਸਾਰੇ ਚੜਾਵਿਆਂ ਨਾਲ ਨਮਕ ਲੈਕੇ ਆਉਣ ਚਾਹੀਦਾ ਹੈ। 14 “ਜਦੋਂ ਤੁਸੀਂ ਯਹੋਵਾਹ ਵਾਸਤੇ ਪਹਿਲੀ ਫ਼ਸਲ ਦੇ ਅਨਾਜ਼ ਦੀ ਭੇਟ ਲੈਕੇ ਆਵੋ, ਤਾਂ ਤੁਹਾਨੂੰ ਅਨਾਜ਼ ਦੀਆਂ ਭੁਨੀਆਂ ਹੋਈਆਂ ਬੱਲੀਆਂ ਲੈਕੇ ਆਉਣੀਆਂ ਚਾਹੀਦੀਆਂ ਹਨ। ਇਹ ਤਾਜੇ ਅਨਾਜ਼ ਦੇ ਕੁੱਟੇ ਹੋਏ ਦਾਣੇ ਹੋਣੇ ਚਾਹੀਦੇ ਹਨ। ਇਹ ਤੁਹਾਡੀ ਪਹਿਲੀ ਫ਼ਸਲ ਦੇ ਅਨਾਜ਼ ਦੀ ਭੇਟ ਹੋਵੇਗੀ। 15 ਤੁਹਾਨੂੰ ਇਸ ਵਿੱਚ ਤੇਲ ਅਤੇ ਲੋਬਾਨ ਵੀ ਪਾਉਣਾ ਚਾਹੀਦਾ ਹੈ। ਇਹ ਅਨਾਜ਼ ਦੀ ਭੇਟ ਹੈ। 16 ਜਾਜਕ ਨੂੰ ਇਸ ਕੁੱਟੇ ਹੋਏ ਅਨਾਜ਼ ਦੇ ਇੱਕ ਹਿੱਸੇ, ਇਸ ਉੱਤੇ ਪਾਏ ਹੋਏ ਤੇਲ ਅਤੇ ਸਾਰੇ ਲੋਬਾਨ ਨੂੰ ਯਾਦਗਾਰੀ ਭੇਟ ਵਜੋਂ ਸਾੜਨਾ ਚਾਹੀਦਾ ਹੈ। ਇਹ ਯਹੋਵਾਹ ਨੂੰ ਅੱਗ ਦੁਆਰਾ ਦਿੱਤਾ ਗਿਆ ਚੜਾਵਾ ਹੈ।

Leviticus 3

1 “ਜਦੋਂ ਕੋਈ ਬੰਦਾ ਸੁੱਖ-ਸਾਂਦ ਦੀ ਭੇਟ ਵਜੋਂ ਬਲੀ ਚੜਾਉਂਦਾ, ਉਹ ਯਹੋਵਾਹ ਅੱਗੇ ਇੱਕ ਬੇਨੁਕਸ ਬਲਦ ਨੂੰ ਜਾਂ ਇੱਕ ਗਾਂ ਨੂੰ ਚੜਾ ਸਕਦਾ ਹੈ। 2 ਉਸਨੂੰ ਜਾਨਵਰ ਦੇ ਸਿਰ ਤੇ ਆਪਣਾ ਹੱਥ ਰੱਖਣਾ ਚਾਹੀਦਾ ਹੈ ਅਤੇ ਇਸਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਤੇ ਜ਼ਿਬਾਹ ਕਰਨਾ ਚਾਹੀਦਾ। ਫ਼ੇਰ ਹਰੂਨ ਦੇ ਪੁੱਤਰਾਂ, ਜਾਜਕਾਂ ਨੂੰ ਜਗਵੇਦੀ ਦੇ ਸਾਰੀ ਪਾਸੀਂ ਖੂਨ ਡੋਲ੍ਹਣਾ ਚਾਹੀਦਾ ਹੈ। 3 ਸੁੱਖ-ਸਾਂਦ ਦੀਆਂ ਭੇਟਾਂ ਵਿੱਚੋਂ, ਉਸਨੂੰ ਯਹੋਵਾਹ ਲਈ ਅੱਗ ਦੁਆਰਾ ਚੜਾਈ ਗਈ ਇੱਕ ਬਲੀ ਲਿਆਉਣੀ ਚਾਹੀਦੀ ਹੈ। ਇਸ ਵਿੱਚ ਸਾਰੀ ਚਰਬੀ ਜੋ ਜਾਨਵਰ ਦੇ ਅੰਦਰਲੇ ਅੰਗਾਂ ਦੇ ਅੰਦਰ ਅਤੇ ਆਸੀਂ-ਪਾਸੀਂ ਹੈ, ਹੋਣੀ ਚਾਹੀਦੀ ਹੈ। 4 ਜਾਜਕ ਨੂੰ ਦੋਵੇਂ ਗੁਰਦੇ ਅਤੇ ਉਨ੍ਹਾਂ ਉੱਤੇ ਚੜੀ ਹੋਈ ਪੁਠ ਦੇ ਨੇੜੇ ਦੀ ਚਰਬੀ ਚੜਾਵੇ। ਉਸਨੂੰ ਕਲੇਜੀ ਦੀ ਚਰਬੀ ਵਾਲਾ ਹਿੱਸਾ ਵੀ ਅਰਪਨ ਕਰਨਾ ਚਾਹੀਦਾ ਹੈ। ਉਸਨੂੰ ਚਾਹੀਦਾ ਹੈ ਕਿ ਇਸਨੂੰ ਗੁਰਦਿਆਂ ਸਮੇਤ ਲਾਹ ਲਵੇ। 5 ਫ਼ੇਰ ਹਾਰੂਨ ਦੇ ਪੁੱਤਰ ਚਰਬੀ ਨੂੰ ਅੱਗ ਉੱਤੇ ਸਾੜਨਗੇ। ਉਹ ਇਸਨੂੰ ਹੋਮ ਦੀ ਭੇਟ ਉੱਤੇ ਰੱਖ ਦੇਣਗੇ ਜਿਹੜੀ ਬਲਦੀ ਹੋਈ ਲੱਕੜ ਉੱਤੇ ਹੈ। ਇਹ ਅੱਗ ਦੁਆਰਾ ਦਿੱਤੀ ਗਈ ਭੇਟ ਹੈ ਅਤੇ ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰਦੀ ਹੈ। 6 “ਜਦੋਂ ਕੋਈ ਬੰਦਾ ਯਹੋਵਾਹ ਨੂੰ ਸੁੱਖ-ਸਾਂਦ ਦੀ ਭੇਟ ਵਜੋਂ, ਇੱਜੜ ਵਿੱਚੋਂ ਕੋਈ ਜਾਨਵਰ ਚੜਾਉਂਦਾ ਹੈ ਤਾਂ ਜਾਨਵਰ, ਬੇਨੁਕਸ ਨਰ ਜਾਂ ਮਾਦਾ ਹੋ ਸਕਦਾ ਹੈ। 7 ਜੇ ਉਹ ਕਿਸੇ ਲੇਲੇ ਨੂੰ ਭੇਟ ਵਜੋਂ ਲਿਆਉਂਦਾ ਹੈ, ਤਾਂ ਉਸਨੂੰ ਇਹ ਯਹੋਵਾਹ ਦੇ ਸਾਮ੍ਹਣੇ ਲੈਕੇ ਆਉਣਾ ਚਾਹੀਦਾ ਹੈ। 8 ਉਸਨੂੰ ਆਪਣਾ ਹੱਥ ਜਾਨਵਰ ਦੇ ਸਿਰ ਉੱਤੇ ਰੱਖਣਾ ਚਾਹੀਦਾ ਹੈ ਅਤੇ ਜਾਨਵਰ ਨੂੰ ਮੰਡਲੀ ਵਾਲੇ ਤੰਬੂ ਦੇ ਸਾਮ੍ਹਣੇ ਜ਼ਿਬਾਹ ਕਰਨਾ ਚਾਹੀਦਾ ਹੈ। ਫ਼ੇਰ ਹਾਰੂਨ ਦੇ ਪੁੱਤਰਾਂ ਨੂੰ ਜਾਨਵਰ ਦਾ ਖੂਨ ਜਗਵੇਦੀ ਉੱਤੇ ਸਾਰੇ ਪਾਸੇ ਛਿੜਕਨਾ ਚਾਹੀਦਾ ਹੈ। 9 ਉਸਨੂੰ ਸੁੱਖ-ਸਾਂਦ ਦੀ ਭੇਟ ਦਾ ਇੱਕ ਹਿੱਸਾ ਯਹੋਵਾਹ ਨੂੰ ਅੱਗ ਦੁਆਰਾ ਦਿੱਤੇ ਗਏ ਚੜਾਵੇ, ਵਜੋਂ ਚੜਾਉਣਾ ਚਾਹੀਦਾ ਹੈ। ਉਸਨੂੰ ਚਰਬੀ, ਸਾਰੀ ਪੂਛ ਅਤੇ ਜਿਹੜੀ ਚਰਬੀ ਜਾਨਵਰ ਦੇ ਅੰਦਰ ਅਤੇ ਅੰਦਰਲੇ ਅੰਗਾਂ ਦੇ ਆਲੇ-ਦੁਆਲੇ ਹੋਵੇ, ਚੜਾਉਣੀ ਚਾਹੀਦੀ ਹੈ। (ਉਸਨੂੰ ਰੀਢ਼ ਦੀ ਹੱਡੀ ਦੇ ਨੇੜਿਉਂ ਪੂਛ ਕੱਟ ਦੇਣੀ ਚਾਹੀਦੀ ਹੈ।) 10 ਉਸਨੂੰ ਦੋਵੇਂ ਗੁਰਦੇ ਅਤੇ ਉਨ੍ਹਾਂ ਉਤਲੀ ਪੁਠ ਦੇ ਹੇਠਲੇ ਹਿੱਸੇ ਨੇੜੇ ਦੀ ਚਰਬੀ, ਕਲੇਜੀ ਦਾ ਚਰਬੀ ਵਾਲਾ ਹਿੱਸਾ ਵੀ ਭੇਟ ਕਰਨਾ ਚਾਹੀਦਾ ਜਿਸਨੂੰ ਉਹ ਗੁਰਦਿਆਂ ਦੇ ਨਾਲ ਲਾਹ ਲੈਂਦਾ ਹੈ। 11 ਜਾਜਕ ਨੂੰ ਇਨ੍ਹਾਂ ਨੂੰ ਅੱਗ ਉੱਤੇ ਸਾੜਨਾ ਚਾਹੀਦਾ ਹੈ। ਇਹ ਅੱਗ ਦੁਆਰਾ ਯਹੋਵਾਹ ਨੂੰ ਭੋਜਨ ਦੀ ਭੇਟ ਹੈ। 12 “ਜੇ ਭੇਟ ਬੱਕਰੀ (ਨਰ ਜਾਂ ਮਾਦਾ) ਦੀ ਹੋਵੇ, ਉਹ ਬੰਦਾ ਇਸਨੂੰ ਯਹੋਵਾਹ ਦੇ ਸਾਮ੍ਹਣੇ ਲੈਕੇ ਆਵੇ। 13 ਉਸ ਬੰਦੇ ਨੂੰ ਚਾਹੀਦਾ ਹੈ ਕਿ ਬੱਕਰੇ ਦੇ ਸਿਰ ਉੱਤੇ ਹੱਥ ਰੱਖੇ ਅਤੇ ਇਸਨੂੰ ਮੰਡਲੀ ਵਾਲੇ ਤੰਬੂ ਦੇ ਸਾਮ੍ਹਣੇ ਜ਼ਿਬਾਹ ਕਰੇ। ਫ਼ੇਰ ਹਰੂਨ ਦੇ ਪੁੱਤਰ ਨੂੰ ਬੱਕਰੇ ਦਾ ਖੂਨ ਜਗਵੇਦੀ ਉੱਤੇ ਅਤੇ ਇਸਦੇ ਆਸੇ-ਪਾਸੇ ਛਿੜਕਨਾ ਚਾਹੀਦਾ ਹੈ। 14 ਉਸ ਬੰਦੇ ਨੂੰ ਸੁੱਖ-ਸਾਂਦ ਦੀ ਭੇਟ ਦਾ ਇੱਕ ਹਿੱਸਾ ਯਹੋਵਾਹ ਨੂੰ ਅੱਗ ਦੁਆਰਾ ਦਿੱਤੀ ਗਈ ਭੇਟ ਵਜੋਂ ਚੜਾਉਣਾ ਚਾਹੀਦਾ ਹੈ। ਉਸਨੂੰ ਪਸ਼ੂ ਦੇ ਅੰਦਰਲੇ ਅੰਗਾਂ ਨੂੰ ਢਕਦੀ ਹੋਈ ਚਰਬੀ ਨੂੰ ਭੇਟ ਕਰਨਾ ਚਾਹੀਦਾ ਹੈ। 15 ਬੰਦੇ ਨੂੰ ਦੋਵੇ ਗੁਰਦੇ ਅਤੇ ਪੁਠ ਦੇ ਹੇਠਲੇ ਹਿੱਸੇ ਦੀ ਚਰਬੀ ਭੇਟ ਕਰਨੀ ਚਾਹੀਦੀ ਹੈ। ਉਸਨੂੰ ਕਲੇਜੀ ਦਾ ਚਰਬੀ ਵਾਲਾ ਹਿੱਸਾ ਵੀ ਅਰਪਨ ਕਰਨਾ ਚਾਹੀਦਾ ਹੈ। ਉਸਨੂੰ ਚਾਹੀਦਾ ਹੈ ਕਿ ਇਸਨ